ਕੀ ਤੁਸੀਂ ਸ਼ਰਾਬ ਬਾਰੇ ਈਸ਼ਵਰੀ ਨਜ਼ਰੀਆ ਰੱਖਦੇ ਹੋ?
ਤਕਰੀਬਨ 20 ਸਾਲ ਪਹਿਲਾਂ, ਪੁਰਾਤੱਤਵ ਵਿਗਿਆਨੀਆਂ ਨੇ ਈਰਾਨ ਦੇ ਉਰਮੀਆ ਨਾਮਕ ਨਗਰ ਨੇੜੇ ਮਿੱਟੀ ਦੀਆਂ ਇੱਟਾਂ ਦੀ ਬਣੀ ਇਕ ਪੁਰਾਣੀ ਇਮਾਰਤ ਦੀ ਖੁਦਾਈ ਕੀਤੀ। ਉਨ੍ਹਾਂ ਨੂੰ ਉਸ ਵਿਚ ਕੁੰਭਕਾਰੀ ਦਾ ਇਕ ਮਰਤਬਾਨ ਮਿਲਿਆ ਜੋ, ਸਾਇੰਸਦਾਨਾਂ ਦੇ ਅਨੁਸਾਰ, ਹਜ਼ਾਰਾਂ ਸਾਲ ਪੁਰਾਣਾ ਹੈ, ਉਸ ਸਮੇਂ ਦਾ ਜਦੋਂ ਕੁਝ ਅਤਿ ਪ੍ਰਾਚੀਨ ਮਾਨਵ ਬਸਤੀਆਂ ਸਥਾਪਿਤ ਹੋਈਆਂ ਸਨ। ਹਾਲ ਹੀ ਵਿਚ, ਨਵੀਨਤਮ ਤਕਨਾਲੋਜੀ ਦੀ ਵਰਤੋਂ ਨਾਲ ਇਸ ਮਰਤਬਾਨ ਦਾ ਵਿਸ਼ਲੇਸ਼ਣ ਕੀਤਾ ਗਿਆ। ਸਾਇੰਸਦਾਨ ਹੈਰਾਨ ਹੋਏ ਜਦੋਂ ਉਨ੍ਹਾਂ ਨੂੰ ਇਸ ਵਿਚ ਦਾਖ-ਰਸ ਬਣਾਉਣ ਦਾ ਸਭ ਤੋਂ ਪ੍ਰਾਚੀਨ ਰਸਾਇਣਕ ਸਬੂਤ ਮਿਲਿਆ।
ਬਾਈਬਲ ਵੀ ਸਪੱਸ਼ਟ ਰੂਪ ਵਿਚ ਸਿੱਧ ਕਰਦੀ ਹੈ ਕਿ ਪ੍ਰਾਚੀਨ ਸਮਿਆਂ ਤੋਂ ਹੀ ਮੈ, ਬੀਅਰ, ਅਤੇ ਹੋਰ ਪ੍ਰਕਾਰ ਦੀ ਸ਼ਰਾਬ ਪੀਤੀ ਜਾਂਦੀ ਸੀ। (ਉਤਪਤ 27:25; ਉਪਦੇਸ਼ਕ ਦੀ ਪੋਥੀ 9:7; ਨਹੂਮ 1:10) ਹੋਰ ਆਹਾਰਾਂ ਦੇ ਵਾਂਗ, ਯਹੋਵਾਹ ਸਾਨੂੰ ਵਿਅਕਤੀਗਤ ਤੌਰ ਤੇ ਇਕ ਚੋਣ ਦਿੰਦਾ ਹੈ—ਸ਼ਰਾਬ ਪੀਣੀ ਹੈ ਜਾਂ ਨਹੀਂ ਪੀਣੀ ਹੈ। ਯਿਸੂ ਅਕਸਰ ਆਪਣੇ ਭੋਜਨ ਦੇ ਨਾਲ ਦਾਖ-ਰਸ ਪੀਂਦਾ ਸੀ। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸ਼ਰਾਬ ਤੋਂ ਪਰਹੇਜ਼ ਕੀਤਾ।—ਮੱਤੀ 11:18, 19.
