ਬਾਈਬਲ ਕੀ ਕਹਿੰਦੀ ਹੈ
ਕੀ ਮੁਰਦਾ ਸਰੀਰ ਨੂੰ ਦਾਗ਼ ਦੇਣਾ ਗ਼ਲਤ ਹੈ?
ਕਈ ਲੋਕ ਸੋਚਦੇ ਹਨ ਕਿ ਮਰੇ ਹੋਏ ਵਿਅਕਤੀ ਨੂੰ ਦਾਗ਼ ਦੇਣੇ ਗ਼ਲਤ ਹਨ ਕਿਉਂਕਿ ਇਸ ਨਾਲ ਉਸ ਦਾ ਅਪਮਾਨ ਹੁੰਦਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਦਾਗ਼ ਦੇਣ ਦੀ ਰੀਤ ਝੂਠੇ ਵਿਸ਼ਵਾਸਾਂ ਉੱਤੇ ਆਧਾਰਿਤ ਹੈ ਅਤੇ ਰੱਬ ਦੀ ਭਗਤੀ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਪਰ ਕਈਆਂ ਨੂੰ ਦਾਗ਼ ਦੇਣ ਦੀ ਰੀਤ ਵਿਚ ਕੋਈ ਖ਼ਰਾਬੀ ਨਜ਼ਰ ਨਹੀਂ ਆਉਂਦੀ। ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ?
ਬਾਈਬਲ ਦੇ ਜ਼ਮਾਨੇ ਵਿਚ ਮੁਰਦਿਆਂ ਨੂੰ ਦੱਬਣ ਦਾ ਰਿਵਾਜ ਹੁੰਦਾ ਸੀ। ਮਿਸਾਲ ਲਈ, ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਨੂੰ ਇਕ ਗੁਫ਼ਾ ਵਿਚ ਦੱਬਿਆ ਸੀ। ਯਿਸੂ ਦੀ ਲਾਸ਼ ਵੀ ਇਕ ਅਜਿਹੀ ਕਬਰ ਦੇ ਅੰਦਰ ਰੱਖੀ ਗਈ ਸੀ ਜਿਹੜੀ ਪੱਥਰ ਵਿਚ ਖੋਦੀ ਗਈ ਸੀ। (ਉਤਪਤ 23:9; ਮੱਤੀ 27:60) ਕੀ ਬਾਈਬਲ ਮੁਤਾਬਕ ਮੁਰਦਿਆਂ ਨੂੰ ਦੱਬਣਾ ਠੀਕ ਹੈ? ਕੀ ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਸੇਵਕ ਦਾਗ਼ ਦੇਣਾ ਗ਼ਲਤ ਸਮਝਦੇ ਸਨ?
ਪਰਮੇਸ਼ੁਰ ਦਾ ਨਜ਼ਰੀਆ ਕੀ ਹੈ?
ਬਾਈਬਲ ਪੜ੍ਹਦਿਆਂ ਸ਼ਾਇਦ ਤੁਹਾਨੂੰ ਲੱਗੇ ਕਿ ਪੁਰਾਣੇ ਜ਼ਮਾਨੇ ਵਿਚ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਦਾਗ਼ ਦਿੱਤਾ ਜਾਂਦਾ ਸੀ ਜਿਨ੍ਹਾਂ ʼਤੇ ਰੱਬ ਦੀ ਮਿਹਰ ਨਹੀਂ ਹੁੰਦੀ ਸੀ। ਮਿਸਾਲ ਲਈ, ਮੂਸਾ ਦੀ ਬਿਵਸਥਾ ਅਨੁਸਾਰ ਜੇ ਕਿਸੇ ਜਾਜਕ ਦੀ ਧੀ ਵੇਸਵਾ ਬਣ ਜਾਂਦੀ ਸੀ, ਤਾਂ ਉਸ ਨੂੰ ਮਾਰਨ ਤੋਂ ਬਾਅਦ ‘ਅੱਗ ਨਾਲ ਸਾੜਿਆ ਜਾਂਦਾ’ ਸੀ। (ਲੇਵੀਆਂ 20:10; 21:9) ਇਕ ਹੋਰ ਮਿਸਾਲ ਉੱਤੇ ਗੌਰ ਕਰੋ। ਆਕਾਨ ਅਤੇ ਉਸ ਦੇ ਪਰਿਵਾਰ ਨੇ ਪਰਮੇਸ਼ੁਰ ਦਾ ਹੁਕਮ ਤੋੜਿਆ ਸੀ ਜਿਸ ਕਰਕੇ ਇਸਰਾਏਲੀਆਂ ਨੂੰ ਅਈ ਨਾਂ ਦੇ ਸ਼ਹਿਰ ਵਿਚ ਆਪਣੇ ਦੁਸ਼ਮਣਾਂ ਦੇ ਹੱਥੋਂ ਹਾਰ ਸਹਿਣੀ ਪਈ। ਨਤੀਜੇ ਵਜੋਂ ਇਸਰਾਏਲੀਆਂ ਨੇ ਆਕਾਨ ਤੇ ਉਸ ਦੇ ਪਰਿਵਾਰ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ “ਅੱਗ ਵਿੱਚ ਸਾੜ ਸੁੱਟਿਆ।” (ਯਹੋਸ਼ੁਆ 7:25) ਕਈ ਵਿਦਵਾਨ ਕਹਿੰਦੇ ਹਨ ਕਿ ਅਜਿਹਾ ਹਸ਼ਰ ਸਿਰਫ਼ ਉਨ੍ਹਾਂ ਦਾ ਹੀ ਹੁੰਦਾ ਸੀ ਜੋ ਪਰਮੇਸ਼ੁਰ ਤੋਂ ਮੂੰਹ ਮੋੜ ਲੈਂਦੇ ਸਨ। ਉਨ੍ਹਾਂ ਦੀਆਂ ਲਾਸ਼ਾਂ ਨੂੰ ਜਲਾਇਆ ਜਾਂਦਾ ਸੀ ਕਿਉਂਕਿ ਉਨ੍ਹਾਂ ਨੂੰ ਦਫ਼ਨਾਉਣ ਦੇ ਲਾਇਕ ਨਹੀਂ ਸਮਝਿਆ ਜਾਂਦਾ ਸੀ।
ਇਸ ਤੋਂ ਇਲਾਵਾ, ਜਦ ਰਾਜਾ ਯੋਸੀਯਾਹ ਨੇ ਯਹੂਦਾਹ ਵਿੱਚੋਂ ਮੂਰਤੀ-ਪੂਜਾ ਹਟਾਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਉਸ ਨੇ ਬਆਲ ਦੀ ਪੂਜਾ ਕਰਨ ਵਾਲੇ ਜਾਜਕਾਂ ਦੀਆਂ ਹੱਡੀਆਂ ਕਬਰਾਂ ਵਿੱਚੋਂ ਕੱਢ ਕੇ ਉਨ੍ਹਾਂ ਦੀਆਂ ਜਗਵੇਦੀਆਂ ਉੱਤੇ ਸਾੜੀਆਂ। (2 ਇਤਹਾਸ 34:4, 5) ਕੀ ਇਨ੍ਹਾਂ ਉਦਾਹਰਣਾਂ ਤੋਂ ਸਾਨੂੰ ਇਸ ਸਿੱਟੇ ʼਤੇ ਪਹੁੰਚਣਾ ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਦਾਗ਼ ਦਿੱਤਾ ਜਾਂਦਾ ਸੀ, ਉਨ੍ਹਾਂ ਉੱਤੇ ਪਰਮੇਸ਼ੁਰ ਦੀ ਮਿਹਰ ਨਹੀਂ ਸੀ? ਨਹੀਂ, ਆਓ ਆਪਾਂ ਅੱਗੇ ਦੇਖੀਏ ਕਿਉਂ।
