ਲੇਵੀਆਂ
13 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਅੱਗੇ ਕਿਹਾ: 2 “ਜੇ ਕਿਸੇ ਇਨਸਾਨ ਦੀ ਚਮੜੀ ʼਤੇ ਸੋਜ ਪੈ ਜਾਵੇ ਜਾਂ ਖਰੀਂਢ ਆ ਜਾਵੇ ਜਾਂ ਦਾਗ਼ ਨਿਕਲ ਆਵੇ ਜੋ ਕੋੜ੍ਹ*+ ਦਾ ਰੂਪ ਧਾਰਨ ਕਰ ਸਕਦਾ ਹੈ, ਤਾਂ ਉਸ ਨੂੰ ਪੁਜਾਰੀ ਹਾਰੂਨ ਜਾਂ ਪੁਜਾਰੀਆਂ ਵਜੋਂ ਸੇਵਾ ਕਰ ਰਹੇ ਉਸ ਦੇ ਪੁੱਤਰਾਂ ਵਿੱਚੋਂ ਕਿਸੇ ਇਕ ਕੋਲ ਲਿਆਂਦਾ ਜਾਵੇ।+ 3 ਪੁਜਾਰੀ ਉਸ ਦੀ ਚਮੜੀ ਦੇ ਰੋਗ ਦੀ ਜਾਂਚ ਕਰੇਗਾ। ਜੇ ਬੀਮਾਰੀ ਵਾਲੀ ਜਗ੍ਹਾ ਦੇ ਵਾਲ਼ ਚਿੱਟੇ ਹੋ ਗਏ ਹਨ ਅਤੇ ਰੋਗ ਚਮੜੀ ਦੇ ਅੰਦਰ ਤਕ ਨਜ਼ਰ ਆਉਂਦਾ ਹੈ, ਤਾਂ ਇਹ ਕੋੜ੍ਹ ਦੀ ਬੀਮਾਰੀ ਹੈ। ਪੁਜਾਰੀ ਇਸ ਦੀ ਜਾਂਚ ਕਰੇਗਾ ਅਤੇ ਉਸ ਇਨਸਾਨ ਨੂੰ ਅਸ਼ੁੱਧ ਕਰਾਰ ਦੇਵੇਗਾ। 4 ਪਰ ਜੇ ਉਸ ਦੀ ਚਮੜੀ ʼਤੇ ਨਿਕਲੇ ਦਾਗ਼ ਦਾ ਰੰਗ ਚਿੱਟਾ ਹੈ ਅਤੇ ਇਹ ਚਮੜੀ ਦੇ ਅੰਦਰ ਤਕ ਨਜ਼ਰ ਨਹੀਂ ਆਉਂਦਾ ਅਤੇ ਉਸ ਜਗ੍ਹਾ ਦੇ ਵਾਲ਼ ਚਿੱਟੇ ਨਹੀਂ ਹੋਏ ਹਨ, ਤਾਂ ਪੁਜਾਰੀ ਉਸ ਇਨਸਾਨ ਨੂੰ ਸੱਤ ਦਿਨ ਦੂਸਰਿਆਂ ਤੋਂ ਵੱਖਰਾ ਰੱਖੇਗਾ।+ 5 ਸੱਤਵੇਂ ਦਿਨ ਪੁਜਾਰੀ ਫਿਰ ਉਸ ਦੀ ਜਾਂਚ ਕਰੇਗਾ ਅਤੇ ਜੇ ਦਾਗ਼ ਦੇਖਣ ਨੂੰ ਪਹਿਲੇ ਵਰਗਾ ਲੱਗਦਾ ਹੈ ਅਤੇ ਚਮੜੀ ʼਤੇ ਨਹੀਂ ਫੈਲਿਆ ਹੈ, ਤਾਂ ਪੁਜਾਰੀ ਉਸ ਨੂੰ ਹੋਰ ਸੱਤ ਦਿਨਾਂ ਤਕ ਦੂਸਰਿਆਂ ਤੋਂ ਵੱਖਰਾ ਰੱਖੇਗਾ।
6 “ਪੁਜਾਰੀ ਸੱਤਵੇਂ ਦਿਨ ਦੁਬਾਰਾ ਉਸ ਦੀ ਜਾਂਚ ਕਰੇਗਾ ਅਤੇ ਜੇ ਬੀਮਾਰੀ ਠੀਕ ਹੋਣ ਲੱਗ ਪਈ ਹੈ ਅਤੇ ਚਮੜੀ ʼਤੇ ਨਹੀਂ ਫੈਲੀ ਹੈ, ਤਾਂ ਪੁਜਾਰੀ ਉਸ ਨੂੰ ਸ਼ੁੱਧ ਕਰਾਰ ਦੇਵੇਗਾ;+ ਇਹ ਸਿਰਫ਼ ਖਰੀਂਢ ਹੀ ਸੀ। ਫਿਰ ਉਹ ਇਨਸਾਨ ਆਪਣੇ ਕੱਪੜੇ ਧੋਵੇ ਅਤੇ ਸ਼ੁੱਧ ਹੋਵੇ। 