ਧਰਮ—ਇਕ ਵਰਜਿਤ ਵਿਸ਼ਾ?
“ਦੋ ਵਿਸ਼ੇ ਹਨ ਜਿਨ੍ਹਾਂ ਬਾਰੇ ਮੈਂ ਕਦੇ ਚਰਚਾ ਨਹੀਂ ਕਰਦਾ: ਧਰਮ ਅਤੇ ਰਾਜਨੀਤੀ!” ਇਹ ਇਕ ਆਮ ਪ੍ਰਤਿਕ੍ਰਿਆ ਹੈ ਜਦੋਂ ਯਹੋਵਾਹ ਦੇ ਗਵਾਹ ਦੂਸਰਿਆਂ ਨਾਲ ਬਾਈਬਲ ਬਾਰੇ ਗੱਲ-ਬਾਤ ਕਰਦੇ ਹਨ। ਅਤੇ ਅਜਿਹਾ ਦ੍ਰਿਸ਼ਟੀਕੋਣ ਸਮਝਿਆ ਜਾ ਸਕਦਾ ਹੈ।
ਜਦੋਂ ਲੋਕ ਰਾਜਨੀਤੀ ਬਾਰੇ ਬਹਿਸ ਕਰਦੇ ਹਨ, ਤਾਂ ਸੰਭਵ ਹੈ ਕਿ ਉਹ ਆਪੇ ਤੋਂ ਬਾਹਰ ਹੋ ਜਾਣ ਅਤੇ ਝਗੜਾ ਸ਼ੁਰੂ ਹੋ ਜਾਵੇ। ਬਹੁਤ ਲੋਕ ਖੋਖਲੇ ਵਾਅਦਿਆਂ ਨੂੰ ਤਾੜ ਲੈਂਦੇ ਹਨ ਅਤੇ ਸਮਝ ਜਾਂਦੇ ਹਨ ਕਿ ਸਿਆਸਤਦਾਨ ਅਕਸਰ ਕੇਵਲ ਤਾਕਤ, ਪ੍ਰਸਿੱਧੀ, ਅਤੇ ਧਨ ਦੀ ਹੀ ਭਾਲ ਕਰਦੇ ਹਨ। ਇਹ ਦੁੱਖ ਦੀ ਗੱਲ ਹੈ ਕਿ ਰਾਜਨੀਤਿਕ ਮਤ-ਭੇਦ ਕਦੇ-ਕਦੇ ਹਿੰਸਾ ਵੱਲ ਲੈ ਜਾਂਦੇ ਹਨ।
‘ਪਰੰਤੂ,’ ਤੁਸੀਂ ਸ਼ਾਇਦ ਤਰਕ ਕਰੋ, ‘ਕੀ ਇਹੀ ਗੱਲ ਧਰਮ ਬਾਰੇ ਸੱਚ ਨਹੀਂ? ਕੀ ਧਾਰਮਿਕ ਜੋਸ਼ ਨੇ ਵਰਤਮਾਨ-ਦਿਨ ਦੇ ਕਈ ਝਗੜਿਆਂ ਨੂੰ ਸ਼ੁਰੂ ਨਹੀਂ ਕੀਤਾ ਹੈ?’ ਉੱਤਰੀ ਆਇਰ-ਲੈਂਡ ਵਿਚ, ਰੋਮਨ ਕੈਥੋਲਿਕ ਅਤੇ ਪ੍ਰੋਟੈਸਟੈਂਟ ਲੰਮੇ ਸਮੇਂ ਤੋਂ ਇਕ ਦੂਸਰੇ ਦੇ ਵਿਰੁੱਧ ਰਹੇ ਹਨ। ਬਾਲਕਨ ਵਿਚ, ਪੂਰਬੀ ਆਰਥੋਡਾਕਸ ਗਿਰਜੇ ਦੇ ਸਦੱਸ, ਰੋਮਨ ਕੈਥੋਲਿਕ, ਅਤੇ ਦੂਸਰੇ ਲੋਕ ਜ਼ਮੀਨ ਲਈ ਬਿਦਦੇ ਹਨ। ਨਤੀਜਾ? ਜ਼ੁਲਮ ਅਤੇ ਲਗਾਤਾਰ ਖੁੰਦਕ।
ਮੌਤ ਦੇ ਖ਼ਤਰੇ ਦਾ ਸਾਮ੍ਹਣਾ ਕਰਦੇ ਹੋਏ, ਬਹੁਤੇਰੇ ਆਪਣੇ ਅਤੇ ਆਪਣੇ ਪਰਿਵਾਰ ਦੇ ਨਿੱਜੀ ਵਿਸ਼ਵਾਸਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ। ਅਫ਼ਰੀਕਾ ਵਿਚ, ਮਸੀਹੀ-ਜਗਤ ਦੇ ਲੋਕਾਂ ਅਤੇ ਦੂਸਰੇ ਵਿਦੇਸ਼ੀ ਅਤੇ ਨਾਲ ਹੀ ਨਸਲੀ ਧਰਮਾਂ ਦੇ ਪੈਰੋਕਾਰਾਂ ਦੇ ਵਿਚਕਾਰ ਸਦੀਆਂ ਤੋਂ ਚਲ ਰਹੀ ਦੁਸ਼ਮਣੀ ਨੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਦੋ-ਦੋ ਨਾਂ ਦੇਣ ਜੋ ਕੁਝ ਹੱਦ ਤਕ ਉਨ੍ਹਾਂ ਦੀ ਹਿਫ਼ਾਜ਼ਤ ਕਰਨ, ਅਤੇ ਇਹ ਰੀਤ ਅੱਜ ਤਕ ਚਲੀ ਆ ਰਹੀ ਹੈ। ਇਸ ਤਰ੍ਹਾਂ, ਇਕ ਨੌਜਵਾਨ ਇਕ ਨਾਂ ਦੇ ਬਦਲੇ ਦੂਸਰੇ ਨਾਂ ਦੀ ਵਰਤੋਂ ਕਰ ਕੇ, ਆਪਣੇ ਆਪ ਨੂੰ ਜਾਂ ਤਾਂ ਗਿਰਜੇ ਦੇ ਇਕ ਸਦੱਸ ਦੇ ਤੌਰ ਤੇ, ਜਾਂ ਕਿਸੇ ਦੂਸਰੇ ਧਰਮ ਨੂੰ ਮੰਨਣ ਵਾਲੇ ਦੇ ਤੌਰ ਤੇ ਪੇਸ਼ ਕਰ ਸਕਦਾ ਹੈ। ਜਦੋਂ ਕਿ ਇਕ ਵਿਅਕਤੀ ਦੇ ਧਾਰਮਿਕ ਵਿਸ਼ਵਾਸ ਉਸ ਦੀ ਮੌਤ ਦਾ ਕਾਰਨ ਬਣ ਸਕਦੇ ਹਨ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਹ ਖੁਲ੍ਹੇ-ਆਮ ਧਰਮ ਦੀ ਚਰਚਾ ਕਰਨ ਤੋਂ ਹਿਚਕਿਚਾਉਂਦਾ ਹੈ।
ਦੂਸਰਿਆਂ ਵਾਸਤੇ, ਧਰਮ ਇਕ ਵਰਜਿਤ ਵਿਸ਼ਾ ਹੈ ਭਾਵੇਂ ਕਿ ਉਨ੍ਹਾਂ ਦੀ ਜ਼ਿੰਦਗੀ ਨੂੰ ਕੋਈ ਖ਼ਤਰਾ ਨਹੀਂ ਹੈ। ਉਹ ਡਰਦੇ ਹਨ ਕਿ ਵੱਖਰੇ ਵਿਸ਼ਵਾਸ ਰੱਖਣ ਵਾਲੇ ਇਕ ਵਿਅਕਤੀ ਨਾਲ ਆਪਣੇ ਵਿਸ਼ਵਾਸਾਂ ਦੀ ਚਰਚਾ ਕਰਨਾ ਫਜ਼ੂਲ ਝਗੜੇ ਵੱਲ ਲੈ ਜਾਵੇਗਾ। ਕੁਝ ਹੋਰ ਹਨ ਜੋ ਮੰਨਦੇ ਹਨ ਕਿ ਸਾਰੇ ਧਰਮ ਚੰਗੇ ਹਨ। ਉਹ ਕਹਿੰਦੇ ਹਨ ਕਿ ਅਗਰ ਇਕ ਵਿਅਕਤੀ ਆਪਣੇ ਵਿਸ਼ਵਾਸਾਂ ਤੋਂ ਸੰਤੁਸ਼ਟ ਹੈ, ਤਾਂ ਮਤ-ਭੇਦਾਂ ਬਾਰੇ ਗੱਲ-ਬਾਤ ਕਰਨਾ ਇਕ ਵਿਅਰਥ ਅਭਿਆਸ ਹੈ।
