ਪਾਠ 23
ਉਸ ਨੇ ਪ੍ਰਭੂ ਤੋਂ ਮਾਫ਼ ਕਰਨਾ ਸਿੱਖਿਆ
1. ਸ਼ਾਇਦ ਪਤਰਸ ਦੀ ਜ਼ਿੰਦਗੀ ਦੀ ਬਦਤਰ ਘੜੀ ਕਿਹੜੀ ਸੀ?
ਪਤਰਸ ਆਪਣੀ ਜ਼ਿੰਦਗੀ ਦੇ ਇਸ ਪਲ ਨੂੰ ਕਦੇ ਵੀ ਭੁਲਾ ਨਹੀਂ ਸਕਦਾ। ਜਦੋਂ ਉਹ ਨਜ਼ਰਾਂ ਚੁੱਕ ਕੇ ਯਿਸੂ ਨੂੰ ਦੇਖਦਾ ਹੈ, ਤਾਂ ਯਿਸੂ ਉਸ ਨੂੰ ਹੀ ਦੇਖ ਰਿਹਾ ਹੈ। ਕੀ ਯਿਸੂ ਦੀਆਂ ਨਜ਼ਰਾਂ ਉਸ ਨੂੰ ਦੋਸ਼ੀ ਠਹਿਰਾ ਰਹੀਆਂ ਹਨ? ਜਾਂ ਕੀ ਉਸ ਦੀਆਂ ਅੱਖਾਂ ਵਿਚ ਪਤਰਸ ਲਈ ਨਾਰਾਜ਼ਗੀ ਝਲਕ ਰਹੀ ਹੈ? ਅਸੀਂ ਪੱਕਾ ਨਹੀਂ ਕਹਿ ਸਕਦੇ। ਬਾਈਬਲ ਸਿਰਫ਼ ਇਹੀ ਦੱਸਦੀ ਹੈ ਕਿ “ਪ੍ਰਭੂ ਨੇ ਮੁੜ ਕੇ ਪਤਰਸ ਨੂੰ ਦੇਖਿਆ।” (ਲੂਕਾ 22:61) ਪਰ ਯਿਸੂ ਨਾਲ ਨਜ਼ਰਾਂ ਮਿਲਦਿਆਂ ਹੀ ਉਸ ਨੂੰ ਅਹਿਸਾਸ ਹੋ ਗਿਆ ਕਿ ਉਹ ਕਿੰਨੀ ਵੱਡੀ ਗ਼ਲਤੀ ਕਰ ਬੈਠਾ ਹੈ। ਜਿਵੇਂ ਯਿਸੂ ਨੇ ਪਹਿਲਾਂ ਹੀ ਕਿਹਾ ਸੀ, ਉਸ ਨੇ ਯਿਸੂ ਨੂੰ ਜਾਣਨ ਤੋਂ ਇਨਕਾਰ ਕੀਤਾ ਹੈ। ਪਹਿਲਾਂ ਪਤਰਸ ਨੇ ਸ਼ੇਖ਼ੀ ਮਾਰਦਿਆਂ ਕਿਹਾ ਸੀ ਕਿ ਉਹ ਕਦੇ ਵੀ ਇਸ ਤਰ੍ਹਾਂ ਨਹੀਂ ਕਰੇਗਾ। ਪਰ ਅਫ਼ਸੋਸ ਉਹ ਆਪਣੇ ਪ੍ਰਭੂ ਨਾਲ ਦਗ਼ਾ ਕਰ ਬੈਠਾ ਹੈ! ਸ਼ਾਇਦ ਇਹ ਉਸ ਦੀ ਜ਼ਿੰਦਗੀ ਦੀ ਬਦਤਰ ਘੜੀ ਹੈ। ਇਸ ਕਰਕੇ ਉਹ ਨਿਰਾਸ਼ਾ ਵਿਚ ਡੁੱਬ ਗਿਆ ਹੈ।
2. ਪਤਰਸ ਨੂੰ ਕਿਹੜਾ ਸਬਕ ਸਿੱਖਣ ਦੀ ਲੋੜ ਸੀ ਅਤੇ ਸਾਨੂੰ ਉਸ ਦੀ ਕਹਾਣੀ ਤੋਂ ਕੀ ਫ਼ਾਇਦਾ ਹੋ ਸਕਦਾ ਹੈ?
2 ਪਰ ਇਸ ਦਾ ਇਹ ਮਤਲਬ ਨਹੀਂ ਕਿ ਸਭ ਕੁਝ ਖ਼ਤਮ ਹੋ ਗਿਆ ਹੈ। ਪੱਕੀ ਨਿਹਚਾ ਹੋਣ ਕਰਕੇ ਪਤਰਸ ਕੋਲ ਆਪਣੀ ਗ਼ਲਤੀ ਨੂੰ ਸੁਧਾਰਨ ਅਤੇ ਯਿਸੂ ਤੋਂ ਇਕ ਅਹਿਮ ਸਬਕ ਸਿੱਖਣ ਦਾ ਮੌਕਾ ਹੈ। ਇਹ ਸਬਕ ਦੂਸਰਿਆਂ ਨੂੰ ਮਾਫ਼ ਕਰਨ ਬਾਰੇ ਹੈ। ਸਾਨੂੰ ਸਾਰਿਆਂ ਨੂੰ ਇਹ ਸਬਕ ਸਿੱਖਣ ਦੀ ਲੋੜ ਹੈ, ਸੋ ਆਓ ਆਪਾਂ ਦੇਖੀਏ ਕਿ ਪਤਰਸ ਨੇ ਇਹ ਸਬਕ ਕਿਵੇਂ ਸਿੱਖਿਆ।
ਪਤਰਸ ਨੇ ਬਹੁਤ ਕੁਝ ਸਿੱਖਣਾ ਸੀ
3, 4. (ੳ) ਪਤਰਸ ਨੇ ਯਿਸੂ ਨੂੰ ਕਿਹੜਾ ਸਵਾਲ ਪੁੱਛਿਆ ਅਤੇ ਪਤਰਸ ਨੇ ਸ਼ਾਇਦ ਕੀ ਸੋਚਿਆ ਹੋਣਾ? (ਅ) ਯਿਸੂ ਨੇ ਕਿਵੇਂ ਦਿਖਾਇਆ ਕਿ ਪਤਰਸ ʼਤੇ ਉਸ ਜ਼ਮਾਨੇ ਦੇ ਲੋਕਾਂ ਦਾ ਅਸਰ ਹੋ ਗਿਆ ਸੀ?
3 ਤਕਰੀਬਨ ਛੇ ਮਹੀਨੇ ਪਹਿਲਾਂ ਪਤਰਸ ਨੇ ਯਿਸੂ ਨੂੰ ਪੁੱਛਿਆ ਸੀ: “ਪ੍ਰਭੂ, ਮੇਰਾ ਭਰਾ ਕਿੰਨੀ ਵਾਰ ਮੇਰੇ ਖ਼ਿਲਾਫ਼ ਪਾਪ ਕਰੇ ਕਿ ਮੈਂ ਉਸ ਨੂੰ ਮਾਫ਼ ਕਰਾਂ? ਕੀ ਸੱਤ ਵਾਰ?” ਪਤਰਸ ਨੇ ਸ਼ਾਇਦ ਸੋਚਿਆ ਹੋਣਾ ਕਿ ਇੱਦਾਂ ਕਰ ਕੇ ਉਹ ਆਪਣੀ ਖੁੱਲ੍ਹ-ਦਿਲੀ ਦਾ ਸਬੂਤ ਦੇ ਰਿਹਾ ਸੀ। ਉਸ ਵਕਤ ਦੇ ਧਾਰਮਿਕ ਆਗੂ ਸਿਖਾਉਂਦੇ ਸਨ ਕਿ ਕਿਸੇ ਨੂੰ ਸਿਰਫ਼ ਤਿੰਨ ਵਾਰ ਮਾਫ਼ ਕਰਨਾ ਬਥੇਰਾ ਹੈ! ਯਿਸੂ ਨੇ ਜਵਾਬ ਦਿੱਤਾ: “ਸੱਤ ਵਾਰ ਨਹੀਂ, ਸਗੋਂ ਸਤੱਤਰ ਵਾਰ।”—ਮੱਤੀ 18:21, 22.
4 ਕੀ ਯਿਸੂ ਇਹ ਕਹਿ ਰਿਹਾ ਸੀ ਕਿ ਪਤਰਸ ਨੂੰ ਦੂਸਰਿਆਂ ਦੀਆਂ ਗ਼ਲਤੀਆਂ ਦਾ ਹਿਸਾਬ ਰੱਖਣਾ ਚਾਹੀਦਾ ਸੀ? ਨਹੀਂ, ਸਗੋਂ ਜਦੋਂ ਯਿਸੂ ਨੇ ਕਿਹਾ ਸੀ ਕਿ ਸੱਤ ਵਾਰ ਨਹੀਂ, ਸਗੋਂ ਸਤੱਤਰ ਵਾਰ ਮਾਫ਼ ਕਰਨਾ ਚਾਹੀਦਾ ਹੈ, ਤਾਂ ਉਸ ਦੇ ਕਹਿਣ ਦਾ ਮਤਲਬ ਸੀ ਕਿ ਪਿਆਰ ਕਰਨ ਵਾਲਾ ਇਨਸਾਨ ਦੂਜਿਆਂ ਨੂੰ ਮਾਫ਼ ਕਰਦਾ ਰਹਿੰਦਾ ਹੈ। (1 ਕੁਰਿੰ. 13:4, 5) ਯਿਸੂ ਨੇ ਦਿਖਾਇਆ ਕਿ ਪਤਰਸ ʼਤੇ ਵੀ ਉਸ ਜ਼ਮਾਨੇ ਦੇ ਪੱਥਰ-ਦਿਲ ਲੋਕਾਂ ਦਾ ਰਵੱਈਆ ਹਾਵੀ ਹੋ ਰਿਹਾ ਸੀ ਜੋ ਦੂਜਿਆਂ ਨੂੰ ਮਾਫ਼ ਕਰਨ ਲਈ ਤਿਆਰ ਨਹੀਂ ਸਨ। ਪਰ ਜਿਹੜੇ ਲੋਕ ਪਰਮੇਸ਼ੁਰ ਦੀ ਰੀਸ ਕਰਨੀ ਚਾਹੁੰਦੇ ਹਨ, ਉਹ ਖੁੱਲ੍ਹੇ ਦਿਲ ਨਾਲ ਮਾਫ਼ ਕਰਦੇ ਹਨ ਅਤੇ ਗ਼ਲਤੀਆਂ ਦਾ ਕੋਈ ਹਿਸਾਬ-ਕਿਤਾਬ ਨਹੀਂ ਰੱਖਦੇ।—1 ਯੂਹੰਨਾ 1:7-9 ਪੜ੍ਹੋ।
5. ਅਸੀਂ ਮਾਫ਼ੀ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਕਦੋਂ ਸਮਝਦੇ ਹਾਂ?
