ਛੇਵਾਂ ਅਧਿਆਇ
ਨਾਸ਼ ਕਰਨ ਦੀ ਸ਼ਕਤੀ—“ਯਹੋਵਾਹ ਜੋਧਾ ਪੁਰਸ਼ ਹੈ”
1-3. (ੳ) ਇਸਰਾਏਲੀਆਂ ਨੂੰ ਮਿਸਰੀਆਂ ਦੇ ਹੱਥੋਂ ਕੀ ਖ਼ਤਰਾ ਸੀ? (ਅ) ਯਹੋਵਾਹ ਆਪਣੇ ਲੋਕਾਂ ਲਈ ਕਿਸ ਤਰ੍ਹਾਂ ਲੜਿਆ ਸੀ?
ਇਸਰਾਏਲੀ ਬੁਰੀ ਤਰ੍ਹਾਂ ਫਸੇ ਹੋਏ ਸਨ। ਇਕ ਪਾਸੇ ਪਥਰੀਲੇ ਪਹਾੜ ਸਨ ਅਤੇ ਦੂਜੇ ਪਾਸੇ ਵਿਸ਼ਾਲ ਸਮੁੰਦਰ ਸੀ। ਮਿਸਰ ਦੀ ਬੇਰਹਿਮ ਫ਼ੌਜ ਸ਼ਿਕਾਰੀਆਂ ਵਾਂਗ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ ਅਤੇ ਉਨ੍ਹਾਂ ਨੂੰ ਤਬਾਹ ਕਰਨ ਤੇ ਤੁਲੀ ਹੋਈ ਸੀ।a ਇਸ ਦੇ ਬਾਵਜੂਦ ਮੂਸਾ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਕਿਹਾ ਕਿ ਉਹ ਹਿੰਮਤ ਨਾ ਹਾਰਨ। ਉਸ ਨੇ ਉਨ੍ਹਾਂ ਨੂੰ ਤਸੱਲੀ ਦਿੱਤੀ ਕਿ “ਯਹੋਵਾਹ ਤੁਹਾਡੇ ਲਈ ਜੰਗ ਕਰੇਗਾ।”—ਕੂਚ 14:14.
2 ਫਿਰ ਵੀ ਮੂਸਾ ਨੇ ਯਹੋਵਾਹ ਨੂੰ ਦੁਹਾਈ ਦਿੱਤੀ ਅਤੇ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਤੂੰ ਕਿਉਂ ਮੇਰੇ ਤਰਲੇ ਕਰਦਾ ਹੈਂ? . . . ਤੂੰ ਆਪਣਾ ਢਾਂਗਾ ਚੁੱਕ ਅਰ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਅਰ ਉਸ ਨੂੰ ਦੋ ਭਾਗ ਕਰ ਦੇਹ।” (ਕੂਚ 14:15, 16) ਆਪਣੇ ਮਨ ਦੀਆਂ ਅੱਖਾਂ ਨਾਲ ਦੇਖੋ ਕਿ ਅੱਗੇ ਕੀ ਹੋਇਆ। ਤੁਰੰਤ ਯਹੋਵਾਹ ਨੇ ਆਪਣੇ ਦੂਤ ਨੂੰ ਹੁਕਮ ਦਿੱਤਾ ਅਤੇ ਬੱਦਲ ਦਾ ਥੰਮ੍ਹ ਇਸਰਾਏਲੀਆਂ ਦੇ ਪਿੱਛੇ ਜਾ ਕੇ ਇਕ ਦੀਵਾਰ ਵਾਂਗ ਖੜ੍ਹਾ ਹੋ ਗਿਆ, ਜਿਸ ਕਾਰਨ ਮਿਸਰੀ ਉਨ੍ਹਾਂ ਉੱਤੇ ਹਮਲਾ ਕਰਨ ਲਈ ਅੱਗੇ ਨਹੀਂ ਵਧ ਸਕੇ। (ਕੂਚ 14:19, 20; ਜ਼ਬੂਰਾਂ ਦੀ ਪੋਥੀ 105:39) ਮੂਸਾ ਨੇ ਆਪਣਾ ਹੱਥ ਲੰਮਾ ਕੀਤਾ। ਤੇਜ਼ ਹਵਾ ਨੇ ਸਮੁੰਦਰ ਨੂੰ ਦੋ ਹਿੱਸਿਆਂ ਵਿਚ ਚੀਰ ਕੇ ਰੱਖ ਦਿੱਤਾ। ਪਾਣੀ ਦੋਹੀਂ ਪਾਸੀਂ ਜੰਮ ਕੇ ਕੰਧਾਂ ਵਾਂਗ ਖੜ੍ਹ ਗਿਆ ਅਤੇ ਇਸਰਾਏਲ ਦੀ ਪੂਰੀ ਕੌਮ ਲਈ ਵਿਚਾਲਿਓਂ ਲੰਘਣ ਦਾ ਰਾਹ ਬਣ ਗਿਆ!—ਕੂਚ 14:21; 15:8.
3 ਫ਼ਿਰਊਨ ਨੂੰ ਇਹ ਸ਼ਕਤੀਸ਼ਾਲੀ ਨਜ਼ਾਰਾ ਦੇਖ ਕੇ ਪਿੱਛੇ ਮੁੜ ਜਾਣਾ ਚਾਹੀਦਾ ਸੀ। ਇਸ ਦੀ ਬਜਾਇ ਉਸ ਘਮੰਡੀ ਰਾਜੇ ਨੇ ਆਪਣੀ ਫ਼ੌਜ ਨੂੰ ਹੁਕਮ ਦਿੱਤਾ ਕਿ ਉਹ ਅੱਗੇ ਵਧ ਕੇ ਹਮਲਾ ਕਰਨ। (ਕੂਚ 14:23) ਮਿਸਰੀ ਫ਼ੌਜ ਸੋਚੇ ਬਿਨਾਂ ਇਸਰਾਏਲੀਆਂ ਦਾ ਪਿੱਛਾ ਕਰਦੀ ਹੋਈ ਸਮੁੰਦਰ ਵਿਚ ਜਾ ਵੜੀ। ਪਰ ਮਿਸਰੀਆਂ ਵਿਚ ਹਫੜਾ-ਦਫੜੀ ਮੱਚ ਗਈ ਕਿਉਂਕਿ ਉਨ੍ਹਾਂ ਦੇ ਰਥਾਂ ਦੇ ਪਹੀਏ ਲੱਥਣ ਲੱਗ ਪਏ। ਜਦ ਇਸਰਾਏਲੀ ਸਹੀ-ਸਲਾਮਤ ਦੂਸਰੇ ਕਿਨਾਰੇ ਪਹੁੰਚ ਗਏ, ਤਾਂ ਯਹੋਵਾਹ ਨੇ ਮੂਸਾ ਨੂੰ ਕਿਹਾ: “ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਤਾਂ ਜੋ ਪਾਣੀ ਮਿਸਰੀਆਂ ਉੱਤੇ ਉਨ੍ਹਾਂ ਦੇ ਰਥਾਂ ਉੱਤੇ ਅਰ ਉਨ੍ਹਾਂ ਦੇ ਘੋੜ ਚੜ੍ਹਿਆਂ ਉੱਤੇ ਮੁੜ ਆਉਣ।” ਪਾਣੀ ਦੀਆਂ ਕੰਧਾਂ ਨੇ ਢਹਿ ਕੇ ਫ਼ਿਰਊਨ ਤੇ ਉਸ ਦੀਆਂ ਫ਼ੌਜਾਂ ਨੂੰ ਆਪਣੀਆਂ ਗਹਿਰਾਈਆਂ ਵਿਚ ਢੱਕ ਲਿਆ।—ਕੂਚ 14:24-28; ਜ਼ਬੂਰਾਂ ਦੀ ਪੋਥੀ 136:15.
ਲਾਲ ਸਮੁੰਦਰ ਤੇ ਯਹੋਵਾਹ ਨੇ ਆਪਣੇ ਆਪ ਨੂੰ “ਜੋਧਾ ਪੁਰਸ਼” ਸਾਬਤ ਕੀਤਾ
4. (ੳ) ਲਾਲ ਸਮੁੰਦਰ ਦੀ ਘਟਨਾ ਦੌਰਾਨ ਯਹੋਵਾਹ ਨੇ ਆਪਣੇ ਆਪ ਨੂੰ ਕੀ ਸਾਬਤ ਕੀਤਾ ਸੀ? (ਅ) ਯਹੋਵਾਹ ਨੂੰ ਯੋਧਾ ਸੱਦਣ ਬਾਰੇ ਕੁਝ ਲੋਕਾਂ ਦਾ ਸ਼ਾਇਦ ਕੀ ਵਿਚਾਰ ਹੋ ਸਕਦਾ ਹੈ?
