ਅਧਿਆਇ 7
ਧੀਰਜ ਦੀ ਬਿਹਤਰੀਨ ਮਿਸਾਲ
1-3. (ੳ) ਗਥਸਮਨੀ ਬਾਗ਼ ਵਿਚ ਯਿਸੂ ਕਿੰਨਾ ਕੁ ਪਰੇਸ਼ਾਨ ਸੀ ਅਤੇ ਕਿਉਂ? (ਅ) ਯਿਸੂ ਦੀ ਮਿਸਾਲ ਬਾਰੇ ਕੀ ਕਿਹਾ ਜਾ ਸਕਦਾ ਹੈ ਅਤੇ ਕਿਹੜੇ ਸਵਾਲ ਪੈਦਾ ਹੁੰਦੇ ਹਨ?
ਇਹ ਯਿਸੂ ਦੀ ਜ਼ਿੰਦਗੀ ਦੇ ਆਖ਼ਰੀ ਘੰਟੇ ਹਨ ਅਤੇ ਉਹ ਮਨੋਂ ਬਹੁਤ ਦੁਖੀ ਹੈ। ਉਹ ਆਪਣੇ ਰਸੂਲਾਂ ਨਾਲ ਗਥਸਮਨੀ ਬਾਗ਼ ਵਿਚ ਆਉਂਦਾ ਹੈ ਜਿੱਥੇ ਉਹ ਪਹਿਲਾਂ ਵੀ ਕਈ ਵਾਰ ਉਨ੍ਹਾਂ ਨਾਲ ਆ ਚੁੱਕਾ ਹੈ। ਪਰ ਇਸ ਰਾਤ ਉਹ ਕੁਝ ਸਮਾਂ ਇਕੱਲਿਆਂ ਬਿਤਾਉਣਾ ਚਾਹੁੰਦਾ ਹੈ। ਉਹ ਆਪਣੇ ਰਸੂਲਾਂ ਨੂੰ ਛੱਡ ਕੇ ਬਾਗ਼ ਵਿਚ ਕਿਸੇ ਇਕਾਂਤ ਜਗ੍ਹਾ ਜਾਂਦਾ ਹੈ। ਫਿਰ ਉਹ ਗੋਡੇ ਟੇਕ ਗਿੜਗਿੜਾ ਕੇ ਪ੍ਰਾਰਥਨਾ ਕਰਦਾ ਹੈ। ਉਹ ਅੰਦਰੋਂ-ਅੰਦਰੀਂ ਇੰਨਾ ਦੁਖੀ ਤੇ ਪਰੇਸ਼ਾਨ ਹੈ ਕਿ ਉਸ ਦਾ ਪਸੀਨਾ “ਲਹੂ ਦੀਆਂ ਬੂੰਦਾਂ ਵਾਂਗ ਜ਼ਮੀਨ ਉੱਤੇ ਡਿਗ ਰਿਹਾ” ਹੈ।—ਲੂਕਾ 22:39-44.
2 ਯਿਸੂ ਇੰਨਾ ਪਰੇਸ਼ਾਨ ਕਿਉਂ ਹੈ? ਉਸ ਨੂੰ ਪਤਾ ਹੈ ਕਿ ਬਹੁਤ ਜਲਦ ਉਸ ਉੱਤੇ ਜ਼ੁਲਮ ਢਾਹੇ ਜਾਣਗੇ, ਪਰ ਉਹ ਇਸ ਗੱਲੋਂ ਪਰੇਸ਼ਾਨ ਨਹੀਂ ਹੈ। ਉਸ ਨੂੰ ਸਭ ਤੋਂ ਜ਼ਿਆਦਾ ਚਿੰਤਾ ਇਸ ਗੱਲ ਦੀ ਹੈ ਕਿ ਉਹ ਕਿਤੇ ਆਪਣੇ ਪਿਤਾ ਦਾ ਨਾਂ ਬਦਨਾਮ ਨਾ ਕਰ ਦੇਵੇ। ਉਹ ਜਾਣਦਾ ਹੈ ਕਿ ਉਸ ਦੇ ਅੰਤ ਤਕ ਵਫ਼ਾਦਾਰ ਰਹਿਣ ਨਾਲ ਹੀ ਉਸ ਦੇ ਪਿਤਾ ਦਾ ਨਾਂ ਰੌਸ਼ਨ ਹੋਵੇਗਾ ਅਤੇ ਸਾਰੇ ਇਨਸਾਨਾਂ ਨੂੰ ਬਰਕਤਾਂ ਮਿਲਣਗੀਆਂ। ਇਸ ਲਈ ਜ਼ਰੂਰੀ ਹੈ ਕਿ ਉਹ ਹਿੰਮਤ ਰੱਖੇ ਅਤੇ ਅਜ਼ਮਾਇਸ਼ਾਂ ਨੂੰ ਸਹੇ। ਦਰਅਸਲ ਉਹ ਆਪਣੇ ਪਿਤਾ ਨੂੰ ਨਿਰਾਸ਼ ਨਹੀਂ ਕਰਦਾ, ਸਗੋਂ ਉਸੇ ਦਿਨ ਆਪਣੀ ਜ਼ਿੰਦਗੀ ਦਾ ਆਖ਼ਰੀ ਸਾਹ ਲੈਂਦੇ ਹੋਏ ਉਹ ਉੱਚੀ ਆਵਾਜ਼ ਵਿਚ ਕਹਿੰਦਾ ਹੈ: “ਸਾਰਾ ਕੰਮ ਪੂਰਾ ਹੋਇਆ!” (ਯੂਹੰਨਾ 19:30) ਉਸ ਨੇ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ!
