ਪਰਿਵਾਰ ਦੀ ਮਦਦ ਲਈ | ਵਿਆਹੁਤਾ ਜੀਵਨ
ਧਿਆਨ ਨਾਲ ਗੱਲ ਸੁਣਨੀ ਸਿੱਖੋ
ਚੁਣੌਤੀ
ਤੁਹਾਡੀ ਪਤਨੀ ਕਹਿੰਦੀ ਹੈ: “ਤੁਸੀਂ ਮੇਰੀ ਗੱਲ ਨਹੀਂ ਸੁਣ ਰਹੇ!” ਤੁਸੀਂ ਮਨ ਵਿਚ ਕਹਿੰਦੇ ਹੋ: ‘ਮੈਂ ਸੁਣ ਤਾਂ ਰਿਹਾ।’a ਪਰ ਤੁਸੀਂ ਧਿਆਨ ਨਹੀਂ ਦਿੱਤਾ ਕਿ ਤੁਹਾਡੀ ਪਤਨੀ ਅਸਲ ਵਿਚ ਕਹਿਣਾ ਕੀ ਚਾਹੁੰਦੀ ਸੀ। ਇਸ ਕਰਕੇ ਝਗੜਾ ਸ਼ੁਰੂ ਹੋ ਜਾਂਦਾ ਹੈ।
ਪਰ ਤੁਸੀਂ ਇਨ੍ਹਾਂ ਝਗੜਿਆਂ ਤੋਂ ਬਚ ਸਕਦੇ ਹੋ। ਪਹਿਲਾਂ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਤੁਹਾਡਾ ਧਿਆਨ ਆਪਣੀ ਪਤਨੀ ਦੀਆਂ ਜ਼ਰੂਰੀ ਗੱਲਾਂ ਵੱਲ ਕਿਉਂ ਨਹੀਂ ਜਾਂਦਾ, ਭਾਵੇਂ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਉਸ ਦੀ ਗੱਲ ਸੁਣਦੇ ਹੋ।
ਇਵੇਂ ਕਿਉਂ ਹੁੰਦਾ ਹੈ?
ਤੁਹਾਡਾ ਧਿਆਨ ਕਿਸੇ ਹੋਰ ਪਾਸੇ ਹੈ, ਤੁਸੀਂ ਥੱਕੇ ਹੋਏ ਹੋ ਜਾਂ ਇਨ੍ਹਾਂ ਦੋਵਾਂ ਗੱਲਾਂ ਕਰਕੇ। ਬੱਚੇ ਰੌਲ਼ਾ ਪਾ ਰਹੇ ਹਨ, ਟੀ. ਵੀ. ਦੀ ਆਵਾਜ਼ ਉੱਚੀ ਹੈ ਅਤੇ ਤੁਸੀਂ ਕੰਮ ਤੇ ਆਈ ਕਿਸੇ ਸਮੱਸਿਆ ਬਾਰੇ ਸੋਚ ਰਹੇ ਹੋ। ਤੁਹਾਡੀ ਪਤਨੀ ਤੁਹਾਡੇ ਨਾਲ ਗੱਲ ਕਰਨ ਲੱਗਦੀ ਹੈ। ਉਹ ਤੁਹਾਨੂੰ ਦੱਸ ਰਹੀ ਹੈ ਕਿ ਸ਼ਾਮ ਨੂੰ ਕੁਝ ਮਹਿਮਾਨ ਆ ਰਹੇ ਹਨ। ਤੁਸੀਂ ਸਿਰ ਹਿਲਾ ਕੇ “ਅੱਛਾ” ਕਹਿੰਦੇ ਹੋ, ਪਰ ਕੀ ਤੁਸੀਂ ਧਿਆਨ ਦਿੱਤਾ ਕਿ ਉਹ ਕਹਿ ਕੀ ਰਹੀ ਹੈ? ਸ਼ਾਇਦ ਨਹੀਂ।
