ਅਧਿਆਇ 9
“ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ”
ਬੇਸੁੰਨਤੇ ਗ਼ੈਰ-ਯਹੂਦੀਆਂ ਨੂੰ ਪ੍ਰਚਾਰ ਹੋਣਾ ਸ਼ੁਰੂ ਹੁੰਦਾ ਹੈ
ਰਸੂਲਾਂ ਦੇ ਕੰਮ 10:1–11:30 ਵਿੱਚੋਂ
1-3. ਪਤਰਸ ਨੇ ਕਿਹੜਾ ਦਰਸ਼ਣ ਦੇਖਿਆ ਸੀ ਅਤੇ ਇਸ ਦਾ ਮਤਲਬ ਸਮਝਣਾ ਸਾਡੇ ਲਈ ਕਿਉਂ ਜ਼ਰੂਰੀ ਹੈ?
ਇਹ ਸੰਨ 36 ਈਸਵੀ ਦੀ ਗੱਲ ਹੈ। ਨਿੱਘੀ ਧੁੱਪ ਵਿਚ ਇਕ ਘਰ ਦੀ ਛੱਤ ਉੱਤੇ ਪਤਰਸ ਪ੍ਰਾਰਥਨਾ ਕਰ ਰਿਹਾ ਹੈ। ਇਹ ਘਰ ਸਮੁੰਦਰ ਕੰਢੇ ਸਥਿਤ ਯਾਪਾ ਸ਼ਹਿਰ ਵਿਚ ਹੈ। ਉਸ ਨੂੰ ਇੱਥੇ ਮਹਿਮਾਨ ਵਜੋਂ ਰਹਿੰਦਿਆਂ ਕੁਝ ਦਿਨ ਹੋ ਗਏ ਹਨ। ਇਸ ਘਰ ਵਿਚ ਠਹਿਰ ਕੇ ਉਸ ਨੇ ਦਿਖਾਇਆ ਹੈ ਕਿ ਉਸ ਨੇ ਕਾਫ਼ੀ ਹੱਦ ਤਕ ਊਚ-ਨੀਚ ਦਾ ਭੇਦ-ਭਾਵ ਕਰਨਾ ਛੱਡ ਦਿੱਤਾ ਹੈ। ਇਸ ਘਰ ਦਾ ਮਾਲਕ ਸ਼ਮਊਨ ਹੈ ਜੋ ਚਮੜਾ ਰੰਗਣ ਦਾ ਕੰਮ ਕਰਦਾ ਹੈ ਅਤੇ ਕਈ ਯਹੂਦੀ ਇਹ ਕੰਮ ਕਰਨ ਵਾਲੇ ਬੰਦੇ ਦੇ ਘਰ ਠਹਿਰਨਾ ਨਹੀਂ ਚਾਹੁਣਗੇ।a ਪਰ ਪਤਰਸ ਯਹੋਵਾਹ ਦੀ ਨਿਰਪੱਖਤਾ ਬਾਰੇ ਇਕ ਜ਼ਰੂਰੀ ਗੱਲ ਸਿੱਖਣ ਵਾਲਾ ਹੈ।
2 ਪ੍ਰਾਰਥਨਾ ਕਰਦੇ ਹੋਏ ਪਤਰਸ ਇਕ ਦਰਸ਼ਣ ਦੇਖਦਾ ਹੈ। ਉਹ ਦਰਸ਼ਣ ਵਿਚ ਜੋ ਕੁਝ ਦੇਖਦਾ ਹੈ, ਉਸ ਕਾਰਨ ਕੋਈ ਵੀ ਯਹੂਦੀ ਪਰੇਸ਼ਾਨ ਹੋ ਸਕਦਾ ਹੈ। ਉਹ ਸਵਰਗੋਂ ਚਾਦਰ ਵਰਗੀ ਇਕ ਚੀਜ਼ ਥੱਲੇ ਆਉਂਦੀ ਦੇਖਦਾ ਹੈ ਜਿਸ ਵਿਚ ਉਹ ਜਾਨਵਰ ਹਨ ਜੋ ਮੂਸਾ ਦੇ ਕਾਨੂੰਨ ਮੁਤਾਬਕ ਅਸ਼ੁੱਧ ਹਨ। ਜਦੋਂ ਪਤਰਸ ਨੂੰ ਕਿਹਾ ਜਾਂਦਾ ਹੈ ਕਿ ਉਹ ਇਨ੍ਹਾਂ ਜਾਨਵਰਾਂ ਨੂੰ ਵੱਢ ਕੇ ਖਾਵੇ, ਤਾਂ ਉਹ ਜਵਾਬ ਦਿੰਦਾ ਹੈ: “ਮੈਂ ਕਦੇ ਵੀ ਭ੍ਰਿਸ਼ਟ ਅਤੇ ਅਸ਼ੁੱਧ ਚੀਜ਼ ਨਹੀਂ ਖਾਧੀ।” ਉਸ ਨੂੰ ਇਕ ਵਾਰ ਨਹੀਂ, ਸਗੋਂ ਤਿੰਨ ਵਾਰ ਕਿਹਾ ਜਾਂਦਾ ਹੈ: “ਜਿਸ ਚੀਜ਼ ਨੂੰ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ, ਉਸ ਚੀਜ਼ ਨੂੰ ਅਸ਼ੁੱਧ ਕਹਿਣਾ ਛੱਡ ਦੇ।” (ਰਸੂ. 10:14-16) ਇਹ ਦਰਸ਼ਣ ਦੇਖ ਕੇ ਪਤਰਸ ਉਲਝਣ ਵਿਚ ਪੈ ਜਾਂਦਾ ਹੈ, ਪਰ ਉਸ ਦੀ ਇਹ ਉਲਝਣ ਜ਼ਿਆਦਾ ਦੇਰ ਨਹੀਂ ਰਹਿੰਦੀ।
3 ਇਸ ਦਰਸ਼ਣ ਦਾ ਮਤਲਬ ਕੀ ਸੀ? ਸਾਡੇ ਲਈ ਇਸ ਦੇ ਮਤਲਬ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤੋਂ ਸਾਨੂੰ ਲੋਕਾਂ ਪ੍ਰਤੀ ਯਹੋਵਾਹ ਦੇ ਨਜ਼ਰੀਏ ਬਾਰੇ ਇਕ ਅਹਿਮ ਸੱਚਾਈ ਸਿੱਖਣ ਨੂੰ ਮਿਲਦੀ ਹੈ। ਜੇ ਅਸੀਂ ਸੱਚੇ ਮਸੀਹੀ ਹੁੰਦੇ ਹੋਏ ਲੋਕਾਂ ਬਾਰੇ ਪਰਮੇਸ਼ੁਰ ਵਰਗਾ ਨਜ਼ਰੀਆ ਨਹੀਂ ਰੱਖਦੇ, ਤਾਂ ਅਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਗਵਾਹੀ ਨਹੀਂ ਦੇ ਸਕਦੇ। ਪਤਰਸ ਦੇ ਦਰਸ਼ਣ ਦਾ ਮਤਲਬ ਸਮਝਣ ਲਈ ਆਓ ਆਪਾਂ ਇਸ ਨਾਲ ਜੁੜੀਆਂ ਰੋਮਾਂਚਕ ਘਟਨਾਵਾਂ ਉੱਤੇ ਗੌਰ ਕਰੀਏ।
ਉਹ “ਪਰਮੇਸ਼ੁਰ ਨੂੰ ਫ਼ਰਿਆਦਾਂ ਕਰਨ ਵਿਚ ਲੀਨ ਰਹਿੰਦਾ ਸੀ” (ਰਸੂ. 10:1-8)
4, 5. ਕੁਰਨੇਲੀਅਸ ਕੌਣ ਸੀ ਅਤੇ ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ, ਤਾਂ ਉਦੋਂ ਕੀ ਹੋਇਆ?