5 ਪਤਰਸ ਨੇ ਯਿਸੂ ਨਾਲ ਬਹਿਸ ਨਹੀਂ ਕੀਤੀ। ਪਰ ਕੀ ਯਿਸੂ ਵੱਲੋਂ ਦਿੱਤਾ ਸਬਕ ਪਤਰਸ ਦੇ ਦਿਲ ਤਕ ਪਹੁੰਚਿਆ? ਕਦੇ-ਕਦੇ ਅਸੀਂ ਮਾਫ਼ ਕਰਨ ਦੀ ਅਹਿਮੀਅਤ ਉਦੋਂ ਚੰਗੀ ਤਰ੍ਹਾਂ ਸਮਝਦੇ ਹਾਂ ਜਦੋਂ ਅਸੀਂ ਆਪ ਚਾਹੁੰਦੇ ਹਾਂ ਕਿ ਦੂਸਰੇ ਸਾਨੂੰ ਮਾਫ਼ ਕਰਨ। ਆਓ ਆਪਾਂ ਯਿਸੂ ਦੀ ਮੌਤ ਤੋਂ ਪਹਿਲਾਂ ਦੀਆਂ ਘਟਨਾਵਾਂ ʼਤੇ ਦੁਬਾਰਾ ਨਜ਼ਰ ਮਾਰੀਏ। ਉਸ ਔਖੇ ਸਮੇਂ ਵਿਚ ਪਤਰਸ ਨੇ ਕਈ ਗ਼ਲਤੀਆਂ ਕੀਤੀਆਂ ਜਿਸ ਕਰਕੇ ਉਸ ਨੂੰ ਯਿਸੂ ਵੱਲੋਂ ਮਾਫ਼ੀ ਦੀ ਲੋੜ ਸੀ।
ਪਤਰਸ ਨੂੰ ਕਈ ਵਾਰ ਮਾਫ਼ ਕੀਤਾ ਗਿਆ
6. ਜਦ ਯਿਸੂ ਰਸੂਲਾਂ ਨੂੰ ਨਿਮਰਤਾ ਬਾਰੇ ਸਿਖਾ ਰਿਹਾ ਸੀ, ਤਾਂ ਪਤਰਸ ਨੇ ਕੀ ਕਿਹਾ ਅਤੇ ਯਿਸੂ ਉਸ ਨਾਲ ਕਿਵੇਂ ਪੇਸ਼ ਆਇਆ?
6 ਧਰਤੀ ਉੱਤੇ ਯਿਸੂ ਦੀ ਆਖ਼ਰੀ ਰਾਤ ਬਹੁਤ ਹੀ ਅਹਿਮ ਸੀ। ਯਿਸੂ ਨੇ ਹਾਲੇ ਆਪਣੇ ਚੇਲਿਆਂ ਨੂੰ ਬਹੁਤ ਕੁਝ ਸਿਖਾਉਣਾ ਸੀ, ਜਿਵੇਂ ਕਿ ਨਿਮਰ ਰਹਿਣ ਬਾਰੇ। ਯਿਸੂ ਨੇ ਉਨ੍ਹਾਂ ਦੇ ਪੈਰ ਧੋ ਕੇ ਨਿਮਰਤਾ ਦੀ ਮਿਸਾਲ ਕਾਇਮ ਕੀਤੀ। ਇਹ ਕੰਮ ਆਮ ਤੌਰ ਤੇ ਘਰ ਵਿਚ ਸਭ ਤੋਂ ਨੀਵੇਂ ਦਰਜੇ ਦਾ ਨੌਕਰ ਕਰਦਾ ਹੁੰਦਾ ਸੀ। ਪਹਿਲਾਂ ਪਤਰਸ ਨੇ ਯਿਸੂ ਨੂੰ ਪੁੱਛਿਆ ਕਿ ਕੀ ਉਹ ਸੱਚ-ਮੁੱਚ ਉਸ ਦੇ ਪੈਰ ਧੋਣ ਲੱਗਾ ਸੀ। ਫਿਰ ਉਸ ਨੇ ਯਿਸੂ ਤੋਂ ਆਪਣੇ ਪੈਰ ਧੁਆਉਣ ਤੋਂ ਇਨਕਾਰ ਕੀਤਾ। ਇਸ ਤੋਂ ਬਾਅਦ ਉਸ ਨੇ ਯਿਸੂ ʼਤੇ ਜ਼ੋਰ ਪਾਇਆ ਕਿ ਉਹ ਉਸ ਦੇ ਪੈਰ ਹੀ ਨਹੀਂ, ਸਗੋਂ ਉਸ ਦੇ ਹੱਥ ਅਤੇ ਸਿਰ ਵੀ ਧੋ ਦੇਵੇ। ਯਿਸੂ ਨੇ ਸਬਰ ਤੋਂ ਕੰਮ ਲਿਆ। ਉਸ ਨੇ ਸ਼ਾਂਤ ਰਹਿ ਕੇ ਪਤਰਸ ਨੂੰ ਇਸ ਦੇ ਕਾਰਨ ਅਤੇ ਅਹਿਮੀਅਤ ਬਾਰੇ ਸਮਝਾਇਆ।—ਯੂਹੰ. 13:1-17.
7, 8. (ੳ) ਪਤਰਸ ਨੇ ਯਿਸੂ ਦੇ ਸਬਰ ਦਾ ਇਮਤਿਹਾਨ ਕਿਵੇਂ ਲਿਆ? (ਅ) ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਮਾਫ਼ ਕਰਨ ਲਈ ਤਿਆਰ ਸੀ?
7 ਕੁਝ ਹੀ ਦੇਰ ਬਾਅਦ ਚੇਲਿਆਂ ਨੇ ਫਿਰ ਯਿਸੂ ਦੇ ਸਬਰ ਦਾ ਇਮਤਿਹਾਨ ਲਿਆ। ਉਹ ਆਪਸ ਵਿਚ ਬਹਿਸ ਕਰਨ ਲੱਗੇ ਕਿ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੌਣ ਸੀ ਅਤੇ ਪਤਰਸ ਵੀ ਜ਼ਰੂਰ ਇਸ ਝਗੜੇ ਵਿਚ ਸ਼ਾਮਲ ਹੋਇਆ ਹੋਣਾ। ਇਸ ਗੱਲ ʼਤੇ ਬਹਿਸ ਕਰਨੀ ਕਿੰਨੀ ਸ਼ਰਮ ਵਾਲੀ ਗੱਲ ਸੀ। ਫਿਰ ਵੀ ਯਿਸੂ ਨੇ ਨਰਮਾਈ ਨਾਲ ਉਨ੍ਹਾਂ ਨੂੰ ਸਮਝਾਇਆ ਅਤੇ ਇਸ ਗੱਲ ਲਈ ਉਨ੍ਹਾਂ ਦੀ ਤਾਰੀਫ਼ ਕੀਤੀ ਕਿ ਉਨ੍ਹਾਂ ਨੇ ਵਫ਼ਾਦਾਰੀ ਨਾਲ ਉਸ ਦਾ ਸਾਥ ਨਿਭਾਇਆ ਸੀ। ਪਰ ਉਸ ਨੇ ਭਵਿੱਖਬਾਣੀ ਕੀਤੀ ਕਿ ਉਹ ਸਾਰੇ ਉਸ ਨੂੰ ਛੱਡ ਕੇ ਭੱਜ ਜਾਣਗੇ। ਪਤਰਸ ਨੇ ਝੱਟ ਜਵਾਬ ਦਿੱਤਾ ਕਿ ਉਹ ਮੌਤ ਤਕ ਯਿਸੂ ਦਾ ਸਾਥ ਨਿਭਾਵੇਗਾ। ਪਰ ਯਿਸੂ ਨੇ ਭਵਿੱਖਬਾਣੀ ਕੀਤੀ ਕਿ ਉਸੇ ਰਾਤ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਪਤਰਸ ਤਿੰਨ ਵਾਰ ਉਸ ਨੂੰ ਜਾਣਨ ਤੋਂ ਇਨਕਾਰ ਕਰੇਗਾ। ਪਤਰਸ ਨੇ ਯਿਸੂ ਦੀ ਗੱਲ ਕੱਟਦਿਆਂ ਘਮੰਡ ਵਿਚ ਆ ਕੇ ਕਿਹਾ ਕਿ ਉਹ ਦੂਸਰੇ ਚੇਲਿਆਂ ਨਾਲੋਂ ਜ਼ਿਆਦਾ ਵਫ਼ਾਦਾਰ ਸਾਬਤ ਹੋਵੇਗਾ।—ਮੱਤੀ 26:31-35; ਮਰ. 14:27-31; ਲੂਕਾ 22:24-28; ਯੂਹੰ. 13:36-38.