4 ਇਤਿਹਾਸ ਦੌਰਾਨ ਪਰਮੇਸ਼ੁਰ ਮਨੁੱਖਜਾਤ ਲਈ ਵੱਡੇ-ਵੱਡੇ ਕੰਮ ਕਰਦਾ ਆਇਆ ਹੈ। ਲਾਲ ਸਮੁੰਦਰ ਵਿੱਚੋਂ ਇਸਰਾਏਲ ਕੌਮ ਦਾ ਬਚਾਅ ਇਤਿਹਾਸ ਦੀ ਇਕ ਅੱਤ ਮਹੱਤਵਪੂਰਣ ਘਟਨਾ ਸੀ। ਉਸ ਸਮੇਂ ਯਹੋਵਾਹ ਨੇ ਆਪਣੇ ਆਪ ਨੂੰ “ਜੋਧਾ ਪੁਰਸ਼” ਸਾਬਤ ਕੀਤਾ। (ਕੂਚ 15:3) ਯਹੋਵਾਹ ਨੂੰ ਯੋਧਾ ਸੱਦਣ ਬਾਰੇ ਤੁਹਾਡਾ ਕੀ ਵਿਚਾਰ ਹੈ? ਸੱਚ ਤਾਂ ਇਹ ਹੈ ਕਿ ਯੁੱਧਾਂ ਤੇ ਲੜਾਈਆਂ ਨੇ ਮਨੁੱਖਜਾਤ ਉੱਤੇ ਬਹੁਤ ਹੀ ਦੁੱਖ-ਤਕਲੀਫ਼ ਲਿਆਂਦੀ ਹੈ। ਤਾਂ ਫਿਰ ਕੀ ਪਰਮੇਸ਼ੁਰ ਦੀ ਨਾਸ਼ ਕਰਨ ਦੀ ਸ਼ਕਤੀ ਤੁਹਾਨੂੰ ਉਸ ਦੇ ਨੇੜੇ ਹੋਣ ਦੀ ਬਜਾਇ ਉਸ ਤੋਂ ਦੂਰ ਕਰਦੀ ਹੈ?
ਪਰਮੇਸ਼ੁਰ ਦੀ ਜੰਗ ਤੇ ਮਨੁੱਖੀ ਜੰਗਾਂ
5, 6. (ੳ) ਇਹ ਕਿਉਂ ਉਚਿਤ ਹੈ ਕਿ ਪਰਮੇਸ਼ੁਰ ਨੂੰ ‘ਸੈਨਾਂ ਦਾ ਯਹੋਵਾਹ’ ਸੱਦਿਆ ਗਿਆ ਹੈ? (ਅ) ਪਰਮੇਸ਼ੁਰ ਦੀ ਜੰਗ ਅਤੇ ਇਨਸਾਨਾਂ ਦੀ ਜੰਗ ਵਿਚ ਕੀ ਫ਼ਰਕ ਹੈ?
5 ਬਾਈਬਲ ਵਿਚ ਤਕਰੀਬਨ ਤਿੰਨ ਸੌ ਵਾਰ ਪਰਮੇਸ਼ੁਰ ਨੂੰ ‘ਸੈਨਾਂ ਦਾ ਯਹੋਵਾਹ’ ਸੱਦਿਆ ਗਿਆ ਹੈ। (1 ਸਮੂਏਲ 1:11) ਅੱਤ ਮਹਾਨ ਪਰਮੇਸ਼ੁਰ ਹੋਣ ਕਰਕੇ ਯਹੋਵਾਹ ਦੇ ਅਧੀਨ ਦੂਤਾਂ ਦੀ ਵੱਡੀ ਸੈਨਾ ਹੈ। (ਯਹੋਸ਼ੁਆ 5:13-15; 1 ਰਾਜਿਆਂ 22:19) ਇਸ ਸੈਨਾ ਕੋਲ ਨਾਸ਼ ਕਰਨ ਦੀ ਵੱਡੀ ਸ਼ਕਤੀ ਹੈ। (ਯਸਾਯਾਹ 37:36) ਇਹ ਸੱਚ ਹੈ ਕਿ ਲੋਕਾਂ ਦੇ ਮਾਰੇ ਜਾਣ ਬਾਰੇ ਸੋਚ ਕੇ ਵੀ ਅਸੀਂ ਦੁਖੀ ਹੁੰਦੇ ਹਾਂ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਨਸਾਨ ਛੋਟੀਆਂ-ਛੋਟੀਆਂ ਗੱਲਾਂ ਤੇ ਲੜ ਪੈਂਦੇ ਹਨ, ਪਰ ਪਰਮੇਸ਼ੁਰ ਇਸ ਤਰ੍ਹਾਂ ਨਹੀਂ ਕਰਦਾ। ਸੈਨਿਕ ਅਤੇ ਸਿਆਸੀ ਨੇਤਾ ਤਾਂ ਹਮੇਸ਼ਾ ਇਹੀ ਕਹਿੰਦੇ ਹਨ ਕਿ ਉਹ ਚੰਗੇ ਕਾਰਨਾਂ ਕਰਕੇ ਲੜਾਈ ਕਰਦੇ ਹਨ। ਪਰ ਮਾਨਵੀ ਜੰਗਾਂ ਦਾ ਕਾਰਨ ਹਮੇਸ਼ਾ ਲੋਭ ਤੇ ਸੁਆਰਥ ਹੁੰਦਾ ਹੈ।
6 ਇਨਸਾਨਾਂ ਤੋਂ ਉਲਟ ਯਹੋਵਾਹ ਜੋਸ਼ ਵਿਚ ਆ ਕੇ ਅੰਨ੍ਹੇਵਾਹ ਨਹੀਂ ਲੜਦਾ। ਬਿਵਸਥਾ ਸਾਰ 32:4 ਵਿਚ ਲਿਖਿਆ ਹੈ: “ਉਹ ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।” ਪਰਮੇਸ਼ੁਰ ਦੇ ਬਚਨ ਵਿਚ ਬੇਲਗਾਮ ਕ੍ਰੋਧ, ਬੇਰਹਿਮੀ ਅਤੇ ਹਿੰਸਾ ਨੂੰ ਨਿੰਦਿਆ ਗਿਆ ਹੈ। (ਉਤਪਤ 49:7; ਜ਼ਬੂਰਾਂ ਦੀ ਪੋਥੀ 11:5) ਇਸ ਕਰਕੇ ਅਸੀਂ ਜਾਣਦੇ ਹਾਂ ਕਿ ਯਹੋਵਾਹ ਬਿਨਾਂ ਵਜ੍ਹਾ ਕੁਝ ਨਹੀਂ ਕਰਦਾ। ਉਹ ਆਪਣੀ ਨਾਸ਼ ਕਰਨ ਦੀ ਸ਼ਕਤੀ ਨੂੰ ਸਰਫ਼ੇ ਨਾਲ ਅਤੇ ਸਿਰਫ਼ ਉਦੋਂ ਹੀ ਵਰਤਦਾ ਹੈ ਜਦੋਂ ਹੋਰ ਕੋਈ ਚਾਰਾ ਨਹੀਂ ਰਹਿੰਦਾ। ਹਿਜ਼ਕੀਏਲ ਰਾਹੀਂ ਉਸ ਨੇ ਇਹ ਗੱਲ ਸਪੱਸ਼ਟ ਕਰਵਾਈ ਸੀ: “ਪ੍ਰਭੁ ਯਹੋਵਾਹ ਦਾ ਵਾਕ ਹੈ, ਕੀ ਮੈਨੂੰ ਦੁਸ਼ਟ ਦੀ ਮੌਤ ਵਿੱਚ ਕੋਈ ਖ਼ੁਸ਼ੀ ਹੈ, ਅਤੇ ਏਸ ਵਿੱਚ ਨਹੀਂ ਕਿ ਉਹ ਆਪਣੇ ਮਾਰਗ ਤੋਂ ਮੁੜੇ ਅਤੇ ਜੀਉਂਦਾ ਰਹੇ?”—ਹਿਜ਼ਕੀਏਲ 18:23.