4 ਪਤਰਸ ਇਸ ਗੱਲੋਂ ਅਣਜਾਣ ਸੀ ਕਿ ਉਸ ਤੋਂ ਇਕ ਦਿਨ ਪਹਿਲਾਂ ਕੁਰਨੇਲੀਅਸ ਨਾਂ ਦੇ ਬੰਦੇ ਨੇ ਵੀ ਇਕ ਦਰਸ਼ਣ ਦੇਖਿਆ ਸੀ। ਕੁਰਨੇਲੀਅਸ ਯਾਪਾ ਤੋਂ ਉੱਤਰ ਵੱਲ ਤਕਰੀਬਨ 50 ਕਿਲੋਮੀਟਰ (30 ਮੀਲ) ਦੂਰ ਕੈਸਰੀਆ ਵਿਚ ਰਹਿੰਦਾ ਸੀ ਅਤੇ ਉਹ ਇਕ ਰੋਮੀ ਫ਼ੌਜੀ ਅਫ਼ਸਰ ਸੀ ਜੋ “ਧਰਮੀ ਇਨਸਾਨ” ਸੀ।b ਉਹ ਆਪਣੇ ਪਰਿਵਾਰ ਦਾ ਬਹੁਤ ਖ਼ਿਆਲ ਰੱਖਦਾ ਸੀ ਅਤੇ “ਉਹ ਤੇ ਉਸ ਦਾ ਪਰਿਵਾਰ ਪਰਮੇਸ਼ੁਰ ਦਾ ਡਰ ਮੰਨਦਾ ਸੀ।” ਕੁਰਨੇਲੀਅਸ ਨੇ ਯਹੂਦੀ ਧਰਮ ਨਹੀਂ ਅਪਣਾਇਆ ਸੀ, ਸਗੋਂ ਉਹ ਬੇਸੁੰਨਤਾ ਗ਼ੈਰ-ਯਹੂਦੀ ਸੀ। ਇਸ ਦੇ ਬਾਵਜੂਦ, ਉਸ ਨੇ ਲੋੜਵੰਦ ਯਹੂਦੀਆਂ ʼਤੇ ਦਇਆ ਕਰਦੇ ਹੋਏ ਉਨ੍ਹਾਂ ਦੀ ਮਦਦ ਕੀਤੀ। ਇਹ ਨੇਕ ਆਦਮੀ “ਪਰਮੇਸ਼ੁਰ ਨੂੰ ਫ਼ਰਿਆਦਾਂ ਕਰਨ ਵਿਚ ਲੀਨ ਰਹਿੰਦਾ ਸੀ।”—ਰਸੂ. 10:2.
5 ਦੁਪਹਿਰ ਦੇ ਤਿੰਨ ਕੁ ਵਜੇ ਜਦੋਂ ਕੁਰਨੇਲੀਅਸ ਪ੍ਰਾਰਥਨਾ ਕਰ ਰਿਹਾ ਸੀ, ਤਾਂ ਉਸ ਨੂੰ ਦਰਸ਼ਣ ਵਿਚ ਦੂਤ ਨੇ ਕਿਹਾ: “ਤੇਰੀਆਂ ਪ੍ਰਾਰਥਨਾਵਾਂ ਅਤੇ ਪੁੰਨ-ਦਾਨ ਪਰਮੇਸ਼ੁਰ ਦੀ ਹਜ਼ੂਰੀ ਵਿਚ ਮਨਜ਼ੂਰ ਹੋਏ ਹਨ ਅਤੇ ਉਸ ਨੇ ਉਨ੍ਹਾਂ ਨੂੰ ਯਾਦ ਰੱਖਿਆ ਹੈ।” (ਰਸੂ. 10:4) ਦੂਤ ਦੇ ਕਹਿਣ ਤੇ ਕੁਰਨੇਲੀਅਸ ਨੇ ਪਤਰਸ ਰਸੂਲ ਨੂੰ ਸੱਦਣ ਲਈ ਕੁਝ ਆਦਮੀ ਘੱਲੇ। ਇਸ ਬੇਸੁੰਨਤੇ ਗ਼ੈਰ-ਯਹੂਦੀ ਲਈ ਉਹ ਦਰਵਾਜ਼ਾ ਖੁੱਲ੍ਹਣ ਵਾਲਾ ਸੀ ਜੋ ਪਹਿਲਾਂ ਉਸ ਲਈ ਬੰਦ ਸੀ। ਉਸ ਨੂੰ ਮੁਕਤੀ ਦਾ ਸੰਦੇਸ਼ ਮਿਲਣ ਵਾਲਾ ਸੀ।
6, 7. (ੳ) ਇਕ ਤਜਰਬਾ ਦੱਸੋ ਕਿ ਪਰਮੇਸ਼ੁਰ ਨੇਕ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ। (ਅ) ਅਜਿਹੇ ਤਜਰਬਿਆਂ ਤੋਂ ਅਸੀਂ ਕੀ ਸਿੱਟਾ ਕੱਢ ਸਕਦੇ ਹਾਂ?
6 ਕੀ ਅੱਜ ਪਰਮੇਸ਼ੁਰ ਨੇਕ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ ਜੋ ਉਸ ਬਾਰੇ ਸੱਚਾਈ ਜਾਣਨੀ ਚਾਹੁੰਦੇ ਹਨ? ਇਸ ਤਜਰਬੇ ʼਤੇ ਗੌਰ ਕਰੋ। ਅਲਬਾਨੀਆ ਵਿਚ ਘਰ-ਘਰ ਪ੍ਰਚਾਰ ਕਰ ਰਹੀ ਇਕ ਮਸੀਹੀ ਭੈਣ ਕੋਲੋਂ ਇਕ ਤੀਵੀਂ ਨੇ ਪਹਿਰਾਬੁਰਜ ਰਸਾਲਾ ਲਿਆ ਜਿਸ ਵਿਚ ਬੱਚਿਆਂ ਦੀ ਪਰਵਰਿਸ਼ ਬਾਰੇ ਇਕ ਲੇਖ ਸੀ।c ਤੀਵੀਂ ਨੇ ਉਸ ਭੈਣ ਨੂੰ ਕਿਹਾ: “ਤੁਸੀਂ ਯਕੀਨ ਨਹੀਂ ਕਰਨਾ ਕਿ ਮੈਂ ਆਪਣੀਆਂ ਧੀਆਂ ਦੀ ਪਰਵਰਿਸ਼ ਕਰਨ ਵਿਚ ਮਦਦ ਵਾਸਤੇ ਰੱਬ ਨੂੰ ਦੁਆ ਕਰ ਰਹੀ ਸੀ! ਵਾਕਈ, ਉਸ ਨੇ ਤੁਹਾਨੂੰ ਭੇਜਿਆ ਹੈ! ਤੁਸੀਂ ਮੇਰੇ ਮਨ ਦੀ ਮੁਰਾਦ ਪੂਰੀ ਕੀਤੀ ਹੈ। ਇਸ ਜਾਣਕਾਰੀ ਦੀ ਮੈਨੂੰ ਬਹੁਤ ਲੋੜ ਹੈ।” ਉਸ ਤੀਵੀਂ ਨੇ ਅਤੇ ਉਸ ਦੀਆਂ ਧੀਆਂ ਨੇ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿਚ ਉਸ ਦਾ ਪਤੀ ਵੀ ਸਟੱਡੀ ਕਰਨ ਲੱਗ ਪਿਆ।
7 ਕੀ ਇਸ ਤਰ੍ਹਾਂ ਦਾ ਇਹੀ ਇਕ ਤਜਰਬਾ ਹੈ? ਨਹੀਂ। ਇਹ ਕੋਈ ਇਤਫ਼ਾਕ ਦੀ ਗੱਲ ਨਹੀਂ ਹੈ, ਸਗੋਂ ਦੁਨੀਆਂ ਵਿਚ ਕਈ ਲੋਕਾਂ ਨਾਲ ਇਸ ਤਰ੍ਹਾਂ ਹੋਇਆ ਹੈ। ਤਾਂ ਫਿਰ, ਅਸੀਂ ਕੀ ਸਿੱਟਾ ਕੱਢ ਸਕਦੇ ਹਾਂ? ਇਕ ਤਾਂ ਇਹ ਕਿ ਯਹੋਵਾਹ ਉਨ੍ਹਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ ਜਿਹੜੇ ਸੱਚੇ ਦਿਲੋਂ ਉਸ ਦੀ ਭਾਲ ਕਰ ਰਹੇ ਹਨ। (1 ਰਾਜ. 8:41-43; ਜ਼ਬੂ. 65:2) ਦੂਜਾ ਇਹ ਕਿ ਦੂਤ ਪ੍ਰਚਾਰ ਦੇ ਕੰਮ ਵਿਚ ਸਾਡਾ ਸਾਥ ਦਿੰਦੇ ਹਨ।—ਪ੍ਰਕਾ. 14:6, 7.
‘ਪਤਰਸ ਉਲਝਣ ਵਿਚ ਸੀ’ (ਰਸੂ. 10:9-23ੳ)
8, 9. ਪਵਿੱਤਰ ਸ਼ਕਤੀ ਦੇ ਜ਼ਰੀਏ ਪਰਮੇਸ਼ੁਰ ਨੇ ਪਤਰਸ ਨੂੰ ਕੀ ਜ਼ਾਹਰ ਕੀਤਾ ਅਤੇ ਉਸ ਨੇ ਕੀ ਕੀਤਾ?