8 ਕੀ ਪਤਰਸ ਦਾ ਇਹ ਰਵੱਈਆ ਦੇਖ ਕੇ ਯਿਸੂ ਦੇ ਸਬਰ ਦਾ ਬੰਨ੍ਹ ਟੁੱਟ ਗਿਆ? ਨਹੀਂ। ਇਸ ਮੁਸ਼ਕਲ ਦੌਰ ਵਿਚ ਵੀ ਯਿਸੂ ਨੇ ਆਪਣੇ ਨਾਮੁਕੰਮਲ ਰਸੂਲਾਂ ਦੀਆਂ ਖੂਬੀਆਂ ʼਤੇ ਧਿਆਨ ਲਾਇਆ। ਉਹ ਜਾਣਦਾ ਸੀ ਕਿ ਪਤਰਸ ਉਸ ਨੂੰ ਛੱਡ ਦੇਵੇਗਾ, ਫਿਰ ਵੀ ਉਸ ਨੇ ਕਿਹਾ: “ਪਰ ਮੈਂ ਤੇਰੇ ਲਈ ਅਰਦਾਸ ਕੀਤੀ ਹੈ ਕਿ ਤੂੰ ਨਿਹਚਾ ਕਰਨੀ ਨਾ ਛੱਡੇਂ, ਅਤੇ ਜਦੋਂ ਤੂੰ ਤੋਬਾ ਕਰ ਕੇ ਮੁੜ ਆਵੇਂ, ਤਾਂ ਆਪਣੇ ਭਰਾਵਾਂ ਨੂੰ ਤਕੜਾ ਕਰੀਂ।” (ਲੂਕਾ 22:32) ਇਸ ਤਰ੍ਹਾਂ ਯਿਸੂ ਨੇ ਪਤਰਸ ʼਤੇ ਵਿਸ਼ਵਾਸ ਜਤਾਇਆ ਕਿ ਉਹ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖ ਕੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰੇਗਾ। ਵਾਕਈ, ਯਿਸੂ ਦਾ ਦਿਲ ਕਿੰਨਾ ਵੱਡਾ ਸੀ ਕਿ ਉਹ ਪਤਰਸ ਨੂੰ ਮਾਫ਼ ਕਰਨ ਲਈ ਤਿਆਰ ਸੀ!
9, 10. (ੳ) ਗਥਸਮਨੀ ਦੇ ਬਾਗ਼ ਵਿਚ ਯਿਸੂ ਨੇ ਪਤਰਸ ਨੂੰ ਕਿਵੇਂ ਸੁਧਾਰਿਆ? (ਅ) ਪਤਰਸ ਦੀਆਂ ਗ਼ਲਤੀਆਂ ਤੋਂ ਸਾਨੂੰ ਕਿਹੜੀ ਗੱਲ ਯਾਦ ਆਉਂਦੀ ਹੈ?
9 ਫਿਰ ਜਦ ਉਹ ਗਥਸਮਨੀ ਦੇ ਬਾਗ਼ ਵਿਚ ਪਹੁੰਚੇ, ਤਾਂ ਪਤਰਸ ਨੇ ਹੋਰ ਗ਼ਲਤੀਆਂ ਕੀਤੀਆਂ। ਜਦ ਯਿਸੂ ਪ੍ਰਾਰਥਨਾ ਕਰਨ ਜਾ ਰਿਹਾ ਸੀ, ਤਾਂ ਉਸ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਜਾਗਦੇ ਰਹਿਣ ਲਈ ਕਿਹਾ। ਯਿਸੂ ਅੰਦਰੋਂ ਬਹੁਤ ਦੁਖੀ ਤੇ ਪਰੇਸ਼ਾਨ ਸੀ ਅਤੇ ਉਸ ਨੂੰ ਸਹਾਰੇ ਦੀ ਲੋੜ ਸੀ। ਪਰ ਪਤਰਸ ਤੇ ਉਸ ਦੇ ਸਾਥੀ ਵਾਰ-ਵਾਰ ਸੌਂ ਰਹੇ ਸਨ। ਇਸ ਦੇ ਬਾਵਜੂਦ ਯਿਸੂ ਨੇ ਉਨ੍ਹਾਂ ਨੂੰ ਮਾਫ਼ ਕੀਤਾ ਅਤੇ ਹਮਦਰਦੀ ਜਤਾਉਂਦੇ ਹੋਏ ਕਿਹਾ: “ਦਿਲ ਤਾਂ ਤਿਆਰ ਹੈ, ਪਰ ਪਾਪੀ ਸਰੀਰ ਕਮਜ਼ੋਰ ਹੈ।”—ਮਰ. 14:32-41.
10 ਥੋੜ੍ਹੀ ਹੀ ਦੇਰ ਬਾਅਦ ਇਕ ਵੱਡੀ ਭੀੜ ਹੱਥਾਂ ਵਿਚ ਮਸ਼ਾਲਾਂ, ਤਲਵਾਰਾਂ ਤੇ ਡਾਂਗਾਂ ਫੜੀ ਉੱਥੇ ਆ ਪਹੁੰਚੀ। ਉਸ ਸਮੇਂ ਸਾਵਧਾਨੀ ਅਤੇ ਸਮਝਦਾਰੀ ਤੋਂ ਕੰਮ ਲੈਣ ਦੀ ਲੋੜ ਸੀ। ਪਰ ਪਤਰਸ ਨੇ ਤੈਸ਼ ਵਿਚ ਆ ਕੇ ਮਹਾਂ ਪੁਜਾਰੀ ਦੇ ਨੌਕਰ ਮਲਖੁਸ ਦੇ ਸਿਰ ʼਤੇ ਤਲਵਾਰ ਨਾਲ ਵਾਰ ਕੀਤਾ ਅਤੇ ਉਸ ਦਾ ਕੰਨ ਵੱਢ ਸੁੱਟਿਆ। ਯਿਸੂ ਨੇ ਸ਼ਾਂਤ ਰਹਿ ਕੇ ਪਤਰਸ ਨੂੰ ਸੁਧਾਰਿਆ, ਉਸ ਆਦਮੀ ਦਾ ਕੰਨ ਠੀਕ ਕੀਤਾ ਅਤੇ ਲੜਾਈ ਨਾ ਕਰਨ ਸੰਬੰਧੀ ਇਕ ਅਸੂਲ ਦੱਸਿਆ ਜਿਸ ਉੱਤੇ ਅੱਜ ਵੀ ਉਸ ਦੇ ਚੇਲੇ ਚੱਲਦੇ ਹਨ। (ਮੱਤੀ 26:47-55; ਲੂਕਾ 22:47-51; ਯੂਹੰ. 18:10, 11) ਪਤਰਸ ਹੁਣ ਤਕ ਕਈ ਗ਼ਲਤੀਆਂ ਕਰ ਚੁੱਕਾ ਸੀ ਜਿਸ ਕਾਰਨ ਉਸ ਨੂੰ ਯਿਸੂ ਤੋਂ ਮਾਫ਼ੀ ਦੀ ਲੋੜ ਸੀ। ਪਤਰਸ ਦੀ ਮਿਸਾਲ ਸਾਨੂੰ ਯਾਦ ਕਰਾਉਂਦੀ ਹੈ ਕਿ “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ।” (ਯਾਕੂਬ 3:2 ਪੜ੍ਹੋ।) ਹਰ ਰੋਜ਼ ਗ਼ਲਤੀਆਂ ਕਰਨ ਕਰਕੇ ਸਾਨੂੰ ਪਰਮੇਸ਼ੁਰ ਤੋਂ ਮਾਫ਼ੀ ਦੀ ਲੋੜ ਪੈਂਦੀ ਹੈ। ਪਰ ਪਤਰਸ ਉਸ ਰਾਤ ਕਈ ਹੋਰ ਗੰਭੀਰ ਗ਼ਲਤੀਆਂ ਕਰਨ ਵਾਲਾ ਸੀ।
ਪਤਰਸ ਦੀ ਸਭ ਤੋਂ ਵੱਡੀ ਗ਼ਲਤੀ
11, 12. (ੳ) ਯਿਸੂ ਦੀ ਗਿਰਫ਼ਤਾਰੀ ਤੋਂ ਬਾਅਦ ਪਤਰਸ ਨੇ ਕਿਵੇਂ ਕੁਝ ਹੱਦ ਤਕ ਬਹਾਦਰੀ ਦਿਖਾਈ? (ਅ) ਪਤਰਸ ਕਿਵੇਂ ਆਪਣੀ ਗੱਲ ʼਤੇ ਖਰਾ ਨਹੀਂ ਉੱਤਰਿਆ?