7, 8. (ੳ) ਅੱਯੂਬ ਨੂੰ ਆਪਣੀਆਂ ਤਕਲੀਫ਼ਾਂ ਬਾਰੇ ਕਿਹੜੀ ਗ਼ਲਤਫ਼ਹਿਮੀ ਸੀ? (ਅ) ਅਲੀਹੂ ਨੇ ਅੱਯੂਬ ਦੀ ਸੋਚਣੀ ਨੂੰ ਕਿਸ ਤਰ੍ਹਾਂ ਸੁਧਾਰਿਆ ਸੀ? (ੲ) ਅੱਯੂਬ ਦੇ ਤਜਰਬੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
7 ਤਾਂ ਫਿਰ ਯਹੋਵਾਹ ਨਾਸ਼ ਕਰਨ ਦੀ ਸ਼ਕਤੀ ਕਿਉਂ ਵਰਤਦਾ ਹੈ? ਆਓ ਆਪਾਂ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਧਰਮੀ ਬੰਦੇ ਅੱਯੂਬ ਵੱਲ ਧਿਆਨ ਦੇਈਏ। ਸ਼ਤਾਨ ਨੇ ਯਹੋਵਾਹ ਨੂੰ ਲਲਕਾਰਿਆ ਸੀ ਕਿ ਅੱਯੂਬ ਜਾਂ ਹੋਰ ਕੋਈ ਵੀ ਇਨਸਾਨ ਅਜ਼ਮਾਇਸ਼ ਅਧੀਨ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਬਣਾਈ ਨਹੀਂ ਰੱਖ ਸਕਦਾ। ਇਸ ਲਲਕਾਰ ਦੇ ਜਵਾਬ ਵਿਚ ਯਹੋਵਾਹ ਨੇ ਸ਼ਤਾਨ ਨੂੰ ਇਜਾਜ਼ਤ ਦਿੱਤੀ ਕਿ ਉਹ ਅੱਯੂਬ ਨੂੰ ਅਜ਼ਮਾ ਕੇ ਵੇਖ ਲਵੇ। ਨਤੀਜੇ ਵਜੋਂ ਅੱਯੂਬ ਆਪਣੀ ਸਿਹਤ ਅਤੇ ਜਾਇਦਾਦ ਤੋਂ ਵਾਂਝਾ ਹੋ ਗਿਆ ਅਤੇ ਉਸ ਦੇ ਬੱਚੇ ਮੌਤ ਦੀ ਨੀਂਦ ਸੌਂ ਗਏ। (ਅੱਯੂਬ 1:1–2:8) ਅੱਯੂਬ ਨਹੀਂ ਜਾਣਦਾ ਸੀ ਕਿ ਉਸ ਨਾਲ ਇਸ ਤਰ੍ਹਾਂ ਕਿਉਂ ਬੀਤੀ ਸੀ ਅਤੇ ਉਸ ਨੂੰ ਗ਼ਲਤਫ਼ਹਿਮੀ ਸੀ ਕਿ ਯਹੋਵਾਹ ਉਸ ਨੂੰ ਬਿਨਾਂ ਕਿਸੇ ਕਾਰਨ ਸਜ਼ਾ ਦੇ ਰਿਹਾ ਸੀ। ਅੱਯੂਬ ਨੇ ਪਰਮੇਸ਼ੁਰ ਨੂੰ ਪੁੱਛਿਆ ਕਿ ਉਸ ਨੇ ਉਸ ਨੂੰ ਆਪਣਾ “ਨਿਸ਼ਾਨਾ” ਅਤੇ “ਵੈਰੀ” ਕਿਉਂ ਬਣਾਇਆ ਸੀ।—ਅੱਯੂਬ 7:20; 13:24.
8 ਅੱਯੂਬ ਦੇ ਇਕ ਸਾਥੀ ਅਲੀਹੂ ਨੇ ਅੱਯੂਬ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਦਿਲਾਇਆ: “ਤੈਂ ਆਖਿਆ, ਮੇਰਾ ਧਰਮ ਪਰਮੇਸ਼ੁਰ ਨਾਲੋਂ ਵਧੀਕ ਹੈਗਾ।” (ਅੱਯੂਬ 35:2) ਜੀ ਹਾਂ, ਇਸ ਤਰ੍ਹਾਂ ਸੋਚਣਾ ਮੂਰਖਤਾ ਹੈ ਕਿ ਅਸੀਂ ਪਰਮੇਸ਼ੁਰ ਤੋਂ ਵੱਧ ਜਾਣਦੇ ਹਾਂ ਜਾਂ ਕਿ ਉਸ ਨੇ ਬੇਇਨਸਾਫ਼ੀ ਕੀਤੀ ਹੈ। ਅਲੀਹੂ ਨੇ ਕਿਹਾ: “ਏਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ।” ਬਾਅਦ ਵਿਚ ਉਸ ਨੇ ਕਿਹਾ: “ਸਰਬ ਸ਼ਕਤੀਮਾਨ ਨੂੰ ਆਪਾਂ ਲੱਭ ਨਹੀਂ ਸੱਕਦੇ, ਉਹ ਸ਼ਕਤੀ ਵਿੱਚ ਮਹਾਨ ਹੈਗਾ, ਉਹ ਨਿਆਉਂ ਅਤੇ ਧਰਮੀ ਦੀ ਵਾਫ਼ਰੀ ਨੂੰ ਨਿਰਬਲ ਨਹੀਂ ਕਰੂਗਾ।” (ਅੱਯੂਬ 34:10; 36:22, 23; 37:23) ਅਸੀਂ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਜਦੋਂ ਵੀ ਲੜਦਾ ਹੈ, ਤਾਂ ਉਹ ਸਹੀ ਕਾਰਨ ਕਰਕੇ ਲੜਦਾ ਹੈ। ਇਸ ਗੱਲ ਨੂੰ ਮਨ ਵਿਚ ਰੱਖ ਕੇ ਆਓ ਆਪਾਂ ਦੇਖੀਏ ਕਿ ਸ਼ਾਂਤੀ ਦਾ ਪਰਮੇਸ਼ੁਰ ਕਦੇ-ਕਦੇ ਯੋਧਾ ਪੁਰਸ਼ ਕਿਉਂ ਬਣ ਜਾਂਦਾ ਹੈ।—1 ਕੁਰਿੰਥੀਆਂ 14:33.
ਸ਼ਾਂਤੀ ਦਾ ਪਰਮੇਸ਼ੁਰ ਲੜਨ ਲਈ ਮਜਬੂਰ ਕਿਉਂ ਹੁੰਦਾ ਹੈ?
9. ਸ਼ਾਂਤੀ ਦਾ ਪਰਮੇਸ਼ੁਰ ਲੜਦਾ ਕਿਉਂ ਹੈ?
9 ਪਰਮੇਸ਼ੁਰ ਦੀ “ਜੋਧਾ ਪੁਰਸ਼” ਵਜੋਂ ਤਾਰੀਫ਼ ਕਰਨ ਤੋਂ ਬਾਅਦ ਮੂਸਾ ਨੇ ਕਿਹਾ: “ਕੌਣ ਹੈ ਤੇਰੇ ਵਰਗਾ ਹੇ ਯਹੋਵਾਹ ਦੇਵਤਿਆਂ ਵਿੱਚ? ਕੌਣ ਹੈ ਤੇਰੇ ਵਰਗਾ ਪਵਿੱਤ੍ਰਤਾਈ ਵਿੱਚ ਪਰਤਾਪ ਵਾਲਾ?” (ਕੂਚ 15:11) ਹਬੱਕੂਕ ਨਬੀ ਨੇ ਵੀ ਕੁਝ ਇਸ ਤਰ੍ਹਾਂ ਦਾ ਲਿਖਿਆ ਸੀ: “ਤੂੰ ਜਿਹ ਦੀਆਂ ਅੱਖਾਂ ਬਦੀ ਦੇ ਵੇਖਣ ਨਾਲੋਂ ਸ਼ੁੱਧ ਹਨ, ਜੋ ਅਨ੍ਹੇਰ ਉੱਤੇ ਨਿਗਾਹ ਨਹੀਂ ਰੱਖ ਸੱਕਦਾ।” (ਹਬੱਕੂਕ 1:13) ਯਹੋਵਾਹ ਪ੍ਰੇਮ ਦਾ ਪਰਮੇਸ਼ੁਰ ਹੋਣ ਦੇ ਨਾਲ-ਨਾਲ ਪਵਿੱਤਰਤਾ, ਧਾਰਮਿਕਤਾ ਅਤੇ ਇਨਸਾਫ਼ ਦਾ ਵੀ ਪਰਮੇਸ਼ੁਰ ਹੈ। ਕਦੀ-ਕਦੀ ਅਜਿਹੇ ਗੁਣ ਉਸ ਨੂੰ ਆਪਣੀ ਨਾਸ਼ ਕਰਨ ਦੀ ਸ਼ਕਤੀ ਵਰਤਣ ਲਈ ਮਜਬੂਰ ਕਰ ਦਿੰਦੇ ਹਨ। (ਯਸਾਯਾਹ 59:15-19; ਲੂਕਾ 18:7) ਸੋ ਪਰਮੇਸ਼ੁਰ ਲੜਾਈ ਕਰ ਕੇ ਆਪਣੀ ਪਵਿੱਤਰਤਾ ਤੇ ਕਲੰਕ ਨਹੀਂ ਲਗਾਉਂਦਾ। ਇਸ ਦੀ ਬਜਾਇ ਉਹ ਪਵਿੱਤਰ ਹੋਣ ਕਰਕੇ ਲੜਦਾ ਹੈ।—ਲੇਵੀਆਂ 19:2.
