ਬਾਈਬਲ ਦਾ ਦ੍ਰਿਸ਼ਟੀਕੋਣ
ਕੀ ਮਸੀਹੀਆਂ ਨੂੰ ਪਰਮੇਸ਼ੁਰ ਵੱਲੋਂ ਸੁਰੱਖਿਆ ਦੀ ਆਸ ਰੱਖਣੀ ਚਾਹੀਦੀ ਹੈ?
ਬਾਈਬਲ ਵਿਚ ਕਈ ਵਾਰ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਆਪਣੇ ਭਗਤਾਂ ਦੀ ਰੱਖਿਆ ਕਰਨ ਦੇ ਕਾਬਲ ਹੈ। ਦਾਊਦ ਪਾਤਸ਼ਾਹ ਨੇ ਕਿਹਾ: “ਹੇ ਯਹੋਵਾਹ, ਮੈਨੂੰ ਬੁਰੇ ਆਦਮੀ ਤੋਂ ਛੁਡਾ, ਜ਼ਾਲਮ ਮਨੁੱਖ ਤੋਂ ਮੇਰੀ ਰਾਖੀ ਕਰ।” (ਜ਼ਬੂਰ 140:1) ਅੱਜ ਪਰਮੇਸ਼ੁਰ ਦੇ ਕਈ ਸੇਵਕ ਹਿੰਸਾ, ਜੁਰਮ, ਜਾਂ ਕੁਦਰਤੀ ਆਫ਼ਤਾਂ ਕਰਕੇ ਮੌਤ ਜਾਂ ਫੱਟੜ ਹੋਣ ਤੋਂ ਮਸੀਂ-ਮਸੀਂ ਬਚੇ ਹਨ। ਕੁਝ ਸੋਚਦੇ ਹਨ ਖਰਿਆ ਪਰਮੇਸ਼ੁਰ ਨੇ ਉਨ੍ਹਾਂ ਨੂੰ ਕਰਾਮਾਤੀ ਢੰਗ ਵਿਚ ਬਚਾ ਲਿਆ ਹੈ, ਕਿਉਂਕਿ ਉਹ ਅਜਿਹੀਆਂ ਘਟਨਾਵਾਂ ਬਾਰੇ ਵੀ ਜਾਣਦੇ ਹਨ ਜਿਨ੍ਹਾਂ ਵਿਚ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਲੋਕ ਨਹੀਂ ਬਚੇ ਸਨ ਪਰ ਉਨ੍ਹਾਂ ਨੇ ਵੱਡੇ ਕਸ਼ਟ ਅਤੇ ਸ਼ਾਇਦ ਭਿਆਨਕ ਮੌਤ ਵੀ ਸਹੀ ਸੀ।
ਕੀ ਯਹੋਵਾਹ ਪਰਮੇਸ਼ੁਰ ਸਿਰਫ਼ ਥੋੜ੍ਹਿਆਂ ਹੀ ਲੋਕਾਂ ਦੀ ਰੱਖਿਆ ਕਰਦਾ ਹੈ? ਕੀ ਸਾਨੂੰ ਕਰਾਮਾਤੀ ਢੰਗ ਵਿਚ ਹਿੰਸਾ ਅਤੇ ਆਫ਼ਤਾਂ ਤੋਂ ਸੁਰੱਖਿਅਤ ਰੱਖੇ ਜਾਣ ਦੀ ਆਸ ਰੱਖਣੀ ਚਾਹੀਦੀ ਹੈ?
