ਅਜ਼ਰਾ
6 ਉਸ ਵੇਲੇ ਰਾਜਾ ਦਾਰਾ ਨੇ ਇਕ ਹੁਕਮ ਜਾਰੀ ਕੀਤਾ ਅਤੇ ਉਨ੍ਹਾਂ ਨੇ ਬਾਬਲ ਵਿਚ ਉਸ ਜਗ੍ਹਾ* ਦੀ ਛਾਣ-ਬੀਣ ਕੀਤੀ ਜਿੱਥੇ ਸਰਕਾਰੀ ਦਸਤਾਵੇਜ਼ ਅਤੇ ਖ਼ਜ਼ਾਨੇ ਰੱਖੇ ਜਾਂਦੇ ਸਨ। 2 ਅਤੇ ਮਾਦੀ ਜ਼ਿਲ੍ਹੇ ਵਿਚ ਐਕਬਟਾਨਾ ਦੇ ਕਿਲੇ ਵਿੱਚੋਂ ਇਕ ਪੱਤਰੀ ਲੱਭੀ ਜਿਸ ਉੱਤੇ ਇਹ ਸੰਦੇਸ਼ ਲਿਖਿਆ ਹੋਇਆ ਸੀ:
3 “ਰਾਜਾ ਖੋਰਸ ਦੇ ਰਾਜ ਦੇ ਪਹਿਲੇ ਸਾਲ ਵਿਚ ਰਾਜਾ ਖੋਰਸ ਨੇ ਯਰੂਸ਼ਲਮ ਵਿਚ ਪਰਮੇਸ਼ੁਰ ਦੇ ਭਵਨ ਬਾਰੇ ਇਕ ਹੁਕਮ ਜਾਰੀ ਕੀਤਾ:+ ‘ਇਸ ਭਵਨ ਨੂੰ ਅਜਿਹੀ ਥਾਂ ਵਜੋਂ ਦੁਬਾਰਾ ਬਣਾਇਆ ਜਾਵੇ ਜਿੱਥੇ ਉਹ ਬਲ਼ੀਆਂ ਚੜ੍ਹਾਉਣ ਅਤੇ ਇਸ ਦੀਆਂ ਨੀਂਹਾਂ ਮਜ਼ਬੂਤੀ ਨਾਲ ਰੱਖੀਆਂ ਜਾਣ; ਇਸ ਦੀ ਲੰਬਾਈ 60 ਹੱਥ* ਅਤੇ ਇਸ ਦੀ ਚੁੜਾਈ 60 ਹੱਥ ਹੋਵੇ,+ 4 ਰੋੜ੍ਹ ਕੇ ਲਿਆਂਦੇ ਵੱਡੇ-ਵੱਡੇ ਪੱਥਰਾਂ ਦੇ ਤਿੰਨ ਰਦੇ ਅਤੇ ਲੱਕੜਾਂ ਦਾ ਇਕ ਰਦਾ ਲਾਇਆ ਜਾਵੇ;+ ਅਤੇ ਖ਼ਰਚਾ ਰਾਜੇ ਦੇ ਮਹਿਲ ਵਿੱਚੋਂ ਦਿੱਤਾ ਜਾਵੇ।+ 5 ਨਾਲੇ ਪਰਮੇਸ਼ੁਰ ਦੇ ਭਵਨ ਦੇ ਸੋਨੇ-ਚਾਂਦੀ ਦੇ ਭਾਂਡੇ, ਜਿਨ੍ਹਾਂ ਨੂੰ ਨਬੂਕਦਨੱਸਰ ਯਰੂਸ਼ਲਮ ਦੇ ਮੰਦਰ ਵਿੱਚੋਂ ਬਾਬਲ ਲੈ ਆਇਆ ਸੀ,+ ਮੋੜ ਦਿੱਤੇ ਜਾਣ ਤਾਂਕਿ ਉਨ੍ਹਾਂ ਨੂੰ ਯਰੂਸ਼ਲਮ ਦੇ ਮੰਦਰ ਵਿਚ ਉਨ੍ਹਾਂ ਦੀ ਜਗ੍ਹਾ ਰੱਖਿਆ ਜਾਵੇ ਤੇ ਪਰਮੇਸ਼ੁਰ ਦੇ ਭਵਨ ਵਿਚ ਜਮ੍ਹਾ ਕਰਾਇਆ ਜਾਵੇ।’+
