ਮਾਪਿਓ ਅਤੇ ਬੱਚਿਓ: ਪਰਮੇਸ਼ੁਰ ਨੂੰ ਪਹਿਲੀ ਥਾਂ ਦਿਓ!
“ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ।”—ਉਪਦੇਸ਼ਕ ਦੀ ਪੋਥੀ 12:13.
1. ਮਾਪਿਆਂ ਅਤੇ ਬੱਚਿਆਂ ਨੂੰ ਕਿਹੜਾ ਭੈ ਵਿਕਸਿਤ ਕਰਨ ਦੀ ਜ਼ਰੂਰਤ ਹੈ, ਅਤੇ ਇਹ ਉਨ੍ਹਾਂ ਲਈ ਕੀ ਕਰੇਗਾ?
ਯਿਸੂ ਮਸੀਹ ਦੇ ਬਾਰੇ ਇਕ ਭਵਿੱਖਬਾਣੀ ਨੇ ਕਿਹਾ ਕਿ “ਯਹੋਵਾਹ ਦੇ ਭੈ ਵਿੱਚ ਉਹ ਮਗਨ ਰਹੇਗਾ।” (ਯਸਾਯਾਹ 11:3) ਉਸ ਦਾ ਭੈ ਅਸਲ ਵਿਚ ਪਰਮੇਸ਼ੁਰ ਦੇ ਲਈ ਭਰਪੂਰ ਸ਼ਰਧਾ ਅਤੇ ਸਤਿਕਾਰ ਸੀ, ਅਥਵਾ ਪਰਮੇਸ਼ੁਰ ਨੂੰ ਨਾ ਖ਼ੁਸ਼ ਕਰਨ ਦਾ ਡਰ ਕਿਉਂਕਿ ਉਹ ਉਸ ਨੂੰ ਪਿਆਰ ਕਰਦਾ ਸੀ। ਮਾਪਿਆਂ ਅਤੇ ਬੱਚਿਆਂ ਨੂੰ ਅਜਿਹਾ ਮਸੀਹ-ਸਮਾਨ ਪਰਮੇਸ਼ੁਰ ਦਾ ਭੈ ਵਿਕਸਿਤ ਕਰਨ ਦੀ ਜ਼ਰੂਰਤ ਹੈ, ਜੋ ਉਨ੍ਹਾਂ ਨੂੰ ਮਗਨ ਕਰੇਗਾ ਜਿਵੇਂ ਕਿ ਇਸ ਨੇ ਯਿਸੂ ਨੂੰ ਕੀਤਾ ਸੀ। ਉਨ੍ਹਾਂ ਨੂੰ ਪਰਮੇਸ਼ੁਰ ਦਿਆਂ ਹੁਕਮਾਂ ਨੂੰ ਮੰਨਣ ਦੇ ਦੁਆਰਾ ਉਸ ਨੂੰ ਪਹਿਲੀ ਥਾਂ ਦੇਣ ਦੀ ਜ਼ਰੂਰਤ ਹੈ। ਬਾਈਬਲ ਦੇ ਇਕ ਲਿਖਾਰੀ ਦੇ ਅਨੁਸਾਰ, “ਇਨਸਾਨ ਦਾ ਇਹੋ ਰਿਣ ਹੈ।”—ਉਪਦੇਸ਼ਕ ਦੀ ਪੋਥੀ 12:13.
2. ਬਿਵਸਥਾ ਦਾ ਸਭ ਤੋਂ ਮਹੱਤਵਪੂਰਣ ਹੁਕਮ ਕਿਹੜਾ ਸੀ, ਅਤੇ ਇਹ ਪ੍ਰਾਥਮਿਕ ਤੌਰ ਤੇ ਕਿਸ ਨੂੰ ਦਿੱਤਾ ਗਿਆ ਸੀ?
2 ਬਿਵਸਥਾ ਦਾ ਸਭ ਤੋਂ ਮਹੱਤਵਪੂਰਣ ਹੁਕਮ, ਅਰਥਾਤ, ਕਿ ਸਾਨੂੰ ‘ਯਹੋਵਾਹ ਨੂੰ ਆਪਣੇ ਸਾਰੇ ਦਿਲ, ਜਾਨ, ਅਤੇ ਸ਼ਕਤੀ ਨਾਲ ਪਿਆਰ’ ਕਰਨਾ ਚਾਹੀਦਾ ਹੈ, ਪ੍ਰਾਥਮਿਕ ਤੌਰ ਤੇ ਮਾਪਿਆਂ ਨੂੰ ਦਿੱਤਾ ਗਿਆ ਸੀ। ਇਹ ਗੱਲ ਬਿਵਸਥਾ ਦੇ ਅਗਲੇ ਸ਼ਬਦਾਂ ਦੁਆਰਾ ਜ਼ਾਹਰ ਹੁੰਦੀ ਹੈ: “ਤੁਸੀਂ [ਯਹੋਵਾਹ ਨੂੰ ਪਿਆਰ ਕਰਨ ਦੇ ਬਾਰੇ ਇਨ੍ਹਾਂ ਸ਼ਬਦਾਂ] ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” (ਬਿਵਸਥਾ ਸਾਰ 6:4-7; ਮਰਕੁਸ 12:28-30) ਇਸ ਤਰ੍ਹਾਂ ਮਾਪਿਆਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਪਰਮੇਸ਼ੁਰ ਨੂੰ ਖ਼ੁਦ ਪਿਆਰ ਕਰਨ ਦੇ ਦੁਆਰਾ ਅਤੇ ਆਪਣੇ ਬੱਚਿਆਂ ਨੂੰ ਵੀ ਅਜਿਹਾ ਕਰਨ ਦੀ ਸਿੱਖਿਆ ਦੇਣ ਦੇ ਦੁਆਰਾ ਪਰਮੇਸ਼ੁਰ ਨੂੰ ਪਹਿਲੀ ਥਾਂ ਦੇਣ।
ਇਕ ਮਸੀਹੀ ਜ਼ਿੰਮੇਵਾਰੀ
3. ਯਿਸੂ ਨੇ ਬੱਚਿਆਂ ਨੂੰ ਧਿਆਨ ਦੇਣ ਦੀ ਮਹੱਤਤਾ ਨੂੰ ਕਿਵੇਂ ਪ੍ਰਦਰਸ਼ਿਤ ਕੀਤਾ?
3 ਯਿਸੂ ਨੇ ਛੋਟੇ ਬੱਚਿਆਂ ਨੂੰ ਵੀ ਧਿਆਨ ਦੇਣ ਦੀ ਮਹੱਤਤਾ ਨੂੰ ਪ੍ਰਦਰਸ਼ਿਤ ਕੀਤਾ। ਯਿਸੂ ਦੀ ਪਾਰਥਿਵ ਸੇਵਕਾਈ ਦੇ ਅੰਤ ਦੇ ਨਿਕਟ ਇਕ ਅਵਸਰ ਤੇ, ਲੋਕੀ ਆਪਣੇ ਨਿਆਣਿਆਂ ਨੂੰ ਉਸ ਕੋਲ ਲਿਆਉਣ ਲੱਗੇ। ਸਪੱਸ਼ਟ ਤੌਰ ਤੇ ਇਹ ਸੋਚਦੇ ਹੋਏ ਕਿ ਯਿਸੂ ਖੇਚਲ ਕਰਨ ਲਈ ਅਤਿ ਵਿਅਸਤ ਸੀ, ਚੇਲਿਆਂ ਨੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰੰਤੂ ਯਿਸੂ ਨੇ ਆਪਣੇ ਚੇਲਿਆਂ ਨੂੰ ਝਿੜਕਿਆ: “ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਨ੍ਹਾਂ ਨੂੰ ਨਾ ਵਰਜੋ।” ਇੱਥੇ ਤਕ ਕਿ ਯਿਸੂ ਨੇ “ਉਨ੍ਹਾਂ ਨੂੰ ਕੁੱਛੜ ਚੁੱਕਿਆ,” ਅਤੇ ਇਸ ਤਰ੍ਹਾਂ ਛੋਟੇ ਬੱਚਿਆਂ ਨੂੰ ਧਿਆਨ ਦੇਣ ਦੀ ਮਹੱਤਤਾ ਨੂੰ ਇਕ ਪ੍ਰਭਾਵਕਾਰੀ ਤਰੀਕੇ ਤੋਂ ਦਿਖਾਇਆ।—ਲੂਕਾ 18:15-17; ਮਰਕੁਸ 10:13-16.
4. ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ’ ਦਾ ਹੁਕਮ ਕਿਨ੍ਹਾਂ ਨੂੰ ਦਿੱਤਾ ਗਿਆ ਸੀ, ਅਤੇ ਇਹ ਉਨ੍ਹਾਂ ਤੋਂ ਕੀ ਕਰਨ ਦੀ ਮੰਗ ਕਰਦੀ ਸੀ?