8 ਪਤਰਸ ਦਰਸ਼ਣ ਦੇਖਣ ਤੋਂ ਬਾਅਦ ਹਾਲੇ ਵੀ ਕੋਠੇ ਉੱਤੇ ਸੀ ਅਤੇ “ਇਸ ਗੱਲੋਂ ਉਲਝਣ ਵਿਚ ਸੀ ਕਿ ਦਰਸ਼ਣ ਦਾ ਕੀ ਮਤਲਬ ਸੀ।” ਉਸ ਵੇਲੇ ਕੁਰਨੇਲੀਅਸ ਦੇ ਆਦਮੀ ਉੱਥੇ ਪਹੁੰਚ ਗਏ। (ਰਸੂ. 10:17) ਯਾਦ ਕਰੋ ਕਿ ਪਤਰਸ ਨੇ ਤਿੰਨ ਵਾਰ ਉਹ ਜਾਨਵਰ ਖਾਣ ਤੋਂ ਇਨਕਾਰ ਕੀਤਾ ਸੀ ਜੋ ਮੂਸਾ ਦੇ ਕਾਨੂੰਨ ਮੁਤਾਬਕ ਅਸ਼ੁੱਧ ਸਨ। ਤਾਂ ਫਿਰ, ਕੀ ਪਤਰਸ ਇਨ੍ਹਾਂ ਆਦਮੀਆਂ ਨਾਲ ਜਾਣ ਲਈ ਤਿਆਰ ਹੋਵੇਗਾ ਅਤੇ ਗ਼ੈਰ-ਯਹੂਦੀ ਆਦਮੀ ਦੇ ਘਰ ਪੈਰ ਪਾਵੇਗਾ? ਪਵਿੱਤਰ ਸ਼ਕਤੀ ਨੇ ਜ਼ਾਹਰ ਕਰ ਦਿੱਤਾ ਸੀ ਕਿ ਇਸ ਮਾਮਲੇ ਵਿਚ ਪਰਮੇਸ਼ੁਰ ਦੀ ਕੀ ਇੱਛਾ ਸੀ। ਪਤਰਸ ਨੂੰ ਕਿਹਾ ਗਿਆ ਸੀ: “ਦੇਖ! ਤਿੰਨ ਆਦਮੀ ਤੇਰੇ ਬਾਰੇ ਪੁੱਛ ਰਹੇ ਹਨ। ਤੂੰ ਉੱਠ ਕੇ ਥੱਲੇ ਜਾਹ ਅਤੇ ਉਨ੍ਹਾਂ ਨਾਲ ਬੇਫ਼ਿਕਰ ਹੋ ਕੇ ਚਲਾ ਜਾਹ ਕਿਉਂਕਿ ਮੈਂ ਹੀ ਉਨ੍ਹਾਂ ਨੂੰ ਘੱਲਿਆ ਹੈ।” (ਰਸੂ. 10:19, 20) ਇਸ ਦਰਸ਼ਣ ਕਾਰਨ ਪਤਰਸ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲਣ ਲਈ ਤਿਆਰ ਹੋ ਗਿਆ ਸੀ।
9 ਕੁਰਨੇਲੀਅਸ ਦੇ ਬੰਦਿਆਂ ਨੇ ਪਤਰਸ ਨੂੰ ਦੱਸਿਆ ਕਿ ਦੂਤ ਦੇ ਕਹਿਣ ਤੇ ਕੁਰਨੇਲੀਅਸ ਨੇ ਉਸ ਨੂੰ ਸੱਦਿਆ ਸੀ। ਇਸ ਕਰਕੇ ਉਸ ਨੇ ਗ਼ੈਰ-ਯਹੂਦੀ ਬੰਦਿਆਂ ਨੂੰ ਅੰਦਰ ਬੁਲਾਇਆ ਤੇ “ਉਨ੍ਹਾਂ ਦੀ ਪਰਾਹੁਣਚਾਰੀ ਕੀਤੀ।” (ਰਸੂ. 10:23ੳ) ਇਸ ਤਰ੍ਹਾਂ ਕਰ ਕੇ ਪਤਰਸ ਨੇ ਦਿਖਾਇਆ ਕਿ ਉਸ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਆਪਣੀ ਸੋਚ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਸੀ।
10. ਯਹੋਵਾਹ ਆਪਣੇ ਲੋਕਾਂ ਨੂੰ ਰਾਹ ਕਿਵੇਂ ਦਿਖਾਉਂਦਾ ਹੈ ਅਤੇ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣ ਦੀ ਲੋੜ ਹੈ?
10 ਅੱਜ ਵੀ ਪਰਮੇਸ਼ੁਰ ਹੌਲੀ-ਹੌਲੀ ਗੱਲਾਂ ਜ਼ਾਹਰ ਕਰ ਕੇ ਆਪਣੇ ਲੋਕਾਂ ਨੂੰ ਰਾਹ ਦਿਖਾਉਂਦਾ ਹੈ। (ਕਹਾ. 4:18) ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਉਹ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਸੇਧ ਦਿੰਦਾ ਹੈ। (ਮੱਤੀ 24:45) ਸਮੇਂ-ਸਮੇਂ ਤੇ ਪਰਮੇਸ਼ੁਰ ਦੇ ਬਚਨ ਦੀਆਂ ਕਈ ਗੱਲਾਂ ਬਾਰੇ ਸਾਡੀ ਸਮਝ ਨੂੰ ਸੁਧਾਰਿਆ ਜਾਂਦਾ ਹੈ ਜਾਂ ਸੰਗਠਨ ਦੇ ਕੰਮ ਕਰਨ ਦੇ ਤਰੀਕਿਆਂ ਵਿਚ ਫੇਰ-ਬਦਲ ਕੀਤਾ ਜਾਂਦਾ ਹੈ। ਇਸ ਲਈ ਸਾਨੂੰ ਆਪਣੇ ਆਪ ਤੋਂ ਪੁੱਛਣ ਦੀ ਲੋੜ ਹੈ: ‘ਇਹ ਤਬਦੀਲੀਆਂ ਹੋਣ ਤੇ ਮੈਂ ਕਿਹੋ ਜਿਹਾ ਰਵੱਈਆ ਦਿਖਾਉਂਦਾ ਹਾਂ? ਕੀ ਮੈਂ ਇਨ੍ਹਾਂ ਗੱਲਾਂ ਵਿਚ ਪਰਮੇਸ਼ੁਰ ਦੀ ਸੇਧ ਅਨੁਸਾਰ ਚੱਲਦਾ ਹਾਂ?’
ਪਤਰਸ ਨੇ ‘ਉਨ੍ਹਾਂ ਨੂੰ ਬਪਤਿਸਮਾ ਲੈਣ ਦਾ ਹੁਕਮ ਦਿੱਤਾ’ (ਰਸੂ. 10:23ਅ-48)
11, 12. ਕੈਸਰੀਆ ਪਹੁੰਚ ਕੇ ਪਤਰਸ ਨੇ ਕੀ ਕੀਤਾ ਅਤੇ ਉਹ ਕੀ ਜਾਣ ਗਿਆ ਸੀ?