10. (ੳ) ਪਹਿਲੀ ਵਾਰ ਪਰਮੇਸ਼ੁਰ ਨੂੰ ਕਦੋਂ ਅਤੇ ਕਿਉਂ ਲੜਾਈ ਲੜਨ ਦੀ ਲੋੜ ਪਈ ਸੀ? (ਅ) ਉਤਪਤ 3:15 ਵਿਚ ਦੱਸਿਆ ਗਿਆ ਵੈਰ ਸਿਰਫ਼ ਕਿਸ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਧਰਮੀ ਇਨਸਾਨਾਂ ਨੂੰ ਇਸ ਦੇ ਕੀ ਫ਼ਾਇਦੇ ਹੋਣਗੇ?
10 ਹੁਣ ਉਸ ਸਮੇਂ ਬਾਰੇ ਜ਼ਰਾ ਸੋਚੋ ਜਦੋਂ ਪਹਿਲੇ ਜੋੜੇ ਆਦਮ ਤੇ ਹੱਵਾਹ ਨੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕੀਤੀ ਸੀ। (ਉਤਪਤ 3:1-6) ਜੇ ਯਹੋਵਾਹ ਨੇ ਉਨ੍ਹਾਂ ਦਾ ਪਾਪ ਬਰਦਾਸ਼ਤ ਕਰ ਲਿਆ ਹੁੰਦਾ, ਤਾਂ ਉਸ ਨੇ ਅੱਤ ਮਹਾਨ ਹੋਣ ਦੇ ਆਪਣੇ ਅਧਿਕਾਰ ਨੂੰ ਕਮਜ਼ੋਰ ਕਰ ਦੇਣਾ ਸੀ। ਧਰਮੀ ਪਰਮੇਸ਼ੁਰ ਹੋਣ ਦੇ ਕਾਰਨ ਉਸ ਨੂੰ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇਣੀ ਪਈ ਸੀ। (ਰੋਮੀਆਂ 6:23) ਬਾਈਬਲ ਦੀ ਪਹਿਲੀ ਭਵਿੱਖਬਾਣੀ ਵਿਚ ਪਰਮੇਸ਼ੁਰ ਨੇ ਦੱਸਿਆ ਸੀ ਕਿ ਉਸ ਦੇ ਸੇਵਕਾਂ ਅਤੇ “ਸੱਪ” ਦੇ ਸੇਵਕਾਂ ਦਰਮਿਆਨ ਵੈਰ ਹੋਵੇਗਾ। (ਪਰਕਾਸ਼ ਦੀ ਪੋਥੀ 12:9; ਉਤਪਤ 3:15) ਅਖ਼ੀਰ ਵਿਚ ਇਹ ਵੈਰ ਸਿਰਫ਼ “ਸੱਪ” ਯਾਨੀ ਸ਼ਤਾਨ ਦਾ ਸਿਰ ਕੁਚਲਣ ਨਾਲ ਹੀ ਖ਼ਤਮ ਹੋਵੇਗਾ। (ਰੋਮੀਆਂ 16:20) ਇਸ ਸਜ਼ਾ ਦੇ ਨਤੀਜੇ ਵਜੋਂ ਧਰਮੀ ਇਨਸਾਨਾਂ ਨੂੰ ਬਰਕਤਾਂ ਮਿਲਣਗੀਆਂ ਅਤੇ ਧਰਤੀ ਉੱਤੇ ਸ਼ਤਾਨੀ ਦਬਦਬਾ ਮਿਟਾਇਆ ਜਾਵੇਗਾ। ਇਸ ਦੇ ਨਾਲ-ਨਾਲ ਸਾਰੀ ਧਰਤੀ ਫਿਰਦੌਸ ਵਿਚ ਬਦਲੀ ਜਾਵੇਗੀ। (ਮੱਤੀ 19:28) ਉਸ ਸਮੇਂ ਤਕ ਸ਼ਤਾਨ ਦਾ ਪੱਖ ਪੂਰਨ ਵਾਲੇ ਇਨਸਾਨ ਪਰਮੇਸ਼ੁਰ ਦੇ ਲੋਕਾਂ ਨੂੰ ਸਰੀਰਕ ਅਤੇ ਰੂਹਾਨੀ ਤੌਰ ਤੇ ਹਾਨੀ ਪਹੁੰਚਾਉਂਦੇ ਰਹਿਣਗੇ। ਇਸ ਲਈ ਸਮੇਂ-ਸਮੇਂ ਤੇ ਯਹੋਵਾਹ ਨੂੰ ਉਨ੍ਹਾਂ ਦੀ ਮਦਦ ਕਰਨ ਲਈ ਦਖ਼ਲ ਦੇਣੀ ਪਵੇਗੀ।
ਪਰਮੇਸ਼ੁਰ ਦੁਸ਼ਟਤਾ ਨੂੰ ਖ਼ਤਮ ਕਰਨ ਲਈ ਕਦਮ ਚੁੱਕਦਾ ਹੈ
11. ਯਹੋਵਾਹ ਜਲ-ਪਰਲੋ ਲਿਆਉਣ ਲਈ ਮਜਬੂਰ ਕਿਉਂ ਹੋਇਆ ਸੀ?
11 ਪਰਮੇਸ਼ੁਰ ਦੁਆਰਾ ਦੁਸ਼ਟਤਾ ਨੂੰ ਖ਼ਤਮ ਕਰਨ ਦੀ ਇਕ ਉਦਾਹਰਣ ਨੂਹ ਦੇ ਸਮੇਂ ਦੀ ਜਲ-ਪਰਲੋ ਹੈ। ਉਤਪਤ 6:11, 12 ਵਿਚ ਲਿਖਿਆ ਹੈ: “ਧਰਤੀ ਪਰਮੇਸ਼ੁਰ ਦੇ ਅੱਗੇ ਬਿਗੜੀ ਹੋਈ ਸੀ ਅਰ ਧਰਤੀ ਜ਼ੁਲਮ ਨਾਲ ਭਰੀ ਹੋਈ ਸੀ। ਤਾਂ ਪਰਮੇਸ਼ੁਰ ਨੇ ਧਰਤੀ ਨੂੰ ਡਿੱਠਾ ਅਤੇ ਵੇਖੋ ਉਹ ਬਿਗੜੀ ਹੋਈ ਸੀ ਕਿਉਂਜੋ ਸਾਰੇ ਸਰੀਰਾਂ ਨੇ ਆਪਣੇ ਮਾਰਗ ਨੂੰ ਧਰਤੀ ਉੱਤੇ ਬਿਗਾੜ ਲਿਆ ਸੀ।” ਕੀ ਪਰਮੇਸ਼ੁਰ ਨੇ ਬੁਰਿਆਂ ਲੋਕਾਂ ਦੇ ਹੱਥੋਂ ਹਰ ਨੇਕ ਇਨਸਾਨ ਨੂੰ ਖ਼ਤਮ ਹੋ ਲੈਣ ਦੇਣਾ ਸੀ? ਨਹੀਂ, ਉਸ ਨੇ ਇਸ ਤਰ੍ਹਾਂ ਨਹੀਂ ਹੋਣ ਦਿੱਤਾ। ਯਹੋਵਾਹ ਜਲ-ਪਰਲੋ ਲਿਆਉਣ ਲਈ ਮਜਬੂਰ ਹੋਇਆ ਤਾਂਕਿ ਉਹ ਧਰਤੀ ਨੂੰ ਉਨ੍ਹਾਂ ਲੋਕਾਂ ਤੋਂ ਮੁਕਤ ਕਰੇ ਜੋ ਬੁਰਾਈ ਅਤੇ ਜ਼ੁਲਮ ਕਰਨ ਉੱਤੇ ਤੁਲੇ ਹੋਏ ਸਨ।
12. (ੳ) ਯਹੋਵਾਹ ਨੇ ਅਬਰਾਹਾਮ ਦੀ “ਅੰਸ” ਬਾਰੇ ਕੀ ਦੱਸਿਆ ਸੀ? (ਅ) ਅਮੋਰੀ ਲੋਕ ਆਪਣੇ ਦੇਸ਼ ਵਿੱਚੋਂ ਕਿਉਂ ਕੱਢੇ ਗਏ ਸਨ?
