ਉਨ੍ਹਾਂ ਨੇ ਯਹੋਵਾਹ ਦੀ ਇੱਛਾ ਪੂਰੀ ਕੀਤੀ
ਪੌਲੁਸ ਆਫ਼ਤ ਉਤੇ ਜਿੱਤ ਪ੍ਰਾਪਤ ਕਰਦਾ ਹੈ
ਪੌਲੁਸ ਬਹੁਤ ਔਖੀ ਸਥਿਤੀ ਵਿਚ ਹੈ। ਉਹ ਅਤੇ 275 ਵਿਅਕਤੀ ਇਕ ਸਮੁੰਦਰੀ ਜਹਾਜ਼ ਉੱਤੇ ਹਨ, ਜਿਹੜਾ ਕਿ ਯੂਰਕੂਲੋਨ—ਭੂਮੱਧ-ਸਾਗਰ ਵਿਚ ਆਉਣ ਵਾਲੇ ਤੇਜ਼ ਤੂਫ਼ਾਨ—ਵਿਚ ਫਸ ਜਾਂਦਾ ਹੈ। ਤੂਫ਼ਾਨ ਐਨਾ ਪ੍ਰਚੰਡ ਹੈ ਕਿ ਦਿਨ ਵੇਲੇ ਸੂਰਜ ਦਿਖਾਈ ਨਹੀਂ ਦਿੰਦਾ ਹੈ, ਨਾ ਹੀ ਰਾਤ ਨੂੰ ਤਾਰੇ। ਅਸੀਂ ਸਮਝ ਸਕਦੇ ਹਾਂ ਕਿ ਯਾਤਰੀ ਆਪਣੀਆਂ ਜਾਨਾਂ ਲਈ ਬਹੁਤ ਡਰੇ ਹੋਏ ਹਨ। ਫਿਰ ਵੀ, ਪੌਲੁਸ ਉਨ੍ਹਾਂ ਨੂੰ ਉਹ ਗੱਲ ਦੱਸ ਕੇ ਦਿਲਾਸਾ ਦਿੰਦਾ ਹੈ ਜੋ ਪਰਮੇਸ਼ੁਰ ਨੇ ਉਸ ਨੂੰ ਸੁਪਨੇ ਵਿਚ ਪ੍ਰਗਟ ਕੀਤੀ ਸੀ: “ਤੁਹਾਡੇ ਵਿੱਚੋਂ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇਗਾ ਪਰ ਨਿਰਾ ਜਹਾਜ ਦਾ।”—ਰਸੂਲਾਂ ਦੇ ਕਰਤੱਬ 27:14, 20-22.
ਤੂਫ਼ਾਨ ਦੀ 14ਵੀਂ ਰਾਤ ਨੂੰ ਮਲਾਹ ਇਕ ਹੈਰਾਨੀਜਨਕ ਖੋਜ ਕਰਦੇ ਹਨ—ਪਾਣੀ ਸਿਰਫ਼ 20 ਫੈਦਮ ਡੂੰਘਾ ਹੈ।a ਥੋੜ੍ਹੀ ਦੂਰੀ ਤੇ, ਉਹ ਡੂੰਘਾਈ ਨੂੰ ਫਿਰ ਤੋਂ ਨਾਪਦੇ ਹਨ। ਇਸ ਵਾਰ, ਪਾਣੀ ਸਿਰਫ਼ 15 ਫੈਦਮ ਡੂੰਘਾ ਹੈ। ਕਿਨਾਰਾ ਨੇੜੇ ਹੈ! ਪਰ ਇਹ ਖ਼ੁਸ਼ ਖ਼ਬਰੀ ਇਕ ਖ਼ਤਰੇ ਵੱਲ ਸੰਕੇਤ ਕਰਦੀ ਹੈ। ਰਾਤ ਵੇਲੇ ਲਹਿਰਾਂ ਵਿਚ ਹਿਚਕੋਲੇ ਖਾਣ ਕਰਕੇ, ਘੱਟ ਡੂੰਘੇ ਪਾਣੀ ਵਿਚ ਜਹਾਜ਼ ਚਟਾਨਾਂ ਨਾਲ ਟਕਰਾ ਸਕਦਾ ਸੀ ਅਤੇ ਟੁੱਟ ਸਕਦਾ ਸੀ। ਸਮਝਦਾਰੀ ਦਿਖਾਉਂਦੇ ਹੋਏ ਮਲਾਹ ਲੰਗਰ ਸੁੱਟ ਦਿੰਦੇ ਹਨ। ਉਨ੍ਹਾਂ ਵਿੱਚੋਂ ਕੁਝ ਮਲਾਹ ਆਪਣੀਆਂ ਜਾਨਾਂ ਬਚਾਉਣ ਲਈ ਡੌਂਗੀਆਂ ਨੂੰ ਸਮੁੰਦਰ ਵਿਚ ਉਤਾਰ ਕੇ ਉਸ ਵਿਚ ਜਾਣਾ ਚਾਹੁੰਦੇ ਹਨ।b ਪਰ ਪੌਲੁਸ ਉਨ੍ਹਾਂ ਨੂੰ ਰੋਕਦਾ ਹੈ। ਉਹ ਸੂਬੇਦਾਰ ਅਤੇ ਸਿਪਾਹੀਆਂ ਨੂੰ ਦੱਸਦਾ ਹੈ: “ਜੇ ਏਹ ਜਹਾਜ਼ ਉੱਤੇ ਨਾ ਰਹਿਣ ਤਾਂ ਤੁਸੀਂ ਨਹੀਂ ਬਚ ਸੱਕਦੇ।” ਸੂਬੇਦਾਰ ਪੌਲੁਸ ਦੀ ਗੱਲ ਮੰਨ ਲੈਂਦਾ ਹੈ ਅਤੇ ਹੁਣ ਸਾਰੇ 276 ਯਾਤਰੀ ਬੇਚੈਨੀ ਨਾਲ ਸਵੇਰ ਹੋਣ ਦੀ ਉਡੀਕ ਕਰਦੇ ਹਨ।—ਰਸੂਲਾਂ ਦੇ ਕਰਤੱਬ 27:27-32.
ਜਹਾਜ਼ ਟੁੱਟ ਜਾਂਦਾ ਹੈ
ਅਗਲੀ ਸਵੇਰ, ਜਹਾਜ਼ ਦੇ ਯਾਤਰੀ ਇਕ ਖਾੜੀ ਵਿਚ ਇਕ ਕਿਨਾਰਾ ਦੇਖਦੇ ਹਨ। ਦੁਬਾਰਾ ਉਮੀਦ ਜਾਗਣ ਨਾਲ, ਮਲਾਹ ਲੰਗਰ ਖੋਲ੍ਹ ਦਿੰਦੇ ਹਨ ਅਤੇ ਅਗਲੇ ਪਾਸੇ ਦੇ ਪਾਲ ਹਵਾ ਵਿਚ ਖੁੱਲ੍ਹਾ ਛੱਡ ਦਿੰਦੇ ਹਨ। ਜਹਾਜ਼ ਕਿਨਾਰੇ ਵੱਲ ਵਧਣਾ ਸ਼ੁਰੂ ਹੁੰਦਾ ਹੈ—ਬਿਨਾਂ ਸ਼ੱਕ ਉਦੋਂ ਆਨੰਦ ਦੇ ਜੈਕਾਰੇ ਗੂੰਝੇ ਹੋਣਗੇ।—ਰਸੂਲਾਂ ਦੇ ਕਰਤੱਬ 27:39, 40.