11 ਦਰਸ਼ਣ ਦੇਖਣ ਤੋਂ ਬਾਅਦ ਅਗਲੇ ਦਿਨ ਪਤਰਸ ਯਾਪਾ ਦੇ ‘ਛੇ [ਯਹੂਦੀ] ਭਰਾਵਾਂ’ ਅਤੇ ਕੁਰਨੇਲੀਅਸ ਦੇ ਤਿੰਨ ਬੰਦਿਆਂ ਨਾਲ ਕੈਸਰੀਆ ਚਲਾ ਗਿਆ। (ਰਸੂ. 11:12) ਪਤਰਸ ਦੀ ਉਡੀਕ ਕਰ ਰਹੇ ਕੁਰਨੇਲੀਅਸ ਨੇ “ਆਪਣੇ ਰਿਸ਼ਤੇਦਾਰ ਅਤੇ ਜਿਗਰੀ ਦੋਸਤ” ਸੱਦੇ ਹੋਏ ਸਨ ਜੋ ਸਾਰੇ ਗ਼ੈਰ-ਯਹੂਦੀ ਸਨ। (ਰਸੂ. 10:24) ਪਤਰਸ ਨੇ ਉੱਥੇ ਪਹੁੰਚ ਕੇ ਇਕ ਬੇਸੁੰਨਤੇ ਗ਼ੈਰ-ਯਹੂਦੀ ਦੇ ਘਰ ਪੈਰ ਪਾਇਆ ਜਿਸ ਬਾਰੇ ਉਸ ਨੇ ਪਹਿਲਾਂ ਕਦੀ ਸੋਚਿਆ ਵੀ ਨਹੀਂ ਸੀ! ਪਤਰਸ ਨੇ ਕਿਹਾ: “ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਕ ਯਹੂਦੀ ਦਾ ਕਿਸੇ ਹੋਰ ਕੌਮ ਦੇ ਆਦਮੀ ਨਾਲ ਮਿਲਣਾ-ਗਿਲਣਾ ਜਾਂ ਉਸ ਕੋਲ ਜਾਣਾ ਵੀ ਕਾਨੂੰਨ ਦੇ ਖ਼ਿਲਾਫ਼ ਹੈ, ਪਰ ਪਰਮੇਸ਼ੁਰ ਨੇ ਮੈਨੂੰ ਦਿਖਾ ਦਿੱਤਾ ਹੈ ਕਿ ਮੈਂ ਕਿਸੇ ਵੀ ਇਨਸਾਨ ਨੂੰ ਭ੍ਰਿਸ਼ਟ ਜਾਂ ਅਸ਼ੁੱਧ ਨਾ ਕਹਾਂ।” (ਰਸੂ. 10:28) ਪਤਰਸ ਨੂੰ ਸਮਝ ਆ ਗਈ ਸੀ ਕਿ ਉਸ ਨੂੰ ਇਹ ਦੱਸਣ ਲਈ ਦਰਸ਼ਣ ਨਹੀਂ ਦਿਖਾਇਆ ਗਿਆ ਸੀ ਕਿ ਕੀ ਖਾਧਾ ਜਾ ਸਕਦਾ ਸੀ ਤੇ ਕੀ ਨਹੀਂ, ਸਗੋਂ ਇਹ ਸਮਝਾਉਣ ਲਈ ਦਿਖਾਇਆ ਗਿਆ ਸੀ ਕਿ ਉਹ ‘ਕਿਸੇ ਵੀ ਇਨਸਾਨ ਨੂੰ ਇੱਥੋਂ ਤਕ ਕਿ ਕਿਸੇ ਗ਼ੈਰ-ਯਹੂਦੀ ਨੂੰ ਵੀ ਭ੍ਰਿਸ਼ਟ ਜਾਂ ਅਸ਼ੁੱਧ ਨਾ ਕਹੇ।’
12 ਕੁਰਨੇਲੀਅਸ ਦੇ ਘਰ ਇਕੱਠੇ ਹੋਏ ਲੋਕ ਪਤਰਸ ਦੀ ਗੱਲ ਸੁਣਨ ਲਈ ਉਤਾਵਲੇ ਸਨ। ਕੁਰਨੇਲੀਅਸ ਨੇ ਕਿਹਾ: “ਹੁਣ ਅਸੀਂ ਸਾਰੇ ਇੱਥੇ ਪਰਮੇਸ਼ੁਰ ਦੇ ਸਾਮ੍ਹਣੇ ਉਹ ਸਾਰੀਆਂ ਗੱਲਾਂ ਸੁਣਨ ਲਈ ਹਾਜ਼ਰ ਹਾਂ ਜਿਹੜੀਆਂ ਯਹੋਵਾਹ ਨੇ ਤੈਨੂੰ ਦੱਸਣ ਦਾ ਹੁਕਮ ਦਿੱਤਾ ਹੈ।” (ਰਸੂ. 10:33) ਜ਼ਰਾ ਕਲਪਨਾ ਕਰੋ ਕਿ ਤੁਹਾਨੂੰ ਕਿੰਨਾ ਚੰਗਾ ਲੱਗੇਗਾ ਜੇ ਕੋਈ ਦਿਲਚਸਪੀ ਰੱਖਣ ਵਾਲਾ ਵਿਅਕਤੀ ਤੁਹਾਨੂੰ ਇਹ ਗੱਲ ਕਹੇ! ਪਤਰਸ ਨੇ ਇਨ੍ਹਾਂ ਜ਼ਬਰਦਸਤ ਸ਼ਬਦਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ: “ਹੁਣ ਮੈਂ ਵਾਕਈ ਸਮਝ ਗਿਆ ਹਾਂ ਕਿ ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।” (ਰਸੂ. 10:34, 35) ਪਤਰਸ ਜਾਣ ਗਿਆ ਸੀ ਕਿ ਪਰਮੇਸ਼ੁਰ ਕਿਸੇ ਇਨਸਾਨ ਦੀ ਨਸਲ, ਕੌਮ ਜਾਂ ਬਾਹਰੀ ਰੂਪ ਨਹੀਂ ਦੇਖਦਾ। ਫਿਰ ਪਤਰਸ ਨੇ ਯਿਸੂ ਦੀ ਸੇਵਕਾਈ, ਮੌਤ ਤੇ ਉਸ ਦੇ ਦੁਬਾਰਾ ਜੀਉਂਦਾ ਹੋਣ ਬਾਰੇ ਗਵਾਹੀ ਦੇਣੀ ਸ਼ੁਰੂ ਕੀਤੀ।
13, 14. (ੳ) 36 ਈਸਵੀ ਵਿਚ ਕੁਰਨੇਲੀਅਸ ਅਤੇ ਹੋਰ ਗ਼ੈਰ-ਯਹੂਦੀਆਂ ਦੇ ਮਸੀਹੀ ਬਣਨ ਵੇਲੇ ਕਿਹੜੀ ਅਹਿਮ ਗੱਲ ਹੋਈ ਸੀ? (ਅ) ਸਾਨੂੰ ਕਿਸੇ ਦਾ ਬਾਹਰੀ ਰੂਪ ਦੇਖ ਕੇ ਉਸ ਬਾਰੇ ਰਾਇ ਕਿਉਂ ਨਹੀਂ ਕਾਇਮ ਕਰਨੀ ਚਾਹੀਦੀ?
13 ਉਸ ਵੇਲੇ ਇਕ ਕਰਿਸ਼ਮਾ ਹੋਇਆ: “ਜਦੋਂ ਪਤਰਸ ਇਹ ਗੱਲਾਂ ਕਰ ਹੀ ਰਿਹਾ ਸੀ,” ਤਾਂ “ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ” ਉੱਤੇ ਪਵਿੱਤਰ ਸ਼ਕਤੀ ਆਈ। (ਰਸੂ. 10:44, 45) ਬਾਈਬਲ ਵਿਚ ਸਿਰਫ਼ ਇਸੇ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ ਜਦੋਂ ਬਪਤਿਸਮੇ ਤੋਂ ਪਹਿਲਾਂ ਲੋਕਾਂ ਨੂੰ ਪਵਿੱਤਰ ਸ਼ਕਤੀ ਦਿੱਤੀ ਗਈ ਸੀ। ਜਦੋਂ ਪਤਰਸ ਨੇ ਦੇਖਿਆ ਕਿ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਕਬੂਲ ਕਰ ਲਿਆ ਸੀ, ਤਾਂ ਉਸ ਨੇ ‘ਉਨ੍ਹਾਂ ਸਾਰੇ ਗ਼ੈਰ-ਯਹੂਦੀ ਲੋਕਾਂ ਨੂੰ ਬਪਤਿਸਮਾ ਲੈਣ ਦਾ ਹੁਕਮ ਦਿੱਤਾ।’ (ਰਸੂ. 10:48) 36 ਈਸਵੀ ਵਿਚ ਉਨ੍ਹਾਂ ਗ਼ੈਰ-ਯਹੂਦੀਆਂ ਦੇ ਮਸੀਹੀ ਬਣਨ ਨਾਲ ਯਹੂਦੀ ਕੌਮ ਦਾ ਪਰਮੇਸ਼ੁਰ ਨਾਲ ਖ਼ਾਸ ਰਿਸ਼ਤਾ ਖ਼ਤਮ ਹੋ ਗਿਆ। (ਦਾਨੀ. 9:24-27) ਪਤਰਸ ਨੇ ਗਵਾਹੀ ਦਿੰਦੇ ਹੋਏ ਇਸ ਮੌਕੇ ʼਤੇ “ਰਾਜ ਦੀਆਂ ਚਾਬੀਆਂ” ਵਿੱਚੋਂ ਤੀਸਰੀ ਅਤੇ ਆਖ਼ਰੀ ਚਾਬੀ ਵਰਤੀ ਸੀ। (ਮੱਤੀ 16:19) ਇਸ ਚਾਬੀ ਨਾਲ ਬੇਸੁੰਨਤੇ ਗ਼ੈਰ-ਯਹੂਦੀਆਂ ਲਈ ਮਸੀਹੀ ਬਣ ਕੇ ਪਵਿੱਤਰ ਸ਼ਕਤੀ ਦੁਆਰਾ ਚੁਣੇ ਜਾਣ ਦਾ ਰਾਹ ਖੁੱਲ੍ਹ ਗਿਆ ਸੀ।
14 ਅੱਜ ਰਾਜ ਦੇ ਪ੍ਰਚਾਰਕ ਹੋਣ ਦੇ ਨਾਤੇ ਅਸੀਂ ਜਾਣਦੇ ਹਾਂ ਕਿ “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ।” (ਰੋਮੀ. 2:11) ਉਸ ਦੀ ਇੱਛਾ ਹੈ ਕਿ “ਹਰ ਤਰ੍ਹਾਂ ਦੇ ਲੋਕ ਬਚਾਏ ਜਾਣ।” (1 ਤਿਮੋ. 2:4) ਸਾਨੂੰ ਲੋਕਾਂ ਦੀ ਸ਼ਕਲ-ਸੂਰਤ ਜਾਂ ਹੁਲੀਆ ਦੇਖ ਕੇ ਉਨ੍ਹਾਂ ਬਾਰੇ ਕੋਈ ਰਾਇ ਕਾਇਮ ਨਹੀਂ ਕਰਨੀ ਚਾਹੀਦੀ। ਸਾਨੂੰ ਹੁਕਮ ਦਿੱਤਾ ਗਿਆ ਹੈ ਕਿ ਅਸੀਂ ਸਾਰੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦੇਈਏ ਭਾਵੇਂ ਉਨ੍ਹਾਂ ਦੀ ਨਸਲ, ਕੌਮ, ਰੰਗ-ਰੂਪ ਜਾਂ ਧਰਮ ਕੋਈ ਵੀ ਹੋਵੇ।
‘ਉਹ ਇਤਰਾਜ਼ ਕਰਨੋਂ ਹਟ ਗਏ ਅਤੇ ਉਨ੍ਹਾਂ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ’ (ਰਸੂ. 11:1-18)
15, 16. ਕੁਝ ਯਹੂਦੀ ਮਸੀਹੀਆਂ ਨੇ ਪਤਰਸ ਨਾਲ ਕਿਉਂ ਬਹਿਸ ਕੀਤੀ ਸੀ ਅਤੇ ਉਸ ਨੇ ਉਨ੍ਹਾਂ ਨੂੰ ਕਿਵੇਂ ਸਮਝਾਇਆ?
