ਯਹੋਵਾਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ
“ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਓਹ ਉਕਾਬਾਂ ਵਾਂਙੁ ਖੰਭਾਂ ਉੱਤੇ ਉੱਡਣਗੇ।”—ਯਸਾਯਾਹ 40:31.
1, 2. ਯਹੋਵਾਹ ਉਸ ਉੱਤੇ ਭਰੋਸਾ ਰੱਖਣ ਵਾਲਿਆਂ ਨੂੰ ਕੀ ਦਿੰਦਾ ਹੈ, ਅਤੇ ਅਸੀਂ ਹੁਣ ਕਿਸ ਗੱਲ ਉੱਤੇ ਵਿਚਾਰ ਕਰਾਂਗੇ?
ਉਕਾਬ ਆਕਾਸ਼ ਵਿਚ ਸਭ ਤੋਂ ਸ਼ਕਤੀਸ਼ਾਲੀ ਪੰਛੀਆਂ ਵਿੱਚੋਂ ਹਨ। ਉਹ ਆਪਣੇ ਖੰਭ ਫੜਫੜਾਏ ਬਿਨਾਂ ਹੀ ਵੱਡੀ ਦੂਰੀ ਤਕ ਸਹਿਜੇ-ਸਹਿਜੇ ਉੱਡ ਸਕਦੇ ਹਨ। ਉਨ੍ਹਾਂ ਖੰਭਾਂ ਨਾਲ, ਜੋ ਦੋ ਮੀਟਰ ਤੋਂ ਵਧ ਫੈਲਾਉ ਦੇ ਹੋ ਸਕਦੇ ਹਨ, “ਪੰਛੀਆਂ ਦਾ ਬਾਦਸ਼ਾਹ,” ਅਥਵਾ ਸੁਨਹਿਰਾ ਉਕਾਬ, “ਸਾਰੇ ਉਕਾਬਾਂ ਵਿੱਚੋਂ ਸਭ ਤੋਂ ਪ੍ਰਭਾਵਸ਼ਾਲੀ ਹੈ; ਪਹਾੜੀਆਂ ਅਤੇ ਮੈਦਾਨਾਂ ਤੋਂ ਉਤਾਂਹ ਉੱਠਦੇ ਹੋਏ, [ਇਹ] ਘੰਟਿਆਂ ਲਈ ਹੀ ਕਿਸੇ ਪਹਾੜ ਦੀ ਟੀਸੀ ਉੱਤੇ ਉਡਦਾ ਰਹਿੰਦਾ ਹੈ, ਅਤੇ ਫਿਰ ਵਲੇਵੇਂ ਖਾਂਦਾ ਹੋਇਆ ਉੱਪਰ ਨੂੰ ਉਡਦਾ ਹੈ ਜਦ ਤਕ ਕਿ ਉਹ ਆਕਾਸ਼ ਵਿਚ ਕੇਵਲ ਇਕ ਕਾਲਾ ਦਾਗ਼ ਹੀ ਨਜ਼ਰ ਆਉਂਦਾ ਹੈ।”—ਦ ਔਡਬਨ ਸੋਸਾਇਟੀ ਐਨਸਾਈਕਲੋਪੀਡੀਆ ਆਫ਼ ਨੌਰਥ ਅਮੈਰੀਕਨ ਬਰਡਸ।
2 ਉਕਾਬ ਦੀ ਉੱਡਣ ਦੀ ਯੋਗਤਾ ਨੂੰ ਮਨ ਵਿਚ ਰੱਖਦੇ ਹੋਏ, ਯਸਾਯਾਹ ਨੇ ਲਿਖਿਆ: “[ਯਹੋਵਾਹ] ਹੁੱਸੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ। ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ, ਅਤੇ ਜੁਆਨ ਵੀ ਡਿੱਗ ਹੀ ਪੈਣਗੇ, ਪਰ ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਓਹ ਉਕਾਬਾਂ ਵਾਂਙੁ ਖੰਭਾਂ ਉੱਤੇ ਉੱਡਣਗੇ, ਓਹ ਦੌੜਨਗੇ ਤੇ ਨਾ ਥੱਕਣਗੇ, ਓਹ ਫਿਰਨਗੇ ਅਰ ਹੁੱਸਣਗੇ ਨਹੀਂ।” (ਯਸਾਯਾਹ 40:29-31) ਇਹ ਜਾਣਨਾ ਕਿੰਨਾ ਸੁਖਦਾਇਕ ਹੈ ਕਿ ਯਹੋਵਾਹ ਉਸ ਉੱਤੇ ਭਰੋਸਾ ਰੱਖਣ ਵਾਲਿਆਂ ਨੂੰ ਕਾਇਮ ਬਣੇ ਰਹਿਣ ਲਈ ਬਲ ਦਿੰਦਾ ਹੈ, ਮਾਨੋ ਉਨ੍ਹਾਂ ਨੂੰ ਉੱਚੀ ਉਡਾਰੀ ਭਰਦੇ ਉਕਾਬ ਦੇ ਜ਼ਾਹਰਾ ਤੌਰ ਤੇ ਅਣਥੱਕ ਖੰਭਾਂ ਨਾਲ ਲੈਸ ਕਰਦਾ ਹੈ! ਹੁਣ ਜ਼ਰਾ ਉਨ੍ਹਾਂ ਕੁਝ ਪ੍ਰਬੰਧਾਂ ਉੱਤੇ ਵਿਚਾਰ ਕਰੋ ਜੋ ਉਸ ਨੇ ਹੁੱਸੇ ਹੋਏ ਨੂੰ ਬਲ ਦੇਣ ਲਈ ਕੀਤੇ ਹਨ।
ਪ੍ਰਾਰਥਨਾ ਦੀ ਸ਼ਕਤੀ
3, 4. (ੳ) ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਕਰਨ ਲਈ ਜ਼ੋਰ ਦਿੱਤਾ? (ਅ) ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਵਿਚ ਅਸੀਂ ਯਹੋਵਾਹ ਤੋਂ ਕੀ ਕਰਨ ਦੀ ਆਸ ਰੱਖ ਸਕਦੇ ਹਾਂ?
3 ਯਿਸੂ ਨੇ ਆਪਣੇ ਚੇਲਿਆਂ ਨੂੰ ‘ਸਦਾ ਪ੍ਰਾਰਥਨਾ ਵਿੱਚ ਲੱਗੇ ਰਹਿਣ ਅਤੇ ਸੁਸਤੀ ਨਹੀਂ ਕਰਨ’ ਲਈ ਜ਼ੋਰ ਦਿੱਤਾ। (ਲੂਕਾ 18:1) ਕੀ ਦਿਲ ਖੋਲ੍ਹ ਕੇ ਯਹੋਵਾਹ ਨੂੰ ਸਾਰੀ ਗੱਲ ਦੱਸਣ ਨਾਲ ਸੱਚ-ਮੁੱਚ ਸਾਨੂੰ ਮੁੜ ਸ਼ਕਤੀ ਹਾਸਲ ਕਰਨ ਵਿਚ ਅਤੇ ਹਾਰ ਨਾ ਮੰਨਣ ਵਿਚ ਮਦਦ ਮਿਲੇਗੀ, ਜਦੋਂ ਜੀਵਨ ਦੇ ਦਬਾਉ ਭਾਰੂ ਜਾਪਣ? ਜੀ ਹਾਂ, ਲੇਕਿਨ ਕੁਝ ਗੱਲਾਂ ਹਨ ਜੋ ਸਾਨੂੰ ਮਨ ਵਿਚ ਰੱਖਣੀਆਂ ਚਾਹੀਦੀਆਂ ਹਨ।
4 ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਵਿਚ ਕੀ ਕਰੇਗਾ, ਇਸ ਦੇ ਬਾਰੇ ਸਾਡੀਆਂ ਆਸਾਂ ਵਾਜਬ ਹੋਣੀਆਂ ਚਾਹੀਦੀਆਂ ਹਨ। ਇਕ ਮਸੀਹੀ ਜੋ ਡੂੰਘੀ ਹਤਾਸ਼ਾ ਵਿਚ ਡੁੱਬੀ ਹੋਈ ਸੀ, ਨੇ ਬਾਅਦ ਵਿਚ ਦੱਸਿਆ: “ਜਿਵੇਂ ਕਿ ਦੂਸਰੀਆਂ ਬੀਮਾਰੀਆਂ ਦੇ ਸੰਬੰਧ ਵਿਚ ਵੀ, ਯਹੋਵਾਹ ਇਸ ਸਮੇਂ ਤੇ ਕੋਈ ਚਮਤਕਾਰ ਨਹੀਂ ਕਰਦਾ ਹੈ। ਪਰੰਤੂ ਉਹ ਸਾਨੂੰ ਨਿਭਣ ਲਈ ਅਤੇ ਉਸ ਹੱਦ ਤਕ ਰਾਜ਼ੀ ਹੋਣ ਲਈ ਮਦਦ ਜ਼ਰੂਰ ਕਰਦਾ ਹੈ, ਜਿੰਨਾ ਇਸ ਵਿਵਸਥਾ ਵਿਚ ਮੁਮਕਿਨ ਹੈ।” ਇਹ ਸਮਝਾਉਂਦੇ ਹੋਏ ਕਿ ਉਸ ਦੀਆਂ ਪ੍ਰਾਰਥਨਾਵਾਂ ਤੋਂ ਕਿਉਂ ਫ਼ਰਕ ਪਿਆ, ਉਹ ਅੱਗੇ ਕਹਿੰਦੀ ਹੈ: “ਮੈਨੂੰ ਯਹੋਵਾਹ ਦੀ ਪਵਿੱਤਰ ਆਤਮਾ ਤਕ ਸਾਰਾ ਦਿਨ 24-ਘੰਟੇ ਦੀ ਪਹੁੰਚ ਸੀ।” ਇਸ ਤਰ੍ਹਾਂ, ਯਹੋਵਾਹ ਸਾਨੂੰ ਜੀਵਨ ਦਿਆਂ ਉਨ੍ਹਾਂ ਦਬਾਵਾਂ ਤੋਂ ਨਹੀਂ ਬਚਾਏ ਰੱਖਦਾ ਹੈ ਜੋ ਸਾਨੂੰ ਥਕਾ ਸਕਦੇ ਹਨ, ਪਰੰਤੂ ਉਹ ਜ਼ਰੂਰ ‘ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦਿੰਦਾ ਹੈ!’ (ਲੂਕਾ 11:13; ਜ਼ਬੂਰ 88:1-3) ਉਸ ਆਤਮਾ ਦੇ ਕਾਰਨ ਅਸੀਂ ਆਪਣੇ ਉੱਤੇ ਆਉਣ ਵਾਲੀ ਕਿਸੇ ਵੀ ਅਜ਼ਮਾਇਸ਼ ਜਾਂ ਦਬਾਉ ਦਾ ਸਾਮ੍ਹਣਾ ਕਰ ਸਕਦੇ ਹਾਂ। (1 ਕੁਰਿੰਥੀਆਂ 10:13) ਜੇਕਰ ਜ਼ਰੂਰੀ ਹੋਵੇ, ਤਾਂ ਇਹ ਸਾਡੇ ਵਿਚ “ਸਮਰੱਥਾ ਦਾ ਅੱਤ ਵੱਡਾ ਮਹਾਤਮ” ਵੀ ਪਾ ਸਕਦੀ ਹੈ ਤਾਂ ਜੋ ਅਸੀਂ ਉਸ ਸਮੇਂ ਤਕ ਸਹਿਣ ਕਰੀਏ, ਜਦੋਂ ਤਕ ਕਿ ਪਰਮੇਸ਼ੁਰ ਦਾ ਰਾਜ ਹੁਣ ਬਿਲਕੁਲ ਨਿਕਟ ਨਵੇਂ ਸੰਸਾਰ ਵਿਚ ਸਾਰੀਆਂ ਤਣਾਉ-ਭਰਪੂਰ ਸਮੱਸਿਆਵਾਂ ਨੂੰ ਨਾ ਹਟਾ ਦੇਵੇ।—2 ਕੁਰਿੰਥੀਆਂ 4:7.