3 ਬਾਈਬਲ ਸਾਨੂੰ ਯਿਸੂ ਦੀ ਮਿਸਾਲ ਉੱਤੇ ਗੌਰ ਕਰਨ ਦੀ ਤਾਕੀਦ ਕਰਦੀ ਹੈ। (ਇਬਰਾਨੀਆਂ 12:1-3) ਇਸ ਲਈ ਆਓ ਆਪਾਂ ਇਨ੍ਹਾਂ ਜ਼ਰੂਰੀ ਸਵਾਲਾਂ ਵੱਲ ਧਿਆਨ ਦੇਈਏ: ਯਿਸੂ ਨੇ ਕਿਹੜੀਆਂ ਅਜ਼ਮਾਇਸ਼ਾਂ ਸਹੀਆਂ? ਉਸ ਨੂੰ ਸਹਿਣ ਦੀ ਤਾਕਤ ਕਿੱਥੋਂ ਮਿਲੀ? ਅਤੇ ਅਸੀਂ ਉਸ ਦੇ ਨਕਸ਼ੇ-ਕਦਮਾਂ ʼਤੇ ਕਿਵੇਂ ਚੱਲ ਸਕਦੇ ਹਾਂ? ਪਰ ਇਨ੍ਹਾਂ ਦੇ ਜਵਾਬ ਜਾਣਨ ਤੋਂ ਪਹਿਲਾਂ, ਆਓ ਆਪਾਂ ਦੇਖੀਏ ਕਿ ਬਾਈਬਲ ਮੁਤਾਬਕ ਧੀਰਜ ਰੱਖਣ ਅਤੇ ਦੁੱਖ ਸਹਿਣ ਦਾ ਕੀ ਮਤਲਬ ਹੈ।
ਹਿੰਮਤ ਰੱਖ ਕੇ ਦੁੱਖ ਸਹਿਣੇ
4, 5. (ੳ) ਬਾਈਬਲ ਮੁਤਾਬਕ ਧੀਰਜ ਰੱਖਣ ਦਾ ਕੀ ਮਤਲਬ ਹੈ? (ਅ) ਮਿਸਾਲ ਦੇ ਕੇ ਸਮਝਾਓ ਕਿ ਧੀਰਜ ਰੱਖਣ ਦਾ ਮਤਲਬ ਸਿਰਫ਼ ਜ਼ਿੰਦਗੀ ਵਿਚ ਮੁਸ਼ਕਲਾਂ ਵਿੱਚੋਂ ਗੁਜ਼ਰਨਾ ਹੀ ਨਹੀਂ ਹੈ।
4 ਸਾਨੂੰ ਸਾਰਿਆਂ ਨੂੰ “ਕਈ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਕਾਰਨ ਦੁੱਖ ਝੱਲਣਾ” ਪੈਂਦਾ ਹੈ। (1 ਪਤਰਸ 1:6) ਜੇ ਅਸੀਂ ਅਜ਼ਮਾਇਸ਼ਾਂ ਵਿੱਚੋਂ ਗੁਜ਼ਰ ਰਹੇ ਹਾਂ, ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਅਸੀਂ ਧੀਰਜ ਰੱਖ ਰਹੇ ਹਾਂ? ਨਹੀਂ, ਕਿਉਂਕਿ ਬਾਈਬਲ ਮੁਤਾਬਕ ਧੀਰਜ ਰੱਖਣ ਦਾ ਮਤਲਬ ਹੈ: “ਹਾਰ ਮੰਨੇ ਬਿਨਾਂ ਡਟ ਕੇ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰਨਾ।” ਇਸ ਬਾਰੇ ਇਕ ਵਿਦਵਾਨ ਕਹਿੰਦਾ ਹੈ: ‘ਜੋ ਇਨਸਾਨ ਧੀਰਜ ਰੱਖਦਾ ਹੈ ਉਹ ਲਾਚਾਰ ਹੋ ਕੇ ਨਹੀਂ, ਬਲਕਿ ਪੱਕੀ ਉਮੀਦ ਨਾਲ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ। ਇਹ ਗੁਣ ਪਹਾੜ ਵਰਗੀਆਂ ਮੁਸੀਬਤਾਂ ਦਾ ਹਿੰਮਤ ਨਾਲ ਸਾਮ੍ਹਣਾ ਕਰਨ ਵਿਚ ਉਸ ਦੀ ਮਦਦ ਕਰਦਾ ਹੈ। ਜਿਸ ਇਨਸਾਨ ਵਿਚ ਇਹ ਗੁਣ ਹੁੰਦਾ ਹੈ ਉਹ ਦੁੱਖ-ਤਕਲੀਫ਼ਾਂ ਉੱਤੇ ਧਿਆਨ ਲਾਉਣ ਦੀ ਬਜਾਇ ਆਪਣੀ ਨਜ਼ਰ ਮੰਜ਼ਲ ʼਤੇ ਟਿਕਾਈ ਰੱਖਦਾ ਹੈ।’
5 ਤਾਂ ਫਿਰ ਧੀਰਜ ਰੱਖਣ ਦਾ ਮਤਲਬ ਮੁਸ਼ਕਲਾਂ ਵਿੱਚੋਂ ਗੁਜ਼ਰਨਾ ਹੀ ਨਹੀਂ ਹੈ। ਬਾਈਬਲ ਮੁਤਾਬਕ ਜੋ ਇਨਸਾਨ ਧੀਰਜ ਰੱਖਦਾ ਹੈ ਉਹ ਅਜ਼ਮਾਇਸ਼ਾਂ ਦੌਰਾਨ ਤਕੜਾ ਰਹਿੰਦਾ ਹੈ, ਸਹੀ ਰਵੱਈਆ ਰੱਖਦਾ ਹੈ ਅਤੇ ਉਮੀਦ ਦਾ ਦਾਮਨ ਕਦੇ ਨਹੀਂ ਛੱਡਦਾ। ਇਸ ਮਿਸਾਲ ʼਤੇ ਗੌਰ ਕਰੋ: ਦੋ ਆਦਮੀ ਜੇਲ੍ਹ ਵਿਚ ਹਨ। ਇਕ ਪਾਸੇ ਇਕ ਅਪਰਾਧੀ ਹੈ ਜੋ ਆਪਣੇ ਜੁਰਮ ਦੀ ਸਜ਼ਾ ਗੁੱਸੇ ਦੀ ਅੱਗ ਵਿਚ ਸੜ-ਬਲ਼ ਕੇ ਭੁਗਤ ਰਿਹਾ ਹੈ। ਦੂਜੇ ਪਾਸੇ ਇਕ ਮਸੀਹੀ ਭਰਾ ਹੈ ਜਿਸ ਨੂੰ ਬਾਈਬਲ ਦੇ ਅਸੂਲਾਂ ʼਤੇ ਚੱਲਣ ਕਰਕੇ ਸਜ਼ਾ ਮਿਲੀ ਹੈ। ਉਹ ਇਸ ਅਜ਼ਮਾਇਸ਼ ਨੂੰ ਆਪਣੀ ਨਿਹਚਾ ਦਾ ਸਬੂਤ ਦੇਣ ਦਾ ਮੌਕਾ ਸਮਝਦਾ ਹੈ। ਇਹ ਭਰਾ ਤਕੜਾ ਹੋ ਕੇ ਅਤੇ ਧੀਰਜ ਰੱਖ ਕੇ ਸਜ਼ਾ ਕੱਟ ਰਿਹਾ ਹੈ, ਪਰ ਅਪਰਾਧੀ ਬਾਰੇ ਅਸੀਂ ਇੱਦਾਂ ਨਹੀਂ ਕਹਾਂਗੇ।—ਯਾਕੂਬ 1:2-4.
6. ਅਸੀਂ ਧੀਰਜ ਕਿਵੇਂ ਪੈਦਾ ਕਰ ਸਕਦੇ ਹਾਂ?
6 ਜੇ ਅਸੀਂ ਇਸ ਦੁਸ਼ਟ ਦੁਨੀਆਂ ਵਿੱਚੋਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ਅੰਤ ਤਕ ਅਜ਼ਮਾਇਸ਼ਾਂ ਸਹਿਣ ਦੀ ਲੋੜ ਹੈ। (ਮੱਤੀ 24:13) ਅਸੀਂ ਜਨਮ ਤੋਂ ਹੀ ਧੀਰਜਵਾਨ ਨਹੀਂ ਹੁੰਦੇ। ਸਾਨੂੰ ਖ਼ੁਦ ਵਿਚ ਇਹ ਜ਼ਰੂਰੀ ਗੁਣ ਪੈਦਾ ਕਰਨ ਦੀ ਲੋੜ ਹੈ। ਕਿਵੇਂ? ਰੋਮੀਆਂ 5:3 ਕਹਿੰਦਾ ਹੈ: “ਮੁਸੀਬਤਾਂ ਕਾਰਨ ਸਾਡੇ ਵਿਚ ਧੀਰਜ ਪੈਦਾ ਹੁੰਦਾ ਹੈ।” ਸੋ ਜੇ ਅਸੀਂ ਧੀਰਜ ਪੈਦਾ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਅਜ਼ਮਾਇਸ਼ਾਂ ਤੋਂ ਡਰ ਕੇ ਪਿੱਛੇ ਨਹੀਂ ਹਟਾਂਗੇ, ਸਗੋਂ ਹਿੰਮਤ ਨਾਲ ਉਨ੍ਹਾਂ ਦਾ ਸਾਮ੍ਹਣਾ ਕਰਾਂਗੇ। ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਨਾਲ ਹੀ ਸਾਡੇ ਵਿਚ ਧੀਰਜ ਪੈਦਾ ਹੁੰਦਾ ਹੈ। ਹਰ ਅਜ਼ਮਾਇਸ਼ ਸਾਡੀ ਨਿਹਚਾ ਨੂੰ ਤਕੜਾ ਕਰਦੀ ਹੈ ਜਿਸ ਨਾਲ ਅਸੀਂ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੁੰਦੇ ਹਾਂ। ਅਸੀਂ ਆਪਣੇ ਦਮ ʼਤੇ ਨਹੀਂ, ਸਗੋਂ “ਪਰਮੇਸ਼ੁਰ ਦੀ ਤਾਕਤ ਦਾ ਸਹਾਰਾ ਲੈ ਕੇ” ਹੀ ਧੀਰਜ ਪੈਦਾ ਕਰ ਸਕਦੇ ਹਾਂ। (1 ਪਤਰਸ 4:11) ਇਸ ਦੇ ਨਾਲ-ਨਾਲ ਯਹੋਵਾਹ ਨੇ ਸਾਡੇ ਸਾਮ੍ਹਣੇ ਆਪਣੇ ਬੇਟੇ ਦੀ ਵਧੀਆ ਮਿਸਾਲ ਰੱਖੀ ਹੈ। ਉਸ ਉੱਤੇ ਗੌਰ ਕਰਨ ਨਾਲ ਸਾਨੂੰ ਵਫ਼ਾਦਾਰ ਰਹਿਣ ਵਿਚ ਮਦਦ ਮਿਲੇਗੀ।
ਯਿਸੂ ਨੇ ਕਿਹੜੀਆਂ ਅਜ਼ਮਾਇਸ਼ਾਂ ਸਹੀਆਂ
7, 8. ਯਿਸੂ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਘੰਟਿਆਂ ਦੌਰਾਨ ਕੀ-ਕੀ ਸਹਿਆ?
