ਕਹਾਣੀ 112
ਟਾਪੂ ਉੱਤੇ ਜਹਾਜ਼ ਤਬਾਹ ਹੋਇਆ
ਜ਼ਰਾ ਦੇਖੋ ਜਹਾਜ਼ ਨੂੰ ਕੀ ਹੋ ਰਿਹਾ ਹੈ। ਲੱਗਦਾ ਹੈ ਕਿ ਇਹ ਪਾਣੀ ਵਿਚ ਡੁੱਬ ਰਿਹਾ ਹੈ। ਕਈ ਲੋਕਾਂ ਨੇ ਤਾਂ ਜਾਨ ਬਚਾਉਣ ਲਈ ਪਾਣੀ ਵਿਚ ਛਾਲ ਮਾਰ ਦਿੱਤੀ ਹੈ। ਉਨ੍ਹਾਂ ਵਿੱਚੋਂ ਕਈ ਤਾਂ ਸਮੁੰਦਰ ਦੇ ਕਿਨਾਰੇ ਤਕ ਵੀ ਪਹੁੰਚ ਗਏ। ਤਸਵੀਰ ਵਿਚ ਪੌਲੁਸ ਵੀ ਹੈ। ਚਲੋ ਆਓ ਦੇਖੀਏ ਉਸ ਦੀ ਜ਼ਿੰਦਗੀ ਵਿਚ ਹੁਣ ਕੀ ਹੋ ਰਿਹਾ ਸੀ।
ਤੁਹਾਨੂੰ ਯਾਦ ਹੀ ਹੋਣਾ ਪੌਲੁਸ ਪਿਛਲੇ ਦੋ ਸਾਲਾਂ ਤੋਂ ਕੈਸਰਿਯਾ ਦੀ ਇਕ ਜੇਲ੍ਹ ਵਿਚ ਬੰਦ ਸੀ। ਫਿਰ ਪੌਲੁਸ ਅਤੇ ਕੁਝ ਹੋਰ ਕੈਦੀਆਂ ਨੂੰ ਇਸ ਜਹਾਜ਼ ਰਾਹੀਂ ਰੋਮ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਨੇ ਕ੍ਰੀਟ ਨਾਮ ਦਾ ਟਾਪੂ ਅਜੇ ਪਾਰ ਹੀ ਕੀਤਾ ਸੀ ਕਿ ਵੱਡਾ ਤੂਫ਼ਾਨ ਆ ਗਿਆ। ਹਨੇਰੀ ਇੰਨੀ ਜ਼ੋਰ ਦੀ ਵੱਗ ਰਹੀ ਸੀ ਕਿ ਜਹਾਜ਼ ਨੂੰ ਚਲਾਉਣ ਵਾਲੇ ਉਸ ਨੂੰ ਸੰਭਾਲ ਨਾ ਪਾਏ। ਚਾਰੇ ਪਾਸੇ ਘੁੱਪ ਹਨੇਰਾ ਛਾਇਆ ਹੋਇਆ ਸੀ। ਦਿਨ ਨੂੰ ਨਾ ਸੂਰਜ ਦਿੱਸਦਾ ਸੀ ਤੇ ਨਾ ਹੀ ਰਾਤ ਨੂੰ ਤਾਰੇ। ਇਹ ਸਿਲਸਿਲਾ ਕਈ ਦਿਨਾਂ ਤਕ ਚੱਲਦਾ ਰਿਹਾ। ਜਹਾਜ਼ ਤੇ ਸਵਾਰ ਲੋਕਾਂ ਨੇ ਤਾਂ ਹੁਣ ਆਪਣੇ ਬਚਾਅ ਦੀ ਉਮੀਦ ਹੀ ਛੱਡ ਦਿੱਤੀ ਸੀ।
ਪੌਲੁਸ ਨੇ ਖੜ੍ਹਾ ਹੋ ਕੇ ਲੋਕਾਂ ਨੂੰ ਕਿਹਾ: ‘ਤੁਹਾਡੇ ਵਿੱਚੋਂ ਕਿਸੇ ਦੀ ਵੀ ਜਾਨ ਨਹੀਂ ਜਾਵੇਗੀ, ਸਿਰਫ਼ ਜਹਾਜ਼ ਹੀ ਤਬਾਹ ਹੋਵੇਗਾ। ਕੱਲ੍ਹ ਰਾਤੀਂ ਪਰਮੇਸ਼ੁਰ ਦੇ ਇਕ ਫ਼ਰਿਸ਼ਤੇ ਨੇ ਮੈਨੂੰ ਆ ਕੇ ਕਿਹਾ: “ਹੇ ਪੌਲੁਸ, ਨਾ ਡਰ! ਤੂੰ ਰੋਮ ਦੇ ਰਾਜੇ ਕੈਸਰ ਅੱਗੇ ਜ਼ਰੂਰ ਹਾਜ਼ਰ ਹੋਵੇਂਗਾ। ਪਰਮੇਸ਼ੁਰ ਉਨ੍ਹਾਂ ਸਾਰਿਆਂ ਲੋਕਾਂ ਨੂੰ ਬਚਾਵੇਗਾ ਜੋ ਤੇਰੇ ਨਾਲ ਸਫ਼ਰ ਕਰ ਰਹੇ ਹਨ।”’