5. (ੳ) ਸਾਡੀਆਂ ਪ੍ਰਾਰਥਨਾਵਾਂ ਨੂੰ ਪ੍ਰਭਾਵਸ਼ਾਲੀ ਹੋਣ ਲਈ, ਕਿਹੜੀਆਂ ਦੋ ਚੀਜ਼ਾਂ ਅਤਿ-ਆਵੱਸ਼ਕ ਹਨ? (ਅ) ਜੇਕਰ ਅਸੀਂ ਇਕ ਸਰੀਰਕ ਕਮਜ਼ੋਰੀ ਨਾਲ ਲੜ ਰਹੇ ਹਾਂ, ਤਾਂ ਅਸੀਂ ਕਿਵੇਂ ਪ੍ਰਾਰਥਨਾ ਕਰ ਸਕਦੇ ਹਾਂ? (ੲ) ਸਾਡੀਆਂ ਦ੍ਰਿੜ੍ਹ ਅਤੇ ਵਿਸ਼ਿਸ਼ਟ ਪ੍ਰਾਰਥਨਾਵਾਂ ਯਹੋਵਾਹ ਨੂੰ ਕੀ ਪ੍ਰਦਰਸ਼ਿਤ ਕਰਨਗੀਆਂ?
5 ਪਰੰਤੂ, ਸਾਡੀਆਂ ਪ੍ਰਾਰਥਨਾਵਾਂ ਨੂੰ ਪ੍ਰਭਾਵਸ਼ਾਲੀ ਹੋਣ ਲਈ, ਸਾਨੂੰ ਡਟੇ ਰਹਿਣ ਦੀ ਜ਼ਰੂਰਤ ਹੈ, ਅਤੇ ਸਾਨੂੰ ਵਿਸ਼ਿਸ਼ਟ ਹੋਣਾ ਚਾਹੀਦਾ ਹੈ। (ਰੋਮੀਆਂ 12:12) ਮਿਸਾਲ ਲਈ, ਜੇਕਰ ਤੁਸੀਂ ਇਕ ਸਰੀਰਕ ਕਮਜ਼ੋਰੀ ਨਾਲ ਲੜਨ ਦੇ ਕਾਰਨ ਕਦੇ-ਕਦੇ ਥੱਕ ਜਾਂਦੇ ਹੋ, ਤਾਂ ਹਰ ਦਿਨ ਦੇ ਆਰੰਭ ਵਿਚ ਯਹੋਵਾਹ ਨੂੰ ਮਦਦ ਲਈ ਬੇਨਤੀ ਕਰੋ ਕਿ ਤੁਸੀਂ ਉਸ ਦਿਨ ਦੇ ਦੌਰਾਨ ਉਸ ਖ਼ਾਸ ਕਮਜ਼ੋਰੀ ਦਾ ਸ਼ਿਕਾਰ ਨਾ ਬਣੋ। ਇਸੇ ਤਰ੍ਹਾਂ ਪੂਰੇ ਦਿਨ ਦੇ ਦੌਰਾਨ ਅਤੇ ਹਰ ਰਾਤ ਨੂੰ ਸੌਣ ਤੋਂ ਪਹਿਲਾਂ ਪ੍ਰਾਰਥਨਾ ਕਰੋ। ਜੇਕਰ ਤੁਸੀਂ ਮੁੜ ਗਿਰ ਜਾਂਦੇ ਹੋ, ਤਾਂ ਯਹੋਵਾਹ ਤੋਂ ਉਸ ਦੀ ਮਾਫ਼ੀ ਲਈ ਮਿੰਨਤਾਂ ਕਰੋ, ਪਰੰਤੂ ਇਸ ਬਾਰੇ ਵੀ ਉਸ ਨਾਲ ਗੱਲਾਂ ਕਰੋ ਕਿ ਕਿਸ ਚੀਜ਼ ਦੇ ਕਾਰਨ ਇਹ ਪਲਟਾ ਹੋਇਆ ਅਤੇ ਤੁਸੀਂ ਭਵਿੱਖ ਵਿਚ ਉਨ੍ਹਾਂ ਹਾਲਾਤਾਂ ਤੋਂ ਪਰਹੇਜ਼ ਕਰਨ ਲਈ ਕੀ ਕਰ ਸਕਦੇ ਹੋ। ਅਜਿਹੀਆਂ ਦ੍ਰਿੜ੍ਹ ਅਤੇ ਵਿਸ਼ਿਸ਼ਟ ਪ੍ਰਾਰਥਨਾਵਾਂ, “ਪ੍ਰਾਰਥਨਾ ਦੇ ਸੁਣਨ ਵਾਲੇ” ਦੇ ਅੱਗੇ ਤੁਹਾਡੀ ਇਹ ਲੜਾਈ ਜਿੱਤਣ ਦੀ ਇੱਛਾ ਦੀ ਸੁਹਿਰਦਤਾ ਨੂੰ ਪ੍ਰਦਰਸ਼ਿਤ ਕਰਨਗੀਆਂ।—ਜ਼ਬੂਰ 65:2; ਲੂਕਾ 11:5-13.
6. ਅਸੀਂ ਕਿਉਂ ਉਚਿਤ ਤੌਰ ਤੇ ਯਹੋਵਾਹ ਤੋਂ ਆਸ ਰੱਖ ਸਕਦੇ ਹਾਂ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਨੂੰ ਉਦੋਂ ਵੀ ਸੁਣੇਗਾ, ਜਦੋਂ ਅਸੀਂ ਸ਼ਾਇਦ ਪ੍ਰਾਰਥਨਾ ਕਰਨ ਦੇ ਅਯੋਗ ਮਹਿਸੂਸ ਕਰਦੇ ਹਾਂ?
6 ਪਰੰਤੂ, ਕਦੇ-ਕਦੇ ਉਹ ਵਿਅਕਤੀ ਜੋ ਥੱਕ ਗਏ ਹਨ, ਸ਼ਾਇਦ ਪ੍ਰਾਰਥਨਾ ਕਰਨ ਦੇ ਅਯੋਗ ਮਹਿਸੂਸ ਕਰਨ। ਇਕ ਮਸੀਹੀ ਇਸਤਰੀ ਜਿਸ ਨੇ ਇਸੇ ਤਰ੍ਹਾਂ ਮਹਿਸੂਸ ਕੀਤਾ ਸੀ, ਬਾਅਦ ਵਿਚ ਦੱਸਿਆ: “ਇਹ ਬਹੁਤ ਹੀ ਖ਼ਤਰਨਾਕ ਸੋਚ ਹੈ ਕਿਉਂਕਿ ਇਸ ਦਾ ਭਾਵ ਹੈ ਕਿ ਅਸੀਂ ਖ਼ੁਦ ਦਾ ਨਿਆਉਂ ਕਰਨ ਦਾ ਕੰਮ ਆਪਣੇ ਉੱਤੇ ਲੈਂਦੇ ਹਾਂ, ਪਰੰਤੂ ਇਹ ਕੰਮ ਸਾਡਾ ਨਹੀਂ ਹੈ।” ਅਸਲ ਵਿਚ, “ਪਰਮੇਸ਼ੁਰ ਆਪ ਹੀ ਨਿਆਈ ਹੈ।” (ਜ਼ਬੂਰ 50:6) ਬਾਈਬਲ ਸਾਨੂੰ ਭਰੋਸਾ ਦਿੰਦੀ ਹੈ ਕਿ ਭਾਵੇਂ “ਸਾਡਾ ਮਨ ਸਾਨੂੰ ਦੋਸ਼ ਲਾਉਂਦਾ ਹੈ . . . ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਜਾਣੀਜਾਣ ਹੈ।” (1 ਯੂਹੰਨਾ 3:19, 20) ਇਹ ਜਾਣ ਕੇ ਕਿੰਨੀ ਤਸੱਲੀ ਮਿਲਦੀ ਹੈ ਕਿ ਜਦੋਂ ਅਸੀਂ ਆਪਣੇ ਆਪ ਨੂੰ ਸ਼ਾਇਦ ਪ੍ਰਾਰਥਨਾ ਕਰਨ ਦੇ ਅਯੋਗ ਸਮਝਦੇ ਹਾਂ, ਯਹੋਵਾਹ ਸ਼ਾਇਦ ਸਾਡੇ ਬਾਰੇ ਇੰਜ ਮਹਿਸੂਸ ਨਹੀਂ ਕਰਦਾ ਹੈ! ਉਹ ਸਾਡੇ ਬਾਰੇ “ਜਾਣੀਜਾਣ ਹੈ,” ਅਤੇ ਸਾਡੇ ਜੀਵਨ ਦਿਆਂ ਉਨ੍ਹਾਂ ਹਾਲਾਤਾਂ ਨੂੰ ਵੀ ਜਾਣਦਾ ਹੈ, ਸ਼ਾਇਦ ਜਿਸ ਦੇ ਕਾਰਨ ਅਸੀਂ ਇੰਨੇ ਅਯੋਗ ਮਹਿਸੂਸ ਕਰਦੇ ਹਾਂ। (ਜ਼ਬੂਰ 103:10-14) ਉਸ ਦੀ ਦਇਆ ਅਤੇ ਸਮਝ ਦੀ ਗਹਿਰਾਈ ਉਸ ਨੂੰ “ਟੁੱਟੇ ਅਤੇ ਆਜਿਜ਼ ਦਿਲ” ਤੋਂ ਨਿਕਲੀਆਂ ਪ੍ਰਾਰਥਨਾਵਾਂ ਸੁਣਨ ਲਈ ਪ੍ਰੇਰਿਤ ਕਰਦੀਆਂ ਹਨ। (ਜ਼ਬੂਰ 51:17) ਉਹ ਸਾਡੀਆਂ ਕੁਰਲਾਟਾਂ ਨੂੰ ਸੁਣਨ ਤੋਂ ਕਿਵੇਂ ਇਨਕਾਰ ਕਰ ਸਕਦਾ ਹੈ, ਜਦੋਂ ਕਿ ਉਹ ਖ਼ੁਦ ਉਸ ਵਿਅਕਤੀ ਦੀ ਨਿੰਦਿਆ ਕਰਦਾ ਹੈ ‘ਜਿਹੜਾ ਗਰੀਬ ਦੀ ਦੁਹਾਈ ਉੱਤੇ ਕੰਨ ਬੰਦ ਕਰ ਲੈਂਦਾ ਹੈ’?—ਕਹਾਉਤਾਂ 21:13.
