ਯੂਹੰਨਾ ਨੂੰ ਗਿਆਨ ਦਾ ਪ੍ਰਕਾਸ਼
19 ਇਨ੍ਹਾਂ ਗੱਲਾਂ ਤੋਂ ਬਾਅਦ ਮੈਂ ਸਵਰਗ ਵਿਚ ਇਕ ਉੱਚੀ ਆਵਾਜ਼ ਸੁਣੀ ਜਿਵੇਂ ਵੱਡੀ ਸਾਰੀ ਭੀੜ ਦੀ ਹੁੰਦੀ ਹੈ। ਉਨ੍ਹਾਂ ਨੇ ਕਿਹਾ: “ਯਾਹ ਦੀ ਮਹਿਮਾ ਕਰੋ!*+ ਮੁਕਤੀ ਸਾਡੇ ਪਰਮੇਸ਼ੁਰ ਵੱਲੋਂ ਹੀ ਹੈ। ਉਸ ਦੀ ਮਹਿਮਾ ਹੋਵੇ ਅਤੇ ਤਾਕਤ ਉਸੇ ਦੀ ਰਹੇ 2 ਕਿਉਂਕਿ ਉਸ ਦੇ ਨਿਆਂ ਭਰੋਸੇਯੋਗ ਅਤੇ ਸਹੀ ਹਨ।+ ਉਸ ਨੇ ਉਸ ਵੱਡੀ ਵੇਸਵਾ ਨੂੰ ਸਜ਼ਾ ਦਿੱਤੀ ਹੈ ਜਿਸ ਨੇ ਆਪਣੀ ਹਰਾਮਕਾਰੀ* ਨਾਲ ਦੁਨੀਆਂ ਵਿਚ ਗੰਦ ਪਾਇਆ ਹੋਇਆ ਸੀ ਅਤੇ ਪਰਮੇਸ਼ੁਰ ਦੇ ਦਾਸਾਂ ਦੇ ਖ਼ੂਨ ਨਾਲ ਆਪਣੇ ਹੱਥ ਰੰਗੇ ਸਨ। ਉਸ ਨੇ ਵੇਸਵਾ ਤੋਂ ਉਨ੍ਹਾਂ ਦੇ ਖ਼ੂਨ ਦਾ ਬਦਲਾ ਲਿਆ ਹੈ।”+ 3 ਉਸੇ ਵੇਲੇ ਦੂਸਰੀ ਵਾਰ ਉਨ੍ਹਾਂ ਨੇ ਕਿਹਾ: “ਯਾਹ ਦੀ ਮਹਿਮਾ ਕਰੋ!*+ ਯੁਗਾਂ-ਯੁਗਾਂ ਤਕ ਉਸ ਸ਼ਹਿਰ ਤੋਂ ਧੂੰਆਂ ਉੱਠਦਾ ਰਹੇਗਾ।”+
4 ਫਿਰ 24 ਬਜ਼ੁਰਗ+ ਅਤੇ ਚਾਰੇ ਜੀਉਂਦੇ ਪ੍ਰਾਣੀ+ ਗੋਡਿਆਂ ਭਾਰ ਬੈਠ ਗਏ ਅਤੇ ਉਨ੍ਹਾਂ ਨੇ ਸਿੰਘਾਸਣ ʼਤੇ ਬੈਠੇ ਪਰਮੇਸ਼ੁਰ ਨੂੰ ਮੱਥਾ ਟੇਕ ਕੇ ਕਿਹਾ: “ਆਮੀਨ! ਯਾਹ ਦੀ ਮਹਿਮਾ ਕਰੋ!”*+
5 ਨਾਲੇ ਸਿੰਘਾਸਣ ਤੋਂ ਇਹ ਆਵਾਜ਼ ਆਈ: “ਸਾਡੇ ਪਰਮੇਸ਼ੁਰ ਦੇ ਸਾਰੇ ਛੋਟੇ ਅਤੇ ਵੱਡੇ ਦਾਸੋ+ ਜਿਹੜੇ ਉਸ ਤੋਂ ਡਰਦੇ ਹੋ, ਤੁਸੀਂ ਉਸ ਦੀ ਮਹਿਮਾ ਕਰੋ।”+