12 ਪਰਮੇਸ਼ੁਰ ਨੇ ਕਨਾਨੀਆਂ ਨੂੰ ਵੀ ਅਜਿਹੀ ਸਜ਼ਾ ਦਿੱਤੀ ਸੀ। ਯਹੋਵਾਹ ਨੇ ਦੱਸਿਆ ਸੀ ਕਿ ਅਬਰਾਹਾਮ ਦੀ “ਅੰਸ” ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤਾਂ ਪਾਉਣਗੀਆਂ। ਇਸ ਮਕਸਦ ਨੂੰ ਪੂਰਾ ਕਰਨ ਲਈ ਪਰਮੇਸ਼ੁਰ ਨੇ ਫ਼ੈਸਲਾ ਕੀਤਾ ਕਿ ਕਨਾਨ ਦੇਸ਼ ਅਬਰਾਹਾਮ ਦੀ ਔਲਾਦ ਨੂੰ ਦਿੱਤਾ ਜਾਵੇਗਾ। ਇਸ ਦੇਸ਼ ਵਿਚ ਅਮੋਰੀ ਲੋਕ ਰਹਿੰਦੇ ਸਨ। ਕੀ ਇਹ ਜਾਇਜ਼ ਸੀ ਕਿ ਪਰਮੇਸ਼ੁਰ ਇਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢ ਦੇਵੇ? ਯਹੋਵਾਹ ਨੇ ਤਕਰੀਬਨ 400 ਸਾਲ ਪਹਿਲਾਂ ਹੀ ਦੱਸਿਆ ਸੀ ਕਿ ‘ਅਮੋਰੀਆਂ ਦੀ ਬੁਰਿਆਈ ਪੂਰੀ’ ਹੋਣ ਤੇ ਹੀ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢਿਆ ਜਾਵੇਗਾ।b (ਉਤਪਤ 12:1-3; 13:14, 15; 15:13, 16; 22:18) ਉਸ ਸਮੇਂ ਦੌਰਾਨ ਅਮੋਰੀ ਲੋਕ ਬਦਚਲਣੀ ਦੀ ਹਰ ਹੱਦ ਪਾਰ ਕਰ ਗਏ ਸਨ। ਕਨਾਨ ਦੇਸ਼ ਮੂਰਤੀ ਪੂਜਾ, ਖ਼ੂਨ-ਖ਼ਰਾਬੇ ਅਤੇ ਗੰਦਿਆਂ ਕੰਮਾਂ ਨਾਲ ਭਰ ਗਿਆ ਸੀ। (ਕੂਚ 23:24; 34:12, 13; ਗਿਣਤੀ 33:52) ਉਸ ਦੇਸ਼ ਦੇ ਵਾਸੀਆਂ ਨੇ ਤਾਂ ਆਪਣੇ ਬੱਚਿਆਂ ਦੀਆਂ ਬਲੀਆਂ ਵੀ ਚੜ੍ਹਾਈਆਂ ਸਨ। ਕੀ ਪਵਿੱਤਰ ਪਰਮੇਸ਼ੁਰ ਆਪਣੇ ਲੋਕਾਂ ਨੂੰ ਅਜਿਹੀ ਦੁਸ਼ਟਤਾ ਵਿਚ ਵਸਾ ਸਕਦਾ ਸੀ? ਨਹੀਂ! ਉਸ ਨੇ ਕਿਹਾ: “ਧਰਤੀ ਭੀ ਅਸ਼ੁੱਧ ਹੋਈ ਹੈ, ਏਸ ਲਈ ਮੈਂ ਉਸ ਦੀ ਬਦੀ ਦਾ ਵੱਟਾ ਉਸ ਤੋਂ ਲੈਂਦਾ ਹਾਂ ਅਤੇ ਧਰਤੀ ਭੀ ਆਪਣੇ ਵਾਸੀਆਂ ਨੂੰ ਉਗਲਾਛ ਦਿੰਦੀ ਹੈ।” (ਲੇਵੀਆਂ 18:21-25) ਪਰ ਯਹੋਵਾਹ ਨੇ ਲੋਕਾਂ ਨੂੰ ਅੰਨ੍ਹੇਵਾਹ ਤਬਾਹ ਨਹੀਂ ਕੀਤਾ ਸੀ। ਰਾਹਾਬ ਤੇ ਗਿਬਓਨੀਆਂ ਵਰਗੇ ਕਨਾਨੀ ਲੋਕ ਜੋ ਸਹੀ ਰਾਹ ਉੱਤੇ ਚੱਲਣਾ ਚਾਹੁੰਦੇ ਸਨ, ਬਚਾਏ ਗਏ ਸਨ।—ਯਹੋਸ਼ੁਆ 6:25; 9:3-27.
ਪਰਮੇਸ਼ੁਰ ਆਪਣੇ ਨਾਂ ਲਈ ਲੜਿਆ
13, 14. (ੳ) ਯਹੋਵਾਹ ਨੂੰ ਆਪਣੀ ਬਦਨਾਮੀ ਦੂਰ ਕਰਨ ਲਈ ਕੁਝ ਕਰਨਾ ਕਿਉਂ ਪਿਆ ਸੀ? (ਅ) ਯਹੋਵਾਹ ਨੇ ਆਪਣੀ ਬਦਨਾਮੀ ਕਿਵੇਂ ਦੂਰ ਕੀਤੀ ਸੀ?
13 ਯਹੋਵਾਹ ਪਵਿੱਤਰ ਹੈ, ਇਸ ਲਈ ਉਸ ਦਾ ਨਾਂ ਵੀ ਪਵਿੱਤਰ ਹੈ। (ਲੇਵੀਆਂ 22:32) ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਦੁਆ ਕਰਨੀ ਸਿਖਾਈ ਸੀ: “ਤੇਰਾ ਨਾਮ ਪਾਕ ਮੰਨਿਆ ਜਾਵੇ।” (ਮੱਤੀ 6:9) ਅਦਨ ਦੇ ਬਾਗ਼ ਵਿਚ ਜਦ ਬਗਾਵਤ ਹੋਈ ਸੀ, ਤਾਂ ਪਰਮੇਸ਼ੁਰ ਨੂੰ ਬਦਨਾਮ ਕੀਤਾ ਗਿਆ ਸੀ ਅਤੇ ਉਸ ਦੇ ਰਾਜ ਕਰਨ ਦੇ ਤਰੀਕੇ ਬਾਰੇ ਸ਼ੱਕ ਪੈਦਾ ਕੀਤੇ ਗਏ ਸਨ। ਯਹੋਵਾਹ ਅਜਿਹੀ ਬਦਨਾਮੀ ਅਤੇ ਬਗਾਵਤ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕਰ ਸਕਦਾ ਸੀ। ਉਸ ਨੂੰ ਆਪਣੀ ਇਸ ਬਦਨਾਮੀ ਨੂੰ ਦੂਰ ਕਰਨ ਲਈ ਕੁਝ ਕਰਨਾ ਪਿਆ ਸੀ।—ਯਸਾਯਾਹ 48:11.