ਪਰ ਅਚਾਨਕ ਜਹਾਜ਼ ਰੇਤ ਦੇ ਟਿੱਲੇ ਵਿਚ ਫਸ ਜਾਂਦਾ ਹੈ। ਮਾਮਲਾ ਉਦੋਂ ਹੋਰ ਵੀ ਵਿਗੜ ਜਾਂਦਾ ਹੈ ਜਦੋਂ ਤੇਜ਼ ਲਹਿਰਾਂ ਦੇ ਟਕਰਾਉਣ ਨਾਲ ਜਹਾਜ਼ ਦਾ ਪਿਛਲਾ ਹਿੱਸਾ ਟੁੱਟ ਜਾਂਦਾ ਹੈ। ਸਾਰੇ ਯਾਤਰੀਆਂ ਨੂੰ ਜਹਾਜ਼ ਛੱਡਣਾ ਪਵੇਗਾ! (ਰਸੂਲਾਂ ਦੇ ਕਰਤੱਬ 27:41) ਪਰ ਇਸ ਨਾਲ ਇਕ ਮੁਸ਼ਕਲ ਖੜ੍ਹੀ ਹੁੰਦੀ ਹੈ। ਜਹਾਜ਼ ਵਿਚ ਬਹੁਤ ਸਾਰੇ ਲੋਕ—ਪੌਲੁਸ ਵੀ—ਕੈਦੀ ਹਨ। ਰੋਮੀ ਕਾਨੂੰਨ ਦੇ ਅਨੁਸਾਰ, ਜੇਕਰ ਇਕ ਕੈਦੀ ਭੱਜ ਜਾਂਦਾ ਸੀ, ਤਾਂ ਉਸ ਦੇ ਰਾਖੇ ਨੂੰ ਉਹੀ ਸਜ਼ਾ ਮਿਲਦੀ ਸੀ ਜੋ ਉਸ ਦੇ ਕੈਦੀ ਨੂੰ ਮਿਲਣੀ ਸੀ। ਉਦਾਹਰਣ ਲਈ, ਜੇਕਰ ਇਕ ਖ਼ੂਨੀ ਭੱਜ ਜਾਂਦਾ ਸੀ, ਤਾਂ ਲਾਪਰਵਾਹ ਰਾਖੇ ਨੂੰ ਆਪਣੀ ਜਾਨ ਦੇਣੀ ਪੈਂਦੀ ਸੀ।
ਅਜਿਹੀ ਸਜ਼ਾ ਦੇ ਡਰ ਕਾਰਨ, ਸਿਪਾਹੀ ਸਾਰੇ ਕੈਦੀਆਂ ਨੂੰ ਮੌਤ ਦੇ ਘਾਟ ਉਤਾਰਨ ਦਾ ਫ਼ੈਸਲਾ ਕਰਦੇ ਹਨ। ਪਰ, ਸੂਬੇਦਾਰ ਜੋ ਪੌਲੁਸ ਦਾ ਦੋਸਤ ਹੈ, ਨੇ ਉਨ੍ਹਾਂ ਨੂੰ ਰੋਕਿਆ। ਉਹ ਉਨ੍ਹਾਂ ਸਾਰਿਆਂ ਨੂੰ, ਜੋ ਤੈਰ ਸਕਦੇ ਹਨ ਪਾਣੀ ਵਿਚ ਛਾਲ ਮਾਰ ਕੇ ਕਿਨਾਰੇ ਤਕ ਜਾਣ ਦਾ ਹੁਕਮ ਦਿੰਦਾ ਹੈ। ਜਿਹੜੇ ਤੈਰ ਨਹੀਂ ਸਕਦੇ ਹਨ, ਉਨ੍ਹਾਂ ਨੂੰ ਫੱਟਿਆਂ ਜਾਂ ਕਿਸ਼ਤੀ ਵਿੱਚੋਂ ਦੂਸਰੀਆਂ ਚੀਜ਼ਾਂ ਨੂੰ ਫੜ ਕੇ ਤੈਰਨਾ ਪਵੇਗਾ। ਤਬਾਹ ਹੋਏ ਜਹਾਜ਼ ਵਿੱਚੋਂ ਸਾਰੇ ਯਾਤਰੀ ਇਕ-ਇਕ ਕਰ ਕੇ, ਕਿਨਾਰੇ ਤੇ ਪਹੁੰਚ ਜਾਂਦੇ ਹਨ। ਪੌਲੁਸ ਦੇ ਕਹਿਣ ਅਨੁਸਾਰ ਕਿਸੇ ਦੀ ਵੀ ਜਾਨ ਨਹੀਂ ਜਾਂਦੀ ਹੈ!—ਰਸੂਲਾਂ ਦੇ ਕਰਤੱਬ 27:42-44.