ਤੁਸੀਂ ਗੱਲਾਂ ਦਾ ਗ਼ਲਤ ਮਤਲਬ ਕੱਢਦੇ ਹੋ। ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪਤਨੀ ਤੁਹਾਡੇ ʼਤੇ ਦੋਸ਼ ਲਾ ਰਹੀ ਹੈ, ਪਰ ਅਸਲ ਵਿਚ ਤੁਸੀਂ ਉਸ ਦੀਆਂ ਗੱਲਾਂ ਦਾ ਗ਼ਲਤ ਮਤਲਬ ਕੱਢ ਰਹੇ ਹੋ। ਮਿਸਾਲ ਲਈ, ਮੰਨ ਲਓ ਤੁਹਾਡੀ ਪਤਨੀ ਕਹਿੰਦੀ ਹੈ: “ਇਸ ਹਫ਼ਤੇ ਤੁਸੀਂ ਕੰਮ ਤੇ ਕਾਫ਼ੀ ਓਵਰਟਾਈਮ ਲਾਇਆ।” ਤੁਸੀਂ ਸੋਚਦੇ ਹੋ ਕਿ ਉਹ ਤੁਹਾਡੇ ਵਿਚ ਨੁਕਸ ਕੱਢ ਰਹੀ ਹੈ ਤੇ ਤੁਸੀਂ ਝੱਟ ਜਵਾਬ ਦਿੰਦੇ ਹੋ: “ਹੋਰ ਮੈਂ ਕੀ ਕਰਾਂ! ਓਵਰਟਾਈਮ ਕਰਨਾ ਈ ਪੈਣਾ। ਤੇਰੇ ਖ਼ਰਚੇ ਨਹੀਂ ਮੁੱਕਦੇ।” ਤੁਹਾਡੀ ਪਤਨੀ ਗੁੱਸੇ ਵਿਚ ਕਹਿੰਦੀ ਹੈ: “ਮੈਂ ਕਿਹੜਾ ਤੁਹਾਡੇ ਵਿਚ ਨੁਕਸ ਕੱਢ ਰਹੀ ਸੀ!” ਉਹ ਤਾਂ ਕਹਿਣਾ ਚਾਹੁੰਦੀ ਸੀ ਕਿ ਤੁਸੀਂ ਛੁੱਟੀ ਵਾਲੇ ਦਿਨ ਆਰਾਮ ਕਰਿਓ।
ਤੁਸੀਂ ਇਕਦਮ ਮੁਸ਼ਕਲ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਹੋ। ਮਾਰਸੀb ਕਹਿੰਦੀ ਹੈ: “ਕਈ ਵਾਰ ਮੈਂ ਮਾਈਕ ਨਾਲ ਕਿਸੇ ਮੁਸ਼ਕਲ ਬਾਰੇ ਆਪਣੇ ਦਿਲ ਦੀ ਗੱਲ ਕਰਨੀ ਚਾਹੁੰਦੀ ਹਾਂ, ਪਰ ਉਹ ਤੁਰੰਤ ਮੈਨੂੰ ਦੱਸਣ ਲੱਗ ਪੈਂਦਾ ਹੈ ਕਿ ਮੈਂ ਮੁਸ਼ਕਲ ਕਿਵੇਂ ਹੱਲ ਕਰ ਸਕਦੀ ਹਾਂ। ਮੈਂ ਇਹ ਨਹੀਂ ਚਾਹੁੰਦੀ ਕਿ ਉਹ ਮੈਨੂੰ ਹੱਲ ਦੱਸੇ, ਬਸ ਇਹੀ ਦੱਸਣਾ ਚਾਹੁੰਦੀ ਹਾਂ ਕਿ ਮੈਂ ਉਸ ਮੁਸ਼ਕਲ ਬਾਰੇ ਕਿਵੇਂ ਮਹਿਸੂਸ ਕਰਦੀ ਹਾਂ।” ਮਾਈਕ ਦੀ ਸਮੱਸਿਆ ਇਹ ਹੈ ਕਿ ਉਹ ਹੱਲ ਕੱਢਣ ਦੀ ਕਾਹਲੀ ਕਰਦਾ ਹੈ। ਇਸ ਕਰਕੇ ਉਹ ਮਾਰਸੀ ਦੀ ਗੱਲ ਪੂਰੀ ਤਰ੍ਹਾਂ ਜਾਂ ਬਿਲਕੁਲ ਵੀ ਨਹੀਂ ਸਮਝਦਾ।
ਧਿਆਨ ਨਾਲ ਗੱਲ ਨਾ ਸੁਣਨ ਦਾ ਕਾਰਨ ਜੋ ਵੀ ਹੋਵੇ, ਪਰ ਤੁਸੀਂ ਇਸ ਬਾਰੇ ਕੀ ਕਰ ਸਕਦੇ ਹੋ?
ਤੁਸੀਂ ਕੀ ਕਰ ਸਕਦੇ ਹੋ?