ਜਦ ਫਲਿਸਤੀਆਂ ਨੇ ਇਸਰਾਏਲ ਦੇ ਰਾਜਾ ਸ਼ਾਊਲ ਨੂੰ ਲੜਾਈ ਵਿਚ ਹਰਾਇਆ ਸੀ, ਤਾਂ ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਤਿੰਨ ਮੁੰਡਿਆਂ ਦਾ ਅਪਮਾਨ ਕਰਨ ਲਈ ਉਨ੍ਹਾਂ ਦੀਆਂ ਲਾਸ਼ਾਂ ਨੂੰ ਬੈਤ-ਸ਼ਾਨ ਦੀ ਕੰਧ ਉੱਤੇ ਟੰਗ ਦਿੱਤਾ ਸੀ। ਜਦ ਯਾਬੇਸ਼ ਗਿਲਆਦ ਵਿਚ ਰਹਿਣ ਵਾਲੇ ਇਸਰਾਏਲੀਆਂ ਨੂੰ ਇਹ ਪਤਾ ਲੱਗਾ, ਤਾਂ ਉਨ੍ਹਾਂ ਨੇ ਲਾਸ਼ਾਂ ਨੂੰ ਕੰਧ ਤੋਂ ਲਾਹ ਕੇ ਜਲਾਇਆ ਅਤੇ ਉਨ੍ਹਾਂ ਦੀਆਂ ਹੱਡੀਆਂ ਨੂੰ ਦੱਬ ਦਿੱਤਾ। (1 ਸਮੂਏਲ 31:2, 8-13) ਸ਼ਾਊਲ ਇਕ ਬੁਰਾ ਆਦਮੀ ਸੀ ਜਿਸ ਨੇ ਯਹੋਵਾਹ ਦੇ ਚੁਣੇ ਹੋਏ ਰਾਜੇ ਦਾਊਦ ਨਾਲ ਲੜਾਈ ਕੀਤੀ ਸੀ। ਇਸ ਕਰਕੇ ਯਹੋਵਾਹ ਦੀ ਮਿਹਰ ਉਸ ਉੱਤੇ ਨਹੀਂ ਰਹੀ। ਬਾਈਬਲ ਵਿਚ ਇਹ ਗੱਲਾਂ ਪੜ੍ਹ ਕੇ ਸ਼ਾਇਦ ਤੁਹਾਨੂੰ ਲੱਗੇ ਕਿ ਲਾਸ਼ਾਂ ਨੂੰ ਦਾਗ਼ ਦੇਣਾ ਗ਼ਲਤ ਹੈ।
ਪਰ ਧਿਆਨ ਦਿਓ ਕਿ ਸ਼ਾਊਲ ਦੇ ਨਾਲ-ਨਾਲ ਉਸ ਦੇ ਪੁੱਤਰ ਯੋਨਾਥਾਨ ਦੀ ਲਾਸ਼ ਨੂੰ ਵੀ ਜਲਾਇਆ ਗਿਆ ਸੀ। ਲੇਕਿਨ ਯੋਨਾਥਾਨ ਬੁਰਾ ਆਦਮੀ ਨਹੀਂ ਸੀ, ਉਹ ਤਾਂ ਦਾਊਦ ਦਾ ਜਿਗਰੀ ਦੋਸਤ ਸੀ। ਇਸਰਾਏਲੀਆਂ ਨੇ ਕਿਹਾ ਸੀ ਕਿ ਯੋਨਾਥਾਨ ਨੇ “ਪਰਮੇਸ਼ੁਰ ਦੇ ਨਾਲ ਕੰਮ ਕੀਤਾ ਹੈ।” (1 ਸਮੂਏਲ 14:45) ਜਦ ਦਾਊਦ ਨੂੰ ਪਤਾ ਲੱਗਾ ਕਿ ਯਾਬੇਸ਼ ਗਿਲਆਦ ਦੇ ਆਦਮੀਆਂ ਨੇ ਸ਼ਾਊਲ ਤੇ ਉਸ ਦੇ ਮੁੰਡਿਆਂ ਦੀਆਂ ਲਾਸ਼ਾਂ ਨੂੰ ਜਲਾ ਕੇ ਹੱਡੀਆਂ ਨੂੰ ਦੱਬ ਦਿੱਤਾ, ਤਾਂ ਉਸ ਨੇ ਉਨ੍ਹਾਂ ਦੀ ਤਾਰੀਫ਼ ਅਤੇ ਧੰਨਵਾਦ ਕਰਦੇ ਹੋਏ ਕਿਹਾ: “ਯਹੋਵਾਹ ਵੱਲੋਂ ਤੁਸੀਂ ਮੁਬਾਰਕ ਹੋਵੋ ਕਿਉਂ ਜੋ ਤੁਸਾਂ ਆਪਣੇ ਮਾਲਕ ਸ਼ਾਊਲ ਉੱਤੇ ਐਡੀ ਦਯਾ ਕੀਤੀ।” ਇਸ ਤੋਂ ਪਤਾ ਲੱਗਦਾ ਹੈ ਕਿ ਦਾਊਦ ਨੇ ਇਸ ਗੱਲ ਦਾ ਬੁਰਾ ਨਹੀਂ ਸੀ ਮਨਾਇਆ ਕਿ ਯੋਨਾਥਾਨ ਅਤੇ ਸ਼ਾਊਲ ਦੀਆਂ ਲਾਸ਼ਾਂ ਨੂੰ ਜਲਾਇਆ ਗਿਆ ਸੀ।—2 ਸਮੂਏਲ 2:4-6.
ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ
ਬਾਈਬਲ ਸਿਖਾਉਂਦੀ ਹੈ ਕਿ ਯਹੋਵਾਹ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਫਿਰ ਤੋਂ ਜੀਉਂਦਾ ਕਰੇਗਾ ਜੋ ਮੌਤ ਦੀ ਨੀਂਦ ਸੌਂ ਗਏ ਹਨ। (ਉਪਦੇਸ਼ਕ ਦੀ ਪੋਥੀ 9:5, 10; ਯੂਹੰਨਾ 5:28, 29) ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕੀਤੇ ਜਾਣ ਦੇ ਸਮੇਂ ਬਾਰੇ ਬਾਈਬਲ ਕਹਿੰਦੀ ਹੈ: “ਸਮੁੰਦਰ ਨੇ ਓਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ, ਅਤੇ ਕਾਲ ਅਤੇ ਪਤਾਲ ਨੇ ਓਹ ਮੁਰਦੇ ਜਿਹੜੇ ਓਹਨਾਂ ਵਿੱਚ ਸਨ ਮੋੜ ਦਿੱਤੇ।” (ਪਰਕਾਸ਼ ਦੀ ਪੋਥੀ 20:13) ਸਰਬਸ਼ਕਤੀਮਾਨ ਪਰਮੇਸ਼ੁਰ ਕਿਸੇ ਨੂੰ ਵੀ ਜ਼ਿੰਦਾ ਕਰ ਸਕਦਾ ਹੈ। ਉਸ ਨੂੰ ਇਸ ਗੱਲ ਦਾ ਫ਼ਰਕ ਨਹੀਂ ਪੈਂਦਾ ਕਿ ਮਰਨ ਤੋਂ ਬਾਅਦ ਉਸ ਬੰਦੇ ਨੂੰ ਦਫ਼ਨਾਇਆ ਜਾਂ ਜਲਾਇਆ ਗਿਆ ਸੀ, ਜਾਂ ਉਹ ਸਮੁੰਦਰ ਵਿਚ ਡੁੱਬ ਕੇ ਮਰਿਆ ਸੀ, ਜਾਂ ਜੰਗਲੀ ਜਾਨਵਰਾਂ ਦੁਆਰਾ ਜਾਂ ਬੰਬ ਧਮਾਕੇ ਵਿਚ ਮਾਰਿਆ ਗਿਆ ਸੀ।
ਬਾਈਬਲ ਇਹ ਨਹੀਂ ਦੱਸਦੀ ਕਿ ਕਿਸੇ ਦੀ ਮੌਤ ਹੋਣ ʼਤੇ ਲਾਸ਼ ਨਾਲ ਕੀ ਕੀਤਾ ਜਾਣਾ ਚਾਹੀਦਾ ਹੈ। ਯਹੋਵਾਹ ਦੀਆਂ ਨਜ਼ਰਾਂ ਵਿਚ ਕਿਸੇ ਨੂੰ ਦਾਗ਼ ਦੇਣਾ ਗ਼ਲਤ ਨਹੀਂ ਹੈ। ਜੋ ਵੀ ਪ੍ਰਬੰਧ ਕੀਤਾ ਜਾਂਦਾ ਹੈ, ਉਹ ਆਦਰ-ਸਤਿਕਾਰ ਨਾਲ ਕੀਤਾ ਜਾਣਾ ਚਾਹੀਦਾ ਹੈ।