7 ਪਰ ਜੇ ਪੁਜਾਰੀ ਦੁਆਰਾ ਉਸ ਨੂੰ ਸ਼ੁੱਧ ਕਰਾਰ ਦਿੱਤੇ ਜਾਣ ਤੋਂ ਬਾਅਦ ਖਰੀਂਢ* ਚਮੜੀ ਉੱਤੇ ਫੈਲ ਜਾਂਦਾ ਹੈ, ਤਾਂ ਉਹ ਪੁਜਾਰੀ ਕੋਲ ਦੁਬਾਰਾ ਜਾਵੇ। 8 ਪੁਜਾਰੀ ਇਸ ਦੀ ਜਾਂਚ ਕਰੇਗਾ ਅਤੇ ਜੇ ਖਰੀਂਢ ਚਮੜੀ ਉੱਤੇ ਫੈਲ ਗਿਆ ਹੈ, ਤਾਂ ਪੁਜਾਰੀ ਉਸ ਨੂੰ ਅਸ਼ੁੱਧ ਕਰਾਰ ਦੇਵੇਗਾ। ਇਹ ਕੋੜ੍ਹ ਦੀ ਬੀਮਾਰੀ ਹੈ।+
9 “ਜੇ ਕਿਸੇ ਇਨਸਾਨ ਨੂੰ ਕੋੜ੍ਹ ਦੀ ਬੀਮਾਰੀ ਹੋ ਜਾਂਦੀ ਹੈ, ਤਾਂ ਉਸ ਨੂੰ ਪੁਜਾਰੀ ਕੋਲ ਲਿਆਂਦਾ ਜਾਵੇ 10 ਅਤੇ ਪੁਜਾਰੀ ਉਸ ਦੀ ਜਾਂਚ ਕਰੇਗਾ।+ ਜੇ ਚਮੜੀ ਸੁੱਜ ਗਈ ਹੈ ਅਤੇ ਚਿੱਟੀ ਹੋ ਗਈ ਹੈ ਅਤੇ ਉਸ ਜਗ੍ਹਾ ਦੇ ਵਾਲ਼ ਚਿੱਟੇ ਹੋ ਗਏ ਹਨ ਅਤੇ ਸੁੱਜੀ ਜਗ੍ਹਾ ʼਤੇ ਫੋੜਾ ਹੋ ਗਿਆ ਹੈ,+ 11 ਤਾਂ ਉਸ ਦੀ ਚਮੜੀ ਨੂੰ ਕੋੜ੍ਹ ਦੀ ਗੰਭੀਰ ਬੀਮਾਰੀ ਹੋ ਗਈ ਹੈ। ਪੁਜਾਰੀ ਉਸ ਨੂੰ ਅਸ਼ੁੱਧ ਕਰਾਰ ਦੇਵੇਗਾ। ਉਹ ਉਸ ਨੂੰ ਹੋਰ ਜਾਂਚ ਲਈ ਦੂਸਰਿਆਂ ਤੋਂ ਵੱਖਰਾ ਨਾ ਰੱਖੇ+ ਕਿਉਂਕਿ ਉਹ ਅਸ਼ੁੱਧ ਹੈ। 12 ਜੇ ਕੋੜ੍ਹ ਉਸ ਦੀ ਪੂਰੀ ਚਮੜੀ ʼਤੇ ਫੈਲ ਗਿਆ ਹੈ ਅਤੇ ਪੁਜਾਰੀ ਨੂੰ ਨਜ਼ਰ ਆਉਂਦਾ ਹੈ ਕਿ ਉਹ ਸਿਰ ਤੋਂ ਲੈ ਕੇ ਪੈਰਾਂ ਤਕ ਕੋੜ੍ਹ ਨਾਲ ਭਰ ਗਿਆ ਹੈ 13 ਅਤੇ ਪੁਜਾਰੀ ਉਸ ਦੀ ਜਾਂਚ ਕਰ ਕੇ ਦੇਖਦਾ ਹੈ ਕਿ ਕੋੜ੍ਹ ਉਸ ਦੀ ਪੂਰੀ ਚਮੜੀ ʼਤੇ ਫੈਲ ਗਿਆ ਹੈ, ਤਾਂ ਉਹ ਉਸ ਮਰੀਜ਼ ਨੂੰ ਸ਼ੁੱਧ ਕਰਾਰ ਦੇਵੇਗਾ।* ਉਸ ਦੀ ਪੂਰੀ ਚਮੜੀ ਚਿੱਟੀ ਹੋ ਗਈ ਹੈ ਅਤੇ ਉਹ ਸ਼ੁੱਧ ਹੈ। 14 ਪਰ ਜਦੋਂ ਵੀ ਚਮੜੀ ʼਤੇ ਫੋੜਾ ਨਿਕਲ ਆਉਂਦਾ ਹੈ, ਤਾਂ ਉਹ ਅਸ਼ੁੱਧ ਹੋਵੇਗਾ। 15 ਜਦੋਂ ਪੁਜਾਰੀ ਉਸ ਦੇ ਫੋੜੇ ਨੂੰ ਦੇਖੇਗਾ, ਤਾਂ ਉਹ ਫੋੜੇ ਕਰਕੇ ਉਸ ਆਦਮੀ ਨੂੰ ਅਸ਼ੁੱਧ ਕਰਾਰ ਦੇਵੇਗਾ।