15 ਸਾਰੀਆਂ ਗੱਲਾਂ ਦੱਸਣ ਲਈ ਉਤਾਵਲਾ ਪਤਰਸ ਯਰੂਸ਼ਲਮ ਨੂੰ ਰਵਾਨਾ ਹੋ ਗਿਆ। ਲੱਗਦਾ ਹੈ ਕਿ ਉਸ ਦੇ ਯਰੂਸ਼ਲਮ ਪਹੁੰਚਣ ਤੋਂ ਪਹਿਲਾਂ ਹੀ ਇਹ ਖ਼ਬਰ ਉੱਥੇ ਪਹੁੰਚ ਗਈ ਸੀ ਕਿ ਗ਼ੈਰ-ਯਹੂਦੀਆਂ ਨੇ “ਪਰਮੇਸ਼ੁਰ ਦੇ ਬਚਨ ਨੂੰ ਕਬੂਲ ਕਰ ਲਿਆ ਸੀ।” ਇਸ ਕਰਕੇ ਪਤਰਸ ਦੇ ਉੱਥੇ ਆਉਂਦਿਆਂ ਹੀ ‘ਸੁੰਨਤ ਦੀ ਰੀਤ ਦਾ ਸਮਰਥਨ ਕਰਨ ਵਾਲੇ ਉਸ ਦੀ ਨੁਕਤਾਚੀਨੀ ਕਰਨ ਲੱਗੇ।’ ਉਹ ਯਹੂਦੀ ਚੇਲੇ ਇਸ ਗੱਲੋਂ ਝਗੜ ਰਹੇ ਸਨ ਕਿ ਉਹ “ਬੇਸੁੰਨਤੇ ਲੋਕਾਂ ਦੇ ਘਰ ਗਿਆ ਅਤੇ ਉਨ੍ਹਾਂ ਨਾਲ ਖਾਧਾ-ਪੀਤਾ।” (ਰਸੂ. 11:1-3) ਉਨ੍ਹਾਂ ਨੇ ਇਹ ਨਹੀਂ ਦੇਖਿਆ ਕਿ ਗ਼ੈਰ-ਯਹੂਦੀ ਲੋਕ ਮਸੀਹ ਦੇ ਚੇਲੇ ਬਣ ਗਏ ਸਨ। ਇਸ ਦੀ ਬਜਾਇ, ਉਹ ਇਸ ਗੱਲ ʼਤੇ ਅੜੇ ਹੋਏ ਸਨ ਕਿ ਯਹੋਵਾਹ ਦੀ ਸਹੀ ਤਰੀਕੇ ਨਾਲ ਭਗਤੀ ਕਰਨ ਲਈ ਗ਼ੈਰ-ਯਹੂਦੀਆਂ ਨੂੰ ਮੂਸਾ ਦੇ ਕਾਨੂੰਨ ਦੀ ਪਾਲਣਾ ਕਰਨ ਅਤੇ ਸੁੰਨਤ ਕਰਾਉਣ ਦੀ ਲੋੜ ਸੀ। ਇਸ ਤੋਂ ਜ਼ਾਹਰ ਹੈ ਕਿ ਕੁਝ ਯਹੂਦੀ ਚੇਲਿਆਂ ਲਈ ਮੂਸਾ ਦਾ ਕਾਨੂੰਨ ਛੱਡਣਾ ਔਖਾ ਸੀ।
16 ਪਤਰਸ ਨੇ ਉਨ੍ਹਾਂ ਨੂੰ ਕਿਵੇਂ ਸਮਝਾਇਆ? ਰਸੂਲਾਂ ਦੇ ਕੰਮ 11:4-16 ਅਨੁਸਾਰ ਉਸ ਨੇ ਪਰਮੇਸ਼ੁਰ ਦੀ ਸੇਧ ਦੇ ਚਾਰ ਸਬੂਤ ਦਿੱਤੇ: (1) ਉਸ ਨੇ ਦਰਸ਼ਣ ਦੇਖਿਆ (ਆਇਤਾਂ 4-10); (2) ਪਵਿੱਤਰ ਸ਼ਕਤੀ ਨੇ ਹੁਕਮ ਦਿੱਤਾ (ਆਇਤਾਂ 11, 12); (3) ਕੁਰਨੇਲੀਅਸ ਨੂੰ ਦੂਤ ਮਿਲਿਆ (ਆਇਤਾਂ 13, 14) ਅਤੇ (4) ਗ਼ੈਰ-ਯਹੂਦੀਆਂ ਉੱਤੇ ਪਵਿੱਤਰ ਸ਼ਕਤੀ ਆਈ। (ਆਇਤਾਂ 15, 16) ਅਖ਼ੀਰ ਵਿਚ ਉਨ੍ਹਾਂ ਨੂੰ ਸੋਚਣ ਲਈ ਮਜਬੂਰ ਕਰਨ ਵਾਸਤੇ ਪਤਰਸ ਨੇ ਪੁੱਛਿਆ: “ਇਸ ਲਈ ਜੇ ਪਰਮੇਸ਼ੁਰ ਨੇ ਉਨ੍ਹਾਂ ਨੂੰ [ਯਾਨੀ ਨਿਹਚਾਵਾਨ ਗ਼ੈਰ-ਯਹੂਦੀਆਂ ਨੂੰ] ਵੀ ਉਹੀ ਦਾਤ [ਯਾਨੀ ਪਵਿੱਤਰ ਸ਼ਕਤੀ ਦੀ ਦਾਤ] ਦਿੱਤੀ ਹੈ ਜੋ ਉਸ ਨੇ ਸਾਨੂੰ [ਯਾਨੀ ਯਹੂਦੀਆਂ ਨੂੰ] ਦਿੱਤੀ ਸੀ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਉੱਤੇ ਨਿਹਚਾ ਕੀਤੀ ਹੈ, ਤਾਂ ਫਿਰ ਮੈਂ ਕੌਣ ਹੁੰਦਾਂ ਪਰਮੇਸ਼ੁਰ ਨੂੰ ਰੋਕਣ ਵਾਲਾ?”—ਰਸੂ. 11:17.