4 ਯਿਸੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਸ ਦੇ ਅਨੁਯਾਈਆਂ ਉੱਤੇ ਆਪਣਿਆਂ ਬੱਚਿਆਂ ਤੋਂ ਇਲਾਵਾ ਦੂਜਿਆਂ ਨੂੰ ਸਿਖਾਉਣ ਦੀ ਵੀ ਜ਼ਿੰਮੇਵਾਰੀ ਸੀ। ਆਪਣੀ ਮੌਤ ਅਤੇ ਪੁਨਰ-ਉਥਾਨ ਦੇ ਮਗਰੋਂ, ਯਿਸੂ ਨੇ “ਕੁਝ ਉੱਪਰ ਪੰਜ ਸੌ ਭਾਈਆਂ ਨੂੰ ਇੱਕੋ ਵਾਰੀ ਦਰਸ਼ਣ ਦਿੱਤਾ”—ਜਿਨ੍ਹਾਂ ਵਿਚ ਕੁਝ ਮਾਪੇ ਵੀ ਸ਼ਾਮਲ ਸਨ। (1 ਕੁਰਿੰਥੀਆਂ 15:6) ਜ਼ਾਹਰ ਤੌਰ ਤੇ ਇਹ ਗਲੀਲ ਦੇ ਇਕ ਪਹਾੜ ਉੱਤੇ ਵਾਪਰਿਆ ਜਿੱਥੇ ਉਸ ਦੇ 11 ਰਸੂਲ ਵੀ ਇਕੱਠੇ ਹੋਏ ਸਨ। ਉੱਥੇ ਯਿਸੂ ਨੇ ਉਨ੍ਹਾਂ ਸਾਰਿਆਂ ਨੂੰ ਉਤੇਜਿਤ ਕੀਤਾ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ . . . ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:16-20, ਟੇਢੇ ਟਾਈਪ ਸਾਡੇ।) ਕੋਈ ਵੀ ਮਸੀਹੀ ਉਚਿਤ ਤੌਰ ਤੇ ਇਸ ਹੁਕਮ ਦੀ ਅਣਗਹਿਲੀ ਨਹੀਂ ਕਰ ਸਕਦਾ ਹੈ! ਇਸ ਨੂੰ ਪੂਰਿਆਂ ਕਰਨ ਦੇ ਲਈ ਪਿਤਾ ਅਤੇ ਮਾਤਾਵਾਂ ਤੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਦੀ ਦੇਖ-ਭਾਲ ਕਰਨ ਅਤੇ ਨਾਲ ਹੀ ਜਨਤਕ ਪ੍ਰਚਾਰ ਅਤੇ ਸਿੱਖਿਆ ਦੇਣ ਦੇ ਕੰਮ ਵਿਚ ਹਿੱਸਾ ਲੈਣ।
5. (ੳ) ਕਿਹੜੀ ਗੱਲ ਦਿਖਾਉਂਦੀ ਹੈ ਕਿ ਜੇਕਰ ਸਾਰੇ ਨਹੀਂ ਤਾਂ, ਅਧਿਕਤਰ ਰਸੂਲ ਵਿਵਾਹਿਤ ਸਨ ਅਤੇ ਇਸ ਲਈ ਮੁਮਕਿਨ ਹੈ ਕਿ ਉਨ੍ਹਾਂ ਦੇ ਬੱਚੇ ਵੀ ਸਨ? (ਅ) ਪਰਿਵਾਰ ਦੇ ਸਿਰਾਂ ਨੂੰ ਕਿਹੜੀ ਸਲਾਹ ਗੰਭੀਰਤਾ ਨਾਲ ਲੈਣੀ ਚਾਹੀਦੀ ਸੀ?
5 ਵਿਸ਼ਿਸ਼ਟ ਤੌਰ ਤੇ, ਰਸੂਲਾਂ ਨੂੰ ਵੀ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਪ੍ਰਚਾਰ ਕਰਨ ਅਤੇ ਪਰਮੇਸ਼ੁਰ ਦੇ ਇੱਜੜ ਦੀ ਰਖਵਾਲੀ ਕਰਨ ਦੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਵਿਚ ਸੰਤੁਲਿਤ ਹੋਣ ਦੀ ਲੋੜ ਸੀ। (ਯੂਹੰਨਾ 21:1-3, 15-17; ਰਸੂਲਾਂ ਦੇ ਕਰਤੱਬ 1:8) ਇਹ ਇਸ ਲਈ ਸੀ ਕਿਉਂਕਿ ਉਨ੍ਹਾਂ ਵਿੱਚੋਂ ਜੇਕਰ ਸਾਰੇ ਨਹੀਂ ਤਾਂ, ਅਧਿਕਤਰ ਰਸੂਲ ਵਿਵਾਹਿਤ ਸਨ। ਇਸ ਲਈ ਰਸੂਲ ਪੌਲੁਸ ਨੇ ਵਿਆਖਿਆ ਕੀਤੀ: “ਭਲਾ, ਸਾਨੂੰ ਵੀ ਹੱਕ ਨਹੀਂ ਜੋ ਕਿਸੇ ਗੁਰ ਭੈਣ ਨੂੰ ਆਪਣੀ ਵਿਆਹਤਾ ਕਰਕੇ ਨਾਲ ਲਈ ਫਿਰੀਏ ਜਿਵੇਂ ਹੋਰ ਰਸੂਲ ਅਤੇ ਪ੍ਰਭੁ ਦੇ ਭਰਾ ਅਤੇ ਕੇਫ਼ਾਸ ਕਰਦੇ ਹਨ?” (1 ਕੁਰਿੰਥੀਆਂ 9:5, ਟੇਢੇ ਟਾਈਪ ਸਾਡੇ; ਮੱਤੀ 8:14) ਕਈ ਰਸੂਲਾਂ ਦੇ ਸ਼ਾਇਦ ਬੱਚੇ ਵੀ ਸਨ। ਮੁੱਢਲੇ ਇਤਿਹਾਸਕਾਰ, ਜਿਵੇਂ ਕਿ ਯੂਸੀਬੀਅਸ ਕਹਿੰਦੇ ਹਨ ਕਿ ਪਤਰਸ ਬਾਲ-ਬੱਚੇ ਵਾਲਾ ਸੀ। ਸਾਰੇ ਮੁੱਢਲੇ ਮਸੀਹੀ ਮਾਪਿਆਂ ਨੂੰ ਸ਼ਾਸਤਰ ਦੀ ਇਸ ਸਲਾਹ ਉੱਤੇ ਧਿਆਨ ਦੇਣ ਦੀ ਜ਼ਰੂਰਤ ਸੀ: “ਪਰ ਜੇ ਕੋਈ ਆਪਣਿਆਂ ਲਈ ਅਤੇ ਖਾਸ ਕਰਕੇ ਆਪਣੇ ਘਰਾਣੇ ਲਈ ਅੱਗੋਂ ਹੀ ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ।”—1 ਤਿਮੋਥਿਉਸ 5:8.
ਪ੍ਰਾਥਮਿਕ ਜ਼ਿੰਮੇਵਾਰੀ
6. (ੳ) ਪਰਿਵਾਰ ਵਾਲੇ ਮਸੀਹੀ ਬਜ਼ੁਰਗਾਂ ਦੇ ਅੱਗੇ ਕਿਹੜੀ ਚੁਣੌਤੀ ਹੈ? (ਅ) ਇਕ ਬਜ਼ੁਰਗ ਦੀ ਮੁੱਖ ਜ਼ਿੰਮੇਵਾਰੀ ਕੀ ਹੈ?
6 ਅੱਜ ਮਸੀਹੀ ਬਜ਼ੁਰਗ ਜਿਨ੍ਹਾਂ ਦੇ ਪਰਿਵਾਰ ਹਨ, ਰਸੂਲਾਂ ਵਰਗੀ ਸਥਿਤੀ ਵਿਚ ਹਨ। ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਅਧਿਆਤਮਿਕ ਅਤੇ ਸਰੀਰਕ ਜ਼ਰੂਰਤਾਂ ਦੀ ਦੇਖ-ਭਾਲ ਕਰਨ ਦੀ ਆਪਣੀ ਜ਼ਿੰਮੇਵਾਰੀ ਦੇ ਨਾਲ-ਨਾਲ ਜਨਤਕ ਪ੍ਰਚਾਰ ਕਰਨ ਅਤੇ ਪਰਮੇਸ਼ੁਰ ਦੇ ਇੱਜੜ ਦੀ ਰਖਵਾਲੀ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਵਿਚ ਸੰਤੁਲਿਤ ਹੋਣਾ ਚਾਹੀਦਾ ਹੈ। ਕਿਹੜੇ ਕੰਮ ਨੂੰ ਪਹਿਲ ਦੇਣੀ ਚਾਹੀਦੀ ਹੈ? ਮਾਰਚ 15, 1964, ਦੇ ਦ ਵਾਚਟਾਵਰ (ਅੰਗ੍ਰੇਜ਼ੀ) ਨੇ ਟਿੱਪਣੀ ਕੀਤੀ: “[ਪਿਤਾ ਦੀ] ਪਹਿਲੀ ਜ਼ਿੰਮੇਵਾਰੀ ਆਪਣੇ ਪਰਿਵਾਰ ਦੇ ਪ੍ਰਤੀ ਹੈ, ਅਤੇ ਉਹ ਦਰਅਸਲ ਸਹੀ ਢੰਗ ਨਾਲ ਸੇਵਾ ਨਹੀਂ ਕਰ ਸਕਦਾ ਹੈ, ਜੇਕਰ ਉਹ ਇਸ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕਰਦਾ ਹੈ।”
7. ਮਸੀਹੀ ਪਿਤਾ ਪਰਮੇਸ਼ੁਰ ਨੂੰ ਪਹਿਲੀ ਥਾਂ ਕਿਵੇਂ ਦਿੰਦੇ ਹਨ?