+ ਇਹ ਕੋੜ੍ਹ ਹੈ।+ 16 ਪਰ ਜੇ ਫੋੜੇ ਦਾ ਰੰਗ ਚਿੱਟਾ ਹੋ ਜਾਂਦਾ ਹੈ, ਤਾਂ ਉਹ ਪੁਜਾਰੀ ਕੋਲ ਆਵੇ। 17 ਪੁਜਾਰੀ ਉਸ ਦੀ ਜਾਂਚ ਕਰੇਗਾ+ ਅਤੇ ਜੇ ਫੋੜਾ ਚਿੱਟਾ ਹੋ ਗਿਆ ਹੈ, ਤਾਂ ਪੁਜਾਰੀ ਉਸ ਰੋਗੀ ਨੂੰ ਸ਼ੁੱਧ ਕਰਾਰ ਦੇਵੇਗਾ। ਉਹ ਸ਼ੁੱਧ ਹੈ।
18 “ਜੇ ਕਿਸੇ ਦੀ ਚਮੜੀ ʼਤੇ ਫੋੜਾ ਹੋ ਜਾਂਦਾ ਹੈ ਤੇ ਫਿਰ ਠੀਕ ਹੋ ਜਾਂਦਾ ਹੈ, 19 ਪਰ ਫੋੜੇ ਵਾਲੀ ਜਗ੍ਹਾ ਸੁੱਜ ਕੇ ਚਿੱਟੀ ਹੋ ਜਾਂਦੀ ਹੈ ਜਾਂ ਉੱਥੇ ਲਾਲ-ਚਿੱਟਾ ਦਾਗ਼ ਪੈ ਜਾਂਦਾ ਹੈ, ਤਾਂ ਉਹ ਜਾ ਕੇ ਪੁਜਾਰੀ ਨੂੰ ਇਹ ਦਾਗ਼ ਦਿਖਾਵੇ। 20 ਪੁਜਾਰੀ ਇਸ ਦੀ ਜਾਂਚ ਕਰੇਗਾ+ ਅਤੇ ਜੇ ਇਹ ਦਾਗ਼ ਚਮੜੀ ਦੇ ਅੰਦਰ ਤਕ ਨਜ਼ਰ ਆਉਂਦਾ ਹੈ ਤੇ ਉਸ ਜਗ੍ਹਾ ਦੇ ਵਾਲ਼ ਚਿੱਟੇ ਹੋ ਗਏ ਹਨ, ਤਾਂ ਪੁਜਾਰੀ ਉਸ ਨੂੰ ਅਸ਼ੁੱਧ ਕਰਾਰ ਦੇਵੇਗਾ। ਉੱਥੇ ਫੋੜੇ ਵਾਲੀ ਜਗ੍ਹਾ ʼਤੇ ਕੋੜ੍ਹ ਦੀ ਬੀਮਾਰੀ ਹੋ ਗਈ ਹੈ। 21 ਪਰ ਜੇ ਪੁਜਾਰੀ ਜਾਂਚ ਕਰ ਕੇ ਦੇਖਦਾ ਹੈ ਕਿ ਉਸ ਜਗ੍ਹਾ ਦੇ ਵਾਲ਼ ਚਿੱਟੇ ਨਹੀਂ ਹੋਏ ਹਨ ਅਤੇ ਦਾਗ਼ ਚਮੜੀ ਦੇ ਅੰਦਰ ਤਕ ਨਜ਼ਰ ਨਹੀਂ ਆਉਂਦਾ ਤੇ ਇਹ ਮਿਟਣ ਲੱਗ ਪਿਆ ਹੈ, ਤਾਂ ਪੁਜਾਰੀ ਉਸ ਨੂੰ ਸੱਤ ਦਿਨਾਂ ਤਕ ਦੂਸਰਿਆਂ ਤੋਂ ਵੱਖਰਾ ਰੱਖੇਗਾ।+ 22 ਜੇ ਸਾਫ਼ ਦਿਖਾਈ ਦਿੰਦਾ ਹੈ ਕਿ ਇਹ ਚਮੜੀ ʼਤੇ ਫੈਲ ਗਿਆ ਹੈ, ਤਾਂ ਪੁਜਾਰੀ ਉਸ ਨੂੰ ਅਸ਼ੁੱਧ ਕਰਾਰ ਦੇਵੇ। ਉਸ ਨੂੰ ਕੋੜ੍ਹ ਦੀ ਬੀਮਾਰੀ ਹੈ। 23 ਪਰ ਜੇ ਦਾਗ਼ ਉਸੇ ਜਗ੍ਹਾ ਰਹਿੰਦਾ ਹੈ ਅਤੇ ਫੈਲਦਾ ਨਹੀਂ, ਤਾਂ ਇਸ ਦਾ ਮਤਲਬ ਹੈ ਕਿ ਸੋਜ ਫੋੜੇ ਕਰਕੇ ਹੈ। ਇਸ ਲਈ ਪੁਜਾਰੀ ਉਸ ਨੂੰ ਸ਼ੁੱਧ ਕਰਾਰ ਦੇਵੇਗਾ।+