ਗੱਲ ਵੱਲ ਪੂਰਾ ਧਿਆਨ ਦਿਓ। ਤੁਹਾਡੀ ਪਤਨੀ ਨੇ ਕੋਈ ਜ਼ਰੂਰੀ ਗੱਲ ਕਰਨੀ ਹੈ, ਪਰ ਕੀ ਤੁਸੀਂ ਉਸ ਦੀ ਗੱਲ ਸੁਣਨ ਲਈ ਤਿਆਰ ਹੋ? ਸ਼ਾਇਦ ਨਹੀਂ। ਤੁਹਾਡਾ ਧਿਆਨ ਕਿਸੇ ਹੋਰ ਕੰਮ ਵੱਲ ਹੈ। ਇਸ ਲਈ ਤੁਸੀਂ ਉਸ ਦੀ ਗੱਲ ਸੁਣਨ ਦਾ ਦਿਖਾਵਾ ਨਾ ਕਰੋ। ਜੇ ਹੋ ਸਕੇ, ਤਾਂ ਤੁਸੀਂ ਜੋ ਵੀ ਕਰ ਰਹੇ ਹੋ, ਉਸ ਨੂੰ ਛੱਡ ਕੇ ਉਸ ਦੀ ਗੱਲ ਵੱਲ ਪੂਰਾ ਧਿਆਨ ਦਿਓ ਜਾਂ ਫਿਰ ਉਸ ਨੂੰ ਕਹਿ ਸਕਦੇ ਹੋ ਕਿ ਤੁਸੀਂ ਬਾਅਦ ਵਿਚ ਇਸ ਬਾਰੇ ਗੱਲ ਕਰ ਸਕਦੇ ਹੋ।—ਬਾਈਬਲ ਦਾ ਅਸੂਲ: ਯਾਕੂਬ 1:19.
ਵਾਰੀ-ਵਾਰੀ ਗੱਲ ਕਰੋ। ਜਦੋਂ ਤੁਹਾਡੀ ਸੁਣਨ ਦੀ ਵਾਰੀ ਹੈ, ਤਾਂ ਆਪਣੇ ਆਪ ਨੂੰ ਪਤਨੀ ਦੀ ਗੱਲ ਨੂੰ ਵਿੱਚੋਂ ਟੋਕਣ ਜਾਂ ਅਸਹਿਮਤੀ ਪ੍ਰਗਟ ਕਰਨ ਤੋਂ ਰੋਕੋ। ਤੁਹਾਨੂੰ ਵੀ ਗੱਲ ਕਰਨ ਦਾ ਮੌਕਾ ਮਿਲੇਗਾ। ਪਰ ਹੁਣ ਸਿਰਫ਼ ਸੁਣੋ।—ਬਾਈਬਲ ਦਾ ਅਸੂਲ: ਕਹਾਉਤਾਂ 18:13.
ਸਵਾਲ ਪੁੱਛੋ। ਸਵਾਲ ਪੁੱਛ ਕੇ ਤੁਸੀਂ ਆਪਣੀ ਪਤਨੀ ਦੀ ਗੱਲ ਚੰਗੀ ਤਰ੍ਹਾਂ ਸਮਝੋਗੇ। ਮਾਰਸੀ ਕਹਿੰਦੀ ਹੈ: “ਮੈਨੂੰ ਚੰਗਾ ਲੱਗਦਾ ਜਦੋਂ ਮਾਈਕ ਮੈਨੂੰ ਸਵਾਲ ਪੁੱਛਦਾ। ਇਸ ਤੋਂ ਮੈਨੂੰ ਪਤਾ ਲੱਗਦਾ ਹੈ ਕਿ ਉਹ ਮੇਰੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਹੈ।”
ਮਤਲਬ ਸਮਝਣ ਦੀ ਕੋਸ਼ਿਸ਼ ਕਰੋ। ਧਿਆਨ ਦਿਓ ਕਿ ਤੁਹਾਡੀ ਪਤਨੀ ਦੇ ਚਿਹਰੇ ʼਤੇ ਕੀ ਹਾਵ-ਭਾਵ ਹਨ ਤੇ ਉਹ ਕਿਸ ਲਹਿਜੇ ਵਿਚ ਗੱਲ ਕਰ ਰਹੀ ਹੈ। ਜੇ ਉਹ ਕਹਿੰਦੀ ਹੈ: “ਠੀਕ ਹੈ,” ਤਾਂ ਇਸ ਦਾ ਮਤਲਬ ਅਸਲ ਵਿਚ ਹੋ ਸਕਦਾ ਹੈ: “ਠੀਕ ਨਹੀਂ ਹੈ।” ਇਹ ਨਿਰਭਰ ਕਰਦਾ ਹੈ ਕਿ ਉਹ ਇਹ ਗੱਲ ਕਿਸ ਤਰ੍ਹਾਂ ਕਹਿੰਦੀ ਹੈ। “ਤੁਸੀਂ ਕਦੀ ਮੇਰੀ ਮਦਦ ਨਹੀਂ ਕਰਦੇ” ਦਾ ਅਸਲ ਵਿਚ ਮਤਲਬ ਹੋ ਸਕਦਾ ਹੈ, “ਤੁਹਾਡੀਆਂ ਨਜ਼ਰਾਂ ਵਿਚ ਮੇਰੀ ਕੋਈ ਅਹਿਮੀਅਤ ਨਹੀਂ।” ਇਸ ਲਈ ਉਸ ਦੀ ਗੱਲ ਦਾ ਸਹੀ ਮਤਲਬ ਸਮਝਣ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ, ਤਾਂ ਤੁਹਾਡਾ ਝਗੜਾ ਹੋ ਸਕਦਾ ਹੈ।
