ਧਰਮ ਦੇ ਬਾਰੇ ਚਰਚਾ ਕਰਨ ਤੋਂ ਕੀ ਲਾਭ ਹੋ ਸਕਦਾ ਹੈ?
ਮਾਪੇ ਉਤਸੁਕਤਾ ਨਾਲ ਆਪਣੇ ਬੱਚੇ ਦੇ ਪਹਿਲੇ ਸ਼ਬਦਾਂ ਲਈ ਉਡੀਕ ਕਰਦੇ ਹਨ। ਜਦੋਂ ਉਹ ਗੁੜਗੁੜ ਦੇ ਵਿਚਕਾਰ ਇਕ ਦੁਹਰਾਉ ਸ਼ਬਦ ਸੁਣਦੇ ਹਨ, ਸ਼ਾਇਦ “ਮਾਮਾ” ਜਾਂ “ਡਾਡਾ,” ਤਾਂ ਉਨ੍ਹਾਂ ਦੇ ਦਿਲਾਂ ਵਿਚ ਖ਼ੁਸ਼ੀ ਉਭਰ ਆਉਂਦੀ ਹੈ। ਉਹ ਛੇਤੀ ਨਾਲ ਦੋਸਤਾਂ ਅਤੇ ਗੁਆਂਢੀਆਂ ਦੋਹਾਂ ਨੂੰ ਇਹ ਖ਼ਬਰ ਦਿੰਦੇ ਹਨ। ਬੱਚੇ ਦਾ ਪਹਿਲਾ ਸੰਚਾਰ ਸੱਚ-ਮੁੱਚ ਹੀ ਇਕ ਖ਼ੁਸ਼ ਖ਼ਬਰੀ ਹੈ ਜੋ ਆਨੰਦ ਲਿਆਉਂਦੀ ਹੈ।
ਨੰਨ੍ਹੇ ਬੱਚੇ ਦੀਆਂ ਗਿਆਨ-ਇੰਦਰੀਆਂ ਦੁਆਰਾ ਲਈਆਂ ਗਈਆਂ ਆਵਾਜ਼ਾਂ, ਦ੍ਰਿਸ਼, ਅਤੇ ਮਹਿਕ ਇਕ ਪ੍ਰਤਿਕ੍ਰਿਆ ਉਕਸਾਉਂਦੇ ਹਨ। ਬੇਸ਼ੱਕ, ਪ੍ਰਤਿਕ੍ਰਿਆਵਾਂ ਵੱਖਰੋ-ਵੱਖਰੀਆਂ ਹੋ ਸਕਦੀਆਂ ਹਨ। ਪਰੰਤੂ ਜੇਕਰ, ਕੁਝ ਸਮੇਂ ਦੇ ਬਾਅਦ, ਇਕ ਬੱਚਾ ਇਨ੍ਹਾਂ ਉਤੇਜਨਾਵਾਂ ਦੇ ਪ੍ਰਤੀ ਪ੍ਰਤਿਕ੍ਰਿਆ ਨਾ ਦਿਖਾਵੇ, ਤਾਂ ਉਚਿਤ ਤੌਰ ਤੇ ਮਾਪਿਆਂ ਨੂੰ ਚਿੰਤਾ ਲੱਗ ਜਾਵੇਗੀ ਕਿ ਸ਼ਾਇਦ ਉਨ੍ਹਾਂ ਦੇ ਬੱਚੇ ਦੇ ਵਿਕਾਸ ਵਿਚ ਕੋਈ ਨੁਕਸ ਹੈ।
ਬੱਚੇ ਉਨ੍ਹਾਂ ਲੋਕਾਂ ਨੂੰ ਸਭ ਤੋਂ ਵਧ ਪ੍ਰਤਿਕ੍ਰਿਆ ਦਿਖਾਉਂਦੇ ਹਨ ਜਿਨ੍ਹਾਂ ਨੂੰ ਉਹ ਜਾਣਦੇ ਹਨ। ਜਦੋਂ ਮਾਂ ਬੱਚੇ ਨੂੰ ਲਾਡ ਕਰਦੀ ਹੈ, ਤਾਂ ਅਕਸਰ ਇਸ ਦਾ ਨਤੀਜਾ ਇਕ ਵੱਡੀ ਮੁਸਕਾਣ ਹੁੰਦਾ ਹੈ। ਪਰੰਤੂ, ਇਕ ਮੁਲਾਕਾਤ ਕਰਨ ਆਏ ਰਿਸ਼ਤੇਦਾਰ ਦੇ ਛੋਹਣ ਤੇ ਬੱਚਾ ਸ਼ਾਇਦ ਰੋਣ ਲੱਗ ਪਏ, ਇੱਥੋਂ ਤਕ ਕਿ ਉਹ ਉਸ ਦੁਆਰਾ ਉਠਾਏ ਜਾਣ ਨੂੰ ਬਿਲਕੁਲ ਹੀ ਕਬੂਲ ਨਾ ਕਰੇ। ਜ਼ਿਆਦਾਤਰ ਰਿਸ਼ਤੇਦਾਰ ਜਿਨ੍ਹਾਂ ਨੂੰ ਇਹ ਅਨੁਭਵ ਹੁੰਦਾ ਹੈ, ਹਾਰ ਨਹੀਂ ਮੰਨਦੇ ਹਨ। ਜਿਉਂ ਹੀ ਬੱਚਾ ਉਨ੍ਹਾਂ ਨੂੰ ਹੋਰ ਬਿਹਤਰ ਤਰੀਕੇ ਤੋਂ ਪਛਾਣਨ ਲੱਗਦਾ ਹੈ, ਤਾਂ ਉਹ ਓਪਰੇਪਣ ਦੀ ਦੀਵਾਰ ਨੂੰ ਡਿੱਗਦੇ ਹੋਏ ਦੇਖ ਕੇ ਆਨੰਦਿਤ ਹੁੰਦੇ ਹਨ, ਅਤੇ ਬੱਚੇ ਦੀ ਮੁਸਕਾਣ ਧੀਰੇ-ਧੀਰੇ ਵਾਪਸ ਆ ਜਾਂਦੀ ਹੈ।