14 ਆਓ ਆਪਾਂ ਫਿਰ ਤੋਂ ਇਸਰਾਏਲੀਆਂ ਉੱਤੇ ਗੌਰ ਕਰੀਏ। ਜਦ ਤਕ ਉਹ ਮਿਸਰ ਵਿਚ ਗ਼ੁਲਾਮ ਸਨ, ਅਬਰਾਹਾਮ ਨਾਲ ਕੀਤਾ ਗਿਆ ਪਰਮੇਸ਼ੁਰ ਦਾ ਵਾਅਦਾ ਕਿ ਉਸ ਦੀ ਅੰਸ ਦੇ ਜ਼ਰੀਏ ਧਰਤੀ ਦੇ ਸਾਰੇ ਲੋਕ ਬਰਕਤ ਪਾਉਣਗੇ ਖੋਖਲਾ ਸੀ। ਪਰ ਉਨ੍ਹਾਂ ਨੂੰ ਮਿਸਰ ਤੋਂ ਛੁਡਾ ਕੇ ਅਤੇ ਇਕ ਕੌਮ ਵਜੋਂ ਸਥਾਪਿਤ ਕਰ ਕੇ ਯਹੋਵਾਹ ਨੇ ਆਪਣੀ ਬਦਨਾਮੀ ਦੂਰ ਕੀਤੀ। ਇਸੇ ਕਰਕੇ ਦਾਨੀਏਲ ਨਬੀ ਪ੍ਰਾਰਥਨਾ ਵਿਚ ਕਹਿ ਸਕਿਆ: ‘ਹੇ ਪ੍ਰਭੁ ਸਾਡੇ ਪਰਮੇਸ਼ੁਰ, ਤੈਂ ਬਲ ਵਾਲੀ ਬਾਂਹ ਨਾਲ ਆਪਣੀ ਪਰਜਾ ਨੂੰ ਮਿਸਰ ਦੇ ਦੇਸ ਵਿੱਚੋਂ ਬਾਹਰ ਕੱਢ ਲਿਆਂਦਾ ਅਤੇ ਤੈਂ ਆਪਣਾ ਨਾਮ ਵੱਡਾ ਕੀਤਾ।’—ਦਾਨੀਏਲ 9:15.
15. ਯਹੋਵਾਹ ਨੇ ਯਹੂਦੀਆਂ ਨੂੰ ਬਾਬਲ ਦੀ ਗ਼ੁਲਾਮੀ ਤੋਂ ਕਿਉਂ ਛੁਡਾਇਆ ਸੀ?
15 ਦਿਲਚਸਪੀ ਦੀ ਗੱਲ ਹੈ ਕਿ ਦਾਨੀਏਲ ਨੇ ਯਹੋਵਾਹ ਨੂੰ ਇਸ ਤਰ੍ਹਾਂ ਦੁਆ ਉਦੋਂ ਕੀਤੀ ਸੀ ਜਦੋਂ ਯਹੂਦੀ ਚਾਹੁੰਦੇ ਸਨ ਕਿ ਪਰਮੇਸ਼ੁਰ ਆਪਣੇ ਨਾਂ ਵਾਸਤੇ ਉਨ੍ਹਾਂ ਦੀ ਮਦਦ ਕਰੇ। ਉਸ ਸਮੇਂ ਅਣਆਗਿਆਕਾਰ ਯਹੂਦੀ ਬਾਬਲ ਵਿਚ ਗ਼ੁਲਾਮ ਸਨ। ਉਨ੍ਹਾਂ ਦੀ ਰਾਜਧਾਨੀ, ਯਰੂਸ਼ਲਮ ਤਬਾਹ ਹੋਈ ਪਈ ਸੀ। ਦਾਨੀਏਲ ਜਾਣਦਾ ਸੀ ਕਿ ਜੇ ਯਹੂਦੀ ਆਪਣੇ ਦੇਸ਼ ਮੁੜ ਸਕਣ, ਤਾਂ ਇਸ ਨਾਲ ਯਹੋਵਾਹ ਦੇ ਨਾਂ ਦੀ ਵਡਿਆਈ ਹੋਵੇਗੀ। ਇਸ ਕਰਕੇ ਦਾਨੀਏਲ ਨੇ ਪ੍ਰਾਰਥਨਾ ਕੀਤੀ: “ਹੇ ਪ੍ਰਭੁ, ਬਖ਼ਸ਼ ਦੇਹ! ਹੇ ਪ੍ਰਭੁ, ਸੁਣ ਲੈ ਅਤੇ ਕੰਮ ਕਰ! ਹੇ ਮੇਰੇ ਪਰਮੇਸ਼ੁਰ, ਆਪਣੇ ਹੀ ਲਈ ਢਿਲ ਨਾ ਲਾ ਇਸ ਲਈ ਜੋ ਤੇਰਾ ਸ਼ਹਿਰ ਅਤੇ ਤੇਰੀ ਪਰਜਾ ਤੇਰੇ ਨਾਮ ਦੀ ਸਦਾਉਂਦੀ ਹੈ।”—ਦਾਨੀਏਲ 9:18, 19.
ਪਰਮੇਸ਼ੁਰ ਆਪਣੇ ਲੋਕਾਂ ਵਾਸਤੇ ਲੜਿਆ
16. ਜਦ ਯਹੋਵਾਹ ਆਪਣੇ ਨਾਂ ਦੇ ਵਾਸਤੇ ਕੁਝ ਕਰਦਾ ਹੈ, ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਉਹ ਮਤਲਬੀ ਹੈ ਜਾਂ ਉਸ ਨੂੰ ਆਪਣੀ ਹੀ ਪਈ ਰਹਿੰਦੀ ਹੈ?
16 ਜਦ ਯਹੋਵਾਹ ਆਪਣੇ ਨਾਂ ਵਾਸਤੇ ਕੁਝ ਕਰਦਾ ਹੈ, ਤਾਂ ਕੀ ਇਸ ਦਾ ਮਤਲਬ ਹੈ ਕਿ ਉਹ ਮਤਲਬੀ ਹੈ ਤੇ ਉਸ ਨੂੰ ਆਪਣੀ ਹੀ ਪਈ ਰਹਿੰਦੀ ਹੈ? ਨਹੀਂ, ਇਸ ਤਰ੍ਹਾਂ ਨਹੀਂ ਹੈ ਕਿਉਂਕਿ ਜਦ ਉਹ ਆਪਣੀ ਪਵਿੱਤਰਤਾ ਅਤੇ ਆਪਣੇ ਇਨਸਾਫ਼ ਦੇ ਮੁਤਾਬਕ ਕੁਝ ਕਰਦਾ ਹੈ, ਤਾਂ ਇਸ ਨਾਲ ਉਹ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ। ਜ਼ਰਾ ਉਤਪਤ ਦੇ 14ਵੇਂ ਅਧਿਆਇ ਉੱਤੇ ਗੌਰ ਕਰੋ। ਇਸ ਵਿਚ ਅਸੀਂ ਚਾਰ ਰਾਜਿਆਂ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਨੇ ਹਮਲਾ ਕਰ ਕੇ ਅਬਰਾਹਾਮ ਦੇ ਭਤੀਜੇ ਲੂਤ ਤੇ ਉਸ ਦੇ ਟੱਬਰ ਨੂੰ ਅਗਵਾ ਕਰ ਲਿਆ ਸੀ। ਪਰਮੇਸ਼ੁਰ ਦੀ ਮਦਦ ਨਾਲ ਅਬਰਾਹਾਮ ਨੇ ਉਨ੍ਹਾਂ ਰਾਜਿਆਂ ਅਤੇ ਉਨ੍ਹਾਂ ਦੀ ਸ਼ਕਤੀਸ਼ਾਲੀ ਸੈਨਾ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ! ਇਹ ਸ਼ਾਇਦ ਪਹਿਲੀ ਜਿੱਤ ਸੀ ਜੋ “ਯਹੋਵਾਹ ਦੇ ਜੰਗ ਨਾਮੇ” ਵਿਚ ਦਰਜ ਕੀਤੀ ਗਈ ਸੀ। ਇਸ ਜੰਗ ਨਾਮੇ ਵਿਚ ਹੋਰ ਵੀ ਸੈਨਿਕ ਕਾਰਵਾਈਆਂ ਲਿਖੀਆਂ ਗਈਆਂ ਸਨ ਜਿਨ੍ਹਾਂ ਬਾਰੇ ਬਾਈਬਲ ਵਿਚ ਨਹੀਂ ਦੱਸਿਆ ਗਿਆ। (ਗਿਣਤੀ 21:14) ਇਸ ਜਿੱਤ ਤੋਂ ਬਾਅਦ ਯਹੋਵਾਹ ਨੇ ਹੋਰ ਕਈ ਲੜਾਈਆਂ ਜਿੱਤੀਆਂ ਸਨ।
17. ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਇਸਰਾਏਲੀਆਂ ਦੇ ਕਨਾਨ ਦੇਸ਼ ਵਿਚ ਦਾਖ਼ਲ ਹੋਣ ਤੋਂ ਬਾਅਦ ਯਹੋਵਾਹ ਉਨ੍ਹਾਂ ਵਾਸਤੇ ਲੜਿਆ ਸੀ?