7 ਇਸ ਲਈ ਪਿਤਾਵਾਂ ਨੂੰ ਇਹ ਹੁਕਮ, ਕਿ ‘ਆਪਣਿਆਂ ਬਾਲਕਾਂ ਨੂੰ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ,’ ਮੰਨਦੇ ਹੋਏ ਪਰਮੇਸ਼ੁਰ ਨੂੰ ਪਹਿਲੀ ਥਾਂ ਦੇਣੀ ਚਾਹੀਦੀ ਹੈ। (ਅਫ਼ਸੀਆਂ 6:4) ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਨਹੀਂ ਸੌਂਪੀ ਜਾ ਸਕਦੀ ਹੈ, ਭਾਵੇਂ ਕਿ ਇਕ ਪਿਤਾ ਨੂੰ ਸ਼ਾਇਦ ਮਸੀਹੀ ਕਲੀਸਿਯਾ ਵਿਚ ਵੀ ਕਾਰਜਾਂ ਦੀ ਨਿਗਰਾਨੀ ਕਰਨ ਦੀ ਕਾਰਜ-ਨਿਯੁਕਤੀ ਹੋਵੇ। ਅਜਿਹੇ ਪਿਤਾ ਕਿਵੇਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਿਆਂ ਕਰ ਸਕਦੇ ਹਨ—ਪਰਿਵਾਰਕ ਸਦੱਸਾਂ ਦੇ ਲਈ ਸਰੀਰਕ, ਅਧਿਆਤਮਕ, ਅਤੇ ਭਾਵਾਤਮਕ ਤੌਰ ਤੇ ਪ੍ਰਬੰਧ ਕਰਦੇ ਹੋਏ—ਅਤੇ ਨਾਲ-ਨਾਲ, ਕਲੀਸਿਯਾ ਵਿਚ ਸਦਾਰਤ ਅਤੇ ਨਿਗਰਾਨੀ ਕਰ ਸਕਣ?
ਲੋੜੀਂਦਾ ਸਮਰਥਨ ਪ੍ਰਦਾਨ ਕਰਨਾ
8. ਇਕ ਬਜ਼ੁਰਗ ਦੀ ਪਤਨੀ ਉਸ ਨੂੰ ਕਿਵੇਂ ਸਮਰਥਨ ਦੇ ਸਕਦੀ ਹੈ?
8 ਸਪੱਸ਼ਟ ਤੌਰ ਤੇ, ਪਰਿਵਾਰਕ ਜ਼ਿੰਮੇਵਾਰੀਆਂ ਵਾਲੇ ਬਜ਼ੁਰਗ ਸਮਰਥਨ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ। ਉਪਰੋਕਤ ਦ ਵਾਚਟਾਵਰ ਨੇ ਬਿਆਨ ਕੀਤਾ ਕਿ ਇਕ ਮਸੀਹੀ ਪਤਨੀ ਆਪਣੇ ਪਤੀ ਨੂੰ ਸਮਰਥਨ ਦੇ ਸਕਦੀ ਹੈ। ਇਸ ਨੇ ਕਿਹਾ: “ਜਿੱਥੋਂ ਤਕ ਹੋ ਸਕੇ, ਉਹ ਉਸ ਦੀਆਂ ਵਿਭਿੰਨ ਕਾਰਜ-ਨਿਯੁਕਤੀਆਂ ਨੂੰ ਤਿਆਰ ਕਰਨ ਵਿਚ ਉਸ ਲਈ ਸਥਿਤੀ ਅਨੁਕੂਲ ਬਣਾ ਸਕਦੀ ਹੈ, ਅਤੇ ਘਰ ਵਿਚ ਇਕ ਚੰਗੀ ਅਨੁਸੂਚੀ ਬਣਾਉਣ, ਸਮੇਂ ਸਿਰ ਭੋਜਨ ਤਿਆਰ ਕਰਨ, ਅਤੇ ਕਲੀਸਿਯਾ ਦੀਆਂ ਸਭਾਵਾਂ ਵਿਚ ਜਾਣ ਲਈ ਫੌਰੀ ਤੌਰ ਤੇ ਤਿਆਰ ਹੋਣ ਦੇ ਦੁਆਰਾ, ਉਹ ਉਸ ਦੇ ਲਈ ਅਤੇ ਆਪਣੇ ਲਈ ਕੀਮਤੀ ਸਮਾਂ ਬਚਾਉਣ ਵਿਚ ਸਹਾਇਤਾ ਕਰ ਸਕਦੀ ਹੈ। . . . ਆਪਣੇ ਪਤੀ ਦੇ ਨਿਰਦੇਸ਼ਨ ਦੇ ਅਧੀਨ, ਮਸੀਹੀ ਪਤਨੀ ਬੱਚਿਆਂ ਨੂੰ ਉਸ ਮਾਰਗ ਵਿਚ, ਜਿਸ ਵਿਚ ਯਹੋਵਾਹ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਨੂੰ ਜਾਣਾ ਚਾਹੀਦਾ ਹੈ, ਸਿਖਲਾਈ ਦੇਣ ਵਿਚ ਕਾਫ਼ੀ ਕੁਝ ਕਰ ਸਕਦੀ ਹੈ।” (ਕਹਾਉਤਾਂ 22:6) ਜੀ ਹਾਂ, ਪਤਨੀ ਨੂੰ “ਇੱਕ ਸਹਾਇਕਣ” ਹੋਣ ਲਈ ਬਣਾਇਆ ਗਿਆ ਸੀ, ਅਤੇ ਉਸ ਦਾ ਪਤੀ ਬੁੱਧੀਮਾਨੀ ਨਾਲ ਉਸ ਦੀ ਸਹਾਇਤਾ ਦਾ ਸਵਾਗਤ ਕਰੇਗਾ। (ਉਤਪਤ 2:18) ਪਤਨੀ ਦੇ ਸਮਰਥਨ ਦੇ ਨਾਲ ਉਹ ਹੋਰ ਵੀ ਪ੍ਰਭਾਵਕਾਰੀ ਢੰਗ ਨਾਲ ਆਪਣੇ ਪਰਿਵਾਰ ਅਤੇ ਕਲੀਸਿਯਾ ਦੋਹਾਂ ਦੀਆਂ ਜ਼ਿੰਮੇਵਾਰੀਆਂ ਦੀ ਦੇਖ-ਭਾਲ ਕਰ ਸਕੇਗਾ।
9. ਥੱਸਲੁਨੀਕੇ ਦੀ ਕਲੀਸਿਯਾ ਵਿਚ ਕਿਨ੍ਹਾਂ ਨੂੰ ਉਤਸ਼ਾਹ ਦਿੱਤਾ ਗਿਆ ਸੀ ਕਿ ਉਹ ਕਲੀਸਿਯਾ ਦੇ ਦੂਜੇ ਸਦੱਸਾਂ ਦੀ ਸਹਾਇਤਾ ਕਰਨ?
9 ਪਰੰਤੂ, ਕੇਵਲ ਮਸੀਹੀ ਬਜ਼ੁਰਗਾਂ ਦੀਆਂ ਪਤਨੀਆਂ ਹੀ ਨਹੀਂ ਹਨ ਜੋ ਅਜਿਹੇ ਕਾਰਜ ਵਿਚ ਹਿੱਸਾ ਲੈ ਸਕਦੀਆਂ ਕਿ ਉਸ ਨਿਗਾਹਬਾਨ ਦਾ ਸਮਰਥਨ ਕਰਨ, ਜਿਨ੍ਹਾਂ ਨੂੰ ‘ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰਨ’ ਦੇ ਨਾਲ-ਨਾਲ ਖ਼ੁਦ ਦੇ ਘਰਾਣੇ ਦੀ ਵੀ ਦੇਖ-ਭਾਲ ਕਰਨੀ ਪੈਂਦੀ ਹੈ। (1 ਪਤਰਸ 5:2) ਹੋਰ ਕੌਣ ਹਿੱਸਾ ਲੈ ਸਕਦੇ ਹਨ? ਰਸੂਲ ਪੌਲੁਸ ਨੇ ਥੱਸਲੁਨੀਕੇ ਦਿਆਂ ਭਰਾਵਾਂ ਨੂੰ ਉਨ੍ਹਾਂ ਲਈ ਆਦਰ ਰੱਖਣ ਲਈ ਉਤੇਜਿਤ ਕੀਤਾ ਜੋ ਉਨ੍ਹਾਂ ਦੇ “ਆਗੂ” ਸਨ। ਫਿਰ ਵੀ, ਅੱਗੇ ਜਾ ਕੇ ਇਨ੍ਹਾਂ ਹੀ ਭਰਾਵਾਂ ਨੂੰ ਸੰਬੋਧਿਤ ਕਰਦੇ ਹੋਏ—ਖ਼ਾਸ ਤੌਰ ਤੇ ਉਹ ਜਿਹੜੇ ਸਦਾਰਤ ਨਹੀਂ ਕਰ ਰਹੇ ਸਨ—ਪੌਲੁਸ ਨੇ ਲਿਖਿਆ: “ਹੇ ਭਰਾਵੋ, ਅਸੀਂ ਤੁਹਾਨੂੰ ਤਗੀਦ ਕਰਦੇ ਹਾਂ ਜੋ ਤੁਸੀਂ ਕੁਸੂਤਿਆਂ ਨੂੰ ਸਮਝਾਓ, ਕਮਦਿਲਿਆਂ ਨੂੰ ਦਿਲਾਸਾ ਦਿਓ, ਨਿਤਾਣਿਆਂ ਨੂੰ ਸਮ੍ਹਾਲੋ, ਸਭਨਾਂ ਨਾਲ ਧੀਰਜ ਕਰੋ।”—1 ਥੱਸਲੁਨੀਕੀਆਂ 5:12-14.
10. ਸਾਰੇ ਭਰਾਵਾਂ ਦੀ ਪ੍ਰੇਮਮਈ ਸਹਾਇਤਾ ਤੋਂ ਕਲੀਸਿਯਾ ਉੱਤੇ ਕੀ ਚੰਗਾ ਪ੍ਰਭਾਵ ਪੈਂਦਾ ਹੈ?
10 ਕਿੰਨਾ ਹੀ ਵਧੀਆ ਹੈ ਜਦੋਂ ਇਕ ਕਲੀਸਿਯਾ ਦਿਆਂ ਭਰਾਵਾਂ ਵਿਚ ਉਹ ਪਿਆਰ ਰਹਿੰਦਾ ਹੈ ਜੋ ਉਨ੍ਹਾਂ ਨੂੰ ਕਮਦਿਲਿਆਂ ਨੂੰ ਦਿਲਾਸਾ ਦੇਣ, ਨਿਤਾਣਿਆਂ ਨੂੰ ਸੰਭਾਲਣ, ਕੁਸੂਤਿਆਂ ਨੂੰ ਸਮਝਾਉਣ, ਅਤੇ ਸਭਨਾਂ ਨਾਲ ਧੀਰਜ ਰੱਖਣ ਲਈ ਪ੍ਰੇਰਿਤ ਕਰਦਾ ਹੈ! ਥੱਸਲੁਨੀਕੇ ਦਿਆਂ ਭਰਾਵਾਂ, ਜਿਨ੍ਹਾਂ ਨੇ ਹਾਲ ਹੀ ਵਿਚ ਵੱਡੀ ਬਿਪਤਾ ਸਹਿਣ ਕਰਨ ਦੇ ਬਾਵਜੂਦ ਵੀ ਬਾਈਬਲ ਸੱਚਾਈ ਨੂੰ ਅਪਣਾਇਆ, ਨੇ ਇਹ ਕਰਨ ਬਾਰੇ ਪੌਲੁਸ ਦੀ ਸਲਾਹ ਨੂੰ ਲਾਗੂ ਕੀਤਾ। (ਰਸੂਲਾਂ ਦੇ ਕਰਤੱਬ 17:1-9; 1 ਥੱਸਲੁਨੀਕੀਆਂ 1:6; 2:14; 5:11) ਪੂਰੀ ਕਲੀਸਿਯਾ ਨੂੰ ਮਜ਼ਬੂਤ ਅਤੇ ਸੰਯੁਕਤ ਕਰਨ ਵਿਚ ਉਨ੍ਹਾਂ ਦੇ ਪ੍ਰੇਮਮਈ ਸਹਿਯੋਗ ਦੇ ਚੰਗੇ ਪ੍ਰਭਾਵ ਬਾਰੇ ਜ਼ਰਾ ਸੋਚੋ! ਇਸੇ ਤਰ੍ਹਾਂ, ਜਦੋਂ ਅੱਜ ਭਰਾ ਇਕ ਦੂਜੇ ਨੂੰ ਦਿਲਾਸਾ, ਸਹਾਇਤਾ, ਅਤੇ ਤਾੜਨਾ ਦਿੰਦੇ ਹਨ, ਤਾਂ ਬਜ਼ੁਰਗ, ਜਿਨ੍ਹਾਂ ਨੇ ਅਕਸਰ ਆਪਣੇ ਪਰਿਵਾਰਾਂ ਦੀ ਵੀ ਦੇਖ-ਭਾਲ ਕਰਨੀ ਹੁੰਦੀ ਹੈ, ਦੀ ਰਖਵਾਲੀ ਕਰਨ ਦੀ ਜ਼ਿੰਮੇਵਾਰੀ ਜ਼ਿਆਦਾ ਆਸਾਨ ਹੋ ਜਾਂਦੀ ਹੈ।
11. (ੳ) ਇਹ ਸਿੱਟਾ ਕੱਢਣਾ ਤਰਕਸੰਗਤ ਕਿਉਂ ਹੈ ਕਿ ‘ਭਰਾਵਾਂ’ ਸ਼ਬਦ ਵਿਚ ਔਰਤਾਂ ਵੀ ਸ਼ਾਮਲ ਸਨ? (ਅ) ਇਕ ਪ੍ਰੌੜ੍ਹ ਮਸੀਹੀ ਔਰਤ ਛੋਟੀ ਉਮਰ ਦੀਆਂ ਔਰਤਾਂ ਨੂੰ ਅੱਜ ਕੀ ਸਹਾਇਤਾ ਦੇ ਸਕਦੀ ਹੈ?
11 ਕੀ ਔਰਤਾਂ ਉਨ੍ਹਾਂ ‘ਭਰਾਵਾਂ’ ਦੇ ਵਿਚ ਸ਼ਾਮਲ ਸਨ ਜਿਨ੍ਹਾਂ ਨੂੰ ਪੌਲੁਸ ਸੰਬੋਧਿਤ ਕਰ ਰਿਹਾ ਸੀ? ਜੀ ਹਾਂ, ਉਹ ਸ਼ਾਮਲ ਸਨ, ਕਿਉਂਕਿ ਅਨੇਕ ਔਰਤਾਂ ਵਿਸ਼ਵਾਸੀ ਬਣੀਆਂ। (ਰਸੂਲਾਂ ਦੇ ਕਰਤੱਬ 17:1, 4; 1 ਪਤਰਸ 2:17; 5:9) ਅਜਿਹੀਆਂ ਔਰਤਾਂ ਕਿਸ ਤਰ੍ਹਾਂ ਦੀ ਸਹਾਇਤਾ ਦੇ ਸਕਦੀਆਂ ਸਨ? ਖ਼ੈਰ, ਕਲੀਸਿਯਾ ਵਿਚ ਜਵਾਨ ਔਰਤਾਂ ਸਨ ਜਿਨ੍ਹਾਂ ਨੂੰ ਆਪਣੀਆਂ “ਕਾਮ ਵਾਸ਼ਨਾਵਾਂ” ਨੂੰ ਕਾਬੂ ਰੱਖਣ ਵਿਚ ਸਮੱਸਿਆ ਪੇਸ਼ ਆਉਂਦੀ ਸੀ ਜਾਂ ਜੋ ‘ਕਮਦਿਲੀਆਂ’ ਹੋ ਗਈਆਂ ਸਨ। (1 ਤਿਮੋਥਿਉਸ 5:11-13, ਨਿ ਵ) ਅੱਜ ਕੁਝ ਔਰਤਾਂ ਦੀਆਂ ਅਜਿਹੀਆਂ ਹੀ ਸਮੱਸਿਆਵਾਂ ਹਨ। ਉਨ੍ਹਾਂ ਨੂੰ ਜਿਸ ਚੀਜ਼ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਉਹ ਸ਼ਾਇਦ ਕੇਵਲ ਇਹ ਹੈ ਕਿ ਕੋਈ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣੇ ਅਤੇ ਉਨ੍ਹਾਂ ਨੂੰ ਹਮਦਰਦੀ ਦਿਖਾਏ। ਅਕਸਰ ਇਕ ਪ੍ਰੌੜ੍ਹ ਮਸੀਹੀ ਔਰਤ ਹੀ ਅਜਿਹੀ ਸਹਾਇਤਾ ਪ੍ਰਦਾਨ ਕਰਨ ਲਈ ਸਭ ਤੋਂ ਬਿਹਤਰ ਸਥਿਤੀ ਵਿਚ ਹੁੰਦੀ ਹੈ। ਉਦਾਹਰਣ ਦੇ ਲਈ, ਉਹ ਇਕ ਦੂਜੀ ਔਰਤ ਦੇ ਨਾਲ ਅਜਿਹੀਆਂ ਨਿੱਜੀ ਸਮੱਸਿਆਵਾਂ ਦੇ ਬਾਰੇ ਚਰਚਾ ਕਰ ਸਕਦੀ ਹੈ ਜੋ ਇਕ ਇਕੱਲਾ ਮਸੀਹੀ ਆਦਮੀ ਉਚਿਤ ਢੰਗ ਨਾਲ ਨਾ ਨਿਪਟਾ ਸਕੇ। ਅਜਿਹੀ ਸਹਾਇਤਾ ਪ੍ਰਦਾਨ ਕਰਨ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਪੌਲੁਸ ਨੇ ਲਿਖਿਆ: “ਬੁੱਢੀਆਂ ਇਸਤ੍ਰੀਆਂ . . . ਸੋਹਣੀਆਂ ਗੱਲਾਂ ਸਿਖਾਉਣ ਵਾਲੀਆਂ ਹੋਣ। ਭਈ ਮੁਟਿਆਰਾਂ ਨੂੰ ਅਜਿਹੀ ਮੱਤ ਦੇਣ ਜੋ ਓਹ ਆਪਣੇ ਪਤੀਆਂ ਨਾਲ ਪ੍ਰੇਮ ਰੱਖਣ ਅਤੇ ਬਾਲ ਬੱਚਿਆਂ ਨਾਲ ਪਿਆਰ ਕਰਨ, ਸੁਰਤ ਵਾਲੀਆਂ, ਸਤਵੰਤੀਆਂ, ਸੁਘੜ ਬੀਬੀਆਂ, ਨੇਕ ਅਤੇ ਆਪਣੇ ਪਤੀਆਂ ਦੇ ਅਧੀਨ ਹੋਣ ਭਈ ਪਰਮੇਸ਼ੁਰ ਦੇ ਬਚਨ ਦੀ ਬਦਨਾਮੀ ਨਾ ਹੋਵੇ।”—ਤੀਤੁਸ 2:3-5.
12. ਕਲੀਸਿਯਾ ਵਿਚ ਕਿਨ੍ਹਾਂ ਦੇ ਨਿਰਦੇਸ਼ਨ ਦਾ ਅਨੁਕਰਣ ਕਰਨਾ ਸਾਰਿਆਂ ਲਈ ਅਤਿ-ਆਵੱਸ਼ਕ ਹੈ?