17, 18. (ੳ) ਪਤਰਸ ਦੁਆਰਾ ਦਿੱਤੇ ਸਬੂਤਾਂ ਨੇ ਉਨ੍ਹਾਂ ਯਹੂਦੀ ਮਸੀਹੀਆਂ ਨੂੰ ਕਿਹੜੀ ਪਰੀਖਿਆ ਵਿਚ ਪਾ ਦਿੱਤਾ? (ਅ) ਮੰਡਲੀ ਵਿਚ ਏਕਤਾ ਬਣਾਈ ਰੱਖਣੀ ਕਿਉਂ ਔਖੀ ਹੋ ਸਕਦੀ ਹੈ ਅਤੇ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
17 ਪਤਰਸ ਦੁਆਰਾ ਦਿੱਤੇ ਸਬੂਤਾਂ ਨੇ ਉਨ੍ਹਾਂ ਯਹੂਦੀ ਮਸੀਹੀਆਂ ਨੂੰ ਪਰੀਖਿਆ ਵਿਚ ਪਾ ਦਿੱਤਾ। ਕੀ ਉਹ ਆਪਣੇ ਮਨਾਂ ਵਿੱਚੋਂ ਪੱਖਪਾਤ ਕੱਢ ਕੇ ਗ਼ੈਰ-ਯਹੂਦੀਆਂ ਨੂੰ ਸਵੀਕਾਰ ਕਰਨਗੇ ਜਿਹੜੇ ਬਪਤਿਸਮਾ ਲੈ ਕੇ ਮਸੀਹੀ ਬਣ ਗਏ ਸਨ? ਬਾਈਬਲ ਦੱਸਦੀ ਹੈ: “ਜਦੋਂ ਉਨ੍ਹਾਂ ਨੇ [ਯਾਨੀ ਰਸੂਲਾਂ ਅਤੇ ਹੋਰ ਯਹੂਦੀ ਮਸੀਹੀਆਂ ਨੇ] ਇਹ ਗੱਲਾਂ ਸੁਣੀਆਂ, ਤਾਂ ਉਹ ਇਤਰਾਜ਼ ਕਰਨੋਂ ਹਟ ਗਏ ਅਤੇ ਉਨ੍ਹਾਂ ਨੇ ਪਰਮੇਸ਼ੁਰ ਦੀ ਵਡਿਆਈ ਕਰਦਿਆਂ ਕਿਹਾ: ‘ਹੁਣ ਇਹ ਗੱਲ ਸਾਫ਼ ਹੈ ਕਿ ਪਰਮੇਸ਼ੁਰ ਨੇ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੂੰ ਵੀ ਤੋਬਾ ਕਰਨ ਦਾ ਮੌਕਾ ਦਿੱਤਾ ਹੈ ਤਾਂਕਿ ਉਨ੍ਹਾਂ ਨੂੰ ਵੀ ਜ਼ਿੰਦਗੀ ਮਿਲੇ।’” (ਰਸੂ. 11:18) ਇਸ ਤਰ੍ਹਾਂ ਉਨ੍ਹਾਂ ਦੇ ਸਹੀ ਰਵੱਈਏ ਕਰਕੇ ਮੰਡਲੀ ਦੀ ਏਕਤਾ ਬਰਕਰਾਰ ਰਹੀ।
18 ਅੱਜ ਮੰਡਲੀ ਵਿਚ ਏਕਤਾ ਬਣਾਈ ਰੱਖਣੀ ਔਖੀ ਹੋ ਸਕਦੀ ਹੈ ਕਿਉਂਕਿ ਯਹੋਵਾਹ ਦੇ ਸੇਵਕ “ਸਾਰੀਆਂ ਕੌਮਾਂ, ਕਬੀਲਿਆਂ, ਨਸਲਾਂ ਅਤੇ ਭਾਸ਼ਾਵਾਂ” ਵਿੱਚੋਂ ਹਨ। (ਪ੍ਰਕਾ. 7:9) ਇਸ ਲਈ ਅਸੀਂ ਕਈ ਮੰਡਲੀਆਂ ਵਿਚ ਅਲੱਗ-ਅਲੱਗ ਸਭਿਆਚਾਰਾਂ, ਨਸਲਾਂ ਅਤੇ ਪਿਛੋਕੜਾਂ ਦੇ ਲੋਕ ਦੇਖਦੇ ਹਾਂ। ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਆਪਣੇ ਦਿਲ ਵਿੱਚੋਂ ਭੇਦ-ਭਾਵ ਨੂੰ ਜੜ੍ਹੋਂ ਉਖਾੜ ਦਿੱਤਾ ਹੈ? ਕੀ ਮੇਰੇ ʼਤੇ ਦੁਨੀਆਂ ਦੇ ਫੁੱਟ ਪਾਉਣ ਵਾਲੇ ਰਵੱਈਏ ਯਾਨੀ ਰਾਸ਼ਟਰਵਾਦ ਜਾਂ ਜਾਤ-ਪਾਤ ਦਾ ਅਸਰ ਤਾਂ ਨਹੀਂ ਹੋਇਆ? ਕੀ ਮੈਂ ਆਪਣੇ ਸਭਿਆਚਾਰ ʼਤੇ ਘਮੰਡ ਤਾਂ ਨਹੀਂ ਕਰਦਾ? ਕੀ ਮੈਂ ਠਾਣਿਆ ਹੋਇਆ ਹੈ ਕਿ ਮੈਂ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਪੇਸ਼ ਆਉਂਦੇ ਵੇਲੇ ਆਪਣੇ ʼਤੇ ਇਨ੍ਹਾਂ ਗੱਲਾਂ ਦਾ ਅਸਰ ਨਹੀਂ ਪੈਣ ਦੇਵਾਂਗਾ?’ ਯਾਦ ਕਰੋ ਕਿ ਉਨ੍ਹਾਂ ਗ਼ੈਰ-ਯਹੂਦੀਆਂ ਦੇ ਮਸੀਹੀ ਬਣਨ ਤੋਂ ਕੁਝ ਸਾਲਾਂ ਬਾਅਦ ਪਤਰਸ (ਕੇਫ਼ਾਸ) ਨੇ ਕੀ ਕੀਤਾ ਸੀ। ਉਹ ਭੇਦ-ਭਾਵ ਕਰਨ ਵਾਲਿਆਂ ਦੇ ਡਰੋਂ ਗ਼ੈਰ-ਯਹੂਦੀ ਮਸੀਹੀਆਂ ਤੋਂ “ਦੂਰ-ਦੂਰ ਰਹਿਣ ਲੱਗਾ।” ਪੌਲੁਸ ਨੇ ਇਸ ਗੱਲ ਲਈ ਉਸ ਨੂੰ ਝਿੜਕਿਆ ਸੀ। (ਗਲਾ. 2:11-14) ਇਸ ਲਈ ਆਓ ਆਪਾਂ ਹਮੇਸ਼ਾ ਖ਼ਬਰਦਾਰ ਰਹੀਏ ਕਿ ਅਸੀਂ ਆਪਣੇ ਦਿਲਾਂ ਵਿਚ ਪੱਖਪਾਤ ਨੂੰ ਜੜ੍ਹ ਨਹੀਂ ਫੜਨ ਦੇਵਾਂਗੇ।
“ਬਹੁਤ ਸਾਰੇ ਲੋਕਾਂ ਨੇ ਪ੍ਰਭੂ ਉੱਤੇ ਨਿਹਚਾ ਕੀਤੀ” (ਰਸੂ. 11:19-26ੳ)
19. ਅੰਤਾਕੀਆ ਵਿਚ ਯਹੂਦੀ ਮਸੀਹੀਆਂ ਨੇ ਕਿਨ੍ਹਾਂ ਨੂੰ ਪ੍ਰਚਾਰ ਕਰਨਾ ਸ਼ੁਰੂ ਕੀਤਾ ਅਤੇ ਨਤੀਜਾ ਕੀ ਨਿਕਲਿਆ?
19 ਕੀ ਯਿਸੂ ਦੇ ਚੇਲਿਆਂ ਨੇ ਬੇਸੁੰਨਤੇ ਗ਼ੈਰ-ਯਹੂਦੀਆਂ ਨੂੰ ਪ੍ਰਚਾਰ ਕਰਨਾ ਸ਼ੁਰੂ ਕੀਤਾ? ਧਿਆਨ ਦਿਓ ਕਿ ਸੀਰੀਆ ਦੇ ਸ਼ਹਿਰ ਅੰਤਾਕੀਆ ਵਿਚ ਕੀ ਹੋਇਆ ਸੀ।d ਉਸ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਯਹੂਦੀ ਰਹਿੰਦੇ ਸਨ, ਪਰ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਵਿਚ ਕੋਈ ਵੈਰ-ਭਾਵ ਨਹੀਂ ਸੀ। ਇਸ ਚੰਗੇ ਮਾਹੌਲ ਕਰਕੇ ਅੰਤਾਕੀਆ ਵਿਚ ਗ਼ੈਰ-ਯਹੂਦੀਆਂ ਨੂੰ ਪ੍ਰਚਾਰ ਕਰਨਾ ਆਸਾਨ ਸੀ। ਇਸੇ ਸ਼ਹਿਰ ਵਿਚ ਕੁਝ ਯਹੂਦੀ ਚੇਲਿਆਂ ਨੇ “ਯੂਨਾਨੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ” ਪ੍ਰਚਾਰ ਕਰਨਾ ਸ਼ੁਰੂ ਕੀਤਾ। (ਰਸੂ. 11:20) ਉਨ੍ਹਾਂ ਨੇ ਸਿਰਫ਼ ਯੂਨਾਨੀ ਬੋਲਣ ਵਾਲੇ ਯਹੂਦੀਆਂ ਨੂੰ ਹੀ ਨਹੀਂ, ਸਗੋਂ ਬੇਸੁੰਨਤੇ ਗ਼ੈਰ-ਯਹੂਦੀਆਂ ਨੂੰ ਵੀ ਪ੍ਰਚਾਰ ਕੀਤਾ ਸੀ। ਯਹੋਵਾਹ ਨੇ ਇਸ ਕੰਮ ʼਤੇ ਬਰਕਤ ਪਾਈ ਅਤੇ “ਬਹੁਤ ਸਾਰੇ ਲੋਕਾਂ ਨੇ ਪ੍ਰਭੂ ਉੱਤੇ ਨਿਹਚਾ ਕੀਤੀ।”—ਰਸੂ. 11:21.
