ਯੂਹੰਨਾ ਮੁਤਾਬਕ ਖ਼ੁਸ਼ ਖ਼ਬਰੀ
21 ਇਸ ਤੋਂ ਬਾਅਦ ਯਿਸੂ ਦੁਬਾਰਾ ਆਪਣੇ ਚੇਲਿਆਂ ਸਾਮ੍ਹਣੇ ਤਿਬਰਿਆਸ ਦੀ ਝੀਲ ਦੇ ਕੰਢੇ ਪ੍ਰਗਟ ਹੋਇਆ। ਉਹ ਇਸ ਤਰ੍ਹਾਂ ਪ੍ਰਗਟ ਹੋਇਆ। 2 ਸ਼ਮਊਨ ਪਤਰਸ, ਥੋਮਾ (ਜੋ ਜੌੜਾ ਕਹਾਉਂਦਾ ਸੀ),+ ਗਲੀਲ ਦੇ ਕਾਨਾ ਸ਼ਹਿਰ ਦਾ ਨਥਾਨਿਏਲ,+ ਜ਼ਬਦੀ ਦੇ ਪੁੱਤਰ+ ਅਤੇ ਉਸ ਦੇ ਦੋ ਹੋਰ ਚੇਲੇ ਇਕੱਠੇ ਸਨ। 3 ਸ਼ਮਊਨ ਪਤਰਸ ਨੇ ਉਨ੍ਹਾਂ ਨੂੰ ਕਿਹਾ: “ਮੈਂ ਮੱਛੀਆਂ ਫੜਨ ਜਾ ਰਿਹਾ ਹਾਂ।” ਉਨ੍ਹਾਂ ਨੇ ਉਸ ਨੂੰ ਕਿਹਾ: “ਅਸੀਂ ਵੀ ਤੇਰੇ ਨਾਲ ਆ ਰਹੇ ਹਾਂ।” ਇਸ ਲਈ ਉਹ ਕਿਸ਼ਤੀ ਵਿਚ ਚੜ੍ਹ ਕੇ ਮੱਛੀਆਂ ਫੜਨ ਚਲੇ ਗਏ, ਪਰ ਸਾਰੀ ਰਾਤ ਉਹ ਇਕ ਵੀ ਮੱਛੀ ਨਾ ਫੜ ਸਕੇ।+
4 ਜਦੋਂ ਦਿਨ ਚੜ੍ਹਨ ਵਾਲਾ ਸੀ, ਤਾਂ ਯਿਸੂ ਕੰਢੇ ʼਤੇ ਆ ਖੜ੍ਹਾ ਹੋਇਆ, ਪਰ ਚੇਲਿਆਂ ਨੇ ਉਸ ਨੂੰ ਪਛਾਣਿਆ ਨਹੀਂ।+ 5 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਬੱਚਿਓ, ਕੀ ਤੁਹਾਡੇ ਕੋਲ ਕੁਝ ਖਾਣ ਲਈ ਹੈ?” ਉਨ੍ਹਾਂ ਨੇ ਜਵਾਬ ਦਿੱਤਾ: “ਨਹੀਂ!” 6 ਉਸ ਨੇ ਉਨ੍ਹਾਂ ਨੂੰ ਕਿਹਾ: “ਕਿਸ਼ਤੀ ਦੇ ਸੱਜੇ ਪਾਸੇ ਜਾਲ਼ ਪਾਓ, ਤਾਂ ਤੁਹਾਨੂੰ ਕੁਝ ਮੱਛੀਆਂ ਮਿਲਣਗੀਆਂ।” ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ, ਪਰ ਜਾਲ਼ ਵਿਚ ਬਹੁਤ ਸਾਰੀਆਂ ਮੱਛੀਆਂ ਫਸ ਜਾਣ ਕਰਕੇ ਉਹ ਜਾਲ਼ ਨੂੰ ਕਿਸ਼ਤੀ ਉੱਤੇ ਖਿੱਚ ਨਾ ਸਕੇ।+ 7 ਇਸ ਲਈ, ਜਿਸ ਚੇਲੇ ਨੂੰ ਯਿਸੂ ਪਿਆਰ ਕਰਦਾ ਸੀ,+ ਉਸ ਚੇਲੇ ਨੇ ਪਤਰਸ ਨੂੰ ਕਿਹਾ: “ਇਹ ਤਾਂ ਪ੍ਰਭੂ ਹੈ!” ਜਦੋਂ ਸ਼ਮਊਨ ਪਤਰਸ ਨੇ ਸੁਣਿਆ ਕਿ ਇਹ ਪ੍ਰਭੂ ਸੀ, ਤਾਂ ਉਸ ਨੇ ਆਪਣਾ ਕੁੜਤਾ ਪਾਇਆ ਕਿਉਂਕਿ ਉਹ ਅੱਧਾ ਨੰਗਾ* ਸੀ ਅਤੇ ਝੀਲ ਵਿਚ ਛਾਲ ਮਾਰ ਦਿੱਤੀ। 8 ਪਰ ਦੂਸਰੇ ਚੇਲੇ ਮੱਛੀਆਂ ਨਾਲ ਭਰਿਆ ਜਾਲ਼ ਖਿੱਚਦੇ ਹੋਏ ਕਿਸ਼ਤੀ ਵਿਚ ਆਏ ਕਿਉਂਕਿ ਉਹ ਕੰਢੇ ਤੋਂ ਜ਼ਿਆਦਾ ਦੂਰ ਨਹੀਂ ਸਨ, ਸਿਰਫ਼ ਲਗਭਗ 300 ਫੁੱਟ* ਦੂਰ ਸਨ।
9 ਜਦੋਂ ਉਹ ਕੰਢੇ ʼਤੇ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਲੱਕੜ ਦੇ ਕੋਲਿਆਂ ਦੀ ਅੱਗ ਬਾਲ਼ੀ ਹੋਈ ਸੀ ਜਿਸ ਉੱਪਰ ਮੱਛੀਆਂ ਰੱਖੀਆਂ ਹੋਈਆਂ ਸਨ, ਨਾਲੇ ਉੱਥੇ ਰੋਟੀਆਂ ਵੀ ਪਈਆਂ ਸਨ। 10 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਜਿਹੜੀਆਂ ਮੱਛੀਆਂ ਹੁਣ ਫੜੀਆਂ ਹਨ, ਉਨ੍ਹਾਂ ਵਿੱਚੋਂ ਕੁਝ ਲਿਆਓ।” 11 ਇਸ ਲਈ ਸ਼ਮਊਨ ਪਤਰਸ ਨੇ ਕਿਸ਼ਤੀ ਵਿਚ ਚੜ੍ਹ ਕੇ ਮੱਛੀਆਂ ਨਾਲ ਭਰਿਆ ਜਾਲ਼ ਖਿੱਚ ਲਿਆਂਦਾ। ਜਾਲ਼ ਵਿਚ 153 ਵੱਡੀਆਂ ਮੱਛੀਆਂ ਸਨ, ਫਿਰ ਵੀ ਇੰਨੀਆਂ ਮੱਛੀਆਂ ਹੋਣ ਕਰਕੇ ਜਾਲ਼ ਨਾ ਟੁੱਟਿਆ। 12 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਆਓ, ਨਾਸ਼ਤਾ ਕਰੋ।” ਪਰ ਕਿਸੇ ਵੀ ਚੇਲੇ ਨੇ ਉਸ ਤੋਂ ਇਹ ਪੁੱਛਣ ਦਾ ਹੀਆ ਨਾ ਕੀਤਾ: “ਤੂੰ ਕੌਣ ਹੈਂ?” ਕਿਉਂਕਿ ਉਹ ਸਾਰੇ ਜਾਣਦੇ ਸਨ ਕਿ ਉਹ ਪ੍ਰਭੂ ਸੀ। 13 ਯਿਸੂ ਨੇ ਆ ਕੇ ਰੋਟੀ ਲਈ ਅਤੇ ਉਨ੍ਹਾਂ ਨੂੰ ਦਿੱਤੀ ਅਤੇ ਮੱਛੀ ਵੀ ਦਿੱਤੀ। 14 ਇਹ ਤੀਸਰੀ ਵਾਰ ਸੀ+ ਜਦੋਂ ਯਿਸੂ ਮਰੇ ਹੋਇਆਂ ਵਿੱਚੋਂ ਜੀਉਂਦਾ ਹੋਣ ਤੋਂ ਬਾਅਦ ਆਪਣੇ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ ਸੀ।