ਇਸੇ ਪ੍ਰਕਾਰ, ਬਹੁਤ ਸਾਰੇ ਬਾਲਗ਼ ਵਿਅਕਤੀ ਆਪਣੇ ਧਾਰਮਿਕ ਵਿਸ਼ਵਾਸਾਂ ਦੀ ਅਜਿਹੇ ਵਿਅਕਤੀ ਨਾਲ ਚਰਚਾ ਕਰਨ ਤੋਂ ਹਿਚਕਿਚਾਉਂਦੇ ਹਨ ਜਿਸ ਦੇ ਨਾਲ ਉਨ੍ਹਾਂ ਦੀ ਲੰਮੇ ਸਮੇਂ ਤੋਂ ਵਾਕਫ਼ੀਅਤ ਨਹੀਂ ਹੈ। ਉਨ੍ਹਾਂ ਨੂੰ ਸ਼ਾਇਦ ਇਹ ਗੱਲ ਸਮਝ ਨਾ ਆਵੇ ਕਿ ਇਕ ਅਜਨਬੀ ਕਿਉਂ ਇਕ ਨਿੱਜੀ ਮਾਮਲੇ—ਧਰਮ—ਬਾਰੇ ਗੱਲ-ਬਾਤ ਕਰਨਾ ਚਾਹੇਗਾ। ਨਤੀਜਾ ਇਹ ਹੁੰਦਾ ਹੈ ਕਿ ਉਹ ਆਪਣੇ ਅਤੇ ਉਨ੍ਹਾਂ ਦੇ ਵਿਚਕਾਰ ਜੋ ਸ੍ਰਿਸ਼ਟੀਕਰਤਾ ਬਾਰੇ ਗੱਲ-ਬਾਤ ਕਰਦੇ ਹਨ, ਇਕ ਦੀਵਾਰ ਆਉਣ ਦਿੰਦੇ ਹਨ। ਉਹ ਉਸ ਚੀਜ਼ ਬਾਰੇ ਵੀ ਚਰਚਾ ਕਰਨ ਤੋਂ ਇਨਕਾਰ ਕਰ ਦਿੰਦੇ ਹਨ ਜੋ, ਆਖ਼ਰਕਾਰ, ਮਨੁੱਖਜਾਤੀ ਦੀ ਇਕ ਕੁਦਰਤੀ ਵਿਸ਼ੇਸ਼ਤਾ ਹੈ, ਅਰਥਾਤ ਉਪਾਸਨਾ ਕਰਨ ਦੀ ਇੱਛਾ।
ਅਸਲ ਵਿਚ, ਸਾਨੂੰ ਆਪਣੇ ਸ੍ਰਿਸ਼ਟੀਕਰਤਾ ਬਾਰੇ ਸਿਖਣ ਵਿਚ ਦਿਲਚਸਪੀ ਹੋਣੀ ਚਾਹੀਦੀ ਹੈ, ਅਤੇ ਦੂਸਰਿਆਂ ਨਾਲ ਗੱਲਾਂ-ਬਾਤਾਂ ਕਰਨ ਨਾਲ ਅਸੀਂ ਸਿਖਣ ਦੀ ਸਥਿਤੀ ਵਿਚ ਹੋ ਸਕਦੇ ਹਾਂ। ਇਹ ਇਸ ਲਈ ਹੈ ਕਿਉਂਕਿ ਲੰਮੇ ਸਮੇਂ ਤੋਂ ਪਰਮੇਸ਼ੁਰ ਦਾ ਸੰਬੰਧ ਖੁਲ੍ਹੇ ਸੰਚਾਰ ਨਾਲ ਜੋੜਿਆ ਗਿਆ ਹੈ। ਆਓ ਅਸੀਂ ਦੇਖੀਏ ਕਿਵੇਂ।
‘ਸੁਣੋ ਅਤੇ ਸਿੱਖੋ’
ਪਰਮੇਸ਼ੁਰ ਦਾ ਇਕ ਮਨੁੱਖ ਨਾਲ ਪਹਿਲਾ ਸੰਚਾਰ ਅਦਨ ਦੇ ਬਾਗ਼ ਵਿਚ ਆਦਮ ਦੇ ਨਾਲ ਸੀ। ਫਿਰ ਵੀ, ਆਦਮ ਅਤੇ ਹੱਵਾਹ ਦੇ ਪਾਪ ਕਰਨ ਮਗਰੋਂ, ਉਨ੍ਹਾਂ ਨੇ ਪਰਮੇਸ਼ੁਰ ਦੇ ਬੁਲਾਉਣ ਤੇ ਛਿਪਣਾ ਪਸੰਦ ਕੀਤਾ, ਜਦੋਂ ਉਹ ਉਨ੍ਹਾਂ ਦੇ ਨਾਲ ਹੋਰ ਸੰਚਾਰ ਕਰਨਾ ਚਾਹੁੰਦਾ ਸੀ। (ਉਤਪਤ 3:8-13) ਪਰੰਤੂ, ਬਾਈਬਲ ਵੇਰਵੇ ਸਹਿਤ ਉਨ੍ਹਾਂ ਆਦਮੀਆਂ ਅਤੇ ਔਰਤਾਂ ਬਾਰੇ ਗੱਲਾਂ ਦਰਜ ਕਰਦੀ ਹੈ ਜਿਨ੍ਹਾਂ ਨੇ ਪਰਮੇਸ਼ੁਰ ਵੱਲੋਂ ਸੰਚਾਰ ਦਾ ਸਵਾਗਤ ਕੀਤਾ।
ਪਰਮੇਸ਼ੁਰ ਨੇ ਨੂਹ ਨਾਲ ਉਸ ਦੇ ਦਿਨਾਂ ਦੇ ਦੁਸ਼ਟ ਸੰਸਾਰ ਉੱਤੇ ਆਉਣ ਵਾਲੇ ਨਾਸ਼ ਬਾਰੇ ਸੰਚਾਰ ਕੀਤਾ, ਜਿਸ ਪਿੱਛੋਂ ਨੂਹ “ਧਰਮ ਦਾ ਪਰਚਾਰਕ” ਬਣਿਆ। (2 ਪਤਰਸ 2:5) ਆਪਣੀ ਪੀੜ੍ਹੀ ਲਈ ਪਰਮੇਸ਼ੁਰ ਦੇ ਪ੍ਰਵਕਤਾ ਦੇ ਤੌਰ ਤੇ, ਨੂਹ ਨੇ ਨਾ ਕੇਵਲ ਮਨੁੱਖਾਂ ਨਾਲ ਪਰਮੇਸ਼ੁਰ ਦੇ ਵਰਤਾਉ ਵਿਚ ਨਿਹਚਾ ਪ੍ਰਦਰਸ਼ਿਤ ਕੀਤੀ, ਪਰੰਤੂ ਖ਼ੁਦ ਨੂੰ ਯਹੋਵਾਹ ਦੇ ਪੱਖ ਵਿਚ ਹੋਣ ਦਾ ਖੁਲ੍ਹੇ-ਆਮ ਐਲਾਨ ਵੀ ਕੀਤਾ। ਨੂਹ ਨੇ ਕੀ ਪ੍ਰਤਿਕ੍ਰਿਆ ਦੇਖੀ? ਅਫ਼ਸੋਸ, ਉਸ ਦੇ ਸਮਕਾਲੀਨ ਲੋਕਾਂ ਵਿੱਚੋਂ ਜ਼ਿਆਦਾਤਰ ਨੇ “ਕੋਈ ਧਿਆਨ ਨਹੀਂ ਦਿੱਤਾ ਜਦ ਤਕ ਪਰਲੋ ਆ ਕੇ ਉਨ੍ਹਾਂ ਸਭਨਾਂ ਨੂੰ ਰੁੜ੍ਹਾ ਕੇ ਨਾ ਲੈ ਗਈ।” (ਮੱਤੀ 24:37-39, ਨਿ ਵ) ਪਰੰਤੂ ਸਾਡੇ ਲਈ ਖ਼ੁਸ਼ੀ ਦੀ ਗੱਲ ਹੈ ਕਿ ਨੂਹ ਦੇ ਪਰਿਵਾਰ ਵਿੱਚੋਂ ਸੱਤ ਸਦੱਸਾਂ ਨੇ ਸੁਣਿਆ, ਪਰਮੇਸ਼ੁਰ ਦੀਆਂ ਹਿਦਾਇਤਾਂ ਨੂੰ ਮੰਨਿਆ, ਅਤੇ ਉਸ ਵਿਸ਼ਵ ਜਲ-ਪਰਲੋ ਵਿੱਚੋਂ ਬਚ ਨਿਕਲੇ। ਅੱਜ ਜੀਉਂਦੇ ਸਾਰੇ ਮਨੁੱਖ ਉਨ੍ਹਾਂ ਦੀ ਹੀ ਨਸਲ ਵਿੱਚੋਂ ਹਨ।
