ਅਧਿਆਇ 17
‘ਉਸ ਨੇ ਧਰਮ-ਗ੍ਰੰਥ ਵਿੱਚੋਂ ਦਲੀਲਾਂ ਦੇ ਕੇ ਚਰਚਾ ਕੀਤੀ’
ਅਸਰਕਾਰੀ ਤਰੀਕੇ ਨਾਲ ਸਿੱਖਿਆ ਦੇਣ ਦਾ ਆਧਾਰ; ਬਰੀਆ ਦੇ ਲੋਕਾਂ ਦੀ ਚੰਗੀ ਮਿਸਾਲ
ਰਸੂਲਾਂ ਦੇ ਕੰਮ 17:1-15 ਵਿੱਚੋਂ
1, 2. ਫ਼ਿਲਿੱਪੈ ਤੋਂ ਥੱਸਲੁਨੀਕਾ ਕੌਣ ਜਾ ਰਹੇ ਸਨ ਅਤੇ ਉਹ ਆਪਣੇ ਮਨਾਂ ਵਿਚ ਸ਼ਾਇਦ ਕੀ ਸੋਚ ਰਹੇ ਸਨ?
ਰੋਮ ਦੇ ਮਾਹਰ ਇੰਜੀਨੀਅਰਾਂ ਦੁਆਰਾ ਬਣਾਈ ਵੱਡੇ-ਵੱਡੇ ਸਪਾਟ ਪੱਥਰਾਂ ਦੀ ਪੱਕੀ ਸੜਕ ਉੱਚੇ-ਨੀਵੇਂ ਪਹਾੜਾਂ ਵਿੱਚੋਂ ਦੀ ਲੰਘਦੀ ਹੈ। ਸੜਕ ਉੱਤੋਂ ਦੀ ਲੰਘ ਰਹੇ ਰਥਾਂ ਦੇ ਚੱਕਿਆਂ ਦੀ ਖੜ-ਖੜ, ਗਧਿਆਂ ਦੇ ਹੀਂਗਣ, ਆਉਂਦੇ-ਜਾਂਦੇ ਲੋਕਾਂ ਅਤੇ ਸਿਪਾਹੀਆਂ, ਵਪਾਰੀਆਂ ਅਤੇ ਕਾਰੀਗਰਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਪੌਲੁਸ, ਸੀਲਾਸ ਅਤੇ ਤਿਮੋਥਿਉਸ ਇਸ ਰਾਹ ਥਾਣੀਂ 130 ਕਿਲੋਮੀਟਰ (80 ਤੋਂ ਜ਼ਿਆਦਾ ਮੀਲ) ਤੁਰ ਕੇ ਫ਼ਿਲਿੱਪੈ ਤੋਂ ਥੱਸਲੁਨੀਕਾ ਜਾ ਰਹੇ ਹਨ। ਪੌਲੁਸ ਅਤੇ ਸੀਲਾਸ ਲਈ ਇਹ ਸਫ਼ਰ ਇੰਨਾ ਸੌਖਾ ਨਹੀਂ ਹੈ। ਫ਼ਿਲਿੱਪੈ ਵਿਚ ਪਈ ਡੰਡਿਆਂ ਦੀ ਮਾਰ ਦੇ ਜ਼ਖ਼ਮ ਹਾਲੇ ਵੀ ਹਰੇ ਹਨ।—ਰਸੂ. 16:22, 23.
2 ਇਹ ਭਰਾ ਇੰਨਾ ਲੰਬਾ ਸਫ਼ਰ ਕਿਵੇਂ ਕੱਟਦੇ ਹਨ? ਉਹ ਰਾਹ ਵਿਚ ਗੱਲਾਂ-ਬਾਤਾਂ ਕਰਦੇ ਜਾਂਦੇ ਹਨ। ਉਨ੍ਹਾਂ ਦੇ ਮਨਾਂ ਵਿਚ ਫ਼ਿਲਿੱਪੈ ਦੇ ਜੇਲ੍ਹਰ ਅਤੇ ਉਸ ਦੇ ਪਰਿਵਾਰ ਦੇ ਮਸੀਹੀ ਬਣਨ ਦਾ ਤਜਰਬਾ ਹਾਲੇ ਵੀ ਤਾਜ਼ਾ ਹੈ। ਇਸ ਤਜਰਬੇ ਕਾਰਨ ਉਨ੍ਹਾਂ ਦਾ ਪਰਮੇਸ਼ੁਰ ਦੇ ਬਚਨ ਦਾ ਐਲਾਨ ਕਰਦੇ ਰਹਿਣ ਦਾ ਇਰਾਦਾ ਹੋਰ ਵੀ ਪੱਕਾ ਹੋ ਗਿਆ ਹੈ। ਪਰ ਜਿਉਂ-ਜਿਉਂ ਉਹ ਸਮੁੰਦਰੀ ਤਟ ਉੱਤੇ ਸਥਿਤ ਥੱਸਲੁਨੀਕਾ ਸ਼ਹਿਰ ਨੇੜੇ ਆ ਰਹੇ ਹਨ, ਉਹ ਸ਼ਾਇਦ ਸੋਚ ਰਹੇ ਹਨ ਕਿ ਉੱਥੇ ਦੇ ਲੋਕ ਉਨ੍ਹਾਂ ਨਾਲ ਕਿਹੋ ਜਿਹਾ ਸਲੂਕ ਕਰਨਗੇ। ਕੀ ਉਹ ਉਨ੍ਹਾਂ ʼਤੇ ਹਮਲਾ ਕਰਨਗੇ, ਇੱਥੋਂ ਤਕ ਕਿ ਫ਼ਿਲਿੱਪੈ ਦੇ ਲੋਕਾਂ ਵਾਂਗ ਉਨ੍ਹਾਂ ਨੂੰ ਮਾਰਨ-ਕੁੱਟਣਗੇ?
3. ਪ੍ਰਚਾਰ ਕਰਨ ਲਈ ਦਲੇਰ ਹੋਣ ਵਾਸਤੇ ਅੱਜ ਪੌਲੁਸ ਦੀ ਮਿਸਾਲ ਸਾਡੀ ਕਿਵੇਂ ਮਦਦ ਕਰ ਸਕਦੀ ਹੈ?
3 ਪੌਲੁਸ ਨੇ ਆਪਣੀਆਂ ਇਨ੍ਹਾਂ ਭਾਵਨਾਵਾਂ ਬਾਰੇ ਬਾਅਦ ਵਿਚ ਥੱਸਲੁਨੀਕਾ ਦੇ ਮਸੀਹੀਆਂ ਨੂੰ ਚਿੱਠੀ ਵਿਚ ਲਿਖਿਆ: “ਜਿਵੇਂ ਤੁਸੀਂ ਜਾਣਦੇ ਹੋ, ਅਸੀਂ ਪਹਿਲਾਂ ਫ਼ਿਲਿੱਪੈ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਅਤੇ ਸਾਨੂੰ ਬੇਇੱਜ਼ਤ ਕੀਤਾ ਗਿਆ, ਫਿਰ ਵੀ ਅਸੀਂ ਪਰਮੇਸ਼ੁਰ ਦੀ ਮਦਦ ਨਾਲ ਦਲੇਰ ਹੋ ਕੇ ਸਖ਼ਤ ਵਿਰੋਧ ਦੇ ਬਾਵਜੂਦ ਤੁਹਾਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਈ।” (1 ਥੱਸ. 2:2) ਲੱਗਦਾ ਹੈ ਕਿ ਪੌਲੁਸ ਕਹਿ ਰਿਹਾ ਸੀ ਕਿ ਫ਼ਿਲਿੱਪੈ ਵਿਚ ਪਈ ਮਾਰ ਕਾਰਨ ਉਹ ਥੱਸਲੁਨੀਕਾ ਸ਼ਹਿਰ ਵਿਚ ਆਉਣ ਤੋਂ ਘਬਰਾ ਰਿਹਾ ਸੀ। ਕੀ ਤੁਸੀਂ ਉਸ ਦੇ ਜਜ਼ਬਾਤਾਂ ਨੂੰ ਸਮਝ ਸਕਦੇ ਹੋ? ਕੀ ਤੁਸੀਂ ਵੀ ਕਦੀ-ਕਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੋਂ ਘਬਰਾਉਂਦੇ ਹੋ? ਪੌਲੁਸ ਨੇ ਤਾਕਤ ਅਤੇ ਦਲੇਰੀ ਲਈ ਯਹੋਵਾਹ ਉੱਤੇ ਭਰੋਸਾ ਰੱਖਿਆ। ਉਸ ਦੀ ਮਿਸਾਲ ʼਤੇ ਧਿਆਨ ਨਾਲ ਗੌਰ ਕਰ ਕੇ ਤੁਸੀਂ ਵੀ ਯਹੋਵਾਹ ʼਤੇ ਇਸ ਗੱਲ ਦਾ ਭਰੋਸਾ ਕਰ ਸਕਦੇ ਹੋ।—1 ਕੁਰਿੰ. 4:16.
‘ਉਸ ਨੇ ਧਰਮ-ਗ੍ਰੰਥ ਵਿੱਚੋਂ ਦਲੀਲਾਂ ਦੇ ਕੇ ਚਰਚਾ ਕੀਤੀ’ (ਰਸੂ. 17:1-3)
4. ਇਹ ਕਿਉਂ ਸੰਭਵ ਹੈ ਕਿ ਪੌਲੁਸ ਥੱਸਲੁਨੀਕਾ ਵਿਚ ਤਿੰਨ ਹਫ਼ਤਿਆਂ ਨਾਲੋਂ ਜ਼ਿਆਦਾ ਸਮਾਂ ਰਿਹਾ ਸੀ?
4 ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਥੱਸਲੁਨੀਕਾ ਵਿਚ ਹੁੰਦਿਆਂ ਪੌਲੁਸ ਨੇ ਤਿੰਨ ਹਫ਼ਤੇ ਸਬਤ ਦੇ ਦਿਨ ਸਭਾ ਘਰ ਵਿਚ ਪ੍ਰਚਾਰ ਕੀਤਾ। ਕੀ ਇਸ ਦਾ ਮਤਲਬ ਹੈ ਕਿ ਉਹ ਉਸ ਸ਼ਹਿਰ ਵਿਚ ਸਿਰਫ਼ ਤਿੰਨ ਹਫ਼ਤੇ ਰਿਹਾ ਸੀ? ਜ਼ਰੂਰੀ ਨਹੀਂ। ਅਸੀਂ ਨਹੀਂ ਜਾਣਦੇ ਕਿ ਸ਼ਹਿਰ ਪਹੁੰਚਣ ਤੋਂ ਬਾਅਦ ਕਿੰਨੀ ਕੁ ਛੇਤੀ ਪੌਲੁਸ ਪਹਿਲੀ ਵਾਰ ਸਭਾ ਘਰ ਵਿਚ ਪ੍ਰਚਾਰ ਕਰਨ ਗਿਆ ਸੀ। ਨਾਲੇ ਪੌਲੁਸ ਦੀਆਂ ਚਿੱਠੀਆਂ ਤੋਂ ਪਤਾ ਲੱਗਦਾ ਹੈ ਕਿ ਥੱਸਲੁਨੀਕਾ ਵਿਚ ਹੁੰਦਿਆਂ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਆਪਣਾ ਗੁਜ਼ਾਰਾ ਤੋਰਨ ਲਈ ਕੰਮ ਕੀਤਾ ਸੀ। (1 ਥੱਸ. 2:9; 2 ਥੱਸ. 3:7, 8) ਇਸ ਤੋਂ ਇਲਾਵਾ, ਫ਼ਿਲਿੱਪੈ ਦੇ ਭਰਾਵਾਂ ਨੇ ਵੀ ਉਸ ਲਈ ਉੱਥੇ ਦੋ ਵਾਰ ਲੋੜੀਂਦੀਆਂ ਚੀਜ਼ਾਂ ਘੱਲੀਆਂ ਸਨ। (ਫ਼ਿਲਿ. 4:16) ਇਸ ਲਈ ਸੰਭਵ ਹੈ ਕਿ ਉਹ ਥੱਸਲੁਨੀਕਾ ਵਿਚ ਤਿੰਨ ਹਫ਼ਤਿਆਂ ਨਾਲੋਂ ਜ਼ਿਆਦਾ ਸਮਾਂ ਰਿਹਾ ਸੀ।
5. ਪੌਲੁਸ ਨੇ ਲੋਕਾਂ ਦੇ ਦਿਲਾਂ ਨੂੰ ਛੂਹਣ ਦੀ ਕਿਵੇਂ ਕੋਸ਼ਿਸ਼ ਕੀਤੀ?
5 ਪ੍ਰਚਾਰ ਕਰਨ ਲਈ ਹਿੰਮਤ ਜੁਟਾਉਣ ਤੋਂ ਬਾਅਦ ਪੌਲੁਸ ਨੇ ਸਭਾ ਘਰ ਵਿਚ ਇਕੱਠੇ ਹੋਏ ਲੋਕਾਂ ਨੂੰ ਪ੍ਰਚਾਰ ਕੀਤਾ। ਉਸ ਨੇ ਆਪਣੀ ਰੀਤ ਅਨੁਸਾਰ “ਧਰਮ-ਗ੍ਰੰਥ ਵਿੱਚੋਂ ਦਲੀਲਾਂ ਦੇ ਕੇ ਚਰਚਾ ਕੀਤੀ ਅਤੇ ਹਵਾਲੇ ਦੇ ਦੇ ਕੇ ਉਨ੍ਹਾਂ ਨੂੰ ਸਮਝਾਇਆ ਤੇ ਸਾਬਤ ਕੀਤਾ ਕਿ ਮਸੀਹ ਲਈ ਦੁੱਖ ਝੱਲਣਾ ਅਤੇ ਮਰੇ ਹੋਇਆਂ ਵਿੱਚੋਂ ਜੀਉਂਦਾ ਹੋਣਾ ਜ਼ਰੂਰੀ ਸੀ ਅਤੇ ਉਸ ਨੇ ਇਹ ਵੀ ਕਿਹਾ: ‘ਯਿਸੂ ਹੀ ਮਸੀਹ ਹੈ ਜਿਸ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਹਾਂ।’” (ਰਸੂ. 17:2, 3) ਧਿਆਨ ਦਿਓ ਕਿ ਪੌਲੁਸ ਨੇ ਆਪਣੀਆਂ ਗੱਲਾਂ ਨਾਲ ਉਨ੍ਹਾਂ ਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਉਨ੍ਹਾਂ ਨੂੰ ਆਪਣੀਆਂ ਦਲੀਲਾਂ ਨਾਲ ਸੋਚਣ ਲਈ ਮਜਬੂਰ ਕੀਤਾ। ਉਹ ਜਾਣਦਾ ਸੀ ਕਿ ਸਭਾ ਘਰ ਵਿਚ ਇਕੱਠੇ ਹੋਏ ਲੋਕਾਂ ਨੂੰ ਧਰਮ-ਗ੍ਰੰਥ ਦਾ ਗਿਆਨ ਸੀ ਤੇ ਉਹ ਇਸ ਦਾ ਆਦਰ ਕਰਦੇ ਸਨ। ਪਰ ਉਨ੍ਹਾਂ ਨੂੰ ਇਸ ਦੀ ਸਮਝ ਨਹੀਂ ਸੀ। ਇਸ ਲਈ ਪੌਲੁਸ ਨੇ ਧਰਮ-ਗ੍ਰੰਥ ਵਿੱਚੋਂ ਉਨ੍ਹਾਂ ਨਾਲ ਚਰਚਾ ਕਰ ਕੇ ਸਮਝਾਇਆ ਤੇ ਸਾਬਤ ਕੀਤਾ ਕਿ ਨਾਸਰਤ ਦਾ ਯਿਸੂ ਹੀ ਵਾਅਦਾ ਕੀਤਾ ਹੋਇਆ ਮਸੀਹ ਸੀ।
6. ਯਿਸੂ ਨੇ ਧਰਮ-ਗ੍ਰੰਥ ਵਿੱਚੋਂ ਕਿਵੇਂ ਚਰਚਾ ਕੀਤੀ ਸੀ ਅਤੇ ਇਸ ਦਾ ਨਤੀਜਾ ਕੀ ਨਿਕਲਿਆ?
