ਕੂਚ
36 “ਬਸਲੇਲ ਆਹਾਲੀਆਬ ਨਾਲ ਅਤੇ ਉਨ੍ਹਾਂ ਸਾਰੇ ਕਾਰੀਗਰਾਂ* ਨਾਲ ਮਿਲ ਕੇ ਕੰਮ ਕਰੇਗਾ ਜਿਨ੍ਹਾਂ ਨੂੰ ਯਹੋਵਾਹ ਨੇ ਬੁੱਧ ਅਤੇ ਸਮਝ ਬਖ਼ਸ਼ੀ ਹੈ ਤਾਂਕਿ ਉਹ ਜਾਣਨ ਕਿ ਯਹੋਵਾਹ ਦੇ ਹੁਕਮ ਅਨੁਸਾਰ ਪਵਿੱਤਰ ਸੇਵਾ ਨਾਲ ਸੰਬੰਧਿਤ ਸਾਰਾ ਕੰਮ ਕਿਵੇਂ ਕਰਨਾ ਹੈ।”+
2 ਫਿਰ ਮੂਸਾ ਨੇ ਬਸਲੇਲ, ਆਹਾਲੀਆਬ ਅਤੇ ਸਾਰੇ ਕਾਰੀਗਰਾਂ ਨੂੰ ਬੁਲਾਇਆ ਜਿਨ੍ਹਾਂ ਦੇ ਦਿਲ ਯਹੋਵਾਹ ਨੇ ਬੁੱਧ ਨਾਲ ਭਰੇ ਸਨ+ ਅਤੇ ਉਨ੍ਹਾਂ ਦੇ ਦਿਲਾਂ ਨੇ ਉਨ੍ਹਾਂ ਨੂੰ ਪ੍ਰੇਰਿਆ ਸੀ ਕਿ ਉਹ ਇਸ ਕੰਮ ਲਈ ਆਪਣੇ ਆਪ ਨੂੰ ਪੇਸ਼ ਕਰਨ।+ 3 ਫਿਰ ਉਨ੍ਹਾਂ ਨੇ ਮੂਸਾ ਤੋਂ ਉਹ ਸਾਰਾ ਦਾਨ ਲਿਆ+ ਜੋ ਇਜ਼ਰਾਈਲੀਆਂ ਨੇ ਪਵਿੱਤਰ ਸੇਵਾ ਦੇ ਕੰਮ ਲਈ ਦਿੱਤਾ ਸੀ। ਇਸ ਤੋਂ ਬਾਅਦ ਵੀ ਲੋਕ ਰੋਜ਼ ਸਵੇਰੇ ਉਸ ਨੂੰ ਖ਼ੁਸ਼ੀ-ਖ਼ੁਸ਼ੀ ਦਾਨ ਦਿੰਦੇ ਰਹੇ।
4 ਫਿਰ ਜਦੋਂ ਕਾਰੀਗਰਾਂ ਨੇ ਪਵਿੱਤਰ ਕੰਮ ਸ਼ੁਰੂ ਕੀਤਾ, ਤਾਂ ਇਕ ਤੋਂ ਬਾਅਦ ਇਕ ਸਾਰੇ ਕਾਰੀਗਰ ਆਏ 5 ਅਤੇ ਮੂਸਾ ਨੂੰ ਕਹਿਣ ਲੱਗੇ: “ਯਹੋਵਾਹ ਦੁਆਰਾ ਦਿੱਤਾ ਕੰਮ ਪੂਰਾ ਕਰਨ ਲਈ ਜਿੰਨੀਆਂ ਚੀਜ਼ਾਂ ਦੀ ਲੋੜ ਹੈ, ਲੋਕ ਉਸ ਤੋਂ ਕਿਤੇ ਜ਼ਿਆਦਾ ਦਾਨ ਦੇ ਰਹੇ ਹਨ।” 6 ਇਸ ਲਈ ਮੂਸਾ ਨੇ ਪੂਰੀ ਛਾਉਣੀ ਵਿਚ ਇਹ ਐਲਾਨ ਕਰਨ ਦਾ ਹੁਕਮ ਦਿੱਤਾ: “ਕੋਈ ਵੀ ਆਦਮੀ ਜਾਂ ਔਰਤ ਪਵਿੱਤਰ ਡੇਰੇ ਵਾਸਤੇ ਹੋਰ ਚੀਜ਼ਾਂ ਨਾ ਲਿਆਵੇ।” ਇਸ ਤਰ੍ਹਾਂ ਲੋਕਾਂ ਨੂੰ ਹੋਰ ਚੀਜ਼ਾਂ ਲਿਆਉਣ ਤੋਂ ਰੋਕ ਦਿੱਤਾ ਗਿਆ। 7 ਡੇਰੇ ਦਾ ਕੰਮ ਪੂਰਾ ਕਰਨ ਲਈ ਬਹੁਤ ਸਾਮਾਨ ਇਕੱਠਾ ਹੋ ਗਿਆ ਸੀ, ਸਗੋਂ ਲੋੜੋਂ ਵੱਧ ਇਕੱਠਾ ਹੋ ਗਿਆ ਸੀ।