11 ਯਿਸੂ ਨੇ ਲੋਕਾਂ ਨੂੰ ਕਿਹਾ ਕਿ ਜੇ ਉਹ ਉਸ ਨੂੰ ਲੱਭ ਰਹੇ ਸਨ, ਤਾਂ ਉਸ ਦੇ ਰਸੂਲਾਂ ਨੂੰ ਜਾਣ ਦਿੱਤਾ ਜਾਵੇ। ਜਦ ਪਹਿਰੇਦਾਰ ਯਿਸੂ ਨੂੰ ਫੜ ਕੇ ਬੰਨ੍ਹ ਰਹੇ ਸਨ, ਤਾਂ ਪਤਰਸ ਬੇਬੱਸ ਖੜ੍ਹਾ ਦੇਖਦਾ ਰਿਹਾ। ਫਿਰ ਉਹ ਵੀ ਬਾਕੀ ਰਸੂਲਾਂ ਵਾਂਗ ਉੱਥੋਂ ਭੱਜ ਗਿਆ।
12 ਯਿਸੂ ਨੂੰ ਪੁੱਛ-ਗਿੱਛ ਲਈ ਪਹਿਲਾਂ ਅੰਨਾਸ ਦੇ ਘਰ ਲਿਜਾਇਆ ਗਿਆ ਜੋ ਪਹਿਲਾਂ ਮਹਾਂ ਪੁਜਾਰੀ ਰਹਿ ਚੁੱਕਾ ਸੀ। ਪਤਰਸ ਤੇ ਯੂਹੰਨਾ ਭੱਜਦੇ ਹੋਏ ਸ਼ਾਇਦ ਉਸ ਦੇ ਘਰ ਦੇ ਨੇੜੇ ਰੁਕੇ। ਜਦੋਂ ਯਿਸੂ ਨੂੰ ਉੱਥੋਂ ਦੂਸਰੀ ਜਗ੍ਹਾ ਲਿਜਾਇਆ ਗਿਆ, ਤਾਂ ਪਤਰਸ ਅਤੇ ਯੂਹੰਨਾ “ਥੋੜ੍ਹਾ ਜਿਹਾ ਦੂਰ ਰਹਿ ਕੇ” ਉਸ ਦੇ ਪਿੱਛੇ-ਪਿੱਛੇ ਗਏ। (ਮੱਤੀ 26:58; ਯੂਹੰ. 18:12, 13) ਪਤਰਸ ਬੁਜ਼ਦਿਲ ਨਹੀਂ ਸੀ। ਯਿਸੂ ਦੇ ਮਗਰ-ਮਗਰ ਜਾਣ ਲਈ ਹਿੰਮਤ ਦੀ ਲੋੜ ਸੀ। ਭੀੜ ਕੋਲ ਹਥਿਆਰ ਸਨ ਅਤੇ ਪਤਰਸ ਨੇ ਉਨ੍ਹਾਂ ਵਿੱਚੋਂ ਇਕ ਨੂੰ ਜ਼ਖ਼ਮੀ ਕੀਤਾ ਸੀ। ਭਾਵੇਂ ਕਿ ਉਸ ਨੇ ਕੁਝ ਹੱਦ ਤਕ ਬਹਾਦਰੀ ਦਿਖਾਈ, ਪਰ ਦੇਖਿਆ ਜਾਵੇ ਤਾਂ ਉਸ ਨੇ ਆਪਣੇ ਇਸ ਦਾਅਵੇ ਨੂੰ ਸੱਚ ਸਾਬਤ ਨਹੀਂ ਕੀਤਾ ਕਿ ਉਹ ਵਫ਼ਾਦਾਰੀ ਨਿਭਾਉਂਦਾ ਹੋਇਆ ਆਪਣੇ ਪ੍ਰਭੂ ਲਈ ਆਪਣੀ ਜਾਨ ਵੀ ਦੇ ਦੇਵੇਗਾ।—ਮਰ. 14:31.
13. ਮਸੀਹ ਦੇ ਪਿੱਛੇ-ਪਿੱਛੇ ਚੱਲਣ ਦਾ ਕੀ ਮਤਲਬ ਹੈ?
13 ਪਤਰਸ ਵਾਂਗ ਅੱਜ ਵੀ ਕਈ ਲੋਕ “ਥੋੜ੍ਹਾ ਜਿਹਾ ਦੂਰ ਰਹਿ ਕੇ” ਮਸੀਹ ਦੇ ਪਿੱਛੇ-ਪਿੱਛੇ ਚੱਲਦੇ ਹਨ ਯਾਨੀ ਉਹ ਦੂਜਿਆਂ ਨੂੰ ਪਤਾ ਨਹੀਂ ਲੱਗਣ ਦਿੰਦੇ ਕਿ ਉਹ ਮਸੀਹ ਦੇ ਚੇਲੇ ਹਨ। ਪਰ ਜਿਵੇਂ ਪਤਰਸ ਨੇ ਬਾਅਦ ਵਿਚ ਲਿਖਿਆ ਸੀ, ਮਸੀਹ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲਣ ਦਾ ਮਤਲਬ ਹੈ ਕਿ ਅਸੀਂ ਹਰ ਗੱਲ ਵਿਚ ਉਸ ਵਰਗੇ ਬਣੀਏ, ਭਾਵੇਂ ਇਸ ਦਾ ਅੰਜਾਮ ਜੋ ਮਰਜ਼ੀ ਹੋਵੇ।—1 ਪਤਰਸ 2:21 ਪੜ੍ਹੋ।
14. ਯਿਸੂ ਦੇ ਮੁਕੱਦਮੇ ਦੌਰਾਨ ਪਤਰਸ ਨੇ ਰਾਤ ਕਿਵੇਂ ਗੁਜ਼ਾਰੀ?
14 ਆਖ਼ਰਕਾਰ ਪਤਰਸ ਦੱਬੇ-ਪੈਰੀਂ ਯਿਸੂ ਦੇ ਪਿੱਛੇ-ਪਿੱਛੇ ਯਰੂਸ਼ਲਮ ਦੀ ਸਭ ਤੋਂ ਸ਼ਾਨਦਾਰ ਹਵੇਲੀ ਦੇ ਦਰਵਾਜ਼ੇ ʼਤੇ ਪਹੁੰਚ ਗਿਆ। ਇਹ ਮਹਾਂ ਪੁਜਾਰੀ ਕਾਇਫ਼ਾ ਦਾ ਘਰ ਸੀ ਜੋ ਕਿ ਇਕ ਤਾਕਤਵਰ ਤੇ ਅਮੀਰ ਆਦਮੀ ਸੀ। ਅਜਿਹੇ ਘਰਾਂ ਵਿਚ ਵੱਡੇ ਵਿਹੜੇ ਹੁੰਦੇ ਸਨ ਤੇ ਮੋਹਰੇ ਵੱਡੇ ਦਰਵਾਜ਼ੇ ਹੁੰਦੇ ਸਨ। ਪਤਰਸ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ। ਯੂਹੰਨਾ ਮਹਾਂ ਪੁਜਾਰੀ ਨੂੰ ਜਾਣਦਾ ਸੀ ਅਤੇ ਉਹ ਪਹਿਲਾਂ ਹੀ ਵਿਹੜੇ ਵਿਚ ਜਾ ਚੁੱਕਾ ਸੀ। ਉਸ ਨੇ ਦਰਵਾਜ਼ੇ ʼਤੇ ਬੈਠੀ ਨੌਕਰਾਣੀ ਨਾਲ ਗੱਲ ਕਰ ਕੇ ਪਤਰਸ ਨੂੰ ਅੰਦਰ ਲੰਘਾ ਲਿਆ। ਲੱਗਦਾ ਹੈ ਕਿ ਪਤਰਸ ਯੂਹੰਨਾ ਦੇ ਨਾਲ ਨਹੀਂ ਰਿਹਾ ਅਤੇ ਨਾ ਹੀ ਪਤਰਸ ਨੇ ਘਰ ਦੇ ਅੰਦਰ ਜਾ ਕੇ ਯਿਸੂ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ। ਉਹ ਵਿਹੜੇ ਵਿਚ ਹੀ ਰਿਹਾ ਜਿੱਥੇ ਕੁਝ ਨੌਕਰ ਤੇ ਮੰਦਰ ਦੇ ਪਹਿਰੇਦਾਰ ਠੰਢ ਤੋਂ ਬਚਣ ਲਈ ਅੱਗ ਸੇਕ ਰਹੇ ਸਨ। ਉਹ ਘਰ ਦੇ ਅੰਦਰ ਚੱਲ ਰਹੇ ਮੁਕੱਦਮੇ ਵਿਚ ਯਿਸੂ ਦੇ ਖ਼ਿਲਾਫ਼ ਝੂਠੀ ਗਵਾਹੀ ਦੇਣ ਆਏ ਲੋਕਾਂ ਨੂੰ ਆਉਂਦੇ-ਜਾਂਦੇ ਦੇਖ ਰਹੇ ਸਨ।—ਮਰ. 14:54-57; ਯੂਹੰ. 18:15, 16, 18.
