ਪਾਠ 29
ਮਰਨ ਤੋਂ ਬਾਅਦ ਇਨਸਾਨ ਦਾ ਕੀ ਹੁੰਦਾ ਹੈ?
ਆਪਣਿਆਂ ਦੀ ਮੌਤ ਦਾ ਗਮ ਸਹਿਣਾ ਬਹੁਤ ਔਖਾ ਹੁੰਦਾ ਹੈ। ਕੀ ਤੁਸੀਂ ਵੀ ਇਹ ਗਮ ਸਹਿਆ ਹੈ? ਸ਼ਾਇਦ ਤੁਹਾਡੇ ਮਨ ਵਿਚ ਇਹ ਸਵਾਲ ਆਏ ਹੋਣੇ: ‘ਮਰਨ ਤੋਂ ਬਾਅਦ ਇਨਸਾਨ ਦਾ ਕੀ ਹੁੰਦਾ ਹੈ? ਕੀ ਸਾਡੇ ਮਰ ਚੁੱਕੇ ਰਿਸ਼ਤੇਦਾਰ ਤੇ ਦੋਸਤ ਦੁਬਾਰਾ ਜੀਉਂਦੇ ਹੋਣਗੇ?’ ਇਸ ਪਾਠ ਵਿਚ ਅਤੇ ਅਗਲੇ ਪਾਠ ਵਿਚ ਬਾਈਬਲ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ। ਇਨ੍ਹਾਂ ਬਾਰੇ ਜਾਣ ਕੇ ਤੁਹਾਨੂੰ ਰਾਹਤ ਅਤੇ ਦਿਲਾਸਾ ਮਿਲੇਗਾ।
1. ਮਰਨ ਤੋਂ ਬਾਅਦ ਇਨਸਾਨ ਦਾ ਕੀ ਹੁੰਦਾ ਹੈ?
ਯਿਸੂ ਨੇ ਮੌਤ ਦੀ ਤੁਲਨਾ ਗੂੜ੍ਹੀ ਨੀਂਦ ਨਾਲ ਕੀਤੀ ਸੀ। ਕਿਉਂ? ਜਦੋਂ ਇਕ ਇਨਸਾਨ ਗੂੜ੍ਹੀ ਨੀਂਦ ਸੁੱਤਾ ਹੁੰਦਾ ਹੈ, ਤਾਂ ਉਸ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਉਸ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ। ਇਸੇ ਤਰ੍ਹਾਂ ਮਰਨ ਤੋਂ ਬਾਅਦ ਇਕ ਇਨਸਾਨ ਨੂੰ ਕੁਝ ਪਤਾ ਨਹੀਂ ਹੁੰਦਾ। ਉਸ ਨੂੰ ਕੋਈ ਦਰਦ ਜਾਂ ਤਕਲੀਫ਼ ਮਹਿਸੂਸ ਨਹੀਂ ਹੁੰਦੀ। ਇਸੇ ਕਰਕੇ ਬਾਈਬਲ ਵਿਚ ਲਿਖਿਆ ਹੈ ਕਿ “ਮਰੇ ਹੋਏ ਕੁਝ ਵੀ ਨਹੀਂ ਜਾਣਦੇ।”—ਉਪਦੇਸ਼ਕ ਦੀ ਕਿਤਾਬ 9:5 ਪੜ੍ਹੋ।
2. ਮੌਤ ਬਾਰੇ ਸੱਚਾਈ ਜਾਣ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
