ਕੂਚ
31 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਦੇਖ, ਮੈਂ ਯਹੂਦਾਹ ਦੇ ਗੋਤ ਵਿੱਚੋਂ ਬਸਲੇਲ+ ਨੂੰ ਚੁਣਿਆ* ਹੈ ਜੋ ਊਰੀ ਦਾ ਪੁੱਤਰ ਤੇ ਹੂਰ ਦਾ ਪੋਤਾ ਹੈ।+ 3 ਮੈਂ ਉਸ ਨੂੰ ਆਪਣੀ* ਸ਼ਕਤੀ ਦਿਆਂਗਾ ਅਤੇ ਹਰ ਤਰ੍ਹਾਂ ਦੀ ਕਾਰੀਗਰੀ ਦਾ ਕੰਮ ਕਰਨ ਲਈ ਉਸ ਨੂੰ ਬੁੱਧ, ਸਮਝ ਅਤੇ ਗਿਆਨ ਦਿਆਂਗਾ 4 ਤਾਂਕਿ ਉਹ ਸੋਹਣੇ-ਸੋਹਣੇ ਨਮੂਨੇ ਬਣਾ ਸਕੇ, ਸੋਨੇ, ਚਾਂਦੀ ਤੇ ਤਾਂਬੇ ਦੀਆਂ ਚੀਜ਼ਾਂ ਬਣਾ ਸਕੇ, 5 ਕੀਮਤੀ ਪੱਥਰ ਘੜ ਕੇ ਉਨ੍ਹਾਂ ਨੂੰ ਖ਼ਾਨਿਆਂ ਵਿਚ ਜੜ ਸਕੇ+ ਅਤੇ ਹਰ ਤਰ੍ਹਾਂ ਦਾ ਲੱਕੜ ਦਾ ਕੰਮ ਕਰ ਸਕੇ।+ 6 ਨਾਲੇ ਮੈਂ ਉਸ ਦੀ ਮਦਦ ਕਰਨ ਲਈ ਦਾਨ ਦੇ ਗੋਤ ਵਿੱਚੋਂ ਆਹਾਲੀਆਬ+ ਨੂੰ ਚੁਣਿਆ ਹੈ ਜੋ ਅਹੀਸਮਕ ਦਾ ਪੁੱਤਰ ਹੈ। ਮੈਂ ਸਾਰੇ ਕਾਰੀਗਰਾਂ* ਦੇ ਦਿਲ ਬੁੱਧ ਨਾਲ ਭਰ ਦਿਆਂਗਾ ਤਾਂਕਿ ਉਹ ਇਹ ਸਾਰੀਆਂ ਚੀਜ਼ਾਂ ਬਣਾਉਣ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ:+ 7 ਮੰਡਲੀ ਦਾ ਤੰਬੂ,+ ਗਵਾਹੀ ਦਾ ਸੰਦੂਕ+ ਅਤੇ ਇਸ ਦਾ ਢੱਕਣ,+ ਤੰਬੂ ਦਾ ਸਾਰਾ ਸਾਜ਼-ਸਾਮਾਨ, 8 ਮੇਜ਼+ ਅਤੇ ਇਸ ʼਤੇ ਰੱਖਿਆ ਜਾਣ ਵਾਲਾ ਸਾਮਾਨ, ਖਾਲਸ ਸੋਨੇ ਦਾ ਸ਼ਮਾਦਾਨ ਅਤੇ ਇਸ ਲਈ ਵਰਤਿਆ ਜਾਣ ਵਾਲਾ ਸਾਰਾ ਸਾਮਾਨ,+ ਧੂਪ ਦੀ ਵੇਦੀ,+ 9 ਹੋਮ-ਬਲ਼ੀ ਦੀ ਵੇਦੀ+ ਅਤੇ ਇਸ ਲਈ ਵਰਤਿਆ ਜਾਣ ਵਾਲਾ ਸਾਰਾ ਸਾਮਾਨ, ਹੌਦ ਅਤੇ ਇਸ ਦੀ ਚੌਂਕੀ,+ 10 ਵਧੀਆ ਤਰੀਕੇ ਨਾਲ ਬੁਣੇ ਹੋਏ ਕੱਪੜੇ, ਪੁਜਾਰੀ ਹਾਰੂਨ ਦਾ ਪਵਿੱਤਰ ਲਿਬਾਸ, ਉਸ ਦੇ ਪੁੱਤਰਾਂ ਦੇ ਲਿਬਾਸ ਜੋ ਪੁਜਾਰੀਆਂ ਵਜੋਂ ਸੇਵਾ ਕਰਨਗੇ,+ 11 ਨਿਯੁਕਤੀ ਵੇਲੇ ਵਰਤਿਆ ਜਾਣ ਵਾਲਾ ਤੇਲ ਅਤੇ ਪਵਿੱਤਰ ਸਥਾਨ ਲਈ ਖ਼ੁਸ਼ਬੂਦਾਰ ਧੂਪ।+ ਉਹ ਇਹ ਸਾਰੇ ਕੰਮ ਕਰਨਗੇ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ।”