ਮਾਲਟਾ ਉੱਤੇ ਚਮਤਕਾਰ
ਥੱਕੇ ਹੋਏ ਯਾਤਰੀਆਂ ਨੂੰ ਮਾਲਟਾ ਨਾਂ ਦੇ ਇਕ ਟਾਪੂ ਉੱਤੇ ਸ਼ਰਨ ਮਿਲੀ ਹੈ। ਉੱਥੋਂ ਦੇ ਨਿਵਾਸੀ “ਵਿਦੇਸ਼ੀ ਭਾਸ਼ਾ” ਬੋਲਣ ਵਾਲੇ ਲੋਕ ਹਨ ਜਿਸ ਦਾ ਸ਼ਾਬਦਿਕ ਅਰਥ ਹੈ “ਅਸੱਭਿਅ” (ਯੂਨਾਨੀ, ਬਾਰਬੇਰੋਸ)।c ਪਰ ਮਾਲਟਾ ਦੇ ਲੋਕ ਜੰਗਲੀ ਨਹੀਂ ਹਨ। ਇਸ ਦੇ ਉਲਟ, ਲੂਕਾ ਜੋ ਪੌਲੁਸ ਨਾਲ ਯਾਤਰਾ ਕਰ ਰਿਹਾ ਹੈ, ਦੱਸਦਾ ਹੈ ਕਿ ਉਨ੍ਹਾਂ ਨੇ “ਸਾਡੇ ਨਾਲ ਵੱਡਾ ਭਾਰਾ ਸਲੂਕ ਕੀਤਾ ਕਿ ਉਨ੍ਹਾਂ ਉਸ ਵੇਲੇ ਮੀਂਹ ਦੀ ਝੜੀ ਅਤੇ ਪਾਲੇ ਦੇ ਕਾਰਨ ਅੱਗ ਬਾਲ ਕੇ ਅਸਾਂ ਸਭਨਾਂ ਨੂੰ ਕੋਲ ਬੁਲਾ ਲਿਆ।” ਪੌਲੁਸ ਵੀ ਮਾਲਟਾ ਦੇ ਨਿਵਾਸੀਆਂ ਨਾਲ ਮਿਲ ਕੇ ਲੱਕੜੀਆਂ ਇਕੱਠੀਆਂ ਕਰਦਾ ਹੈ ਅਤੇ ਅੱਗ ਵਿਚ ਪਾਉਂਦਾ ਹੈ।—ਰਸੂਲਾਂ ਦੇ ਕਰਤੱਬ 28:1-3.
ਅਚਾਨਕ ਇਕ ਸੱਪ ਪੌਲੁਸ ਦੇ ਹੱਥ ਨੂੰ ਵੱਲ ਪਾ ਲੈਂਦਾ ਹੈ! ਟਾਪੂ ਦੇ ਨਿਵਾਸੀ ਸੋਚਦੇ ਹਨ ਕਿ ਪੌਲੁਸ ਜ਼ਰੂਰ ਖ਼ੂਨੀ ਹੈ। ਉਹ ਸ਼ਾਇਦ ਸੋਚਦੇ ਹਨ ਕਿ ਪਰਮੇਸ਼ੁਰ ਪਾਪੀਆਂ ਦੇ ਸਰੀਰ ਦੇ ਉਸ ਅੰਗ ਉੱਤੇ ਹਮਲਾ ਕਰ ਕੇ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ ਜੋ ਪਾਪ ਕਰਨ ਲਈ ਵਰਤਿਆ ਗਿਆ ਸੀ। ਪਰ ਦੇਖੋ! ਨਿਵਾਸੀਆਂ ਨੂੰ ਬਹੁਤ ਹੈਰਾਨੀ ਹੁੰਦੀ ਹੈ ਜਦੋਂ ਪੌਲੁਸ ਸੱਪ ਨੂੰ ਅੱਗ ਵਿਚ ਝਟਕ ਦਿੰਦਾ ਹੈ। ਜਿਵੇਂ ਕਿ ਲੂਕਾ ਦਾ ਅੱਖੀਂ ਡਿੱਠਾ ਬਿਰਤਾਂਤ ਦੱਸਦਾ ਹੈ, “ਓਹ ਉਡੀਕਦੇ ਰਹੇ ਕਿ ਉਹ [ਪੌਲੁਸ] ਹੁਣੇ ਸੁੱਜ ਜਾਵੇ ਯਾ ਅਚਾਣਕ ਮਰ ਕੇ ਡਿੱਗ ਪਵੇ।” ਟਾਪੂ ਦੇ ਨਿਵਾਸੀਆਂ ਨੇ ਆਪਣਾ ਖ਼ਿਆਲ ਬਦਲ ਲਿਆ ਅਤੇ ਕਹਿਣ ਲੱਗ ਪਏ ਕਿ ਪੌਲੁਸ ਜ਼ਰੂਰ ਇਕ ਦੇਵਤਾ ਹੈ।—ਰਸੂਲਾਂ ਦੇ ਕਰਤੱਬ 28:3-6.