ਭਾਈਚਾਰੇ ਦਾ ਸਨੇਹ
7. (ੳ) ਮੁੜ ਤਾਕਤ ਹਾਸਲ ਕਰਨ ਵਿਚ ਸਾਡੀ ਮਦਦ ਕਰਨ ਲਈ ਯਹੋਵਾਹ ਨੇ ਇਕ ਹੋਰ ਕਿਹੜਾ ਪ੍ਰਬੰਧ ਕੀਤਾ ਹੈ? (ਅ) ਆਪਣੇ ਭਾਈਚਾਰੇ ਬਾਰੇ ਕਿਹੜੀ ਗੱਲ ਜਾਣਨਾ ਸਾਨੂੰ ਬਲ ਦੇ ਸਕਦਾ ਹੈ?
7 ਮੁੜ ਤਾਕਤ ਹਾਸਲ ਕਰਨ ਵਿਚ ਸਾਡੀ ਮਦਦ ਕਰਨ ਲਈ ਇਕ ਹੋਰ ਪ੍ਰਬੰਧ ਜੋ ਯਹੋਵਾਹ ਨੇ ਕੀਤਾ ਹੈ, ਉਹ ਸਾਡਾ ਮਸੀਹੀ ਭਾਈਚਾਰਾ ਹੈ। ਭੈਣਾਂ-ਭਰਾਵਾਂ ਦੇ ਇਕ ਵਿਸ਼ਵ-ਵਿਆਪੀ ਪਰਿਵਾਰ ਦਾ ਭਾਗ ਹੋਣਾ, ਕੀ ਹੀ ਇਕ ਅਣਮੋਲ ਵਿਸ਼ੇਸ਼-ਸਨਮਾਨ ਹੈ! (1 ਪਤਰਸ 2:17) ਜਦੋਂ ਅਸੀਂ ਜੀਵਨ ਦਿਆਂ ਦਬਾਵਾਂ ਦੇ ਬੋਝ ਹੇਠਾਂ ਦੱਬੇ ਹੁੰਦੇ ਹਾਂ, ਉਦੋਂ ਸਾਡੇ ਭਾਈਚਾਰੇ ਦਾ ਸਨੇਹ ਸਾਨੂੰ ਮੁੜ ਤਾਕਤ ਹਾਸਲ ਕਰਨ ਵਿਚ ਮਦਦ ਕਰ ਸਕਦਾ ਹੈ। ਇਹ ਕਿਵੇਂ? ਇਹ ਜਾਣਨਾ ਕਿ ਅਸੀਂ ਤਣਾਉ-ਭਰਪੂਰ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਇਕੱਲੇ ਨਹੀਂ ਹਾਂ, ਆਪਣੇ ਆਪ ਵਿਚ ਹੀ ਸਾਨੂੰ ਬਲ ਦੇ ਸਕਦਾ ਹੈ। ਸਾਡੇ ਭੈਣਾਂ-ਭਰਾਵਾਂ ਦੇ ਵਿਚਕਾਰ, ਨਿਰਸੰਦੇਹ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੇ ਇਸੇ ਤਰ੍ਹਾਂ ਦੇ ਦਬਾਵਾਂ ਜਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਹੈ ਅਤੇ ਜਿਨ੍ਹਾਂ ਨੇ ਸਾਡੇ ਵਰਗੀਆਂ ਭਾਵਨਾਵਾਂ ਦਾ ਅਨੁਭਵ ਕੀਤਾ ਹੈ। (1 ਪਤਰਸ 5:9) ਇਹ ਜਾਣਨਾ ਮੁੜ ਭਰੋਸਾ-ਦਿਵਾਊ ਹੈ ਕਿ ਅਸੀਂ ਜੋ ਅਨੁਭਵ ਕਰ ਰਹੇ ਹਾਂ, ਇਹ ਅਸਾਧਾਰਣ ਨਹੀਂ ਹੈ ਅਤੇ ਕਿ ਸਾਡੀਆਂ ਭਾਵਨਾਵਾਂ ਅਨੋਖੀਆਂ ਨਹੀਂ ਹਨ।
8. (ੳ) ਕਿਹੜੇ ਉਦਾਹਰਣ ਦਿਖਾਉਂਦੇ ਹਨ ਕਿ ਅਸੀਂ ਕਿਵੇਂ ਆਪਣੇ ਭਾਈਚਾਰੇ ਵਿਚ ਅਤਿ ਲੋੜੀਂਦੀ ਸਹਾਇਤਾ ਅਤੇ ਦਿਲਾਸਾ ਪਾ ਸਕਦੇ ਹਾਂ? (ਅ) ਤੁਸੀਂ ਵਿਅਕਤੀਗਤ ਤੌਰ ਤੇ ਇਕ “ਮਿੱਤ੍ਰ” ਕੋਲੋਂ ਕਿਸ ਤਰੀਕੇ ਵਿਚ ਸਹਾਇਤਾ ਜਾਂ ਦਿਲਾਸਾ ਹਾਸਲ ਕੀਤਾ ਹੈ?
8 ਭਾਈਚਾਰੇ ਦੇ ਸਨੇਹ ਵਿਚ ਅਸੀਂ “ਮਿੱਤ੍ਰ” ਪਾ ਸਕਦੇ ਹਾਂ ਜੋ ਉਦੋਂ ਅਤਿ ਲੋੜੀਂਦੀ ਸਹਾਇਤਾ ਅਤੇ ਦਿਲਾਸਾ ਪੇਸ਼ ਕਰ ਸਕਦੇ ਹਨ, ਜਦੋਂ ਅਸੀਂ ਔਕੜ ਵਿਚ ਹੁੰਦੇ ਹਾਂ। (ਕਹਾਉਤਾਂ 17:17) ਅਕਸਰ, ਕੇਵਲ ਕੁਝ ਸੁਖਾਵੇਂ ਸ਼ਬਦ ਜਾਂ ਲਿਹਾਜ਼ੀ ਵਰਤਾਉ ਦੀ ਹੀ ਲੋੜ ਹੁੰਦੀ ਹੈ। ਇਕ ਮਸੀਹੀ ਜੋ ਨਿਕੰਮੇਪਣ ਦੀ ਭਾਵਨਾ ਨਾਲ ਜੂਝ ਰਹੀ ਸੀ, ਯਾਦ ਕਰਦੀ ਹੈ: “ਮੇਰੀਆਂ ਅਜਿਹੀਆਂ ਦੋਸਤ-ਮਿੱਤਰਾਂ ਸਨ ਜੋ ਮੇਰੇ ਨਕਾਰਾਤਮਕ ਵਿਚਾਰਾਂ ਨੂੰ ਕਾਬੂ ਕਰਨ ਵਿਚ ਮੇਰੀ ਮਦਦ ਕਰਨ ਲਈ ਮੈਨੂੰ ਮੇਰੇ ਬਾਰੇ ਸਕਾਰਾਤਮਕ ਗੱਲਾਂ ਦੱਸਦੀਆਂ ਸਨ।” (ਕਹਾਉਤਾਂ 15:23) ਆਪਣੀ ਜਵਾਨ ਬੇਟੀ ਦੀ ਮੌਤ ਮਗਰੋਂ, ਇਕ ਭੈਣ ਨੂੰ ਪਹਿਲਾਂ-ਪਹਿਲ ਕਲੀਸਿਯਾ ਸਭਾਵਾਂ ਵਿਚ ਰਾਜ ਗੀਤ ਗਾਉਣ ਦੇ ਸਮੇਂ ਔਖਿਆਈ ਮਹਿਸੂਸ ਹੁੰਦੀ ਸੀ, ਖ਼ਾਸ ਕਰਕੇ ਉਹ ਗੀਤ ਜਿਹੜੇ ਕਿ ਪੁਨਰ-ਉਥਾਨ ਦਾ ਜ਼ਿਕਰ ਕਰਦੇ ਸਨ। “ਇਕ ਵਾਰੀ,” ਉਹ ਯਾਦ ਕਰਦੀ ਹੈ, “ਇਕ ਭੈਣ ਜੋ ਲਾਂਘੇ ਦੇ ਦੂਜੇ ਪਾਸੇ ਬੈਠੀ ਹੋਈ ਸੀ, ਨੇ ਮੈਨੂੰ ਰੋਂਦਿਆਂ ਦੇਖਿਆ। ਉਸ ਨੇ ਆ ਕੇ ਆਪਣੀ ਬਾਂਹ ਮੇਰੇ ਕੰਧੇ ਤੇ ਰੱਖੀ, ਅਤੇ ਬਾਕੀ ਦਾ ਗੀਤ ਮੇਰੇ ਨਾਲ ਗਾਇਆ। ਮੈਂ ਭੈਣਾਂ-ਭਰਾਵਾਂ ਲਈ ਇੰਨੇ ਪ੍ਰੇਮ ਨਾਲ ਭਰਪੂਰ ਭਾਵਨਾ ਮਹਿਸੂਸ ਕੀਤੀ, ਅਤੇ ਇੰਨੀ ਖ਼ੁਸ਼ ਸੀ ਕਿ ਅਸੀਂ ਸਭਾਵਾਂ ਵਿਚ ਗਏ, ਇਸ ਗੱਲ ਦਾ ਅਹਿਸਾਸ ਕਰਦੇ ਹੋਏ ਕਿ ਰਾਜ ਗ੍ਰਹਿ ਹੀ ਹੈ, ਜਿੱਥੇ ਸਾਨੂੰ ਮਦਦ ਮਿਲਦੀ ਹੈ।”
9, 10. (ੳ) ਅਸੀਂ ਆਪਣੇ ਭਾਈਚਾਰੇ ਦੇ ਸਨੇਹ ਨੂੰ ਕਿਵੇਂ ਵਧਾ ਸਕਦੇ ਹਾਂ? (ਅ) ਕਿਨ੍ਹਾਂ ਨੂੰ ਖ਼ਾਸ ਕਰਕੇ ਗੁਣਕਾਰੀ ਸੰਗਤ ਦੀ ਲੋੜ ਹੈ? (ੲ) ਅਸੀਂ ਉਨ੍ਹਾਂ ਦੀ ਮਦਦ ਕਰਨ ਲਈ ਕੀ ਕਰ ਸਕਦੇ ਹਾਂ ਜਿਨ੍ਹਾਂ ਨੂੰ ਹੌਸਲਾ-ਅਫ਼ਜ਼ਾਈ ਦੀ ਲੋੜ ਹੈ?
9 ਬੇੱਸ਼ਕ, ਸਾਡੇ ਵਿੱਚੋਂ ਹਰ ਇਕ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਮਸੀਹੀ ਭਾਈਚਾਰੇ ਦੇ ਸਨੇਹ ਨੂੰ ਵਧਾਈਏ। ਇਸ ਤਰ੍ਹਾਂ, ਸਾਨੂੰ ਆਪਣੇ ਸਾਰੇ ਭੈਣਾਂ-ਭਰਾਵਾਂ ਨੂੰ ਸ਼ਾਮਲ ਕਰਨ ਲਈ “ਖੁਲ੍ਹੇ ਦਿਲ” ਹੋਣਾ ਚਾਹੀਦਾ ਹੈ। (2 ਕੁਰਿੰਥੀਆਂ 6:13) ਇਹ ਕਿੰਨੀ ਹੀ ਦੁੱਖ ਦੀ ਗੱਲ ਹੋਵੇਗੀ ਜੇਕਰ ਉਹ ਜਿਹੜੇ ਥੱਕ ਗਏ ਹਨ, ਮਹਿਸੂਸ ਕਰਨ ਕਿ ਭਾਈਚਾਰੇ ਦਾ ਉਨ੍ਹਾਂ ਦੇ ਪ੍ਰਤੀ ਪ੍ਰੇਮ ਠੰਡਾ ਪੈ ਗਿਆ ਹੈ! ਫਿਰ ਵੀ, ਕਈ ਮਸੀਹੀ ਦੱਸਦੇ ਹਨ ਕਿ ਉਹ ਇਕੱਲੇ ਅਤੇ ਅਣਗੌਲੇ ਕੀਤੇ ਗਏ ਮਹਿਸੂਸ ਕਰਦੇ ਹਨ। ਇਕ ਭੈਣ ਜਿਸ ਦਾ ਪਤੀ ਸੱਚਾਈ ਦਾ ਵਿਰੋਧ ਕਰਦਾ ਹੈ, ਨੇ ਤਰਲੇ ਕੀਤੇ: “ਕਿਸ ਨੂੰ ਉਤਸ਼ਾਹਜਨਕ ਮਿੱਤਰਤਾ, ਹੌਸਲਾ-ਅਫ਼ਜ਼ਾਈ, ਅਤੇ ਪ੍ਰੇਮਮਈ ਸੰਗਤ ਦੀ ਇੱਛਾ ਅਤੇ ਲੋੜ ਨਹੀਂ ਹੁੰਦੀ? ਕਿਰਪਾ ਕਰ ਕੇ ਸਾਡੇ ਭੈਣਾਂ-ਭਰਾਵਾਂ ਨੂੰ ਯਾਦ ਦਿਲਾਓ ਕਿ ਸਾਨੂੰ ਉਨ੍ਹਾਂ ਦੀ ਲੋੜ ਹੈ!” ਜੀ ਹਾਂ, ਖ਼ਾਸ ਕਰਕੇ ਉਹ ਜੋ ਜੀਵਨ ਦਿਆਂ ਹਾਲਾਤਾਂ ਦੇ ਬੋਝ ਹੇਠਾਂ ਦੱਬੇ ਹੋਏ ਹਨ—ਅਥਵਾ ਜਿਨ੍ਹਾਂ ਦੇ ਅਵਿਸ਼ਵਾਸੀ ਵਿਆਹ-ਸਾਥੀ ਹਨ, ਜੋ ਇਕੱਲੇ ਮਾਤਾ ਜਾਂ ਪਿਤਾ ਹਨ, ਜਿਨ੍ਹਾਂ ਦੀਆਂ ਦੇਰੀਨਾ ਸਿਹਤ ਸਮੱਸਿਆਵਾਂ ਹਨ, ਜੋ ਬਿਰਧ ਵਿਅਕਤੀ ਹਨ, ਇਤਿਆਦਿ—ਉਨ੍ਹਾਂ ਨੂੰ ਗੁਣਕਾਰੀ ਸੰਗਤ ਦੀ ਲੋੜ ਹੈ। ਕੀ ਸਾਡੇ ਵਿੱਚੋਂ ਕਈਆਂ ਨੂੰ ਇਸ ਗੱਲ ਦੀ ਯਾਦ ਦਿਲਾਏ ਜਾਣ ਦੀ ਲੋੜ ਹੈ?
10 ਅਸੀਂ ਮਦਦ ਕਰਨ ਲਈ ਕੀ ਕਰ ਸਕਦੇ ਹਾਂ? ਆਓ ਅਸੀਂ ਆਪਣਾ ਪ੍ਰੇਮ ਪ੍ਰਗਟਾਉਣ ਲਈ ਖੁਲ੍ਹੇ-ਦਿਲ ਬਣੀਏ। ਪਰਾਹੁਣਚਾਰੀ ਦਿਖਾਉਂਦੇ ਵਕਤ, ਆਓ ਅਸੀਂ ਉਨ੍ਹਾਂ ਨੂੰ ਨਾ ਭੁੱਲੀਏ ਜਿਨ੍ਹਾਂ ਨੂੰ ਹੌਸਲਾ-ਅਫ਼ਜ਼ਾਈ ਦੀ ਲੋੜ ਹੈ। (ਲੂਕਾ 14:12-14; ਇਬਰਾਨੀਆਂ 13:2) ਇਹ ਮਿਥ ਲੈਣ ਦੀ ਬਜਾਇ ਕਿ ਉਨ੍ਹਾਂ ਦਿਆਂ ਹਾਲਾਤਾਂ ਉਨ੍ਹਾਂ ਨੂੰ ਨਿਮੰਤ੍ਰਣ ਸਵੀਕਾਰ ਕਰਨ ਤੋਂ ਰੋਕਦੀਆਂ ਹਨ, ਕਿਉਂ ਨਾ ਉਨ੍ਹਾਂ ਨੂੰ ਫਿਰ ਵੀ ਸੱਦੋ? ਫਿਰ ਉਨ੍ਹਾਂ ਨੂੰ ਫ਼ੈਸਲਾ ਕਰਨ ਦਿਓ। ਜੇਕਰ ਉਹ ਨਾ ਵੀ ਸਵੀਕਾਰ ਕਰ ਸਕਣ, ਨਿਰਸੰਦੇਹ ਉਹ ਇਹ ਜਾਣ ਕੇ ਹੌਸਲਾ ਹਾਸਲ ਕਰਨਗੇ ਕਿ ਦੂਸਰਿਆਂ ਨੇ ਉਨ੍ਹਾਂ ਬਾਰੇ ਸੋਚਿਆ ਹੈ। ਸ਼ਾਇਦ ਉਨ੍ਹਾਂ ਨੂੰ ਮੁੜ ਤਾਕਤ ਹਾਸਲ ਕਰਨ ਲਈ ਇਹੋ ਹੀ ਕਾਫ਼ੀ ਹੋਵੇ।
11. ਬੋਝ ਹੇਠਾਂ ਦੱਬੇ ਹੋਏ ਵਿਅਕਤੀਆਂ ਨੂੰ ਕਿਨ੍ਹਾਂ ਤਰੀਕਿਆਂ ਵਿਚ ਸਹਾਇਤਾ ਦੀ ਲੋੜ ਹੋ ਸਕਦੀ ਹੈ?
11 ਬੋਝ ਹੇਠਾਂ ਦੱਬੇ ਹੋਏ ਵਿਅਕਤੀਆਂ ਨੂੰ ਸ਼ਾਇਦ ਦੂਸਰੇ ਤਰੀਕਿਆਂ ਵਿਚ ਵੀ ਸਹਾਇਤਾ ਦੀ ਲੋੜ ਹੋਵੇ। ਮਿਸਾਲ ਲਈ, ਇਕ ਇਕੱਲੀ ਮਾਂ ਨੂੰ ਸ਼ਾਇਦ ਇਕ ਪ੍ਰੌੜ੍ਹ ਭਰਾ ਦੀ ਲੋੜ ਹੋਵੇ ਜੋ ਉਸ ਦੇ ਪਿਤਾਹੀਣ ਪੁੱਤਰ ਵਿਚ ਦਿਲਚਸਪੀ ਦਿਖਾਏ। (ਯਾਕੂਬ 1:27) ਕੋਈ ਗੰਭੀਰ ਸਿਹਤ ਸਮੱਸਿਆ ਵਾਲੇ ਇਕ ਭਰਾ ਜਾਂ ਇਕ ਭੈਣ ਨੂੰ ਸ਼ਾਇਦ ਖ਼ਰੀਦਦਾਰੀ ਕਰਨ ਜਾਂ ਘਰ ਦਿਆਂ ਕੰਮਾਂ ਵਿਚ ਮਦਦ ਦੀ ਲੋੜ ਹੋਵੇ। ਇਕ ਬਿਰਧ ਵਿਅਕਤੀ ਸ਼ਾਇਦ ਕੁਝ ਸੰਗਤ ਲਈ ਤਰਸਦਾ ਹੋਵੇ ਜਾਂ ਖੇਤਰ ਸੇਵਕਾਈ ਵਿਚ ਜਾਣ ਲਈ ਉਸ ਨੂੰ ਕੁਝ ਸਹਾਇਤਾ ਦੀ ਲੋੜ ਹੋਵੇ। ਜਦੋਂ ਅਜਿਹੀ ਸਹਾਇਤਾ ਦੀ ਲਗਾਤਾਰ ਲੋੜ ਪੈਂਦੀ ਹੈ, ਉਦੋਂ ਅਸਲੀ ਤੌਰ ਤੇ ‘ਸਾਡੇ ਪ੍ਰੇਮ ਦੀ ਸਚਿਆਈ ਨੂੰ ਪਰਖਿਆ’ ਜਾਂਦਾ ਹੈ। (2 ਕੁਰਿੰਥੀਆਂ 8:8) ਇਸ ਵਿਚ ਜੋ ਸਮਾਂ ਅਤੇ ਜਤਨ ਸ਼ਾਮਲ ਹਨ, ਇਸ ਦੇ ਕਾਰਨ ਲੋੜਵੰਦ ਵਿਅਕਤੀਆਂ ਤੋਂ ਦੂਰ ਰਹਿਣ ਦੀ ਬਜਾਇ, ਇੰਜ ਹੋਵੇ ਕਿ ਅਸੀਂ ਦੂਜਿਆਂ ਦੀਆਂ ਲੋੜਾਂ ਦੇ ਪ੍ਰਤੀ ਸੰਵੇਦਨਸ਼ੀਲ ਹੋਣ ਅਤੇ ਪ੍ਰਤਿਕ੍ਰਿਆ ਦਿਖਾਉਣ ਵਿਚ ਤਿਆਰ ਰਹਿਣ ਦੇ ਦੁਆਰਾ ਮਸੀਹੀ ਪ੍ਰੇਮ ਦੀ ਪਰੀਖਿਆ ਵਿਚ ਸਫ਼ਲ ਹੋਈਏ।
ਪਰਮੇਸ਼ੁਰ ਦੇ ਬਚਨ ਦੀ ਸ਼ਕਤੀ
12. ਪਰਮੇਸ਼ੁਰ ਦਾ ਬਚਨ ਕਿਵੇਂ ਸਾਨੂੰ ਮੁੜ ਸ਼ਕਤੀ ਹਾਸਲ ਕਰਨ ਵਿਚ ਮਦਦ ਕਰਦਾ ਹੈ?
12 ਇਕ ਵਿਅਕਤੀ ਜੋ ਖਾਣਾ ਬੰਦ ਕਰ ਦਿੰਦਾ ਹੈ, ਜਲਦੀ ਹੀ ਆਪਣਾ ਬਲ, ਜਾਂ ਸ਼ਕਤੀ ਗੁਆ ਬੈਠਦਾ ਹੈ। ਇਸ ਅਨੁਸਾਰ, ਇਕ ਹੋਰ ਤਰੀਕਾ ਜਿਸ ਦੁਆਰਾ ਯਹੋਵਾਹ ਸਾਨੂੰ ਕਾਇਮ ਰਹਿਣ ਦੀ ਸ਼ਕਤੀ ਦਿੰਦਾ ਹੈ, ਇਹ ਹੈ ਕਿ ਉਹ ਇਸ ਗੱਲ ਨੂੰ ਨਿਸ਼ਚਿਤ ਕਰਦਾ ਹੈ ਕਿ ਸਾਨੂੰ ਅਧਿਆਤਮਿਕ ਤੌਰ ਤੇ ਚੰਗਾ ਭੋਜਨ ਹਾਸਲ ਹੋਵੇ। (ਯਸਾਯਾਹ 65:13, 14) ਉਸ ਨੇ ਕੀ ਅਧਿਆਤਮਿਕ ਭੋਜਨ ਮੁਹੱਈਆ ਕੀਤਾ ਹੈ? ਮੁੱਖ ਤੌਰ ਤੇ, ਉਸ ਦਾ ਬਚਨ, ਬਾਈਬਲ। (ਮੱਤੀ 4:4; ਤੁਲਨਾ ਕਰੋ ਇਬਰਾਨੀਆਂ 4:12.) ਇਹ ਕਿਵੇਂ ਸਾਨੂੰ ਮੁੜ ਸ਼ਕਤੀ ਹਾਸਲ ਕਰਨ ਵਿਚ ਮਦਦ ਕਰਦੀ ਹੈ? ਜਦੋਂ ਸਾਡੇ ਉੱਤੇ ਆਏ ਦਬਾਉ ਅਤੇ ਸਮੱਸਿਆਵਾਂ ਸਾਡੀ ਤਾਕਤ ਨੂੰ ਮੰਦ ਕਰਨ ਲੱਗਦੇ ਹਨ, ਉਦੋਂ ਅਸੀਂ ਬਾਈਬਲ ਸਮਿਆਂ ਦੇ ਨਿਹਚਾਵਾਨ ਪੁਰਸ਼ ਅਤੇ ਇਸਤਰੀਆਂ ਦੀਆਂ ਭਾਵਨਾਵਾਂ ਅਤੇ ਅਸਲ-ਜੀਵਨ ਦਿਆਂ ਸੰਘਰਸ਼ਾਂ ਬਾਰੇ ਪੜ੍ਹ ਕੇ ਤਾਕਤ ਹਾਸਲ ਕਰ ਸਕਦੇ ਹਾਂ। ਭਾਵੇਂ ਕਿ ਉਹ ਖਰਿਆਈ ਦੀਆਂ ਵਿਸ਼ੇਸ਼ ਮਿਸਾਲਾਂ ਸਨ, ਫਿਰ ਵੀ ਉਹ ‘ਸਾਡੇ ਵਰਗੇ ਦੁਖ ਸੁਖ ਭੋਗਣ ਵਾਲੇ’ ਮਾਨਵ ਸਨ। (ਯਾਕੂਬ 5:17; ਰਸੂਲਾਂ ਦੇ ਕਰਤੱਬ 14:15) ਉਨ੍ਹਾਂ ਨੇ ਸਾਡੇ ਵਰਗੇ ਸਮਾਨ ਅਜ਼ਮਾਇਸ਼ਾਂ ਅਤੇ ਦਬਾਵਾਂ ਦਾ ਸਾਮ੍ਹਣਾ ਕੀਤਾ। ਕੁਝ ਉਦਾਹਰਣਾਂ ਉੱਤੇ ਗੌਰ ਕਰੋ।
13. ਕਿਹੜੇ ਸ਼ਾਸਤਰ ਸੰਬੰਧੀ ਉਦਾਹਰਣ ਦਿਖਾਉਂਦੇ ਹਨ ਕਿ ਬਾਈਬਲ ਸਮਿਆਂ ਦੇ ਨਿਹਚਾਵਾਨ ਪੁਰਸ਼ ਅਤੇ ਇਸਤਰੀਆਂ ਦੀਆਂ ਸਾਡੇ ਵਰਗੀਆਂ ਹੀ ਭਾਵਨਾਵਾਂ ਅਤੇ ਅਨੁਭਵ ਸਨ?
13 ਕੁਲ-ਪਿਤਾ ਅਬਰਾਹਾਮ ਨੇ ਆਪਣੀ ਪਤਨੀ ਦੀ ਮੌਤ ਤੇ ਅਤਿ ਸੋਗ ਮਨਾਇਆ ਭਾਵੇਂ ਕਿ ਉਸ ਨੂੰ ਪੁਨਰ-ਉਥਾਨ ਉੱਤੇ ਨਿਹਚਾ ਸੀ। (ਉਤਪਤ 23:2; ਤੁਲਨਾ ਕਰੋ ਇਬਰਾਨੀਆਂ 11:8-10, 17-19.) ਪਸ਼ਚਾਤਾਪੀ ਦਾਊਦ ਨੇ ਮਹਿਸੂਸ ਕੀਤਾ ਕਿ ਉਸ ਦਿਆਂ ਪਾਪਾਂ ਨੇ ਉਸ ਨੂੰ ਯਹੋਵਾਹ ਦੀ ਸੇਵਾ ਕਰਨ ਦੇ ਅਯੋਗ ਬਣਾ ਦਿੱਤਾ ਸੀ। (ਜ਼ਬੂਰ 51:11) ਮੂਸਾ ਵਿਚ ਅਯੋਗਤਾ ਦੀਆਂ ਭਾਵਨਾਵਾਂ ਸਨ। (ਕੂਚ 4:10) ਇਪਾਫ਼ਰੋਦੀਤੁਸ ਹਤਾਸ਼ ਹੋ ਗਿਆ ਸੀ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਇਕ ਗੰਭੀਰ ਬੀਮਾਰੀ ਨੇ “ਮਸੀਹ ਦੇ ਕੰਮ” ਵਿਚ ਉਸ ਦੀਆਂ ਸਰਗਰਮੀਆਂ ਨੂੰ ਸੀਮਿਤ ਕਰ ਦਿੱਤਾ ਸੀ। (ਫ਼ਿਲਿੱਪੀਆਂ 2:25-30) ਪੌਲੁਸ ਨੂੰ ਪਤਿਤ ਸਰੀਰ ਦੇ ਵਿਰੁੱਧ ਲੜਨਾ ਪੈਂਦਾ ਸੀ। (ਰੋਮੀਆਂ 7:21-25) ਯੂਓਦੀਆ ਅਤੇ ਸੁੰਤੁਖੇ, ਫ਼ਿਲਿੱਪੈ ਵਿਖੇ ਕਲੀਸਿਯਾ ਵਿਚ ਦੋ ਮਸਹ ਕੀਤੀਆਂ ਹੋਈਆਂ ਭੈਣਾਂ ਵਿਚਕਾਰ ਸਪੱਸ਼ਟ ਤੌਰ ਤੇ ਕੁਝ ਮਤਭੇਦ ਸੀ। (ਫ਼ਿਲਿੱਪੀਆਂ 1:1; 4:2, 3) ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਇਨ੍ਹਾਂ ਨਿਹਚਾਵਾਨ ਵਿਅਕਤੀਆਂ ਦੀਆਂ ਸਾਡੇ ਵਰਗੀਆਂ ਭਾਵਨਾਵਾਂ ਅਤੇ ਅਨੁਭਵ ਸਨ, ਅਤੇ ਫਿਰ ਵੀ ਉਹ ਮਾਯੂਸ ਨਹੀਂ ਹੋਏ! ਅਤੇ ਨਾ ਹੀ ਯਹੋਵਾਹ ਉਨ੍ਹਾਂ ਤੋਂ ਮਾਯੂਸ ਹੋਇਆ।
14. (ੳ) ਉਸ ਦੇ ਬਚਨ ਤੋਂ ਤਾਕਤ ਹਾਸਲ ਕਰਨ ਵਿਚ ਸਾਡੀ ਮਦਦ ਕਰਨ ਲਈ, ਯਹੋਵਾਹ ਨੇ ਕਿਹੜਾ ਸਾਧਨ ਇਸਤੇਮਾਲ ਕੀਤਾ ਹੈ? (ਅ) ਪਹਿਰਾਬੁਰਜ ਅਤੇ ਅਵੇਕ! ਰਸਾਲਿਆਂ ਵਿਚ ਸਮਾਜਕ, ਪਰਿਵਾਰਕ, ਅਤੇ ਭਾਵਾਤਮਕ ਸਮੱਸਿਆਵਾਂ ਉੱਤੇ ਲੇਖ ਕਿਉਂ ਛਪੇ ਹਨ?