ਬਾਈਬਲ ਸ਼ਰਾਬ ਦੇ ਅਤਿਸੇਵਨ ਨੂੰ ਵਰਜਦੀ ਹੈ। ਨਸ਼ੇ ਵਿਚ ਧੁੱਤ ਹੋਣਾ ਪਰਮੇਸ਼ੁਰ ਦੇ ਵਿਰੁੱਧ ਪਾਪ ਹੈ। (1 ਕੁਰਿੰਥੀਆਂ 6:9-11) ਇਸ ਦੀ ਇਕਸਾਰਤਾ ਵਿਚ, ਯਹੋਵਾਹ ਦੇ ਗਵਾਹ ਅਜਿਹੇ ਕਿਸੇ ਵਿਅਕਤੀ ਨੂੰ ਮਸੀਹੀ ਕਲੀਸਿਯਾ ਵਿਚ ਰਹਿਣ ਦੀ ਇਜਾਜ਼ਤ ਨਹੀਂ ਦਿੰਦੇ ਹਨ ਜੋ ਅਪਸ਼ਚਾਤਾਪੀ ਸ਼ਰਾਬੀ ਬਣ ਜਾਂਦੇ ਹਨ। ਕਲੀਸਿਯਾ ਵਿਚ ਜਿਹੜੇ ਵਿਅਕਤੀ ਸ਼ਰਾਬ ਪੀਣ ਦੀ ਚੋਣ ਕਰਦੇ ਹਨ, ਉਨ੍ਹਾਂ ਨੂੰ ਸੰਜਮ ਨਾਲ ਪੀਣੀ ਚਾਹੀਦੀ ਹੈ।—ਤੀਤੁਸ 2:2, 3.
ਇਕ ਅਪਵਿੱਤਰ ਨਜ਼ਰੀਆ
ਅਨੇਕ ਲੋਕ ਅੱਜਕਲ੍ਹ ਸ਼ਰਾਬ ਬਾਰੇ ਈਸ਼ਵਰੀ ਨਜ਼ਰੀਆ ਨਹੀਂ ਰੱਖਦੇ ਹਨ। ਇਹ ਦੇਖਣਾ ਆਸਾਨ ਹੈ ਕਿ ਸ਼ਤਾਨ ਇਸ ਪ੍ਰਾਚੀਨ ਉਤਪਾਦਨ ਦੀ ਕੁਵਰਤੋਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਮਿਸਾਲ ਲਈ, ਦੱਖਣੀ ਸ਼ਾਂਤ ਮਹਾਂਸਾਗਰ ਦੇ ਕੁਝ ਟਾਪੂਆਂ ਵਿਚ, ਵੱਡੀ ਮਾਤਰਾ ਵਿਚ ਦੇਸੀ ਖ਼ਮੀਰਿਤ ਸ਼ਰਾਬ ਪੀਣ ਲਈ ਪੁਰਸ਼ਾਂ ਦਾ ਇਕੱਠੇ ਹੋਣਾ ਰਿਵਾਜੀ ਹੈ। ਇਹ ਇਕੱਠ ਕਈ ਘੰਟਿਆਂ ਤਕ ਚੱਲ ਸਕਦੇ ਹਨ ਅਤੇ ਇਹ ਅਕਸਰ ਆਯੋਜਿਤ ਕੀਤੇ ਜਾਂਦੇ ਹਨ—ਅਨੇਕ ਪੁਰਸ਼ ਤਾਂ ਇਸ ਅਭਿਆਸ ਵਿਚ ਰੋਜ਼ਾਨਾ ਹਿੱਸਾ ਲੈਂਦੇ ਹਨ। ਕੁਝ ਇਸ ਨੂੰ ਸਭਿਆਚਾਰ ਦਾ ਕੇਵਲ ਇਕ ਭਾਗ ਵਿਚਾਰਦੇ ਹਨ। ਕਦੇ-ਕਦੇ ਸਥਾਨਕ ਦੇਸੀ ਸ਼ਰਾਬ ਦੀ ਬਜਾਇ—ਜਾਂ ਇਸ ਦੇ ਸਮੇਤ—ਬੀਅਰ ਅਤੇ ਦਾਰੂ ਪੀਤੇ ਜਾਂਦੇ ਹਨ। ਸਿੱਟਾ ਅਕਸਰ ਨਸ਼ੇਬਾਜ਼ੀ ਹੁੰਦਾ ਹੈ।