6 ਫਿਰ ਮੈਂ ਇਕ ਆਵਾਜ਼ ਸੁਣੀ ਜਿਵੇਂ ਵੱਡੀ ਭੀੜ ਦੀ ਅਤੇ ਤੇਜ਼ ਵਗਦੇ ਪਾਣੀ ਦੀ ਅਤੇ ਜ਼ੋਰਦਾਰ ਗਰਜਾਂ ਦੀ ਹੁੰਦੀ ਹੈ। ਉਨ੍ਹਾਂ ਨੇ ਕਿਹਾ: “ਯਾਹ ਦੀ ਮਹਿਮਾ ਕਰੋ*+ ਕਿਉਂਕਿ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ*+ ਨੇ ਰਾਜੇ ਵਜੋਂ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ!+ 7 ਆਓ ਆਪਾਂ ਬੇਹੱਦ ਖ਼ੁਸ਼ੀਆਂ ਮਨਾਈਏ ਅਤੇ ਉਸ ਦੀ ਮਹਿਮਾ ਕਰੀਏ ਕਿਉਂਕਿ ਲੇਲੇ ਦਾ ਵਿਆਹ ਆ ਗਿਆ ਹੈ ਅਤੇ ਉਸ ਦੀ ਲਾੜੀ ਨੇ ਸ਼ਿੰਗਾਰ ਕਰ ਲਿਆ ਹੈ। 8 ਲਾੜੀ ਨੂੰ ਸਾਫ਼ ਅਤੇ ਚਿੱਟੇ ਮਲਮਲ ਦੇ ਕੱਪੜੇ ਪਾਉਣ ਦਾ ਮਾਣ ਬਖ਼ਸ਼ਿਆ ਗਿਆ ਹੈ। ਵਧੀਆ ਮਲਮਲ ਪਵਿੱਤਰ ਸੇਵਕਾਂ ਦੇ ਸਹੀ ਕੰਮਾਂ ਨੂੰ ਦਰਸਾਉਂਦੀ ਹੈ।”+
9 ਦੂਤ ਨੇ ਮੈਨੂੰ ਕਿਹਾ: “ਲਿਖ, ਖ਼ੁਸ਼ ਹਨ ਉਹ ਜਿਨ੍ਹਾਂ ਨੂੰ ਲੇਲੇ ਦੇ ਵਿਆਹ ਦੀ ਦਾਅਵਤ ਦਾ ਸੱਦਾ ਮਿਲਿਆ ਹੈ।”+ ਫਿਰ ਉਸ ਨੇ ਮੈਨੂੰ ਕਿਹਾ: “ਇਹ ਪਰਮੇਸ਼ੁਰ ਦੀਆਂ ਸੱਚੀਆਂ ਗੱਲਾਂ ਹਨ।” 10 ਇਹ ਸੁਣ ਕੇ ਮੈਂ ਉਸ ਦੀ ਭਗਤੀ ਕਰਨ ਲਈ ਉਸ ਦੇ ਪੈਰਾਂ ਵਿਚ ਡਿਗ ਪਿਆ। ਪਰ ਉਸ ਨੇ ਮੈਨੂੰ ਕਿਹਾ: “ਇੱਦਾਂ ਨਾ ਕਰ!+ ਪਰਮੇਸ਼ੁਰ ਦੀ ਭਗਤੀ ਕਰ।+ ਮੈਂ ਵੀ ਤੇਰੇ ਵਾਂਗ ਅਤੇ ਤੇਰੇ ਭਰਾਵਾਂ ਵਾਂਗ ਇਕ ਦਾਸ ਹੀ ਹਾਂ ਜਿਨ੍ਹਾਂ ਕੋਲ ਯਿਸੂ ਦੀ ਗਵਾਹੀ ਦੇਣ ਦਾ ਕੰਮ ਹੈ।+ ਕਿਉਂਕਿ ਭਵਿੱਖਬਾਣੀਆਂ ਦਾ ਮਕਸਦ ਯਿਸੂ ਬਾਰੇ ਗਵਾਹੀ ਦੇਣੀ ਹੈ।”+