ਬਾਅਦ ਵਿਚ, ਪਰਮੇਸ਼ੁਰ ਨੇ ਲੋਕਾਂ ਦੀ ਇਕ ਪੂਰੀ ਕੌਮ, ਪ੍ਰਾਚੀਨ ਇਸਰਾਏਲ ਨਾਲ ਸੰਚਾਰ ਕੀਤਾ। ਮੂਸਾ ਦੇ ਦੁਆਰਾ, ਪਰਮੇਸ਼ੁਰ ਨੇ ਉਨ੍ਹਾਂ ਨੂੰ ਦਸ ਹੁਕਮ ਅਤੇ ਉੱਨੇ ਹੀ ਲਾਜ਼ਮੀ ਕਰੀਬ 600 ਹੋਰ ਨਿਯਮ ਦਿੱਤੇ। ਯਹੋਵਾਹ ਇਸਰਾਏਲੀਆਂ ਤੋਂ ਆਸ ਰੱਖਦਾ ਸੀ ਕਿ ਉਹ ਇਨ੍ਹਾਂ ਸਾਰਿਆਂ ਦੀ ਪਾਲਣਾ ਕਰਨਗੇ। ਮੂਸਾ ਨੇ ਨਿਰਦੇਸ਼ਿਤ ਕੀਤਾ ਕਿ ਸੱਤ ਵਰ੍ਹਿਆਂ ਵਿਚ ਇਕ ਵਾਰ, ਡੇਰਿਆਂ ਦੇ ਸਾਲਾਨਾ ਪਰਬ ਦੇ ਦੌਰਾਨ, ਪਰਮੇਸ਼ੁਰ ਦੀ ਬਿਵਸਥਾ ਨੂੰ ਉੱਚੀ ਆਵਾਜ਼ ਵਿਚ ਪੜ੍ਹਿਆ ਜਾਣਾ ਚਾਹੀਦਾ ਸੀ। “ਪਰਜਾ ਨੂੰ ਇਕੱਠਾ ਕਰੋ,” ਉਸ ਨੇ ਹਿਦਾਇਤ ਕੀਤੀ, “ਮਨੁੱਖਾਂ, ਤੀਵੀਆਂ ਅਤੇ ਨਿਆਣਿਆਂ ਨੂੰ ਅਤੇ ਆਪਣੇ ਪਰਦੇਸੀ ਨੂੰ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ।” ਕਿਸ ਉਦੇਸ਼ ਲਈ? “ਤਾਂ ਜੋ ਓਹ ਸੁਣਨ ਅਤੇ ਸਿੱਖਣ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨ ਅਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ।” ਸਾਰਿਆਂ ਨੇ ਸੁਣਨਾ ਅਤੇ ਸਿਖਣਾ ਸੀ। ਜ਼ਰਾ ਕਲਪਨਾ ਕਰੋ ਕਿ ਉਨ੍ਹਾਂ ਨੇ ਸੁਣੀਆਂ ਹੋਈਆਂ ਗੱਲਾਂ ਬਾਰੇ ਚਰਚਾ ਕਰ ਕੇ ਕਿੰਨਾ ਆਨੰਦ ਮਾਣਿਆ ਹੋਵੇਗਾ!—ਬਿਵਸਥਾ ਸਾਰ 31:10-12.
ਪੰਜ ਸਦੀਆਂ ਤੋਂ ਵਧ ਸਮੇਂ ਬਾਅਦ, ਯਹੂਦਿਯਾ ਦੇ ਰਾਜਾ ਯਹੋਸ਼ਾਫ਼ਾਟ ਨੇ ਯਹੋਵਾਹ ਦੀ ਸ਼ੁੱਧ ਉਪਾਸਨਾ ਨੂੰ ਬਹਾਲ ਕਰਨ ਦੀ ਇਕ ਮੁਹਿੰਮ ਵਿਚ ਰਾਜਕੁਮਾਰਾਂ ਅਤੇ ਲੇਵੀਆਂ ਨੂੰ ਸੰਗਠਿਤ ਕੀਤਾ। ਇਨ੍ਹਾਂ ਮਨੁੱਖਾਂ ਨੇ ਯਹੂਦਿਯਾ ਦੇ ਸਾਰੇ ਨਗਰਾਂ ਵਿਚ ਯਾਤਰਾ ਕਰਦੇ ਹੋਏ, ਉੱਥੋਂ ਦੇ ਵਸਨੀਕਾਂ ਨੂੰ ਯਹੋਵਾਹ ਦੇ ਨਿਯਮ ਸਿਖਾਏ। ਇਨ੍ਹਾਂ ਨਿਯਮਾਂ ਦੀ ਖੁਲ੍ਹੇ-ਆਮ ਚਰਚਾ ਕਰਵਾ ਕੇ, ਰਾਜਾ ਨੇ ਸੱਚੀ ਉਪਾਸਨਾ ਲਈ ਆਪਣੀ ਦਲੇਰੀ ਪ੍ਰਦਰਸ਼ਿਤ ਕੀਤੀ। ਜਿੱਥੇ ਤਕ ਉਸ ਦੀ ਪਰਜਾ ਦਾ ਸਵਾਲ ਸੀ, ਉਨ੍ਹਾਂ ਨੇ ਸੁਣਨਾ ਅਤੇ ਸਿਖਣਾ ਸੀ।—2 ਇਤਹਾਸ 17:1-6, 9.