6 ਪੌਲੁਸ ਨੇ ਧਰਮ-ਗ੍ਰੰਥ ਵਿੱਚੋਂ ਸਿੱਖਿਆ ਦੇਣ ਦੇ ਮਾਮਲੇ ਵਿਚ ਯਿਸੂ ਦੀ ਰੀਸ ਕੀਤੀ ਸੀ। ਮਿਸਾਲ ਲਈ, ਆਪਣੀ ਸੇਵਕਾਈ ਦੌਰਾਨ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ ਕਿ ਧਰਮ-ਗ੍ਰੰਥ ਮੁਤਾਬਕ ਮਨੁੱਖ ਦੇ ਪੁੱਤਰ ਨੂੰ ਦੁੱਖ ਝੱਲਣੇ ਪੈਣਗੇ, ਮਰਨਾ ਪਵੇਗਾ ਅਤੇ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। (ਮੱਤੀ 16:21) ਯਿਸੂ ਜੀਉਂਦਾ ਹੋਣ ਤੋਂ ਬਾਅਦ ਆਪਣੇ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ ਸੀ। ਇਸ ਤੋਂ ਉਨ੍ਹਾਂ ਨੂੰ ਵਿਸ਼ਵਾਸ ਹੋ ਜਾਣਾ ਚਾਹੀਦਾ ਸੀ ਕਿ ਯਿਸੂ ਨੇ ਉਨ੍ਹਾਂ ਨੂੰ ਸੱਚ ਦੱਸਿਆ ਸੀ। ਪਰ ਯਿਸੂ ਨੇ ਉਨ੍ਹਾਂ ਨੂੰ ਹੋਰ ਵੀ ਸਬੂਤ ਦਿੱਤੇ। ਦੋ ਚੇਲਿਆਂ ਨੂੰ ਉਸ ਨੇ ਜੋ ਗੱਲਾਂ ਦੱਸੀਆਂ ਸਨ, ਉਨ੍ਹਾਂ ਬਾਰੇ ਅਸੀਂ ਪੜ੍ਹਦੇ ਹਾਂ: “ਉਸ ਨੇ ਉਨ੍ਹਾਂ ਨੂੰ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਸਾਰੀਆਂ ਲਿਖਤਾਂ ਤੋਂ ਸ਼ੁਰੂ ਕਰ ਕੇ ਪੂਰੇ ਧਰਮ-ਗ੍ਰੰਥ ਵਿਚ ਉਸ ਬਾਰੇ ਲਿਖੀਆਂ ਗੱਲਾਂ ਦਾ ਮਤਲਬ ਸਮਝਾਇਆ।” ਇਸ ਦਾ ਨਤੀਜਾ ਕੀ ਨਿਕਲਿਆ? ਚੇਲਿਆਂ ਨੇ ਖ਼ੁਸ਼ੀ ਦੇ ਮਾਰੇ ਕਿਹਾ: “ਜਦੋਂ ਉਹ ਰਾਹ ਵਿਚ ਸਾਨੂੰ ਧਰਮ-ਗ੍ਰੰਥ ਵਿਚ ਲਿਖੀਆਂ ਗੱਲਾਂ ਖੋਲ੍ਹ ਕੇ ਸਮਝਾ ਰਿਹਾ ਸੀ, ਤਾਂ ਕੀ ਸਾਡੇ ਦਿਲ ਜੋਸ਼ ਨਾਲ ਨਹੀਂ ਭਰ ਰਹੇ ਸਨ?”—ਲੂਕਾ 24:13, 27, 32.
7. ਬਾਈਬਲ ਦੇ ਆਧਾਰ ʼਤੇ ਸਿੱਖਿਆ ਦੇਣੀ ਕਿਉਂ ਜ਼ਰੂਰੀ ਹੈ?
7 ਪਰਮੇਸ਼ੁਰ ਦੇ ਬਚਨ ਵਿਚ ਪਾਇਆ ਜਾਂਦਾ ਸੰਦੇਸ਼ ਬਹੁਤ ਪ੍ਰਭਾਵਸ਼ਾਲੀ ਹੈ। (ਇਬ. 4:12) ਇਸ ਲਈ ਸਿੱਖਿਆ ਦੇਣ ਵੇਲੇ ਮਸੀਹੀ ਪਰਮੇਸ਼ੁਰ ਦਾ ਬਚਨ ਇਸਤੇਮਾਲ ਕਰਦੇ ਹਨ ਜਿਵੇਂ ਯਿਸੂ, ਪੌਲੁਸ ਅਤੇ ਹੋਰ ਰਸੂਲਾਂ ਨੇ ਕੀਤਾ ਸੀ। ਅਸੀਂ ਵੀ ਦਲੀਲਾਂ ਦੇ ਕੇ ਲੋਕਾਂ ਨਾਲ ਚਰਚਾ ਕਰਦੇ ਹਾਂ, ਹਵਾਲਿਆਂ ਦਾ ਮਤਲਬ ਸਮਝਾਉਂਦੇ ਹਾਂ ਅਤੇ ਅਸੀਂ ਜੋ ਵੀ ਸਿੱਖਿਆ ਦਿੰਦੇ ਹਾਂ, ਉਸ ਬਾਰੇ ਬਾਈਬਲ ਵਿੱਚੋਂ ਪੜ੍ਹ ਕੇ ਦਿਖਾਉਂਦੇ ਹਾਂ। ਸਾਨੂੰ ਪਤਾ ਹੈ ਕਿ ਅਸੀਂ ਆਪਣਾ ਸੰਦੇਸ਼ ਨਹੀਂ ਦਿੰਦੇ। ਇਸ ਲਈ, ਅਸੀਂ ਵਾਰ-ਵਾਰ ਬਾਈਬਲ ਵਰਤ ਕੇ ਲੋਕਾਂ ਦੀ ਇਹ ਸਮਝਣ ਵਿਚ ਮਦਦ ਕਰਦੇ ਹਾਂ ਕਿ ਅਸੀਂ ਆਪਣੇ ਖ਼ਿਆਲ ਨਹੀਂ ਦੱਸਦੇ, ਸਗੋਂ ਪਰਮੇਸ਼ੁਰ ਦੀਆਂ ਸਿੱਖਿਆਵਾਂ ਦਿੰਦੇ ਹਾਂ। ਇਸ ਤੋਂ ਇਲਾਵਾ, ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਸੰਦੇਸ਼ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਬਚਨ ਉੱਤੇ ਆਧਾਰਿਤ ਹੈ ਜਿਸ ਕਰਕੇ ਇਹ ਪੂਰੇ ਭਰੋਸੇ ਦੇ ਲਾਇਕ ਹੈ। ਕੀ ਇਹ ਜਾਣ ਕੇ ਸਾਨੂੰ ਪੌਲੁਸ ਵਾਂਗ ਦਲੇਰੀ ਨਾਲ ਸੰਦੇਸ਼ ਸੁਣਾਉਣ ਦੀ ਹਿੰਮਤ ਨਹੀਂ ਮਿਲਦੀ?
‘ਕੁਝ ਯਿਸੂ ਉੱਤੇ ਨਿਹਚਾ ਕਰਨ ਲੱਗ ਪਏ’ (ਰਸੂ. 17:4-9)
8-10. (ੳ) ਥੱਸਲੁਨੀਕਾ ਦੇ ਲੋਕਾਂ ਨੇ ਖ਼ੁਸ਼ ਖ਼ਬਰੀ ਪ੍ਰਤੀ ਕਿਹੋ ਜਿਹਾ ਹੁੰਗਾਰਾ ਭਰਿਆ? (ਅ) ਕੁਝ ਯਹੂਦੀ ਪੌਲੁਸ ਨਾਲ ਈਰਖਾ ਕਿਉਂ ਕਰਦੇ ਸਨ? (ੲ) ਯਹੂਦੀ ਵਿਰੋਧੀਆਂ ਨੇ ਕੀ ਕੀਤਾ?
8 ਪੌਲੁਸ ਨੇ ਆਪਣੇ ਉੱਤੇ ਯਿਸੂ ਦੇ ਇਹ ਸ਼ਬਦ ਪੂਰੇ ਹੁੰਦੇ ਦੇਖੇ ਸਨ: “ਗ਼ੁਲਾਮ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ। ਜੇ ਲੋਕਾਂ ਨੇ ਮੇਰੇ ਉੱਤੇ ਅਤਿਆਚਾਰ ਕੀਤੇ ਹਨ, ਤਾਂ ਉਹ ਤੁਹਾਡੇ ਉੱਤੇ ਵੀ ਅਤਿਆਚਾਰ ਕਰਨਗੇ; ਜੇ ਉਨ੍ਹਾਂ ਨੇ ਮੇਰੀ ਗੱਲ ਮੰਨੀ ਹੈ, ਤਾਂ ਉਹ ਤੁਹਾਡੀ ਗੱਲ ਵੀ ਮੰਨਣਗੇ।” (ਯੂਹੰ. 15:20) ਥੱਸਲੁਨੀਕਾ ਵਿਚ ਪੌਲੁਸ ਨਾਲ ਇਸੇ ਤਰ੍ਹਾਂ ਹੋਇਆ ਸੀ। ਕੁਝ ਲੋਕਾਂ ਨੇ ਪੌਲੁਸ ਦੀ ਗੱਲ ਸੁਣ ਕੇ ਬੜੇ ਉਤਸ਼ਾਹ ਨਾਲ ਬਚਨ ਨੂੰ ਕਬੂਲ ਕਰ ਲਿਆ ਸੀ ਅਤੇ ਹੋਰਨਾਂ ਨੇ ਇਸ ਨੂੰ ਠੁਕਰਾ ਦਿੱਤਾ ਸੀ। ਜਿਨ੍ਹਾਂ ਨੇ ਬਚਨ ਨੂੰ ਕਬੂਲ ਕੀਤਾ ਸੀ, ਉਨ੍ਹਾਂ ਬਾਰੇ ਲੂਕਾ ਲਿਖਦਾ ਹੈ: “ਕੁਝ ਯਹੂਦੀ ਯਿਸੂ ਉੱਤੇ ਨਿਹਚਾ ਕਰਨ ਲੱਗ ਪਏ ਅਤੇ ਪੌਲੁਸ ਤੇ ਸੀਲਾਸ ਨਾਲ ਰਲ਼ ਗਏ ਅਤੇ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਬਹੁਤ ਸਾਰੇ ਯੂਨਾਨੀ ਅਤੇ ਕਈ ਮੰਨੀਆਂ-ਪ੍ਰਮੰਨੀਆਂ ਤੀਵੀਆਂ ਵੀ ਨਿਹਚਾ ਕਰਨ ਲੱਗ ਪਈਆਂ।” (ਰਸੂ. 17:4) ਇਹ ਨਵੇਂ ਚੇਲੇ ਬਹੁਤ ਖ਼ੁਸ਼ ਹੋਏ ਕਿ ਉਨ੍ਹਾਂ ਨੂੰ ਧਰਮ-ਗ੍ਰੰਥ ਦੀਆਂ ਗੱਲਾਂ ਖੋਲ੍ਹ ਕੇ ਸਮਝਾਈਆਂ ਗਈਆਂ ਸਨ।
9 ਹਾਲਾਂਕਿ ਕੁਝ ਲੋਕਾਂ ਨੇ ਪੌਲੁਸ ਦੀਆਂ ਗੱਲਾਂ ਦੀ ਕਦਰ ਕੀਤੀ, ਪਰ ਕਈ ਗੁੱਸੇ ਵਿਚ ਦੰਦ ਪੀਹਣ ਲੱਗ ਪਏ। ਥੱਸਲੁਨੀਕਾ ਦੇ ਕੁਝ ਯਹੂਦੀ ਇਸ ਗੱਲੋਂ ਈਰਖਾ ਦੀ ਅੱਗ ਵਿਚ ਸੜ-ਬਲ਼ ਗਏ ਕਿ ਪੌਲੁਸ ਨੇ ‘ਬਹੁਤ ਸਾਰੇ ਯੂਨਾਨੀਆਂ’ ਦੇ ਦਿਲਾਂ ਨੂੰ ਜਿੱਤ ਲਿਆ ਸੀ। ਉਹ ਯਹੂਦੀ ਹੋਰ ਕੌਮਾਂ ਦੇ ਲੋਕਾਂ ਨੂੰ ਯਹੂਦੀ ਧਰਮ ਵਿਚ ਲਿਆਉਣ ਵਿਚ ਲੱਗੇ ਹੋਏ ਸਨ। ਉਨ੍ਹਾਂ ਨੇ ਇਨ੍ਹਾਂ ਯੂਨਾਨੀ ਲੋਕਾਂ ਨੂੰ ਇਬਰਾਨੀ ਧਰਮ-ਗ੍ਰੰਥ ਦੀ ਸਿੱਖਿਆ ਦਿੱਤੀ ਸੀ ਅਤੇ ਉਹ ਇਨ੍ਹਾਂ ਨੂੰ ਆਪਣੀ ਅਮਾਨਤ ਸਮਝਦੇ ਸਨ। ਉਨ੍ਹਾਂ ਨੂੰ ਲੱਗਾ ਕਿ ਪੌਲੁਸ ਉਨ੍ਹਾਂ ਯੂਨਾਨੀਆਂ ਨੂੰ ਆਪਣੇ ਪਿੱਛੇ ਲਾ ਰਿਹਾ ਸੀ ਤੇ ਉਹ ਵੀ ਉਨ੍ਹਾਂ ਦੇ ਸਭਾ ਘਰ ਵਿਚ। ਇਹ ਦੇਖ ਕੇ ਯਹੂਦੀਆਂ ਦਾ ਖ਼ੂਨ ਖੌਲ ਉੱਠਿਆ!
10 ਲੂਕਾ ਦੱਸਦਾ ਹੈ ਕਿ ਅੱਗੇ ਕੀ ਹੋਇਆ: “ਇਹ ਦੇਖ ਕੇ ਯਹੂਦੀ ਸੜ-ਬਲ਼ ਗਏ ਅਤੇ ਉਨ੍ਹਾਂ ਨੇ ਬਾਜ਼ਾਰ ਵਿਚ ਆਵਾਰਾ ਘੁੰਮਣ ਵਾਲੇ ਦੁਸ਼ਟ ਬੰਦਿਆਂ ਦੀ ਭੀੜ ਇਕੱਠੀ ਕਰ ਲਈ ਅਤੇ ਉਨ੍ਹਾਂ ਨੇ ਰਲ਼ ਕੇ ਸ਼ਹਿਰ ਵਿਚ ਹਲਚਲ ਮਚਾ ਦਿੱਤੀ। ਉਹ ਪੌਲੁਸ ਅਤੇ ਸੀਲਾਸ ਦੀ ਤਲਾਸ਼ ਵਿਚ ਸਨ ਤਾਂਕਿ ਉਨ੍ਹਾਂ ਨੂੰ ਫੜ ਕੇ ਭੀੜ ਦੇ ਹਵਾਲੇ ਕਰ ਦੇਣ। ਇਸ ਲਈ ਉਨ੍ਹਾਂ ਨੇ ਯਸੋਨ ਦੇ ਘਰ ʼਤੇ ਹਮਲਾ ਕਰ ਦਿੱਤਾ। ਜਦੋਂ [ਪੌਲੁਸ ਅਤੇ ਸੀਲਾਸ] ਨਾ ਲੱਭੇ, ਤਾਂ ਉਹ ਯਸੋਨ ਤੇ ਕੁਝ ਹੋਰ ਭਰਾਵਾਂ ਨੂੰ ਘਸੀਟ ਕੇ ਸ਼ਹਿਰ ਦੇ ਅਧਿਕਾਰੀਆਂ ਕੋਲ ਲੈ ਗਏ ਅਤੇ ਉੱਚੀ-ਉੱਚੀ ਕਹਿਣ ਲੱਗੇ: ‘ਜਿਨ੍ਹਾਂ ਆਦਮੀਆਂ ਨੇ ਸਾਰੀ ਦੁਨੀਆਂ ਵਿਚ ਉਥਲ-ਪੁਥਲ ਮਚਾਈ ਹੋਈ ਹੈ, ਉਹ ਇੱਥੇ ਵੀ ਆ ਗਏ ਹਨ। ਯਸੋਨ ਨੇ ਉਨ੍ਹਾਂ ਨੂੰ ਆਪਣੇ ਘਰ ਮਹਿਮਾਨਾਂ ਵਜੋਂ ਠਹਿਰਾਇਆ ਹੋਇਆ ਹੈ। ਇਹ ਸਾਰੇ ਆਦਮੀ ਸਮਰਾਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਕਹਿ ਰਹੇ ਹਨ ਕਿ ਇਕ ਹੋਰ ਰਾਜਾ ਹੈ ਜਿਸ ਦਾ ਨਾਂ ਯਿਸੂ ਹੈ।’” (ਰਸੂ. 17:5-7) ਭੀੜ ਦੇ ਇਸ ਹਮਲੇ ਦਾ ਪੌਲੁਸ ਅਤੇ ਉਸ ਦੇ ਸਾਥੀਆਂ ਉੱਤੇ ਕੀ ਅਸਰ ਪਵੇਗਾ?