6 “ਇਸ ਲਈ ਦਰਿਆ ਪਾਰ ਦੇ ਇਲਾਕੇ* ਦੇ ਰਾਜਪਾਲ ਤਤਨਈ, ਸ਼ਥਰ-ਬੋਜ਼ਨਈ ਅਤੇ ਉਨ੍ਹਾਂ ਦੇ ਸਾਥੀਓ ਯਾਨੀ ਦਰਿਆ ਪਾਰ ਦੇ ਇਲਾਕੇ ਦੇ ਉਪ-ਰਾਜਪਾਲੋ,+ ਉੱਥੋਂ ਦੂਰ ਰਹੋ। 7 ਪਰਮੇਸ਼ੁਰ ਦੇ ਉਸ ਭਵਨ ਦੇ ਕੰਮ ਵਿਚ ਦਖ਼ਲ ਨਾ ਦਿਓ। ਯਹੂਦੀਆਂ ਦਾ ਰਾਜਪਾਲ ਅਤੇ ਯਹੂਦੀਆਂ ਦੇ ਬਜ਼ੁਰਗ ਪਰਮੇਸ਼ੁਰ ਦੇ ਉਸ ਭਵਨ ਨੂੰ ਦੁਬਾਰਾ ਉਸੇ ਜਗ੍ਹਾ ਬਣਾਉਣਗੇ ਜਿੱਥੇ ਇਹ ਪਹਿਲਾਂ ਹੁੰਦਾ ਸੀ। 8 ਇਸ ਤੋਂ ਇਲਾਵਾ, ਪਰਮੇਸ਼ੁਰ ਦੇ ਉਸ ਭਵਨ ਨੂੰ ਦੁਬਾਰਾ ਬਣਾਉਣ ਲਈ ਯਹੂਦੀਆਂ ਦੇ ਇਨ੍ਹਾਂ ਬਜ਼ੁਰਗਾਂ ਵਾਸਤੇ ਤੁਸੀਂ ਕੀ-ਕੀ ਕਰਨਾ ਹੈ, ਉਸ ਬਾਰੇ ਮੈਂ ਇਹ ਹੁਕਮ ਜਾਰੀ ਕਰ ਰਿਹਾ ਹਾਂ: ਸ਼ਾਹੀ ਖ਼ਜ਼ਾਨੇ ਵਿੱਚੋਂ+ ਯਾਨੀ ਦਰਿਆ ਪਾਰ ਦੇ ਇਲਾਕੇ ਤੋਂ ਇਕੱਠੇ ਕੀਤੇ ਟੈਕਸ ਵਿੱਚੋਂ ਇਨ੍ਹਾਂ ਆਦਮੀਆਂ ਨੂੰ ਤੁਰੰਤ ਖ਼ਰਚਾ ਦਿੱਤਾ ਜਾਵੇ ਤਾਂਕਿ ਕੰਮ ਵਿਚ ਕੋਈ ਰੁਕਾਵਟ ਨਾ ਆਵੇ।+ 9 ਸਵਰਗ ਦੇ ਪਰਮੇਸ਼ੁਰ ਲਈ ਹੋਮ-ਬਲ਼ੀਆਂ ਚੜ੍ਹਾਉਣ ਵਾਸਤੇ ਜਿਸ ਚੀਜ਼ ਦੀ ਵੀ ਲੋੜ ਪਈ, ਉਹ ਹਰ ਰੋਜ਼ ਉਨ੍ਹਾਂ ਨੂੰ ਜ਼ਰੂਰ ਦਿੱਤੀ ਜਾਵੇ, ਠੀਕ ਜਿਵੇਂ ਯਰੂਸ਼ਲਮ ਵਿਚ ਰਹਿੰਦੇ ਪੁਜਾਰੀ ਕਹਿਣਗੇ—ਵੱਛੇ,+ ਭੇਡੂ+ ਅਤੇ ਲੇਲੇ,+ ਕਣਕ,+ ਲੂਣ,+ ਦਾਖਰਸ+ ਅਤੇ ਤੇਲ+ 10 ਤਾਂਕਿ ਉਹ ਆਕਾਸ਼ਾਂ ਦੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੀਆਂ ਭੇਟਾਂ ਬਾਕਾਇਦਾ ਚੜ੍ਹਾਉਂਦੇ ਰਹਿਣ ਅਤੇ ਰਾਜੇ ਤੇ ਉਸ ਦੇ ਪੁੱਤਰਾਂ ਦੇ ਜੀਵਨ ਲਈ ਪ੍ਰਾਰਥਨਾ ਕਰਦੇ ਰਹਿਣ।+ 11 ਮੈਂ ਇਹ ਵੀ ਹੁਕਮ ਜਾਰੀ ਕਰਦਾ ਹਾਂ ਕਿ ਜੇ ਕਿਸੇ ਨੇ ਇਸ ਫ਼ਰਮਾਨ ਦੀ ਉਲੰਘਣਾ ਕੀਤੀ, ਤਾਂ ਉਸ ਦੇ ਘਰੋਂ ਇਕ ਸ਼ਤੀਰੀ ਕੱਢੀ ਜਾਵੇਗੀ ਤੇ ਉਸ ਬੰਦੇ ਨੂੰ ਚੁੱਕ ਕੇ ਇਸ ਨਾਲ ਬੰਨ੍ਹਿਆ ਜਾਵੇਗਾ* ਅਤੇ ਇਸ ਅਪਰਾਧ ਕਾਰਨ ਉਸ ਦੇ ਘਰ ਨੂੰ ਲੋਕਾਂ ਲਈ ਪਖਾਨਾ* ਬਣਾ ਦਿੱਤਾ ਜਾਵੇਗਾ। 12 ਅਤੇ ਉਹ ਪਰਮੇਸ਼ੁਰ, ਜਿਸ ਨੇ ਆਪਣਾ ਨਾਂ ਉੱਥੇ ਰੱਖਿਆ ਹੈ,+ ਉਸ ਹਰ ਰਾਜੇ ਅਤੇ ਪਰਜਾ ਨੂੰ ਮਿਟਾ ਦੇਵੇ ਜੋ ਇਸ ਹੁਕਮ ਦੀ ਉਲੰਘਣਾ ਕਰਨ ਲਈ ਅਤੇ ਪਰਮੇਸ਼ੁਰ ਦੇ ਉਸ ਭਵਨ ਨੂੰ ਜਿਹੜਾ ਯਰੂਸ਼ਲਮ ਵਿਚ ਹੈ ਤਬਾਹ ਕਰਨ ਲਈ ਹੱਥ ਚੁੱਕੇ। ਮੈਂ, ਦਾਰਾ, ਇਹ ਹੁਕਮ ਜਾਰੀ ਕਰਦਾ ਹਾਂ। ਇਸ ਉੱਤੇ ਤੁਰੰਤ ਅਮਲ ਕੀਤਾ ਜਾਵੇ।”
13 ਫਿਰ ਦਰਿਆ ਪਾਰ ਦੇ ਇਲਾਕੇ ਦੇ ਰਾਜਪਾਲ ਤਤਨਈ, ਸ਼ਥਰ-ਬੋਜ਼ਨਈ+ ਅਤੇ ਉਨ੍ਹਾਂ ਦੇ ਸਾਥੀਆਂ ਨੇ ਫ਼ੌਰਨ ਉਹ ਸਾਰਾ ਕੁਝ ਕੀਤਾ ਜਿਸ ਦਾ ਹੁਕਮ ਰਾਜਾ ਦਾਰਾ ਨੇ ਦਿੱਤਾ ਸੀ। 