12 ਨਿਮਰ ਭੈਣਾਂ ਕਲੀਸਿਯਾ ਵਿਚ ਕੀ ਹੀ ਬਰਕਤ ਹਨ ਜਦੋਂ ਉਹ ਆਪਣੇ ਪਤੀਆਂ ਅਤੇ ਬਜ਼ੁਰਗਾਂ ਦੋਹਾਂ ਨੂੰ ਸਹਿਕਾਰੀ ਢੰਗ ਨਾਲ ਸਮਰਥਨ ਦਿੰਦੀਆਂ ਹਨ! (1 ਤਿਮੋਥਿਉਸ 2:11, 12; ਇਬਰਾਨੀਆਂ 13:17) ਪਰਿਵਾਰਕ ਜ਼ਿੰਮੇਵਾਰੀਆਂ ਵਾਲੇ ਬਜ਼ੁਰਗ ਖ਼ਾਸ ਤੌਰ ਤੇ ਲਾਭ ਪਾਉਂਦੇ ਹਨ ਜਦੋਂ ਸਾਰੇ ਲੋਕ ਪ੍ਰੇਮ ਦੀ ਭਾਵਨਾ ਨਾਲ ਇਕ ਦੂਜੇ ਦੀ ਸਹਾਇਤਾ ਕਰਨ ਦੇ ਲਈ ਸਹਿਯੋਗ ਦਿੰਦੇ ਹਨ ਅਤੇ ਜਦੋਂ ਸਾਰੇ ਲੋਕ ਨਿਯੁਕਤ ਚਰਵਾਹਿਆਂ ਦੇ ਨਿਰਦੇਸ਼ਨ ਦੇ ਅਧੀਨ ਰਹਿੰਦੇ ਹਨ।—1 ਪਤਰਸ 5:1, 2.
ਮਾਪਿਓ, ਤੁਸੀਂ ਕਿਸ ਨੂੰ ਪਹਿਲੀ ਥਾਂ ਦਿੰਦੇ ਹੋ?
13. ਅਨੇਕ ਪਿਤਾ ਆਪਣੇ ਪਰਿਵਾਰਾਂ ਵਿਚ ਕਿਵੇਂ ਨਾਕਾਮਯਾਬ ਹੁੰਦੇ ਹਨ?
13 ਬਹੁਤ ਸਾਲ ਪਹਿਲਾਂ ਇਕ ਮਸ਼ਹੂਰ ਮਨੋਰੰਜਨਕਰਤਾ ਨੇ ਟਿੱਪਣੀ ਕੀਤੀ: “ਮੈਂ ਕਾਮਯਾਬ ਆਦਮੀਆਂ ਨੂੰ ਸੈਂਕੜੇ ਆਦਮੀਆਂ ਵਾਲੀਆਂ ਕੰਪਨੀਆਂ ਚਲਾਉਂਦੇ ਹੋਏ ਦੇਖਿਆ ਹੈ; ਉਹ ਜਾਣਦੇ ਹਨ ਕਿ ਹਰੇਕ ਸਥਿਤੀ ਨਾਲ ਕਿਵੇਂ ਨਿਪਟਣਾ ਹੈ, ਅਤੇ ਵਪਾਰਕ ਸੰਸਾਰ ਵਿਚ ਕਿਵੇਂ ਅਨੁਸ਼ਾਸਨ ਅਤੇ ਪ੍ਰਤਿਫਲ ਦੇਣਾ ਹੈ। ਪਰੰਤੂ ਸਭ ਤੋਂ ਵੱਡਾ ਵਪਾਰ ਜੋ ਉਹ ਚਲਾ ਰਹੇ ਹਨ, ਉਹ ਹੈ ਉਨ੍ਹਾਂ ਦਾ ਆਪਣਾ ਪਰਿਵਾਰ ਅਤੇ ਇਸ ਵਿਚ ਉਹ ਨਾਕਾਮਯਾਬ ਹੁੰਦੇ ਹਨ।” ਕਿਉਂ? ਕੀ ਇਸ ਦਾ ਕਾਰਨ ਇਹ ਨਹੀਂ ਹੈ ਕਿ ਉਹ ਵਪਾਰ ਅਤੇ ਦੂਜੀਆਂ ਦਿਲਚਸਪੀਆਂ ਨੂੰ ਪਹਿਲੀ ਥਾਂ ਦਿੰਦੇ ਹਨ ਅਤੇ ਪਰਮੇਸ਼ੁਰ ਦੀ ਸਲਾਹ ਨੂੰ ਅਣਡਿੱਠ ਕਰਦੇ ਹਨ? ਉਸ ਦਾ ਬਚਨ ਕਹਿੰਦਾ ਹੈ: “ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ . . . ਹੁਕਮ ਦਿੰਦਾ ਹਾਂ . . . ਤੁਸੀਂ . . . ਆਪਣੇ ਬੱਚਿਆਂ ਨੂੰ ਸਿਖਲਾਓ।” ਅਤੇ ਇਹ ਹਰ ਰੋਜ਼ ਕਰਨਾ ਚਾਹੀਦਾ ਸੀ। ਮਾਪਿਆਂ ਨੂੰ ਭਰਪੂਰ ਤੌਰ ਤੇ ਆਪਣਾ ਸਮਾਂ ਦੇਣ ਦੀ ਲੋੜ ਹੈ—ਅਤੇ ਖ਼ਾਸ ਤੌਰ ਤੇ ਆਪਣਾ ਪਿਆਰ ਅਤੇ ਗਹਿਰੀ ਚਿੰਤਾ।—ਬਿਵਸਥਾ ਸਾਰ 6:6-9.
14. (ੳ) ਮਾਪਿਆਂ ਨੂੰ ਆਪਣਿਆਂ ਬੱਚਿਆਂ ਦੀ ਕਿਵੇਂ ਦੇਖ-ਭਾਲ ਕਰਨੀ ਚਾਹੀਦੀ ਹੈ? (ਅ) ਬੱਚਿਆਂ ਦੀ ਉਚਿਤ ਸਿਖਲਾਈ ਵਿਚ ਕਿਹੜੀ ਚੀਜ਼ ਸ਼ਾਮਲ ਹੈ?
14 ਬਾਈਬਲ ਸਾਨੂੰ ਯਾਦ ਦਿਵਾਉਂਦੀ ਹੈ ਕਿ ਬੱਚੇ ਯਹੋਵਾਹ ਵੱਲੋਂ ਮਿਰਾਸ ਹਨ। (ਜ਼ਬੂਰ 127:3) ਕੀ ਤੁਸੀਂ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੀ ਸੰਪਤੀ ਦੇ ਤੌਰ ਤੇ ਦੇਖ-ਭਾਲ ਕਰ ਰਹੇ ਹੋ, ਅਜਿਹਾ ਇਕ ਦਾਨ ਜੋ ਉਸ ਨੇ ਤੁਹਾਨੂੰ ਸੌਂਪਿਆ ਹੈ? ਸੰਭਵ ਹੈ ਕਿ ਤੁਹਾਡਾ ਬੱਚਾ ਪ੍ਰਤਿਕ੍ਰਿਆ ਦਿਖਾਵੇਗਾ ਜੇਕਰ ਤੁਸੀਂ ਉਸ ਨੂੰ ਆਪਣਿਆਂ ਬਾਹਾਂ ਵਿਚ ਲੈ ਲੈਂਦੇ ਹੋ, ਇਸ ਤਰ੍ਹਾਂ ਆਪਣੀ ਪ੍ਰੇਮਮਈ ਪਰਵਾਹ ਅਤੇ ਧਿਆਨ ਪ੍ਰਦਰਸ਼ਿਤ ਕਰਦੇ ਹੋ। (ਮਰਕੁਸ 10:16) ਪਰੰਤੂ ‘ਇਕ ਬੱਚੇ ਨੂੰ ਉਹ ਦਾ ਠੀਕ ਰਾਹ ਸਿਖਲਾਉਣ’ ਵਿਚ ਕੇਵਲ ਉਸ ਨੂੰ ਗਲਵੱਕੜੀਆਂ ਅਤੇ ਚੁੰਮਣ ਦੇਣ ਤੋਂ ਵੱਧ ਮੰਗ ਕੀਤੀ ਜਾਂਦੀ ਹੈ। ਜੀਵਨ ਦਿਆਂ ਗੁਪਤ ਖ਼ਤਰਿਆਂ ਤੋਂ ਬਚਣ ਵਾਸਤੇ, ਬੁੱਧੀ ਨਾਲ ਲੈਸ ਹੋਣ ਲਈ, ਇਕ ਬੱਚੇ ਨੂੰ ਪ੍ਰੇਮਮਈ ਅਨੁਸ਼ਾਸਨ ਦੀ ਵੀ ਜ਼ਰੂਰਤ ਹੈ। ਇਕ ਮਾਤਾ ਜਾਂ ਪਿਤਾ ‘ਵੇਲੇ ਸਿਰ ਆਪਣੇ ਬੱਚੇ ਨੂੰ ਤਾੜਨ’ ਦੁਆਰਾ ਸੱਚਾ ਪਿਆਰ ਦਿਖਾਉਂਦਾ ਹੈ।—ਕਹਾਉਤਾਂ 13:1, 24; 22:6.
15. ਕਿਹੜੀ ਚੀਜ਼ ਮਾਪਿਆਂ ਦੇ ਅਨੁਸ਼ਾਸਨ ਦੀ ਜ਼ਰੂਰਤ ਨੂੰ ਦਿਖਾਉਂਦੀ ਹੈ?