ਬਾਈਬਲ ਵਿਚ ਕਰਾਮਾਤੀ ਢੰਗ ਵਿਚ ਸੁਰੱਖਿਅਤ ਰਹਿਣ ਦੀਆਂ ਰਿਪੋਰਟਾਂ
ਬਾਈਬਲ ਵਿਚ ਕਈਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਪਰਮੇਸ਼ੁਰ ਨੇ ਆਪਣੇ ਭਗਤਾਂ ਦੀ ਖ਼ਾਤਰ ਕਰਾਮਾਤੀ ਢੰਗ ਵਿਚ ਉਨ੍ਹਾਂ ਦੀ ਰੱਖਿਆ ਕੀਤੀ ਸੀ। (ਯਸਾਯਾਹ 38:1-8; ਰਸੂਲਾਂ ਦੇ ਕਰਤੱਬ 12:1-11; 16:25, 26) ਉਸ ਵਿਚ ਅਜਿਹਿਆਂ ਸਮਿਆਂ ਬਾਰੇ ਵੀ ਗੱਲ ਕੀਤੀ ਗਈ ਹੈ ਜਦੋਂ ਯਹੋਵਾਹ ਦੇ ਸੇਵਕ ਬਿਪਤਾਵਾਂ ਤੋਂ ਨਹੀਂ ਬਚਾਏ ਗਏ ਸਨ। (1 ਰਾਜਿਆਂ 21:1-16; ਰਸੂਲਾਂ ਦੇ ਕਰਤੱਬ 12:1, 2; ਇਬਰਾਨੀਆਂ 11:35-38) ਇਸ ਤੋਂ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਜਦੋਂ ਚਾਹੇ ਕਿਸੇ ਖ਼ਾਸ ਕਾਰਨ ਜਾਂ ਉਦੇਸ਼ ਵਾਸਤੇ ਕਿਸੇ ਦੀ ਰਾਖੀ ਕਰ ਸਕਦਾ ਹੈ। ਇਸ ਕਰਕੇ ਜਦੋਂ ਕਿਸੇ ਮਸੀਹੀ ਨੂੰ ਸੰਕਟ ਵਿੱਚੋਂ ਛੁਟਕਾਰਾ ਨਹੀਂ ਮਿਲਦਾ ਉਸ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਨੇ ਉਸ ਦਾ ਸਾਥ ਛੱਡ ਦਿੱਤਾ ਹੈ। ਸਾਨੂੰ ਇਹ ਅਸਲੀਅਤ ਕਬੂਲ ਕਰਨੀ ਚਾਹੀਦੀ ਹੈ ਕਿ ਮਾੜੀ ਘੜੀ ਹਰ ਕਿਸੇ ਤੇ ਆਉਂਦੀ ਹੈ, ਯਹੋਵਾਹ ਦੇ ਵਫ਼ਾਦਾਰ ਸੇਵਕਾਂ ਤੇ ਵੀ। ਇਸ ਤਰ੍ਹਾਂ ਕਿਉਂ ਹੈ?
ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਦੁੱਖ ਕਿਉਂ ਸਹਿਣੇ ਪੈਂਦੇ ਹਨ?
ਇਕ ਕਾਰਨ ਇਹ ਹੈ ਕਿ ਅਸੀਂ ਸਾਰਿਆਂ ਨੇ ਵਿਰਸੇ ਵਿਚ ਆਦਮ ਅਤੇ ਹੱਵਾਹ ਤੋਂ ਪਾਪ ਅਤੇ ਅਪੂਰਣਤਾ ਹਾਸਲ ਕੀਤੇ ਹਨ। ਇਸ ਕਰਕੇ ਸਾਨੂੰ ਦੁੱਖ-ਦਰਦ ਅਤੇ ਮੌਤ ਦਾ ਸਾਮ੍ਹਣਾ ਕਰਨਾ ਪੈਂਦਾ ਹੈ। (ਰੋਮੀਆਂ 5:12; 6:23) ਇਕ ਹੋਰ ਕਾਰਨ ਇਹ ਹੈ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ। ਬਾਈਬਲ ਵਿਚ ਸਾਡੇ ਜ਼ਮਾਨੇ ਦੇ ਲੋਕਾਂ ਬਾਰੇ ਲਿਖਿਆ ਹੋਇਆ ਹੈ ਕਿ ਉਹ “ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ” ਹੋਣਗੇ। (2 ਤਿਮੋਥਿਉਸ 3:1-5) ਇਸ ਦਾ ਸਬੂਤ ਅਸੀਂ ਬਲਾਤਕਾਰ, ਕਤਲ, ਅਤੇ ਹੋਰ ਭਿਆਨਕ ਅਪਰਾਧਾਂ ਦੇ ਵਾਧੇ ਤੋਂ ਦੇਖ ਸਕਦੇ ਹਾਂ।