17 ਕਨਾਨ ਦੇਸ਼ ਵਿਚ ਦਾਖ਼ਲ ਹੋਣ ਤੋਂ ਥੋੜ੍ਹੀ ਹੀ ਦੇਰ ਪਹਿਲਾਂ ਮੂਸਾ ਨੇ ਇਸਰਾਏਲੀਆਂ ਨੂੰ ਦਿਲਾਸਾ ਦਿੱਤਾ ਸੀ ਕਿ “ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ ਅੱਗੇ ਜਾਂਦਾ ਹੈ। ਉਹ ਤੁਹਾਡੇ ਲਈ ਲੜੇਗਾ ਜਿਵੇਂ ਉਸ ਨੇ ਤੁਹਾਡੀਆਂ ਅੱਖਾਂ ਦੇ ਅੱਗੇ ਮਿਸਰ ਵਿੱਚ ਕੀਤਾ।” (ਬਿਵਸਥਾ ਸਾਰ 1:30; 20:1) ਮੂਸਾ ਤੋਂ ਬਾਅਦ ਲੋਕਾਂ ਦੀ ਅਗਵਾਈ ਯਹੋਸ਼ੁਆ ਨੇ ਕੀਤੀ ਸੀ। ਯਹੋਸ਼ੁਆ ਦੇ ਸਮੇਂ ਤੋਂ ਲੈ ਕੇ ਨਿਆਈਆਂ ਅਤੇ ਯਹੂਦਾਹ ਦੇ ਵਫ਼ਾਦਾਰ ਰਾਜਿਆਂ ਦੇ ਸਮੇਂ ਤਕ ਯਹੋਵਾਹ ਆਪਣੇ ਲੋਕਾਂ ਵਾਸਤੇ ਲੜਿਆ ਸੀ। ਯਹੋਵਾਹ ਦੀ ਸ਼ਕਤੀ ਨਾਲ ਉਸ ਦੇ ਲੋਕਾਂ ਨੇ ਆਪਣੇ ਦੁਸ਼ਮਣਾਂ ਉੱਤੇ ਕਈ ਚਮਤਕਾਰੀ ਜਿੱਤਾਂ ਪ੍ਰਾਪਤ ਕੀਤੀਆਂ ਸਨ।—ਯਹੋਸ਼ੁਆ 10:1-14; ਨਿਆਈਆਂ 4:12-17; 2 ਸਮੂਏਲ 5:17-21.
18. (ੳ) ਅਸੀਂ ਖ਼ੁਸ਼ ਕਿਉਂ ਹੋ ਸਕਦੇ ਹਾਂ ਕਿ ਯਹੋਵਾਹ ਬਦਲਿਆ ਨਹੀਂ ਹੈ? (ਅ) ਉਤਪਤ 3:15 ਵਿਚ ਦੱਸੇ ਗਏ ਵੈਰ ਦੇ ਸਿਖਰ ਤੇ ਕੀ ਹੋਵੇਗਾ?
18 ਨਾ ਯਹੋਵਾਹ ਬਦਲਿਆ ਹੈ ਅਤੇ ਨਾ ਹੀ ਉਸ ਦਾ ਮਕਸਦ ਬਦਲਿਆ ਹੈ। ਉਹ ਇਸ ਧਰਤੀ ਨੂੰ ਸ਼ਾਂਤੀ-ਭਰਿਆ ਫਿਰਦੌਸ ਜ਼ਰੂਰ ਬਣਾਵੇਗਾ। (ਉਤਪਤ 1:27, 28) ਪਰਮੇਸ਼ੁਰ ਅਜੇ ਵੀ ਦੁਸ਼ਟਤਾ ਨਾਲ ਨਫ਼ਰਤ ਕਰਦਾ ਹੈ। ਇਸ ਦੇ ਨਾਲੋਂ-ਨਾਲ ਉਹ ਆਪਣੇ ਲੋਕਾਂ ਨਾਲ ਬਹੁਤ ਪਿਆਰ ਕਰਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਬਚਾਉਣ ਲਈ ਕੁਝ ਕਰੇਗਾ। (ਜ਼ਬੂਰਾਂ ਦੀ ਪੋਥੀ 11:7) ਦਰਅਸਲ ਉਤਪਤ 3:15 ਵਿਚ ਦੱਸਿਆ ਗਿਆ ਵੈਰ ਹੁਣ ਇਕ ਵੱਡੇ ਅਤੇ ਹਿੰਸਕ ਮੋੜ ਤੇ ਆਉਣ ਵਾਲਾ ਹੈ। ਆਪਣੀ ਬਦਨਾਮੀ ਦੂਰ ਕਰਨ ਵਾਸਤੇ ਅਤੇ ਆਪਣੇ ਲੋਕਾਂ ਦੀ ਰਾਖੀ ਕਰਨ ਵਾਸਤੇ ਯਹੋਵਾਹ ਫਿਰ ਤੋਂ “ਜੋਧਾ ਪੁਰਸ਼” ਬਣੇਗਾ!—ਜ਼ਕਰਯਾਹ 14:3; ਪਰਕਾਸ਼ ਦੀ ਪੋਥੀ 16:14, 16.
19. (ੳ) ਉਦਾਹਰਣ ਦਿਓ ਕਿ ਪਰਮੇਸ਼ੁਰ ਦੀ ਨਾਸ਼ ਕਰਨ ਦੀ ਸ਼ਕਤੀ ਸਾਨੂੰ ਉਸ ਦੇ ਨੇੜੇ ਕਿਉਂ ਖਿੱਚਦੀ ਹੈ। (ਅ) ਇਹ ਜਾਣ ਕੇ ਕਿ ਪਰਮੇਸ਼ੁਰ ਸਾਡੇ ਲਈ ਲੜਨ ਲਈ ਤਿਆਰ ਹੈ, ਸਾਡੇ ਉੱਤੇ ਕੀ ਪ੍ਰਭਾਵ ਪੈਂਦਾ ਹੈ?
19 ਇਸ ਉਦਾਹਰਣ ਉੱਤੇ ਗੌਰ ਕਰੋ: ਮੰਨ ਲਓ ਕੋਈ ਜੰਗਲੀ ਜਾਨਵਰ ਇਕ ਆਦਮੀ ਦੇ ਪਰਿਵਾਰ ਤੇ ਹਮਲਾ ਕਰ ਰਿਹਾ ਹੈ ਅਤੇ ਉਹ ਆਦਮੀ ਉਨ੍ਹਾਂ ਨੂੰ ਬਚਾਉਣ ਵਾਸਤੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਉਸ ਜਾਨਵਰ ਨਾਲ ਲੜਦਾ ਹੈ ਤੇ ਉਸ ਨੂੰ ਮਾਰ ਦਿੰਦਾ ਹੈ। ਇਹ ਦੇਖ ਕੇ ਕੀ ਉਸ ਆਦਮੀ ਦੇ ਬੀਵੀ-ਬੱਚੇ ਉਸ ਨੂੰ ਬੁਰਾ ਸਮਝ ਕੇ ਉਸ ਤੋਂ ਦੂਰ ਹੋਣਗੇ? ਬਿਲਕੁਲ ਨਹੀਂ। ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਉਹ ਉਸ ਦਾ ਸ਼ੁਕਰ ਕਰਨਗੇ ਕਿ ਉਸ ਨੇ ਆਪਣੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਦੀ ਮਦਦ ਕੀਤੀ। ਇਸੇ ਤਰ੍ਹਾਂ ਸਾਨੂੰ ਯਹੋਵਾਹ ਦੀ ਨਾਸ਼ ਕਰਨ ਦੀ ਸ਼ਕਤੀ ਬਾਰੇ ਸੋਚ ਕੇ ਉਸ ਤੋਂ ਦੂਰ-ਦੂਰ ਨਹੀਂ ਰਹਿਣਾ ਚਾਹੀਦਾ। ਉਸ ਲਈ ਸਾਡਾ ਪਿਆਰ ਵਧਣਾ ਚਾਹੀਦਾ ਹੈ ਕਿ ਉਹ ਸਾਡੀ ਰਾਖੀ ਕਰਨ ਵਾਸਤੇ ਲੜਨ ਲਈ ਤਿਆਰ ਹੈ। ਉਸ ਦੀ ਅਸੀਮ ਸ਼ਕਤੀ ਲਈ ਵੀ ਸਾਡਾ ਸਤਿਕਾਰ ਵਧਣਾ ਚਾਹੀਦਾ ਹੈ। ਇਸ ਤਰ੍ਹਾਂ ‘ਅਸੀਂ ਭਗਤੀ ਅਤੇ ਭੈ ਨਾਲ ਪਰਮੇਸ਼ੁਰ ਦੀ ਉਪਾਸਨਾ ਕਰ ਸਕਾਂਗੇ।’—ਇਬਰਾਨੀਆਂ 12:28.