ਕਈ ਲੋਕਾਂ ਨੂੰ ਮੌਤ ਤੋਂ ਡਰ ਲੱਗਦਾ ਹੈ। ਉਨ੍ਹਾਂ ਨੂੰ ਮਰੇ ਹੋਏ ਲੋਕਾਂ ਤੋਂ ਵੀ ਡਰ ਲੱਗਦਾ ਹੈ। ਪਰ ਬਾਈਬਲ ਵਿਚ ਮੌਤ ਬਾਰੇ ਜੋ ਦੱਸਿਆ ਗਿਆ ਹੈ, ਉਸ ਬਾਰੇ ਜਾਣ ਕੇ ਸਾਡਾ ਡਰ ਦੂਰ ਹੋ ਸਕਦਾ ਹੈ ਅਤੇ ਸਾਨੂੰ ਰਾਹਤ ਮਿਲ ਸਕਦੀ ਹੈ। ਯਿਸੂ ਨੇ ਕਿਹਾ ਸੀ: “ਸੱਚਾਈ ਤੁਹਾਨੂੰ ਆਜ਼ਾਦ ਕਰੇਗੀ।” (ਯੂਹੰਨਾ 8:32) ਕਈ ਧਰਮ ਸਿਖਾਉਂਦੇ ਹਨ ਕਿ ਇਨਸਾਨ ਵਿਚ ਆਤਮਾ ਹੁੰਦੀ ਹੈ ਜੋ ਮਰਨ ਤੋਂ ਬਾਅਦ ਵੀ ਜੀਉਂਦੀ ਰਹਿੰਦੀ ਹੈ। ਪਰ ਬਾਈਬਲ ਵਿਚ ਕਿਤੇ ਵੀ ਇਹ ਸਿੱਖਿਆ ਨਹੀਂ ਦਿੱਤੀ ਗਈ। ਤਾਂ ਫਿਰ ਸੋਚੋ, ਮਰਨ ਤੋਂ ਬਾਅਦ ਇਕ ਇਨਸਾਨ ਨੂੰ ਤਕਲੀਫ਼ ਕਿੱਦਾਂ ਹੋ ਸਕਦੀ ਹੈ? ਇਕ ਹੋਰ ਗੱਲ, ਮਰਨ ਤੋਂ ਬਾਅਦ ਇਕ ਇਨਸਾਨ ਨੂੰ ਕੁਝ ਨਹੀਂ ਪਤਾ ਹੁੰਦਾ, ਇਸ ਲਈ ਉਹ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਤਾਂ ਫਿਰ, ਕੀ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਦੀ ਪੂਜਾ ਕਰਨੀ ਜਾਂ ਉਨ੍ਹਾਂ ਲਈ ਪ੍ਰਾਰਥਨਾ ਕਰਨ ਦਾ ਕੋਈ ਫ਼ਾਇਦਾ ਹੋਵੇਗਾ?
ਕੁਝ ਲੋਕ ਕਹਿੰਦੇ ਹਨ ਕਿ ਉਹ ਮਰੇ ਹੋਏ ਲੋਕਾਂ ਨਾਲ ਗੱਲ ਕਰ ਸਕਦੇ ਹਨ। ਪਰ ਇੱਦਾਂ ਕਰਨਾ ਨਾਮੁਮਕਿਨ ਹੈ। ਜਿੱਦਾਂ ਅਸੀਂ ਹੁਣੇ ਪੜ੍ਹਿਆ, “ਮਰੇ ਹੋਏ ਕੁਝ ਨਹੀਂ ਜਾਣਦੇ।” ਤਾਂ ਫਿਰ ਸੋਚੋ, ਜੇ ਲੋਕ ਆਪਣੇ ਮਰੇ ਹੋਏ ਅਜ਼ੀਜ਼ਾਂ ਨਾਲ ਗੱਲ ਨਹੀਂ ਕਰ ਰਹੇ, ਤਾਂ ਉਹ ਕਿਨ੍ਹਾਂ ਨਾਲ ਗੱਲ ਕਰ ਰਹੇ ਹਨ। ਕਿਤੇ ਇੱਦਾਂ ਤਾਂ ਨਹੀਂ ਕਿ ਉਹ ਦੁਸ਼ਟ ਦੂਤਾਂ ਨਾਲ ਗੱਲ ਕਰ ਰਹੇ ਹੋਣ? ਇੱਦਾਂ ਹੋ ਸਕਦਾ ਹੈ ਕਿਉਂਕਿ ਦੁਸ਼ਟ ਦੂਤ ਲੋਕਾਂ ਨੂੰ ਗੁਮਰਾਹ ਕਰਨ ਲਈ ਮਰੇ ਹੋਇਆਂ ਦੀ ਆਵਾਜ਼ ਵਿਚ ਗੱਲ ਕਰਦੇ ਹਨ। ਇਸ ਤਰ੍ਹਾਂ ਮੌਤ ਬਾਰੇ ਸੱਚਾਈ ਜਾਣ ਕੇ ਅਸੀਂ ਦੁਸ਼ਟ ਦੂਤਾਂ ਤੋਂ ਬਚ ਸਕਦੇ ਹਾਂ। ਯਹੋਵਾਹ ਜਾਣਦਾ ਹੈ ਕਿ ਦੁਸ਼ਟ ਦੂਤ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ, ਇਸ ਲਈ ਉਹ ਸਾਨੂੰ ਖ਼ਬਰਦਾਰ ਕਰਦਾ ਹੈ ਕਿ ਅਸੀਂ ਮਰੇ ਹੋਇਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਨਾ ਕਰੀਏ।—ਬਿਵਸਥਾ ਸਾਰ 18:10-12 ਪੜ੍ਹੋ।
ਹੋਰ ਸਿੱਖੋ
ਬਾਈਬਲ ਵਿਚ ਮੌਤ ਬਾਰੇ ਹੋਰ ਕੀ ਦੱਸਿਆ ਗਿਆ ਹੈ? ਜੇ ਪਰਮੇਸ਼ੁਰ ਲੋਕਾਂ ਨੂੰ ਪਿਆਰ ਕਰਦਾ ਹੈ, ਤਾਂ ਕੀ ਉਹ ਉਨ੍ਹਾਂ ਨੂੰ ਮਰਨ ਤੋਂ ਬਾਅਦ ਤੜਫਾਏਗਾ? ਆਓ ਜਾਣੀਏ।
3. ਮਰੇ ਹੋਏ ਲੋਕ ਕਿਸ ਹਾਲ ਵਿਚ ਹਨ?
ਮਰਨ ਤੋਂ ਬਾਅਦ ਇਕ ਇਨਸਾਨ ਦਾ ਕੀ ਹੁੰਦਾ ਹੈ, ਇਸ ਬਾਰੇ ਪੂਰੀ ਦੁਨੀਆਂ ਵਿਚ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਪਰ ਕੀ ਇਹ ਸਾਰੀਆਂ ਗੱਲਾਂ ਸੱਚ ਹੋ ਸਕਦੀਆਂ ਹਨ?
ਤੁਸੀਂ ਜਿੱਥੇ ਰਹਿੰਦੇ ਹੋ, ਉੱਥੇ ਆਮ ਤੌਰ ਤੇ ਲੋਕ ਕੀ ਮੰਨਦੇ ਹਨ?
ਬਾਈਬਲ ਵਿਚ ਕੀ ਦੱਸਿਆ ਗਿਆ ਹੈ, ਇਹ ਜਾਣਨ ਲਈ ਵੀਡੀਓ ਦੇਖੋ।
ਉਪਦੇਸ਼ਕ ਦੀ ਕਿਤਾਬ 3:20 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਇਸ ਆਇਤ ਮੁਤਾਬਕ ਮਰਨ ਤੋਂ ਬਾਅਦ ਇਨਸਾਨ ਦਾ ਕੀ ਹੁੰਦਾ ਹੈ?
ਕੀ ਇੱਥੇ ਇਹ ਲਿਖਿਆ ਹੈ ਕਿ ਸਿਰਫ਼ ਸਰੀਰ ਮਰਦਾ ਹੈ, ਪਰ ਆਤਮਾ ਜੀਉਂਦੀ ਰਹਿੰਦੀ ਹੈ?