ਪਰਮੇਸ਼ੁਰ ਦੇ ਕਈ ਵਫ਼ਾਦਾਰ ਸੇਵਕ ਹਿੰਸਕ ਲੋਕਾਂ ਦੇ ਅੰਗ-ਸੰਗ ਰਹਿੰਦੇ ਅਤੇ ਕੰਮ ਕਰਦੇ ਹਨ ਅਤੇ ਕਦੀ-ਕਦੀ ਉਹ ਉਨ੍ਹਾਂ ਦਾ ਸ਼ਿਕਾਰ ਬਣ ਜਾਂਦੇ ਹਨ। ਅਸੀਂ ਸ਼ਾਇਦ ਕਿਸੇ ਗ਼ਲਤ ਸਮੇਂ ਤੇ ਕਿਸੇ ਬੁਰੇ ਇਲਾਕੇ ਵਿਚ ਹੋਣ ਕਰਕੇ ਖ਼ਤਰਨਾਕ ਔਕੜ ਵਿਚ ਪੈ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਸੁਲੇਮਾਨ ਦੇ ਬਿਆਨ ਦੀ ਅਸਲੀਅਤ ਅਨੁਭਵ ਕਰਦੇ ਹਾਂ ਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।”—ਉਪਦੇਸ਼ਕ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਇਸ ਦੇ ਇਲਾਵਾ ਪੌਲੁਸ ਰਸੂਲ ਨੇ ਕਿਹਾ ਸੀ ਕਿ ਪਰਮੇਸ਼ੁਰ ਦੀ ਭਗਤੀ ਕਰਨ ਕਰਕੇ ਮਸੀਹੀਆਂ ਨੂੰ ਸਿਤਮ ਸਹਿਣੇ ਪੈਣਗੇ: “ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।” (2 ਤਿਮੋਥਿਉਸ 3:12) ਪਿੱਛਲੇ ਕੁਝ ਸਾਲਾਂ ਵਿਚ ਕਈਆਂ ਮੁਲਕਾਂ ਵਿਚ ਇਸ ਤਰ੍ਹਾਂ ਹੀ ਹੋਇਆ ਹੈ।
ਇਸ ਲਈ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਲੋਕਾਂ ਨੂੰ ਹਿੰਸਾ, ਜੁਰਮ, ਕੁਦਰਤੀ ਆਫ਼ਤ, ਜਾਂ ਅਚਨਚੇਤੀ ਮੌਤ ਤੋਂ ਰੱਖਿਆ ਨਹੀਂ ਮਿਲਦੀ। ਸ਼ਤਾਨ ਨੇ ਦਾਅਵਾ ਕੀਤਾ ਹੈ ਕਿ ਯਹੋਵਾਹ ਨੇ ਆਪਣੇ ਲੋਕਾਂ ਦੁਆਲੇ ਵਾੜ ਲਾ ਕੇ ਉਨ੍ਹਾਂ ਨੂੰ ਸਹੀ-ਸਲਾਮਤ ਰੱਖਿਆ ਹੈ। (ਅੱਯੂਬ 1:9, 10) ਇਹ ਦਾਅਵਾ ਸਹੀ ਨਹੀਂ ਹੈ। ਪਰ ਇਸ ਗੱਲ ਦਾ ਸਾਨੂੰ ਪੂਰਾ ਯਕੀਨ ਹੈ ਕਿ ਭਾਵੇਂ ਯਹੋਵਾਹ ਕਿਸੇ ਹਾਲਾਤ ਵਿੱਚੋਂ ਆਪਣੇ ਲੋਕਾਂ ਨੂੰ ਕਰਾਮਾਤੀ ਢੰਗ ਵਿਚ ਨਾ ਵੀ ਬਚਾਵੇ, ਉਹ ਉਨ੍ਹਾਂ ਦੀ ਰਾਖੀ ਜ਼ਰੂਰ ਕਰਦਾ ਹੈ।
ਯਹੋਵਾਹ ਆਪਣੇ ਲੋਕਾਂ ਦੀ ਰਾਖੀ ਕਿਸ ਤਰ੍ਹਾਂ ਕਰਦਾ ਹੈ?