ਪੌਲੁਸ ਅਗਲੇ ਤਿੰਨ ਮਹੀਨੇ ਮਾਲਟਾ ਵਿਚ ਗੁਜ਼ਾਰਦਾ ਹੈ, ਜਿਸ ਦੌਰਾਨ ਉਹ ਟਾਪੂ ਦੇ ਸਰਦਾਰ ਪੁਬਲਿਯੁਸ ਦੇ ਪਿਤਾ ਨੂੰ ਚੰਗਾ ਕਰਦਾ ਹੈ। ਪੁਬਲਿਯੁਸ ਪੌਲੁਸ ਦੀ ਚੰਗੀ ਪਰਾਹੁਣਚਾਰੀ ਕਰਦਾ ਹੈ। ਪੌਲੁਸ ਦੂਸਰੇ ਬੀਮਾਰਾਂ ਨੂੰ ਵੀ ਚੰਗਾ ਕਰਦਾ ਹੈ। ਇਸ ਤੋਂ ਇਲਾਵਾ, ਪੌਲੁਸ ਸੱਚਾਈ ਦਾ ਬੀ ਬੀਜਦਾ ਹੈ ਜਿਸ ਕਾਰਨ ਮਾਲਟਾ ਦੇ ਮਹਿਮਾਨਨਿਵਾਜ਼ ਨਿਵਾਸੀਆਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ।—ਰਸੂਲਾਂ ਦੇ ਕਰਤੱਬ 28:7-11.
ਸਾਡੇ ਲਈ ਸਬਕ
ਆਪਣੀ ਸੇਵਕਾਈ ਦੌਰਾਨ, ਪੌਲੁਸ ਨੇ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ। (2 ਕੁਰਿੰਥੀਆਂ 11:23-27) ਉੱਪਰ ਦਿੱਤੇ ਗਏ ਬਿਰਤਾਂਤ ਵਿਚ, ਉਹ ਖ਼ੁਸ਼ ਖ਼ਬਰੀ ਦੇ ਕਾਰਨ ਕੈਦ ਕੀਤਾ ਗਿਆ ਸੀ। ਫਿਰ, ਉਸ ਨੂੰ ਉਹ ਪਰਤਾਵੇ ਝੱਲਣੇ ਪਏ ਜਿਨ੍ਹਾਂ ਦੀ ਉਸ ਨੇ ਆਸ਼ਾ ਵੀ ਨਹੀਂ ਕੀਤੀ ਸੀ: ਪ੍ਰਚੰਡ ਤੂਫ਼ਾਨ ਅਤੇ ਫਲਸਰੂਪ ਜਹਾਜ਼ ਦਾ ਟੁੱਟਣਾ। ਇਨ੍ਹਾਂ ਸਾਰਿਆਂ ਵਿੱਚੋਂ ਲੰਘਦੇ ਹੋਏ, ਪੌਲੁਸ ਖ਼ੁਸ਼ ਖ਼ਬਰੀ ਦੇ ਜੋਸ਼ੀਲੇ ਪ੍ਰਚਾਰਕ ਵਜੋਂ ਕਦੀ ਵੀ ਆਪਣੇ ਇਰਾਦੇ ਵਿਚ ਡਾਂਵਾਡੋਲ ਨਹੀਂ ਹੋਇਆ। ਆਪਣੇ ਤਜਰਬੇ ਤੋਂ ਉਸ ਨੇ ਲਿਖਿਆ: “ਹਰੇਕ ਗੱਲ ਵਿੱਚ, ਕੀ ਰੱਜਣਾ ਕੀ ਭੁੱਖਾ ਰਹਿਣਾ, ਕੀ ਵਧਣਾ ਕੀ ਥੁੜਨਾ, ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ। ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।”—ਫ਼ਿਲਿੱਪੀਆਂ 4:12, 13.
