ਅਜ਼ਰਾ
3 ਜਦੋਂ ਸੱਤਵਾਂ ਮਹੀਨਾ+ ਆਇਆ ਅਤੇ ਇਜ਼ਰਾਈਲੀ* ਆਪਣੇ ਸ਼ਹਿਰਾਂ ਵਿਚ ਸਨ, ਤਾਂ ਉਦੋਂ ਉਹ ਇਕ ਮਨ ਹੋ ਕੇ ਯਰੂਸ਼ਲਮ ਵਿਚ ਇਕੱਠੇ ਹੋਏ। 2 ਯਹੋਸਾਦਾਕ ਦਾ ਪੁੱਤਰ ਯੇਸ਼ੂਆ,+ ਉਸ ਦੇ ਨਾਲ ਦੇ ਪੁਜਾਰੀ, ਸ਼ਾਲਤੀਏਲ ਦਾ ਪੁੱਤਰ ਜ਼ਰੁਬਾਬਲ+ ਅਤੇ ਉਸ ਦੇ ਭਰਾ ਉੱਠੇ ਤੇ ਉਨ੍ਹਾਂ ਨੇ ਇਜ਼ਰਾਈਲ ਦੇ ਪਰਮੇਸ਼ੁਰ ਦੀ ਵੇਦੀ ਬਣਾਈ ਤਾਂਕਿ ਉਹ ਇਸ ਉੱਤੇ ਹੋਮ-ਬਲ਼ੀਆਂ ਚੜ੍ਹਾ ਸਕਣ, ਠੀਕ ਜਿਵੇਂ ਸੱਚੇ ਪਰਮੇਸ਼ੁਰ ਦੇ ਬੰਦੇ ਮੂਸਾ ਦੇ ਕਾਨੂੰਨ ਵਿਚ ਲਿਖਿਆ ਗਿਆ ਹੈ।+
3 ਆਲੇ-ਦੁਆਲੇ ਦੇ ਦੇਸ਼ਾਂ ਦੇ ਲੋਕਾਂ ਦਾ ਡਰ ਹੋਣ ਦੇ ਬਾਵਜੂਦ,+ ਉਨ੍ਹਾਂ ਨੇ ਉਸ ਜਗ੍ਹਾ ਵੇਦੀ ਖੜ੍ਹੀ ਕੀਤੀ ਜਿੱਥੇ ਉਹ ਪਹਿਲਾਂ ਹੁੰਦੀ ਸੀ ਅਤੇ ਉਹ ਉਸ ਉੱਤੇ ਯਹੋਵਾਹ ਅੱਗੇ ਹੋਮ-ਬਲ਼ੀਆਂ ਚੜ੍ਹਾਉਣ ਲੱਗ ਪਏ, ਹਾਂ, ਸਵੇਰ ਅਤੇ ਸ਼ਾਮ ਦੀਆਂ ਹੋਮ-ਬਲ਼ੀਆਂ।+ 4 ਫਿਰ ਉਨ੍ਹਾਂ ਨੇ ਛੱਪਰਾਂ ਦਾ ਤਿਉਹਾਰ ਮਨਾਇਆ ਜਿਵੇਂ ਲਿਖਿਆ ਗਿਆ ਹੈ+ ਅਤੇ ਉਨ੍ਹਾਂ ਨੇ ਹਰ ਰੋਜ਼ ਉੱਨੀਆਂ ਹੋਮ-ਬਲ਼ੀਆਂ ਚੜ੍ਹਾਈਆਂ ਜਿੰਨੀਆਂ ਦੀ ਹਰ ਦਿਨ ਵਾਸਤੇ ਮੰਗ ਕੀਤੀ ਗਈ ਸੀ।+ 5 ਇਸ ਤੋਂ ਬਾਅਦ, ਉਨ੍ਹਾਂ ਨੇ ਬਾਕਾਇਦਾ ਚੜ੍ਹਾਈਆਂ ਜਾਣ ਵਾਲੀਆਂ ਹੋਮ-ਬਲ਼ੀਆਂ,+ ਮੱਸਿਆ* ਦੇ ਦਿਨਾਂ ਅਤੇ ਯਹੋਵਾਹ ਦੇ ਸਾਰੇ ਪਵਿੱਤਰ ਤਿਉਹਾਰਾਂ ਲਈ ਠਹਿਰਾਏ ਚੜ੍ਹਾਵੇ ਚੜ੍ਹਾਏ+ ਤੇ ਨਾਲੇ ਜਿਹੜਾ ਵੀ ਖ਼ੁਸ਼ੀ ਨਾਲ ਯਹੋਵਾਹ ਲਈ ਇੱਛਾ-ਬਲ਼ੀ ਲਿਆਇਆ, ਉਹ ਬਲ਼ੀਆਂ ਵੀ ਚੜ੍ਹਾਈਆਂ ਗਈਆਂ।+ 6 ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ਼+ ਤੋਂ ਉਨ੍ਹਾਂ ਨੇ ਯਹੋਵਾਹ ਲਈ ਹੋਮ-ਬਲ਼ੀਆਂ ਚੜ੍ਹਾਉਣੀਆਂ ਸ਼ੁਰੂ ਕੀਤੀਆਂ, ਭਾਵੇਂ ਕਿ ਅਜੇ ਯਹੋਵਾਹ ਦੇ ਮੰਦਰ ਦੀ ਨੀਂਹ ਧਰੀ ਨਹੀਂ ਗਈ ਸੀ।
7 ਉਨ੍ਹਾਂ ਨੇ ਪੱਥਰ ਕੱਟਣ ਵਾਲਿਆਂ+ ਅਤੇ ਕਾਰੀਗਰਾਂ+ ਨੂੰ ਪੈਸੇ ਦਿੱਤੇ ਅਤੇ ਸੀਦੋਨੀਆਂ ਤੇ ਸੋਰ ਦੇ ਲੋਕਾਂ ਨੂੰ ਖਾਣ-ਪੀਣ ਦਾ ਸਾਮਾਨ ਅਤੇ ਤੇਲ ਦਿੱਤਾ ਜੋ ਫਾਰਸ ਦੇ ਰਾਜੇ ਖੋਰਸ ਦੀ ਮਨਜ਼ੂਰੀ ਅਨੁਸਾਰ+ ਲਬਾਨੋਨ ਤੋਂ ਯਾਪਾ ਤਕ ਸਮੁੰਦਰ ਰਾਹੀਂ ਦਿਆਰ ਦੀ ਲੱਕੜ ਲੈ ਕੇ ਆਏ ਸਨ।+
8 ਉਨ੍ਹਾਂ ਦੇ ਯਰੂਸ਼ਲਮ ਵਿਚ ਸੱਚੇ ਪਰਮੇਸ਼ੁਰ ਦੇ ਭਵਨ ਨੂੰ ਆਉਣ ਤੋਂ ਬਾਅਦ ਦੇ ਦੂਜੇ ਸਾਲ ਦੇ ਦੂਸਰੇ ਮਹੀਨੇ ਵਿਚ ਸ਼ਾਲਤੀਏਲ ਦੇ ਪੁੱਤਰ ਜ਼ਰੁਬਾਬਲ, ਯਹੋਸਾਦਾਕ ਦੇ ਪੁੱਤਰ ਯੇਸ਼ੂਆ ਅਤੇ ਉਨ੍ਹਾਂ ਦੇ ਬਾਕੀ ਭਰਾਵਾਂ ਯਾਨੀ ਪੁਜਾਰੀਆਂ, ਲੇਵੀਆਂ ਅਤੇ ਗ਼ੁਲਾਮੀ ਵਿੱਚੋਂ ਯਰੂਸ਼ਲਮ ਆਉਣ ਵਾਲੇ ਸਾਰੇ ਲੋਕਾਂ+ ਨੇ ਕੰਮ ਸ਼ੁਰੂ ਕਰ ਦਿੱਤਾ; ਉਨ੍ਹਾਂ ਨੇ 20 ਸਾਲ ਤੇ ਇਸ ਤੋਂ ਜ਼ਿਆਦਾ ਉਮਰ ਦੇ ਲੇਵੀਆਂ ਨੂੰ ਯਹੋਵਾਹ ਦੇ ਭਵਨ ਵਿਚ ਹੁੰਦੇ ਕੰਮ ਉੱਤੇ ਨਿਗਰਾਨ ਠਹਿਰਾ ਦਿੱਤਾ। 9 ਇਸ ਲਈ ਯੇਸ਼ੂਆ, ਉਸ ਦੇ ਪੁੱਤਰ ਤੇ ਉਸ ਦੇ ਭਰਾ, ਨਾਲੇ ਕਦਮੀਏਲ ਤੇ ਉਸ ਦੇ ਪੁੱਤਰ ਜੋ ਯਹੂਦਾਹ ਦੇ ਪੁੱਤਰ ਸਨ, ਸੱਚੇ ਪਰਮੇਸ਼ੁਰ ਦੇ ਭਵਨ ਵਿਚ ਕੰਮ ਕਰਨ ਵਾਲਿਆਂ ਦੀ ਨਿਗਰਾਨੀ ਕਰਨ ਲਈ ਇਕੱਠੇ ਹੋਏ ਤੇ ਉਨ੍ਹਾਂ ਦੇ ਨਾਲ ਹੇਨਾਦਾਦ ਦੇ ਪੁੱਤਰ,+ ਅੱਗੋਂ ਉਨ੍ਹਾਂ ਦੇ ਪੁੱਤਰ ਤੇ ਉਨ੍ਹਾਂ ਦੇ ਭਰਾ ਵੀ ਸਨ ਜੋ ਲੇਵੀ ਸਨ।