7 ਯਿਸੂ ਦੀ ਜ਼ਿੰਦਗੀ ਦੀ ਆਖ਼ਰੀ ਰਾਤ ਨੂੰ ਉਸ ਨਾਲ ਬੁਰੇ ਤੋਂ ਬੁਰਾ ਸਲੂਕ ਕੀਤਾ ਗਿਆ। ਸੋਚੋ ਕਿ ਉਸ ਰਾਤ ਪਰੇਸ਼ਾਨ ਹੋਣ ਦੇ ਨਾਲ-ਨਾਲ ਉਹ ਕਿੰਨਾ ਨਿਰਾਸ਼ ਹੋਇਆ ਹੋਣਾ। ਉਸ ਦੇ ਇਕ ਕਰੀਬੀ ਦੋਸਤ ਨੇ ਉਸ ਨਾਲ ਦਗ਼ਾ ਕੀਤਾ ਅਤੇ ਉਸ ਦੇ ਬਾਕੀ ਦੋਸਤ ਉਸ ਦਾ ਸਾਥ ਛੱਡ ਕੇ ਭੱਜ ਗਏ। ਨਾਲੇ ਸੋਚੋ ਕਿ ਉਸ ਨੇ ਕਿੰਨੀ ਬੇਇੱਜ਼ਤੀ ਸਹੀ ਹੋਣੀ। ਯਹੂਦੀਆਂ ਦੀ ਸੁਪਰੀਮ ਕੋਰਟ ਵਿਚ ਉਸ ਖ਼ਿਲਾਫ਼ ਗ਼ੈਰ-ਕਾਨੂੰਨੀ ਮੁਕੱਦਮਾ ਚਲਾਇਆ ਗਿਆ ਜਿੱਥੇ ਕੋਰਟ ਦੇ ਮੈਂਬਰਾਂ ਨੇ ਉਸ ਦਾ ਮਜ਼ਾਕ ਉਡਾਇਆ, ਉਸ ਦੇ ਮੂੰਹ ʼਤੇ ਥੁੱਕਿਆ ਅਤੇ ਉਸ ਦੇ ਮੁੱਕੇ ਮਾਰੇ। ਪਰ ਯਿਸੂ ਨੇ ਸਭ ਕੁਝ ਸ਼ਾਂਤ ਰਹਿ ਕੇ ਸਹਿ ਲਿਆ।—ਮੱਤੀ 26:46-49, 56, 59-68.
8 ਇਨ੍ਹਾਂ ਆਖ਼ਰੀ ਘੰਟਿਆਂ ਦੌਰਾਨ ਉਸ ਨੇ ਬੇਹੱਦ ਤਸੀਹੇ ਝੱਲੇ। ਉਸ ਨੂੰ ਬੁਰੀ ਤਰ੍ਹਾਂ ਮਾਰਿਆ-ਕੁੱਟਿਆ ਗਿਆ ਅਤੇ ਕੋਰੜੇ ਮਾਰ-ਮਾਰ ਕੇ ਉਸ ਦੀ ਚਮੜੀ ਉਧੇੜ ਦਿੱਤੀ ਗਈ ਜਿਸ ਕਰਕੇ ‘ਉਸ ਦਾ ਬਹੁਤ ਲਹੂ ਵਹਿ ਗਿਆ।’ ਸੋਚੋ ਕਿ ਉਸ ਨੂੰ ਕਿੰਨੀ ਤਕਲੀਫ਼ ਹੋਈ ਹੋਣੀ ਜਦੋਂ ਉਸ ਦੇ ਹੱਥਾਂ-ਪੈਰਾਂ ਵਿਚ ਵੱਡੇ-ਵੱਡੇ ਕਿੱਲ ਠੋਕ ਕੇ ਉਸ ਨੂੰ ਸੂਲ਼ੀ ʼਤੇ ਟੰਗਿਆ ਗਿਆ। (ਯੂਹੰਨਾ 19:1, 16-18) ਫਿਰ ਜਦੋਂ ਸੂਲ਼ੀ ਨੂੰ ਖੜ੍ਹਾ ਕੀਤਾ ਗਿਆ, ਤਾਂ ਉਸ ਦੇ ਸਰੀਰ ਦਾ ਸਾਰਾ ਭਾਰ ਉਸ ਦੇ ਹੱਥਾਂ-ਪੈਰਾਂ ʼਤੇ ਆ ਗਿਆ ਅਤੇ ਉਸ ਦੀ ਲਹੂ-ਲੁਹਾਨ ਪਿੱਠ ਲੱਕੜ ਦੀ ਸੂਲ਼ੀ ਨਾਲ ਰਗੜਾਂ ਖਾ ਰਹੀ ਸੀ। ਉਸ ਨੇ ਤੜਫ-ਤੜਫ ਕੇ ਦਮ ਤੋੜਿਆ। ਯਿਸੂ ਦਾ ਮਨ ਪਹਿਲਾਂ ਹੀ ਬਹੁਤ ਦੁਖੀ ਸੀ, ਪਰ ਫਿਰ ਵੀ ਉਸ ਨੇ ਇਹ ਸਾਰੇ ਕਸ਼ਟ ਸਹਿ ਲਏ।
9. “ਤਸੀਹੇ ਦੀ ਸੂਲ਼ੀ” ਚੁੱਕ ਕੇ ਯਿਸੂ ਦੇ ਪਿੱਛੇ-ਪਿੱਛੇ ਚੱਲਣ ਦਾ ਕੀ ਮਤਲਬ ਹੈ?
9 ਯਿਸੂ ਦੇ ਚੇਲੇ ਹੋਣ ਕਰਕੇ ਸ਼ਾਇਦ ਸਾਨੂੰ ਕਿਹੜੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇ? ਯਿਸੂ ਨੇ ਕਿਹਾ: ‘ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੀ ਤਸੀਹੇ ਦੀ ਸੂਲ਼ੀ ਚੁੱਕ ਕੇ ਹਮੇਸ਼ਾ ਮੇਰੇ ਪਿੱਛੇ-ਪਿੱਛੇ ਚੱਲਦਾ ਰਹੇ।’ (ਮੱਤੀ 16:24) ਇੱਥੇ “ਤਸੀਹੇ ਦੀ ਸੂਲ਼ੀ” ਦਾ ਮਤਲਬ ਹੈ ਦੁੱਖ, ਸ਼ਰਮਿੰਦਗੀ ਜਾਂ ਮੌਤ ਦਾ ਸਾਮ੍ਹਣਾ ਕਰਨਾ। ਮਸੀਹ ਦੇ ਪਿੱਛੇ-ਪਿੱਛੇ ਚੱਲਣਾ ਆਸਾਨ ਨਹੀਂ ਹੈ। ਬਾਈਬਲ ਦੇ ਅਸੂਲਾਂ ʼਤੇ ਚੱਲਣ ਕਰਕੇ ਦੁਨੀਆਂ ਦੇ ਲੋਕ ਸਾਡੇ ਨਾਲ ਨਫ਼ਰਤ ਕਰਦੇ ਹਨ ਕਿਉਂਕਿ ਅਸੀਂ ਉਨ੍ਹਾਂ ਵਰਗੇ ਨਹੀਂ ਹਾਂ। (ਯੂਹੰਨਾ 15:18-20; 1 ਪਤਰਸ 4:4) ਫਿਰ ਵੀ ਅਸੀਂ ਤਸੀਹੇ ਦੀ ਆਪਣੀ ਸੂਲ਼ੀ ਚੁੱਕ ਕੇ ਯਿਸੂ ਦੇ ਪਿੱਛੇ-ਪਿੱਛੇ ਚੱਲਣ ਲਈ ਤਿਆਰ ਹਾਂ, ਚਾਹੇ ਸਾਨੂੰ ਦੁੱਖ ਝੱਲਣੇ ਪੈਣ ਜਾਂ ਮਰਨਾ ਹੀ ਕਿਉਂ ਨਾ ਪਵੇ।—2 ਤਿਮੋਥਿਉਸ 3:12.