24 “ਜੇ ਸੜਨ ਕਰਕੇ ਕਿਸੇ ਇਨਸਾਨ ਦੇ ਜ਼ਖ਼ਮ ਹੋ ਜਾਂਦਾ ਹੈ ਅਤੇ ਅੱਲੇ ਜ਼ਖ਼ਮ ਵਿਚ ਲਾਲ-ਚਿੱਟੇ ਜਾਂ ਚਿੱਟੇ ਰੰਗ ਦਾ ਦਾਗ਼ ਪੈ ਜਾਂਦਾ ਹੈ, 25 ਤਾਂ ਪੁਜਾਰੀ ਇਸ ਦੀ ਜਾਂਚ ਕਰੇਗਾ। ਜੇ ਇਸ ਜਗ੍ਹਾ ਦੇ ਵਾਲ਼ ਚਿੱਟੇ ਹੋ ਗਏ ਹਨ ਅਤੇ ਦਾਗ਼ ਚਮੜੀ ਦੇ ਅੰਦਰ ਤਕ ਨਜ਼ਰ ਆਉਂਦਾ ਹੈ, ਤਾਂ ਜ਼ਖ਼ਮ ਵਾਲੀ ਜਗ੍ਹਾ ʼਤੇ ਕੋੜ੍ਹ ਹੋ ਗਿਆ ਹੈ। ਪੁਜਾਰੀ ਉਸ ਨੂੰ ਅਸ਼ੁੱਧ ਕਰਾਰ ਦੇਵੇਗਾ। ਇਹ ਕੋੜ੍ਹ ਦੀ ਬੀਮਾਰੀ ਹੈ। 26 ਪਰ ਜੇ ਪੁਜਾਰੀ ਜਾਂਚ ਕਰ ਕੇ ਦੇਖਦਾ ਹੈ ਕਿ ਦਾਗ਼ ਵਾਲੀ ਜਗ੍ਹਾ ਦੇ ਵਾਲ਼ ਚਿੱਟੇ ਨਹੀਂ ਹੋਏ ਹਨ ਅਤੇ ਇਹ ਚਮੜੀ ਦੇ ਅੰਦਰ ਤਕ ਨਜ਼ਰ ਨਹੀਂ ਆਉਂਦਾ ਅਤੇ ਦਾਗ਼ ਮਿਟਣ ਲੱਗ ਪਿਆ ਹੈ, ਤਾਂ ਪੁਜਾਰੀ ਉਸ ਨੂੰ ਹੋਰ ਸੱਤ ਦਿਨਾਂ ਤਕ ਦੂਸਰਿਆਂ ਤੋਂ ਵੱਖਰਾ ਰੱਖੇ।+ 27 ਪੁਜਾਰੀ ਸੱਤਵੇਂ ਦਿਨ ਉਸ ਦੀ ਜਾਂਚ ਕਰੇਗਾ ਅਤੇ ਜੇ ਇਹ ਸਾਫ਼ ਦਿਖਾਈ ਦਿੰਦਾ ਹੈ ਕਿ ਦਾਗ਼ ਚਮੜੀ ਉੱਤੇ ਫੈਲ ਗਿਆ ਹੈ, ਤਾਂ ਪੁਜਾਰੀ ਉਸ ਨੂੰ ਅਸ਼ੁੱਧ ਕਰਾਰ ਦੇਵੇਗਾ। ਉਸ ਨੂੰ ਕੋੜ੍ਹ ਦੀ ਬੀਮਾਰੀ ਹੈ। 28 ਪਰ ਜੇ ਦਾਗ਼ ਉਸੇ ਜਗ੍ਹਾ ਰਹਿੰਦਾ ਹੈ ਤੇ ਫੈਲਦਾ ਨਹੀਂ ਅਤੇ ਇਹ ਮਿਟਣ ਲੱਗ ਪਿਆ ਹੈ, ਤਾਂ ਇਸ ਦਾ ਮਤਲਬ ਹੈ ਕਿ ਸੋਜ ਜ਼ਖ਼ਮ ਕਰਕੇ ਪਈ ਹੈ। ਇਸ ਲਈ ਪੁਜਾਰੀ ਉਸ ਨੂੰ ਸ਼ੁੱਧ ਕਰਾਰ ਦੇਵੇਗਾ ਕਿਉਂਕਿ ਸੋਜ ਸਿਰਫ਼ ਜ਼ਖ਼ਮ ਕਰਕੇ ਹੈ ।
29 “ਜੇ ਕਿਸੇ ਆਦਮੀ ਜਾਂ ਔਰਤ ਦੇ ਸਿਰ ਜਾਂ ਠੋਡੀ ʼਤੇ ਕੋਈ ਬੀਮਾਰੀ ਹੋ ਜਾਂਦੀ ਹੈ, 30 ਤਾਂ ਪੁਜਾਰੀ ਇਸ ਦੀ ਜਾਂਚ ਕਰੇਗਾ।+ ਜੇ ਇਹ ਬੀਮਾਰੀ ਚਮੜੀ ਦੇ ਅੰਦਰ ਤਕ ਨਜ਼ਰ ਆਉਂਦੀ ਹੈ ਅਤੇ ਉਸ ਜਗ੍ਹਾ ਵਾਲ਼ ਪੀਲ਼ੇ ਪੈ ਗਏ ਹਨ ਤੇ ਝੜਨ ਲੱਗ ਪਏ ਹਨ, ਤਾਂ ਪੁਜਾਰੀ ਉਸ ਨੂੰ ਅਸ਼ੁੱਧ ਕਰਾਰ ਦੇਵੇਗਾ; ਇਹ ਸਿਰ ਜਾਂ ਦਾੜ੍ਹੀ ਨੂੰ ਹੋਣ ਵਾਲੀ ਬੀਮਾਰੀ ਹੈ। ਇਹ ਸਿਰ ਜਾਂ ਠੋਡੀ ਦਾ ਕੋੜ੍ਹ ਹੈ। 