15 ਆਪਣੇ ਦਫ਼ਤਰ ਵਿਚ ਆਉਣ ਵਾਲੇ ਬੱਚਿਆਂ ਦੇ ਬਾਰੇ ਇਕ ਸਕੂਲ ਸਲਾਹਕਾਰ ਦੇ ਵਰਣਨ ਤੋਂ ਮਾਪਿਆਂ ਦੇ ਅਨੁਸ਼ਾਸਨ ਦੀ ਜ਼ਰੂਰਤ ਦੇਖੀ ਜਾ ਸਕਦੀ ਹੈ: “ਉਹ ਤਰਸਯੋਗ, ਦਿਲਗੀਰ, ਅਤੇ ਲਾਚਾਰ ਹਨ। ਉਹ ਰੋਂਦੇ ਹਨ ਜਿਉਂ-ਜਿਉਂ ਉਹ ਦੱਸਦੇ ਹਨ ਕਿ ਅਸਲ ਵਿਚ ਸਥਿਤੀ ਕਿਸ ਤਰ੍ਹਾਂ ਦੀ ਹੈ। ਅਨੇਕਾਂ ਨੇ—ਸ਼ਾਇਦ ਇਕ ਵਿਅਕਤੀ ਦੀ ਕਲਪਨਾ ਤੋਂ ਵੀ ਵੱਧ ਬੱਚਿਆਂ ਨੇ—ਆਤਮ-ਹਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਲਈ ਨਹੀਂ ਕਿਉਂਕਿ ਉਹ ਇੰਨੇ ਖ਼ੁਸ਼ ਹਨ ਕਿ ਸਹਿਣ ਨਹੀਂ ਹੁੰਦਾ; ਬਲਕਿ ਇਸ ਲਈ ਕਿ ਉਹ ਇੰਨੇ ਦੁਖੀ, ਅਣਗੌਲੇ ਕੀਤੇ ਗਏ ਅਤੇ ਦਬੇ ਹੋਏ ਮਹਿਸੂਸ ਕਰਦੇ ਹਨ, ਕਿਉਂਕਿ ਇੰਨੀ ਛੋਟੀ ਉਮਰ ਤੇ ਉਨ੍ਹਾਂ ਨੂੰ ‘ਜ਼ਿੰਮੇਵਾਰੀ’ ਸੌਂਪੀ ਗਈ ਹੈ ਅਤੇ ਇਸ ਨੂੰ ਸੰਭਾਲਣਾ ਉਨ੍ਹਾਂ ਵਾਸਤੇ ਹੱਦ ਤੋਂ ਬਾਹਰ ਹੈ।” ਉਸ ਨੇ ਅੱਗੇ ਕਿਹਾ: “ਇਕ ਬੱਚੇ ਲਈ ਇਹ ਮਹਿਸੂਸ ਕਰਨਾ ਕਿ ਉਹ ਸਭ ਕੁਝ ਸੰਭਾਲ ਰਿਹਾ ਹੈ, ਇਕ ਡਰਾਉਣੀ ਗੱਲ ਹੈ।” ਇਹ ਸੱਚ ਹੈ ਕਿ ਬੱਚੇ ਸ਼ਾਇਦ ਅਨੁਸ਼ਾਸਨ ਤੋਂ ਕਤਰਾਉਣ, ਪਰੰਤੂ ਉਹ ਅਸਲ ਵਿਚ ਮਾਪਿਆਂ ਦੇ ਮਾਰਗ-ਦਰਸ਼ਨਾਂ ਅਤੇ ਪਾਬੰਧੀਆਂ ਦੀ ਕਦਰ ਕਰਦੇ ਹਨ। ਉਹ ਖ਼ੁਸ਼ ਹਨ ਕਿ ਉਨ੍ਹਾਂ ਦੇ ਮਾਪੇ ਇੰਨੀ ਪਰਵਾਹ ਕਰਦੇ ਹਨ ਕਿ ਉਨ੍ਹਾਂ ਲਈ ਸੀਮਾਵਾਂ ਰੱਖਦੇ ਹਨ। “ਇਸ ਨੇ ਮੇਰੇ ਮਨ ਤੋਂ ਇਕ ਵੱਡਾ ਭਾਰ ਉਤਾਰ ਦਿੱਤਾ ਹੈ,” ਇਕ ਕਿਸ਼ੋਰ ਨੇ ਕਿਹਾ ਜਿਸ ਦੇ ਮਾਪਿਓ ਨੇ ਅਜਿਹਾ ਹੀ ਕੀਤਾ ਸੀ।
16. (ੳ) ਮਸੀਹੀ ਘਰਾਣੇ ਵਿਚ ਪਲਣ ਵਾਲੇ ਕੁਝ ਬੱਚਿਆਂ ਨਾਲ ਕੀ ਹੁੰਦਾ ਹੈ? (ਅ) ਇਕ ਬੱਚੇ ਦਾ ਮਨਮੌਜੀ ਮਾਰਗ ਅਪਣਾਉਣਾ ਜ਼ਰੂਰੀ ਤੌਰ ਤੇ ਇਹ ਅਰਥ ਕਿਉਂ ਨਹੀਂ ਰੱਖਦਾ ਹੈ ਕਿ ਮਾਪਿਆਂ ਦੁਆਰਾ ਦਿੱਤੀ ਗਈ ਸਿਖਲਾਈ ਚੰਗੀ ਨਹੀਂ ਸੀ?
16 ਫਿਰ ਵੀ, ਅਜਿਹੇ ਮਾਪੇ ਹੋਣ ਦੇ ਬਾਵਜੂਦ ਜੋ ਉਨ੍ਹਾਂ ਨਾਲ ਪਿਆਰ ਕਰਦੇ ਹਨ ਅਤੇ ਚੰਗੀ ਸਿਖਲਾਈ ਪ੍ਰਦਾਨ ਕਰਦੇ ਹਨ, ਕੁਝ ਨੌਜਵਾਨ, ਯਿਸੂ ਦੇ ਦ੍ਰਿਸ਼ਟਾਂਤ ਦੇ ਉਜਾੜੂ ਪੁੱਤਰ ਦੇ ਵਾਂਗ, ਮਾਪਿਆਂ ਦੇ ਮਾਰਗ-ਦਰਸ਼ਨ ਨੂੰ ਠੁਕਰਾ ਕੇ ਗੁਮਰਾਹ ਹੋ ਜਾਂਦੇ ਹਨ। (ਲੂਕਾ 15:11-16) ਲੇਕਿਨ, ਇਸ ਦਾ ਸ਼ਾਇਦ ਆਪਣੇ ਆਪ ਵਿਚ ਇਹ ਅਰਥ ਨਾ ਹੋਵੇ ਕਿ ਮਾਪਿਆਂ ਨੇ ਆਪਣੇ ਬੱਚੇ ਨੂੰ ਠੀਕ ਢੰਗ ਨਾਲ ਸਿਖਲਾਈ ਦੇਣ ਦੀ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕੀਤਾ ਹੈ, ਜਿਵੇਂ ਕਿ ਕਹਾਉਤਾਂ 22:6 ਨਿਰਦੇਸ਼ਿਤ ਕਰਦਾ ਹੈ। ‘ਬੱਚੇ ਨੂੰ ਉਹ ਦਾ ਠੀਕ ਰਾਹ ਸਿਖਲਾ ਅਤੇ ਉਹ ਉਸ ਤੋਂ ਕਦੀ ਨਹੀਂ ਹਟੇਗਾ’ ਦਾ ਕਥਨ ਇਕ ਸਾਧਾਰਣ ਨਿਯਮ ਦੇ ਤੌਰ ਤੇ ਦਿੱਤਾ ਗਿਆ ਸੀ। ਦੁੱਖ ਦੀ ਗੱਲ ਹੈ ਕਿ ਉਜਾੜੂ ਪੁੱਤਰ ਦੇ ਵਾਂਗ, ਕੁਝ ਬੱਚੇ ‘ਆਪਣੀ ਮਾਤਾ ਜਾਂ ਪਿਤਾ ਦੀ ਆਗਿਆਕਾਰੀ ਨੂੰ ਤੁੱਛ ਜਾਣਨਗੇ।’—ਕਹਾਉਤਾਂ 30:17.
17. ਮਨਮੌਜੀ ਬੱਚਿਆਂ ਦੇ ਮਾਪੇ ਕਿਸ ਗੱਲ ਤੋਂ ਦਿਲਾਸਾ ਪ੍ਰਾਪਤ ਕਰ ਸਕਦੇ ਹਨ?
