ਪਾਠ 56
ਮੰਡਲੀ ਵਿਚ ਏਕਤਾ ਬਣਾਈ ਰੱਖੋ
ਰਾਜਾ ਦਾਊਦ ਨੇ ਲਿਖਿਆ ਸੀ: “ਕਿੰਨੀ ਚੰਗੀ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਭਰਾ ਮਿਲ-ਜੁਲ ਕੇ ਰਹਿਣ!” (ਜ਼ਬੂਰ 133:1) ਜਦੋਂ ਅਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਹੁੰਦੇ ਹਾਂ, ਤਾਂ ਅਸੀਂ ਇਸੇ ਤਰ੍ਹਾਂ ਮਹਿਸੂਸ ਕਰਦੇ ਹਾਂ। ਸਾਡੇ ਵਿਚ ਜੋ ਏਕਤਾ ਹੈ, ਉਹ ਆਪਣੇ ਆਪ ਨਹੀਂ ਆਈ। ਇਸ ਨੂੰ ਬਣਾਈ ਰੱਖਣ ਵਿਚ ਸਾਡਾ ਸਾਰਿਆਂ ਦਾ ਹੱਥ ਹੈ।
1. ਯਹੋਵਾਹ ਦੇ ਲੋਕਾਂ ਵਿਚ ਕਿਹੜੀ ਕਮਾਲ ਦੀ ਗੱਲ ਹੈ?
ਮੰਨ ਲਓ ਕਿ ਤੁਸੀਂ ਕਿਸੇ ਹੋਰ ਦੇਸ਼ ਵਿਚ ਮੰਡਲੀ ਦੀ ਸਭਾ ਵਿਚ ਗਏ ਹੋ। ਭਾਵੇਂ ਤੁਹਾਨੂੰ ਉੱਥੇ ਦੀ ਭਾਸ਼ਾ ਨਹੀਂ ਆਉਂਦੀ, ਫਿਰ ਵੀ ਤੁਹਾਨੂੰ ਇੱਦਾਂ ਲੱਗਣਾ ਜਿਵੇਂ ਤੁਸੀਂ ਉੱਥੇ ਦੇ ਭੈਣਾਂ-ਭਰਾਵਾਂ ਨੂੰ ਕਈ ਸਾਲਾਂ ਤੋਂ ਜਾਣਦੇ ਹੋ। ਤੁਹਾਨੂੰ ਇੱਦਾਂ ਕਿਉਂ ਲੱਗੇਗਾ? ਕਿਉਂਕਿ ਦੁਨੀਆਂ ਦੀਆਂ ਸਾਰੀਆਂ ਮੰਡਲੀਆਂ ਵਿਚ ਇੱਕੋ ਜਿਹੇ ਪ੍ਰਕਾਸ਼ਨਾਂ ਦੀ ਮਦਦ ਨਾਲ ਬਾਈਬਲ ਦਾ ਅਧਿਐਨ ਕੀਤਾ ਜਾਂਦਾ ਹੈ। ਨਾਲੇ ਅਸੀਂ ਦਿਲੋਂ ਇਕ-ਦੂਜੇ ਨੂੰ ਪਿਆਰ ਕਰਦੇ ਹਾਂ। ਅਸੀਂ ਭਾਵੇਂ ਜਿੱਥੇ ਮਰਜ਼ੀ ਰਹਿੰਦੇ ਹੋਈਏ, ਅਸੀਂ ਸਾਰੇ ‘ਯਹੋਵਾਹ ਦਾ ਨਾਂ ਲੈਂਦੇ ਹਾਂ ਅਤੇ ਏਕਤਾ ਨਾਲ ਉਸ ਦੀ ਭਗਤੀ ਕਰਦੇ ਹਾਂ।’—ਸਫ਼ਨਯਾਹ 3:9, ਫੁਟਨੋਟ।
2. ਮੰਡਲੀ ਵਿਚ ਏਕਤਾ ਬਣਾਈ ਰੱਖਣ ਲਈ ਅਸੀਂ ਕੀ ਕਰ ਸਕਦੇ ਹਾਂ?