14 ਉਸ ਦੇ ਬਚਨ ਤੋਂ ਤਾਕਤ ਹਾਸਲ ਕਰਨ ਵਿਚ ਸਾਡੀ ਮਦਦ ਦੇ ਲਈ, ਯਹੋਵਾਹ ਸਾਨੂੰ ਨਿਯਮਿਤ ਤੌਰ ਤੇ ‘ਵੇਲੇ ਸਿਰ ਰਸਤ’ ਮੁਹੱਈਆ ਕਰਨ ਲਈ ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਨੂੰ ਇਸਤੇਮਾਲ ਕਰਦਾ ਹੈ। (ਮੱਤੀ 24:45) ਮਾਤਬਰ ਨੌਕਰ ਨੇ ਬਾਈਬਲ ਸੱਚਾਈ ਦੀ ਰੱਖਿਆ ਕਰਨ ਅਤੇ ਪਰਮੇਸ਼ੁਰ ਦੇ ਰਾਜ ਨੂੰ ਮਨੁੱਖ ਦੀ ਇੱਕੋ-ਇਕ ਉਮੀਦ ਵਜੋਂ ਘੋਸ਼ਿਤ ਕਰਨ ਲਈ ਲੰਮੇ ਸਮੇਂ ਤੋਂ ਹੀ ਪਹਿਰਾਬੁਰਜ ਅਤੇ ਅਵੇਕ! ਰਸਾਲਿਆਂ ਦੀ ਵਰਤੋਂ ਕੀਤੀ ਹੈ। ਖ਼ਾਸ ਤੌਰ ਤੇ ਪਿੱਛਲੇ ਕੁਝ ਦਹਾਕਿਆਂ ਵਿਚ, ਇਨ੍ਹਾਂ ਰਸਾਲਿਆਂ ਵਿਚ ਸਮਾਜਕ, ਪਰਿਵਾਰਕ, ਅਤੇ ਭਾਵਾਤਮਕ ਚੁਣੌਤੀਆਂ, ਜਿਨ੍ਹਾਂ ਦਾ ਸਾਮ੍ਹਣਾ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਵੀ ਕਈ ਕਰਦੇ ਹਨ, ਉੱਤੇ ਸਮੇਂ-ਅਨੁਕੂਲ ਸ਼ਾਸਤਰ ਸੰਬੰਧੀ ਲੇਖ ਛਪੇ ਹਨ। ਅਜਿਹੀ ਜਾਣਕਾਰੀ ਕਿਸ ਉਦੇਸ਼ ਲਈ ਪ੍ਰਕਾਸ਼ਿਤ ਕੀਤੀ ਗਈ ਹੈ? ਨਿਸ਼ਚੇ ਹੀ ਉਨ੍ਹਾਂ ਦੀ ਮਦਦ ਕਰਨ ਲਈ ਜੋ ਇਨ੍ਹਾਂ ਚੁਣੌਤੀਆਂ ਦਾ ਅਨੁਭਵ ਕਰ ਰਹੇ ਹਨ, ਤਾਂਕਿ ਉਹ ਪਰਮੇਸ਼ੁਰ ਦੇ ਬਚਨ ਤੋਂ ਤਾਕਤ ਅਤੇ ਹੌਸਲਾ ਹਾਸਲ ਕਰ ਸਕਣ। ਪਰ ਅਜਿਹੇ ਲੇਖ ਸਾਨੂੰ ਸਾਰਿਆਂ ਨੂੰ ਇਸ ਬਾਰੇ ਜ਼ਿਆਦਾ ਸਪੱਸ਼ਟ ਸਮਝ ਹਾਸਲ ਕਰਨ ਵਿਚ ਵੀ ਮਦਦ ਕਰਦੇ ਹਨ ਕਿ ਸਾਡੇ ਕਈ ਭੈਣ-ਭਰਾ ਕਿਹੋ ਜਿਹੇ ਹਾਲਾਤਾਂ ਦਾ ਸਾਮ੍ਹਣਾ ਕਰ ਰਹੇ ਹਨ। ਇਸ ਤਰ੍ਹਾਂ ਅਸੀਂ ਪੌਲੁਸ ਦਿਆਂ ਸ਼ਬਦਾਂ ਉੱਤੇ ਗੌਰ ਕਰਨ ਲਈ ਬਿਹਤਰ ਤੌਰ ਤੇ ਲੈਸ ਹੁੰਦੇ ਹਾਂ: “ਕਮਦਿਲਿਆਂ ਨੂੰ ਦਿਲਾਸਾ ਦਿਓ, ਨਿਤਾਣਿਆਂ ਨੂੰ ਸਮ੍ਹਾਲੋ, ਸਭਨਾਂ ਨਾਲ ਧੀਰਜ ਕਰੋ।”—1 ਥੱਸਲੁਨੀਕੀਆਂ 5:14.
ਬਜ਼ੁਰਗ ਜੋ “ਪੌਣ ਤੋਂ ਲੁੱਕਣ ਦੇ ਥਾਂ” ਹਨ
15. ਯਸਾਯਾਹ ਨੇ ਬਜ਼ੁਰਗਾਂ ਦੀ ਹੈਸੀਅਤ ਵਿਚ ਸੇਵਾ ਕਰਨ ਵਾਲਿਆਂ ਦੇ ਬਾਰੇ ਕੀ ਭਵਿੱਖਬਾਣੀ ਕੀਤੀ, ਅਤੇ ਇਸ ਤੋਂ ਉਨ੍ਹਾਂ ਉੱਤੇ ਕਿਹੜੀ ਜ਼ਿੰਮੇਵਾਰੀ ਆਉਂਦੀ ਹੈ?
15 ਜਦੋਂ ਅਸੀਂ ਥੱਕ ਜਾਂਦੇ ਹਾਂ, ਉਦੋਂ ਸਾਡੀ ਮਦਦ ਕਰਨ ਲਈ ਯਹੋਵਾਹ ਨੇ ਹੋਰ ਵੀ ਕੁਝ ਮੁਹੱਈਆ ਕੀਤਾ ਹੈ—ਕਲੀਸਿਯਾ ਦੇ ਬਜ਼ੁਰਗ। ਇਨ੍ਹਾਂ ਦੇ ਬਾਰੇ ਨਬੀ ਯਸਾਯਾਹ ਨੇ ਲਿਖਿਆ: ‘ਹਰੇਕ ਨੂੰ ਪੌਣ ਤੋਂ ਲੁੱਕਣ ਦੇ ਥਾਂ ਜਿਹਾ ਹੋਣਾ ਚਾਹੀਦਾ ਹੈ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹਾ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹਾ।’ (ਯਸਾਯਾਹ 32:1, 2) ਤਾਂ ਫਿਰ, ਬਜ਼ੁਰਗਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਉਸ ਗੱਲ ਉੱਤੇ ਪੂਰੇ ਉਤਰਨ ਜੋ ਯਹੋਵਾਹ ਨੇ ਉਨ੍ਹਾਂ ਦੇ ਬਾਰੇ ਪੂਰਵ-ਸੂਚਿਤ ਕੀਤੀ ਹੈ। ਉਨ੍ਹਾਂ ਨੂੰ ਦੂਜਿਆਂ ਲਈ ਦਿਲਾਸਾ ਅਤੇ ਤਾਜ਼ਗੀ ਦੇ ਸ੍ਰੋਤ ‘ਹੋਣਾ ਚਾਹੀਦਾ ਹੈ’ ਅਤੇ ‘ਇਕ ਦੂਜੇ ਦੇ ਭਾਰ [ਜਾਂ, “ਕਸ਼ਟਦਾਇਕ ਚੀਜ਼ਾਂ”; ਸ਼ਾਬਦਿਕ ਤੌਰ ਤੇ, “ਭਾਰੀਆਂ ਚੀਜ਼ਾਂ”] ਚੁੱਕਣ’ ਲਈ ਤਿਆਰ ਹੋਣਾ ਚਾਹੀਦਾ ਹੈ। (ਗਲਾਤੀਆਂ 6:2, ਨਿ ਵ, ਫੁਟਨੋਟ) ਉਹ ਇਹ ਕਿਵੇਂ ਕਰ ਸਕਦੇ ਹਨ?