ਜ਼ਿੰਦਗੀ ਦੀਆਂ ਸਮੱਸਿਆਵਾਂ ਕਾਰਨ ਸੱਚੇ ਪਰਮੇਸ਼ੁਰ ਦੇ ਜੋਸ਼ੀਲੇ ਸੇਵਕ ਬਣੇ ਰਹਿਣ ਦੇ ਆਪਣੇ ਦ੍ਰਿੜ੍ਹ ਇਰਾਦੇ ਨੂੰ ਕਦੀ ਵੀ ਡਾਵਾਂਡੋਲ ਨਾ ਹੋਣ ਦਿਓ! ਜਦੋਂ ਅਚਾਨਕ ਕੋਈ ਪਰਤਾਵਾ ਆ ਜਾਂਦਾ ਹੈ, ਤਾਂ ਅਸੀਂ ਆਪਣਾ ਭਾਰ ਯਹੋਵਾਹ ਉੱਤੇ ਸੁੱਟਦੇ ਹਾਂ। (ਜ਼ਬੂਰ 55:22) ਫਿਰ ਅਸੀਂ ਧੀਰਜ ਨਾਲ ਉਡੀਕ ਕਰਦੇ ਹਾਂ ਕਿ ਪਰਮੇਸ਼ੁਰ ਪਰਤਾਵੇ ਦਾ ਸਾਮ੍ਹਣਾ ਕਰਨ ਵਿਚ ਸਾਡੀ ਕਿਵੇਂ ਸਹਾਇਤਾ ਕਰਦਾ ਹੈ। ਇਸ ਸਮੇਂ ਦੌਰਾਨ, ਅਸੀਂ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਰਹਿੰਦੇ ਹਾਂ, ਅਤੇ ਇਹ ਭਰੋਸਾ ਰੱਖਦੇ ਹਾਂ ਕਿ ਉਹ ਸਾਡੀ ਪਰਵਾਹ ਕਰਦਾ ਹੈ। (1 ਕੁਰਿੰਥੀਆਂ 10:13; 1 ਪਤਰਸ 5:7) ਕਿਸੇ ਵੀ ਮੁਸ਼ਕਲ ਦੇ ਬਾਵਜੂਦ, ਅਸੀਂ—ਪੌਲੁਸ ਵਾਂਗ—ਦ੍ਰਿੜ੍ਹ ਰਹਿੰਦੇ ਹੋਏ ਆਫ਼ਤ ਉੱਤੇ ਜਿੱਤ ਪਾ ਸਕਦੇ ਹਾਂ।
[ਫੁਟਨੋਟ]
a ਫੈਦਮ ਆਮ ਤੌਰ ਤੇ ਲਗਭਗ 72 ਇੰਚ, ਜਾਂ ਲਗਭਗ ਛੇ ਫੁੱਟ ਹੁੰਦਾ ਹੈ।
b ਡੌਂਗੀ ਇਕ ਛੋਟੀ ਕਿਸ਼ਤੀ ਹੁੰਦੀ ਸੀ ਜੋ ਕਿਨਾਰੇ ਤੇ ਜਾਣ ਲਈ ਵਰਤੀ ਜਾਂਦੀ ਸੀ ਜਦੋਂ ਜਹਾਜ਼ ਦੇ ਲੰਗਰ ਕਿਨਾਰੇ ਦੇ ਨੇੜੇ ਸੁੱਟੇ ਜਾਂਦੇ ਸਨ। ਸਪੱਸ਼ਟ ਤੌਰ ਤੇ, ਮਲਾਹ ਉਨ੍ਹਾਂ ਲੋਕਾਂ, ਜਿਨ੍ਹਾਂ ਨੂੰ ਜਹਾਜ਼ ਚਲਾਉਣ ਦਾ ਕੋਈ ਤਜਰਬਾ ਨਹੀਂ ਸੀ, ਦੀਆਂ ਜਾਨਾਂ ਨੂੰ ਖ਼ਤਰੇ ਵਿਚ ਪਾ ਕੇ ਆਪਣੀਆਂ ਜਾਨਾਂ ਬਚਾਉਣੀਆਂ ਚਾਹੁੰਦੇ ਸਨ।
c ਵਿਲਫਰੈਡ ਫੰਕ ਦੀ ਕਿਤਾਬ ਵਰਡ ਓਰੀਜਨਸ ਕਹਿੰਦੀ ਹੈ: “ਯੂਨਾਨੀ ਲੋਕ ਆਪਣੀ ਭਾਸ਼ਾ ਤੋਂ ਇਲਾਵਾ ਬਾਕੀ ਸਾਰੀਆਂ ਭਾਸ਼ਾਵਾਂ ਨੂੰ ਨਫ਼ਰਤ ਕਰਦੇ ਸਨ, ਅਤੇ ਕਹਿੰਦੇ ਸਨ ਕਿ ਇਨ੍ਹਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਲੋਕ ‘ਬੜ-ਬੜ’ ਕਰਦੇ ਹਨ ਅਤੇ ਉਨ੍ਹਾਂ ਨੂੰ ਬਾਰਬਰੋਸ ਸੱਦਦੇ ਸਨ।”