ਬਾਈਬਲ ਰਾਹੀਂ ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਰ ਕੇ ਉਨ੍ਹਾਂ ਦੀ ਰਾਖੀ ਕਰਦਾ ਹੈ। ਰੂਹਾਨੀ ਚੀਜ਼ਾਂ ਵੱਲ ਧਿਆਨ ਦੇਣ ਨਾਲ ਅਤੇ ਬਾਈਬਲ ਦੇ ਗਿਆਨ ਨਾਲ ਅਸੀਂ ਸੋਚ-ਸਮਝ ਕੇ ਅਤੇ ਅਕਲਮੰਦੀ ਵਰਤ ਕੇ ਗ਼ਲਤੀਆਂ ਕਰਨ ਤੋਂ ਬਚਾਂਗੇ ਅਤੇ ਚੰਗੇ ਫ਼ੈਸਲੇ ਕਰਾਂਗੇ। (ਜ਼ਬੂਰ 38:4; ਕਹਾਉਤਾਂ 3:21; 22:3) ਮਿਸਾਲ ਲਈ, ਜਿਨਸੀ ਪਵਿੱਤਰਤਾ, ਲੋਭ, ਕ੍ਰੋਧ, ਅਤੇ ਹਿੰਸਾ ਬਾਰੇ ਬਾਈਬਲ ਦੀ ਅਗਵਾਈ ਅਨੁਸਾਰ ਚੱਲਣ ਨਾਲ ਮਸੀਹੀ ਕਈਆਂ ਬਿਪਤਾਵਾਂ ਤੋਂ ਬਚੇ ਹਨ। ਇਸ ਤੋਂ ਇਲਾਵਾ ਬੁਰੇ ਲੋਕਾਂ ਨਾਲ ਆਉਣੀ-ਜਾਣੀ ਨਾ ਰੱਖਣ ਕਰਕੇ ਅਸੀਂ ਸ਼ਾਇਦ ਕਿਸੇ ਗ਼ਲਤ ਸਮੇਂ ਤੇ ਕਿਸੇ ਬੁਰੇ ਇਲਾਕੇ ਵਿਚ ਨਾ ਹੋਣ ਕਰਕੇ ਸ਼ਾਇਦ ਔਕੜ ਵਿਚ ਨਹੀਂ ਪਵਾਂਗੇ। (ਜ਼ਬੂਰ 26:4, 5; ਕਹਾਉਤਾਂ 4:14) ਬਾਈਬਲ ਦੇ ਸਿਧਾਂਤਾਂ ਅਨੁਸਾਰ ਚੱਲਣ ਵਾਲਿਆਂ ਲੋਕਾਂ ਦੀ ਜ਼ਿੰਦਗੀ ਸੋਹਣੀ ਲੰਘਦੀ ਹੈ ਅਤੇ ਉਹ ਅਕਸਰ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਮਾਣਦੇ ਹਨ।
ਸਭ ਤੋਂ ਜ਼ਿਆਦਾ ਤਸੱਲੀ ਇਸ ਗੱਲ ਤੋਂ ਮਿਲਦੀ ਹੈ ਕਿ ਭਾਵੇਂ ਪਰਮੇਸ਼ੁਰ ਬੁਰੀਆਂ ਘਟਨਾਵਾਂ ਵਾਪਰ ਲੈਣ ਦਿੰਦਾ ਹੈ, ਉਹ ਆਪਣੇ ਭਗਤਾਂ ਨੂੰ ਉਨ੍ਹਾਂ ਨੂੰ ਸਹਾਰ ਲੈਣ ਦੀ ਤਾਕਤ ਵੀ ਬਖ਼ਸ਼ਦਾ ਹੈ। ਪੌਲੁਸ ਰਸੂਲ ਨੇ ਸਾਨੂੰ ਯਕੀਨ ਦਿਲਾਇਆ ਕਿ “ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ ਭਈ ਤੁਸੀਂ ਝੱਲ ਸੱਕੋ।” (1 ਕੁਰਿੰਥੀਆਂ 10:13) ਬਾਈਬਲ ਵਿਚ ਇਹ ਵਾਅਦਾ ਵੀ ਕੀਤਾ ਗਿਆ ਹੈ ਕਿ ਬਿਪਤਾਵਾਂ ਨੂੰ ਝੱਲਣ ਲਈ ਪਰਮੇਸ਼ੁਰ ਸਾਨੂੰ “ਸਮਰੱਥਾ ਦਾ ਅੱਤ ਵੱਡਾ ਮਹਾਤਮ” ਦੇ ਕੇ ਸਾਡੀ ਮਦਦ ਕਰੇਗਾ।—2 ਕੁਰਿੰਥੀਆਂ 4:7.