15 ਜਦੋਂ ਉਹ ਨਾਸ਼ਤਾ ਕਰ ਚੁੱਕੇ, ਤਾਂ ਯਿਸੂ ਨੇ ਸ਼ਮਊਨ ਪਤਰਸ ਨੂੰ ਪੁੱਛਿਆ: “ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਇਨ੍ਹਾਂ* ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈਂ?” ਪਤਰਸ ਨੇ ਉਸ ਨੂੰ ਜਵਾਬ ਦਿੱਤਾ: “ਹਾਂ ਪ੍ਰਭੂ, ਤੂੰ ਜਾਣਦਾ ਹੈਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ।” ਉਸ ਨੇ ਪਤਰਸ ਨੂੰ ਕਿਹਾ: “ਮੇਰੇ ਲੇਲਿਆਂ ਨੂੰ ਚਾਰ।”+ 16 ਉਸ ਨੇ ਦੂਸਰੀ ਵਾਰ ਪਤਰਸ ਨੂੰ ਪੁੱਛਿਆ: “ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਪਤਰਸ ਨੇ ਉਸ ਨੂੰ ਜਵਾਬ ਦਿੱਤਾ: “ਹਾਂ ਪ੍ਰਭੂ, ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ।” ਉਸ ਨੇ ਪਤਰਸ ਨੂੰ ਕਿਹਾ: “ਚਰਵਾਹੇ ਵਾਂਗ ਮੇਰੇ ਲੇਲਿਆਂ ਦੀ ਦੇਖ-ਭਾਲ ਕਰ।”+ 17 ਉਸ ਨੇ ਪਤਰਸ ਨੂੰ ਤੀਸਰੀ ਵਾਰ ਪੁੱਛਿਆ: “ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਪਤਰਸ ਬੜਾ ਦੁਖੀ ਹੋਇਆ ਕਿ ਯਿਸੂ ਨੇ ਤੀਸਰੀ ਵਾਰ ਉਸ ਨੂੰ ਪੁੱਛਿਆ: “ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਇਸ ਲਈ ਉਸ ਨੇ ਕਿਹਾ: “ਪ੍ਰਭੂ, ਤੂੰ ਸਭ ਕੁਝ ਜਾਣਦਾ ਹੈਂ; ਤੈਨੂੰ ਪਤਾ ਹੈ ਕਿ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ।” ਯਿਸੂ ਨੇ ਉਸ ਨੂੰ ਕਿਹਾ: “ਮੇਰੇ ਲੇਲਿਆਂ ਨੂੰ ਚਾਰ।+ 18 ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ, ਜਦੋਂ ਤੂੰ ਜਵਾਨ ਸੀ, ਤਾਂ ਤੂੰ ਆਪੇ ਆਪਣੇ ਕੱਪੜੇ ਪਾ ਕੇ ਜਿੱਥੇ ਚਾਹੁੰਦਾ ਸੀ ਉੱਥੇ ਚਲਾ ਜਾਂਦਾ ਸੀ। ਪਰ ਜਦੋਂ ਤੂੰ ਬੁੱਢਾ ਹੋ ਜਾਵੇਂਗਾ, ਤਾਂ ਤੂੰ ਆਪਣੀਆਂ ਬਾਹਾਂ ਚੁੱਕੇਂਗਾ ਅਤੇ ਕੋਈ ਹੋਰ ਤੇਰੇ ਕੱਪੜੇ ਪਾਵੇਗਾ ਅਤੇ ਉੱਥੇ ਲੈ ਜਾਵੇਗਾ ਜਿੱਥੇ ਤੂੰ ਜਾਣਾ ਨਹੀਂ ਚਾਹੇਂਗਾ।” 19 ਯਿਸੂ ਨੇ ਇਹ ਗੱਲ ਇਹ ਦੱਸਣ ਲਈ ਕਹੀ ਸੀ ਕਿ ਪਤਰਸ ਕਿਹੋ ਜਿਹੀ ਮੌਤ ਮਰ ਕੇ ਪਰਮੇਸ਼ੁਰ ਦੀ ਮਹਿਮਾ ਕਰੇਗਾ। ਇਹ ਕਹਿਣ ਤੋਂ ਬਾਅਦ ਉਸ ਨੇ ਪਤਰਸ ਨੂੰ ਕਿਹਾ: “ਮੇਰੇ ਪਿੱਛੇ-ਪਿੱਛੇ ਚੱਲਦਾ ਰਹਿ।”+