10-12. (ੳ) ਯਿਸੂ ਨੇ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਕਿਉਂ ਸਹਿਣ ਕੀਤੀਆਂ? (ਅ) ਯਿਸੂ ਨੂੰ ਕਿਨ੍ਹਾਂ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਿਆ?
10 ਆਪਣੀ ਸੇਵਕਾਈ ਦੌਰਾਨ ਯਿਸੂ ਨੇ ਹੋਰਨਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਵੀ ਸਹਿਆ। ਯਾਦ ਕਰੋ ਕਿ ਯਹੋਵਾਹ ਨੇ ਧਰਤੀ ਅਤੇ ਇਸ ਉੱਤੇ ਸਾਰੀਆਂ ਚੀਜ਼ਾਂ ਬਣਾਉਣ ਲਈ ਉਸ ਨੂੰ “ਰਾਜ ਮਿਸਤਰੀ” ਵਜੋਂ ਇਸਤੇਮਾਲ ਕੀਤਾ ਸੀ। (ਕਹਾਉਤਾਂ 8:22-31) ਯਿਸੂ ਜਾਣਦਾ ਸੀ ਕਿ ਯਹੋਵਾਹ ਦਾ ਇਹ ਮਕਸਦ ਸੀ ਕਿ ਇਨਸਾਨ ਉਸ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿਚ ਜ਼ਾਹਰ ਕਰਨ ਅਤੇ ਤੰਦਰੁਸਤ ਰਹਿਣ। (ਉਤਪਤ 1:26-28) ਪਰ ਜਦੋਂ ਯਿਸੂ ਧਰਤੀ ʼਤੇ ਆਇਆ, ਤਾਂ ਉਸ ਨੇ ਪਾਪ ਦੇ ਭੈੜੇ ਅੰਜਾਮ ਦੇਖੇ। ਸ਼ੁਰੂ ਵਿਚ ਆਦਮ ਅਤੇ ਹੱਵਾਹ ਮੁਕੰਮਲ ਸਨ, ਪਰ ਉਨ੍ਹਾਂ ਦੀ ਗ਼ਲਤੀ ਕਰਕੇ ਹੁਣ ਇਨਸਾਨ ਪਾਪ ਦੀ ਡੂੰਘੀ ਖਾਈ ਵਿਚ ਡਿਗ ਚੁੱਕੇ ਸਨ। ਇਨਸਾਨ ਹੋਣ ਦੇ ਨਾਤੇ ਯਿਸੂ ਉਨ੍ਹਾਂ ਦੇ ਜਜ਼ਬਾਤਾਂ ਨੂੰ ਖ਼ੁਦ ਮਹਿਸੂਸ ਕਰ ਸਕਦਾ ਸੀ। ਇਨਸਾਨਾਂ ਦੀ ਹਾਲਤ ਦੇਖ ਕੇ ਉਹ ਕਿੰਨਾ ਦੁਖੀ ਹੋਇਆ ਹੋਣਾ। ਕੀ ਉਸ ਨੇ ਹੌਸਲਾ ਹਾਰ ਕੇ ਇਹ ਸੋਚਿਆ ਕਿ ਇਨਸਾਨਾਂ ਲਈ ਕੁਝ ਨਹੀਂ ਕੀਤਾ ਜਾ ਸਕਦਾ? ਆਓ ਦੇਖੀਏ।
11 ਜ਼ਰਾ ਯਹੂਦੀਆਂ ਬਾਰੇ ਸੋਚੋ। ਉਨ੍ਹਾਂ ਦੀ ਪੱਥਰਦਿਲੀ ਦੇਖ ਕੇ ਯਿਸੂ ਨੂੰ ਇੰਨਾ ਦੁੱਖ ਹੋਇਆ ਕਿ ਉਹ ਸਾਰਿਆਂ ਸਾਮ੍ਹਣੇ ਰੋਇਆ। ਕੀ ਉਨ੍ਹਾਂ ਦੇ ਰਵੱਈਏ ਕਰਕੇ ਯਿਸੂ ਨੇ ਆਪਣੇ ਜੋਸ਼ ਨੂੰ ਠੰਢਾ ਪੈਣ ਦਿੱਤਾ ਜਾਂ ਪ੍ਰਚਾਰ ਕਰਨਾ ਬੰਦ ਕਰ ਦਿੱਤਾ? ਬਿਲਕੁਲ ਨਹੀਂ, ਸਗੋਂ “ਉਹ ਰੋਜ਼ ਮੰਦਰ ਵਿਚ ਲੋਕਾਂ ਨੂੰ ਸਿੱਖਿਆ ਦਿੰਦਾ ਸੀ।” (ਲੂਕਾ 19:41-44, 47) ਇਕ ਵਾਰ ਯਿਸੂ ਸਭਾ ਘਰ ਵਿਚ ਇਕ ਆਦਮੀ ਨੂੰ ਮਿਲਿਆ ਜਿਸ ਦਾ ਹੱਥ ਸੁੱਕਿਆ ਹੋਇਆ ਸੀ। ਫ਼ਰੀਸੀਆਂ ਨੂੰ ਉਸ ਆਦਮੀ ʼਤੇ ਜ਼ਰਾ ਵੀ ਤਰਸ ਨਹੀਂ ਆਇਆ, ਸਗੋਂ ਉਨ੍ਹਾਂ ਦਾ ਸਾਰਾ ਧਿਆਨ ਯਿਸੂ ʼਤੇ ਸੀ। ਉਹ ਇਹ ਦੇਖਣਾ ਚਾਹੁੰਦੇ ਸਨ ਕਿ ਯਿਸੂ ਸਬਤ ਦੇ ਦਿਨ ਇਸ ਆਦਮੀ ਨੂੰ ਠੀਕ ਕਰੇਗਾ ਜਾਂ ਨਹੀਂ। ਉਨ੍ਹਾਂ ਦੇ ਕਠੋਰ ਦਿਲਾਂ ਕਾਰਨ ਯਿਸੂ “ਬਹੁਤ ਦੁਖੀ ਹੋਇਆ।” ਕੀ ਉਹ ਉਨ੍ਹਾਂ ਘਮੰਡੀ ਫ਼ਰੀਸੀਆਂ ਤੋਂ ਡਰ ਗਿਆ? ਜ਼ਰਾ ਵੀ ਨਹੀਂ! ਉਸ ਨੇ ਉਸ ਆਦਮੀ ਨੂੰ ਸਾਰਿਆਂ ਦੇ ਗੱਭੇ ਖੜ੍ਹਾ ਕਰ ਕੇ ਠੀਕ ਕੀਤਾ।—ਮਰਕੁਸ 3:1-5.