ਚਰਚਾ ਦੁਆਰਾ ਗਵਾਹੀ ਦੇਣਾ
ਪਰਮੇਸ਼ੁਰ ਨੇ ਆਪਣੇ ਪ੍ਰਵਕਤਾ ਦੇ ਤੌਰ ਤੇ ਆਪਣੇ ਪੁੱਤਰ, ਯਿਸੂ ਨੂੰ ਧਰਤੀ ਉੱਤੇ ਘੱਲਿਆ। (ਯੂਹੰਨਾ 1:14) ਜਿਉਂ ਹੀ ਤਿੰਨ ਚੇਲਿਆਂ ਨੇ ਆਪਣੇ ਸਾਮ੍ਹਣੇ ਯਿਸੂ ਦਾ ਰੂਪ ਬਦਲਦੇ ਦੇਖਿਆ, ਉਨ੍ਹਾਂ ਨੇ ਪਰਮੇਸ਼ੁਰ ਦੀ ਆਪਣੀ ਆਵਾਜ਼ ਨੂੰ ਘੋਸ਼ਿਤ ਕਰਦੇ ਹੋਏ ਸੁਣਿਆ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ। ਉਹ ਦੀ ਸੁਣੋ।” (ਮੱਤੀ 17:5) ਉਨ੍ਹਾਂ ਨੇ ਰਜ਼ਾਮੰਦੀ ਨਾਲ ਇਸ ਆਗਿਆ ਦੀ ਪਾਲਣਾ ਕੀਤੀ।
ਇਸੇ ਤਰ੍ਹਾਂ, ਯਿਸੂ ਨੇ ਆਪਣੇ ਰਸੂਲਾਂ ਨੂੰ ਨਿਰਦੇਸ਼ਿਤ ਕੀਤਾ ਕਿ ਉਹ ਦੂਸਰਿਆਂ ਨੂੰ ਪਰਮੇਸ਼ੁਰ ਦੇ ਉਦੇਸ਼ ਘੋਸ਼ਿਤ ਕਰਨ। ਪਰੰਤੂ ਜਦੋਂ ਧਰਤੀ ਉੱਤੇ ਸੇਵਕਾਈ ਦੇ ਛੇ-ਕੁ ਮਹੀਨੇ ਰਹਿ ਗਏ ਸਨ, ਤਾਂ ਯਿਸੂ ਨੇ ਦੱਸਿਆ ਕਿ ਸਵਰਗ ਦੇ ਰਾਜ ਦਾ ਪ੍ਰਚਾਰ ਦਾ ਕੰਮ ਇੰਨਾ ਵੱਡਾ ਹੈ ਕਿ ਹੋਰ ਚੇਲਿਆਂ ਦੀ ਲੋੜ ਹੋਵੇਗੀ। ਉਸ ਨੇ ਉਨ੍ਹਾਂ ਵਿੱਚੋਂ 70 ਜਣਿਆਂ ਨੂੰ ਸਿੱਖਿਆ ਦਿੱਤੀ ਕਿ ਅਜਨਬੀਆਂ ਨਾਲ ਕਿਵੇਂ ਪਰਮੇਸ਼ੁਰ ਦੇ ਰਾਜ ਦੀ ਚਰਚਾ ਕਰਨੀ ਹੈ, ਅਤੇ ਫਿਰ ਉਨ੍ਹਾਂ ਨੂੰ ਉਸ ਸੰਦੇਸ਼ ਨੂੰ ਖੁਲ੍ਹੇ-ਆਮ ਫੈਲਾਉਣ ਲਈ ਘੱਲਿਆ। (ਲੂਕਾ 10:1, 2, 9) ਸਵਰਗ ਵਿਚ ਆਪਣੇ ਪਿਤਾ ਕੋਲ ਮੁੜਨ ਤੋਂ ਥੋੜ੍ਹਾ ਸਮਾਂ ਪਹਿਲਾਂ, ਯਿਸੂ ਨੇ ਆਪਣੇ ਅਨੁਯਾਈਆਂ ਨੂੰ ਦੂਸਰਿਆਂ ਨਾਲ ਇਸ ਸੰਦੇਸ਼ ਬਾਰੇ ਗੱਲਾਂ ਕਰਨ ਵਿਚ ਪਹਿਲ ਕਰਨ ਲਈ ਉਤਸ਼ਾਹਿਤ ਕੀਤਾ, ਇੱਥੋਂ ਤਕ ਕਿ ਉਨ੍ਹਾਂ ਨੂੰ ਇਹ ਹੁਕਮ ਦਿੱਤਾ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ . . . ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਸੰਸਾਰ ਭਰ ਵਿਚ, ਅੱਜ ਸੱਚੇ ਮਸੀਹੀ ਆਪਣੇ ਗੁਆਂਢੀਆਂ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੀ ਚਰਚਾ ਕਰ ਕੇ ਉਸ ਸੌਂਪੇ ਹੋਏ ਕੰਮ ਨੂੰ ਪੂਰਾ ਕਰਦੇ ਹਨ। ਇਨ੍ਹਾਂ ਚਰਚਿਆਂ ਦੁਆਰਾ ਉਹ ਸ੍ਰਿਸ਼ਟੀਕਰਤਾ, ਯਹੋਵਾਹ ਦੇ ਬਾਰੇ ਸੱਚਾਈ ਉੱਤੇ ਗਵਾਹੀ ਦੇ ਸਕਦੇ ਹਨ।—ਮੱਤੀ 24:14.