14 ਹੱਜਈ ਨਬੀ ਅਤੇ ਇੱਦੋ ਦੇ ਪੋਤੇ ਜ਼ਕਰਯਾਹ ਦੀ ਭਵਿੱਖਬਾਣੀ ਤੋਂ ਮਿਲੀ ਹਿੰਮਤ+ ਨਾਲ ਯਹੂਦੀਆਂ ਦੇ ਬਜ਼ੁਰਗ ਉਸਾਰੀ ਕਰਦੇ ਰਹੇ ਤੇ ਇਹ ਕੰਮ ਅੱਗੇ ਵਧਦਾ ਰਿਹਾ;+ ਉਨ੍ਹਾਂ ਨੇ ਭਵਨ ਦੀ ਉਸਾਰੀ ਦਾ ਕੰਮ ਪੂਰਾ ਕਰ ਲਿਆ ਜਿਸ ਦਾ ਹੁਕਮ ਇਜ਼ਰਾਈਲ ਦੇ ਪਰਮੇਸ਼ੁਰ ਨੇ+ ਅਤੇ ਖੋਰਸ,+ ਦਾਰਾ+ ਅਤੇ ਫਾਰਸ ਦੇ ਰਾਜੇ ਅਰਤਹਸ਼ਸਤਾ ਨੇ ਦਿੱਤਾ ਸੀ।+ 15 ਉਨ੍ਹਾਂ ਨੇ ਰਾਜਾ ਦਾਰਾ ਦੇ ਰਾਜ ਦੇ ਛੇਵੇਂ ਸਾਲ ਦੇ ਅਦਾਰ* ਮਹੀਨੇ ਦੀ 3 ਤਾਰੀਖ਼ ਨੂੰ ਭਵਨ ਬਣਾਉਣ ਦਾ ਕੰਮ ਪੂਰਾ ਕੀਤਾ।
16 ਫਿਰ ਇਜ਼ਰਾਈਲੀਆਂ, ਹਾਂ, ਪੁਜਾਰੀਆਂ, ਲੇਵੀਆਂ+ ਅਤੇ ਗ਼ੁਲਾਮੀ ਵਿੱਚੋਂ ਵਾਪਸ ਆਏ ਬਾਕੀ ਲੋਕਾਂ ਨੇ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੇ ਇਸ ਭਵਨ ਦਾ ਉਦਘਾਟਨ* ਕੀਤਾ। 17 ਉਨ੍ਹਾਂ ਨੇ ਪਰਮੇਸ਼ੁਰ ਦੇ ਇਸ ਭਵਨ ਦੇ ਉਦਘਾਟਨ ਲਈ 100 ਬਲਦਾਂ, 200 ਭੇਡੂਆਂ ਤੇ 400 ਲੇਲਿਆਂ ਦੀ ਬਲ਼ੀ ਚੜ੍ਹਾਈ ਅਤੇ ਸਾਰੇ ਇਜ਼ਰਾਈਲ ਵਾਸਤੇ ਪਾਪ-ਬਲ਼ੀ ਵਜੋਂ 12 ਬੱਕਰੇ ਇਜ਼ਰਾਈਲ ਦੇ ਗੋਤਾਂ ਦੀ ਗਿਣਤੀ ਅਨੁਸਾਰ ਚੜ੍ਹਾਏ।+ 18 ਉਨ੍ਹਾਂ ਨੇ ਪੁਜਾਰੀਆਂ ਦੇ ਸਮੂਹਾਂ ਅਤੇ ਲੇਵੀਆਂ ਦੀਆਂ ਟੋਲੀਆਂ ਨੂੰ ਵੰਡ ਕੇ ਉਨ੍ਹਾਂ ਨੂੰ ਯਰੂਸ਼ਲਮ ਵਿਚ ਪਰਮੇਸ਼ੁਰ ਦੀ ਸੇਵਾ ਕਰਨ ਲਈ ਠਹਿਰਾਇਆ,+ ਜਿਵੇਂ ਮੂਸਾ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+