ਬਾਈਬਲ ਵਿਚ ਯਿਸੂ ਦੇ ਜਿਗਰੀ ਦੋਸਤ ਲਾਜ਼ਰ ਦੀ ਮੌਤ ਬਾਰੇ ਦੱਸਿਆ ਗਿਆ ਹੈ। ਯੂਹੰਨਾ 11:11-14 ਪੜ੍ਹੋ। ਪੜ੍ਹਦੇ ਵੇਲੇ ਧਿਆਨ ਦਿਓ ਕਿ ਯਿਸੂ ਨੇ ਲਾਜ਼ਰ ਦੀ ਹਾਲਤ ਬਾਰੇ ਕੀ ਕਿਹਾ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਯਿਸੂ ਨੇ ਮੌਤ ਦੀ ਤੁਲਨਾ ਕਿਸ ਨਾਲ ਕੀਤੀ?
ਇਸ ਤੁਲਨਾ ਤੋਂ ਸਾਨੂੰ ਮਰੇ ਹੋਇਆਂ ਦੀ ਹਾਲਤ ਬਾਰੇ ਕੀ ਪਤਾ ਲੱਗਦਾ ਹੈ?
ਕੀ ਤੁਹਾਨੂੰ ਲੱਗਦਾ ਕਿ ਬਾਈਬਲ ਵਿਚ ਮਰੇ ਹੋਇਆਂ ਬਾਰੇ ਜੋ ਲਿਖਿਆ ਹੈ, ਉਹ ਸਹੀ ਹੈ?
4. ਮੌਤ ਬਾਰੇ ਸੱਚਾਈ ਜਾਣ ਕੇ ਸਾਨੂੰ ਫ਼ਾਇਦਾ ਹੁੰਦਾ ਹੈ
ਮੌਤ ਬਾਰੇ ਸੱਚਾਈ ਜਾਣ ਕੇ ਸਾਨੂੰ ਮਰੇ ਹੋਏ ਲੋਕਾਂ ਤੋਂ ਡਰ ਨਹੀਂ ਲੱਗਦਾ। ਉਪਦੇਸ਼ਕ ਦੀ ਕਿਤਾਬ 9:10 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਕੀ ਮਰੇ ਹੋਏ ਲੋਕ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ?
ਕਈ ਲੋਕ ਮੰਨਦੇ ਹਨ ਕਿ ਸਾਨੂੰ ਮਰੇ ਹੋਇਆਂ ਨੂੰ ਖ਼ੁਸ਼ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਪੂਜਾ ਵੀ ਕਰਨੀ ਚਾਹੀਦੀ ਹੈ। ਇਸ ਲਈ ਉਹ ਕਈ ਰੀਤੀ-ਰਿਵਾਜ ਕਰਦੇ ਹਨ। ਪਰ ਬਾਈਬਲ ਸਾਨੂੰ ਇਸ ਸਭ ਤੋਂ ਛੁਟਕਾਰਾ ਦਿਵਾਉਂਦੀ ਹੈ। ਯਸਾਯਾਹ 8:19 ਅਤੇ ਪ੍ਰਕਾਸ਼ ਦੀ ਕਿਤਾਬ 4:11 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਜਦੋਂ ਕੋਈ ਮਰੇ ਹੋਇਆਂ ਦੀ ਪੂਜਾ ਕਰਦਾ ਹੈ ਜਾਂ ਉਨ੍ਹਾਂ ਤੋਂ ਮਦਦ ਮੰਗਦਾ ਹੈ, ਤਾਂ ਯਹੋਵਾਹ ਨੂੰ ਕਿੱਦਾਂ ਲੱਗਦਾ ਹੈ?