12 ਯਿਸੂ ਆਪਣੇ ਰਸੂਲਾਂ ਦੀਆਂ ਕਮੀਆਂ-ਕਮਜ਼ੋਰੀਆਂ ਦੇਖ ਕੇ ਵੀ ਕਦੇ-ਕਦੇ ਦੁਖੀ ਹੋਇਆ ਹੋਣਾ। ਜਿਵੇਂ ਅਸੀਂ ਤੀਜੇ ਅਧਿਆਇ ਵਿਚ ਸਿੱਖਿਆ ਸੀ, ਉਹ ਹਮੇਸ਼ਾ ਵੱਡੇ ਬਣਨ ਦੀ ਖ਼ਾਹਸ਼ ਰੱਖਦੇ ਸਨ। (ਮੱਤੀ 20:20-24; ਲੂਕਾ 9:46) ਯਿਸੂ ਨੇ ਉਨ੍ਹਾਂ ਨੂੰ ਕਈ ਵਾਰ ਨਿਮਰ ਬਣਨ ਦੀ ਸਲਾਹ ਦਿੱਤੀ ਸੀ। (ਮੱਤੀ 18:1-6; 20:25-28) ਪਰ ਉਨ੍ਹਾਂ ਨੂੰ ਇਹ ਗੱਲ ਸਿੱਖਣ ਵਿਚ ਦੇਰ ਲੱਗੀ। ਯਿਸੂ ਦੀ ਆਖ਼ਰੀ ਰਾਤ ਨੂੰ ਵੀ ਉਹ ਆਪਸ ਵਿਚ “ਬਹਿਸਣ” ਲੱਗ ਪਏ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਸੀ। (ਲੂਕਾ 22:24) ਕੀ ਯਿਸੂ ਨੇ ਇਹ ਸੋਚਿਆ ਕਿ ‘ਇਹ ਤਾਂ ਸੁਧਰਨ ਵਾਲੇ ਨਹੀਂ, ਇਨ੍ਹਾਂ ਦੀ ਮਦਦ ਕਰਨ ਦਾ ਕੀ ਫ਼ਾਇਦਾ?’ ਨਹੀਂ, ਉਸ ਨੇ ਸਬਰ ਰੱਖਿਆ। ਉਹ ਉਨ੍ਹਾਂ ਦੀਆਂ ਖੂਬੀਆਂ ਦੇਖਦਾ ਰਿਹਾ ਕਿਉਂਕਿ ਉਸ ਨੂੰ ਉਨ੍ਹਾਂ ʼਤੇ ਭਰੋਸਾ ਸੀ। ਉਸ ਨੂੰ ਪਤਾ ਸੀ ਕਿ ਉਹ ਯਹੋਵਾਹ ਨੂੰ ਦਿਲੋਂ ਪਿਆਰ ਕਰਦੇ ਸਨ ਅਤੇ ਉਸ ਦੀ ਇੱਛਾ ਪੂਰੀ ਕਰਨੀ ਚਾਹੁੰਦੇ ਸਨ।—ਲੂਕਾ 22:25-27.
13. ਸਾਨੂੰ ਵੀ ਸ਼ਾਇਦ ਯਿਸੂ ਵਾਂਗ ਕਿਨ੍ਹਾਂ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਵੇ?
13 ਸਾਨੂੰ ਵੀ ਸ਼ਾਇਦ ਯਿਸੂ ਵਾਂਗ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਵੇ। ਮਿਸਾਲ ਲਈ, ਹੋ ਸਕਦਾ ਹੈ ਕਿ ਪ੍ਰਚਾਰ ਵਿਚ ਲੋਕ ਸਾਡਾ ਸੰਦੇਸ਼ ਨਾ ਸੁਣਨ ਜਾਂ ਸਾਡਾ ਵਿਰੋਧ ਕਰਨ। ਕੀ ਉਨ੍ਹਾਂ ਦੇ ਰਵੱਈਏ ਕਰਕੇ ਅਸੀਂ ਆਪਣਾ ਜੋਸ਼ ਠੰਢਾ ਪੈਣ ਦੇਵਾਂਗੇ ਜਾਂ ਜੋਸ਼ ਨਾਲ ਪ੍ਰਚਾਰ ਕਰਦੇ ਰਹਾਂਗੇ? (ਤੀਤੁਸ 2:14) ਜਾਂ ਹੋ ਸਕਦਾ ਹੈ ਕਿ ਸਾਨੂੰ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਸਹਿਣੀਆਂ ਪੈਣ। ਉਨ੍ਹਾਂ ਦੇ ਰੁੱਖੇ ਸ਼ਬਦਾਂ ਜਾਂ ਉਨ੍ਹਾਂ ਦੀ ਕਿਸੇ ਹਰਕਤ ਤੋਂ ਸਾਨੂੰ ਠੇਸ ਪਹੁੰਚ ਸਕਦੀ ਹੈ। (ਕਹਾਉਤਾਂ 12:18) ਕੀ ਅਸੀਂ ਇਹ ਸੋਚਾਂਗੇ ਕਿ ਉਹ ਕਦੇ ਨਹੀਂ ਸੁਧਰਨਗੇ? ਜਾਂ ਕੀ ਅਸੀਂ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਮਾਫ਼ ਕਰ ਕੇ ਉਨ੍ਹਾਂ ਦੀਆਂ ਖੂਬੀਆਂ ਵੱਲ ਧਿਆਨ ਦੇਵਾਂਗੇ?—ਕੁਲੁੱਸੀਆਂ 3:13.
ਯਿਸੂ ਨੇ ਮੁਸ਼ਕਲਾਂ ਕਿਉਂ ਸਹੀਆਂ
14. ਕਿਨ੍ਹਾਂ ਦੋ ਖ਼ਾਸ ਗੱਲਾਂ ਨੇ ਵਫ਼ਾਦਾਰ ਰਹਿਣ ਵਿਚ ਯਿਸੂ ਦੀ ਮਦਦ ਕੀਤੀ?
14 ਭਾਵੇਂ ਯਿਸੂ ਨੂੰ ਬੇਇੱਜ਼ਤੀ, ਨਿਰਾਸ਼ਾ ਅਤੇ ਦੁੱਖ ਸਹਿਣਾ ਪਿਆ, ਫਿਰ ਵੀ ਉਹ ਡਟਿਆ ਰਿਹਾ ਅਤੇ ਉਸ ਨੇ ਆਪਣੀ ਵਫ਼ਾਦਾਰੀ ਬਣਾਈ ਰੱਖੀ। ਕਿਵੇਂ? ਦੋ ਖ਼ਾਸ ਗੱਲਾਂ ਨੇ ਉਸ ਦੀ ਮਦਦ ਕੀਤੀ। ਪਹਿਲੀ ਗੱਲ, ਉਸ ਨੇ ‘ਮੁਸ਼ਕਲਾਂ ਸਹਿਣ ਦੀ ਤਾਕਤ ਦੇਣ ਵਾਲੇ ਪਰਮੇਸ਼ੁਰ’ ਨੂੰ ਮਦਦ ਲਈ ਦੁਆ ਕੀਤੀ। (ਰੋਮੀਆਂ 15:5) ਦੂਜੀ ਗੱਲ, ਉਸ ਨੇ ਮੁਸ਼ਕਲਾਂ ਸਹਿਣ ਦੇ ਵਧੀਆ ਨਤੀਜਿਆਂ ʼਤੇ ਆਪਣਾ ਧਿਆਨ ਲਾਈ ਰੱਖਿਆ। ਆਓ ਅਸੀਂ ਇਨ੍ਹਾਂ ਗੱਲਾਂ ʼਤੇ ਇਕ-ਇਕ ਕਰ ਕੇ ਗੌਰ ਕਰੀਏ।
15, 16. (ੳ) ਕੀ ਯਿਸੂ ਨੇ ਮੁਸ਼ਕਲਾਂ ਸਹਿਣ ਲਈ ਆਪਣੀ ਹੀ ਤਾਕਤ ʼਤੇ ਇਤਬਾਰ ਕੀਤਾ? (ਅ) ਯਿਸੂ ਨੂੰ ਆਪਣੇ ਪਿਤਾ ਬਾਰੇ ਕਿਹੜੀ ਗੱਲ ਦਾ ਪੂਰਾ ਯਕੀਨ ਸੀ ਅਤੇ ਕਿਉਂ?