ਬਾਈਬਲ ਕਹਿੰਦੀ ਹੈ: “ਇਕ-ਦੂਸਰੇ ਨਾਲ ਦਿਲੋਂ ਗੂੜ੍ਹਾ ਪਿਆਰ ਕਰੋ।” (1 ਪਤਰਸ 1:22) ਅਸੀਂ ਇਸ ਸਲਾਹ ਨੂੰ ਕਿਵੇਂ ਮੰਨ ਸਕਦੇ ਹਾਂ? ਅਸੀਂ ਭੈਣਾਂ-ਭਰਾਵਾਂ ਦੀਆਂ ਕਮੀਆਂ ʼਤੇ ਧਿਆਨ ਲਾਉਣ ਦੀ ਬਜਾਇ ਉਨ੍ਹਾਂ ਦੀਆਂ ਖ਼ੂਬੀਆਂ ʼਤੇ ਧਿਆਨ ਲਾ ਸਕਦੇ ਹਾਂ। ਅਕਸਰ ਅਸੀਂ ਉਨ੍ਹਾਂ ਲੋਕਾਂ ਨਾਲ ਮੇਲ-ਜੋਲ ਰੱਖਦੇ ਹਾਂ ਜਿਨ੍ਹਾਂ ਦੀ ਪਸੰਦ ਤੇ ਨਾਪਸੰਦ ਸਾਡੇ ਵਰਗੀ ਹੁੰਦੀ ਹੈ। ਪਰ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰ ਸਕਦੇ ਹਾਂ ਜਿਨ੍ਹਾਂ ਦਾ ਰਹਿਣ-ਸਹਿਣ, ਭਾਸ਼ਾ ਜਾਂ ਸਭਿਆਚਾਰ ਸਾਡੇ ਤੋਂ ਵੱਖਰਾ ਹੈ। ਨਾਲੇ ਜੇ ਅਸੀਂ ਕਿਸੇ ਨਾਲ ਥੋੜ੍ਹਾ-ਬਹੁਤਾ ਵੀ ਪੱਖਪਾਤ ਕਰਦੇ ਹਾਂ, ਤਾਂ ਅਸੀਂ ਇਸ ਨੂੰ ਦਿਲ ਵਿੱਚੋਂ ਕੱਢਣ ਲਈ ਸਖ਼ਤ ਮਿਹਨਤ ਕਰ ਸਕਦੇ ਹਾਂ।—1 ਪਤਰਸ 2:17 ਪੜ੍ਹੋ।a
3. ਜੇ ਕਿਸੇ ਭੈਣ ਜਾਂ ਭਰਾ ਨਾਲ ਤੁਹਾਡੀ ਅਣਬਣ ਹੋ ਜਾਵੇ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
ਬੇਸ਼ੱਕ ਸਾਡੇ ਵਿਚ ਏਕਤਾ ਹੈ, ਪਰ ਅਸੀਂ ਸਾਰੇ ਨਾਮੁਕੰਮਲ ਹਾਂ। ਇਸ ਲਈ ਕਦੀ-ਕਦੀ ਅਸੀਂ ਇੱਦਾਂ ਦਾ ਕੁਝ ਕਹਿ ਜਾਂ ਕਰ ਦਿੰਦੇ ਹਾਂ ਜਿਸ ਕਰਕੇ ਸਾਡੇ ਭੈਣਾਂ-ਭਰਾਵਾਂ ਨੂੰ ਦੁੱਖ ਪਹੁੰਚਦਾ ਹੈ ਜਾਂ ਉਨ੍ਹਾਂ ਨੂੰ ਬੁਰਾ ਲੱਗਦਾ ਹੈ। ਇਸ ਕਰਕੇ ਪਰਮੇਸ਼ੁਰ ਦਾ ਬਚਨ ਸਾਨੂੰ ਕਹਿੰਦਾ ਹੈ: ‘ਇਕ-ਦੂਜੇ ਨੂੰ ਮਾਫ਼ ਕਰਦੇ ਰਹੋ। ਜਿਵੇਂ ਯਹੋਵਾਹ ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ।’ (ਕੁਲੁੱਸੀਆਂ 3:13 ਪੜ੍ਹੋ।) ਅਸੀਂ ਪਤਾ ਨਹੀਂ ਕਿੰਨੀ ਕੁ ਵਾਰੀ ਯਹੋਵਾਹ ਦਾ ਦਿਲ ਦੁਖਾਉਂਦੇ ਹਾਂ, ਫਿਰ ਵੀ ਉਹ ਸਾਨੂੰ ਮਾਫ਼ ਕਰਦਾ ਹੈ। ਇਸ ਲਈ ਉਹ ਉਮੀਦ ਕਰਦਾ ਹੈ ਕਿ ਅਸੀਂ ਵੀ ਆਪਣੇ ਭੈਣਾਂ-ਭਰਾਵਾਂ ਨੂੰ ਮਾਫ਼ ਕਰੀਏ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਦਾ ਦਿਲ ਦੁਖਾਇਆ ਹੈ, ਤਾਂ ਆਪ ਜਾ ਕੇ ਉਸ ਨਾਲ ਗੱਲ ਕਰੋ ਅਤੇ ਸੁਲ੍ਹਾ ਕਰੋ।—ਮੱਤੀ 5:23, 24.b