8 ਇਸ ਲਈ ਸਾਰੇ ਕਾਰੀਗਰਾਂ+ ਨੇ ਡੇਰੇ ਦੇ ਤੰਬੂ+ ਲਈ ਕੱਤੇ ਹੋਏ ਵਧੀਆ ਮਲਮਲ ਦੇ ਕੱਪੜੇ, ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਦੇ ਦਸ ਪਰਦੇ ਬਣਾਏ; ਉਸ* ਨੇ ਇਨ੍ਹਾਂ ਉੱਤੇ ਕਢਾਈ ਕੱਢ ਕੇ ਕਰੂਬੀ ਬਣਾਏ।+ 9 ਹਰ ਪਰਦਾ 28 ਹੱਥ* ਲੰਬਾ ਅਤੇ 4 ਹੱਥ ਚੌੜਾ ਸੀ। ਸਾਰੇ ਪਰਦੇ ਇੱਕੋ ਨਾਪ ਦੇ ਸਨ। 10 ਫਿਰ ਉਸ ਨੇ ਪੰਜ ਪਰਦੇ ਇਕ-ਦੂਜੇ ਨਾਲ ਜੋੜ ਦਿੱਤੇ ਅਤੇ ਬਾਕੀ ਪੰਜ ਪਰਦੇ ਵੀ ਇਕ-ਦੂਜੇ ਨਾਲ ਜੋੜ ਦਿੱਤੇ। 11 ਇਸ ਤੋਂ ਬਾਅਦ ਉਸ ਨੇ ਅਖ਼ੀਰਲੇ ਪਰਦੇ ਦੇ ਬਾਹਰਲੇ ਪਾਸੇ ਨੀਲੇ ਧਾਗੇ ਦੀਆਂ ਲੁੱਪੀਆਂ ਬਣਾ ਕੇ ਲਾਈਆਂ ਅਤੇ ਉਸ ਨੇ ਦੂਸਰੇ ਅਖ਼ੀਰਲੇ ਪਰਦੇ ਦੇ ਬਾਹਰਲੇ ਪਾਸੇ ਵੀ ਲੁੱਪੀਆਂ ਲਾਈਆਂ ਜਿੱਥੇ ਇਹ ਦੋਵੇਂ ਜੋੜੇ ਜਾਣਗੇ। 12 ਉਸ ਨੇ ਪਰਦੇ ਦੇ ਇਕ ਪਾਸੇ 50 ਲੁੱਪੀਆਂ ਲਾਈਆਂ ਅਤੇ ਦੂਸਰੇ ਪਰਦੇ ਦੇ ਇਕ ਪਾਸੇ ਵੀ 50 ਲੁੱਪੀਆਂ ਲਾਈਆਂ ਤਾਂਕਿ ਜਿੱਥੇ ਇਹ ਪਰਦੇ ਜੋੜੇ ਜਾਣ, ਉੱਥੇ ਲੁੱਪੀਆਂ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਹੋਣ। 13 ਅਖ਼ੀਰ ਵਿਚ ਉਸ ਨੇ ਸੋਨੇ ਦੀਆਂ 50 ਚੂੰਢੀਆਂ ਬਣਾਈਆਂ ਅਤੇ ਉਨ੍ਹਾਂ ਨਾਲ ਪਰਦਿਆਂ ਨੂੰ ਜੋੜ ਦਿੱਤਾ। ਇਸ ਤਰ੍ਹਾਂ ਸਾਰੇ ਪਰਦੇ ਜੁੜ ਕੇ ਡੇਰੇ ਵਾਸਤੇ ਇਕ ਵੱਡਾ ਪਰਦਾ ਬਣ ਗਿਆ।