15 ਭਾਵੇਂ ਯਿਸੂ ਮੁਕੰਮਲ ਸੀ, ਫਿਰ ਵੀ ਉਸ ਨੇ ਮੁਸ਼ਕਲਾਂ ਸਹਿਣ ਲਈ ਆਪਣੀ ਹੀ ਤਾਕਤ ʼਤੇ ਇਤਬਾਰ ਨਹੀਂ ਕੀਤਾ। ਇਸ ਦੀ ਬਜਾਇ, ਉਸ ਨੇ ਆਪਣੇ ਸਵਰਗੀ ਪਿਤਾ ਨੂੰ ਮਦਦ ਲਈ ਪ੍ਰਾਰਥਨਾ ਕੀਤੀ। ਪੌਲੁਸ ਰਸੂਲ ਨੇ ਲਿਖਿਆ ਕਿ ਮਸੀਹ ਨੇ “ਧਾਹਾਂ ਮਾਰ-ਮਾਰ ਕੇ ਅਤੇ ਹੰਝੂ ਵਹਾ-ਵਹਾ ਕੇ ਉਸ ਨੂੰ ਫ਼ਰਿਆਦਾਂ ਤੇ ਮਿੰਨਤਾਂ ਕੀਤੀਆਂ ਜਿਹੜਾ ਉਸ ਨੂੰ ਮੌਤ ਤੋਂ ਬਚਾ ਸਕਦਾ ਸੀ।” (ਇਬਰਾਨੀਆਂ 5:7) ਹਾਂ, ਯਿਸੂ ਨੇ ਪਰਮੇਸ਼ੁਰ ਨੂੰ ਮਿੰਨਤਾਂ ਹੀ ਨਹੀਂ, ਸਗੋਂ ਫ਼ਰਿਆਦਾਂ ਵੀ ਕੀਤੀਆਂ ਯਾਨੀ ਤਰਲੇ ਕਰ-ਕਰ ਕੇ ਮਦਦ ਮੰਗੀ। ਗੌਰ ਕਰੋ ਕਿ ਉਸ ਨੇ ਇਕ ਵਾਰ ਨਹੀਂ, ਸਗੋਂ ਵਾਰ-ਵਾਰ ਯਹੋਵਾਹ ਨੂੰ ਫ਼ਰਿਆਦ ਕੀਤੀ। ਹਾਂ, ਗਥਸਮਨੀ ਬਾਗ਼ ਵਿਚ ਯਿਸੂ ਨੇ ਵਾਰ-ਵਾਰ ਤਹਿ ਦਿਲੋਂ ਪ੍ਰਾਰਥਨਾ ਕੀਤੀ।—ਮੱਤੀ 26:36-44.
16 ਯਹੋਵਾਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ। (ਜ਼ਬੂਰਾਂ ਦੀ ਪੋਥੀ 65:2) ਇਸ ਲਈ ਯਿਸੂ ਨੂੰ ਪੂਰਾ ਯਕੀਨ ਸੀ ਕਿ ਉਸ ਦਾ ਪਿਤਾ ਉਸ ਦੀਆਂ ਫ਼ਰਿਆਦਾਂ ਨੂੰ ਜ਼ਰੂਰ ਸੁਣੇਗਾ। ਧਰਤੀ ʼਤੇ ਆਉਣ ਤੋਂ ਪਹਿਲਾਂ, ਯਿਸੂ ਨੇ ਦੇਖਿਆ ਸੀ ਕਿ ਉਸ ਦਾ ਪਿਤਾ ਆਪਣੇ ਵਫ਼ਾਦਾਰ ਭਗਤਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ। ਮਿਸਾਲ ਲਈ, ਯਿਸੂ ਨੇ ਆਪਣੀ ਅੱਖੀਂ ਦੇਖਿਆ ਸੀ ਕਿ ਜਦੋਂ ਦਾਨੀਏਲ ਨਬੀ ਅਜੇ ਪ੍ਰਾਰਥਨਾ ਕਰ ਹੀ ਰਿਹਾ ਸੀ, ਤਾਂ ਯਹੋਵਾਹ ਨੇ ਉਸ ਦੀ ਪ੍ਰਾਰਥਨਾ ਸੁਣ ਕੇ ਸਵਰਗੋਂ ਇਕ ਦੂਤ ਘੱਲਿਆ। (ਦਾਨੀਏਲ 9:20, 21) ਤਾਂ ਫਿਰ, ਇਹ ਕਿਵੇਂ ਹੋ ਸਕਦਾ ਸੀ ਕਿ ਯਹੋਵਾਹ ਆਪਣੇ ਇਕਲੌਤੇ ਪੁੱਤਰ ਦੀ ਫ਼ਰਿਆਦ ਨਾ ਸੁਣਦਾ ਜਿਸ ਨੇ “ਧਾਹਾਂ ਮਾਰ-ਮਾਰ ਕੇ ਅਤੇ ਹੰਝੂ ਵਹਾ-ਵਹਾ ਕੇ” ਪ੍ਰਾਰਥਨਾ ਕੀਤੀ ਸੀ? ਯਹੋਵਾਹ ਨੇ ਉਸ ਆਖ਼ਰੀ ਰਾਤ ਆਪਣੇ ਪੁੱਤਰ ਦੀਆਂ ਫ਼ਰਿਆਦਾਂ ਨੂੰ ਸੁਣਿਆ ਅਤੇ ਉਸ ਨੂੰ ਹੌਸਲਾ ਦੇਣ ਲਈ ਇਕ ਦੂਤ ਭੇਜਿਆ ਤਾਂਕਿ ਉਹ ਅਜ਼ਮਾਇਸ਼ਾਂ ਸਹਿਣ ਵਿਚ ਉਸ ਦੀ ਮਦਦ ਕਰ ਸਕੇ।—ਲੂਕਾ 22:43.
17. ਅਜ਼ਮਾਇਸ਼ਾਂ ਸਹਿਣ ਲਈ ਸਾਨੂੰ ਪਰਮੇਸ਼ੁਰ ʼਤੇ ਭਰੋਸਾ ਕਿਉਂ ਰੱਖਣਾ ਚਾਹੀਦਾ ਹੈ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ?