11 ਮੈਂ ਆਕਾਸ਼ ਨੂੰ ਖੁੱਲ੍ਹਾ ਹੋਇਆ ਦੇਖਿਆ ਅਤੇ ਇਕ ਚਿੱਟਾ ਘੋੜਾ ਦੇਖਿਆ।+ ਉਸ ਦੇ ਸਵਾਰ ਦਾ ਨਾਂ ਹੈ “ਵਫ਼ਾਦਾਰ+ ਅਤੇ ਸੱਚਾ”+ ਅਤੇ ਉਹ ਧਰਮੀ ਅਸੂਲਾਂ ਮੁਤਾਬਕ ਨਿਆਂ ਅਤੇ ਯੁੱਧ ਕਰਦਾ ਹੈ।+ 12 ਉਸ ਦੀਆਂ ਅੱਖਾਂ ਅੱਗ ਦੀਆਂ ਲਾਟਾਂ ਸਨ+ ਅਤੇ ਉਸ ਦੇ ਸਿਰ ਉੱਤੇ ਬਹੁਤ ਸਾਰੇ ਤਾਜ ਸਨ। ਉਸ ਉੱਤੇ ਇਕ ਨਾਂ ਲਿਖਿਆ ਹੋਇਆ ਸੀ ਜਿਸ ਨੂੰ ਉਸ ਤੋਂ ਸਿਵਾਇ ਹੋਰ ਕੋਈ ਨਹੀਂ ਜਾਣਦਾ। 13 ਉਸ ਦੇ ਕੱਪੜਿਆਂ ਉੱਤੇ ਖ਼ੂਨ ਦੇ ਛਿੱਟੇ ਪਏ ਹੋਏ ਸਨ* ਅਤੇ ਉਸ ਨੂੰ ਇਸ ਨਾਂ ਨਾਲ ਸੱਦਿਆ ਜਾਂਦਾ ਹੈ, “ਪਰਮੇਸ਼ੁਰ ਦਾ ਸ਼ਬਦ।”+ 14 ਨਾਲੇ ਸਵਰਗ ਦੀਆਂ ਫ਼ੌਜਾਂ ਚਿੱਟੇ ਘੋੜਿਆਂ ਉੱਤੇ ਉਸ ਦੇ ਪਿੱਛੇ-ਪਿੱਛੇ ਆ ਰਹੀਆਂ ਸਨ ਅਤੇ ਸਾਰੇ ਫ਼ੌਜੀਆਂ ਨੇ ਵਧੀਆ ਮਲਮਲ ਦੇ ਚਿੱਟੇ ਅਤੇ ਸਾਫ਼ ਕੱਪੜੇ ਪਾਏ ਹੋਏ ਸਨ। 15 ਉਸ ਦੇ ਮੂੰਹ ਵਿੱਚੋਂ ਇਕ ਤਿੱਖੀ ਅਤੇ ਲੰਬੀ ਤਲਵਾਰ ਨਿਕਲੀ+ ਜਿਸ ਨਾਲ ਉਹ ਕੌਮਾਂ ਨੂੰ ਮਾਰੇਗਾ ਅਤੇ ਉਹ ਲੋਹੇ ਦੇ ਡੰਡੇ ਨਾਲ ਉਨ੍ਹਾਂ ਉੱਤੇ ਅਧਿਕਾਰ ਚਲਾਵੇਗਾ।+ ਇਸ ਤੋਂ ਇਲਾਵਾ, ਉਹ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਕ੍ਰੋਧ ਦੇ ਚੁਬੱਚੇ ਵਿਚ ਅੰਗੂਰਾਂ ਨੂੰ ਮਿੱਧੇਗਾ।+ 16 ਉਸ ਦੇ ਕੱਪੜਿਆਂ ਉੱਤੇ, ਹਾਂ, ਉਸ ਦੇ ਪੱਟ ਉੱਤੇ ਇਹ ਨਾਂ ਲਿਖਿਆ ਹੋਇਆ ਹੈ, “ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ।”+