14 ਫਿਰ ਉਸ ਨੇ ਡੇਰੇ ਦੇ ਤੰਬੂ ਉੱਤੇ ਪਾਉਣ ਲਈ ਬੱਕਰੀ ਦੇ ਵਾਲ਼ਾਂ ਦੇ ਵੀ ਪਰਦੇ ਬਣਾਏ। ਉਸ ਨੇ ਇਸ ਤਰ੍ਹਾਂ ਦੇ 11 ਪਰਦੇ ਬਣਾਏ।+ 15 ਹਰ ਪਰਦਾ 30 ਹੱਥ ਲੰਬਾ ਅਤੇ 4 ਹੱਥ ਚੌੜਾ ਸੀ। ਸਾਰੇ 11 ਪਰਦੇ ਇੱਕੋ ਨਾਪ ਦੇ ਸਨ। 16 ਉਸ ਨੇ ਪੰਜ ਪਰਦੇ ਇਕ-ਦੂਜੇ ਨਾਲ ਜੋੜ ਦਿੱਤੇ ਅਤੇ ਬਾਕੀ ਛੇ ਪਰਦੇ ਵੀ ਇਕ-ਦੂਜੇ ਨਾਲ ਜੋੜ ਦਿੱਤੇ। 17 ਫਿਰ ਉਸ ਨੇ ਇਕ ਪਾਸੇ ਦੇ ਅਖ਼ੀਰਲੇ ਪਰਦੇ ਦੇ ਬਾਹਰਲੇ ਸਿਰੇ ʼਤੇ 50 ਲੁੱਪੀਆਂ ਲਾਈਆਂ ਅਤੇ ਦੂਸਰੇ ਪਾਸੇ ਦੇ ਅਖ਼ੀਰਲੇ ਪਰਦੇ ਦੇ ਬਾਹਰਲੇ ਸਿਰੇ ʼਤੇ ਵੀ 50 ਲੁੱਪੀਆਂ ਲਾਈਆਂ ਜਿੱਥੇ ਇਹ ਦੋਵੇਂ ਜੋੜੇ ਜਾਣਗੇ। 18 ਅਤੇ ਉਸ ਨੇ ਸਾਰੇ ਪਰਦਿਆਂ ਨੂੰ ਜੋੜ ਕੇ ਇਕ ਵੱਡਾ ਪਰਦਾ ਬਣਾਉਣ ਲਈ ਤਾਂਬੇ ਦੀਆਂ 50 ਚੂੰਢੀਆਂ ਬਣਾਈਆਂ।
19 ਉਸ ਨੇ ਤੰਬੂ ਨੂੰ ਢਕਣ ਲਈ ਲਾਲ ਰੰਗ ਨਾਲ ਰੰਗੀਆਂ ਭੇਡੂਆਂ ਦੀਆਂ ਖੱਲਾਂ ਦਾ ਇਕ ਪਰਦਾ ਬਣਾਇਆ ਅਤੇ ਫਿਰ ਉਸ ਉੱਪਰ ਪਾਉਣ ਲਈ ਸੀਲ ਮੱਛੀ ਦੀਆਂ ਖੱਲਾਂ ਦਾ ਇਕ ਪਰਦਾ ਬਣਾਇਆ।+
20 ਫਿਰ ਉਸ ਨੇ ਤੰਬੂ ਵਾਸਤੇ ਕਿੱਕਰ ਦੀ ਲੱਕੜ+ ਦੇ ਚੌਖਟੇ* ਬਣਾਏ ਜੋ ਸਿੱਧੇ ਖੜ੍ਹੇ ਕੀਤੇ ਜਾ ਸਕਦੇ ਸਨ।+ 21 ਹਰ ਚੌਖਟਾ ਦਸ ਹੱਥ ਉੱਚਾ ਅਤੇ ਡੇਢ ਹੱਥ ਚੌੜਾ ਸੀ। 22 ਹਰ ਚੌਖਟੇ ਦੀਆਂ ਦੋ ਚੂਲਾਂ* ਸਨ ਜੋ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਸਨ। ਉਸ ਨੇ ਤੰਬੂ ਦੇ ਸਾਰੇ ਚੌਖਟੇ ਇਸੇ ਤਰ੍ਹਾਂ ਬਣਾਏ। 23 ਉਸ ਨੇ ਤੰਬੂ ਦੇ ਦੱਖਣ ਵਾਲੇ ਪਾਸੇ ਲਈ 20 ਚੌਖਟੇ ਬਣਾਏ। 