11. ਪੌਲੁਸ ਅਤੇ ਉਸ ਦੇ ਸਾਥੀਆਂ ਉੱਤੇ ਕਿਹੜੇ ਇਲਜ਼ਾਮ ਲਾਏ ਗਏ ਸਨ ਅਤੇ ਇਲਜ਼ਾਮ ਲਾਉਣ ਵਾਲੇ ਲੋਕ ਕਿਹੜੇ ਹੁਕਮ ਦੀ ਗੱਲ ਕਰ ਰਹੇ ਸਨ? (ਫੁਟਨੋਟ ਦੇਖੋ।)
11 ਬੁਰੇ ਇਰਾਦੇ ਨਾਲ ਇਕੱਠੀ ਹੋਈ ਲੋਕਾਂ ਦੀ ਭੀੜ ਖ਼ਤਰਨਾਕ ਹੁੰਦੀ ਹੈ ਅਤੇ ਹਿੰਸਾ ਕਰਨ ਤੇ ਉਤਾਰੂ ਹੁੰਦੀ ਹੈ। ਇਹ ਨਦੀ ਦੇ ਤੇਜ਼ ਵਹਾਅ ਵਾਂਗ ਅੱਗੇ ਵਧਦੀ ਜਾਂਦੀ ਹੈ ਜਿਸ ਨੂੰ ਰੋਕਣਾ ਬੜਾ ਔਖਾ ਹੁੰਦਾ ਹੈ। ਯਹੂਦੀਆਂ ਨੇ ਪੌਲੁਸ ਅਤੇ ਸੀਲਾਸ ਨੂੰ ਖ਼ਤਮ ਕਰਨ ਲਈ ਇਹੀ ਹੱਥਕੰਡਾ ਵਰਤਿਆ ਸੀ। ਫਿਰ ਉਨ੍ਹਾਂ ਨੇ ਸ਼ਹਿਰ ਵਿਚ ‘ਹਲਚਲ ਮਚਾਉਣ’ ਤੋਂ ਬਾਅਦ ਅਧਿਕਾਰੀਆਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੇ ਲਾਏ ਇਲਜ਼ਾਮ ਗੰਭੀਰ ਸਨ। ਪਹਿਲਾ ਇਲਜ਼ਾਮ ਇਹ ਸੀ ਕਿ ਪੌਲੁਸ ਅਤੇ ਉਸ ਦੇ ਨਾਲ ਦੇ ਪ੍ਰਚਾਰਕਾਂ ਨੇ “ਸਾਰੀ ਦੁਨੀਆਂ ਵਿਚ ਉਥਲ-ਪੁਥਲ ਮਚਾਈ ਹੋਈ” ਸੀ, ਜਦ ਕਿ ਪੌਲੁਸ ਅਤੇ ਉਸ ਦੇ ਸਾਥੀਆਂ ਨੇ ਥੱਸਲੁਨੀਕਾ ਵਿਚ ਕੋਈ ਹਲਚਲ ਨਹੀਂ ਮਚਾਈ ਸੀ। ਦੂਸਰਾ ਇਲਜ਼ਾਮ ਇਸ ਤੋਂ ਵੀ ਜ਼ਿਆਦਾ ਗੰਭੀਰ ਸੀ। ਉਹ ਯਹੂਦੀ ਕਹਿੰਦੇ ਸਨ ਕਿ ਇਹ ਬੰਦੇ ਇਕ ਹੋਰ ਰਾਜੇ ਯਿਸੂ ਦਾ ਪ੍ਰਚਾਰ ਕਰ ਕੇ ਸਮਰਾਟ ਦੇ ਹੁਕਮ ਦੀ ਉਲੰਘਣਾ ਕਰ ਰਹੇ ਸਨ।a
12. ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਥੱਸਲੁਨੀਕਾ ਵਿਚ ਮਸੀਹੀਆਂ ਉੱਤੇ ਲਾਏ ਇਲਜ਼ਾਮਾਂ ਦੇ ਗੰਭੀਰ ਨਤੀਜੇ ਨਿਕਲ ਸਕਦੇ ਸਨ?
12 ਯਾਦ ਕਰੋ, ਧਾਰਮਿਕ ਆਗੂਆਂ ਨੇ ਯਿਸੂ ਉੱਤੇ ਇਸੇ ਤਰ੍ਹਾਂ ਦਾ ਇਲਜ਼ਾਮ ਲਾਇਆ ਸੀ। ਉਨ੍ਹਾਂ ਨੇ ਪਿਲਾਤੁਸ ਨੂੰ ਕਿਹਾ ਸੀ: “ਇਹ ਬੰਦਾ ਸਾਡੀ ਕੌਮ ਨੂੰ ਬਗਾਵਤ ਕਰਨ ਲਈ ਭੜਕਾਉਂਦਾ ਹੈ, . . . ਅਤੇ ਆਪਣੇ ਆਪ ਨੂੰ ਮਸੀਹ ਤੇ ਰਾਜਾ ਕਹਿੰਦਾ ਹੈ। ਅਸੀਂ ਆਪ ਇਸ ਨੂੰ ਇਸ ਤਰ੍ਹਾਂ ਕਰਦਿਆਂ ਫੜਿਆ ਹੈ।” (ਲੂਕਾ 23:2) ਪਿਲਾਤੁਸ ਨੂੰ ਡਰ ਸੀ ਕਿ ਜੇ ਉਹ ਯਿਸੂ ਨੂੰ ਛੱਡ ਦੇਵੇ, ਤਾਂ ਸ਼ਾਇਦ ਸਮਰਾਟ ਨੂੰ ਲੱਗੇ ਕਿ ਪਿਲਾਤੁਸ ਨੇ ਇਸ ਬਗਾਵਤ ਨੂੰ ਨਜ਼ਰਅੰਦਾਜ਼ ਕੀਤਾ ਸੀ। ਇਸ ਲਈ ਉਸ ਨੇ ਯਿਸੂ ਨੂੰ ਸੂਲ਼ੀ ʼਤੇ ਟੰਗਣ ਲਈ ਯਹੂਦੀਆਂ ਦੇ ਹਵਾਲੇ ਕਰ ਦਿੱਤਾ। ਇਸੇ ਤਰ੍ਹਾਂ ਥੱਸਲੁਨੀਕਾ ਵਿਚ ਮਸੀਹੀਆਂ ਉੱਤੇ ਲਾਏ ਇਲਜ਼ਾਮਾਂ ਦੇ ਗੰਭੀਰ ਨਤੀਜੇ ਨਿਕਲ ਸਕਦੇ ਸਨ। ਇਕ ਕਿਤਾਬ ਦੱਸਦੀ ਹੈ: “ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਉਹ ਮਸੀਹੀ ਕਿੰਨੇ ਵੱਡੇ ਖ਼ਤਰੇ ਵਿਚ ਸਨ ਕਿਉਂਕਿ ‘ਕਿਸੇ ਉੱਤੇ ਸਮਰਾਟ ਖ਼ਿਲਾਫ਼ ਬਗਾਵਤ ਕਰਨ ਦਾ ਦੋਸ਼ ਲੱਗਣਾ ਹੀ ਅਕਸਰ ਜਾਨਲੇਵਾ ਸਾਬਤ ਹੁੰਦਾ ਸੀ।’” ਕੀ ਉਨ੍ਹਾਂ ਯਹੂਦੀਆਂ ਦਾ ਇਹ ਹਮਲਾ ਕਾਮਯਾਬ ਹੋਵੇਗਾ?
13, 14. (ੳ) ਭੀੜ ਪ੍ਰਚਾਰ ਦੇ ਕੰਮ ਨੂੰ ਬੰਦ ਕਿਉਂ ਨਹੀਂ ਕਰਾ ਸਕੀ? (ਅ) ਪੌਲੁਸ ਯਿਸੂ ਮਸੀਹ ਵਾਂਗ ਸਾਵਧਾਨ ਕਿਵੇਂ ਰਿਹਾ ਅਤੇ ਅਸੀਂ ਉਸ ਦੀ ਮਿਸਾਲ ਉੱਤੇ ਕਿਵੇਂ ਚੱਲ ਸਕਦੇ ਹਾਂ?