ਸ਼ਾਂਤੀਪੂਰਣ, ਉਸਾਰੂ ਚਰਚੇ
ਯਿਸੂ ਦੇ ਚੇਲਿਆਂ ਨੇ ਕਿਸ ਢੰਗ ਨਾਲ ਆਪਣੇ ਵਿਸ਼ਵਾਸਾਂ ਦੀ ਚਰਚਾ ਦੂਸਰਿਆਂ ਨਾਲ ਕਰਨੀ ਸੀ? ਉਨ੍ਹਾਂ ਨੇ ਵਿਰੋਧੀਆਂ ਨੂੰ ਖਿਝਾਉਣਾ ਨਹੀਂ ਸੀ, ਅਤੇ ਨਾ ਹੀ ਵਿਰੋਧੀਆਂ ਨਾਲ ਬਹਿਸ ਕਰਨੀ ਸੀ। ਇਸ ਦੀ ਬਜਾਇ, ਉਨ੍ਹਾਂ ਨੇ ਉਨ੍ਹਾਂ ਦੀ ਭਾਲ ਕਰਨੀ ਸੀ ਜੋ ਖ਼ੁਸ਼ ਖ਼ਬਰੀ ਦਾ ਸਵਾਗਤ ਕਰਦੇ, ਅਤੇ ਫਿਰ ਇਸ ਦੀ ਪੁਸ਼ਟੀ ਵਿਚ ਸ਼ਾਸਤਰ ਤੋਂ ਪ੍ਰਮਾਣ ਪੇਸ਼ ਕਰਨਾ ਸੀ। ਨਿਸ਼ਚੇ ਹੀ, ਪਰਮੇਸ਼ੁਰ ਨੇ ਉਨ੍ਹਾਂ ਵਿਅਕਤੀਆਂ ਦੀਆਂ ਪ੍ਰਤਿਕ੍ਰਿਆਵਾਂ ਨੂੰ ਦੇਖਿਆ ਜੋ ਉਸ ਦੇ ਪੁੱਤਰ ਦੇ ਚੇਲਿਆਂ ਦੇ ਨਾਲ ਸੰਪਰਕ ਵਿਚ ਆਉਂਦੇ ਸਨ, ਠੀਕ ਜਿਵੇਂ ਯਿਸੂ ਨੇ ਕਿਹਾ ਸੀ: “ਜਿਹੜਾ ਤੁਹਾਨੂੰ ਕਬੂਲ ਕਰੇ ਉਹ ਮੈਨੂੰ ਕਬੂਲ ਕਰਦਾ ਹੈ ਅਤੇ ਜਿਹੜਾ ਮੈਨੂੰ ਕਬੂਲ ਕਰੇ ਉਹ ਮੇਰੇ ਘੱਲਣ ਵਾਲੇ ਨੂੰ ਕਬੂਲ ਕਰਦਾ ਹੈ।” (ਮੱਤੀ 10:40) ਉਹ ਕਿੰਨਾ ਹੀ ਵੱਡਾ ਠੁਕਰਾਅ ਸੀ ਜਦੋਂ ਯਿਸੂ ਦੇ ਸਮਕਾਲੀਨ ਲੋਕਾਂ ਵਿੱਚੋਂ ਜ਼ਿਆਦਾਤਰ ਨੇ ਉਸ ਦੇ ਸੰਦੇਸ਼ ਨੂੰ ਠੁਕਰਾਇਆ!
“ਇਹ ਜੋਗ ਨਹੀਂ ਹੈ ਜੋ ਪ੍ਰਭੁ ਦਾ ਦਾਸ ਝਗੜਾ ਕਰੇ,” ਮਸੀਹੀ ਰਸੂਲ ਪੌਲੁਸ ਨੇ ਸਲਾਹ ਦਿੱਤੀ। ਇਸ ਦੀ ਬਜਾਇ, ਉਹ “ਸਭਨਾਂ ਨਾਲ ਅਸੀਲ ਅਤੇ ਸਿੱਖਿਆ ਦੇਣ ਜੋਗ ਅਤੇ ਸਬਰ ਕਰਨ ਵਾਲਾ ਹੋਵੇ। ਅਤੇ ਜਿਹੜੇ ਸਾਹਮਣਾ ਕਰਦੇ ਹਨ ਓਹਨਾਂ ਨੂੰ ਨਰਮਾਈ ਨਾਲ ਤਾੜਨਾ ਕਰੇ ਭਈ ਕੀ ਜਾਣੀਏ ਜੋ ਪਰਮੇਸ਼ੁਰ ਓਹਨਾਂ ਨੂੰ ਤੋਬਾ ਕਰਨੀ ਬਖ਼ਸ਼ੇ ਭਈ ਸਤ ਦੇ ਗਿਆਨ ਨੂੰ ਪਰਾਪਤ ਕਰਨ।” (2 ਤਿਮੋਥਿਉਸ 2:24, 25) ਪੌਲੁਸ ਨੇ ਜਿਸ ਢੰਗ ਨਾਲ ਅਥੇਨੈ, ਯੂਨਾਨ, ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਈ, ਉਹ ਇਕ ਵਧੀਆ ਉਦਾਹਰਣ ਪੇਸ਼ ਕਰਦਾ ਹੈ। ਉਸ ਨੇ ਯਹੂਦੀਆਂ ਨਾਲ ਉਨ੍ਹਾਂ ਦੇ ਸਭਾ-ਘਰ ਵਿਚ ਤਰਕ ਕੀਤਾ। ਉਸ ਨੇ ਪ੍ਰਤਿਦਿਨ ਬਾਜ਼ਾਰ ਵਿਚ “ਉਨ੍ਹਾਂ ਨਾਲ ਜੋ ਉਸ ਨੂੰ ਮਿਲਦੇ ਸਨ” ਗੱਲਾਂ ਕੀਤੀਆਂ। ਬੇਸ਼ੱਕ, ਭਾਵੇਂ ਕਈਆਂ ਨੂੰ ਕੇਵਲ ਨਵੇਂ ਵਿਚਾਰ ਸੁਣਨ ਵਿਚ ਹੀ ਦਿਲਚਸਪੀ ਸੀ, ਪੌਲੁਸ ਨੇ ਸਿੱਧੇ ਅਤੇ ਕਿਰਪਾਲੂ ਢੰਗ ਨਾਲ ਗੱਲਾਂ ਕੀਤੀਆਂ। ਉਸ ਨੇ ਆਪਣੇ ਸੁਣਨ ਵਾਲਿਆਂ ਨਾਲ ਪਰਮੇਸ਼ੁਰ ਦੇ ਸੰਦੇਸ਼ ਦੀ ਚਰਚਾ ਕੀਤੀ, ਜੋ ਉਨ੍ਹਾਂ ਨੂੰ ਪਸ਼ਚਾਤਾਪ ਕਰਨ ਲਈ ਉਕਸਾਉਂਦਾ ਸੀ। ਉਨ੍ਹਾਂ ਦੀ ਪ੍ਰਤਿਕ੍ਰਿਆ ਲਗਭਗ ਅੱਜ-ਕਲ੍ਹ ਦੇ ਲੋਕਾਂ ਵਰਗੀ ਹੀ ਸੀ। “ਕਈ ਮਖੌਲ ਕਰਨ ਲੱਗੇ ਪਰ ਹੋਰਨਾਂ ਆਖਿਆ, ਅਸੀਂ ਇਹ ਗੱਲ ਤੈਥੋਂ ਕਦੇ ਫੇਰ ਸੁਣਾਂਗੇ।” ਪੌਲੁਸ ਨੇ ਚਰਚਾ ਨੂੰ ਹੋਰ ਲੰਮਾ ਖਿੱਚਣ ਦੀ ਕੋਸ਼ਿਸ਼ ਨਹੀਂ ਕੀਤੀ। ਆਪਣਾ ਸੰਦੇਸ਼ ਪ੍ਰਚਾਰ ਕਰਨ ਮਗਰੋਂ, ਉਹ “ਉਨ੍ਹਾਂ ਦੇ ਵਿੱਚੋਂ ਚੱਲਿਆ ਗਿਆ।”—ਰਸੂਲਾਂ ਦੇ ਕਰਤੱਬ 17:16-34.