5. ਮੌਤ ਬਾਰੇ ਸੱਚਾਈ ਜਾਣ ਕੇ ਸਾਨੂੰ ਰਾਹਤ ਮਿਲਦੀ ਹੈ
ਕਈ ਲੋਕਾਂ ਨੂੰ ਸਿਖਾਇਆ ਜਾਂਦਾ ਹੈ ਕਿ ਜੇ ਉਹ ਬੁਰੇ ਕੰਮ ਕਰਨਗੇ, ਤਾਂ ਉਨ੍ਹਾਂ ਨੂੰ ਮਰਨ ਤੋਂ ਬਾਅਦ ਸਜ਼ਾ ਦਿੱਤੀ ਜਾਵੇਗੀ। ਪਰ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਕਿਸੇ ਵੀ ਇਨਸਾਨ ਨੂੰ ਮਰਨ ਤੋਂ ਬਾਅਦ ਸਜ਼ਾ ਨਹੀਂ ਦਿੱਤੀ ਜਾਂਦੀ, ਉਸ ਨੂੰ ਵੀ ਨਹੀਂ ਜਿਸ ਨੇ ਬਹੁਤ ਮਾੜੇ ਕੰਮ ਕੀਤੇ ਹੋਣ। ਇਸ ਗੱਲ ਤੋਂ ਸਾਨੂੰ ਕਿੰਨੀ ਰਾਹਤ ਮਿਲਦੀ ਹੈ! ਰੋਮੀਆਂ 6:7 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਇੱਥੇ ਲਿਖਿਆ ਹੈ ਕਿ ਮਰਨ ਤੋਂ ਬਾਅਦ ਇਕ ਵਿਅਕਤੀ ਨੂੰ ਉਸ ਦੇ ਪਾਪਾਂ ਤੋਂ ਬਰੀ ਕਰ ਦਿੱਤਾ ਜਾਂਦਾ ਹੈ। ਤਾਂ ਫਿਰ, ਕੀ ਮਰੇ ਹੋਏ ਆਪਣੇ ਪਾਪਾਂ ਦੀ ਸਜ਼ਾ ਭੁਗਤਦੇ ਹਨ?
ਜਿੰਨਾ ਜ਼ਿਆਦਾ ਅਸੀਂ ਯਹੋਵਾਹ ਨੂੰ ਜਾਣਾਂਗੇ, ਉੱਨਾ ਹੀ ਸਾਨੂੰ ਯਕੀਨ ਹੋ ਜਾਵੇਗਾ ਕਿ ਉਹ ਮਰੇ ਹੋਇਆਂ ਨੂੰ ਨਹੀਂ ਤੜਫਾਉਂਦਾ। ਬਿਵਸਥਾ ਸਾਰ 32:4 ਅਤੇ 1 ਯੂਹੰਨਾ 4:8 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਇਨ੍ਹਾਂ ਆਇਤਾਂ ਵਿਚ ਯਹੋਵਾਹ ਦੇ ਕਿਨ੍ਹਾਂ ਗੁਣਾਂ ਬਾਰੇ ਦੱਸਿਆ ਗਿਆ ਹੈ? ਜੇ ਪਰਮੇਸ਼ੁਰ ਵਿਚ ਇਹ ਗੁਣ ਹਨ, ਤਾਂ ਕੀ ਉਹ ਚਾਹੇਗਾ ਕਿ ਮਰਨ ਤੋਂ ਬਾਅਦ ਇਨਸਾਨ ਕਿਤੇ ਤੜਫਦਾ ਰਹੇ?
ਬਾਈਬਲ ਵਿਚ ਮਰੇ ਹੋਏ ਲੋਕਾਂ ਬਾਰੇ ਜੋ ਸੱਚਾਈ ਲਿਖੀ ਹੈ, ਉਸ ਬਾਰੇ ਜਾਣ ਕੇ ਕੀ ਤੁਹਾਨੂੰ ਰਾਹਤ ਮਿਲੀ? ਕਿਉਂ?