31 ਪਰ ਜੇ ਪੁਜਾਰੀ ਦੇਖਦਾ ਹੈ ਕਿ ਬੀਮਾਰੀ ਚਮੜੀ ਦੇ ਅੰਦਰ ਤਕ ਨਜ਼ਰ ਨਹੀਂ ਆਉਂਦੀ ਅਤੇ ਉਸ ਜਗ੍ਹਾ ਕਾਲ਼ੇ ਵਾਲ਼ ਨਹੀਂ ਹਨ, ਤਾਂ ਉਹ ਉਸ ਨੂੰ ਸੱਤ ਦਿਨ ਦੂਸਰਿਆਂ ਨਾਲੋਂ ਵੱਖਰਾ ਰੱਖੇ।+ 32 ਪੁਜਾਰੀ ਸੱਤਵੇਂ ਦਿਨ ਬੀਮਾਰੀ ਦੀ ਜਾਂਚ ਕਰੇ ਅਤੇ ਜੇ ਬੀਮਾਰੀ ਚਮੜੀ ʼਤੇ ਨਹੀਂ ਫੈਲੀ ਹੈ ਅਤੇ ਉਸ ਜਗ੍ਹਾ ਵਾਲ਼ ਪੀਲ਼ੇ ਨਹੀਂ ਪਏ ਹਨ ਅਤੇ ਇਹ ਚਮੜੀ ਦੇ ਅੰਦਰ ਤਕ ਨਜ਼ਰ ਨਹੀਂ ਆਉਂਦੀ, 33 ਤਾਂ ਉਹ ਉਸਤਰੇ ਨਾਲ ਆਪਣੀ ਹਜਾਮਤ ਕਰਾਵੇ, ਪਰ ਬੀਮਾਰੀ ਵਾਲੀ ਜਗ੍ਹਾ ਹਜਾਮਤ ਨਾ ਕਰਾਵੇ। ਫਿਰ ਪੁਜਾਰੀ ਰੋਗੀ ਨੂੰ ਸੱਤ ਦਿਨ ਦੂਸਰਿਆਂ ਤੋਂ ਵੱਖਰਾ ਰੱਖੇ।
34 “ਸੱਤਵੇਂ ਦਿਨ ਪੁਜਾਰੀ ਦੁਬਾਰਾ ਬੀਮਾਰੀ ਵਾਲੀ ਜਗ੍ਹਾ ਦੀ ਜਾਂਚ ਕਰੇ ਅਤੇ ਜੇ ਸਿਰ ਜਾਂ ਦਾੜ੍ਹੀ ਦੀ ਬੀਮਾਰੀ ਚਮੜੀ ʼਤੇ ਫੈਲੀ ਨਹੀਂ ਹੈ ਅਤੇ ਇਹ ਚਮੜੀ ਦੇ ਅੰਦਰ ਤਕ ਨਜ਼ਰ ਨਹੀਂ ਆਉਂਦੀ, ਤਾਂ ਪੁਜਾਰੀ ਉਸ ਨੂੰ ਸ਼ੁੱਧ ਕਰਾਰ ਦੇਵੇ ਅਤੇ ਉਹ ਆਪਣੇ ਕੱਪੜੇ ਧੋਵੇ ਤੇ ਸ਼ੁੱਧ ਹੋਵੇ। 35 ਪਰ ਜੇ ਉਸ ਨੂੰ ਸ਼ੁੱਧ ਕਰਾਰ ਦਿੱਤੇ ਜਾਣ ਤੋਂ ਬਾਅਦ ਬੀਮਾਰੀ ਫੈਲ ਜਾਂਦੀ ਹੈ, 36 ਤਾਂ ਪੁਜਾਰੀ ਉਸ ਦੀ ਜਾਂਚ ਕਰੇ ਅਤੇ ਜੇ ਇਹ ਸਾਫ਼ ਦਿਖਾਈ ਦਿੰਦਾ ਹੈ ਕਿ ਬੀਮਾਰੀ ਚਮੜੀ ʼਤੇ ਫੈਲ ਗਈ ਹੈ, ਤਾਂ ਪੁਜਾਰੀ ਨੂੰ ਦੇਖਣ ਦੀ ਲੋੜ ਨਹੀਂ ਕਿ ਉਸ ਜਗ੍ਹਾ ਪੀਲ਼ੇ ਵਾਲ਼ ਹਨ ਜਾਂ ਨਹੀਂ; ਉਹ ਇਨਸਾਨ ਅਸ਼ੁੱਧ ਹੈ। 37 ਪਰ ਜੇ ਜਾਂਚ ਕਰ ਕੇ ਪਤਾ ਲੱਗਦਾ ਹੈ ਕਿ ਬੀਮਾਰੀ ਫੈਲੀ ਨਹੀਂ ਹੈ ਅਤੇ ਉਸ ਜਗ੍ਹਾ ਕਾਲ਼ੇ ਵਾਲ਼ ਉੱਗ ਆਏ ਹਨ, ਤਾਂ ਬੀਮਾਰੀ ਠੀਕ ਹੋ ਗਈ ਹੈ। ਉਹ ਸ਼ੁੱਧ ਹੈ ਅਤੇ ਪੁਜਾਰੀ ਉਸ ਨੂੰ ਸ਼ੁੱਧ ਕਰਾਰ ਦੇਵੇਗਾ।+