12 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 13 “ਤੂੰ ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਤੁਸੀਂ ਜ਼ਰੂਰ ਮੇਰੇ ਸਬਤਾਂ ਨੂੰ ਮਨਾਉਣਾ+ ਕਿਉਂਕਿ ਇਹ ਤੁਹਾਡੀਆਂ ਪੀੜ੍ਹੀਆਂ ਦੌਰਾਨ ਮੇਰੇ ਅਤੇ ਤੁਹਾਡੇ ਵਿਚਕਾਰ ਇਕ ਨਿਸ਼ਾਨੀ ਹੈ ਤਾਂਕਿ ਤੁਹਾਨੂੰ ਯਾਦ ਰਹੇ ਕਿ ਮੈਂ ਯਹੋਵਾਹ ਨੇ ਤੁਹਾਨੂੰ ਪਵਿੱਤਰ ਕੀਤਾ ਹੈ। 14 ਤੁਸੀਂ ਜ਼ਰੂਰ ਸਬਤ ਮਨਾਉਣਾ ਕਿਉਂਕਿ ਇਹ ਤੁਹਾਡੇ ਲਈ ਪਵਿੱਤਰ ਹੈ।+ ਜਿਹੜਾ ਵੀ ਇਨਸਾਨ ਇਸ ਦੀ ਉਲੰਘਣਾ ਕਰੇ, ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ। ਜੇ ਕੋਈ ਸਬਤ ਦੇ ਦਿਨ ਕੰਮ ਕਰੇ, ਤਾਂ ਉਸ ਨੂੰ ਉਸ ਦੇ ਲੋਕਾਂ ਵਿੱਚੋਂ ਖ਼ਤਮ ਕਰ ਦਿੱਤਾ ਜਾਵੇ।+ 15 ਛੇ ਦਿਨ ਕੰਮ ਕੀਤਾ ਜਾ ਸਕਦਾ ਹੈ, ਪਰ ਸੱਤਵੇਂ ਦਿਨ ਸਬਤ ਹੋਣ ਕਰਕੇ ਇਸ ਦਿਨ ਪੂਰਾ ਆਰਾਮ ਕੀਤਾ ਜਾਵੇ।+ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਹੈ। ਜਿਹੜਾ ਵੀ ਇਨਸਾਨ ਸਬਤ ਦੇ ਦਿਨ ਕੰਮ ਕਰੇ, ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ। 16 ਇਜ਼ਰਾਈਲੀ ਜ਼ਰੂਰ ਸਬਤ ਮਨਾਉਣ; ਉਨ੍ਹਾਂ ਦੀਆਂ ਸਾਰੀਆਂ ਪੀੜ੍ਹੀਆਂ ਸਬਤ ਮਨਾਉਣ। ਉਹ ਹਮੇਸ਼ਾ ਇਸ ਇਕਰਾਰ ਦੀ ਪਾਲਣਾ ਕਰਨ। 17 ਮੇਰੇ ਅਤੇ ਇਜ਼ਰਾਈਲੀਆਂ ਵਿਚ ਸਬਤ ਸਦਾ ਲਈ ਨਿਸ਼ਾਨੀ ਰਹੇਗਾ+ ਕਿਉਂਕਿ ਯਹੋਵਾਹ ਨੇ ਛੇ ਦਿਨਾਂ ਵਿਚ ਆਕਾਸ਼ ਅਤੇ ਧਰਤੀ ਬਣਾਈ ਸੀ ਅਤੇ ਉਸ ਨੇ ਸੱਤਵੇਂ ਦਿਨ ਆਰਾਮ ਕੀਤਾ ਅਤੇ ਉਸ ਦਾ ਦਿਲ ਖ਼ੁਸ਼ ਹੋਇਆ।’”+
18 ਫਿਰ ਜਿਉਂ ਹੀ ਸੀਨਈ ਪਹਾੜ ਉੱਤੇ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਖ਼ਤਮ ਕੀਤੀ, ਤਾਂ ਉਸ ਨੇ ਮੂਸਾ ਨੂੰ ਗਵਾਹੀ ਦੀਆਂ ਦੋ ਫੱਟੀਆਂ ਦਿੱਤੀਆਂ।+ ਇਨ੍ਹਾਂ ਪੱਥਰ ਦੀਆਂ ਫੱਟੀਆਂ ਉੱਤੇ ਪਰਮੇਸ਼ੁਰ ਨੇ ਆਪਣੀ ਉਂਗਲ ਨਾਲ ਲਿਖਿਆ ਸੀ।+