ਹੋਰ ਸਿੱਖੋ
ਮੰਡਲੀ ਵਿਚ ਸ਼ਾਂਤੀ ਅਤੇ ਏਕਤਾ ਵਧਾਉਣ ਲਈ ਤੁਸੀਂ ਕੀ ਕਰ ਸਕਦੇ ਹੋ? ਆਓ ਜਾਣੀਏ।
4. ਪੱਖਪਾਤ ਕਰਨਾ ਛੱਡੋ
ਅਸੀਂ ਆਪਣੇ ਸਾਰੇ ਭੈਣਾਂ-ਭਰਾਵਾਂ ਨਾਲ ਪਿਆਰ ਤਾਂ ਕਰਨਾ ਚਾਹੁੰਦੇ ਹਾਂ, ਪਰ ਕੁਝ ਭੈਣ-ਭਰਾ ਸਾਡੇ ਤੋਂ ਵੱਖਰੇ ਹੁੰਦੇ ਹਨ ਜਿਸ ਕਰਕੇ ਸਾਨੂੰ ਉਨ੍ਹਾਂ ਨਾਲ ਦੋਸਤੀ ਕਰਨੀ ਔਖੀ ਲੱਗ ਸਕਦੀ ਹੈ। ਤਾਂ ਫਿਰ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਰਸੂਲਾਂ ਦੇ ਕੰਮ 10:34, 35 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਯਹੋਵਾਹ ਹਰ ਤਰ੍ਹਾਂ ਦੇ ਲੋਕਾਂ ਨੂੰ ਕਬੂਲ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਗਵਾਹ ਮੰਨਦਾ ਹੈ। ਤਾਂ ਫਿਰ ਸਾਨੂੰ ਉਨ੍ਹਾਂ ਲੋਕਾਂ ਬਾਰੇ ਕਿਹੋ ਜਿਹੀ ਸੋਚ ਰੱਖਣੀ ਚਾਹੀਦੀ ਹੈ ਜੋ ਸਾਡੇ ਤੋਂ ਵੱਖਰੇ ਹਨ?
ਤੁਹਾਡੇ ਇਲਾਕੇ ਵਿਚ ਕਿਨ੍ਹਾਂ ਲੋਕਾਂ ਨਾਲ ਪੱਖਪਾਤ ਕੀਤਾ ਜਾਂਦਾ ਹੈ? ਤੁਹਾਨੂੰ ਉਨ੍ਹਾਂ ਨਾਲ ਪੱਖਪਾਤ ਕਿਉਂ ਨਹੀਂ ਕਰਨਾ ਚਾਹੀਦਾ?
2 ਕੁਰਿੰਥੀਆਂ 6:11-13 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਤੁਸੀਂ ਕਿਵੇਂ ਉਨ੍ਹਾਂ ਭੈਣਾਂ-ਭਰਾਵਾਂ ਨਾਲ ਹੋਰ ਵੀ ਪਿਆਰ ਕਰ ਸਕਦੇ ਹੋ ਜੋ ਤੁਹਾਡੇ ਤੋਂ ਬਿਲਕੁਲ ਵੱਖਰੇ ਹਨ?
5. ਦਿਲੋਂ ਮਾਫ਼ ਕਰੋ ਅਤੇ ਸੁਲ੍ਹਾ ਕਰੋ
ਯਹੋਵਾਹ ਕਦੇ ਕੋਈ ਗ਼ਲਤੀ ਨਹੀਂ ਕਰਦਾ ਅਤੇ ਉਸ ਨੂੰ ਕਦੇ ਵੀ ਸਾਡੇ ਤੋਂ ਮਾਫ਼ੀ ਮੰਗਣ ਦੀ ਲੋੜ ਨਹੀਂ ਪੈਂਦੀ। ਫਿਰ ਵੀ ਜਦੋਂ ਅਸੀਂ ਗ਼ਲਤੀਆਂ ਕਰਦੇ ਹਾਂ, ਤਾਂ ਉਹ ਸਾਨੂੰ ਦਿਲ ਖੋਲ੍ਹ ਕੇ ਮਾਫ਼ ਕਰ ਦਿੰਦਾ ਹੈ। ਜ਼ਬੂਰ 86:5 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਇਸ ਆਇਤ ਤੋਂ ਸਾਨੂੰ ਮਾਫ਼ ਕਰਨ ਦੇ ਮਾਮਲੇ ਵਿਚ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?