24 ਫਿਰ ਉਸ ਨੇ 20 ਚੌਖਟਿਆਂ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ 40 ਚੌਂਕੀਆਂ ਬਣਾਈਆਂ, ਯਾਨੀ ਹਰ ਚੌਖਟੇ ਦੀਆਂ ਦੋ ਚੂਲਾਂ ਥੱਲੇ ਦੋ ਚੌਂਕੀਆਂ।+ 25 ਉਸ ਨੇ ਤੰਬੂ ਦੇ ਦੂਸਰੇ ਪਾਸੇ ਯਾਨੀ ਉੱਤਰ ਵਾਲੇ ਪਾਸੇ ਲਈ ਵੀ 20 ਚੌਖਟੇ ਬਣਾਏ 26 ਅਤੇ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ 40 ਚੌਂਕੀਆਂ ਬਣਾਈਆਂ, ਯਾਨੀ ਹਰ ਚੌਖਟੇ ਦੀਆਂ ਦੋ ਚੂਲਾਂ ਥੱਲੇ ਦੋ ਚੌਂਕੀਆਂ।
27 ਉਸ ਨੇ ਤੰਬੂ ਦੇ ਪਿਛਲੇ ਪਾਸੇ ਯਾਨੀ ਪੱਛਮ ਵਾਲੇ ਪਾਸੇ ਲਈ ਛੇ ਚੌਖਟੇ ਬਣਾਏ।+ 28 ਉਸ ਨੇ ਤੰਬੂ ਨੂੰ ਸਹਾਰਾ ਦੇਣ ਲਈ ਪਿਛਲੇ ਪਾਸੇ ਦੇ ਦੋਵੇਂ ਖੂੰਜਿਆਂ ਲਈ ਦੋ ਚੌਖਟੇ ਬਣਾਏ। 29 ਇਨ੍ਹਾਂ ਚੌਖਟਿਆਂ ਦੇ ਥੱਲੇ ਤੋਂ ਲੈ ਕੇ ਉੱਪਰ ਤਕ ਦੋ ਹਿੱਸੇ ਸਨ ਜੋ ਪਹਿਲੇ ਛੱਲੇ ʼਤੇ ਜੋੜੇ ਗਏ ਸਨ। ਉਸ ਨੇ ਦੋਵੇਂ ਚੌਖਟੇ ਇਸੇ ਤਰ੍ਹਾਂ ਬਣਾਏ। 30 ਪਿਛਲੇ ਪਾਸੇ ਲਈ ਕੁੱਲ ਅੱਠ ਚੌਖਟੇ ਅਤੇ ਉਨ੍ਹਾਂ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ 16 ਚੌਂਕੀਆਂ ਬਣਾਈਆਂ ਗਈਆਂ, ਯਾਨੀ ਹਰ ਚੌਖਟੇ ਥੱਲੇ ਦੋ ਚੌਂਕੀਆਂ।
31 ਫਿਰ ਉਸ ਨੇ ਤੰਬੂ ਦੇ ਇਕ ਪਾਸੇ ਦੇ ਚੌਖਟਿਆਂ ਲਈ ਕਿੱਕਰ ਦੀ ਲੱਕੜ ਦੇ ਪੰਜ ਡੰਡੇ ਬਣਾਏ+ 32 ਅਤੇ ਤੰਬੂ ਦੇ ਦੂਸਰੇ ਪਾਸੇ ਦੇ ਚੌਖਟਿਆਂ ਲਈ ਵੀ ਪੰਜ ਡੰਡੇ ਅਤੇ ਪਿਛਲੇ ਪਾਸੇ ਦੇ ਯਾਨੀ ਪੱਛਮ ਵਾਲੇ ਪਾਸੇ ਦੇ ਚੌਖਟਿਆਂ ਲਈ ਵੀ ਪੰਜ ਡੰਡੇ ਬਣਾਏ। 