17 ਇਕ ਮਨਮੌਜੀ ਪੁੱਤਰ ਦੇ ਪਿਤਾ ਨੇ ਅਫਸੋਸ ਕੀਤਾ: “ਮੈਂ ਉਸ ਦੇ ਦਿਲ ਤਕ ਪਹੁੰਚਣ ਦੀ ਬਾਰ-ਬਾਰ ਕੋਸ਼ਿਸ਼ ਕੀਤੀ ਹੈ। ਮੈਂ ਇੰਨੇ ਤਰੀਕਿਆਂ ਤੋਂ ਕੋਸ਼ਿਸ਼ਾਂ ਕਰ ਚੁੱਕਾ ਹਾਂ ਕਿ ਹੁਣ ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰਾਂ। ਕੁਝ ਵੀ ਸਫਲ ਨਹੀਂ ਹੋਇਆ।” ਉਮੀਦ ਹੈ ਕਿ ਅਜਿਹੇ ਮਨਮੌਜੀ ਬੱਚੇ, ਸਮੇਂ ਬੀਤਣ ਤੇ, ਉਨ੍ਹਾਂ ਨੂੰ ਪ੍ਰਾਪਤ ਹੋਈ ਪ੍ਰੇਮਮਈ ਸਿਖਲਾਈ ਨੂੰ ਯਾਦ ਕਰਨਗੇ ਅਤੇ ਉਜਾੜੂ ਪੁੱਤਰ ਦੇ ਵਾਂਗ ਵਾਪਸ ਮੁੜ ਆਉਣਗੇ। ਫਿਰ ਵੀ, ਇਹ ਤੱਥ ਕਾਇਮ ਰਹਿੰਦਾ ਹੈ ਕਿ ਕੁਝ ਬੱਚੇ ਬਗਾਵਤ ਕਰ ਕੇ ਅਨੈਤਿਕ ਕੰਮ ਕਰਦੇ ਹਨ ਅਤੇ ਆਪਣੇ ਮਾਪਿਆਂ ਨੂੰ ਵੱਡੀ ਸੱਟ ਪਹੁੰਚਾਉਂਦੇ ਹਨ। ਮਾਪੇ ਇਸ ਗੱਲ ਨੂੰ ਜਾਣਨ ਤੋਂ ਸ਼ਾਇਦ ਦਿਲਾਸਾ ਪ੍ਰਾਪਤ ਕਰ ਸਕਦੇ ਹਨ ਕਿ ਧਰਤੀ ਉੱਤੇ ਜੀਵਿਤ ਰਹੇ ਸਭ ਤੋਂ ਵੱਡੇ ਗੁਰੂ ਨੇ ਵੀ ਆਪਣੇ ਲੰਮੇ ਸਮੇਂ ਦੇ ਚੇਲੇ ਯਹੂਦਾ ਇਸਕਰਿਯੋਤੀ ਨੂੰ ਉਸ ਨੂੰ ਵਿਸ਼ਵਾਸਘਾਤ ਕਰਦੇ ਹੋਏ ਦੇਖਿਆ ਸੀ। ਅਤੇ ਨਿਰਸੰਦੇਹ ਯਹੋਵਾਹ ਖ਼ੁਦ ਵੀ ਉਦਾਸ ਹੋਇਆ ਹੋਣਾ ਜਦੋਂ ਬਿਨਾਂ ਉਸ ਦੀ ਆਪਣੀ ਕਿਸੇ ਗ਼ਲਤੀ ਦੇ ਕਾਰਨ ਉਸ ਦੇ ਅਨੇਕ ਆਤਮਿਕ ਪੁੱਤਰਾਂ ਨੇ ਉਸ ਦੀ ਸਲਾਹ ਨੂੰ ਰੱਦ ਕੀਤਾ ਅਤੇ ਬਾਗ਼ੀ ਸਾਬਤ ਹੋਏ।—ਲੂਕਾ 22:47, 48; ਪਰਕਾਸ਼ ਦੀ ਪੋਥੀ 12:9.
ਬੱਚਿਓ—ਤੁਸੀਂ ਕਿਸ ਨੂੰ ਖ਼ੁਸ਼ ਕਰੋਗੇ?
18. ਬੱਚੇ ਕਿਸ ਤਰ੍ਹਾਂ ਦਿਖਾ ਸਕਦੇ ਹਨ ਕਿ ਉਹ ਪਰਮੇਸ਼ੁਰ ਨੂੰ ਪਹਿਲੀ ਥਾਂ ਦਿੰਦੇ ਹਨ?
18 ਯਹੋਵਾਹ ਤੁਹਾਨੂੰ ਬੱਚਿਆਂ ਨੂੰ ਉਤੇਜਿਤ ਕਰਦਾ ਹੈ: “ਤੁਸੀਂ ਪ੍ਰਭੁ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ।” (ਅਫ਼ਸੀਆਂ 6:1) ਇੰਜ ਕਰਨ ਦੇ ਦੁਆਰਾ ਬੱਚੇ ਪਰਮੇਸ਼ੁਰ ਨੂੰ ਪਹਿਲੀ ਥਾਂ ਦਿੰਦੇ ਹਨ। ਮੂਰਖ ਨਾ ਬਣੋ! “ਮੂਰਖ ਆਪਣੇ ਪਿਉ ਦੀ ਸਿੱਖਿਆ ਨੂੰ ਤੁੱਛ ਜਾਣਦਾ ਹੈ,” ਪਰਮੇਸ਼ੁਰ ਦਾ ਬਚਨ ਕਹਿੰਦਾ ਹੈ। ਅਤੇ ਨਾ ਹੀ ਤੁਹਾਨੂੰ ਘਮੰਡ ਨਾਲ ਇਹ ਸਮਝਣਾ ਚਾਹੀਦਾ ਹੈ ਕਿ ਤੁਹਾਨੂੰ ਅਨੁਸ਼ਾਸਨ ਦੀ ਲੋੜ ਨਹੀਂ ਹੈ। ਤੱਥ ਇਹ ਹੈ ਕਿ “ਅਜੇਹੇ ਲੋਕ ਵੀ ਹਨ ਜਿਹੜੇ ਆਪਣੀ ਨਿਗਾਹ ਵਿੱਚ ਤਾਂ ਸੁੱਧ ਹਨ, ਪਰ ਉਨ੍ਹਾਂ ਦੀ ਪਲੀਤੀ ਧੋਤੀ ਨਹੀਂ ਗਈ।” (ਕਹਾਉਤਾਂ 15:5; 30:12) ਇਸ ਲਈ ਈਸ਼ਵਰੀ ਨਿਰਦੇਸ਼ਨ ਨੂੰ ਧਿਆਨ ਦਿਓ—ਮਾਪਿਆਂ ਦਿਆਂ ਹੁਕਮਾਂ ਅਤੇ ਅਨੁਸ਼ਾਸਨ ਨੂੰ ‘ਸੁਣੋ,’ ‘ਸਾਂਭ ਰੱਖੋ,’ ‘ਨਾ ਭੁੱਲੋ,’ “ਮਨ ਲਾਓ,” ‘ਮੰਨੋ,’ ਅਤੇ ‘ਨਾ ਛੱਡੋ।’—ਕਹਾਉਤਾਂ 1:8; 2:1; 3:1; 4:1; 6:20.
19. (ੳ) ਬੱਚਿਆਂ ਦੇ ਕੋਲ ਯਹੋਵਾਹ ਦੀ ਆਗਿਆ ਮੰਨਣ ਦੇ ਕਿਹੜੇ ਪ੍ਰਭਾਵਸ਼ਾਲੀ ਕਾਰਨ ਹਨ? (ਅ) ਨੌਜਵਾਨ ਕਿਵੇਂ ਦਿਖਾ ਸਕਦੇ ਹਨ ਕਿ ਉਹ ਪਰਮੇਸ਼ੁਰ ਦੇ ਪ੍ਰਤੀ ਧੰਨਵਾਦੀ ਹਨ?
19 ਤੁਹਾਡੇ ਕੋਲ ਯਹੋਵਾਹ ਦੀ ਆਗਿਆ ਮੰਨਣ ਦੇ ਪ੍ਰਭਾਵਸ਼ਾਲੀ ਕਾਰਨ ਹਨ। ਉਹ ਤੁਹਾਡੇ ਨਾਲ ਪਿਆਰ ਕਰਦਾ ਹੈ, ਅਤੇ ਉਸ ਨੇ ਤੁਹਾਡੀ ਰੱਖਿਆ ਕਰਨ ਅਤੇ ਇਕ ਸੁਖੀ ਜੀਵਨ ਦਾ ਆਨੰਦ ਮਾਣਨ ਵਿਚ ਸਹਾਇਤਾ ਕਰਨ ਦੇ ਲਈ ਤੁਹਾਨੂੰ ਆਪਣੇ ਨਿਯਮ ਦਿੱਤੇ ਹਨ, ਜਿਨ੍ਹਾਂ ਵਿਚ ਬੱਚਿਆਂ ਲਈ ਆਪਣੇ ਮਾਪਿਆਂ ਦੇ ਆਗਿਆਕਾਰ ਰਹਿਣ ਦਾ ਨਿਯਮ ਵੀ ਸ਼ਾਮਲ ਹੈ। (ਯਸਾਯਾਹ 48:17) ਉਸ ਨੇ ਆਪਣੇ ਪੁੱਤਰ ਨੂੰ ਵੀ ਤੁਹਾਡੇ ਲਈ ਮਰਨ ਵਾਸਤੇ ਦਿੱਤਾ ਹੈ ਤਾਂਕਿ ਤੁਸੀਂ ਪਾਪ ਅਤੇ ਮੌਤ ਤੋਂ ਬਚਾਏ ਜਾ ਸਕੋ ਅਤੇ ਸਦੀਪਕ ਜੀਵਨ ਦਾ ਆਨੰਦ ਮਾਣੋ। (ਯੂਹੰਨਾ 3:16) ਕੀ ਤੁਸੀਂ ਧੰਨਵਾਦੀ ਹੋ? ਪਰਮੇਸ਼ੁਰ ਸਵਰਗ ਤੋਂ ਦੇਖ ਰਿਹਾ ਹੈ, ਅਤੇ ਤੁਹਾਡੇ ਦਿਲਾਂ ਨੂੰ ਜਾਂਚ ਰਿਹਾ ਹੈ ਕਿ ਤੁਸੀਂ ਸੱਚ-ਮੁੱਚ ਉਸ ਨੂੰ ਪਿਆਰ ਕਰਦੇ ਹੋ ਅਤੇ ਉਸ ਦੇ ਪ੍ਰਬੰਧਾਂ ਦੀ ਕਦਰ ਕਰਦੇ ਹੋ ਜਾਂ ਨਹੀਂ। (ਜ਼ਬੂਰ 14:2) ਸ਼ਤਾਨ ਵੀ ਦੇਖ ਰਿਹਾ ਹੈ, ਅਤੇ ਉਹ ਇਹ ਦਾਅਵਾ ਕਰਦੇ ਹੋਏ ਪਰਮੇਸ਼ੁਰ ਨੂੰ ਤਾਅਨੇ ਮਾਰ ਰਿਹਾ ਹੈ ਕਿ ਤੁਸੀਂ ਉਸ ਦੀ ਆਗਿਆ ਨਹੀਂ ਮੰਨੋਗੇ। ਤੁਸੀਂ ਸ਼ਤਾਨ ਨੂੰ ਖ਼ੁਸ਼ ਅਤੇ ਯਹੋਵਾਹ ਨੂੰ “ਉਦਾਸ” ਕਰਦੇ ਹੋ ਜਦੋਂ ਤੁਸੀਂ ਪਰਮੇਸ਼ੁਰ ਦੀ ਅਵੱਗਿਆ ਕਰਦੇ ਹੋ। (ਜ਼ਬੂਰ 78:40, 41) ਯਹੋਵਾਹ ਤੁਹਾਨੂੰ ਬੇਨਤੀ ਕਰਦਾ ਹੈ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।” (ਕਹਾਉਤਾਂ 27:11) ਜੀ ਹਾਂ, ਸਵਾਲ ਇਹ ਹੈ, ਤੁਸੀਂ ਕਿਸ ਨੂੰ ਖ਼ੁਸ਼ ਕਰੋਗੇ, ਸ਼ਤਾਨ ਨੂੰ ਜਾਂ ਯਹੋਵਾਹ ਨੂੰ?