ਪੂਰੀ ਗੱਲ ਸੁਣੋ। ਉਸ ਦੀ ਗੱਲ ਨੂੰ ਅਣਗੌਲ਼ਿਆਂ ਨਾ ਕਰੋ ਜਾਂ ਉੱਥੋਂ ਚਲੇ ਨਾ ਜਾਓ, ਭਾਵੇਂ ਤੁਹਾਨੂੰ ਉਸ ਦੀ ਗੱਲ ਚੰਗੀ ਨਹੀਂ ਲੱਗਦੀ। ਮਿਸਾਲ ਲਈ, ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਡੀ ਪਤਨੀ ਤੁਹਾਡੇ ਵਿਚ ਨੁਕਸ ਕੱਢਦੀ ਹੈ? 60 ਤੋਂ ਜ਼ਿਆਦਾ ਸਾਲਾਂ ਤੋਂ ਵਿਆਹਿਆ ਗ੍ਰੈਗਰੀ ਸਲਾਹ ਦਿੰਦਾ ਹੈ: “ਉਸ ਦੀ ਗੱਲ ਸੁਣਦੇ ਰਹੋ। ਉਹ ਜੋ ਕਹਿ ਰਹੀ ਹੈ, ਉਸ ਬਾਰੇ ਧਿਆਨ ਨਾਲ ਸੋਚੋ। ਇਸ ਤਰ੍ਹਾਂ ਕਰਨ ਲਈ ਸਮਝਦਾਰੀ ਦੀ ਲੋੜ ਹੈ, ਪਰ ਤੁਹਾਨੂੰ ਹੀ ਇਸ ਤੋਂ ਫ਼ਾਇਦਾ ਹੋਵੇਗਾ।”—ਬਾਈਬਲ ਦਾ ਅਸੂਲ: ਕਹਾਉਤਾਂ 18:15.
ਦਿਲੋਂ ਆਪਣੀ ਪਤਨੀ ਵਿਚ ਦਿਲਚਸਪੀ ਲਓ। ਜਦ ਕੋਈ ਕਿਸੇ ਦੀ ਗੱਲ ਧਿਆਨ ਨਾਲ ਸੁਣਦਾ ਹੈ, ਤਾਂ ਇਸ ਤੋਂ ਉਸ ਦੇ ਪਿਆਰ ਦਾ ਸਬੂਤ ਮਿਲਦਾ ਹੈ। ਜਦੋਂ ਤੁਸੀਂ ਦਿਲੋਂ ਆਪਣੀ ਪਤਨੀ ਦੀਆਂ ਗੱਲਾਂ ਵਿਚ ਦਿਲਚਸਪੀ ਲੈਂਦੇ ਹੋ, ਤਾਂ ਫਿਰ ਤੁਸੀਂ ਉਸ ਦੀਆਂ ਗੱਲਾਂ ਮਜਬੂਰ ਹੋ ਕੇ ਨਹੀਂ ਸੁਣੋਗੇ, ਸਗੋਂ ਸੁਣਨ ਲਈ ਉਤਾਵਲੇ ਹੋਵੋਗੇ। ਇਸ ਤਰ੍ਹਾਂ ਕਰ ਕੇ ਤੁਸੀਂ ਬਾਈਬਲ ਦੀ ਇਹ ਸਲਾਹ ਮੰਨ ਰਹੇ ਹੋਵੋਗੇ: “ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।”—ਫ਼ਿਲਿੱਪੀਆਂ 2:4. (w13-E 12/01)
a ਇਸ ਲੇਖ ਵਿਚ ਪਤੀਆਂ ਨੂੰ ਮੁੱਖ ਰੱਖ ਕੇ ਸਲਾਹ ਦਿੱਤੀ ਗਈ ਹੈ, ਪਰ ਇਹ ਸਲਾਹ ਪਤੀ-ਪਤਨੀ ਦੋਵਾਂ ʼਤੇ ਲਾਗੂ ਹੁੰਦੀ ਹੈ।
b ਇਸ ਲੇਖ ਵਿਚ ਨਾਂ ਬਦਲੇ ਗਏ ਹਨ।