ਕੁਝ ਲੋਕਾਂ ਦਾ ਕਹਿਣਾ ਹੈ: “ਮੈਨੂੰ ਮਰਨ ਤੋਂ ਡਰ ਲੱਗਦਾ। ਪਤਾ ਨਹੀਂ ਮਰਨ ਤੋਂ ਬਾਅਦ ਮੇਰੇ ਨਾਲ ਕੀ ਹੋਣਾ?”
ਤੁਸੀਂ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਬਾਈਬਲ ਵਿੱਚੋਂ ਕਿਹੜੀਆਂ ਆਇਤਾਂ ਦਿਖਾ ਸਕਦੇ ਹੋ?
ਹੁਣ ਤਕ ਅਸੀਂ ਸਿੱਖਿਆ
ਮਰਨ ਤੋਂ ਬਾਅਦ ਇਕ ਇਨਸਾਨ ਦਾ ਜੀਵਨ ਖ਼ਤਮ ਹੋ ਜਾਂਦਾ ਹੈ। ਮਰੇ ਹੋਏ ਲੋਕ ਕਿਤੇ ਵੀ ਤੜਫ ਨਹੀਂ ਰਹੇ ਅਤੇ ਉਹ ਜੀਉਂਦੇ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ।
ਤੁਸੀਂ ਕੀ ਕਹੋਗੇ?
ਮਰਨ ਤੋਂ ਬਾਅਦ ਇਕ ਇਨਸਾਨ ਦਾ ਕੀ ਹੁੰਦਾ ਹੈ?
ਮੌਤ ਬਾਰੇ ਸੱਚਾਈ ਜਾਣ ਕੇ ਸਾਨੂੰ ਕਿਨ੍ਹਾਂ ਗੱਲਾਂ ਤੋਂ ਛੁਟਕਾਰਾ ਮਿਲਦਾ ਹੈ?
ਮੌਤ ਬਾਰੇ ਸੱਚਾਈ ਜਾਣ ਕੇ ਸਾਨੂੰ ਰਾਹਤ ਕਿਵੇਂ ਮਿਲਦੀ ਹੈ?
ਇਹ ਵੀ ਦੇਖੋ
ਕੀ ਇਨਸਾਨ ਵਿਚ ਆਤਮਾ ਹੁੰਦੀ ਹੈ ਜੋ ਉਸ ਦੇ ਮਰਨ ਤੋਂ ਬਾਅਦ ਵੀ ਜੀਉਂਦੀ ਰਹਿੰਦੀ ਹੈ? ਆਓ ਜਾਣੀਏ ਕਿ ਇਸ ਬਾਰੇ ਬਾਈਬਲ ਵਿਚ ਕੀ ਲਿਖਿਆ ਹੈ।
ਆਓ ਦੇਖੀਏ ਕਿ ਕੀ ਪਰਮੇਸ਼ੁਰ ਬੁਰੇ ਲੋਕਾਂ ਨੂੰ ਸਜ਼ਾ ਦੇਣ ਲਈ ਉਨ੍ਹਾਂ ਨੂੰ ਨਰਕ ਵਿਚ ਤੜਫਾਉਂਦਾ ਹੈ।
ਜਦੋਂ ਇਕ ਆਦਮੀ ਨੇ ਇਹ ਸੱਚਾਈ ਜਾਣੀ ਕਿ ਮਰਨ ਤੋਂ ਬਾਅਦ ਇਕ ਇਨਸਾਨ ਦਾ ਕੀ ਹੁੰਦਾ ਹੈ, ਤਾਂ ਉਸ ਨੂੰ ਬਹੁਤ ਰਾਹਤ ਮਿਲੀ। ਉਸ ਦੀ ਕਹਾਣੀ ਪੜ੍ਹੋ।
“ਮੈਨੂੰ ਬਾਈਬਲ ਵਿੱਚੋਂ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲੇ” (ਪਹਿਰਾਬੁਰਜ ਲੇਖ)