38 “ਜੇ ਕਿਸੇ ਆਦਮੀ ਜਾਂ ਔਰਤ ਦੀ ਚਮੜੀ ʼਤੇ ਚਿੱਟੇ ਦਾਗ਼ ਪੈ ਜਾਂਦੇ ਹਨ, 39 ਤਾਂ ਪੁਜਾਰੀ ਦਾਗ਼ਾਂ ਦੀ ਜਾਂਚ ਕਰੇ।+ ਜੇ ਇਹ ਹਲਕੇ ਚਿੱਟੇ ਰੰਗ ਦੇ ਹਨ, ਤਾਂ ਇਹ ਸਿਰਫ਼ ਧੱਫੜ ਹੀ ਹਨ ਜਿਨ੍ਹਾਂ ਤੋਂ ਖ਼ਤਰਾ ਨਹੀਂ ਹੈ। ਉਹ ਇਨਸਾਨ ਸ਼ੁੱਧ ਹੈ।
40 “ਜੇ ਕਿਸੇ ਆਦਮੀ ਦੇ ਸਿਰ ਦੇ ਵਾਲ਼ ਝੜ ਜਾਂਦੇ ਹਨ ਅਤੇ ਉਹ ਗੰਜਾ ਹੋ ਜਾਂਦਾ ਹੈ, ਤਾਂ ਉਹ ਸ਼ੁੱਧ ਹੈ। 41 ਜੇ ਉਸ ਦੇ ਸਿਰ ਦੇ ਸਾਮ੍ਹਣੇ ਵਾਲੇ ਪਾਸੇ ਦੇ ਵਾਲ਼ ਝੜ ਜਾਂਦੇ ਹਨ ਤੇ ਉਹ ਗੰਜਾ ਹੋ ਜਾਂਦਾ ਹੈ, ਤਾਂ ਉਹ ਸ਼ੁੱਧ ਹੈ। 42 ਪਰ ਜੇ ਉਸ ਦੇ ਸਿਰ ਦੇ ਗੰਜ ਵਾਲੇ ਹਿੱਸੇ ਜਾਂ ਮੱਥੇ ਉੱਤੇ ਲਾਲ-ਚਿੱਟੇ ਰੰਗ ਦਾ ਫੋੜਾ ਹੋ ਜਾਂਦਾ ਹੈ, ਤਾਂ ਉਸ ਦੇ ਸਿਰ ਜਾਂ ਮੱਥੇ ਉੱਤੇ ਕੋੜ੍ਹ ਹੋ ਗਿਆ ਹੈ। 43 ਪੁਜਾਰੀ ਉਸ ਦੀ ਜਾਂਚ ਕਰੇਗਾ ਅਤੇ ਜੇ ਉਸ ਦੇ ਸਿਰ ਦੇ ਗੰਜ ਵਾਲੇ ਹਿੱਸੇ ਜਾਂ ਮੱਥੇ ਉੱਤੇ ਬੀਮਾਰੀ ਕਰਕੇ ਸੋਜ ਪਈ ਹੈ ਅਤੇ ਉਹ ਜਗ੍ਹਾ ਲਾਲ-ਚਿੱਟੇ ਰੰਗ ਦੀ ਹੈ ਅਤੇ ਇਹ ਕੋੜ੍ਹ ਵਰਗੀ ਨਜ਼ਰ ਆਉਂਦੀ ਹੈ, 44 ਤਾਂ ਉਹ ਕੋੜ੍ਹੀ ਹੈ। ਉਹ ਅਸ਼ੁੱਧ ਹੈ ਅਤੇ ਪੁਜਾਰੀ ਉਸ ਨੂੰ ਅਸ਼ੁੱਧ ਕਰਾਰ ਦੇਵੇ ਕਿਉਂਕਿ ਉਸ ਦੇ ਸਿਰ ʼਤੇ ਕੋੜ੍ਹ ਹੋਇਆ ਹੈ। 45 ਜਿਸ ਨੂੰ ਕੋੜ੍ਹ ਹੋਇਆ ਹੈ, ਉਸ ਦੇ ਕੱਪੜੇ ਪਾੜੇ ਜਾਣ ਅਤੇ ਉਸ ਦੇ ਵਾਲ਼ ਖਿਲਰੇ ਰਹਿਣ ਅਤੇ ਉਹ ਆਪਣੀਆਂ ਮੁੱਛਾਂ ਢਕ ਕੇ ਉੱਚੀ-ਉੱਚੀ ਕਹੇ, ‘ਅਸ਼ੁੱਧ, ਅਸ਼ੁੱਧ!’ 46 ਜਦੋਂ ਤਕ ਉਸ ਨੂੰ ਕੋੜ੍ਹ ਦੀ ਬੀਮਾਰੀ ਹੈ, ਉਦੋਂ ਤਕ ਉਹ ਅਸ਼ੁੱਧ ਰਹੇਗਾ। ਅਸ਼ੁੱਧ ਹੋਣ ਕਰਕੇ ਉਹ ਦੂਸਰਿਆਂ ਤੋਂ ਵੱਖਰਾ ਰਹੇ। ਉਸ ਦੇ ਰਹਿਣ ਦੀ ਜਗ੍ਹਾ ਛਾਉਣੀ ਤੋਂ ਬਾਹਰ ਹੋਵੇ।+