17 ਅਜ਼ਮਾਇਸ਼ਾਂ ਸਹਿਣ ਲਈ ਸਾਨੂੰ ਵੀ ਪਰਮੇਸ਼ੁਰ ਨੂੰ ਦੁਆ ਕਰਨ ਦੀ ਲੋੜ ਹੈ ਕਿਉਂਕਿ ਉਹ ਹੀ ਸਾਨੂੰ “ਸ਼ਕਤੀ ਬਖ਼ਸ਼ਦਾ ਹੈ।” (ਫ਼ਿਲਿੱਪੀਆਂ 4:13) ਜੇ ਪਰਮੇਸ਼ੁਰ ਦੇ ਬੇਟੇ ਨੂੰ ਉਸ ਕੋਲੋਂ ਮਦਦ ਮੰਗਣ ਦੀ ਲੋੜ ਸੀ, ਫਿਰ ਸਾਨੂੰ ਤਾਂ ਹੋਰ ਵੀ ਜ਼ਿਆਦਾ ਲੋੜ ਹੈ! ਸਾਨੂੰ ਵੀ ਯਹੋਵਾਹ ਨੂੰ ਵਾਰ-ਵਾਰ ਤਹਿ ਦਿਲੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਮੱਤੀ 7:7) ਅਸੀਂ ਇਹ ਉਮੀਦ ਨਹੀਂ ਰੱਖਦੇ ਕਿ ਯਹੋਵਾਹ ਸਾਡੀ ਮਦਦ ਕਰਨ ਲਈ ਕੋਈ ਦੂਤ ਘੱਲੇਗਾ। ਪਰ ਸਾਨੂੰ ਪੱਕਾ ਯਕੀਨ ਹੈ ਕਿ ਸਾਡਾ ਪਿਆਰਾ ਪਿਤਾ ਆਪਣੇ ਵਫ਼ਾਦਾਰ ਭਗਤਾਂ ਦੀ ਜ਼ਰੂਰ ਸੁਣੇਗਾ ਜੋ “ਦਿਨ-ਰਾਤ ਫ਼ਰਿਆਦਾਂ ਤੇ ਪ੍ਰਾਰਥਨਾਵਾਂ” ਕਰਦੇ ਹਨ। (1 ਤਿਮੋਥਿਉਸ 5:5) ਮਿਸਾਲ ਲਈ, ਜੇ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੋ ਗਈ ਹੈ ਜਾਂ ਅਸੀਂ ਬੀਮਾਰੀ, ਸਤਾਹਟ ਜਾਂ ਕਿਸੇ ਹੋਰ ਅਜ਼ਮਾਇਸ਼ ਦਾ ਸਾਮ੍ਹਣਾ ਕਰ ਰਹੇ ਹਾਂ, ਤਾਂ ਯਹੋਵਾਹ ਸਾਡੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਨੂੰ ਸੁਣ ਕੇ ਸਾਨੂੰ ਬੁੱਧ, ਹਿੰਮਤ ਅਤੇ ਤਾਕਤ ਜ਼ਰੂਰ ਬਖ਼ਸ਼ੇਗਾ।—2 ਕੁਰਿੰਥੀਆਂ 4:7-11; ਯਾਕੂਬ 1:5.
18. ਯਿਸੂ ਨੇ ਦੁੱਖ-ਤਕਲੀਫ਼ਾਂ ਦੀ ਬਜਾਇ ਕਿਸ ਗੱਲ ʼਤੇ ਧਿਆਨ ਲਾਈ ਰੱਖਿਆ?
18 ਯਿਸੂ ਇਸ ਕਰਕੇ ਵੀ ਦੁੱਖ-ਤਕਲੀਫ਼ਾਂ ਸਹਿ ਸਕਿਆ ਕਿਉਂਕਿ ਉਸ ਨੇ ਆਪਣਾ ਧਿਆਨ ਆਪਣੀ ਮੰਜ਼ਲ ʼਤੇ ਲਾਈ ਰੱਖਿਆ। ਬਾਈਬਲ ਕਹਿੰਦੀ ਹੈ: “ਉਸ ਦੇ ਸਾਮ੍ਹਣੇ ਜੋ ਖ਼ੁਸ਼ੀ ਰੱਖੀ ਗਈ ਸੀ, ਉਸ ਕਰਕੇ ਉਸ ਨੇ . . . ਤਸੀਹੇ ਦੀ ਸੂਲ਼ੀ ਉੱਤੇ ਮੌਤ ਸਹੀ।” (ਇਬਰਾਨੀਆਂ 12:2) ਯਿਸੂ ਦੀ ਮਿਸਾਲ ਦਿਖਾਉਂਦੀ ਹੈ ਕਿ ਅਜ਼ਮਾਇਸ਼ਾਂ ਸਹਿਣ ਲਈ ਤਿੰਨ ਗੱਲਾਂ ਜ਼ਰੂਰੀ ਹਨ: ਉਮੀਦ, ਖ਼ੁਸ਼ੀ ਅਤੇ ਧੀਰਜ। ਉਮੀਦ ਹੋਣ ਕਰਕੇ ਖ਼ੁਸ਼ੀ ਮਿਲਦੀ ਹੈ ਅਤੇ ਖ਼ੁਸ਼ੀ ਕਰਕੇ ਧੀਰਜ ਰੱਖਣ ਦੀ ਤਾਕਤ ਮਿਲਦੀ ਹੈ। (ਰੋਮੀਆਂ 15:13; ਕੁਲੁੱਸੀਆਂ 1:11) ਯਿਸੂ ਸਾਮ੍ਹਣੇ ਕਿਹੜੀ ਖ਼ੁਸ਼ੀ ਰੱਖੀ ਗਈ ਸੀ? ਉਹ ਜਾਣਦਾ ਸੀ ਕਿ ਵਫ਼ਾਦਾਰ ਰਹਿ ਕੇ ਉਹ ਆਪਣੇ ਪਿਤਾ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਸਾਬਤ ਕਰੇਗਾ ਅਤੇ ਇਨਸਾਨਾਂ ਨੂੰ ਪਾਪ ਅਤੇ ਮੌਤ ਦੇ ਸ਼ਿਕੰਜੇ ਵਿੱਚੋਂ ਛੁਡਾਵੇਗਾ। ਯਿਸੂ ਦੀ ਇਹ ਵੀ ਉਮੀਦ ਸੀ ਕਿ ਰਾਜਾ ਅਤੇ ਮਹਾਂ ਪੁਜਾਰੀ ਬਣ ਕੇ ਉਹ ਆਗਿਆਕਾਰ ਇਨਸਾਨਾਂ ਨੂੰ ਹੋਰ ਵੀ ਬਰਕਤਾਂ ਦੇਵੇਗਾ। (ਮੱਤੀ 20:28; ਇਬਰਾਨੀਆਂ 7:23-26) ਇਸ ਉਮੀਦ ਉੱਤੇ ਧਿਆਨ ਲਾਉਣ ਨਾਲ ਯਿਸੂ ਨੂੰ ਬੇਸ਼ੁਮਾਰ ਖ਼ੁਸ਼ੀ ਮਿਲੀ ਅਤੇ ਇਸੇ ਖ਼ੁਸ਼ੀ ਕਰਕੇ ਉਸ ਨੂੰ ਅਜ਼ਮਾਇਸ਼ਾਂ ਸਹਿਣ ਦੀ ਤਾਕਤ ਮਿਲੀ।
19. ਜਦੋਂ ਕਿਸੇ ਅਜ਼ਮਾਇਸ਼ ਕਰਕੇ ਸਾਡੀ ਨਿਹਚਾ ਪਰਖੀ ਜਾਂਦੀ ਹੈ, ਤਾਂ ਉਮੀਦ, ਖ਼ੁਸ਼ੀ ਅਤੇ ਧੀਰਜ ਰੱਖਣ ਨਾਲ ਕਿਵੇਂ ਸਾਡੀ ਮਦਦ ਹੋ ਸਕਦੀ ਹੈ?