ਤੁਸੀਂ ਕਿਉਂ ਇਸ ਗੱਲ ਲਈ ਯਹੋਵਾਹ ਦੇ ਅਹਿਸਾਨਮੰਦ ਹੋ ਕਿ ਉਹ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ?
ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖਣੀ ਕਦੋਂ ਔਖੀ ਹੋ ਸਕਦੀ ਹੈ?
ਅਸੀਂ ਯਹੋਵਾਹ ਦੀ ਰੀਸ ਕਰਨੀ ਚਾਹੁੰਦੇ ਹਾਂ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਮਿਲ-ਜੁਲ ਕੇ ਰਹਿਣਾ ਚਾਹੁੰਦੇ ਹਾਂ। ਇਸ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਕਹਾਉਤਾਂ 19:11 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਜਦੋਂ ਕੋਈ ਸਾਨੂੰ ਖਿੱਝ ਚੜ੍ਹਾਉਂਦਾ ਹੈ ਜਾਂ ਸਾਨੂੰ ਠੇਸ ਪਹੁੰਚਾਉਂਦਾ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ?
ਕਦੇ-ਕਦੇ ਅਸੀਂ ਦੂਜਿਆਂ ਨੂੰ ਠੇਸ ਪਹੁੰਚਾਉਂਦੇ ਹਾਂ। ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹੈ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਵੀਡੀਓ ਵਿਚ ਇਕ ਭੈਣ ਨੇ ਸੁਲ੍ਹਾ ਕਰਨ ਲਈ ਕੀ ਕੀਤਾ?
6. ਆਪਣੇ ਭੈਣਾਂ-ਭਰਾਵਾਂ ਵਿਚ ਖ਼ੂਬੀਆਂ ਦੇਖੋ
ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਜਾਣਨ ਲੱਗਦੇ ਹਾਂ, ਤਾਂ ਸਾਨੂੰ ਉਨ੍ਹਾਂ ਦੀਆਂ ਖ਼ੂਬੀਆਂ ਦੇ ਨਾਲ-ਨਾਲ ਉਨ੍ਹਾਂ ਦੀਆਂ ਕਮੀਆਂ ਵੀ ਨਜ਼ਰ ਆਉਣ ਲੱਗਦੀਆਂ ਹਨ। ਪਰ ਅਸੀਂ ਉਨ੍ਹਾਂ ਦੀਆਂ ਖ਼ੂਬੀਆਂ ʼਤੇ ਧਿਆਨ ਕਿਵੇਂ ਲਾ ਸਕਦੇ ਹਾਂ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਭੈਣਾਂ-ਭਰਾਵਾਂ ਦੀਆਂ ਖ਼ੂਬੀਆਂ ʼਤੇ ਧਿਆਨ ਲਾਉਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?
ਯਹੋਵਾਹ ਸਾਡੀਆਂ ਖ਼ੂਬੀਆਂ ਵੱਲ ਧਿਆਨ ਦਿੰਦਾ ਹੈ। 2 ਇਤਿਹਾਸ 16:9ੳ ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਇਹ ਜਾਣ ਕੇ ਤੁਹਾਨੂੰ ਕਿੱਦਾਂ ਲੱਗਦਾ ਹੈ ਕਿ ਯਹੋਵਾਹ ਤੁਹਾਡੀਆਂ ਖ਼ੂਬੀਆਂ ʼਤੇ ਧਿਆਨ ਲਾਉਂਦਾ ਹੈ?
ਕੁਝ ਲੋਕਾਂ ਦਾ ਕਹਿਣਾ ਹੈ: “ਮਾਫ਼ ਤਾਂ ਮੈਂ ਕਰ ਦੇਵਾਂ, ਪਰ ਪਹਿਲਾਂ ਉਹ ਮਾਫ਼ੀ ਦੇ ਕਾਬਲ ਤਾਂ ਬਣੇ।”
ਸਾਨੂੰ ਕਿਉਂ ਦੂਜਿਆਂ ਨੂੰ ਮਾਫ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ?