ਸ਼ਾਂਤ ਮਹਾਂਸਾਗਰ ਦੇ ਇਕ ਹੋਰ ਦੇਸ਼ ਵਿਚ, ਇਹ ਲਗਭਗ ਅਣਸੁਣੀ ਗੱਲ ਹੈ ਕਿ ਪੁਰਸ਼ ਸੰਜਮ ਨਾਲ ਸ਼ਰਾਬ ਪੀਣ। ਆਮ ਤੌਰ ਤੇ, ਜਦੋਂ ਉਹ ਪੀਂਦੇ ਹਨ ਤਾਂ ਨਸ਼ੇ ਵਿਚ ਧੁੱਤ ਹੋਣ ਲਈ ਹੀ ਪੀਂਦੇ ਹਨ। ਵਿਸ਼ੇਸ਼ ਤੌਰ ਤੇ, ਤਨਖ਼ਾਹ ਦੇ ਦਿਨ ਤੇ ਪੁਰਸ਼ਾਂ ਦਾ ਇਕ ਸਮੂਹ ਇਕੱਠਾ ਹੋ ਕੇ ਬੀਅਰ ਦੇ ਕਈ ਕਾਰਟਨ ਖ਼ਰੀਦਦੇ ਹਨ, ਅਤੇ ਹਰੇਕ ਕਾਰਟਨ ਵਿਚ 24 ਬੋਤਲਾਂ ਹੁੰਦੀਆਂ ਹਨ। ਉਹ ਕੇਵਲ ਉਦੋਂ ਹੀ ਪੀਣਾ ਬੰਦ ਕਰਦੇ ਹਨ ਜਦੋਂ ਬੀਅਰ ਖ਼ਤਮ ਹੋ ਜਾਂਦੀ ਹੈ। ਸਿੱਟੇ ਵਜੋਂ, ਲੋਕਾਂ ਦਾ ਖੁੱਲ੍ਹੇ-ਆਮ ਨਸ਼ੇ ਵਿਚ ਧੁੱਤ ਹੋਣਾ ਬਹੁਤ ਹੀ ਸਾਧਾਰਣ ਹੈ।
ਖ਼ਮੀਰਿਤ ਸ਼ਰਾਬ, ਜਿਵੇਂ ਕਿ ਤਾੜੀ ਅਤੇ ਹੋਰ ਸਥਾਨਕ ਬੀਅਰ, ਅਫ਼ਰੀਕੀ ਦੇਸ਼ਾਂ ਵਿਚ ਰਵਾਇਤਨ ਵਰਤੀਆਂ ਜਾਂਦੀਆਂ ਹਨ। ਕੁਝ ਸਮੁਦਾਵਾਂ ਵਿਚ ਰੀਤ ਇਹ ਮੰਗ ਕਰਦੀ ਹੈ ਕਿ ਮਹਿਮਾਨਾਂ ਦੀ ਖਾਤਰਦਾਰੀ ਕਰਦੇ ਸਮੇਂ ਸ਼ਰਾਬ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਪਰਾਹੁਣਚਾਰ ਮੀਜ਼ਬਾਨ ਰਿਵਾਜੀ ਤੌਰ ਤੇ ਜਿੰਨਾ ਉਸ ਦਾ ਮਹਿਮਾਨ ਪੀ ਸਕਦਾ ਹੈ, ਉਸ ਨਾਲੋਂ ਵੱਧ ਮੁਹੱਈਆ ਕਰਦਾ ਹੈ। ਇਕ ਇਲਾਕੇ ਵਿਚ ਇਹ ਰੀਤ ਹੈ ਕਿ ਹਰੇਕ ਮਹਿਮਾਨ ਅੱਗੇ ਬੀਅਰ ਦੀਆਂ 12 ਬੋਤਲਾਂ ਧਰੀਆਂ ਜਾਂਦੀਆਂ ਹਨ।
ਅਨੇਕ ਜਪਾਨੀ ਕੰਪਨੀਆਂ ਆਪਣੇ ਕਰਮਚਾਰੀਆਂ ਲਈ ਬੱਸ ਯਾਤਰਾ ਆਯੋਜਿਤ ਕਰਦੀਆਂ ਹਨ। ਸ਼ਰਾਬ ਵੱਡੀ ਮਾਤਰਾ ਵਿਚ ਨਾਲ ਲਿਆਈ ਜਾਂਦੀ ਹੈ, ਅਤੇ ਨਸ਼ੇ ਵਿਚ ਧੁੱਤ ਹੋਣਾ ਅਣਡਿੱਠ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚੋਂ ਕੁਝ ਕੰਪਨੀ ਸੈਰ-ਸਪਾਟੇ ਦੋ ਜਾਂ ਤਿੰਨ ਦਿਨਾਂ ਤਕ ਜਾਰੀ ਰਹਿੰਦੇ ਹਨ। ਏਸ਼ੀਆਵੀਕ ਰਸਾਲੇ ਦੇ ਅਨੁਸਾਰ, ਜਪਾਨ ਵਿਚ, “ਚਾਵਲ ਦੇ ਕਿਸਾਨਾਂ ਤੋਂ ਲੈ ਕੇ ਧਨੀ ਸਿਆਸਤਦਾਨਾਂ ਤਕ, ਇਕ ਪੁਰਸ਼ ਦੀ ਮਰਦਾਨਗੀ ਨੂੰ ਰੂੜ੍ਹੀਗਤ ਤੌਰ ਤੇ ਇਸ ਦੁਆਰਾ ਮਾਪਿਆ ਜਾਂਦਾ ਹੈ ਕਿ ਉਹ ਕਿੰਨੀ ਕੁ ਸ਼ਰਾਬ ਪੀ ਸਕਦਾ ਹੈ।” ਇਹੋ ਰੁਝਾਨ ਦੂਜੇ ਏਸ਼ੀਆਈ ਦੇਸ਼ਾਂ ਵਿਚ ਵੀ ਦੇਖਣ ਵਿਚ ਆ ਰਹੇ ਹਨ। ਏਸ਼ੀਆਵੀਕ ਬਿਆਨ ਕਰਦਾ ਹੈ ਕਿ “ਦੱਖਣੀ ਕੋਰੀਆਈ ਲੋਕ ਹੁਣ ਦੁਨੀਆਂ ਵਿਚ ਕਿਸੇ ਹੋਰ ਥਾਂ ਦੇ ਪਿਆਕਲਾਂ ਨਾਲੋਂ ਪ੍ਰਤਿ ਵਿਅਕਤੀ ਅਧਿਕ ਸ਼ਰਾਬ ਪੀਂਦੇ ਹਨ।”
ਸੰਯੁਕਤ ਰਾਜ ਅਮਰੀਕਾ ਵਿਚ ਕਾਲਜ ਕੈਂਪਸਾਂ ਵਿਖੇ ਸ਼ਰਾਬ ਦਾ ਦੌਰ ਇਕ ਵਿਆਪਕ ਅਭਿਆਸ ਬਣ ਗਿਆ ਹੈ। ਦ ਜਰਨਲ ਆਫ਼ ਦੀ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਦੇ ਅਨੁਸਾਰ, “ਸ਼ਰਾਬ ਦਾ ਦੌਰ ਚਲਾਉਣ ਵਾਲੇ ਅਧਿਕਤਰ ਲੋਕ ਆਪਣੇ ਆਪ ਨੂੰ ਸਮੱਸਿਆਜਨਕ ਸ਼ਰਾਬੀ ਨਹੀਂ ਵਿਚਾਰਦੇ ਹਨ।”a ਇਹ ਹੈਰਾਨੀਜਨਕ ਨਹੀਂ ਹੋਣਾ ਚਾਹੀਦਾ ਹੈ ਕਿਉਂਕਿ ਅਨੇਕ ਦੇਸ਼ਾਂ ਵਿਚ ਸੰਚਾਰ-ਮਾਧਿਅਮ ਸ਼ਰਾਬ ਦੇ ਸੇਵਨ ਨੂੰ ਇਕ ਸਾਹਸੀ, ਫ਼ੈਸ਼ਨਦਾਰ, ਅਤੇ ਦੁਨੀਆਦਾਰ ਕ੍ਰਿਆ ਵਜੋਂ ਅੱਗੇ ਵਧਾਉਂਦਾ ਹੈ। ਅਕਸਰ ਇਹ ਪ੍ਰਚਾਰ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦਾ ਹੈ।