ਧਰਮ ਦੇ ਮੂਲ ਦੇ ਸੰਜੀਦਾ ਵਿਦਿਆਰਥੀ ਵੀ ਆਪਸ ਵਿਚ ਮਤ-ਭੇਦ ਰੱਖਦੇ ਹਨ। ਧਰਮਾਂ ਦੇ ਅਧਿਐਨ ਅਤੇ ਵਰਗੀਕਰਣ ਬਾਰੇ ਇਕ ਲੇਖ ਵਿਚ, ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਸਵੀਕਾਰ ਕਰਦਾ ਹੈ: “[ਧਰਮ] ਦੇ ਮੂਲ ਬਾਰੇ ਵਿਦਵਾਨਾਂ ਦੇ ਵਿਚਕਾਰ ਘੱਟ ਹੀ ਕਦੇ ਸਰਬ-ਸੰਮਤੀ ਹੋਈ ਹੈ . . . ਇਸ ਲਈ, ਇਹ ਵਿਸ਼ਾ, ਆਪਣੇ ਪੂਰੇ ਇਤਿਹਾਸ ਵਿਚ, ਵਾਦ-ਵਿਵਾਦ ਵਿਚ ਉਲਝਿਆ ਰਿਹਾ ਹੈ।”
ਇਕ ਸ਼ਬਦ-ਕੋਸ਼ ਧਰਮ ਦੀ ਪਰਿਭਾਸ਼ਾ “ਮਨੁੱਖ ਵੱਲੋਂ ਇਕ ਪਰਾ-ਮਨੁੱਖੀ ਸ਼ਕਤੀ, ਜਿਸ ਨੂੰ ਵਿਸ਼ਵ ਦੇ ਸ੍ਰਿਸ਼ਟੀਕਰਤਾ ਅਤੇ ਪ੍ਰਬੰਧਕ ਵਜੋਂ ਮਾਨਤਾ ਦਿੱਤੀ ਜਾਂਦੀ ਹੈ, ਵਿਚ ਵਿਸ਼ਵਾਸ ਅਤੇ ਉਸ ਲਈ ਸ਼ਰਧਾ ਦੀ ਅਭਿਵਿਅਕਤੀ” ਦੇ ਤੌਰ ਤੇ ਦਿੰਦਾ ਹੈ। ਇਸ ਦਾ ਇਹ ਅਰਥ ਹੋਵੇਗਾ ਕਿ ਧਰਮ ਜੀਵਨ ਵਿਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਸੱਚ-ਮੁੱਚ ਹੀ, ਮਾਨਵ ਇਤਿਹਾਸ ਨੂੰ ਢਾਲਣ ਵਿਚ ਧਰਮ ਇਕ ਵਿਸ਼ਵ-ਵਿਆਪੀ ਤੱਤ ਰਿਹਾ ਹੈ। “ਅਜਿਹਾ ਕਦੇ ਕੋਈ ਸਮਾਜ ਨਹੀਂ ਹੋਇਆ,” ਆਕਸਫ਼ੋਰਡ ਇਲਸਟ੍ਰੇਟਿਡ ਐਨਸਾਈਕਲੋਪੀਡੀਆ ਆਫ਼ ਪੀਪਲਜ਼ ਐਂਡ ਕਲਚਰਜ਼ ਕਹਿੰਦਾ ਹੈ, “ਜਿਸ ਨੇ ਕਿਸੇ-ਨ-ਕਿਸੇ ਪ੍ਰਕਾਰ ਦੇ ਧਰਮ ਦੁਆਰਾ ਜੀਵਨ ਨੂੰ ਵਿਵਸਥਾ ਅਤੇ ਅਰਥ ਦੇਣ ਦੀ ਕੋਸ਼ਿਸ਼ ਨਾ ਕੀਤੀ ਹੋਵੇ।” ਕਿਉਂਕਿ ਜੀਵਨ ਦੀ “ਵਿਵਸਥਾ” ਅਤੇ “ਅਰਥ” ਵਰਗੀਆਂ ਮੂਲ ਗੱਲਾਂ ਸ਼ਾਮਲ ਹਨ, ਨਿਸ਼ਚੇ ਹੀ ਧਰਮ ਬਹਿਸ ਜਾਂ ਵਾਦ-ਵਿਵਾਦ ਤੋਂ ਅਧਿਕ ਕਿਸੇ ਚੀਜ਼ ਦੇ ਯੋਗ ਹੈ। ਯਕੀਨਨ, ਇਹ ਕਿਸੇ ਦੂਸਰੇ ਦੇ ਨਾਲ ਗੱਲ-ਬਾਤ ਕਰਨ—ਅਰਥਾਤ, ਇਕ ਮੁਕੰਮਲ ਚਰਚੇ—ਦੇ ਯੋਗ ਹੈ। ਪਰੰਤੂ, ਕਿਸ ਦੇ ਨਾਲ, ਅਤੇ ਇਸ ਤੋਂ ਕੀ ਲਾਭ ਹੋ ਸਕਦਾ ਹੈ? (w95 4/1)