19 ਯਿਸੂ ਵਾਂਗ ਸਾਨੂੰ ਵੀ ਅਜ਼ਮਾਇਸ਼ਾਂ ਸਹਿਣ ਲਈ ਉਮੀਦ, ਖ਼ੁਸ਼ੀ ਅਤੇ ਧੀਰਜ ਦੀ ਲੋੜ ਹੈ। ਪੌਲੁਸ ਰਸੂਲ ਨੇ ਕਿਹਾ: “ਆਪਣੀ ਉਮੀਦ ਕਰਕੇ ਖ਼ੁਸ਼ ਰਹੋ। ਧੀਰਜ ਨਾਲ ਕਸ਼ਟ ਸਹੋ।” (ਰੋਮੀਆਂ 12:12) ਕੀ ਇਸ ਵੇਲੇ ਕਿਸੇ ਅਜ਼ਮਾਇਸ਼ ਕਰਕੇ ਤੁਹਾਡੀ ਨਿਹਚਾ ਪਰਖੀ ਜਾ ਰਹੀ ਹੈ? ਤਾਂ ਫਿਰ, ਯਾਦ ਰੱਖੋ ਕਿ ਇਸ ਨੂੰ ਸਹਿ ਕੇ ਤੁਸੀਂ ਯਹੋਵਾਹ ਦਾ ਨਾਂ ਰੌਸ਼ਨ ਕਰੋਗੇ। ਆਪਣੀ ਉਮੀਦ ʼਤੇ ਨਜ਼ਰ ਟਿਕਾਈ ਰੱਖੋ। ਉਸ ਸਮੇਂ ਦੀ ਕਲਪਨਾ ਕਰੋ ਜਦੋਂ ਯਹੋਵਾਹ ਆਪਣੇ ਰਾਜ ਕਰਨ ਦੇ ਹੱਕ ਨੂੰ ਸਹੀ ਸਾਬਤ ਕਰੇਗਾ। ਆਪਣੇ ਮਨ ਦੀਆਂ ਅੱਖਾਂ ਨਾਲ ਖ਼ੁਦ ਨੂੰ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਬਰਕਤਾਂ ਦਾ ਆਨੰਦ ਮਾਣਦੇ ਹੋਏ ਦੇਖੋ। ਪਰਮੇਸ਼ੁਰ ਦੇ ਇਨ੍ਹਾਂ ਵਾਅਦਿਆਂ ਬਾਰੇ ਸੋਚੋ ਕਿ ਉਹ ਧਰਤੀ ਤੋਂ ਬੁਰਾਈ ਨੂੰ ਖ਼ਤਮ ਕਰੇਗਾ ਅਤੇ ਬੀਮਾਰੀਆਂ ਤੇ ਮੌਤ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। ਇਨ੍ਹਾਂ ਗੱਲਾਂ ਬਾਰੇ ਸੋਚ ਕੇ ਤੁਹਾਡਾ ਦਿਲ ਖ਼ੁਸ਼ੀ ਨਾਲ ਭਰ ਜਾਵੇਗਾ ਅਤੇ ਇਸ ਖ਼ੁਸ਼ੀ ਸਦਕਾ ਤੁਹਾਨੂੰ ਹਰ ਮੁਸੀਬਤ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲੇਗੀ। ਸਾਡੀ ਉਮੀਦ ਦੇ ਸਾਮ੍ਹਣੇ ਇਹ ਮੁਸੀਬਤਾਂ ਕੋਈ ਵੀ ਮਾਅਨੇ ਨਹੀਂ ਰੱਖਦੀਆਂ ਕਿਉਂਕਿ ਇਹ ‘ਮਾਮੂਲੀ ਅਤੇ ਥੋੜ੍ਹੇ ਸਮੇਂ ਲਈ ਹਨ।’—2 ਕੁਰਿੰਥੀਆਂ 4:17.
“ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲੋ”
20, 21. ਧੀਰਜ ਅਤੇ ਵਫ਼ਾਦਾਰੀ ਦੇ ਮਾਮਲੇ ਵਿਚ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ ਅਤੇ ਸਾਨੂੰ ਕੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?
20 ਯਿਸੂ ਜਾਣਦਾ ਸੀ ਕਿ ਉਸ ਦੇ ਚੇਲਿਆਂ ਲਈ ਉਸ ਦੇ ਪਿੱਛੇ-ਪਿੱਛੇ ਚੱਲਣਾ ਮੁਸ਼ਕਲ ਹੋਵੇਗਾ। (ਯੂਹੰਨਾ 15:20) ਉਸ ਨੂੰ ਪਤਾ ਸੀ ਕਿ ਉਸ ਦੀ ਮਿਸਾਲ ਤੋਂ ਉਸ ਦੇ ਚੇਲਿਆਂ ਨੂੰ ਹੌਸਲਾ ਮਿਲੇਗਾ। (ਯੂਹੰਨਾ 16:33) ਇਹ ਸੱਚ ਹੈ ਕਿ ਉਸ ਨੇ ਮੁਸ਼ਕਲਾਂ ਸਹਿਣ ਦੀ ਬਿਹਤਰੀਨ ਮਿਸਾਲ ਕਾਇਮ ਕੀਤੀ ਕਿਉਂਕਿ ਉਹ ਮੁਕੰਮਲ ਸੀ। ਪਰ ਅਸੀਂ ਨਾਮੁਕੰਮਲ ਹਾਂ। ਤਾਂ ਫਿਰ, ਯਹੋਵਾਹ ਸਾਡੇ ਤੋਂ ਕੀ ਉਮੀਦ ਰੱਖਦਾ ਹੈ? ਬਾਈਬਲ ਕਹਿੰਦੀ ਹੈ: “ਮਸੀਹ ਨੇ ਵੀ ਤੁਹਾਡੀ ਖ਼ਾਤਰ ਦੁੱਖ ਝੱਲੇ ਅਤੇ ਤੁਹਾਡੇ ਲਈ ਮਿਸਾਲ ਕਾਇਮ ਕੀਤੀ ਤਾਂਕਿ ਤੁਸੀਂ ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲੋ।” (1 ਪਤਰਸ 2:21) ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦਿਆਂ ਯਿਸੂ ਨੇ ਸਾਡੇ ਵਾਸਤੇ ਇਕ “ਮਿਸਾਲ” ਕਾਇਮ ਕੀਤੀ ਤਾਂਕਿ ਅਸੀਂ ਉਸ ਦੀ ਰੀਸ ਕਰ ਸਕੀਏ।a ਭਾਵੇਂ ਅਸੀਂ ਪੂਰੀ ਤਰ੍ਹਾਂ ਉਸ ਦੇ “ਨਕਸ਼ੇ-ਕਦਮਾਂ” ʼਤੇ ਚੱਲ ਨਹੀਂ ਸਕਦੇ, ਪਰ ਅਸੀਂ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ।
21 ਤਾਂ ਫਿਰ ਆਓ ਆਪਾਂ ਯਿਸੂ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰੀਏ। ਇਹ ਨਾ ਭੁੱਲੋ ਕਿ ਜੇ ਅਸੀਂ ਯਿਸੂ ਦੇ ਨਕਸ਼ੇ-ਕਦਮਾਂ ʼਤੇ ਧਿਆਨ ਨਾਲ ਚੱਲਾਂਗੇ, ਤਾਂ ਅਸੀਂ “ਅੰਤ ਤਕ” ਯਾਨੀ ਇਸ ਦੁਨੀਆਂ ਜਾਂ ਆਪਣੀ ਜ਼ਿੰਦਗੀ ਦੇ ਅੰਤ ਤਕ ਵਫ਼ਾਦਾਰ ਰਹਿ ਸਕਾਂਗੇ। ਸਾਨੂੰ ਨਹੀਂ ਪਤਾ ਕਿ ਇਨ੍ਹਾਂ ਵਿੱਚੋਂ ਕਿਹੜੀ ਗੱਲ ਪਹਿਲਾਂ ਹੋਵੇਗੀ, ਪਰ ਅਸੀਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਜੇ ਅਸੀਂ ਆਪਣੀ ਵਫ਼ਾਦਾਰੀ ਬਣਾਈ ਰੱਖਾਂਗੇ, ਤਾਂ ਯਹੋਵਾਹ ਸਾਨੂੰ ਹਮੇਸ਼ਾ ਬਰਕਤਾਂ ਦਿੰਦਾ ਰਹੇਗਾ।—ਮੱਤੀ 24:13.
a ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਨਕਸ਼ੇ-ਕਦਮ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਹੇਠਾਂ ਲਿਖਣਾ।” ਸਿਰਫ਼ ਪਤਰਸ ਰਸੂਲ ਨੇ ਯੂਨਾਨੀ ਲਿਖਤਾਂ ਵਿਚ ਇਹ ਸ਼ਬਦ ਵਰਤਿਆ ਸੀ। ਉਸ ਜ਼ਮਾਨੇ ਵਿਚ ਟੀਚਰ “ਬੱਚੇ ਦੀ ਕਾਪੀ ਵਿਚ ਸਹੀ-ਸਹੀ ਅੱਖਰ ਲਿਖਦਾ ਸੀ ਅਤੇ ਬੱਚਾ ਉਨ੍ਹਾਂ ਅੱਖਰਾਂ ਦੇ ਹੇਠਾਂ ਉਨ੍ਹਾਂ ਦੀ ਹੂ-ਬਹੂ ਨਕਲ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਸੀ।”