17 ਨਾਲੇ ਮੈਂ ਇਕ ਦੂਤ ਨੂੰ ਸੂਰਜ ਦੇ ਸਾਮ੍ਹਣੇ ਖੜ੍ਹਾ ਦੇਖਿਆ ਅਤੇ ਉਸ ਨੇ ਆਕਾਸ਼ ਵਿਚ* ਉੱਡਦੇ ਸਾਰੇ ਪੰਛੀਆਂ ਨੂੰ ਉੱਚੀ ਆਵਾਜ਼ ਵਿਚ ਕਿਹਾ: “ਇਕੱਠੇ ਹੋ ਜਾਓ ਅਤੇ ਪਰਮੇਸ਼ੁਰ ਵੱਲੋਂ ਦਿੱਤੀ ਜਾ ਰਹੀ ਵੱਡੀ ਦਾਅਵਤ ਵਿਚ ਆਓ।+ 18 ਤੁਸੀਂ ਰਾਜਿਆਂ ਦਾ, ਫ਼ੌਜ ਦੇ ਸੈਨਾਪਤੀਆਂ ਦਾ, ਤਾਕਤਵਰ ਲੋਕਾਂ ਦਾ,+ ਘੋੜਿਆਂ ਦਾ, ਉਨ੍ਹਾਂ ਦੇ ਸਵਾਰਾਂ ਦਾ,+ ਆਜ਼ਾਦ ਲੋਕਾਂ ਦਾ, ਗ਼ੁਲਾਮਾਂ ਦਾ, ਛੋਟੇ ਲੋਕਾਂ ਦਾ, ਵੱਡੇ ਲੋਕਾਂ ਦਾ, ਹਾਂ, ਸਾਰੇ ਲੋਕਾਂ ਦਾ ਮਾਸ ਖਾਓ।”
19 ਮੈਂ ਦੇਖਿਆ ਕਿ ਵਹਿਸ਼ੀ ਦਰਿੰਦਾ ਅਤੇ ਧਰਤੀ ਦੇ ਰਾਜੇ ਆਪਣੀਆਂ ਫ਼ੌਜਾਂ ਨਾਲ ਇਕੱਠੇ ਹੋ ਕੇ ਉਸ ਘੋੜਸਵਾਰ ਨਾਲ ਅਤੇ ਉਸ ਦੀ ਫ਼ੌਜ ਨਾਲ ਯੁੱਧ ਕਰਨ ਲਈ ਆਏ।+ 20 ਵਹਿਸ਼ੀ ਦਰਿੰਦੇ ਨੂੰ ਅਤੇ ਉਸ ਝੂਠੇ ਨਬੀ ਨੂੰ ਫੜ ਲਿਆ ਗਿਆ+ ਜਿਸ ਨੇ ਵਹਿਸ਼ੀ ਦਰਿੰਦੇ ਸਾਮ੍ਹਣੇ ਨਿਸ਼ਾਨੀਆਂ ਦਿਖਾ ਕੇ ਉਨ੍ਹਾਂ ਲੋਕਾਂ ਨੂੰ ਗੁਮਰਾਹ ਕੀਤਾ ਸੀ ਜਿਨ੍ਹਾਂ ਨੇ ਵਹਿਸ਼ੀ ਦਰਿੰਦੇ ਦਾ ਨਿਸ਼ਾਨ ਲਗਵਾਇਆ ਸੀ+ ਅਤੇ ਉਸ ਦੀ ਮੂਰਤੀ ਦੀ ਪੂਜਾ ਕੀਤੀ ਸੀ।+ ਉਨ੍ਹਾਂ ਦੋਵਾਂ ਨੂੰ ਜੀਉਂਦੇ-ਜੀ ਗੰਧਕ* ਨਾਲ ਬਲ਼ਦੀ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਗਿਆ।+ 21 ਪਰ ਬਾਕੀ ਸਾਰੇ ਉਸ ਲੰਬੀ ਤਲਵਾਰ ਨਾਲ ਮਾਰੇ ਗਏ ਜਿਹੜੀ ਘੋੜਸਵਾਰ ਦੇ ਮੂੰਹੋਂ ਨਿਕਲੀ ਸੀ।+ ਸਾਰੇ ਪੰਛੀ ਉਨ੍ਹਾਂ ਦਾ ਮਾਸ ਖਾ ਕੇ ਰੱਜ ਗਏ।+