ਬਾਅਦ ਵਿਚ, ਪੌਲੁਸ ਨੇ ਅਫ਼ਸੁਸ ਵਿਖੇ ਮਸੀਹੀ ਕਲੀਸਿਯਾ ਦੇ ਸਦੱਸਾਂ ਨੂੰ ਦੱਸਿਆ ਕਿ ਉਸ ਨੇ ‘ਭਲੇ ਦੀ ਕੋਈ ਗੱਲ ਦੱਸਣ ਵਿੱਚ ਕੁਝ ਫਰਕ ਨਹੀਂ ਕੀਤਾ ਸਗੋਂ ਖੁਲ੍ਹ ਕੇ ਅਤੇ ਘਰ ਘਰ ਉਪਦੇਸ਼ ਦਿੱਤਾ।’ ਇਸ ਤੋਂ ਇਲਾਵਾ, ਉਸ ਨੇ ‘ਯਹੂਦੀਆਂ ਅਤੇ ਯੂਨਾਨੀਆਂ ਨਾਲ ਪੂਰੀ ਚਰਚਾ ਕੀਤੀ ਕਿ ਪਰਮੇਸ਼ੁਰ ਦੇ ਅੱਗੇ ਤੋਬਾ ਕਰੋ ਅਰ ਯਿਸੂ ਮਸੀਹ ਉੱਤੇ ਨਿਹਚਾ ਕਰੋ।’—ਰਸੂਲਾਂ ਦੇ ਕਰਤੱਬ 20:20, 21.
ਇਹ ਸ਼ਾਸਤਰ-ਸੰਬੰਧੀ ਉਦਾਹਰਣਾਂ ਪ੍ਰਗਟ ਕਰਦੇ ਹਨ ਕਿ ਬਾਈਬਲ ਸਮਿਆਂ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਕਿਸ ਤਰ੍ਹਾਂ ਧਰਮ ਦੀ ਚਰਚਾ ਕਰਦੇ ਸਨ। ਇਸੇ ਤਰ੍ਹਾਂ ਅੱਜ, ਯਹੋਵਾਹ ਦੇ ਗਵਾਹ ਆਗਿਆਕਾਰੀ ਨਾਲ ਆਪਣੇ ਗੁਆਂਢੀਆਂ ਨਾਲ ਧਰਮ ਦੀ ਚਰਚਾ ਕਰਦੇ ਹਨ।
ਚਰਚੇ ਜੋ ਬਹੁਤ ਲਾਭਦਾਇਕ ਹਨ
‘ਪਰਮੇਸ਼ੁਰ ਦਾ ਬਚਨ ਸੁਣੋ।’ ‘ਉਸ ਦਿਆਂ ਹੁਕਮਾਂ ਨੂੰ ਸੁਣੋ।’ ਅਜਿਹੀਆਂ ਪ੍ਰੇਰਣਾਵਾਂ ਬਾਈਬਲ ਵਿਚ ਕਿੰਨੀਆਂ ਆਮ ਹਨ! ਤੁਸੀਂ ਇਨ੍ਹਾਂ ਬਾਈਬਲੀ ਨਿਰਦੇਸ਼ਨਾਂ ਦੇ ਪ੍ਰਤੀ ਪ੍ਰਤਿਕ੍ਰਿਆ ਦਿਖਾ ਸਕਦੇ ਹੋ ਜਦੋਂ ਅਗਲੀ ਵਾਰ ਯਹੋਵਾਹ ਦੇ ਗਵਾਹ ਤੁਹਾਡੇ ਨਾਲ ਗੱਲ ਕਰਨ। ਉਹ ਬਾਈਬਲ ਵਿੱਚੋਂ ਜੋ ਸੰਦੇਸ਼ ਤੁਹਾਡੇ ਕੋਲ ਲਿਆਉਂਦੇ ਹਨ, ਉਸ ਨੂੰ ਸੁਣੋ। ਇਹ ਸੰਦੇਸ਼ ਰਾਜਨੀਤਿਕ ਨਹੀਂ ਪਰੰਤੂ ਪਰਮੇਸ਼ੁਰ ਦੁਆਰਾ ਇਕ ਸਵਰਗੀ ਸਰਕਾਰ, ਉਸ ਦੇ ਰਾਜ ਦਾ ਸਮਰਥਨ ਕਰਦਾ ਹੈ। ਇਹ ਵਰਤਮਾਨ-ਦਿਨ ਦਿਆਂ ਝਗੜਿਆਂ ਦੇ ਕਾਰਨਾਂ ਨੂੰ ਹਟਾਉਣ ਲਈ ਪਰਮੇਸ਼ੁਰ ਦਾ ਵਸੀਲਾ ਹੈ। (ਦਾਨੀਏਲ 2:44) ਇਸ ਦੇ ਬਾਅਦ ਸਵਰਗ ਤੋਂ ਪਰਮੇਸ਼ੁਰ ਦਾ ਇਹ ਸ਼ਾਸਨ ਪੂਰੀ ਧਰਤੀ ਨੂੰ ਅਦਨ ਦੇ ਬਾਗ਼ ਵਰਗੇ ਇਕ ਪਰਾਦੀਸ ਵਿਚ ਪਰਿਵਰਤਿਤ ਕਰਨ ਦਾ ਪ੍ਰਬੰਧ ਕਰੇਗਾ।
ਇਕ ਸਾਬਕਾ ਪੁਲਸ ਡਿਟੈਕਟਿਵ ਨੇ ਅਕਸਰ ਸੁਣਨ ਤੋਂ ਇਨਕਾਰ ਕੀਤਾ ਜਦੋਂ ਯਹੋਵਾਹ ਦੇ ਗਵਾਹ ਉਸ ਨਾਲ ਬਾਈਬਲ ਦੇ ਬਾਰੇ ਗੱਲ ਕਰਦੇ ਸਨ। ਪਰੰਤੂ ਉਸ ਨੂੰ ਜਿੰਨਾ ਅਪਰਾਧ ਦੇ ਵਾਧੇ ਦਾ ਸਾਮ੍ਹਣਾ ਕਰਨਾ ਪੈਂਦਾ ਸੀ, ਉਹ ਜ਼ਿੰਦਗੀ ਤੋਂ ਨਿਰਾਸ਼ ਹੋ ਗਿਆ। ਇਸ ਲਈ ਉਸ ਨੇ ਅਗਲੇ ਆਉਣ ਵਾਲੇ ਗਵਾਹ ਨੂੰ ਕਿਹਾ ਕਿ ਉਹ ਬਾਈਬਲ ਸੰਦੇਸ਼ ਦੇ ਪ੍ਰਮਾਣ ਦੀ ਜਾਂਚ ਕਰੇਗਾ। ਨਤੀਜੇ ਵਜੋਂ ਬਾਕਾਇਦਾ ਚਰਚੇ ਸ਼ੁਰੂ ਹੋ ਗਏ। ਭਾਵੇਂ ਉਸ ਪੁਲਸ ਡਿਟੈਕਟਿਵ ਨੇ ਕਈ ਵਾਰ ਘਰ ਬਦਲਿਆ, ਫਿਰ ਵੀ ਗਵਾਹਾਂ ਨੇ ਚਰਚਿਆਂ ਨੂੰ ਜਾਰੀ ਰੱਖਣ ਲਈ ਖ਼ੁਸ਼ੀ-ਖ਼ੁਸ਼ੀ ਉਸ ਨਾਲ ਹਰ ਨਵੀਂ ਥਾਂ ਤੇ ਸੰਪਰਕ ਕਾਇਮ ਕੀਤਾ। ਆਖ਼ਰਕਾਰ ਉਸ ਅਫ਼ਸਰ ਨੇ ਕਬੂਲ ਕੀਤਾ: “ਮੈਂ ਜਿਸ ਪ੍ਰਮਾਣ ਦੀ ਭਾਲ ਕਰ ਰਿਹਾ ਸੀ ਉਹ ਸ਼ੁਰੂ ਤੋਂ ਹੀ ਇੱਥੇ ਪਵਿੱਤਰ ਸ਼ਾਸਤਰ ਵਿਚ ਹੀ ਸੀ। ਜੇਕਰ ਉਹ ਗਵਾਹ ਮੇਰੇ ਨਾਲ ਗੱਲ-ਬਾਤ ਕਰਨ ਵਿਚ ਜੁਟੇ ਨਾ ਰਹਿੰਦੇ, ਤਾਂ ਮੈਂ ਅਜੇ ਵੀ ਉੱਥੇ ਬਾਹਰ ਹੁੰਦਾ ਅਤੇ ਇਹ ਸੋਚ ਰਿਹਾ ਹੁੰਦਾ ਕਿ ਜੀਵਨ ਦਾ ਕੀ ਅਰਥ ਹੈ। ਸੱਚ ਤਾਂ ਇਹ ਹੈ ਕਿ ਮੈਂ ਸੱਚਾਈ ਬਾਰੇ ਸਿੱਖ ਲਿਆ ਹੈ, ਅਤੇ ਮੈਂ ਆਪਣੇ ਬਾਕੀ ਦੇ ਦਿਨ ਉਨ੍ਹਾਂ ਦੂਸਰਿਆਂ ਦੀ ਖੋਜ ਕਰਨ ਵਿਚ ਬਤੀਤ ਕਰਾਂਗਾ ਜੋ ਪਰਮੇਸ਼ੁਰ ਨੂੰ ਭਾਲ ਰਹੇ ਹਨ ਜਿਵੇਂ ਮੈਂ ਭਾਲ ਰਿਹਾ ਸੀ।”
ਦਿਲਚਸਪੀ ਰੱਖਣ ਵਾਲੇ ਸ੍ਰੋਤਾ ਸੱਚ-ਮੁੱਚ ਹੋਰ ਜਾਣਨ ਦੀ ਇੱਛਾ ਰੱਖਦੇ ਹਨ। ਉਹ ਉਚਿਤ ਤੌਰ ਤੇ ਉਨ੍ਹਾਂ ਵਿਸ਼ਵਾਸਾਂ ਦੇ ਲਈ ਆਧਾਰ ਦੀ ਆਸ ਰੱਖਦੇ ਹਨ ਜਿਹੜੇ ਕਿ ਉਨ੍ਹਾਂ ਨੂੰ ਪੇਸ਼ ਕੀਤੇ ਜਾਂਦੇ ਹਨ। (1 ਪਤਰਸ 3:15) ਜਿਵੇਂ ਕਿ ਇਕ ਛੋਟਾ ਬੱਚਾ ਆਪਣੇ ਮਾਪਿਆਂ ਨੂੰ ਸਵਾਲਾਂ ਉੱਤੇ ਸਵਾਲ ਪੁੱਛਦਾ ਹੈ ਅਤੇ ਉਨ੍ਹਾਂ ਕੋਲੋਂ ਜਵਾਬ ਦੀ ਆਸ ਰੱਖਦਾ ਹੈ, ਉਸੇ ਹੀ ਤਰ੍ਹਾਂ ਤੁਸੀਂ ਉਚਿਤ ਤੌਰ ਤੇ ਗਵਾਹਾਂ ਕੋਲੋਂ ਠੋਸ ਜਵਾਬ ਹਾਸਲ ਕਰਨ ਦੀ ਆਸ ਰੱਖਦੇ ਹੋ। ਤੁਸੀਂ ਨਿਸ਼ਚਿਤ ਰਹਿ ਸਕਦੇ ਹੋ ਕਿ ਉਹ ਖ਼ੁਸ਼ੀ ਨਾਲ ਵਾਪਸ ਆ ਕੇ ਤੁਹਾਡੇ ਨਾਲ ਬਾਈਬਲ ਸੰਦੇਸ਼ ਬਾਰੇ ਹੋਰ ਚਰਚਾ ਕਰਨਗੇ।
ਸ਼ਾਇਦ ਤੁਹਾਨੂੰ ਪਹਿਲਾਂ ਤੋਂ ਹੀ ਬਾਈਬਲ ਦੇ ਬਾਰੇ ਕੁਝ ਗਿਆਨ ਹੋਵੇ। ਤੁਹਾਨੂੰ ਸ਼ਾਇਦ ਇਹ ਅਹਿਸਾਸ ਹੈ ਕਿ ਪਰਮੇਸ਼ੁਰ ਤੁਹਾਡੇ ਤੋਂ ਜਿਨ੍ਹਾਂ ਚੀਜ਼ਾਂ ਦੀ ਆਸ ਰੱਖਦਾ ਹੈ, ਉਹ ਇਹ ਮੰਗ ਕਰਦੀਆਂ ਹਨ ਕਿ ਤੁਸੀਂ ਆਪਣੇ ਜੀਵਨ ਦੇ ਢੰਗ ਵਿਚ ਕੁਝ ਤਬਦੀਲੀਆਂ ਲਿਆਓ। ਅੱਗੇ ਵਧਣ ਤੋਂ ਨਾ ਹਿਚਕਿਚਾਓ, ਸਿਰਫ ਇਸ ਡਰ ਤੋਂ ਕਿ ਪਰਮੇਸ਼ੁਰ ਦੀਆਂ ਮੰਗਾਂ ਤੁਹਾਨੂੰ ਬਹੁਤ ਮਹਿੰਗੀਆਂ ਪੈਣਗੀਆਂ। ਉਹ ਕੇਵਲ ਸੱਚੀ ਖ਼ੁਸ਼ੀ ਹੀ ਲਿਆਉਣਗੀਆਂ। ਤੁਸੀਂ ਇਸ ਗੱਲ ਦੀ ਕਦਰ ਪਾਓਗੇ ਜਿਉਂ ਹੀ ਤੁਸੀਂ ਹੌਲੀ-ਹੌਲੀ ਤਰੱਕੀ ਕਰਦੇ ਜਾਓਗੇ।