ਬਰਤਾਨੀਆ ਵਿਚ, 20-ਵਰ੍ਹਿਆਂ ਦੀ ਅਵਧੀ ਦੌਰਾਨ ਬੀਅਰ ਦਾ ਸੇਵਨ ਦੁਗੁਣਾ ਹੋ ਗਿਆ ਹੈ, ਅਤੇ ਤੇਜ਼ ਸ਼ਰਾਬ ਦਾ ਉਪਭੋਗ ਤਿੱਗੁਣਾ ਹੋ ਗਿਆ ਹੈ। ਪਿਆਕਲ ਹੋਰ ਵੀ ਛੋਟੀ ਉਮਰ ਵਿਚ ਪੀਣਾ ਸ਼ੁਰੂ ਕਰ ਰਹੇ ਹਨ, ਅਤੇ ਅੱਗੇ ਨਾਲੋਂ ਜ਼ਿਆਦਾ ਔਰਤਾਂ ਪੀ ਰਹੀਆਂ ਹਨ। ਇਹੋ ਰੁਝਾਨ ਪੂਰਬੀ ਯੂਰਪੀਅਨ ਅਤੇ ਲਾਤੀਨੀ-ਅਮਰੀਕੀ ਦੇਸ਼ਾਂ ਵਿਚ ਦੇਖਣ ਵਿਚ ਆਉਂਦੇ ਹਨ। ਨਸ਼ਈਪੁਣਾ ਅਤੇ ਨਸ਼ੇ-ਸੰਬੰਧੀ ਸੜਕ ਦੁਰਘਟਨਾਵਾਂ ਦੀਆਂ ਦਰਾਂ ਵਿਚ ਅਨੁਰੂਪ ਵਾਧਾ ਇਸ ਗੱਲ ਨੂੰ ਉਜਾਗਰ ਕਰਦਾ ਹੈ। ਨਿਰਸੰਦੇਹ, ਸੰਸਾਰ ਭਰ ਵਿਚ ਸ਼ਰਾਬ ਦੀ ਕੁਵਰਤੋਂ ਵਿਚ ਪ੍ਰਤੱਖ ਵਾਧਾ ਹੋਇਆ ਹੈ।
ਕਿੰਨੀ ਹੱਦ, ਹੱਦ ਤੋਂ ਵੱਧ ਹੈ?
ਸ਼ਰਾਬ ਬਾਰੇ ਬਾਈਬਲ ਦਾ ਨਜ਼ਰੀਆ ਸੰਤੁਲਿਤ ਹੈ। ਇਕ ਪਾਸੇ, ਸ਼ਾਸਤਰ ਕਹਿੰਦਾ ਹੈ ਕਿ ਦਾਖ-ਰਸ ਯਹੋਵਾਹ ਪਰਮੇਸ਼ੁਰ ਵੱਲੋਂ ਦੇਣ ਹੈ, “ਜਿਹੜੀ ਇਨਸਾਨ ਦੇ ਦਿਲ ਨੂੰ ਅਨੰਦ ਕਰਦੀ ਹੈ।” (ਜ਼ਬੂਰ 104:1, 15) ਦੂਜੇ ਪਾਸੇ, ਅਤਿਸੇਵਨ ਦੀ ਨਿਖੇਦੀ ਕਰਦੇ ਸਮੇਂ, ਬਾਈਬਲ “ਮਤਵਾਲੇ ਹੋਣ,” ‘ਸ਼ਰਾਬ ਦਾ ਅਤਿਸੇਵਨ, ਮੌਜਮੇਲੇ, ਨਸ਼ੇਬਾਜ਼ੀਆਂ,’ ‘ਬਹੁਤ ਮੈ ਪੀਣਾ,’ ਅਤੇ ‘ਬਹੁਤ ਮੈ ਦੇ ਗੁਲਾਮ ਹੋਣ’ ਅਭਿਵਿਅਕਤੀਆਂ ਦੀ ਵਰਤੋਂ ਕਰਦੀ ਹੈ। (ਲੂਕਾ 21:34; 1 ਪਤਰਸ 4:3, ਨਿ ਵ; 1 ਤਿਮੋਥਿਉਸ 3:8; ਤੀਤੁਸ 2:3) ਲੇਕਿਨ ਕਿੰਨੀ ਹੱਦ “ਬਹੁਤ ਮੈ” ਹੁੰਦੀ ਹੈ? ਇਕ ਮਸੀਹੀ ਕਿਵੇਂ ਨਿਸ਼ਚਿਤ ਕਰ ਸਕਦਾ ਹੈ ਕਿ ਸ਼ਰਾਬ ਬਾਰੇ ਕਿਹੜਾ ਨਜ਼ਰੀਆ ਈਸ਼ਵਰੀ ਨਜ਼ਰੀਆ ਹੈ?