20 ਪਤਰਸ ਨੇ ਮੁੜ ਕੇ ਉਸ ਚੇਲੇ ਨੂੰ ਆਉਂਦਾ ਦੇਖਿਆ ਜਿਸ ਨੂੰ ਯਿਸੂ ਪਿਆਰ ਕਰਦਾ ਸੀ+ ਅਤੇ ਜਿਸ ਨੇ ਰਾਤ ਦੇ ਖਾਣੇ ਦੌਰਾਨ ਯਿਸੂ ਦੀ ਹਿੱਕ ਨਾਲ ਢਾਸਣਾ ਲਾ ਕੇ ਪੁੱਛਿਆ ਸੀ: “ਪ੍ਰਭੂ, ਤੈਨੂੰ ਕੌਣ ਧੋਖੇ ਨਾਲ ਫੜਵਾਏਗਾ?” 21 ਉਸ ਚੇਲੇ ਨੂੰ ਦੇਖ ਕੇ ਪਤਰਸ ਨੇ ਯਿਸੂ ਨੂੰ ਪੁੱਛਿਆ: “ਪ੍ਰਭੂ, ਇਸ ਦਾ ਕੀ ਬਣੇਗਾ?” 22 ਯਿਸੂ ਨੇ ਉਸ ਨੂੰ ਕਿਹਾ: “ਜੇ ਮੈਂ ਚਾਹਾਂ ਕਿ ਮੇਰੇ ਆਉਣ ਤਕ ਇਹ ਜੀਉਂਦਾ ਰਹੇ, ਤਾਂ ਤੈਨੂੰ ਇਸ ਨਾਲ ਕੀ? ਤੂੰ ਮੇਰੇ ਪਿੱਛੇ-ਪਿੱਛੇ ਚੱਲਦਾ ਰਹਿ।” 23 ਇਸ ਲਈ ਭਰਾਵਾਂ ਵਿਚ ਇਹ ਗੱਲ ਫੈਲ ਗਈ ਕਿ ਇਹ ਚੇਲਾ ਕਦੇ ਨਹੀਂ ਮਰੇਗਾ। ਪਰ ਯਿਸੂ ਨੇ ਪਤਰਸ ਨੂੰ ਇਹ ਨਹੀਂ ਕਿਹਾ ਸੀ ਕਿ ਇਹ ਚੇਲਾ ਕਦੇ ਨਹੀਂ ਮਰੇਗਾ, ਸਗੋਂ ਇਹ ਕਿਹਾ ਸੀ: “ਜੇ ਮੈਂ ਚਾਹਾਂ ਕਿ ਮੇਰੇ ਆਉਣ ਤਕ ਇਹ ਜੀਉਂਦਾ ਰਹੇ, ਤਾਂ ਤੈਨੂੰ ਇਸ ਨਾਲ ਕੀ?”
24 ਇਹ ਉਹੀ ਚੇਲਾ ਹੈ+ ਜਿਸ ਨੇ ਇਨ੍ਹਾਂ ਗੱਲਾਂ ਬਾਰੇ ਗਵਾਹੀ ਦਿੱਤੀ ਹੈ ਅਤੇ ਉਸ ਨੇ ਹੀ ਇਹ ਗੱਲਾਂ ਲਿਖੀਆਂ ਹਨ ਅਤੇ ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ।
25 ਯਿਸੂ ਨੇ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਸਨ। ਜੇ ਇਨ੍ਹਾਂ ਸਾਰੇ ਕੰਮਾਂ ਦੀ ਇਕ-ਇਕ ਗੱਲ ਕਿਤਾਬਾਂ* ਵਿਚ ਲਿਖੀ ਜਾਂਦੀ, ਤਾਂ ਮੇਰੇ ਖ਼ਿਆਲ ਵਿਚ ਇਨ੍ਹਾਂ ਕਿਤਾਬਾਂ ਨੂੰ ਦੁਨੀਆਂ ਵਿਚ ਰੱਖਣ ਲਈ ਜਗ੍ਹਾ ਨਾ ਹੁੰਦੀ।+