ਪਹਿਲਾਂ ਤਾਂ, ਵਿਚਾਰ ਕਰੋ ਕਿ ਯਹੋਵਾਹ ਕੌਣ ਹੈ, ਉਹ ਤੁਹਾਡੇ ਤੋਂ ਕੀ ਆਸ ਰੱਖਦਾ ਹੈ, ਅਤੇ ਉਹ ਕੀ ਪੇਸ਼ ਕਰਦਾ ਹੈ। ਗਵਾਹਾਂ ਤੋਂ ਪੁੱਛੋ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ। ਉਹ ਜੋ ਕੁਝ ਕਹਿੰਦੇ ਹਨ ਉਸ ਨੂੰ ਆਪਣੀ ਬਾਈਬਲ ਦੀ ਕਾਪੀ ਵਿਚ ਪੜ੍ਹ ਕੇ ਦੇਖੋ। ਇਹ ਜਾਣਨ ਤੇ ਕਿ ਗਵਾਹ ਧਰਮ ਦੇ ਬਾਰੇ ਸੱਚਾਈ ਦੇ ਤੌਰ ਤੇ ਜੋ ਕੁਝ ਪੇਸ਼ ਕਰਦੇ ਹਨ ਉਹ ਤਰਕਸੰਗਤ ਹਨ, ਤੁਸੀਂ ਨਿਰਸੰਦੇਹ ਬਹੁਤ ਸਾਰੀਆਂ ਹੋਰ ਚੰਗੀਆਂ ਗੱਲਾਂ ਨੂੰ ਜਾਣਨਾ ਚਾਹੋਗੇ ਜੋ ਉਹ ਤੁਹਾਡੇ ਨਾਲ ਸ਼ਾਸਤਰ ਵਿੱਚੋਂ ਸਾਂਝਾ ਕਰ ਸਕਦੇ ਹਨ।—ਕਹਾਉਤਾਂ 27:17.
ਤੁਹਾਡਾ ਸਵਾਗਤ ਹੈ ਕਿ ਤੁਸੀਂ ਗਵਾਹਾਂ ਨੂੰ ਉਨ੍ਹਾਂ ਦੇ ਸਥਾਨਕ ਸਭਾ ਸਥਾਨ, ਅਰਥਾਤ ਰਾਜ ਗ੍ਰਹਿ ਵਿਖੇ ਜਾ ਕੇ ਦੇਖੋ। ਉੱਥੇ ਤੁਸੀਂ ਪਰਮੇਸ਼ੁਰ ਦੇ ਬਚਨ ਦਿਆਂ ਲਾਭਦਾਇਕ ਚਰਚਿਆਂ ਨੂੰ ਸੁਣੋਗੇ। ਤੁਸੀਂ ਦੇਖੋਗੇ ਕਿ ਉੱਥੇ ਹਾਜ਼ਰ ਸਾਰੇ ਲੋਕ ਇਕ ਦੂਸਰੇ ਨਾਲ ਪਰਮੇਸ਼ੁਰ ਦੇ ਉਦੇਸ਼ਾਂ ਬਾਰੇ ਗੱਲਾਂ ਕਰ ਕੇ ਕਿੰਨਾ ਆਨੰਦ ਮਾਣਦੇ ਹਨ। ਇਨ੍ਹਾਂ ਗਵਾਹਾਂ ਨੂੰ ਇਜਾਜ਼ਤ ਦਿਓ ਕਿ ਉਹ ਪਰਮੇਸ਼ੁਰ ਦੀ ਅੱਜ ਸਾਡੇ ਲਈ ਇੱਛਾ ਦੇ ਬਾਰੇ ਸੱਚਾਈ ਨੂੰ ਸਿਖਣ ਵਿਚ ਤੁਹਾਡੀ ਮਦਦ ਕਰਨ। ਪਰਮੇਸ਼ੁਰ ਵੱਲੋਂ ਸੱਚੀ ਉਪਾਸਨਾ ਦੇ ਬਾਰੇ ਚਰਚਾ ਕਰਨ ਦੇ ਨਿਮੰਤ੍ਰਣ ਦੇ ਪ੍ਰਤੀ ਪ੍ਰਤਿਕ੍ਰਿਆ ਦਿਖਾਓ ਅਤੇ ਉਸ ਦੀ ਮਨਜ਼ੂਰੀ ਨੂੰ, ਇੱਥੋਂ ਤਕ ਕਿ ਪਰਾਦੀਸ ਵਿਚ ਸਦੀਪਕ ਜੀਵਨ ਨੂੰ ਵੀ ਹਾਸਲ ਕਰੋ।—ਮਲਾਕੀ 3:16; ਯੂਹੰਨਾ 17:3. (w95 4/1)
[ਸਫ਼ੇ 5 ਉੱਤੇ ਤਸਵੀਰ]
ਨੂਹ ਨੇ ਪਰਮੇਸ਼ੁਰ ਦੇ ਉਦੇਸ਼ ਬਾਰੇ ਖੁਲ੍ਹੇ-ਆਮ ਗੱਲਾਂ ਕੀਤੀਆਂ
[ਸਫ਼ੇ 7 ਉੱਤੇ ਤਸਵੀਰਾਂ]
ਜਿਵੇਂ ਕਿ ਪੌਲੁਸ ਨੇ ਪ੍ਰਾਚੀਨ ਅਥੇਨੈ ਵਿਚ ਕੀਤਾ, ਯਹੋਵਾਹ ਦੇ ਗਵਾਹ ਦੂਸਰਿਆਂ ਨੂੰ ਬਾਈਬਲ ਸੱਚਾਈਆਂ ਸਿਖਾਉਂਦੇ ਹਨ