13 ਭੀੜ ਥੱਸਲੁਨੀਕਾ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਨੂੰ ਬੰਦ ਨਹੀਂ ਕਰਾ ਸਕੀ। ਕਿਉਂ? ਇਕ ਤਾਂ ਪੌਲੁਸ ਤੇ ਸੀਲਾਸ ਉਨ੍ਹਾਂ ਦੇ ਹੱਥ ਨਹੀਂ ਲੱਗੇ। ਇਸ ਤੋਂ ਇਲਾਵਾ, ਸ਼ਹਿਰ ਦੇ ਅਧਿਕਾਰੀਆਂ ਨੂੰ ਯਕੀਨ ਨਹੀਂ ਹੋਇਆ ਕਿ ਉਨ੍ਹਾਂ ʼਤੇ ਲਾਏ ਇਲਜ਼ਾਮ ਸਹੀ ਸਨ। ਅਧਿਕਾਰੀਆਂ ਨੇ “ਜ਼ਮਾਨਤ ਦੇ ਤੌਰ ਤੇ ਬਹੁਤ ਸਾਰਾ ਪੈਸਾ ਲੈ ਕੇ” ਯਸੋਨ ਅਤੇ ਹੋਰ ਭਰਾਵਾਂ ਨੂੰ ਛੱਡ ਦਿੱਤਾ। (ਰਸੂ. 17:8, 9) ਪੌਲੁਸ ਨੇ ਯਿਸੂ ਦੀ ਇਹ ਸਲਾਹ ਮੰਨੀ: “ਤੁਸੀਂ ਸੱਪਾਂ ਵਾਂਗ ਸਾਵਧਾਨ ਰਹੋ ਅਤੇ ਕਬੂਤਰਾਂ ਵਾਂਗ ਮਾਸੂਮ ਬਣੋ।” (ਮੱਤੀ 10:16) ਇਸ ਤਰ੍ਹਾਂ ਪੌਲੁਸ ਨੇ ਸਮਝ ਤੋਂ ਕੰਮ ਲੈ ਕੇ ਆਪਣੀ ਜਾਨ ਖ਼ਤਰੇ ਵਿਚ ਨਹੀਂ ਪਾਈ ਤਾਂਕਿ ਉਹ ਕਿਤੇ ਹੋਰ ਜਾ ਕੇ ਪ੍ਰਚਾਰ ਕਰਦਾ ਰਹੇ। ਇਸ ਤੋਂ ਜ਼ਾਹਰ ਹੈ ਕਿ ਪੌਲੁਸ ਦੇ ਦਲੇਰ ਹੋਣ ਦਾ ਇਹ ਮਤਲਬ ਨਹੀਂ ਸੀ ਕਿ ਉਹ ਆਪ ਜਾ ਕੇ ਮੁਸੀਬਤ ਮੁੱਲ ਲੈਂਦਾ ਸੀ। ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?
14 ਅੱਜ ਵੀ ਈਸਾਈ-ਜਗਤ ਦੇ ਪਾਦਰੀ ਭੀੜਾਂ ਇਕੱਠੀਆਂ ਕਰ ਕੇ ਉਨ੍ਹਾਂ ਨੂੰ ਯਹੋਵਾਹ ਦੇ ਗਵਾਹਾਂ ਦੇ ਖ਼ਿਲਾਫ਼ ਭੜਕਾਉਂਦੇ ਹਨ। ਉਹ ਗਵਾਹਾਂ ਉੱਤੇ ਬਗਾਵਤ ਦਾ ਦੋਸ਼ ਲਾ ਕੇ ਹਾਕਮਾਂ ਨੂੰ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਉਕਸਾਉਂਦੇ ਹਨ। ਪਹਿਲੀ ਸਦੀ ਵਾਂਗ ਸਾਡੇ ਵਿਰੋਧੀ ਈਰਖਾ ਦੇ ਕਾਰਨ ਸਾਡੇ ʼਤੇ ਅਤਿਆਚਾਰ ਕਰਦੇ ਹਨ। ਪਰ ਸੱਚੇ ਮਸੀਹੀ ਕਿਸੇ ਮੁਸੀਬਤ ਵਿਚ ਪੈਣ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਜਿੱਥੋਂ ਤਕ ਹੋ ਸਕੇ, ਅਸੀਂ ਗੁੱਸੇ ਵਿਚ ਭੜਕੇ ਲੋਕਾਂ ਨਾਲ ਗੱਲ ਨਹੀਂ ਕਰਦੇ ਜਿਹੜੇ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ ਹੁੰਦੇ। ਇਸ ਦੀ ਬਜਾਇ, ਅਸੀਂ ਸ਼ਾਂਤੀ ਨਾਲ ਆਪਣਾ ਕੰਮ ਕਰਨਾ ਚਾਹੁੰਦੇ ਹਾਂ, ਇਸ ਲਈ ਗੜਬੜੀ ਵੇਲੇ ਅਸੀਂ ਚੁੱਪ-ਚਾਪ ਉਸ ਇਲਾਕੇ ਵਿੱਚੋਂ ਚਲੇ ਜਾਂਦੇ ਹਾਂ ਅਤੇ ਕਿਸੇ ਹੋਰ ਸਮੇਂ ਵਾਪਸ ਆਉਂਦੇ ਹਾਂ।
ਉਹ “ਸਿੱਖਣ ਵਿਚ ਜ਼ਿਆਦਾ ਰੁਚੀ ਰੱਖਦੇ ਸਨ” (ਰਸੂ. 17:10-15)
15. ਬਰੀਆ ਦੇ ਲੋਕਾਂ ਨੇ ਖ਼ੁਸ਼ ਖ਼ਬਰੀ ਪ੍ਰਤੀ ਕਿਸ ਤਰ੍ਹਾਂ ਦਾ ਰਵੱਈਆ ਦਿਖਾਇਆ?
15 ਪੌਲੁਸ ਤੇ ਸੀਲਾਸ ਦੇ ਬਚਾਅ ਲਈ ਉਨ੍ਹਾਂ ਨੂੰ ਲਗਭਗ 65 ਕਿਲੋਮੀਟਰ (ਲਗਭਗ 40 ਮੀਲ) ਦੂਰ ਬਰੀਆ ਭੇਜ ਦਿੱਤਾ ਗਿਆ। ਉੱਥੇ ਪਹੁੰਚ ਕੇ ਪੌਲੁਸ ਸਭਾ ਘਰ ਵਿਚ ਗਿਆ ਅਤੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਪ੍ਰਚਾਰ ਕਰਨ ਲੱਗ ਪਿਆ। ਉਹ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਲੋਕ ਉਸ ਦੀ ਗੱਲ ਸੁਣ ਰਹੇ ਸਨ! ਲੂਕਾ ਨੇ ਲਿਖਿਆ ਕਿ ਬਰੀਆ ਦੇ ਯਹੂਦੀ “ਥੱਸਲੁਨੀਕਾ ਦੇ ਯਹੂਦੀਆਂ ਨਾਲੋਂ ਸਿੱਖਣ ਵਿਚ ਜ਼ਿਆਦਾ ਰੁਚੀ ਰੱਖਦੇ ਸਨ, ਇਸ ਲਈ ਉਨ੍ਹਾਂ ਨੇ ਬਚਨ ਨੂੰ ਬੜੇ ਉਤਸ਼ਾਹ ਨਾਲ ਕਬੂਲ ਕਰ ਲਿਆ ਸੀ ਅਤੇ ਉਹ ਰੋਜ਼ ਧਰਮ-ਗ੍ਰੰਥ ਦੀ ਬੜੇ ਧਿਆਨ ਨਾਲ ਜਾਂਚ ਕਰ ਕੇ ਦੇਖਦੇ ਸਨ ਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਸੁਣੀਆਂ ਸਨ, ਉਹ ਗੱਲਾਂ ਸੱਚ ਵੀ ਸਨ ਜਾਂ ਨਹੀਂ।” (ਰਸੂ. 17:10, 11) ਕੀ ਇਨ੍ਹਾਂ ਸ਼ਬਦਾਂ ਦਾ ਇਹ ਮਤਲਬ ਹੈ ਕਿ ਥੱਸਲੁਨੀਕਾ ਵਿਚ ਸੱਚਾਈ ਸਵੀਕਾਰ ਕਰਨ ਵਾਲਿਆਂ ਨੇ ਇੰਨੀ ਰੁਚੀ ਨਹੀਂ ਲਈ ਸੀ? ਇਸ ਤਰ੍ਹਾਂ ਦੀ ਗੱਲ ਨਹੀਂ ਸੀ। ਪੌਲੁਸ ਨੇ ਬਾਅਦ ਵਿਚ ਉਨ੍ਹਾਂ ਨੂੰ ਲਿਖਿਆ ਸੀ: “ਅਸੀਂ ਪਰਮੇਸ਼ੁਰ ਦਾ ਵਾਰ-ਵਾਰ ਧੰਨਵਾਦ ਕਰਦੇ ਹਾਂ ਕਿ ਜਦੋਂ ਤੁਸੀਂ ਸਾਡੇ ਤੋਂ ਪਰਮੇਸ਼ੁਰ ਦਾ ਬਚਨ ਸੁਣਿਆ, ਤਾਂ ਤੁਸੀਂ ਇਸ ਨੂੰ ਇਨਸਾਨਾਂ ਦਾ ਬਚਨ ਸਮਝ ਕੇ ਨਹੀਂ, ਸਗੋਂ ਪਰਮੇਸ਼ੁਰ ਦਾ ਬਚਨ ਸਮਝ ਕੇ ਕਬੂਲ ਕੀਤਾ ਜੋ ਕਿ ਸੱਚ-ਮੁੱਚ ਹੈ ਅਤੇ ਤੁਹਾਡੀਆਂ ਜ਼ਿੰਦਗੀਆਂ ਉੱਤੇ ਪ੍ਰਭਾਵ ਪਾ ਰਿਹਾ ਹੈ।” (1 ਥੱਸ. 2:13) ਤਾਂ ਫਿਰ, ਬਰੀਆ ਦੇ ਯਹੂਦੀਆਂ ਨੇ ਕਿੱਦਾਂ ਦਿਖਾਇਆ ਕਿ ਉਨ੍ਹਾਂ ਨੂੰ ਸਿੱਖਣ ਵਿਚ ਜ਼ਿਆਦਾ ਰੁਚੀ ਸੀ?
16. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਬਰੀਆ ਦੇ ਯਹੂਦੀ “ਸਿੱਖਣ ਵਿਚ ਜ਼ਿਆਦਾ ਰੁਚੀ ਰੱਖਦੇ ਸਨ”?
16 ਹਾਲਾਂਕਿ ਬਰੀਆ ਦੇ ਲੋਕਾਂ ਨੇ ਨਵੀਆਂ ਗੱਲਾਂ ਸੁਣੀਆਂ ਸਨ, ਪਰ ਉਨ੍ਹਾਂ ਨੇ ਸ਼ੱਕ ਨਹੀਂ ਕੀਤਾ ਜਾਂ ਆਲੋਚਨਾ ਨਹੀਂ ਕੀਤੀ, ਨਾ ਹੀ ਉਹ ਭੋਲੇ-ਭਾਲੇ ਲੋਕ ਸਨ ਜੋ ਝੱਟ ਗੱਲਾਂ ʼਤੇ ਵਿਸ਼ਵਾਸ ਕਰ ਲੈਂਦੇ ਸਨ। ਪਹਿਲਾਂ ਉਨ੍ਹਾਂ ਨੇ ਬੜੇ ਧਿਆਨ ਨਾਲ ਪੌਲੁਸ ਦੀਆਂ ਗੱਲਾਂ ਸੁਣੀਆਂ। ਫਿਰ ਉਨ੍ਹਾਂ ਨੇ ਧਰਮ-ਗ੍ਰੰਥ ਵਿੱਚੋਂ ਦੇਖਿਆ ਕਿ ਪੌਲੁਸ ਜੋ ਗੱਲਾਂ ਸਮਝਾ ਰਿਹਾ ਸੀ, ਉਹ ਸਹੀ ਸਨ ਜਾਂ ਨਹੀਂ। ਇਸ ਤੋਂ ਇਲਾਵਾ, ਉਹ ਸਿਰਫ਼ ਸਬਤ ਦੇ ਦਿਨ ਹੀ ਨਹੀਂ, ਸਗੋਂ ਰੋਜ਼ ਲਗਨ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਸਨ। ਉਨ੍ਹਾਂ ਨੇ “ਬੜੇ ਉਤਸ਼ਾਹ ਨਾਲ” ਇਸ ਤਰ੍ਹਾਂ ਕੀਤਾ ਤੇ ਉਨ੍ਹਾਂ ਨੇ ਇਸ ਨਵੀਂ ਸਿੱਖਿਆ ਦੀ ਮਦਦ ਨਾਲ ਧਰਮ-ਗ੍ਰੰਥ ਵਿੱਚੋਂ ਕਈ ਨਵੀਆਂ ਗੱਲਾਂ ਸਿੱਖੀਆਂ। ਫਿਰ “ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਨਿਹਚਾ ਕਰਨ ਲੱਗ ਪਏ” ਅਤੇ ਉਨ੍ਹਾਂ ਨੇ ਨਿਮਰਤਾ ਦਿਖਾਉਂਦੇ ਹੋਏ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕੀਤੀਆਂ ਸਨ। (ਰਸੂ. 17:12) ਇਸੇ ਲਈ ਲੂਕਾ ਕਹਿੰਦਾ ਹੈ ਕਿ ਉਹ “ਸਿੱਖਣ ਵਿਚ ਜ਼ਿਆਦਾ ਰੁਚੀ ਰੱਖਦੇ ਸਨ।”
17. ਬਰੀਆ ਦੇ ਲੋਕ ਤਾਰੀਫ਼ ਦੇ ਕਾਬਲ ਕਿਉਂ ਸਨ ਅਤੇ ਮਸੀਹੀ ਬਣਨ ਤੋਂ ਬਾਅਦ ਵੀ ਅਸੀਂ ਉਨ੍ਹਾਂ ਦੀ ਨਕਲ ਕਿਵੇਂ ਕਰ ਸਕਦੇ ਹਾਂ?
17 ਬਰੀਆ ਦੇ ਲੋਕਾਂ ਨੂੰ ਇਹ ਚਿੱਤ-ਚੇਤਾ ਵੀ ਨਹੀਂ ਸੀ ਕਿ ਖ਼ੁਸ਼ ਖ਼ਬਰੀ ਪ੍ਰਤੀ ਦਿਖਾਏ ਉਨ੍ਹਾਂ ਦੇ ਰਵੱਈਏ ਨੂੰ ਪਰਮੇਸ਼ੁਰ ਦੇ ਬਚਨ ਵਿਚ ਦਰਜ ਕੀਤਾ ਜਾਵੇਗਾ ਤੇ ਇਹ ਸਾਡੇ ਜ਼ਮਾਨੇ ਦੇ ਮਸੀਹੀਆਂ ਲਈ ਚੰਗੀ ਮਿਸਾਲ ਹੋਵੇਗਾ। ਪੌਲੁਸ ਦੀ ਉਮੀਦ ਮੁਤਾਬਕ ਉਨ੍ਹਾਂ ਨੇ ਸਹੀ ਕਦਮ ਚੁੱਕਿਆ ਅਤੇ ਯਹੋਵਾਹ ਵੀ ਉਨ੍ਹਾਂ ਤੋਂ ਇਹੀ ਚਾਹੁੰਦਾ ਸੀ। ਇਸੇ ਤਰ੍ਹਾਂ ਅਸੀਂ ਵੀ ਲੋਕਾਂ ਨੂੰ ਹੱਲਾਸ਼ੇਰੀ ਦਿੰਦੇ ਹਾਂ ਕਿ ਉਹ ਧਿਆਨ ਨਾਲ ਬਾਈਬਲ ਦੀ ਜਾਂਚ ਕਰਨ ਤਾਂਕਿ ਉਨ੍ਹਾਂ ਦੀ ਨਿਹਚਾ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਬਚਨ ਉੱਤੇ ਆਧਾਰਿਤ ਹੋਵੇ। ਪਰ ਕੀ ਮਸੀਹੀ ਬਣ ਜਾਣ ਤੋਂ ਬਾਅਦ ਹੋਰ ਸਿੱਖਿਆ ਲੈਣ ਵਿਚ ਸਾਡੀ ਰੁਚੀ ਘਟਣੀ ਚਾਹੀਦੀ ਹੈ? ਨਹੀਂ, ਮਸੀਹੀ ਬਣਨ ਤੋਂ ਬਾਅਦ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਯਹੋਵਾਹ ਤੋਂ ਸਿੱਖਣ ਅਤੇ ਉਸ ਦੀਆਂ ਸਿੱਖਿਆਵਾਂ ਨੂੰ ਫਟਾਫਟ ਲਾਗੂ ਕਰਨ ਲਈ ਤਿਆਰ ਰਹੀਏ। ਇਸ ਤਰ੍ਹਾਂ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੀ ਇੱਛਾ ਅਤੇ ਸਿੱਖਿਆ ਮੁਤਾਬਕ ਆਪਣੇ ਆਪ ਨੂੰ ਢਾਲ਼ਣਾ ਚਾਹੁੰਦੇ ਹਾਂ। (ਯਸਾ. 64:8) ਫਿਰ ਸਾਡਾ ਸਵਰਗੀ ਪਿਤਾ ਸਾਡੇ ਤੋਂ ਖ਼ੁਸ਼ ਹੋ ਕੇ ਸਾਨੂੰ ਆਪਣੀ ਸੇਵਾ ਵਿਚ ਵਰਤਦਾ ਰਹੇਗਾ।
18, 19. (ੳ) ਪੌਲੁਸ ਬਰੀਆ ਛੱਡ ਕੇ ਕਿਉਂ ਚਲਾ ਗਿਆ, ਪਰ ਪ੍ਰਚਾਰ ਕਰਨਾ ਜਾਰੀ ਰੱਖ ਕੇ ਉਸ ਨੇ ਕਿਵੇਂ ਸਾਡੇ ਲਈ ਮਿਸਾਲ ਕਾਇਮ ਕੀਤੀ? (ਅ) ਪੌਲੁਸ ਹੁਣ ਕਿਨ੍ਹਾਂ ਨੂੰ ਪ੍ਰਚਾਰ ਕਰੇਗਾ ਅਤੇ ਕਿੱਥੇ?