ਹੁਣ ਤਕ ਅਸੀਂ ਸਿੱਖਿਆ
ਸਾਨੂੰ ਆਪਣੇ ਸਾਰੇ ਭੈਣਾਂ-ਭਰਾਵਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਮਾਫ਼ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਮੰਡਲੀ ਵਿਚ ਏਕਤਾ ਬਣਾਈ ਰੱਖ ਸਕਦੇ ਹਾਂ।
ਤੁਸੀਂ ਕੀ ਕਹੋਗੇ?
ਤੁਸੀਂ ਪੱਖਪਾਤ ਕਰਨਾ ਕਿਵੇਂ ਛੱਡ ਸਕਦੇ ਹੋ?
ਜੇ ਕਿਸੇ ਭੈਣ ਜਾਂ ਭਰਾ ਨਾਲ ਤੁਹਾਡੀ ਅਣਬਣ ਹੋ ਜਾਵੇ, ਤਾਂ ਤੁਸੀਂ ਕੀ ਕਰੋਗੇ?
ਤੁਸੀਂ ਕਿਉਂ ਯਹੋਵਾਹ ਵਾਂਗ ਦੂਜਿਆਂ ਨੂੰ ਮਾਫ਼ ਕਰਨਾ ਚਾਹੁੰਦੇ ਹੋ?
ਇਹ ਵੀ ਦੇਖੋ
ਦੇਖੋ ਕਿ ਯਿਸੂ ਦੀ ਦਿੱਤੀ ਇਕ ਮਿਸਾਲ ਦੂਜਿਆਂ ਵਿਚ ਨੁਕਸ ਨਾ ਕੱਢਣ ਵਿਚ ਕਿਵੇਂ ਸਾਡੀ ਮਦਦ ਕਰ ਸਕਦੀ ਹੈ।
ਕੀ ਸਾਨੂੰ ਉਦੋਂ ਵੀ ਮਾਫ਼ੀ ਮੰਗਣ ਦੀ ਲੋੜ ਹੈ ਜਦੋਂ ਸਾਨੂੰ ਲੱਗੇ ਕਿ ਸਾਡੀ ਤਾਂ ਕੋਈ ਗ਼ਲਤੀ ਹੀ ਨਹੀਂ ਹੈ?
“ਮਾਫ਼ੀ ਮੰਗਣ ਨਾਲ ਸੁਲ੍ਹਾ ਹੋ ਸਕਦੀ ਹੈ” (ਪਹਿਰਾਬੁਰਜ, 1 ਨਵੰਬਰ 2002)
ਦੇਖੋ ਕਿ ਕੁਝ ਜਣਿਆਂ ਨੇ ਦੂਜਿਆਂ ਨਾਲ ਬਿਨਾਂ ਪੱਖਪਾਤ ਕੀਤਿਆਂ ਪੇਸ਼ ਆਉਣਾ ਕਿਵੇਂ ਸਿੱਖਿਆ।
ਜੇ ਅਸੀਂ ਆਪਣੇ ਝਗੜੇ ਨਹੀਂ ਸੁਲਝਾਉਂਦੇ, ਤਾਂ ਮੰਡਲੀ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਜਾਣੋ ਕਿ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਇਸ ਤਰ੍ਹਾਂ ਨਾ ਹੋਵੇ।
a ਹੋਰ ਜਾਣਕਾਰੀ 6 ਵਿਚ ਦੱਸਿਆ ਹੈ ਕਿ ਜੇ ਕਿਸੇ ਮਸੀਹੀ ਨੂੰ ਕੋਈ ਛੂਤ ਦੀ ਬੀਮਾਰੀ ਹੈ, ਤਾਂ ਭੈਣਾਂ-ਭਰਾਵਾਂ ਲਈ ਪਿਆਰ ਹੋਣ ਕਰਕੇ ਉਹ ਕੀ ਕਰੇਗਾ ਤੇ ਕੀ ਨਹੀਂ ਕਰੇਗਾ।
b ਹੋਰ ਜਾਣਕਾਰੀ 7 ਵਿਚ ਦੱਸਿਆ ਗਿਆ ਹੈ ਕਿ ਬਿਜ਼ਨਿਸ ਅਤੇ ਕਾਨੂੰਨੀ ਮਾਮਲਿਆਂ ਨੂੰ ਕਿਵੇਂ ਸੁਲਝਾਇਆ ਜਾ ਸਕਦਾ ਹੈ।