ਗੱਲਬਾਤ ਸ਼ੁਰੂ ਕਰਨੀ
ਪਾਠ 3
ਦਿਆਲੂ ਬਣੋ
ਅਸੂਲ: “ਪਿਆਰ . . . ਦਿਆਲੂ ਹੈ।”—1 ਕੁਰਿੰ. 13:4.
ਯਿਸੂ ਨੇ ਕੀ ਕੀਤਾ?
1. ਵੀਡੀਓ ਦੇਖੋ ਜਾਂ ਯੂਹੰਨਾ 9:1-7 ਪੜ੍ਹੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:
ੳ. ਯਿਸੂ ਨੇ ਪਹਿਲਾਂ ਕੀ ਕੀਤਾ—ਅੰਨ੍ਹੇ ਆਦਮੀ ਨੂੰ ਠੀਕ ਕੀਤਾ ਜਾਂ ਉਸ ਨੂੰ ਖ਼ੁਸ਼ ਖ਼ਬਰੀ ਸੁਣਾਈ?—ਯੂਹੰਨਾ 9:35-38 ਦੇਖੋ।
ਅ. ਯਿਸੂ ਨੇ ਉਸ ਆਦਮੀ ਲਈ ਜੋ ਕੀਤਾ, ਉਸ ਕਰਕੇ ਉਹ ਖ਼ੁਸ਼ ਖ਼ਬਰੀ ਸੁਣਨ ਲਈ ਤਿਆਰ ਕਿਉਂ ਹੋ ਗਿਆ?
ਅਸੀਂ ਯਿਸੂ ਤੋਂ ਕੀ ਸਿੱਖਦੇ ਹਾਂ?
2. ਜਦੋਂ ਕਿਸੇ ਵਿਅਕਤੀ ਨੂੰ ਲੱਗੇਗਾ ਕਿ ਅਸੀਂ ਉਸ ਦੀ ਪਰਵਾਹ ਕਰਦੇ ਹਾਂ, ਤਾਂ ਉਹ ਸਾਡਾ ਸੰਦੇਸ਼ ਸੁਣਨ ਲਈ ਤਿਆਰ ਹੋ ਜਾਵੇਗਾ।
ਯਿਸੂ ਦੀ ਰੀਸ ਕਰੋ
3. ਵਿਅਕਤੀ ਨਾਲ ਹਮਦਰਦੀ ਰੱਖੋ। ਸੋਚੋ ਕਿ ਜੇ ਤੁਸੀਂ ਉਸ ਦੀ ਜਗ੍ਹਾ ਹੁੰਦੇ, ਤਾਂ ਤੁਹਾਨੂੰ ਕਿੱਦਾਂ ਲੱਗਦਾ।
ੳ. ਆਪਣੇ ਆਪ ਤੋਂ ਪੁੱਛੋ: ‘ਉਸ ਨੂੰ ਕਿਹੜੀਆਂ ਗੱਲਾਂ ਦੀ ਚਿੰਤਾ ਹੋ ਸਕਦੀ ਹੈ? ਕਿਹੜੀ ਗੱਲ ਤੋਂ ਉਸ ਨੂੰ ਫ਼ਾਇਦਾ ਹੋਵੇਗਾ ਤੇ ਕਿਹੜੀ ਗੱਲ ਉਸ ਦੇ ਦਿਲ ਨੂੰ ਛੂਹ ਸਕਦੀ ਹੈ?’ ਇੱਦਾਂ ਕਰਨ ਨਾਲ ਤੁਸੀਂ ਉਸ ਵਿਅਕਤੀ ਦੀਆਂ ਭਾਵਨਾਵਾਂ ਸਮਝ ਪਾਓਗੇ ਤੇ ਉਸ ਦੀ ਦਿਲੋਂ ਪਰਵਾਹ ਕਰ ਰਹੇ ਹੋਵੋਗੇ।
ਅ. ਜਦੋਂ ਕੋਈ ਵਿਅਕਤੀ ਤੁਹਾਨੂੰ ਦੱਸਦਾ ਹੈ ਕਿ ਉਸ ਨੂੰ ਕਿਸ ਗੱਲ ਦੀ ਚਿੰਤਾ ਹੈ ਜਾਂ ਉਹ ਆਪਣੀ ਕਿਸੇ ਮੁਸ਼ਕਲ ਬਾਰੇ ਦੱਸਦਾ ਹੈ, ਤਾਂ ਗੱਲ ਨੂੰ ਬਦਲੋ ਨਾ। ਉਸ ਦੀ ਗੱਲ ਧਿਆਨ ਨਾਲ ਸੁਣ ਕੇ ਤੁਸੀਂ ਦਿਖਾ ਰਹੇ ਹੋਵੋਗੇ ਕਿ ਤੁਹਾਨੂੰ ਉਸ ਦੀ ਪਰਵਾਹ ਹੈ।
4. ਪਿਆਰ ਤੇ ਆਦਰ ਨਾਲ ਗੱਲ ਕਰੋ। ਜੇ ਤੁਹਾਨੂੰ ਕਿਸੇ ਨਾਲ ਹਮਦਰਦੀ ਹੈ ਅਤੇ ਤੁਸੀਂ ਸੱਚੀਂ ਉਸ ਦੀ ਮਦਦ ਕਰਨੀ ਚਾਹੁੰਦੇ ਹੋ, ਤਾਂ ਇਹ ਤੁਹਾਡੇ ਬੋਲਣ ਦੇ ਤਰੀਕੇ ਤੋਂ ਦਿਸੇਗਾ। ਸੋਚੋ ਕਿ ਤੁਸੀਂ ਕੀ ਬੋਲੋਗੇ ਤੇ ਕਿੱਦਾਂ ਬੋਲੋਗੇ। ਇੱਦਾਂ ਦੀਆਂ ਗੱਲਾਂ ਨਾ ਕਰੋ ਜਿਨ੍ਹਾਂ ਕਰਕੇ ਵਿਅਕਤੀ ਨੂੰ ਬੁਰਾ ਲੱਗ ਸਕਦਾ ਹੈ।
5. ਮਦਦ ਕਰਨ ਲਈ ਤਿਆਰ ਰਹੋ। ਦੇਖੋ ਕਿ ਵਿਅਕਤੀ ਨੂੰ ਕਿਹੜੀ ਮਦਦ ਦੀ ਲੋੜ ਹੈ ਤੇ ਫਿਰ ਉਸ ਦੀ ਮਦਦ ਕਰਨ ਲਈ ਤਿਆਰ ਰਹੋ। ਇੱਦਾਂ ਕਰਨ ਨਾਲ ਹੋ ਸਕਦਾ ਹੈ ਕਿ ਉਹ ਤੁਹਾਡੀ ਗੱਲ ਸੁਣਨ ਲਈ ਤਿਆਰ ਹੋ ਜਾਵੇ।