16. ਬਜ਼ੁਰਗ ਉਸ ਵਿਅਕਤੀ ਦੀ ਮਦਦ ਕਰਨ ਲਈ ਕੀ ਕਰ ਸਕਦੇ ਹਨ ਜੋ ਪ੍ਰਾਰਥਨਾ ਕਰਨ ਦੇ ਅਯੋਗ ਮਹਿਸੂਸ ਕਰਦਾ ਹੈ?
16 ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਕਦੇ-ਕਦੇ ਇਕ ਵਿਅਕਤੀ ਜੋ ਥੱਕ ਗਿਆ ਹੈ, ਸ਼ਾਇਦ ਪ੍ਰਾਰਥਨਾ ਕਰਨ ਦੇ ਅਯੋਗ ਮਹਿਸੂਸ ਕਰੇ। ਬਜ਼ੁਰਗ ਕੀ ਕਰ ਸਕਦੇ ਹਨ? ਉਹ ਉਸ ਵਿਅਕਤੀ ਦੇ ਨਾਲ ਅਤੇ ਉਸ ਲਈ ਪ੍ਰਾਰਥਨਾ ਕਰ ਸਕਦੇ ਹਨ। (ਯਾਕੂਬ 5:14) ਥੱਕੇ ਹੋਏ ਵਿਅਕਤੀ ਨੂੰ ਨਿਸ਼ਚੇ ਹੀ ਦਿਲਾਸਾ ਮਿਲੇਗਾ ਜੇਕਰ ਉਸ ਦੀ ਮੌਜੂਦਗੀ ਵਿਚ ਯਹੋਵਾਹ ਨੂੰ ਇਹ ਬੇਨਤੀ ਕੀਤੀ ਜਾਵੇ ਕਿ ਉਹ ਇਹ ਸਮਝਣ ਵਿਚ ਉਸ ਦੀ ਮਦਦ ਕਰੇ ਕਿ ਯਹੋਵਾਹ ਅਤੇ ਦੂਜੇ ਵਿਅਕਤੀ ਉਸ ਨਾਲ ਕਿੰਨਾ ਪਿਆਰ ਕਰਦੇ ਹਨ। ਇਕ ਬਜ਼ੁਰਗ ਦੀ ਉਤਸ਼ਾਹ-ਭਰਪੂਰ, ਸੁਹਿਰਦ ਪ੍ਰਾਰਥਨਾ ਸੁਣਨਾ ਇਕ ਪੀੜਿਤ ਵਿਅਕਤੀ ਦੇ ਭਰੋਸੇ ਨੂੰ ਮਜ਼ਬੂਤ ਕਰਨ ਵਿਚ ਸਹਾਇਕ ਹੋ ਸਕਦਾ ਹੈ। ਉਸ ਨੂੰ ਇਹ ਤਰਕ ਕਰਨ ਵਿਚ ਮਦਦ ਕੀਤੀ ਜਾ ਸਕਦੀ ਹੈ ਕਿ ਜੇਕਰ ਬਜ਼ੁਰਗਾਂ ਨੂੰ ਭਰੋਸਾ ਹੈ ਕਿ ਯਹੋਵਾਹ ਉਸ ਵਿਅਕਤੀ ਦੇ ਨਿਮਿੱਤ ਕੀਤੀਆਂ ਗਈਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ, ਤਾਂ ਫਿਰ ਉਹ ਵੀ ਇਹ ਭਰੋਸਾ ਰੱਖ ਸਕਦਾ ਜਾਂ ਸਕਦੀ ਹੈ।
17. ਬਜ਼ੁਰਗਾਂ ਨੂੰ ਸਮਾਨ-ਅਨੁਭੂਤੀਸ਼ੀਲ ਸੁਣਨ ਵਾਲੇ ਕਿਉਂ ਹੋਣਾ ਚਾਹੀਦਾ ਹੈ?
17 “ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ . . . ਹੋਵੇ,” ਯਾਕੂਬ 1:19 ਆਖਦਾ ਹੈ। ਥੱਕੇ ਹੋਇਆਂ ਨੂੰ ਮੁੜ ਸ਼ਕਤੀ ਹਾਸਲ ਕਰਨ ਵਿਚ ਮਦਦ ਕਰਨ ਲਈ, ਬਜ਼ੁਰਗਾਂ ਨੂੰ ਸਮਾਨ-ਅਨੁਭੂਤੀਸ਼ੀਲ ਸੁਣਨ ਵਾਲੇ ਵੀ ਹੋਣਾ ਚਾਹੀਦਾ ਹੈ। ਕਈ ਮਾਮਲਿਆਂ ਵਿਚ ਕਲੀਸਿਯਾ ਦੇ ਸਦੱਸ ਸ਼ਾਇਦ ਅਜਿਹੀਆਂ ਸਮੱਸਿਆਵਾਂ ਜਾਂ ਦਬਾਵਾਂ ਨਾਲ ਜੂਝ ਰਹੇ ਹੋਣ ਜੋ ਇਸ ਰੀਤੀ-ਵਿਵਸਥਾ ਵਿਚ ਸੁਲਝਾਏ ਨਹੀਂ ਜਾ ਸਕਦੇ ਹਨ। ਤਾਂ ਫਿਰ, ਉਨ੍ਹਾਂ ਨੂੰ ਸ਼ਾਇਦ ਆਪਣੀਆਂ ਸਮੱਸਿਆਵਾਂ ਨੂੰ “ਹੱਲ ਕਰਨ” ਦਾ ਸੁਲਝਾਉ ਨਹੀਂ, ਪਰੰਤੂ ਕੇਵਲ ਇਕ ਚੰਗੀ ਤਰ੍ਹਾਂ ਨਾਲ ਸੁਣਨ ਵਾਲੇ ਦੇ ਨਾਲ ਗੱਲ ਕਰਨ ਦੀ ਜ਼ਰੂਰਤ ਹੈ—ਇਕ ਅਜਿਹਾ ਵਿਅਕਤੀ ਜੋ ਉਨ੍ਹਾਂ ਨੂੰ ਇਹ ਦੱਸਣ ਦੀ ਬਜਾਇ ਕਿ ਉਨ੍ਹਾਂ ਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ, ਦੋਸ਼ ਲਗਾਏ ਬਿਨਾਂ ਸੁਣਦਾ ਰਹੇਗਾ।—ਲੂਕਾ 6:37; ਰੋਮੀਆਂ 14:13.
18, 19. (ੳ) ਸੁਣਨ ਵਿਚ ਕਾਹਲੇ ਹੋਣਾ, ਇਕ ਬਜ਼ੁਰਗ ਦੀ ਕਿਵੇਂ ਮਦਦ ਕਰ ਸਕਦਾ ਹੈ ਕਿ ਉਹ ਅਣਜਾਣਪੁਣੇ ਵਿਚ ਇਕ ਥੱਕੇ ਹੋਏ ਵਿਅਕਤੀ ਦੇ ਭਾਰ ਨੂੰ ਹੋਰ ਭਾਰਾ ਬਣਾਉਣ ਤੋਂ ਬਚਿਆ ਰਹੇ? (ਅ) ਕੀ ਨਤੀਜਾ ਹੁੰਦਾ ਹੈ ਜਦੋਂ ਬਜ਼ੁਰਗ “ਆਪੋ ਵਿੱਚੀਂ ਦਰਦੀ” ਬਣਦੇ ਹਨ?