47 “ਜੇ ਕਿਸੇ ਕੱਪੜੇ ਨੂੰ ਕੋੜ੍ਹ ਦੀ ਬੀਮਾਰੀ ਲੱਗਦੀ ਹੈ, ਚਾਹੇ ਇਹ ਕੱਪੜਾ ਉੱਨ ਦਾ ਹੋਵੇ ਜਾਂ ਮਲਮਲ ਦਾ, 48 ਭਾਵੇਂ ਇਹ ਬੁਣੇ ਹੋਏ ਉੱਨੀ ਕੱਪੜੇ ਜਾਂ ਮਲਮਲ ਦੇ ਕੱਪੜੇ ਦੇ ਤਾਣੇ ਵਿਚ ਹੋਵੇ ਜਾਂ ਬਾਣੇ ਵਿਚ। ਜਾਂ ਫਿਰ ਇਹ ਬੀਮਾਰੀ ਚਮੜੇ ਵਿਚ ਹੋਵੇ ਜਾਂ ਚਮੜੇ ਤੋਂ ਬਣੀ ਕਿਸੇ ਚੀਜ਼ ਵਿਚ ਹੋਵੇ 49 ਅਤੇ ਜੇ ਇਸ ਬੀਮਾਰੀ ਕਰਕੇ ਕੱਪੜੇ, ਚਮੜੇ, ਬੁਣੇ ਹੋਏ ਕੱਪੜੇ ਦੇ ਤਾਣੇ-ਬਾਣੇ ਜਾਂ ਚਮੜੇ ਦੀ ਬਣੀ ਕਿਸੇ ਚੀਜ਼ ʼਤੇ ਪੀਲ਼ੇ-ਹਰੇ ਜਾਂ ਲਾਲ ਰੰਗ ਦਾ ਦਾਗ਼ ਪੈ ਜਾਂਦਾ ਹੈ, ਤਾਂ ਇਸ ਨੂੰ ਕੋੜ੍ਹ ਦੀ ਬੀਮਾਰੀ ਲੱਗੀ ਹੈ ਅਤੇ ਇਹ ਪੁਜਾਰੀ ਨੂੰ ਦਿਖਾਈ ਜਾਣੀ ਚਾਹੀਦੀ ਹੈ। 50 ਪੁਜਾਰੀ ਬੀਮਾਰੀ ਦੀ ਜਾਂਚ ਕਰੇ ਅਤੇ ਉਹ ਸੱਤ ਦਿਨਾਂ ਤਕ ਉਸ ਚੀਜ਼ ਨੂੰ ਵੱਖਰਾ ਰੱਖੇ ਜਿਸ ਚੀਜ਼ ਨੂੰ ਇਹ ਬੀਮਾਰੀ ਲੱਗੀ ਹੈ।+ 51 ਜਦੋਂ ਉਹ ਸੱਤਵੇਂ ਦਿਨ ਜਾਂਚ ਕਰ ਕੇ ਦੇਖਦਾ ਹੈ ਕਿ ਇਹ ਪੂਰੇ ਕੱਪੜੇ, ਤਾਣੇ-ਬਾਣੇ ਜਾਂ ਚਮੜੇ (ਚਾਹੇ ਉਹ ਚਮੜਾ ਕਿਸੇ ਵੀ ਕੰਮ ਲਈ ਵਰਤਿਆ ਗਿਆ ਹੋਵੇ) ਵਿਚ ਫੈਲ ਗਈ ਹੈ, ਤਾਂ ਇਹ ਕੋੜ੍ਹ ਦੀ ਗੰਭੀਰ ਬੀਮਾਰੀ ਹੈ ਅਤੇ ਇਹ ਅਸ਼ੁੱਧ ਹੈ।+ 52 ਉਹ ਉਸ ਕੱਪੜੇ ਜਾਂ ਬੁਣੇ ਹੋਏ ਉੱਨੀ ਕੱਪੜੇ ਜਾਂ ਮਲਮਲ ਦੇ ਕੱਪੜੇ ਦੇ ਤਾਣੇ-ਬਾਣੇ ਜਾਂ ਚਮੜੇ ਦੀ ਕਿਸੇ ਵੀ ਚੀਜ਼ ਨੂੰ ਸਾੜ ਦੇਵੇ ਜਿਸ ਨੂੰ ਕੋੜ੍ਹ ਦੀ ਬੀਮਾਰੀ ਲੱਗ ਗਈ ਹੈ ਕਿਉਂਕਿ ਇਹ ਕੋੜ੍ਹ ਦੀ ਗੰਭੀਰ ਬੀਮਾਰੀ ਹੈ। ਉਸ ਚੀਜ਼ ਨੂੰ ਅੱਗ ਵਿਚ ਸਾੜ ਦਿੱਤਾ ਜਾਵੇ।