15, 16. ਦੱਸੋ ਕਿ ਪਤਰਸ ਨੇ ਯਿਸੂ ਦੀ ਭਵਿੱਖਬਾਣੀ ਕਿਵੇਂ ਪੂਰੀ ਕੀਤੀ।
15 ਅੱਗ ਦੀ ਰੌਸ਼ਨੀ ਵਿਚ ਉਸ ਕੁੜੀ ਨੇ ਪਤਰਸ ਨੂੰ ਪਛਾਣ ਲਿਆ ਜਿਸ ਨੇ ਉਸ ਨੂੰ ਅੰਦਰ ਵਾੜਿਆ ਸੀ। ਉਸ ਨੇ ਉਸ ʼਤੇ ਦੋਸ਼ ਲਾਇਆ: “ਤੂੰ ਵੀ ਉਸ ਯਿਸੂ ਗਲੀਲੀ ਦੇ ਨਾਲ ਸੀ!” ਪਰ ਪਤਰਸ ਯਿਸੂ ਨੂੰ ਜਾਣਨ ਤੋਂ ਸਾਫ਼ ਮੁੱਕਰ ਗਿਆ ਅਤੇ ਉਸ ਨੇ ਕਿਹਾ ਕਿ ਉਸ ਨੂੰ ਕੁੜੀ ਦੀ ਗੱਲ ਸਮਝ ਨਹੀਂ ਸੀ ਆਈ। ਉਹ ਬਾਹਰ ਡਿਉੜ੍ਹੀ ਵਿਚ ਚਲਾ ਗਿਆ ਤਾਂਕਿ ਉਸ ਨੂੰ ਕੋਈ ਦੇਖ ਨਾ ਸਕੇ, ਪਰ ਇਕ ਹੋਰ ਕੁੜੀ ਉਸ ਨੂੰ ਵੇਖ ਕੇ ਕਹਿਣ ਲੱਗੀ: “ਇਹ ਵੀ ਉਸ ਯਿਸੂ ਨਾਸਰੀ ਨਾਲ ਸੀ।” ਪਤਰਸ ਸਹੁੰ ਖਾ ਕੇ ਫੇਰ ਮੁੱਕਰ ਗਿਆ: “ਮੈਂ ਨਹੀਂ ਉਸ ਬੰਦੇ ਨੂੰ ਜਾਣਦਾ!” (ਮੱਤੀ 26:69-72; ਮਰ. 14:66-68) ਸ਼ਾਇਦ ਯਿਸੂ ਨੂੰ ਪਛਾਣਨ ਤੋਂ ਦੂਜੀ ਵਾਰ ਇਨਕਾਰ ਕਰਨ ਤੋਂ ਬਾਅਦ ਪਤਰਸ ਨੇ ਕੁੱਕੜ ਦੀ ਬਾਂਗ ਸੁਣੀ ਹੋਣੀ, ਪਰ ਪਰੇਸ਼ਾਨ ਹੋਣ ਕਰਕੇ ਉਸ ਨੂੰ ਯਿਸੂ ਦੁਆਰਾ ਕੁਝ ਘੰਟੇ ਪਹਿਲਾਂ ਕੀਤੀ ਭਵਿੱਖਬਾਣੀ ਯਾਦ ਹੀ ਨਹੀਂ ਆਈ।
16 ਪਤਰਸ ਅਜੇ ਵੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਕਿ ਕੋਈ ਉਸ ਨੂੰ ਪਛਾਣ ਨਾ ਲਵੇ। ਪਰ ਵਿਹੜੇ ਵਿਚ ਖੜ੍ਹੇ ਕੁਝ ਲੋਕ ਉਸ ਦੇ ਕੋਲ ਆਏ ਜਿਨ੍ਹਾਂ ਵਿੱਚੋਂ ਇਕ ਜਣਾ ਮਲਖੁਸ ਦਾ ਰਿਸ਼ਤੇਦਾਰ ਸੀ ਜਿਸ ਦਾ ਕੰਨ ਪਤਰਸ ਨੇ ਵੱਢਿਆ ਸੀ। ਉਸ ਨੇ ਪਤਰਸ ਨੂੰ ਕਿਹਾ: “ਮੈਂ ਤੈਨੂੰ ਉਸ ਨਾਲ ਬਾਗ਼ ਵਿਚ ਨਹੀਂ ਦੇਖਿਆ?” ਪਤਰਸ ਨੇ ਉਨ੍ਹਾਂ ਨੂੰ ਯਕੀਨ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਕੋਈ ਗ਼ਲਤਫ਼ਹਿਮੀ ਹੋਈ ਸੀ। ਪਤਰਸ ਸਹੁੰ ਖਾ ਕੇ ਕਹਿਣ ਲੱਗਾ ਕਿ ਜੇ ਉਹ ਝੂਠ ਬੋਲ ਰਿਹਾ ਹੋਵੇ, ਤਾਂ ਉਸ ਨੂੰ ਸਰਾਪ ਲੱਗੇ। ਪਤਰਸ ਨੇ ਤੀਜੀ ਵਾਰ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਯਿਸੂ ਨੂੰ ਜਾਣਦਾ ਸੀ। ਪਤਰਸ ਦੇ ਮੂੰਹੋਂ ਇਹ ਗੱਲ ਅਜੇ ਨਿਕਲੀ ਹੀ ਸੀ ਕਿ ਉਸ ਨੂੰ ਦੂਸਰੀ ਵਾਰ ਕੁੱਕੜ ਦੀ ਬਾਂਗ ਸੁਣਾਈ ਦਿੱਤੀ।—ਯੂਹੰ. 18:26, 27; ਮਰ. 14:71, 72.
17, 18. (ੳ) ਆਪਣੀ ਗ਼ਲਤੀ ਦਾ ਅਹਿਸਾਸ ਹੋਣ ʼਤੇ ਪਤਰਸ ਨੇ ਕੀ ਕੀਤਾ? (ਅ) ਪਤਰਸ ਸ਼ਾਇਦ ਕੀ ਸੋਚਦਾ ਹੋਣਾ?
17 ਉਦੋਂ ਹੀ ਯਿਸੂ ਨੂੰ ਬਾਲਕਨੀ ਵਿਚ ਲਿਆਇਆ ਗਿਆ ਜਿੱਥੋਂ ਵਿਹੜਾ ਦਿਸਦਾ ਸੀ। ਉਸੇ ਪਲ ਯਿਸੂ ਨੇ ਉਸ ਵੱਲ ਦੇਖਿਆ ਸੀ, ਜਿਵੇਂ ਅਸੀਂ ਲੇਖ ਦੇ ਸ਼ੁਰੂ ਵਿਚ ਪੜ੍ਹਿਆ ਸੀ। ਪਤਰਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਆਪਣੇ ਪ੍ਰਭੂ ਨੂੰ ਕਿੰਨੀ ਠੇਸ ਪਹੁੰਚਾਈ ਸੀ। ਪਤਰਸ ਦੀ ਜ਼ਮੀਰ ਉਸ ਨੂੰ ਲਾਹਨਤਾਂ ਪਾਉਣ ਲੱਗੀ ਅਤੇ ਉਹ ਉੱਥੋਂ ਚਲਾ ਗਿਆ। ਪੂਰੇ ਚੰਦ ਦੀ ਰੌਸ਼ਨੀ ਵਿਚ ਰਾਹ ਸਾਫ਼ ਦਿਖਾਈ ਦੇ ਰਿਹਾ ਸੀ। ਪਤਰਸ ਸ਼ਹਿਰ ਦੀਆਂ ਗਲੀਆਂ ਵਿਚ ਇੱਧਰ-ਉੱਧਰ ਘੁੰਮਣ ਲੱਗਾ ਅਤੇ ਕਈ ਗੱਲਾਂ ਉਸ ਦੇ ਦਿਮਾਗ਼ ਵਿਚ ਚੱਲ ਰਹੀਆਂ ਸਨ। ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗਾ।—ਮਰ. 14:72; ਲੂਕਾ 22:61, 62.
18 ਜਦ ਕਿਸੇ ਨੂੰ ਆਪਣੇ ਗੰਭੀਰ ਪਾਪ ਦਾ ਅਹਿਸਾਸ ਹੁੰਦਾ ਹੈ, ਤਾਂ ਉਹ ਸ਼ਾਇਦ ਸੋਚੇ ਕਿ ਉਸ ਨੂੰ ਕਦੇ ਮਾਫ਼ੀ ਨਹੀਂ ਮਿਲ ਸਕਦੀ। ਪਤਰਸ ਵੀ ਸ਼ਾਇਦ ਇਹੀ ਸੋਚ ਰਿਹਾ ਹੋਣਾ ਕਿ ਯਿਸੂ ਉਸ ਨੂੰ ਕਦੇ ਮਾਫ਼ ਨਹੀਂ ਕਰੇਗਾ। ਪਰ ਕੀ ਇਹ ਸੱਚ ਸੀ?
ਕੀ ਪਤਰਸ ਮਾਫ਼ੀ ਦੇ ਲਾਇਕ ਸੀ?
19. ਆਪਣੀ ਗ਼ਲਤੀ ਕਰਕੇ ਪਤਰਸ ਨੇ ਕਿੱਦਾਂ ਮਹਿਸੂਸ ਕੀਤਾ ਹੋਣਾ, ਪਰ ਅਸੀਂ ਕਿਵੇਂ ਜਾਣਦੇ ਹਾਂ ਕਿ ਉਹ ਨਿਰਾਸ਼ਾ ਵਿਚ ਨਹੀਂ ਡੁੱਬਿਆ?