“ਜੋਧਾ ਪੁਰਸ਼” ਦੇ ਨੇੜੇ ਰਹੋ
20. ਬਾਈਬਲ ਵਿਚ ਪਰਮੇਸ਼ੁਰ ਦੀ ਕਿਸੇ ਜੰਗ ਬਾਰੇ ਪੜ੍ਹਦੇ ਹੋਏ ਸਾਨੂੰ ਚੰਗੀ ਤਰ੍ਹਾਂ ਗੱਲ ਸਮਝਣ ਲਈ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ?
20 ਬਾਈਬਲ ਯਹੋਵਾਹ ਦੀਆਂ ਸਾਰੀਆਂ ਜੰਗਾਂ ਦੇ ਪੂਰੇ ਵੇਰਵੇ ਨਹੀਂ ਦਿੰਦੀ ਕਿ ਉਹ ਕਿਉਂ ਜਾਂ ਕਿਸ ਤਰ੍ਹਾਂ ਲੜੀਆਂ ਗਈਆਂ ਸਨ। ਪਰ ਇਕ ਗੱਲ ਦਾ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੀ ਨਾਸ਼ ਕਰਨ ਦੀ ਸ਼ਕਤੀ ਗ਼ਲਤ, ਨਿਰਦਈ ਜਾਂ ਕਠੋਰ ਤਰੀਕੇ ਨਾਲ ਕਦੇ ਨਹੀਂ ਵਰਤਦਾ। ਕਈ ਵਾਰ ਬਾਈਬਲ ਵਿਚ ਪੂਰੀ ਗੱਲ ਪੜ੍ਹ ਕੇ ਜਾਂ ਹੋਰ ਜਾਣਕਾਰੀ ਲੈ ਕੇ ਅਸੀਂ ਪਰਮੇਸ਼ੁਰ ਦੀ ਕਰਨੀ ਸਮਝ ਸਕਦੇ ਹਾਂ। (ਕਹਾਉਤਾਂ 18:13) ਪਰ ਜੇ ਅਸੀਂ ਸਭ ਕੁਝ ਨਹੀਂ ਵੀ ਜਾਣ ਸਕਦੇ, ਤਾਂ ਵੀ ਅਸੀਂ ਯਹੋਵਾਹ ਬਾਰੇ ਹੋਰ ਜਾਣਕਾਰੀ ਲੈ ਕੇ ਅਤੇ ਉਸ ਦੇ ਸਦਗੁਣਾਂ ਬਾਰੇ ਸੋਚ ਕੇ ਆਪਣੇ ਸਾਰੇ ਸ਼ੱਕ ਦੂਰ ਕਰ ਸਕਦੇ ਹਾਂ। ਜਦ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਅਸੀਂ ਜਾਣ ਲੈਂਦੇ ਹਾਂ ਕਿ ਸਾਡੇ ਕੋਲ ਯਹੋਵਾਹ ਉੱਤੇ ਭਰੋਸਾ ਰੱਖਣ ਦੇ ਬਹੁਤ ਸਾਰੇ ਕਾਰਨ ਹਨ।—ਅੱਯੂਬ 34:12.
21. ਭਾਵੇਂ ਕਈ ਵਾਰ ਯਹੋਵਾਹ “ਜੋਧਾ ਪੁਰਸ਼” ਬਣਿਆ ਹੈ, ਪਰ ਉਹ ਅਸਲ ਵਿਚ ਕਿਹੋ ਜਿਹਾ ਹੈ?
21 ਭਾਵੇਂ ਕਈ ਵਾਰ ਲੋੜ ਪੈਣ ਤੇ ਯਹੋਵਾਹ “ਜੋਧਾ ਪੁਰਸ਼” ਬਣਿਆ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਜ਼ਾਲਮ ਹੈ। ਹਿਜ਼ਕੀਏਲ ਨੇ ਜਿਸ ਆਕਾਸ਼ੀ ਰੱਥ ਦਾ ਦਰਸ਼ਣ ਦੇਖਿਆ ਸੀ, ਉਸ ਵਿਚ ਯਹੋਵਾਹ ਨੂੰ ਆਪਣੇ ਦੁਸ਼ਮਣਾਂ ਨਾਲ ਲੜਨ ਲਈ ਤਿਆਰ ਦਿਖਾਇਆ ਗਿਆ ਸੀ। ਪਰ ਹਿਜ਼ਕੀਏਲ ਨੇ ਪਰਮੇਸ਼ੁਰ ਦੇ ਆਲੇ-ਦੁਆਲੇ ਮੇਘ ਧਣੁਖ ਯਾਨੀ ਸਤਰੰਗੀ ਪੀਂਘ ਦੇਖੀ ਸੀ ਜੋ ਸ਼ਾਂਤੀ ਦਾ ਚਿੰਨ੍ਹ ਹੈ। (ਉਤਪਤ 9:13; ਹਿਜ਼ਕੀਏਲ 1:28; ਪਰਕਾਸ਼ ਦੀ ਪੋਥੀ 4:3) ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਯਹੋਵਾਹ ਸ਼ਾਂਤੀਪਸੰਦ ਅਤੇ ਨਰਮ ਸੁਭਾਅ ਵਾਲਾ ਪਰਮੇਸ਼ੁਰ ਹੈ। ਯੂਹੰਨਾ ਰਸੂਲ ਨੇ ਲਿਖਿਆ ਕਿ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਯਹੋਵਾਹ ਦੇ ਸਾਰੇ ਗੁਣ ਸੰਤੁਲਨ ਵਿਚ ਹਨ। ਤਾਂ ਫਿਰ ਸਾਡੇ ਵਾਸਤੇ ਇਹ ਕਿੱਡਾ ਵੱਡਾ ਸਨਮਾਨ ਹੈ ਕਿ ਅਸੀਂ ਅਜਿਹੇ ਸ਼ਕਤੀਸ਼ਾਲੀ ਅਤੇ ਪਿਆਰ ਕਰਨ ਵਾਲੇ ਪਰਮੇਸ਼ੁਰ ਦੇ ਨੇੜੇ ਰਹਿ ਸਕਦੇ ਹਾਂ!
a ਯਹੂਦੀ ਇਤਿਹਾਸਕਾਰ ਜੋਸੀਫ਼ਸ ਦੇ ਮੁਤਾਬਕ ਇਸਰਾਏਲੀਆਂ ਦੇ “ਮਗਰ 600 ਰਥ, 50,000 ਘੋੜਸਵਾਰ ਅਤੇ 2 ਲੱਖ ਫ਼ੌਜੀ ਲੱਗੇ ਹੋਏ ਸਨ।”—ਯਹੂਦੀ ਪੁਰਾਤਨ ਸਭਿਆਚਾਰ (ਅੰਗ੍ਰੇਜ਼ੀ), II, 324 [XV, 3].
b ਕਨਾਨ ਦੇ ਸਾਰੇ ਲੋਕਾਂ ਨੂੰ ਇੱਥੇ “ਅਮੋਰੀ” ਸੱਦਿਆ ਗਿਆ ਹੈ।—ਬਿਵਸਥਾ ਸਾਰ 1:6-8, 19-21, 27; ਯਹੋਸ਼ੁਆ 24:15, 18.