ਕੋਈ ਵੀ ਪ੍ਰਬੰਧ ਕਰਨ ਤੋਂ ਪਹਿਲਾਂ ਸਾਨੂੰ ਦੇਖਣਾ ਚਾਹੀਦਾ ਹੈ ਕਿ ਲੋਕ ਇਸ ਬਾਰੇ ਕੀ ਸੋਚਣਗੇ। ਬਾਈਬਲ ਦੇ ਅਸੂਲਾਂ ਉੱਤੇ ਚੱਲਣ ਵਾਲੇ ਲੋਕ ਅਜਿਹਾ ਕੁਝ ਨਹੀਂ ਕਰਨਾ ਚਾਹੁੰਦੇ ਜਿਸ ਤੋਂ ਲੋਕਾਂ ਨੂੰ ਬਿਨਾਂ ਵਜ੍ਹਾ ਠੇਸ ਪਹੁੰਚੇ। ਨਾਲੇ ਸਾਨੂੰ ਅਜਿਹੀ ਕੋਈ ਰੀਤ-ਰਸਮ ਨਹੀਂ ਕਰਨੀ ਚਾਹੀਦੀ ਜੋ ਬਾਈਬਲ ਦੇ ਉਲਟ ਹੈ। ਇਸ ਤਰ੍ਹਾਂ, ਅਸੀਂ ਅਜਿਹਾ ਕੁਝ ਵੀ ਕਰਨ ਤੋਂ ਬਚਾਂਗੇ ਜਿਸ ਤੋਂ ਦੂਸਰਿਆਂ ਨੂੰ ਲੱਗੇ ਕਿ ਅਸੀਂ ਅਮਰ ਆਤਮਾ ਜਾਂ ਅਜਿਹੀਆਂ ਹੋਰ ਝੂਠੀਆਂ ਸਿੱਖਿਆਵਾਂ ਵਿਚ ਵਿਸ਼ਵਾਸ ਕਰਦੇ ਹਾਂ। ਅਖ਼ੀਰ ਵਿਚ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਮੌਤ ਹੋਣ ʼਤੇ ਲਾਸ਼ ਨਾਲ ਕੋਈ ਕੀ ਕਰਨਾ ਚਾਹੁੰਦਾ ਹੈ, ਇਹ ਉਸ ਦਾ ਜਾਂ ਉਸ ਦੇ ਪਰਿਵਾਰ ਦਾ ਆਪਣਾ ਫ਼ੈਸਲਾ ਹੈ। (g09 03)
ਕੀ ਤੁਸੀਂ ਕਦੇ ਸੋਚਿਆ ਹੈ?
◼ ਬਾਈਬਲ ਵਿਚ ਯਹੋਵਾਹ ਦੇ ਕਿਸ ਵਫ਼ਾਦਾਰ ਭਗਤ ਨੂੰ ਦਾਗ਼ ਦਿੱਤੇ ਜਾਣ ਦਾ ਜ਼ਿਕਰ ਆਉਂਦਾ ਹੈ?—1 ਸਮੂਏਲ 31:2, 12.
◼ ਦਾਊਦ ਨੇ ਉਨ੍ਹਾਂ ਆਦਮੀਆਂ ਨੂੰ ਕੀ ਕਿਹਾ ਸੀ ਜਿਨ੍ਹਾਂ ਨੇ ਸ਼ਾਊਲ ਦੀ ਲਾਸ਼ ਨੂੰ ਜਲਾਇਆ ਸੀ?—2 ਸਮੂਏਲ 2:4-6.
◼ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੂੰ ਦਾਗ਼ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰ ਵੀ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ?—ਪਰਕਾਸ਼ ਦੀ ਪੋਥੀ 20:13.
[ਸਫ਼ਾ 11 ਉੱਤੇ ਸੁਰਖੀ]
ਮੌਤ ਹੋਣ ʼਤੇ ਲਾਸ਼ ਨਾਲ ਕੀ ਕੀਤਾ ਜਾਣਾ ਚਾਹੀਦਾ ਹੈ, ਇਸ ਬਾਰੇ ਬਾਈਬਲ ਵਿਚ ਕੁਝ ਨਹੀਂ ਦੱਸਿਆ ਗਿਆ