20. ਇਕ ਨੌਜਵਾਨ ਨੇ ਕਿਵੇਂ ਯਹੋਵਾਹ ਦੀ ਸੇਵਾ ਕਰਨ ਵਿਚ ਸਾਹਸ ਨੂੰ ਉਦੋਂ ਵੀ ਕਾਇਮ ਰੱਖਿਆ ਜਦੋਂ ਉਹ ਡਰ ਜਾਂਦੀ ਹੈ?
20 ਸ਼ਤਾਨ ਅਤੇ ਉਸ ਦੇ ਸੰਸਾਰ ਦੁਆਰਾ ਤੁਹਾਡੇ ਉੱਤੇ ਲਿਆਂਦੇ ਗਏ ਦਬਾਉ ਦੇ ਸਾਮ੍ਹਣੇ, ਪਰਮੇਸ਼ੁਰ ਦੀ ਇੱਛਾ ਕਰਨੀ ਆਸਾਨ ਨਹੀਂ ਹੈ। ਇਹ ਡਰਾਉਣਾ ਹੋ ਸਕਦਾ ਹੈ। ਇਕ ਨੌਜਵਾਨ ਨੇ ਬਿਆਨ ਕੀਤਾ: “ਡਰ ਮਹਿਸੂਸ ਕਰਨਾ ਠੰਢ ਮਹਿਸੂਸ ਕਰਨ ਦੇ ਬਰਾਬਰ ਹੈ। ਤੁਸੀਂ ਇਸ ਦੇ ਬਾਰੇ ਕੁਝ ਕਰ ਸਕਦੇ ਹੋ।” ਉਸ ਨੇ ਵਿਆਖਿਆ ਕੀਤੀ: “ਜਦੋਂ ਤੁਹਾਨੂੰ ਠੰਢ ਲੱਗਦੀ ਹੈ, ਤੁਸੀਂ ਇਕ ਸਵੈਟਰ ਪਾ ਲੈਂਦੇ ਹੋ। ਜੇਕਰ ਤੁਹਾਨੂੰ ਹਾਲੇ ਵੀ ਠੰਢ ਲੱਗੇ, ਤੁਸੀਂ ਇਕ ਹੋਰ ਸਵੈਟਰ ਪਾ ਲੈਂਦੇ ਹੋ। ਅਤੇ ਤੁਸੀਂ ਕੁਝ-ਨ-ਕੁਝ ਪਹਿਨਣਾ ਜਾਰੀ ਰੱਖਦੇ ਹੋ ਜਦ ਤਕ ਕਿ ਠੰਢ ਚਲੀ ਨਾ ਜਾਵੇ ਅਤੇ ਤੁਹਾਨੂੰ ਹੋਰ ਠੰਢ ਨਾ ਲੱਗੇ। ਇਸ ਲਈ ਜਦੋਂ ਤੁਹਾਨੂੰ ਡਰ ਲੱਗਦਾ ਹੈ ਤਾਂ ਯਹੋਵਾਹ ਨੂੰ ਪ੍ਰਾਰਥਨਾ ਕਰਨਾ ਇਕ ਸਵੈਟਰ ਪਾਉਣ ਦੇ ਸਮਾਨ ਹੈ ਜਦੋਂ ਤੁਹਾਨੂੰ ਠੰਢ ਲੱਗਦੀ ਹੈ। ਜੇਕਰ ਇਕ ਪ੍ਰਾਰਥਨਾ ਦੇ ਬਾਅਦ ਮੈਨੂੰ ਹਾਲੇ ਵੀ ਡਰ ਲੱਗਦਾ ਹੈ, ਤਾਂ ਮੈਂ ਬਾਰ-ਬਾਰ ਪ੍ਰਾਰਥਨਾ ਕਰਦੀ ਹਾਂ, ਜਦ ਤਕ ਮੈਨੂੰ ਹੋਰ ਡਰ ਨਾ ਲੱਗੇ। ਅਤੇ ਇਹ ਅਸਰਦਾਰ ਹੈ। ਇਸ ਨੇ ਮੈਨੂੰ ਮੁਸੀਬਤਾਂ ਤੋਂ ਬਚਾਈ ਰੱਖਿਆ ਹੈ!”
21. ਜੇਕਰ ਅਸੀਂ ਸੱਚ-ਮੁੱਚ ਯਹੋਵਾਹ ਨੂੰ ਆਪਣੇ ਜੀਵਨ ਵਿਚ ਪਹਿਲੀ ਥਾਂ ਦੇਣ ਦੀ ਕੋਸ਼ਿਸ਼ ਕਰੀਏ ਤਾਂ ਉਹ ਸਾਡੀ ਕਿਵੇਂ ਸਹਾਇਤਾ ਕਰੇਗਾ?
21 ਜੇਕਰ ਅਸੀਂ ਸੱਚ-ਮੁੱਚ ਪਰਮੇਸ਼ੁਰ ਨੂੰ ਆਪਣੇ ਜੀਵਨ ਵਿਚ ਪਹਿਲੀ ਥਾਂ ਦੇਣ ਦੀ ਕੋਸ਼ਿਸ਼ ਕਰੀਏ, ਤਾਂ ਯਹੋਵਾਹ ਸਾਡੀ ਸਹਾਇਤਾ ਕਰੇਗਾ। ਉਹ ਲੋੜ ਪੈਣ ਤੇ ਦੂਤਾਂ ਦੇ ਰਾਹੀਂ ਸਹਾਇਤਾ ਪ੍ਰਦਾਨ ਕਰਦੇ ਹੋਏ, ਸਾਨੂੰ ਤਾਕਤ ਦੇਵੇਗਾ, ਜਿਵੇਂ ਕਿ ਉਸ ਨੇ ਆਪਣੇ ਪੁੱਤਰ ਨੂੰ ਵੀ ਦਿੱਤੀ ਸੀ। (ਮੱਤੀ 18:10; ਲੂਕਾ 22:43) ਤੁਸੀਂ ਸਾਰੇ ਮਾਪਿਓ ਅਤੇ ਬੱਚਿਓ, ਸਾਹਸ ਰੱਖੋ। ਮਸੀਹ-ਸਮਾਨ ਭੈ ਰੱਖੋ, ਅਤੇ ਇਹ ਤੁਹਾਨੂੰ ਮਗਨ ਕਰੇਗਾ। (ਯਸਾਯਾਹ 11:3) ਜੀ ਹਾਂ, “ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।”—ਉਪਦੇਸ਼ਕ ਦੀ ਪੋਥੀ 12:13. (w95 10/1)
ਕੀ ਤੁਸੀਂ ਜਵਾਬ ਦੇ ਸਕਦੇ ਹੋ?
◻ ਯਿਸੂ ਦੇ ਮੁੱਢਲੇ ਅਨੁਯਾਈਆਂ ਨੂੰ ਕਿਹੜੀਆਂ ਜ਼ਿੰਮੇਵਾਰੀਆਂ ਨੂੰ ਸੰਤੁਲਿਤ ਰੱਖਣ ਦੀ ਜ਼ਰੂਰਤ ਸੀ?
◻ ਮਸੀਹੀ ਮਾਪਿਆਂ ਨੂੰ ਕਿਹੜੀ ਜ਼ਿੰਮੇਵਾਰੀ ਪੂਰੀ ਕਰਨੀ ਚਾਹੀਦੀ ਹੈ?
◻ ਪਰਿਵਾਰ ਵਾਲੇ ਮਸੀਹੀ ਬਜ਼ੁਰਗਾਂ ਨੂੰ ਕਿਹੜੀ ਸਹਾਇਤਾ ਉਪਲਬਧ ਹੈ?
◻ ਕਲੀਸਿਯਾ ਵਿਚ ਭੈਣਾਂ ਕਿਹੜੀ ਬਹੁਮੁੱਲੀ ਸੇਵਾ ਕਰ ਸਕਦੀਆਂ ਹਨ?
◻ ਬੱਚਿਆਂ ਲਈ ਕਿਹੜੀ ਸਲਾਹ ਅਤੇ ਨਿਰਦੇਸ਼ਨ ਉੱਤੇ ਧਿਆਨ ਦੇਣਾ ਅਤਿ-ਆਵੱਸ਼ਕ ਹੈ?
[ਸਫ਼ੇ 10 ਉੱਤੇ ਤਸਵੀਰ]
ਇਕ ਪ੍ਰੌੜ੍ਹ ਮਸੀਹੀ ਔਰਤ ਅਕਸਰ ਇਕ ਛੋਟੀ ਉਮਰ ਦੀ ਔਰਤ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਸਕਦੀ ਹੈ
[ਸਫ਼ੇ 12 ਉੱਤੇ ਤਸਵੀਰ]
ਮਨਮੌਜੀ ਬੱਚਿਆਂ ਦੇ ਮਾਪੇ ਸ਼ਾਸਤਰ ਤੋਂ ਕੀ ਦਿਲਾਸਾ ਪ੍ਰਾਪਤ ਕਰ ਸਕਦੇ ਹਨ?