20, 21. ਬਰਨਬਾਸ ਨੇ ਕਿਵੇਂ ਨਿਮਰਤਾ ਦਿਖਾਈ ਅਤੇ ਅਸੀਂ ਪ੍ਰਚਾਰ ਕਰਦਿਆਂ ਨਿਮਰਤਾ ਕਿਵੇਂ ਦਿਖਾ ਸਕਦੇ ਹਾਂ?
20 ਬਹੁਤ ਸਾਰੇ ਲੋਕ ਖ਼ੁਸ਼ ਖ਼ਬਰੀ ਸੁਣਨ ਲਈ ਤਿਆਰ ਸਨ, ਇਸ ਲਈ ਯਰੂਸ਼ਲਮ ਦੀ ਮੰਡਲੀ ਨੇ ਬਰਨਾਬਾਸ ਨੂੰ ਅੰਤਾਕੀਆ ਘੱਲਿਆ। ਉੱਥੇ ਇੰਨੇ ਜ਼ਿਆਦਾ ਲੋਕ ਦਿਲਚਸਪੀ ਲੈ ਰਹੇ ਸਨ ਕਿ ਉਸ ਇਕੱਲੇ ਲਈ ਸਾਰਿਆਂ ਨੂੰ ਪ੍ਰਚਾਰ ਕਰਨਾ ਔਖਾ ਸੀ। ਇਸ ਕੰਮ ਵਿਚ ਮਦਦ ਕਰਨ ਲਈ ਸੌਲੁਸ ਤੋਂ ਬਿਹਤਰ ਹੋਰ ਕੌਣ ਹੋ ਸਕਦਾ ਸੀ ਜਿਸ ਨੇ ਹੋਰ ਕੌਮਾਂ ਨੂੰ ਪ੍ਰਚਾਰ ਕਰਨ ਲਈ ਰਸੂਲ ਬਣਨਾ ਸੀ? (ਰਸੂ. 9:15; ਰੋਮੀ. 1:5) ਕੀ ਬਰਨਾਬਾਸ ਸੌਲੁਸ ਨਾਲ ਮੁਕਾਬਲੇਬਾਜ਼ੀ ਤਾਂ ਨਹੀਂ ਕਰਨ ਲੱਗ ਪਵੇਗਾ? ਨਹੀਂ, ਸਗੋਂ ਬਰਨਾਬਾਸ ਨੇ ਨਿਮਰਤਾ ਦਿਖਾਈ ਕਿ ਉਹ ਇਕੱਲਾ ਇਹ ਕੰਮ ਨਹੀਂ ਸੰਭਾਲ ਸਕਦਾ ਸੀ। ਉਹ ਖ਼ੁਦ ਪਹਿਲ ਕਰਕੇ ਸੌਲੁਸ ਨੂੰ ਭਾਲਣ ਲਈ ਤਰਸੁਸ ਗਿਆ ਅਤੇ ਉਸ ਨੂੰ ਅੰਤਾਕੀਆ ਲੈ ਕੇ ਆਇਆ। ਉਨ੍ਹਾਂ ਨੇ ਮੰਡਲੀ ਵਿਚ ਚੇਲਿਆਂ ਦਾ ਹੌਸਲਾ ਵਧਾਉਣ ਲਈ ਇਕੱਠਿਆਂ ਇਕ ਸਾਲ ਗੁਜ਼ਾਰਿਆ।—ਰਸੂ. 11:22-26ੳ.
21 ਅਸੀਂ ਪ੍ਰਚਾਰ ਕਰਦਿਆਂ ਕਿਵੇਂ ਨਿਮਰਤਾ ਦਿਖਾ ਸਕਦੇ ਹਾਂ? ਇਸ ਦੇ ਲਈ ਸਾਨੂੰ ਆਪਣੀਆਂ ਹੱਦਾਂ ਪਛਾਣਨ ਦੀ ਲੋੜ ਹੈ। ਸਾਡੇ ਸਾਰਿਆਂ ਵਿਚ ਵੱਖੋ-ਵੱਖਰੀਆਂ ਖੂਬੀਆਂ ਅਤੇ ਕਾਬਲੀਅਤਾਂ ਹਨ। ਮਿਸਾਲ ਲਈ, ਕੁਝ ਭੈਣ-ਭਰਾ ਮੌਕਾ ਮਿਲਣ ਤੇ ਗਵਾਹੀ ਦੇਣ ਜਾਂ ਘਰ-ਘਰ ਪ੍ਰਚਾਰ ਕਰਨ ਵਿਚ ਮਾਹਰ ਹੁੰਦੇ ਹਨ, ਪਰ ਉਨ੍ਹਾਂ ਨੂੰ ਦਿਲਚਸਪੀ ਰੱਖਣ ਵਾਲਿਆਂ ਨੂੰ ਦੁਬਾਰਾ ਮਿਲਣਾ ਜਾਂ ਬਾਈਬਲ ਅਧਿਐਨ ਸ਼ੁਰੂ ਕਰਨੇ ਔਖੇ ਲੱਗਦੇ ਹਨ। ਜੇ ਤੁਹਾਨੂੰ ਪ੍ਰਚਾਰ ਕਰਨ ਦੇ ਕਿਸੇ ਪਹਿਲੂ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਕਿਉਂ ਨਾ ਪਹਿਲ ਕਰ ਕੇ ਦੂਜਿਆਂ ਤੋਂ ਮਦਦ ਮੰਗੋ? ਇਸ ਤਰ੍ਹਾਂ ਤੁਸੀਂ ਜ਼ਿਆਦਾ ਚੰਗੇ ਤਰੀਕੇ ਨਾਲ ਪ੍ਰਚਾਰ ਕਰਨਾ ਸਿੱਖੋਗੇ ਅਤੇ ਤੁਹਾਨੂੰ ਬੇਹੱਦ ਖ਼ੁਸ਼ੀ ਮਿਲੇਗੀ।—1 ਕੁਰਿੰ. 9:26.
‘ਲੋੜਵੰਦ ਭਰਾਵਾਂ ਲਈ ਚੀਜ਼ਾਂ ਘੱਲੀਆਂ’ (ਰਸੂ. 11:26ਅ-30)
22, 23. ਅੰਤਾਕੀਆ ਦੇ ਭਰਾਵਾਂ ਨੇ ਸੱਚੇ ਪਿਆਰ ਦਾ ਸਬੂਤ ਕਿਵੇਂ ਦਿੱਤਾ ਅਤੇ ਅੱਜ ਪਰਮੇਸ਼ੁਰ ਦੇ ਲੋਕ ਇਸ ਤਰ੍ਹਾਂ ਕਿਵੇਂ ਕਰਦੇ ਹਨ?