ਪਰਮੇਸ਼ੁਰ ਆਪਣੀ ਮਰਜ਼ੀ ਮੁਤਾਬਕ ਕਰਦਾ ਹੈ
ਕੀ ਮਸੀਹੀਆਂ ਨੂੰ ਆਸ ਰੱਖਣੀ ਚਾਹੀਦੀ ਹੈ ਕਿ ਪਰਮੇਸ਼ੁਰ ਹਰ ਮੁਸੀਬਤ ਵਿੱਚੋਂ ਕਰਾਮਾਤੀ ਢੰਗ ਨਾਲ ਉਨ੍ਹਾਂ ਨੂੰ ਬਚਾ ਲਵੇਗਾ? ਬਾਈਬਲ ਵਿਚ ਇਸ ਤਰ੍ਹਾਂ ਦੀ ਆਸ ਪੇਸ਼ ਨਹੀਂ ਕੀਤੀ ਜਾਂਦੀ।
ਇਹ ਸੱਚ ਹੈ ਕਿ ਜੇ ਉਹ ਚਾਹੇ ਤਾਂ ਯਹੋਵਾਹ ਪਰਮੇਸ਼ੁਰ ਆਪਣੇ ਸੇਵਕਾਂ ਦੀ ਰੱਖਿਆ ਕਰ ਸਕਦਾ ਹੈ। ਅਤੇ ਜੇ ਕਿਸੇ ਨੂੰ ਯਕੀਨ ਹੈ ਕਿ ਉਹ ਪਰਮੇਸ਼ੁਰ ਦੀ ਮਦਦ ਨਾਲ ਬਚਾਇਆ ਗਿਆ ਹੈ ਤਾਂ ਹੋਰਨਾਂ ਨੂੰ ਉਸ ਵਿਚ ਨੁਕਸ ਨਹੀਂ ਕੱਢਣਾ ਚਾਹੀਦਾ। ਪਰ ਜੇ ਯਹੋਵਾਹ ਕੁਝ ਨਾ ਵੀ ਕਰੇ ਤਾਂ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਉਹ ਸਾਡੇ ਨਾਲ ਨਾਰਾਜ਼ ਹੈ।
ਸਾਨੂੰ ਯਕੀਨ ਕਰਨਾ ਚਾਹੀਦਾ ਹੈ ਕਿ ਭਾਵੇਂ ਸਾਨੂੰ ਜਿਸ ਕਿਸੇ ਹਾਲਤ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ, ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਦੀ ਰਾਖੀ ਕਰੇਗਾ। ਚਾਹੇ ਉਹ ਹਾਲਤ ਬਦਲ ਦੇਵੇ, ਚਾਹੇ ਸਾਨੂੰ ਜਿਗਰਾ ਦੇਵੇ ਤਾਂਕਿ ਅਸੀਂ ਉਸ ਨੂੰ ਸਹਾਰ ਸਕੀਏ ਜਾਂ ਜੇ ਅਸੀਂ ਮੌਤ ਦੀ ਗੋਦ ਵਿਚ ਚਲੇ ਵੀ ਜਾਈਏ ਤਾਂ ਉਹ ਸਾਨੂੰ ਨਵੇਂ ਸੰਸਾਰ ਵਿਚ ਦੁਬਾਰਾ ਜ਼ਿੰਦਾ ਕਰੇਗਾ ਤਾਂਕਿ ਅਸੀਂ ਕਦੇ ਨਾ ਮਰਾਂਗੇ।—ਜ਼ਬੂਰ 37:10, 11, 29; ਯੂਹੰਨਾ 5:28, 29.