19 ਗ਼ੁਲਾਮੀ ਵਿੱਚੋਂ ਵਾਪਸ ਆਏ ਲੋਕਾਂ ਨੇ ਪਹਿਲੇ ਮਹੀਨੇ ਦੀ 14 ਤਾਰੀਖ਼ ਨੂੰ ਪਸਾਹ ਦਾ ਤਿਉਹਾਰ ਮਨਾਇਆ।+ 20 ਸਾਰੇ ਪੁਜਾਰੀਆਂ ਅਤੇ ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ+ ਤੇ ਉਨ੍ਹਾਂ ਵਿੱਚੋਂ ਕੋਈ ਵੀ ਅਸ਼ੁੱਧ ਨਹੀਂ ਸੀ; ਉਨ੍ਹਾਂ ਨੇ ਗ਼ੁਲਾਮੀ ਵਿੱਚੋਂ ਮੁੜੇ ਸਾਰੇ ਲੋਕਾਂ ਲਈ, ਆਪਣੇ ਨਾਲ ਦੇ ਪੁਜਾਰੀਆਂ ਲਈ ਅਤੇ ਆਪਣੇ ਲਈ ਪਸਾਹ ਦਾ ਜਾਨਵਰ ਵੱਢਿਆ। 21 ਫਿਰ ਗ਼ੁਲਾਮੀ ਵਿੱਚੋਂ ਆਏ ਇਜ਼ਰਾਈਲੀਆਂ ਦੇ ਨਾਲ-ਨਾਲ ਉਨ੍ਹਾਂ ਸਾਰੇ ਲੋਕਾਂ ਨੇ ਪਸਾਹ ਦਾ ਖਾਣਾ ਖਾਧਾ ਜਿਹੜੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਲਈ* ਉਨ੍ਹਾਂ ਨਾਲ ਰਲ਼ ਗਏ ਸਨ ਅਤੇ ਦੇਸ਼ ਦੀਆਂ ਕੌਮਾਂ ਦੀ ਅਸ਼ੁੱਧਤਾ ਤੋਂ ਅਲੱਗ ਹੋ ਗਏ ਸਨ।+ 22 ਉਨ੍ਹਾਂ ਨੇ ਸੱਤਾਂ ਦਿਨਾਂ ਲਈ ਖ਼ੁਸ਼ੀ-ਖ਼ੁਸ਼ੀ ਬੇਖਮੀਰੀ ਰੋਟੀ ਦਾ ਤਿਉਹਾਰ ਵੀ ਮਨਾਇਆ+ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਖ਼ੁਸ਼ੀਆਂ ਬਖ਼ਸ਼ੀਆਂ ਸਨ ਅਤੇ ਉਸ ਨੇ ਅੱਸ਼ੂਰ ਦੇ ਰਾਜੇ ਨੂੰ ਉਨ੍ਹਾਂ ʼਤੇ ਮਿਹਰਬਾਨ ਹੋਣ ਲਈ ਪ੍ਰੇਰਿਆ ਸੀ+ ਤਾਂਕਿ ਉਹ ਸੱਚੇ ਪਰਮੇਸ਼ੁਰ, ਹਾਂ, ਇਜ਼ਰਾਈਲ ਦੇ ਪਰਮੇਸ਼ੁਰ ਦਾ ਭਵਨ ਬਣਾਉਣ ਵਿਚ ਉਨ੍ਹਾਂ ਦੀ ਮਦਦ ਕਰੇ।*