22 ਅੰਤਾਕੀਆ ਪਹਿਲੀ ਜਗ੍ਹਾ ਸੀ ਜਿੱਥੇ “ਚੇਲੇ ਪਰਮੇਸ਼ੁਰ ਦੀ ਸੇਧ ਨਾਲ ਮਸੀਹੀ ਕਹਾਏ ਜਾਣ ਲੱਗੇ।” (ਰਸੂ. 11:26ਅ) ਪਰਮੇਸ਼ੁਰ ਦੁਆਰਾ ਦਿੱਤਾ ਇਹ ਨਾਂ ਉਨ੍ਹਾਂ ਲੋਕਾਂ ਲਈ ਬਿਲਕੁਲ ਢੁਕਵਾਂ ਹੈ ਜਿਹੜੇ ਮਸੀਹ ਦੇ ਨਕਸ਼ੇ-ਕਦਮਾਂ ʼਤੇ ਚੱਲਦੇ ਹਨ। ਉਸ ਵੇਲੇ ਜ਼ਿਆਦਾ ਤੋਂ ਜ਼ਿਆਦਾ ਕੌਮਾਂ ਦੇ ਲੋਕ ਮਸੀਹੀ ਬਣ ਰਹੇ ਸਨ। ਤਾਂ ਫਿਰ, ਕੀ ਉਨ੍ਹਾਂ ਗ਼ੈਰ-ਯਹੂਦੀ ਮਸੀਹੀਆਂ ਤੇ ਯਹੂਦੀ ਮਸੀਹੀਆਂ ਵਿਚ ਭਰਾਵਾਂ ਵਰਗਾ ਪਿਆਰ ਪੈਦਾ ਹੋਇਆ? ਧਿਆਨ ਦਿਓ ਕਿ ਤਕਰੀਬਨ 46 ਈਸਵੀ ਵਿਚ ਵੱਡਾ ਕਾਲ਼ ਪੈਣ ਤੇ ਕੀ ਹੋਇਆ।e ਪੁਰਾਣੇ ਸਮਿਆਂ ਵਿਚ ਕਾਲ਼ ਦੀ ਮਾਰ ਜ਼ਿਆਦਾ ਕਰਕੇ ਗ਼ਰੀਬਾਂ ਨੂੰ ਸਹਿਣੀ ਪੈਂਦੀ ਸੀ ਕਿਉਂਕਿ ਉਨ੍ਹਾਂ ਕੋਲ ਕੋਈ ਜਮ੍ਹਾ ਪੂੰਜੀ ਨਹੀਂ ਹੁੰਦੀ ਸੀ ਜਾਂ ਅਨਾਜ ਇਕੱਠਾ ਕਰ ਕੇ ਨਹੀਂ ਰੱਖਿਆ ਹੁੰਦਾ ਸੀ। ਇਸ ਕਾਲ਼ ਦੌਰਾਨ ਯਹੂਦਿਯਾ ਵਿਚ ਰਹਿੰਦੇ ਯਹੂਦੀ ਮਸੀਹੀਆਂ ਨੂੰ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗ਼ਰੀਬ ਸਨ, ਰਾਸ਼ਨ ਵਗੈਰਾ ਦੀ ਲੋੜ ਸੀ। ਇਸ ਬਾਰੇ ਪਤਾ ਲੱਗਣ ਤੇ ਅੰਤਾਕੀਆ ਦੇ ਯਹੂਦੀ ਅਤੇ ਗ਼ੈਰ-ਯਹੂਦੀ ਭਰਾਵਾਂ ਨੇ ‘ਯਹੂਦਿਯਾ ਦੇ ਲੋੜਵੰਦ ਭਰਾਵਾਂ ਲਈ ਚੀਜ਼ਾਂ ਘੱਲੀਆਂ।’ (ਰਸੂ. 11:29) ਵਾਕਈ, ਭਰਾਵਾਂ ਵਿਚ ਸੱਚਾ ਪਿਆਰ ਸੀ!
23 ਅੱਜ ਪਰਮੇਸ਼ੁਰ ਦੇ ਲੋਕ ਵੀ ਇਸੇ ਤਰ੍ਹਾਂ ਕਰਦੇ ਹਨ। ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਹੋਰ ਦੇਸ਼ ਵਿਚ ਜਾਂ ਸਾਡੇ ਆਪਣੇ ਇਲਾਕੇ ਵਿਚ ਭਰਾਵਾਂ ਨੂੰ ਮਦਦ ਦੀ ਲੋੜ ਹੈ, ਤਾਂ ਅਸੀਂ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦੀ ਮਦਦ ਕਰਦੇ ਹਾਂ। ਬ੍ਰਾਂਚ ਕਮੇਟੀਆਂ ਫਟਾਫਟ ਰਾਹਤ ਕਮੇਟੀਆਂ ਬਣਾਉਂਦੀਆਂ ਹਨ ਤਾਂਕਿ ਤੂਫ਼ਾਨਾਂ, ਭੁਚਾਲ਼ਾਂ ਤੇ ਸੁਨਾਮੀ ਵਰਗੀਆਂ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਹੋਏ ਭੈਣਾਂ-ਭਰਾਵਾਂ ਦੀ ਮਦਦ ਕੀਤੀ ਜਾ ਸਕੇ। ਇਹ ਰਾਹਤ ਕੰਮ ਸਾਡੇ ਸੱਚੇ ਪਿਆਰ ਦਾ ਸਬੂਤ ਹਨ।—ਯੂਹੰ. 13:34, 35; 1 ਯੂਹੰ. 3:17.
24. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਤਰਸ ਦੁਆਰਾ ਦੇਖੇ ਦਰਸ਼ਣ ਦੀ ਅਹਿਮੀਅਤ ਸਮਝਦੇ ਹਾਂ?
24 ਸੱਚੇ ਮਸੀਹੀ ਹੋਣ ਕਰਕੇ ਅਸੀਂ ਪਤਰਸ ਦੁਆਰਾ ਦੇਖੇ ਦਰਸ਼ਣ ਦੀ ਅਹਿਮੀਅਤ ਸਮਝਦੇ ਹਾਂ ਜੋ ਉਸ ਨੇ ਪਹਿਲੀ ਸਦੀ ਵਿਚ ਯਾਪਾ ਸ਼ਹਿਰ ਵਿਚ ਦੇਖਿਆ ਸੀ। ਅਸੀਂ ਉਸ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ ਜੋ ਪੱਖਪਾਤ ਨਹੀਂ ਕਰਦਾ। ਉਸ ਦੀ ਇੱਛਾ ਹੈ ਕਿ ਅਸੀਂ ਦੂਸਰਿਆਂ ਨੂੰ ਉਸ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦੇਈਏ, ਭਾਵੇਂ ਉਨ੍ਹਾਂ ਦੀ ਨਸਲ, ਕੌਮ ਜਾਂ ਸਮਾਜਕ ਰੁਤਬਾ ਜੋ ਮਰਜ਼ੀ ਹੋਵੇ। ਤਾਂ ਫਿਰ, ਆਓ ਆਪਾਂ ਸਾਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਪੱਕਾ ਇਰਾਦਾ ਕਰੀਏ।—ਰੋਮੀ. 10:11-13.
a ਕਈ ਯਹੂਦੀ ਲੋਕ ਚਮੜਾ ਰੰਗਣ ਵਾਲੇ ਨਾਲ ਘਿਰਣਾ ਕਰਦੇ ਸਨ ਕਿਉਂਕਿ ਉਸ ਨੂੰ ਇਹ ਕੰਮ ਕਰਨ ਵੇਲੇ ਜਾਨਵਰਾਂ ਦੀਆਂ ਖੱਲਾਂ ਅਤੇ ਲਾਸ਼ਾਂ ਨੂੰ ਹੱਥ ਲਾਉਣ ਪੈਂਦਾ ਸੀ ਤੇ ਉਹ ਖੱਲਾਂ ਤੋਂ ਵਾਲ਼ ਲਾਹੁਣ ਲਈ ਕੁੱਤੇ ਦਾ ਵਿਸ਼ਟਾ ਵਰਤਦਾ ਸੀ। ਇਹ ਕੰਮ ਕਰਨ ਵਾਲੇ ਨੂੰ ਮੰਦਰ ਵਿਚ ਜਾਣਾ ਮਨ੍ਹਾ ਸੀ ਕਿਉਂਕਿ ਉਸ ਨੂੰ ਅਸ਼ੁੱਧ ਮੰਨਿਆ ਜਾਂਦਾ ਸੀ। ਉਸ ਦੇ ਕੰਮ-ਕਾਰ ਦੀ ਜਗ੍ਹਾ ਕਸਬੇ ਤੋਂ 70 ਫੁੱਟ (22 ਮੀਟਰ) ਦੂਰ ਹੋਣੀ ਚਾਹੀਦੀ ਸੀ। ਸ਼ਾਇਦ ਇਸੇ ਕਰਕੇ ਸ਼ਮਊਨ ਦਾ ਘਰ “ਸਮੁੰਦਰ ਦੇ ਲਾਗੇ” ਸੀ।—ਰਸੂ. 10:6.
b “ਕੁਰਨੇਲੀਅਸ ਅਤੇ ਰੋਮੀ ਫ਼ੌਜ” ਨਾਂ ਦੀ ਡੱਬੀ ਦੇਖੋ।
c “ਬੱਚਿਆਂ ਦੀ ਪਰਵਰਿਸ਼ ਵਾਸਤੇ ਭਰੋਸੇਯੋਗ ਸਲਾਹ” ਨਾਂ ਦਾ ਲੇਖ 1 ਨਵੰਬਰ 2006 ਦੇ ਪਹਿਰਾਬੁਰਜ ਦੇ ਸਫ਼ੇ 4-7 ʼਤੇ ਛਪਿਆ ਸੀ।
d “ਸੀਰੀਆ ਦਾ ਸ਼ਹਿਰ ਅੰਤਾਕੀਆ” ਨਾਂ ਦੀ ਡੱਬੀ ਦੇਖੋ।
e ਯਹੂਦੀ ਇਤਿਹਾਸਕਾਰ ਜੋਸੀਫ਼ਸ ਸਮਰਾਟ ਕਲੋਡੀਉਸ ਦੇ ਰਾਜ ਦੌਰਾਨ (41-54 ਈਸਵੀ) ਪਏ ਇਸ ‘ਵੱਡੇ ਕਾਲ਼’ ਦਾ ਜ਼ਿਕਰ ਕਰਦਾ ਹੈ।