19 ਅਸੀਂ ਸੋਚ ਵੀ ਨਹੀਂ ਸਕਦੇ ਕਿ ਅਗਲੇ ਦਿਨ ਪਤਰਸ ਯਿਸੂ ਦੀ ਹਾਲਤ ਦੇਖ ਕੇ ਕਿੰਨਾ ਤੜਫ਼ਿਆ ਹੋਣਾ। ਉਸ ਨੇ ਖ਼ੁਦ ਨੂੰ ਲਾਹਨਤਾਂ ਪਾਈਆਂ ਹੋਣੀਆਂ ਜਦ ਉਸ ਨੇ ਯਿਸੂ ਨੂੰ ਘੰਟਿਆਂ-ਬੱਧੀ ਅਤਿਆਚਾਰ ਸਹਿਣ ਤੋਂ ਬਾਅਦ ਦਮ ਤੋੜਦੇ ਦੇਖਿਆ! ਇਹ ਗੱਲ ਪਤਰਸ ਨੂੰ ਅੰਦਰੋਂ-ਅੰਦਰੀਂ ਖਾਈ ਜਾਂਦੀ ਹੋਣੀ ਕਿ ਉਸ ਨੇ ਆਪਣੇ ਪ੍ਰਭੂ ਦੀ ਤਕਲੀਫ਼ ਨੂੰ ਕਿੰਨਾ ਵਧਾਇਆ ਸੀ। ਭਾਵੇਂ ਕਿ ਪਤਰਸ ਮਾਯੂਸ ਸੀ, ਫਿਰ ਵੀ ਉਸ ਨੇ ਢੇਰੀ ਨਹੀਂ ਢਾਹੀ। ਬਾਈਬਲ ਦੱਸਦੀ ਹੈ ਕਿ ਇਨ੍ਹਾਂ ਘਟਨਾਵਾਂ ਤੋਂ ਜਲਦੀ ਬਾਅਦ ਉਹ ਆਪਣੇ ਸਾਥੀਆਂ ਨੂੰ ਮਿਲਿਆ। (ਲੂਕਾ 24:33) ਕੋਈ ਸ਼ੱਕ ਨਹੀਂ ਕਿ ਰਸੂਲਾਂ ਨੂੰ ਇਸ ਗੱਲ ʼਤੇ ਬੇਹੱਦ ਅਫ਼ਸੋਸ ਹੋਣਾ ਕਿ ਉਸ ਕਾਲੀ ਰਾਤ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਭੂ ਨਾਲ ਦਗ਼ਾ ਕੀਤਾ। ਇਕੱਠੇ ਹੋ ਕੇ ਉਨ੍ਹਾਂ ਨੇ ਇਕ-ਦੂਜੇ ਦਾ ਥੋੜ੍ਹਾ-ਬਹੁਤਾ ਹੌਸਲਾ ਜ਼ਰੂਰ ਵਧਾਇਆ ਹੋਣਾ।
20. ਪਤਰਸ ਨੇ ਕਿਹੜਾ ਸਹੀ ਫ਼ੈਸਲਾ ਲਿਆ ਅਤੇ ਅਸੀਂ ਉਸ ਤੋਂ ਕੀ ਸਿੱਖਦੇ ਹਾਂ?
20 ਪਤਰਸ ਦਾ ਆਪਣੇ ਸਾਥੀਆਂ ਨੂੰ ਜਾ ਕੇ ਮਿਲਣ ਦਾ ਫ਼ੈਸਲਾ ਬਿਲਕੁਲ ਸਹੀ ਸੀ। ਜਦੋਂ ਪਰਮੇਸ਼ੁਰ ਦੇ ਕਿਸੇ ਸੇਵਕ ਤੋਂ ਗ਼ਲਤੀ ਹੋ ਜਾਂਦੀ ਹੈ, ਤਾਂ ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਉਸ ਦੀ ਗ਼ਲਤੀ ਕਿੰਨੀ ਕੁ ਗੰਭੀਰ ਹੈ, ਸਗੋਂ ਇਹ ਕਿ ਉਸ ਦਾ ਆਪਣੀ ਗ਼ਲਤੀ ਨੂੰ ਸੁਧਾਰਨ ਦਾ ਇਰਾਦਾ ਕਿੰਨਾ ਕੁ ਪੱਕਾ ਹੈ। (ਕਹਾਉਤਾਂ 24:16 ਪੜ੍ਹੋ।) ਭਾਵੇਂ ਪਤਰਸ ਬਹੁਤ ਹੀ ਉਦਾਸ ਸੀ, ਪਰ ਉਸ ਨੇ ਆਪਣੇ ਭਰਾਵਾਂ ਨਾਲ ਸੰਗਤ ਕਰ ਕੇ ਦਿਖਾਇਆ ਕਿ ਉਸ ਦੀ ਨਿਹਚਾ ਕਿੰਨੀ ਪੱਕੀ ਸੀ। ਜਦੋਂ ਕੋਈ ਵਿਅਕਤੀ ਨਿਰਾਸ਼ਾ ਜਾਂ ਪਛਤਾਵੇ ਦੇ ਬੋਝ ਹੇਠ ਦੱਬਿਆ ਹੁੰਦਾ ਹੈ, ਤਾਂ ਉਹ ਸ਼ਾਇਦ ਇਕੱਲਾ ਰਹਿਣਾ ਚਾਹੇ, ਪਰ ਇਸ ਤਰ੍ਹਾਂ ਕਰਨ ਨਾਲ ਉਸ ਦਾ ਹੀ ਨੁਕਸਾਨ ਹੁੰਦਾ ਹੈ। (ਕਹਾ. 18:1) ਅਕਲਮੰਦੀ ਇਸੇ ਵਿਚ ਹੈ ਕਿ ਉਹ ਭੈਣਾਂ-ਭਰਾਵਾਂ ਦੇ ਨਾਲ ਸੰਗਤ ਕਰੇ ਅਤੇ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ ਲਈ ਤਕੜਾ ਹੋਵੇ।—ਇਬ. 10:24, 25.
21. ਹੋਰ ਚੇਲਿਆਂ ਨਾਲ ਹੋਣ ਕਰਕੇ ਹੀ ਪਤਰਸ ਨੂੰ ਕਿਹੜੀ ਖ਼ਬਰ ਮਿਲੀ?
21 ਹੋਰ ਚੇਲਿਆਂ ਨਾਲ ਹੋਣ ਕਰਕੇ ਹੀ ਪਤਰਸ ਨੂੰ ਇਹ ਹੈਰਾਨੀਜਨਕ ਖ਼ਬਰ ਮਿਲੀ ਕਿ ਯਿਸੂ ਦੀ ਲਾਸ਼ ਕਬਰ ਵਿਚ ਨਹੀਂ ਸੀ। ਪਤਰਸ ਤੇ ਯੂਹੰਨਾ ਕਬਰ ਵੱਲ ਨੱਠੇ ਗਏ ਜਿੱਥੇ ਯਿਸੂ ਨੂੰ ਦਫ਼ਨਾਇਆ ਗਿਆ ਸੀ ਅਤੇ ਕਬਰ ਦੇ ਮੂੰਹ ਉੱਤੇ ਇਕ ਪੱਥਰ ਰੱਖਿਆ ਹੋਇਆ ਸੀ। ਸ਼ਾਇਦ ਯੂਹੰਨਾ ਉਮਰ ਵਿਚ ਪਤਰਸ ਤੋਂ ਛੋਟਾ ਸੀ ਤੇ ਉਹ ਭੱਜ ਕੇ ਕਬਰ ʼਤੇ ਪਹਿਲਾਂ ਪਹੁੰਚ ਗਿਆ। ਪਰ ਉਹ ਕਬਰ ਦੇ ਅੰਦਰ ਜਾਣ ਤੋਂ ਝਿਜਕਿਆ ਜਿਸ ਦੇ ਮੂੰਹ ਤੋਂ ਪੱਥਰ ਹਟਾਇਆ ਗਿਆ ਸੀ। ਭਾਵੇਂ ਕਿ ਪਤਰਸ ਨੂੰ ਦੌੜਨ ਕਰਕੇ ਸਾਹ ਚੜ੍ਹਿਆ ਹੋਇਆ ਸੀ, ਫਿਰ ਵੀ ਉਹ ਸਿੱਧਾ ਅੰਦਰ ਜਾ ਵੜਿਆ ਅਤੇ ਉਸ ਨੇ ਦੇਖਿਆ ਕਿ ਕਬਰ ਖਾਲੀ ਸੀ!—ਯੂਹੰ. 20:3-9.
22. ਪਤਰਸ ਦੇ ਮਨ ਵਿੱਚੋਂ ਸਾਰਾ ਸ਼ੱਕ ਅਤੇ ਉਦਾਸੀ ਕਿਵੇਂ ਦੂਰ ਹੋਈ?
22 ਕੀ ਪਤਰਸ ਨੂੰ ਇਹ ਯਕੀਨ ਹੋ ਗਿਆ ਕਿ ਯਿਸੂ ਦੁਬਾਰਾ ਜੀਉਂਦਾ ਹੋ ਚੁੱਕਾ ਸੀ? ਪਹਿਲਾਂ ਉਸ ਨੂੰ ਵਿਸ਼ਵਾਸ ਨਹੀਂ ਹੋਇਆ ਸੀ, ਹਾਲਾਂਕਿ ਵਫ਼ਾਦਾਰ ਔਰਤਾਂ ਨੇ ਚੇਲਿਆਂ ਨੂੰ ਦੱਸਿਆ ਸੀ ਕਿ ਦੂਤਾਂ ਨੇ ਉਨ੍ਹਾਂ ਨੂੰ ਯਿਸੂ ਦੇ ਦੁਬਾਰਾ ਜੀਉਂਦੇ ਹੋਣ ਦੀ ਖ਼ਬਰ ਦਿੱਤੀ ਸੀ। (ਲੂਕਾ 23:55–24:11) ਪਰ ਸ਼ਾਮ ਤਕ ਪਤਰਸ ਦੇ ਮਨ ਵਿੱਚੋਂ ਸਾਰਾ ਸ਼ੱਕ ਅਤੇ ਉਦਾਸੀ ਖ਼ਤਮ ਹੋ ਚੁੱਕੀ ਸੀ। ਹਾਂ, ਯਿਸੂ ਜੀ ਉੱਠਿਆ ਸੀ ਅਤੇ ਹੁਣ ਇਕ ਸ਼ਕਤੀਸ਼ਾਲੀ ਦੂਤ ਸੀ! ਆਪਣੇ ਸਾਰੇ ਰਸੂਲਾਂ ਸਾਮ੍ਹਣੇ ਪ੍ਰਗਟ ਹੋਣ ਤੋਂ ਪਹਿਲਾਂ ਯਿਸੂ ਪਤਰਸ ਨੂੰ ਮਿਲਿਆ। ਉਸ ਦਿਨ ਰਸੂਲਾਂ ਨੇ ਦੱਸਿਆ: “ਪ੍ਰਭੂ ਨੂੰ ਸੱਚੀਂ-ਮੁੱਚੀ ਜੀਉਂਦਾ ਕਰ ਦਿੱਤਾ ਗਿਆ ਹੈ ਅਤੇ ਸ਼ਮਊਨ ਨੇ ਉਸ ਨੂੰ ਦੇਖਿਆ ਹੈ!” (ਲੂਕਾ 24:34) ਇਸੇ ਤਰ੍ਹਾਂ ਪੌਲੁਸ ਰਸੂਲ ਨੇ ਵੀ ਉਸ ਖ਼ਾਸ ਦਿਨ ਬਾਰੇ ਲਿਖਿਆ ਕਿ ਯਿਸੂ “ਕੇਫ਼ਾਸ ਦੇ ਸਾਮ੍ਹਣੇ ਪ੍ਰਗਟ ਹੋਇਆ ਅਤੇ ਫਿਰ ਬਾਰਾਂ ਰਸੂਲਾਂ ਦੇ ਸਾਮ੍ਹਣੇ ਪ੍ਰਗਟ ਹੋਇਆ।” (1 ਕੁਰਿੰ. 15:5) ਸ਼ਮਊਨ ਅਤੇ ਕੇਫ਼ਾਸ ਪਤਰਸ ਦੇ ਹੀ ਨਾਂ ਸਨ। ਉਸੇ ਦਿਨ ਉਹ ਸ਼ਾਇਦ ਪਤਰਸ ਨੂੰ ਇਕੱਲੇ ਨੂੰ ਮਿਲਿਆ ਸੀ।
ਯਿਸੂ ਨੇ ਪਤਰਸ ਦੀਆਂ ਕਈ ਗ਼ਲਤੀਆਂ ਮਾਫ਼ ਕੀਤੀਆਂ। ਕੀ ਸਾਨੂੰ ਸਾਰਿਆਂ ਨੂੰ ਰੋਜ਼ ਮਾਫ਼ੀ ਦੀ ਲੋੜ ਨਹੀਂ ਪੈਂਦੀ?