53 “ਪਰ ਜੇ ਪੁਜਾਰੀ ਜਾਂਚ ਕਰ ਕੇ ਦੇਖਦਾ ਹੈ ਕਿ ਬੀਮਾਰੀ ਕੱਪੜੇ ਜਾਂ ਤਾਣੇ-ਬਾਣੇ ਵਿਚ ਜਾਂ ਚਮੜੇ ਦੀ ਚੀਜ਼ ਵਿਚ ਨਹੀਂ ਫੈਲੀ ਹੈ, 54 ਤਾਂ ਪੁਜਾਰੀ ਉਸ ਚੀਜ਼ ਨੂੰ ਧੋਣ ਦਾ ਹੁਕਮ ਦੇਵੇ ਅਤੇ ਉਸ ਨੂੰ ਹੋਰ ਸੱਤ ਦਿਨਾਂ ਤਕ ਵੱਖਰਾ ਰੱਖੇ। 55 ਕੱਪੜੇ ਨੂੰ ਚੰਗੀ ਤਰ੍ਹਾਂ ਧੋਤੇ ਜਾਣ ਤੋਂ ਬਾਅਦ ਪੁਜਾਰੀ ਉਸ ਦੀ ਜਾਂਚ ਕਰੇਗਾ। ਜੇ ਦਾਗ਼ ਦਾ ਰੰਗ ਬਦਲਿਆ ਨਹੀਂ ਹੈ, ਭਾਵੇਂ ਬੀਮਾਰੀ ਕੱਪੜੇ ʼਤੇ ਨਹੀਂ ਫੈਲੀ ਹੈ, ਤਾਂ ਇਹ ਅਸ਼ੁੱਧ ਹੈ। ਤੁਸੀਂ ਇਸ ਨੂੰ ਅੱਗ ਵਿਚ ਸਾੜ ਦਿਓ ਕਿਉਂਕਿ ਕੋੜ੍ਹ ਨੇ ਉਸ ਨੂੰ ਅੰਦਰੋਂ ਜਾਂ ਬਾਹਰੋਂ ਖਾ ਲਿਆ ਹੈ।
56 “ਪਰ ਜੇ ਪੁਜਾਰੀ ਜਾਂਚ ਕਰ ਕੇ ਦੇਖਦਾ ਹੈ ਕਿ ਕੱਪੜੇ ਜਾਂ ਤਾਣੇ-ਬਾਣੇ ਜਾਂ ਚਮੜੇ ਨੂੰ ਚੰਗੀ ਤਰ੍ਹਾਂ ਧੋਤੇ ਜਾਣ ਤੋਂ ਬਾਅਦ ਦਾਗ਼ ਫਿੱਕਾ ਪੈ ਗਿਆ ਹੈ, ਤਾਂ ਉਹ ਦਾਗ਼ ਵਾਲੇ ਹਿੱਸੇ ਨੂੰ ਪਾੜ ਕੇ ਕੱਢ ਦੇਵੇ। 57 ਪਰ ਜੇ ਇਹ ਦਾਗ਼ ਕੱਪੜੇ ਜਾਂ ਤਾਣੇ-ਬਾਣੇ ਜਾਂ ਚਮੜੇ ਦੀ ਚੀਜ਼ ਦੇ ਕਿਸੇ ਹੋਰ ਹਿੱਸੇ ʼਤੇ ਦਿਖਾਈ ਦਿੰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਇਹ ਬੀਮਾਰੀ ਫੈਲ ਰਹੀ ਹੈ ਅਤੇ ਤੁਸੀਂ ਅਜਿਹੀ ਕਿਸੇ ਵੀ ਚੀਜ਼ ਨੂੰ ਅੱਗ ਵਿਚ ਸਾੜ ਦਿਓ।+ 58 ਪਰ ਜੇ ਕੱਪੜੇ ਜਾਂ ਤਾਣੇ-ਬਾਣੇ ਜਾਂ ਚਮੜੇ ਦੀ ਚੀਜ਼ ਨੂੰ ਧੋਣ ਤੋਂ ਬਾਅਦ ਇਹ ਦਾਗ਼ ਮਿਟ ਜਾਂਦਾ ਹੈ, ਤਾਂ ਇਸ ਨੂੰ ਦੁਬਾਰਾ ਧੋਤਾ ਜਾਵੇ ਅਤੇ ਇਹ ਸ਼ੁੱਧ ਹੋਵੇਗੀ।
59 “ਇਹ ਨਿਯਮ ਉੱਨ ਜਾਂ ਮਲਮਲ ਦੇ ਕੱਪੜੇ ਜਾਂ ਬੁਣੇ ਹੋਏ ਕੱਪੜੇ ਦੇ ਤਾਣੇ-ਬਾਣੇ ਜਾਂ ਚਮੜੇ ਦੀ ਬਣੀ ਹੋਈ ਕਿਸੇ ਵੀ ਚੀਜ਼ ਵਿਚ ਕੋੜ੍ਹ ਦੀ ਬੀਮਾਰੀ ਦੇ ਸੰਬੰਧ ਵਿਚ ਹੈ ਤਾਂਕਿ ਇਸ ਨੂੰ ਸ਼ੁੱਧ ਜਾਂ ਅਸ਼ੁੱਧ ਕਰਾਰ ਦਿੱਤਾ ਜਾਵੇ।”