ਪੂਰੇ 14 ਦਿਨ ਤੂਫ਼ਾਨ ਦਾ ਸਾਮ੍ਹਣਾ ਕਰਨ ਤੋਂ ਬਾਅਦ ਜਹਾਜ਼ੀਆਂ ਨੇ ਦੇਖਿਆ ਕਿ ਪਾਣੀ ਹੁਣ ਘੱਟ ਰਿਹਾ ਸੀ। ਉਨ੍ਹਾਂ ਨੂੰ ਡਰ ਸੀ ਕਿ ਕਿਤੇ ਹਨੇਰੇ ਵਿਚ ਕਿਸ਼ਤੀ ਕਿਸੇ ਪੱਥਰ ਨਾਲ ਨਾ ਜਾ ਟਕਰਾਏ। ਇਸ ਲਈ ਜਹਾਜ਼ ਨੂੰ ਰੋਕਣ ਲਈ ਉਨ੍ਹਾਂ ਨੇ ਜਹਾਜ਼ ਦੇ ਲੰਗਰ ਸਮੁੰਦਰ ਵਿਚ ਸੁੱਟ ਦਿੱਤੇ। ਅਗਲੇ ਦਿਨ ਉਨ੍ਹਾਂ ਨੂੰ ਸਮੁੰਦਰ ਦਾ ਕਿਨਾਰਾ ਨਜ਼ਰ ਆਉਣ ਲੱਗਾ। ਉਨ੍ਹਾਂ ਨੇ ਜਹਾਜ਼ ਨੂੰ ਸਮੁੰਦਰ ਦੇ ਕਿਨਾਰੇ ਤਕ ਲੈ ਜਾਣ ਦੀ ਕੋਸ਼ਿਸ਼ ਕੀਤੀ।
ਜਦ ਜਹਾਜ਼ ਸਮੁੰਦਰ ਦੇ ਕੰਢੇ ਤੇ ਪਹੁੰਚਿਆ, ਤਾਂ ਉਹ ਰੇਤੇ ਵਿਚ ਅਟਕ ਕੇ ਰੁਕ ਗਿਆ। ਫਿਰ ਪਾਣੀ ਦੀਆਂ ਛੱਲਾਂ ਜ਼ੋਰ-ਜ਼ੋਰ ਦੀ ਜਹਾਜ਼ ਨਾਲ ਟਕਰਾਉਣ ਲੱਗੀਆਂ ਅਤੇ ਜਹਾਜ਼ ਦੇ ਟੋਟੇ-ਟੋਟੇ ਹੋ ਗਏ। ਫਿਰ ਫ਼ੌਜੀ ਅਫ਼ਸਰ ਨੇ ਕੈਦੀਆਂ ਨੂੰ ਕਿਹਾ: ‘ਤੁਹਾਡੇ ਵਿੱਚੋਂ ਜਿਨ੍ਹਾਂ ਨੂੰ ਤੈਰਨਾ ਆਉਂਦਾ ਹੈ, ਉਹ ਸਮੁੰਦਰ ਵਿਚ ਪਹਿਲਾਂ ਛਾਲ ਮਾਰਨ ਅਤੇ ਤੈਰ ਕੇ ਕਿਨਾਰੇ ਤੇ ਚਲੇ ਜਾਣ। ਬਾਕੀ ਦੇ ਲੋਕ ਉਨ੍ਹਾਂ ਦੇ ਪਿੱਛੇ ਛਾਲ ਮਾਰਨ ਅਤੇ ਜਹਾਜ਼ ਤੋਂ ਟੁੱਟੇ ਹੋਏ ਕਿਸੇ ਟੁਕੜੇ ਨੂੰ ਫੜ ਲੈਣ।’ ਉਨ੍ਹਾਂ ਸਭ ਨੇ ਇੱਦਾਂ ਹੀ ਕੀਤਾ। ਫ਼ਰਿਸ਼ਤੇ ਦੀ ਗੱਲ ਸੱਚ ਹੀ ਸਾਬਤ ਹੋਈ ਅਤੇ ਪੂਰੇ 276 ਜਣੇ ਸਹੀ ਸਲਾਮਤ ਕਿਨਾਰੇ ਤਕ ਪਹੁੰਚ ਗਏ।
ਇਸ ਟਾਪੂ ਦਾ ਨਾਮ ਮਾਲਟਾ ਸੀ। ਇੱਥੇ ਰਹਿਣ ਵਾਲੇ ਲੋਕ ਬਹੁਤ ਹੀ ਚੰਗੇ ਸਨ। ਉਨ੍ਹਾਂ ਨੇ ਪੌਲੁਸ ਅਤੇ ਬਾਕੀ ਸਾਰੇ ਲੋਕਾਂ ਦੀ ਦੇਖ-ਭਾਲ ਕੀਤੀ। ਮੌਸਮ ਜਦ ਠੀਕ ਹੋ ਗਿਆ, ਤਾਂ ਪੌਲੁਸ ਨੂੰ ਇਕ ਹੋਰ ਜਹਾਜ਼ ਵਿਚ ਬਿਠਾ ਕੇ ਰੋਮ ਪਹੁੰਚਾਇਆ ਗਿਆ।
ਰਸੂਲਾਂ ਦੇ ਕਰਤੱਬ 27:1-44; 28:1-14.