23. ਜਿਸ ਮਸੀਹੀ ਕੋਲੋਂ ਗੰਭੀਰ ਪਾਪ ਹੋ ਜਾਂਦਾ ਹੈ, ਉਸ ਨੂੰ ਪਤਰਸ ਦੀ ਮਿਸਾਲ ਕਿਉਂ ਯਾਦ ਰੱਖਣੀ ਚਾਹੀਦੀ ਹੈ?
23 ਪਤਰਸ ਆਪਣੇ ਪ੍ਰਭੂ ਨੂੰ ਦੁਬਾਰਾ ਦੇਖ ਕੇ ਖ਼ੁਸ਼ੀ ਨਾਲ ਫੁੱਲਿਆ ਨਹੀਂ ਸਮਾਇਆ ਹੋਣਾ! ਬਾਈਬਲ ਇਸ ਬਾਰੇ ਕੁਝ ਨਹੀਂ ਦੱਸਦੀ ਕਿ ਜਦ ਯਿਸੂ ਅਤੇ ਪਤਰਸ ਇਕ-ਦੂਜੇ ਨੂੰ ਮਿਲੇ, ਤਾਂ ਉਨ੍ਹਾਂ ਵਿਚ ਕੀ ਗੱਲਬਾਤ ਹੋਈ। ਪਰ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਸ ਮੌਕੇ ਤੇ ਪਤਰਸ ਨੇ ਯਿਸੂ ਨੂੰ ਦੱਸਿਆ ਹੋਣਾ ਕਿ ਉਸ ਨੂੰ ਆਪਣੀ ਗ਼ਲਤੀ ʼਤੇ ਕਿੰਨਾ ਪਛਤਾਵਾ ਸੀ। ਆਪਣੀ ਗ਼ਲਤੀ ਲਈ ਮਾਫ਼ੀ ਮੰਗਦਿਆਂ ਉਸ ਦਾ ਦਿਲ ਜ਼ਰੂਰ ਭਰ ਆਇਆ ਹੋਣਾ। ਹੋਰ ਕਿਸੇ ਵੀ ਚੀਜ਼ ਨਾਲੋਂ ਪਤਰਸ ਲਈ ਬਸ ਇਹੀ ਗੱਲ ਮਾਅਨੇ ਰੱਖਦੀ ਸੀ ਕਿ ਯਿਸੂ ਉਸ ਨੂੰ ਮਾਫ਼ ਕਰ ਦੇਵੇ। ਨਾਲੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਯਿਸੂ ਨੇ ਉਸ ਨੂੰ ਦਿਲੋਂ ਮਾਫ਼ ਕੀਤਾ। ਅੱਜ ਜਿਸ ਮਸੀਹੀ ਭੈਣ-ਭਰਾ ਕੋਲੋਂ ਪਾਪ ਹੋ ਜਾਂਦਾ ਹੈ, ਉਸ ਨੂੰ ਪਤਰਸ ਦੀ ਮਿਸਾਲ ਯਾਦ ਰੱਖਣੀ ਚਾਹੀਦੀ ਹੈ। ਸਾਨੂੰ ਇਹ ਕਦੇ ਵੀ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਸਾਨੂੰ ਮਾਫ਼ ਨਹੀਂ ਕਰੇਗਾ। ਯਿਸੂ ਨੇ ਆਪਣੇ “ਅੱਤ ਦਿਆਲੂ” ਪਿਤਾ ਦੀ ਰੀਸ ਕੀਤੀ ਜੋ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ।—ਯਸਾ. 55:7.
ਮਾਫ਼ ਕਰਨ ਦੇ ਹੋਰ ਸਬੂਤ
24, 25. (ੳ) ਜਦ ਪਤਰਸ ਮੱਛੀਆਂ ਫੜਨ ਗਿਆ, ਤਾਂ ਉਸ ਰਾਤ ਕੀ ਹੋਇਆ? (ਅ) ਯਿਸੂ ਦਾ ਚਮਤਕਾਰ ਦੇਖ ਕੇ ਪਤਰਸ ਨੇ ਕੀ ਕੀਤਾ?
24 ਯਿਸੂ ਨੇ ਆਪਣੇ ਰਸੂਲਾਂ ਨੂੰ ਕਿਹਾ ਕਿ ਉਹ ਉਸ ਨੂੰ ਗਲੀਲ ਵਿਚ ਮਿਲਣ। ਉੱਥੇ ਪਹੁੰਚ ਕੇ ਪਤਰਸ ਨੇ ਗਲੀਲ ਦੀ ਝੀਲ ʼਤੇ ਜਾ ਕੇ ਮੱਛੀਆਂ ਫੜਨ ਦਾ ਫ਼ੈਸਲਾ ਕੀਤਾ। ਦੂਸਰੇ ਵੀ ਉਸ ਦੇ ਨਾਲ ਚਲੇ ਗਏ। ਜਦ ਉਹ ਝੀਲ ʼਤੇ ਪਹੁੰਚਿਆ ਹੋਣਾ, ਤਾਂ ਉੱਥੇ ਲਹਿਰਾਂ ਦੀ ਆਵਾਜ਼ ਸੁਣ ਕੇ, ਕਿਸ਼ਤੀ ਵਿਚ ਬੈਠ ਕੇ ਅਤੇ ਪਾਣੀ ਵਿਚ ਜਾਲ਼ ਸੁੱਟ ਕੇ ਉਸ ਨੂੰ ਬਹੁਤ ਵਧੀਆ ਲੱਗਾ ਹੋਣਾ! ਬਿਨਾਂ ਸ਼ੱਕ ਉਸ ਨੇ ਕਈ ਸਾਲ ਉੱਥੇ ਇਹ ਕੰਮ ਕੀਤਾ ਸੀ। ਪਰ ਉਸ ਰਾਤ ਚੇਲੇ ਇਕ ਵੀ ਮੱਛੀ ਨਾ ਫੜ ਸਕੇ।—ਮੱਤੀ 26:32; ਯੂਹੰ. 21:1-3.
25 ਜਦੋਂ ਦਿਨ ਚੜ੍ਹਿਆ, ਤਾਂ ਝੀਲ ਦੇ ਕੰਢੇ ʼਤੇ ਖੜ੍ਹੇ ਇਕ ਆਦਮੀ ਨੇ ਉਨ੍ਹਾਂ ਨੂੰ ਆਵਾਜ਼ ਮਾਰ ਕੇ ਜਾਲ਼ ਨੂੰ ਕਿਸ਼ਤੀ ਦੇ ਦੂਸਰੇ ਪਾਸੇ ਸੁੱਟਣ ਲਈ ਕਿਹਾ। ਉਸ ਦੀ ਗੱਲ ਮੰਨ ਕੇ ਉਨ੍ਹਾਂ ਨੇ 153 ਮੱਛੀਆਂ ਫੜੀਆਂ! ਪਤਰਸ ਨੂੰ ਫ਼ੌਰਨ ਪਤਾ ਲੱਗ ਗਿਆ ਕਿ ਉਹ ਆਦਮੀ ਕੌਣ ਸੀ। ਉਸ ਨੇ ਉਸੇ ਵੇਲੇ ਪਾਣੀ ਵਿਚ ਛਾਲ ਮਾਰੀ ਤੇ ਤੈਰ ਕੇ ਕੰਢੇ ʼਤੇ ਆ ਗਿਆ। ਝੀਲ ਦੇ ਕਿਨਾਰੇ ʼਤੇ ਯਿਸੂ ਨੇ ਕੋਲਿਆਂ ਦੀ ਅੱਗ ਬਾਲ਼ੀ ਹੋਈ ਸੀ ਅਤੇ ਮੱਛੀਆਂ ਭੁੰਨ ਕੇ ਆਪਣੇ ਵਫ਼ਾਦਾਰ ਦੋਸਤਾਂ ਨੂੰ ਖਾਣ ਲਈ ਦਿੱਤੀਆਂ। ਉਸ ਨੇ ਖ਼ਾਸ ਤੌਰ ਤੇ ਪਤਰਸ ਨਾਲ ਗੱਲ ਕੀਤੀ।—ਯੂਹੰ. 21:4-14.