10 ਜਦੋਂ ਮਿਸਤਰੀਆਂ ਨੇ ਯਹੋਵਾਹ ਦੇ ਮੰਦਰ ਦੀ ਨੀਂਹ ਧਰੀ,+ ਉਦੋਂ ਪੁਜਾਰੀ ਆਪਣਾ ਲਿਬਾਸ ਪਹਿਨੀ ਤੁਰ੍ਹੀਆਂ ਲੈ ਕੇ+ ਅਤੇ ਆਸਾਫ਼ ਦੇ ਪੁੱਤਰ ਲੇਵੀ ਛੈਣੇ ਲੈ ਕੇ ਖੜ੍ਹੇ ਹੋਏ ਤਾਂਕਿ ਇਜ਼ਰਾਈਲ ਦੇ ਰਾਜੇ ਦਾਊਦ ਦੇ ਨਿਰਦੇਸ਼ਨ ਅਨੁਸਾਰ ਯਹੋਵਾਹ ਦੀ ਮਹਿਮਾ ਕਰਨ।+ 11 ਅਤੇ ਉਹ ਯਹੋਵਾਹ ਦੀ ਮਹਿਮਾ ਤੇ ਉਸ ਦਾ ਧੰਨਵਾਦ ਕਰਨ ਲਈ ਵਾਰੀ-ਵਾਰੀ ਗਾਉਣ ਲੱਗੇ,+ “ਕਿਉਂਕਿ ਉਹ ਚੰਗਾ ਹੈ; ਇਜ਼ਰਾਈਲ ਲਈ ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।”+ ਫਿਰ ਸਾਰੇ ਲੋਕ ਉੱਚੀ ਆਵਾਜ਼ ਵਿਚ ਯਹੋਵਾਹ ਦੀ ਮਹਿਮਾ ਕਰਨ ਲੱਗ ਪਏ ਕਿਉਂਕਿ ਯਹੋਵਾਹ ਦੇ ਭਵਨ ਦੀ ਨੀਂਹ ਧਰੀ ਗਈ ਸੀ। 12 ਬਹੁਤ ਸਾਰੇ ਪੁਜਾਰੀ, ਲੇਵੀ ਅਤੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ, ਹਾਂ, ਉਹ ਬੁੱਢੇ ਆਦਮੀ ਜਿਨ੍ਹਾਂ ਨੇ ਪਹਿਲਾ ਭਵਨ ਦੇਖਿਆ ਸੀ,+ ਉੱਚੀ-ਉੱਚੀ ਰੋਣ ਲੱਗ ਪਏ ਜਦੋਂ ਉਨ੍ਹਾਂ ਨੇ ਇਸ ਭਵਨ ਦੀ ਨੀਂਹ ਧਰੀ ਜਾਂਦੀ ਦੇਖੀ ਤੇ ਹੋਰ ਬਹੁਤ ਸਾਰੇ ਲੋਕ ਖ਼ੁਸ਼ੀ ਦੇ ਮਾਰੇ ਉੱਚੀ-ਉੱਚੀ ਜੈਕਾਰੇ ਲਾ ਰਹੇ ਸਨ।+ 13 ਲੋਕਾਂ ਦਾ ਰੌਲ਼ਾ ਇੰਨਾ ਜ਼ਿਆਦਾ ਸੀ ਕਿ ਇਹ ਦੂਰ-ਦੂਰ ਤਕ ਸੁਣਾਈ ਦਿੰਦਾ ਸੀ। ਇਸ ਕਰਕੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਲੋਕ ਖ਼ੁਸ਼ੀ ਦੇ ਮਾਰੇ ਜੈਕਾਰੇ ਲਾ ਰਹੇ ਸਨ ਜਾਂ ਰੋ ਰਹੇ ਸਨ।