18 ਬਜ਼ੁਰਗੋ, ਸੁਣਨ ਵਿਚ ਕਾਹਲੇ ਹੋਣਾ ਤੁਹਾਡੀ ਮਦਦ ਕਰ ਸਕਦਾ ਹੈ ਕਿ ਤੁਸੀਂ ਅਣਜਾਣਪੁਣੇ ਵਿਚ ਇਕ ਥੱਕੇ ਹੋਏ ਵਿਅਕਤੀ ਦੇ ਭਾਰ ਨੂੰ ਹੋਰ ਭਾਰਾ ਬਣਾਉਣ ਤੋਂ ਬਚੇ ਰਹੋ। ਮਿਸਾਲ ਲਈ, ਜੇਕਰ ਇਕ ਭਰਾ ਜਾਂ ਇਕ ਭੈਣ ਕਈ ਸਭਾਵਾਂ ਵਿਚ ਹਾਜ਼ਰ ਨਹੀਂ ਸੀ ਜਾਂ ਖੇਤਰ ਸੇਵਕਾਈ ਵਿਚ ਧੀਮੇ ਹੋ ਗਏ ਹਨ, ਤਾਂ ਕੀ ਸੱਚ-ਮੁੱਚ ਉਸ ਨੂੰ ਸੇਵਕਾਈ ਵਿਚ ਹੋਰ ਜ਼ਿਆਦਾ ਕਰਨ ਜਾਂ ਸਭਾਵਾਂ ਵਿਚ ਹੋਰ ਨਿਯਮਿਤ ਤੌਰ ਤੇ ਹਾਜ਼ਰ ਹੋਣ ਬਾਰੇ ਤਾੜਨਾ ਦੀ ਲੋੜ ਹੈ? ਸ਼ਾਇਦ। ਪਰੰਤੂ ਕੀ ਤੁਸੀਂ ਪੂਰੀ ਸਥਿਤੀ ਤੋਂ ਵਾਕਫ਼ ਹੋ? ਕੀ ਸਿਹਤ ਦੀਆਂ ਵਧਦੀਆਂ ਸਮੱਸਿਆਵਾਂ ਹਨ? ਕੀ ਪਰਿਵਾਰਕ ਜ਼ਿੰਮੇਵਾਰੀਆਂ ਹਾਲ ਹੀ ਵਿਚ ਤਬਦੀਲ ਹੋਈਆਂ ਹਨ? ਕੀ ਹੋਰ ਦੂਸਰੇ ਹਾਲਾਤ ਜਾਂ ਦਬਾਉ ਹਨ ਜਿਨ੍ਹਾਂ ਦੇ ਬੋਝ ਹੇਠਾਂ ਉਹ ਦੱਬਿਆ ਹੋਇਆ ਜਾਂ ਦੱਬੀ ਹੋਈ ਹੈ? ਯਾਦ ਰੱਖੋ, ਉਹ ਵਿਅਕਤੀ ਸ਼ਾਇਦ ਪਹਿਲਾਂ ਹੀ ਜ਼ਿਆਦਾ ਨਾ ਕਰ ਸਕਣ ਬਾਰੇ ਬਹੁਤ ਹੀ ਦੋਸ਼ੀ ਮਹਿਸੂਸ ਕਰ ਰਿਹਾ ਹੋਵੇ।
19 ਤਾਂ ਫਿਰ, ਤੁਸੀਂ ਉਸ ਭਰਾ ਜਾਂ ਭੈਣ ਦੀ ਕਿਵੇਂ ਮਦਦ ਕਰ ਸਕਦੇ ਹੋ? ਕਿਸੇ ਸਿੱਟੇ ਤੇ ਪਹੁੰਚਣ ਅਤੇ ਸਲਾਹ ਦੇਣ ਤੋਂ ਪਹਿਲਾਂ, ਸੁਣੋ! (ਕਹਾਉਤਾਂ 18:13) ਸਮਝਦਾਰ ਸਵਾਲਾਂ ਦੇ ਨਾਲ ਉਸ ਵਿਅਕਤੀ ਦੇ ਦਿਲ ਦੀਆਂ ਭਾਵਨਾਵਾਂ ਨੂੰ ‘ਬਾਹਰ ਕੱਢ ਲਿਆਓ।’ (ਕਹਾਉਤਾਂ 20:5) ਇਨ੍ਹਾਂ ਭਾਵਨਾਵਾਂ ਨੂੰ ਅਣਡਿੱਠ ਨਾ ਕਰੋ—ਇਨ੍ਹਾਂ ਨੂੰ ਪਛਾਣੋ। ਥੱਕੇ ਹੋਏ ਵਿਅਕਤੀ ਨੂੰ ਸ਼ਾਇਦ ਇਹ ਭਰੋਸਾ ਦਿਵਾਏ ਜਾਣ ਦੀ ਲੋੜ ਪਏ ਕਿ ਯਹੋਵਾਹ ਸਾਡੀ ਪਰਵਾਹ ਕਰਦਾ ਹੈ ਅਤੇ ਸਮਝਦਾ ਹੈ ਕਿ ਕਦੇ-ਕਦੇ ਸਾਡੇ ਹਾਲਾਤ ਸਾਨੂੰ ਸੀਮਿਤ ਕਰ ਸਕਦੇ ਹਨ। (1 ਪਤਰਸ 5:7) ਜਦੋਂ ਬਜ਼ੁਰਗ ਇੰਜ “ਆਪੋ ਵਿੱਚੀਂ ਦਰਦੀ” ਬਣਦੇ ਹਨ, ਤਾਂ ਥੱਕੇ ਹੋਏ ਵਿਅਕਤੀ ‘ਆਪਣਿਆਂ ਜੀਆਂ ਵਿੱਚ ਅਰਾਮ ਪਾਉਣਗੇ।’ (1 ਪਤਰਸ 3:8; ਮੱਤੀ 11:28-30) ਜਦੋਂ ਉਹ ਅਜਿਹਾ ਆਰਾਮ ਹਾਸਲ ਕਰਦੇ ਹਨ, ਤਾਂ ਉਨ੍ਹਾਂ ਨੂੰ ਹੋਰ ਜ਼ਿਆਦਾ ਕਰਨ ਲਈ ਕਹਿਣ ਦੀ ਲੋੜ ਨਹੀਂ ਪਵੇਗੀ; ਉਨ੍ਹਾਂ ਦਾ ਦਿਲ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਵਿਚ ਜਿੰਨਾ ਉਹ ਉਚਿਤ ਤੌਰ ਤੇ ਕਰ ਸਕਦੇ ਹਨ, ਉੱਨਾ ਕਰਨ ਲਈ ਪ੍ਰੇਰਿਤ ਕਰੇਗਾ।—ਤੁਲਨਾ ਕਰੋ 2 ਕੁਰਿੰਥੀਆਂ 8:12; 9:7.
20. ਇਸ ਬੁਰੀ ਪੀੜ੍ਹੀ ਦਾ ਅੰਤ ਇੰਨਾ ਨਿਕਟ ਹੋਣ ਕਰਕੇ, ਸਾਨੂੰ ਕੀ ਕਰਨ ਲਈ ਦ੍ਰਿੜ੍ਹ ਰਹਿਣਾ ਚਾਹੀਦਾ ਹੈ?
20 ਸੱਚ-ਮੁੱਚ ਹੀ ਅਸੀਂ ਪੂਰੇ ਮਾਨਵ ਇਤਿਹਾਸ ਦੇ ਸਭ ਤੋਂ ਕਠਿਨ ਸਮੇਂ ਵਿਚ ਜੀ ਰਹੇ ਹਾਂ। ਸ਼ਤਾਨ ਦੇ ਸੰਸਾਰ ਵਿਚ ਜੀਉਣ ਦੇ ਦਬਾਉ ਵਧਦੇ ਜਾਂਦੇ ਹਨ, ਜਿਉਂ-ਜਿਉਂ ਅਸੀਂ ਅੰਤ ਦੇ ਸਮੇਂ ਵਿਚ ਅੱਗੇ ਵਧਦੇ ਜਾਂਦੇ ਹਾਂ। ਯਾਦ ਰੱਖੋ, ਇਕ ਸ਼ਿਕਾਰ ਕਰ ਰਹੇ ਸ਼ੀਂਹ ਦੀ ਤਰ੍ਹਾਂ, ਇਬਲੀਸ ਇਸ ਗੱਲ ਦੀ ਉਡੀਕ ਵਿਚ ਹੈ ਕਿ ਕਦੋਂ ਅਸੀਂ ਥੱਕ ਕੇ ਹੌਸਲਾ ਹਾਰ ਬੈਠੀਏ ਤਾਂ ਜੋ ਆਸਾਨ ਸ਼ਿਕਾਰ ਦੇ ਤੌਰ ਤੇ ਉਹ ਸਾਡਾ ਲਾਭ ਉਠਾ ਸਕੇ। ਅਸੀਂ ਕਿੰਨੇ ਧੰਨਵਾਦੀ ਹੋ ਸਕਦੇ ਹਾਂ ਕਿ ਯਹੋਵਾਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ! ਇੰਜ ਹੀ ਹੋਵੇ ਕਿ ਅਸੀਂ ਉਨ੍ਹਾਂ ਸਾਰੇ ਪ੍ਰਬੰਧਾਂ ਦਾ ਪੂਰਾ ਫ਼ਾਇਦਾ ਉਠਾਈਏ ਜੋ ਉਸ ਨੇ ਸਾਨੂੰ ਕਾਇਮ ਬਣੇ ਰਹਿਣ ਲਈ ਬਲ ਦੇਣ ਦੇ ਲਈ ਕੀਤੇ ਹਨ, ਮਾਨੋ ਜਿਵੇਂ ਉਹ ਸਾਨੂੰ ਇਕ ਉੱਚੀ ਉਡਾਰੀ ਭਰਦੇ ਉਕਾਬ ਦੇ ਸ਼ਕਤੀਸ਼ਾਲੀ ਖੰਭ ਦੇ ਰਿਹਾ ਹੈ। ਇਸ ਬੁਰੀ ਪੀੜ੍ਹੀ ਦਾ ਅੰਤ ਇੰਨਾ ਨਿਕਟ ਹੋਣ ਕਰਕੇ, ਹੁਣ ਉਸ ਪੁਰਸਕਾਰ—ਸਦੀਪਕ ਜੀਵਨ—ਲਈ ਦੌੜ ਵਿਚ ਰੁੱਕ ਜਾਣ ਦਾ ਸਮਾਂ ਨਹੀਂ ਹੈ।—ਇਬਰਾਨੀਆਂ 12:1. (w95 12/1)
ਤੁਹਾਡਾ ਕੀ ਜਵਾਬ ਹੈ?
◻ ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਵਿਚ ਅਸੀਂ ਯਹੋਵਾਹ ਤੋਂ ਕੀ ਕਰਨ ਦੀ ਆਸ ਰੱਖ ਸਕਦੇ ਹਾਂ?
◻ ਅਸੀਂ ਕਿਨ੍ਹਾਂ ਤਰੀਕਿਆਂ ਵਿਚ ਆਪਣੇ ਮਸੀਹੀ ਭਾਈਚਾਰੇ ਤੋਂ ਤਾਕਤ ਹਾਸਲ ਕਰ ਸਕਦੇ ਹਾਂ?
◻ ਪਰਮੇਸ਼ੁਰ ਦਾ ਬਚਨ ਕਿਵੇਂ ਸਾਨੂੰ ਮੁੜ ਸ਼ਕਤੀ ਹਾਸਲ ਕਰਨ ਵਿਚ ਮਦਦ ਕਰਦਾ ਹੈ?
◻ ਥੱਕੇ ਹੋਇਆਂ ਨੂੰ ਮੁੜ ਸ਼ਕਤੀ ਹਾਸਲ ਕਰਨ ਵਿਚ ਮਦਦ ਦੇਣ ਲਈ ਬਜ਼ੁਰਗ ਕੀ ਕਰ ਸਕਦੇ ਹਨ?
[ਸਫ਼ੇ 17 ਉੱਤੇ ਤਸਵੀਰ]
ਪਰਾਹੁਣਚਾਰੀ ਦਿਖਾਉਂਦੇ ਵਕਤ, ਆਓ ਅਸੀਂ ਉਨ੍ਹਾਂ ਨੂੰ ਨਾ ਭੁੱਲੀਏ ਜਿਨ੍ਹਾਂ ਨੂੰ ਹੌਸਲਾ-ਅਫ਼ਜ਼ਾਈ ਦੀ ਲੋੜ ਹੈ
[ਸਫ਼ੇ 18 ਉੱਤੇ ਤਸਵੀਰ]
ਬਜ਼ੁਰਗ ਯਹੋਵਾਹ ਤੋਂ ਥੱਕਿਆਂ ਹੋਇਆਂ ਵਾਸਤੇ ਇਹ ਸਮਝਣ ਵਿਚ ਸਹਾਇਤਾ ਮੰਗ ਸਕਦੇ ਹਨ ਕਿ ਉਹ ਕਿੰਨੇ ਪਆਰੇ ਹਨ