18 ਪੌਲੁਸ ਜ਼ਿਆਦਾ ਚਿਰ ਬਰੀਆ ਵਿਚ ਨਹੀਂ ਰਿਹਾ। ਅਸੀਂ ਪੜ੍ਹਦੇ ਹਾਂ: “ਜਦੋਂ ਥੱਸਲੁਨੀਕਾ ਦੇ ਯਹੂਦੀਆਂ ਨੂੰ ਪਤਾ ਲੱਗਾ ਕਿ ਪੌਲੁਸ ਬਰੀਆ ਵਿਚ ਵੀ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰ ਰਿਹਾ ਸੀ, ਤਾਂ ਉਹ ਭੀੜ ਨੂੰ ਉਨ੍ਹਾਂ ਦੇ ਖ਼ਿਲਾਫ਼ ਭੜਕਾਉਣ ਲਈ ਉੱਥੇ ਆ ਗਏ। ਭਰਾਵਾਂ ਨੇ ਤੁਰੰਤ ਪੌਲੁਸ ਨੂੰ ਸਮੁੰਦਰ ਕਿਨਾਰੇ ਘੱਲ ਦਿੱਤਾ, ਪਰ ਸੀਲਾਸ ਤੇ ਤਿਮੋਥਿਉਸ ਉੱਥੇ ਹੀ ਰਹੇ। ਜਿਹੜੇ ਭਰਾ ਪੌਲੁਸ ਨੂੰ ਛੱਡਣ ਐਥਿਨਜ਼ ਤਕ ਆਏ ਸਨ, ਉਨ੍ਹਾਂ ਨੂੰ ਪੌਲੁਸ ਨੇ ਕਿਹਾ ਕਿ ਸੀਲਾਸ ਤੇ ਤਿਮੋਥਿਉਸ ਜਲਦੀ ਤੋਂ ਜਲਦੀ ਉਸ ਕੋਲ ਆ ਜਾਣ ਤੇ ਫਿਰ ਉਹ ਭਰਾ ਉੱਥੋਂ ਤੁਰ ਪਏ।” (ਰਸੂ. 17:13-15) ਖ਼ੁਸ਼ ਖ਼ਬਰੀ ਦੇ ਉਨ੍ਹਾਂ ਦੁਸ਼ਮਣਾਂ ਨੇ ਪੌਲੁਸ ਦਾ ਖਹਿੜਾ ਨਹੀਂ ਛੱਡਿਆ! ਪੌਲੁਸ ਨੂੰ ਥੱਸਲੁਨੀਕਾ ਵਿੱਚੋਂ ਭਜਾ ਕੇ ਉਨ੍ਹਾਂ ਨੂੰ ਚੈਨ ਨਹੀਂ ਆਇਆ। ਇਸ ਲਈ ਉਹ ਬਰੀਆ ਆ ਗਏ ਅਤੇ ਇੱਥੇ ਵੀ ਭੀੜ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੇ ਇਰਾਦੇ ਵਿਚ ਕਾਮਯਾਬ ਨਹੀਂ ਹੋਏ। ਪੌਲੁਸ ਨੂੰ ਪਤਾ ਸੀ ਕਿ ਹੋਰ ਵੀ ਬਹੁਤ ਸਾਰੀਆਂ ਥਾਵਾਂ ʼਤੇ ਹਾਲੇ ਪ੍ਰਚਾਰ ਕਰਨ ਦੀ ਲੋੜ ਸੀ, ਇਸ ਲਈ ਉਹ ਕਿਤੇ ਹੋਰ ਪ੍ਰਚਾਰ ਕਰਨ ਲਈ ਚਲਾ ਗਿਆ। ਆਓ ਆਪਾਂ ਵੀ ਅੱਜ ਉਨ੍ਹਾਂ ਲੋਕਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਦੀ ਠਾਣ ਲਈਏ ਜੋ ਪ੍ਰਚਾਰ ਦਾ ਕੰਮ ਬੰਦ ਕਰਾਉਣਾ ਚਾਹੁੰਦੇ ਹਨ!
19 ਥੱਸਲੁਨੀਕਾ ਅਤੇ ਬਰੀਆ ਦੇ ਯਹੂਦੀਆਂ ਨੂੰ ਚੰਗੀ ਤਰ੍ਹਾਂ ਗਵਾਹੀ ਦੇ ਕੇ ਪੌਲੁਸ ਨੇ ਸਿੱਖਿਆ ਕਿ ਦਲੇਰੀ ਨਾਲ ਗਵਾਹੀ ਦੇਣੀ ਅਤੇ ਪਰਮੇਸ਼ੁਰ ਦੇ ਬਚਨ ਵਿੱਚੋਂ ਚਰਚਾ ਕਰਨੀ ਕਿੰਨੀ ਜ਼ਰੂਰੀ ਹੈ। ਸਾਨੂੰ ਵੀ ਇਸੇ ਤਰ੍ਹਾਂ ਕਰਨ ਦੀ ਲੋੜ ਹੈ। ਪਰ ਹੁਣ ਪੌਲੁਸ ਐਥਿਨਜ਼ ਦੇ ਗ਼ੈਰ-ਯਹੂਦੀ ਲੋਕਾਂ ਨੂੰ ਮਿਲਣ ਵਾਲਾ ਸੀ। ਉਸ ਸ਼ਹਿਰ ਵਿਚ ਪ੍ਰਚਾਰ ਦਾ ਕੰਮ ਕੀ ਰੰਗ ਲਿਆਵੇਗਾ? ਅਗਲੇ ਅਧਿਆਇ ਵਿਚ ਅਸੀਂ ਇਸ ਬਾਰੇ ਦੇਖਾਂਗੇ।
a ਇਕ ਵਿਦਵਾਨ ਮੁਤਾਬਕ ਉਸ ਸਮੇਂ ਸਮਰਾਟ ਦਾ ਹੁਕਮ ਸੀ ਕਿ “ਕਿਸੇ ਨਵੇਂ ਰਾਜੇ ਜਾਂ ਰਾਜ ਦੇ ਆਉਣ” ਦੀ ਭਵਿੱਖਬਾਣੀ ਨਾ ਕੀਤੀ ਜਾਵੇ, “ਖ਼ਾਸਕਰ ਉਸ ਰਾਜੇ ਬਾਰੇ ਜੋ ਮੌਜੂਦਾ ਸਮਰਾਟ ਦੀ ਜਗ੍ਹਾ ਲੈ ਸਕਦਾ ਹੈ ਜਾਂ ਉਸ ਦਾ ਨਿਆਂ ਕਰ ਕੇ ਉਸ ਨੂੰ ਸਜ਼ਾ ਦੇ ਸਕਦਾ ਹੈ।” ਪੌਲੁਸ ਦੇ ਦੁਸ਼ਮਣਾਂ ਨੇ ਉਸ ਦੇ ਸੰਦੇਸ਼ ਨੂੰ ਤੋੜ-ਮਰੋੜ ਕੇ ਦੱਸਿਆ ਹੋਣਾ ਤਾਂਕਿ ਇਹ ਸੰਦੇਸ਼ ਇਸ ਹੁਕਮ ਦੀ ਉਲੰਘਣਾ ਲੱਗੇ। “ਰਸੂਲਾਂ ਦੇ ਕੰਮ ਦੀ ਕਿਤਾਬ ਵਿਚਲੇ ਸਮਰਾਟ” ਨਾਂ ਦੀ ਡੱਬੀ ਦੇਖੋ।