26, 27. (ੳ) ਯਿਸੂ ਨੇ ਪਤਰਸ ਨੂੰ ਤਿੰਨ ਵਾਰੀ ਕਿਹੜਾ ਮੌਕਾ ਦਿੱਤਾ? (ਅ) ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਨੇ ਪਤਰਸ ਨੂੰ ਦਿਲੋਂ ਮਾਫ਼ ਕਰ ਦਿੱਤਾ ਸੀ?
26 ਯਿਸੂ ਨੇ ਮੱਛੀਆਂ ਦੇ ਢੇਰ ਵੱਲ ਇਸ਼ਾਰਾ ਕਰਦੇ ਹੋਏ ਪਤਰਸ ਨੂੰ ਪੁੱਛਿਆ: “ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈਂ?” ਕੀ ਪਤਰਸ ਯਿਸੂ ਨਾਲੋਂ ਜ਼ਿਆਦਾ ਮੱਛੀਆਂ ਦੇ ਕਾਰੋਬਾਰ ਨਾਲ ਪਿਆਰ ਕਰਦਾ ਸੀ? ਪਤਰਸ ਨੇ ਤਿੰਨ ਵਾਰ ਪ੍ਰਭੂ ਨੂੰ ਜਾਣਨ ਤੋਂ ਇਨਕਾਰ ਕੀਤਾ ਸੀ, ਇਸ ਲਈ ਹੁਣ ਯਿਸੂ ਨੇ ਉਸ ਨੂੰ ਆਪਣੇ ਭਰਾਵਾਂ ਦੇ ਸਾਮ੍ਹਣੇ ਤਿੰਨ ਵਾਰ ਉਸ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਮੌਕਾ ਦਿੱਤਾ। ਪਤਰਸ ਦੇ ਇਕਰਾਰ ਕਰਨ ਤੇ ਯਿਸੂ ਨੇ ਉਸ ਨੂੰ ਦੱਸਿਆ ਕਿ ਉਹ ਇਹ ਪਿਆਰ ਕਿੱਦਾਂ ਦਿਖਾ ਸਕਦਾ ਹੈ: ਉਹ ਯਿਸੂ ਦੀਆਂ ਭੇਡਾਂ ਯਾਨੀ ਵਫ਼ਾਦਾਰ ਲੋਕਾਂ ਨੂੰ ਸਿੱਖਿਆ ਦੇ ਕੇ ਅਤੇ ਉਨ੍ਹਾਂ ਦੀ ਦੇਖ-ਭਾਲ ਕਰ ਕੇ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਵੇ।—ਲੂਕਾ 22:32; ਯੂਹੰ. 21:15-17.
27 ਯਿਸੂ ਨੇ ਪਤਰਸ ਨੂੰ ਯਕੀਨ ਦਿਵਾਇਆ ਕਿ ਉਹ ਹਾਲੇ ਵੀ ਉਸ ਦੇ ਅਤੇ ਉਸ ਦੇ ਪਿਤਾ ਦੇ ਕੰਮ ਕਰਨ ਦੇ ਕਾਬਲ ਸੀ। ਪਤਰਸ ਨੇ ਮਸੀਹ ਦੀ ਅਗਵਾਈ ਅਧੀਨ ਚੱਲ ਕੇ ਮੰਡਲੀ ਵਿਚ ਇਕ ਅਹਿਮ ਜ਼ਿੰਮੇਵਾਰੀ ਨਿਭਾਉਣੀ ਸੀ। ਇਹ ਇਸ ਗੱਲ ਦਾ ਸਬੂਤ ਸੀ ਕਿ ਯਿਸੂ ਨੇ ਪਤਰਸ ਨੂੰ ਦਿਲੋਂ ਮਾਫ਼ ਕਰ ਦਿੱਤਾ ਸੀ! ਵਾਕਈ, ਯਿਸੂ ਦੀ ਇਸ ਗੱਲ ਨੇ ਪਤਰਸ ਦੇ ਦਿਲ ਨੂੰ ਛੂਹ ਲਿਆ ਹੋਣਾ।
28. ਪਤਰਸ ਆਪਣੇ ਨਾਂ ʼਤੇ ਖਰਾ ਕਿਵੇਂ ਉਤਰਿਆ?
28 ਪਤਰਸ ਨੇ ਸਾਲਾਂ ਤਕ ਵਫ਼ਾਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ। ਯਿਸੂ ਨੇ ਆਪਣੀ ਮੌਤ ਤੋਂ ਪਹਿਲਾਂ ਉਸ ਨੂੰ ਜੋ ਹੁਕਮ ਦਿੱਤਾ ਸੀ, ਉਸ ਮੁਤਾਬਕ ਪਤਰਸ ਨੇ ਆਪਣੇ ਭੈਣਾਂ-ਭਰਾਵਾਂ ਨੂੰ ਤਕੜਾ ਕੀਤਾ। ਪਤਰਸ ਨੇ ਪਿਆਰ ਤੇ ਧੀਰਜ ਨਾਲ ਮਸੀਹ ਦੇ ਚੇਲਿਆਂ ਦੀ ਦੇਖ-ਭਾਲ ਕੀਤੀ। ਯਿਸੂ ਨੇ ਸ਼ਮਊਨ ਨੂੰ ਪਤਰਸ ਨਾਂ ਦਿੱਤਾ ਸੀ ਜਿਸ ਦਾ ਮਤਲਬ ਹੈ ਚਟਾਨ। ਉਹ ਇਸ ਨਾਂ ʼਤੇ ਖਰਾ ਉੱਤਰਿਆ। ਉਸ ਦੀ ਨਿਹਚਾ ਚਟਾਨ ਵਾਂਗ ਪੱਕੀ ਹੋ ਚੁੱਕੀ ਸੀ ਅਤੇ ਉਸ ਨੇ ਆਪਣੇ ਭੈਣਾਂ-ਭਰਾਵਾਂ ਦੀ ਨਿਹਚਾ ਵੀ ਮਜ਼ਬੂਤ ਕੀਤੀ। ਇਸ ਗੱਲ ਦੇ ਬਹੁਤ ਸਾਰੇ ਸਬੂਤ ਪਤਰਸ ਦੁਆਰਾ ਲਿਖੀਆਂ ਚਿੱਠੀਆਂ ਤੋਂ ਮਿਲਦੇ ਹਨ ਜੋ ਉਸ ਨੇ ਭੈਣਾਂ-ਭਰਾਵਾਂ ਦੇ ਫ਼ਾਇਦੇ ਲਈ ਲਿਖੀਆਂ ਸਨ। ਅੱਜ ਇਹ ਚਿੱਠੀਆਂ ਬਾਈਬਲ ਦਾ ਹਿੱਸਾ ਹਨ। ਇਨ੍ਹਾਂ ਤੋਂ ਵੀ ਇਹ ਪਤਾ ਲੱਗਦਾ ਹੈ ਕਿ ਯਿਸੂ ਨੇ ਪਤਰਸ ਨੂੰ ਮਾਫ਼ੀ ਬਾਰੇ ਜੋ ਸਬਕ ਸਿਖਾਇਆ ਸੀ, ਉਹ ਉਸ ਨੂੰ ਕਦੇ ਭੁੱਲਿਆ ਨਹੀਂ।—1 ਪਤਰਸ 3:8, 9; 4:8 ਪੜ੍ਹੋ।
29. ਅਸੀਂ ਪਤਰਸ ਦੀ ਨਿਹਚਾ ਅਤੇ ਯਿਸੂ ਦੀ ਦਇਆ ਦੀ ਰੀਸ ਕਿਵੇਂ ਕਰ ਸਕਦੇ ਹਾਂ?
29 ਆਓ ਆਪਾਂ ਵੀ ਇਹ ਸਬਕ ਸਿੱਖੀਏ। ਕੀ ਅਸੀਂ ਰੋਜ਼ ਪਰਮੇਸ਼ੁਰ ਤੋਂ ਆਪਣੀਆਂ ਗ਼ਲਤੀਆਂ ਦੀ ਮਾਫ਼ੀ ਮੰਗਦੇ ਹਾਂ? ਇਸ ਤੋਂ ਬਾਅਦ ਕੀ ਅਸੀਂ ਯਕੀਨ ਕਰਦੇ ਹਾਂ ਕਿ ਪਰਮੇਸ਼ੁਰ ਨੇ ਸਾਨੂੰ ਮਾਫ਼ ਕਰ ਦਿੱਤਾ ਹੈ ਅਤੇ ਹੁਣ ਅਸੀਂ ਉਸ ਦੀਆਂ ਨਜ਼ਰਾਂ ਵਿਚ ਸ਼ੁੱਧ ਹੋ ਚੁੱਕੇ ਹਾਂ? ਨਾਲੇ ਕੀ ਅਸੀਂ ਦੂਸਰਿਆਂ ਨੂੰ ਮਾਫ਼ ਕਰਦੇ ਹਾਂ? ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਅਸੀਂ ਪਤਰਸ ਦੀ ਨਿਹਚਾ ਦੀ ਰੀਸ ਕਰ ਰਹੇ ਹੋਵਾਂਗੇ ਅਤੇ ਆਪਣੇ ਪ੍ਰਭੂ ਯਿਸੂ ਵਾਂਗ ਦਇਆ ਦਿਖਾ ਰਹੇ ਹੋਵਾਂਗੇ।