33 ਉਸ ਨੇ ਚੌਖਟਿਆਂ ਦੇ ਅੱਧ ਵਿਚ ਲੱਗਣ ਵਾਲਾ ਵਿਚਕਾਰਲਾ ਡੰਡਾ ਇੰਨਾ ਲੰਬਾ ਬਣਾਇਆ ਕਿ ਉਹ ਚੌਖਟਿਆਂ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ ਜਾਵੇ। 34 ਉਸ ਨੇ ਇਨ੍ਹਾਂ ਚੌਖਟਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਡੰਡਿਆਂ ਲਈ ਸੋਨੇ ਦੇ ਛੱਲੇ ਬਣਾਏ ਅਤੇ ਡੰਡਿਆਂ ਨੂੰ ਸੋਨੇ ਨਾਲ ਮੜ੍ਹਿਆ।+
35 ਫਿਰ ਉਸ ਨੇ ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦੇ ਕੱਪੜੇ ਦਾ ਇਕ ਪਰਦਾ+ ਬਣਾਇਆ ਅਤੇ ਇਸ ਉੱਤੇ ਕਢਾਈ ਕੱਢ ਕੇ+ ਕਰੂਬੀ+ ਬਣਾਏ। 36 ਫਿਰ ਉਸ ਨੇ ਕਿੱਕਰ ਦੀ ਲੱਕੜ ਦੇ ਚਾਰ ਥੰਮ੍ਹ ਬਣਾਏ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਉਨ੍ਹਾਂ ਲਈ ਸੋਨੇ ਦੀਆਂ ਕੁੰਡੀਆਂ ਅਤੇ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ ਚਾਰ ਚੌਂਕੀਆਂ ਬਣਾਈਆਂ। 37 ਫਿਰ ਉਸ ਨੇ ਤੰਬੂ ਦੇ ਦਰਵਾਜ਼ੇ ਲਈ ਇਕ ਪਰਦਾ ਬਣਾਇਆ। ਇਹ ਪਰਦਾ ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦਾ ਬੁਣਿਆ ਸੀ।+ 38 ਅਤੇ ਪਰਦੇ ਵਾਸਤੇ ਪੰਜ ਥੰਮ੍ਹ ਅਤੇ ਕੁੰਡੀਆਂ ਵੀ ਬਣਾਈਆਂ। ਉਸ ਨੇ ਥੰਮ੍ਹਾਂ ਦੇ ਉੱਪਰਲੇ ਹਿੱਸੇ ਅਤੇ ਇਨ੍ਹਾਂ ਦੇ ਛੱਲਿਆਂ ਨੂੰ ਸੋਨੇ ਨਾਲ ਮੜ੍ਹਿਆ, ਪਰ ਇਨ੍ਹਾਂ ਦੀਆਂ ਸੁਰਾਖ਼ਾਂ ਵਾਲੀਆਂ ਪੰਜ ਚੌਂਕੀਆਂ ਤਾਂਬੇ ਦੀਆਂ ਸਨ।