ਨਸ਼ੇ ਵਿਚ ਧੁੱਤ ਹੋਇਆਂ ਨੂੰ ਪਛਾਣਨਾ ਕਠਿਨ ਨਹੀਂ ਹੈ। ਇਸ ਦੇ ਸਿੱਟੇ ਬਾਈਬਲ ਵਿਚ ਇਨ੍ਹਾਂ ਸ਼ਬਦਾਂ ਵਿਚ ਵਰਣਿਤ ਹਨ: “ਕੌਣ ਹਾਏ ਹਾਏ ਕਰਦਾ ਹੈ? ਕੌਣ ਹਮਸੋਸ ਕਰਦਾ ਹੈ? ਕੌਣ ਝਗੜਾਲੂ ਹੈ? ਕੌਣ ਕੁੜ੍ਹਦਾ ਹੈ? ਕੌਣ ਐਵੇਂ ਘਾਇਲ ਹੁੰਦਾ ਹੈ? ਅਤੇ ਕਿਹਦੀਆਂ ਅੱਖਾ ਵਿੱਚ ਲਾਲੀ ਰਹਿੰਦੀ ਹੈ? ਓਹੋ ਹਨ ਜਿਹੜੇ ਮੈ ਉੱਤੇ ਚਿਰ ਲਾਉਂਦੇ ਹਨ, ਅਤੇ ਰਲੀ ਹੋਈ ਸ਼ਰਾਬ ਦੀ ਭਾਲ ਕਰਦੇ ਹਨ। . . . ਤੇਰੀਆਂ ਅੱਖੀਆਂ ਅਣੋਖੀਆਂ ਚੀਜ਼ਾਂ ਵੇਖਣਗੀਆਂ, ਅਤੇ ਤੇਰਾ ਮਨ ਉਲਟੀਆਂ ਗੱਲਾਂ ਉਚਰੇਗਾ।”—ਕਹਾਉਤਾਂ 23:29-33.
ਹੱਦ ਤੋਂ ਵੱਧ ਸ਼ਰਾਬ ਭੰਬਲਭੂਸੇ, ਭਰਮ, ਬੇਹੋਸ਼ੀ, ਅਤੇ ਮਨ ਤੇ ਸਰੀਰ ਦਿਆਂ ਹੋਰ ਵਿਕਾਰਾਂ ਦਾ ਕਾਰਨ ਬਣ ਸਕਦੀ ਹੈ। ਸ਼ਰਾਬ ਦੇ ਪ੍ਰਭਾਵ ਹੇਠ, ਇਕ ਵਿਅਕਤੀ ਸ਼ਾਇਦ ਆਪਣੇ ਆਚਰਣ ਉੱਤੇ ਕਾਬੂ ਗੁਆ ਬੈਠੇ, ਜਿਸ ਕਰਕੇ ਉਹ ਖ਼ੁਦ ਨੂੰ ਜਾਂ ਦੂਜਿਆਂ ਨੂੰ ਹਾਨੀ ਪਹੁੰਚਾ ਸਕਦਾ ਹੈ। ਸ਼ਰਾਬੀ ਬੇਤੁਕੇ, ਅਪਮਾਨਜਨਕ, ਜਾਂ ਅਨੈਤਿਕ ਆਚਰਣ ਲਈ ਜਾਣੇ ਜਾਂਦੇ ਹਨ।
ਨਸ਼ੇ ਵਿਚ ਧੁੱਤ ਹੋਣ ਦੀ ਹੱਦ ਤਕ ਪੀਣਾ, ਜਿਸ ਤੋਂ ਉਪਰੋਕਤ ਸਿੱਟੇ ਪੈਦਾ ਹੁੰਦੇ ਹਨ, ਯਕੀਨਨ ਹੀ ਹੱਦ ਤੋਂ ਵੱਧ ਪੀਣਾ ਹੁੰਦਾ ਹੈ। ਲੇਕਿਨ, ਇਕ ਵਿਅਕਤੀ ਨਸ਼ੇ ਦੀਆਂ ਸਾਰੀਆਂ ਵਿਸ਼ੇਸ਼ ਅਲਾਮਤਾਂ ਪ੍ਰਦਰਸ਼ਿਤ ਕੀਤੇ ਬਿਨਾਂ ਵੀ ਸੰਜਮ ਦੀ ਘਾਟ ਪ੍ਰਗਟ ਕਰ ਸਕਦਾ ਹੈ। ਇਸ ਲਈ, ਇਹ ਅਕਸਰ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ ਹੈ ਕਿ ਕਿਸੇ ਨੇ ਹੱਦ ਤੋਂ ਵੱਧ ਪੀਤੀ ਹੈ ਜਾਂ ਨਹੀਂ। ਸੰਜਮ ਅਤੇ ਅਤਿਸੇਵਨ ਵਿਚਕਾਰ ਕਿੱਥੇ ਲੀਕ ਖਿੱਚੀ ਜਾ ਸਕਦੀ ਹੈ?
ਆਪਣੀ ਸੋਝੀ ਨੂੰ ਸਾਂਭ ਕੇ ਰੱਖੋ
ਬਾਈਬਲ ਇਹ ਦੱਸ ਕੇ ਕਿ ਇਕ ਵਿਅਕਤੀ ਨੂੰ ਕਿੰਨਾ ਕੁ ਪੀਣਾ ਚਾਹੀਦਾ ਹੈ, ਜਾਂ ਕਿਸੇ ਹੋਰ ਤਰੀਕੇ ਤੋਂ ਸੀਮਾ ਨਿਸ਼ਚਿਤ ਨਹੀ ਕਰਦੀ ਹੈ। ਹਰ ਵਿਅਕਤੀ ਵਿਚ ਸ਼ਰਾਬ ਨੂੰ ਸਹਿਣ ਕਰਨ ਦੀ ਸ਼ਕਤੀ ਭਿੰਨ ਹੁੰਦੀ ਹੈ। ਫਿਰ ਵੀ, ਬਾਈਬਲ ਸਿਧਾਂਤ ਹਰ ਮਸੀਹੀ ਨੂੰ ਲਾਗੂ ਹੁੰਦੇ ਹਨ ਅਤੇ ਸਾਨੂੰ ਸ਼ਰਾਬ ਬਾਰੇ ਇਕ ਈਸ਼ਵਰੀ ਨਜ਼ਰੀਆ ਵਿਕਸਿਤ ਕਰਨ ਵਿਚ ਮਦਦ ਕਰ ਸਕਦੇ ਹਨ।
ਯਿਸੂ ਨੇ ਕਿਹਾ ਕਿ ਪਹਿਲਾ ਹੁਕਮ ਹੈ ਕਿ “ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।” (ਮੱਤੀ 22:37, 38) ਸ਼ਰਾਬ ਦਾ ਬੁੱਧ ਉੱਤੇ ਸਿੱਧਾ ਅਸਰ ਪੈਂਦਾ ਹੈ, ਅਤੇ ਅਤਿਸੇਵਨ ਇਸ ਸਭ ਤੋਂ ਵੱਡੇ ਹੁਕਮ ਦੇ ਪ੍ਰਤੀ ਤੁਹਾਡੀ ਆਗਿਆਕਾਰਤਾ ਵਿਚ ਵਿਘਨ ਪਾਏਗਾ। ਇਹ ਸੂਝ-ਬੂਝ, ਮਸਲਿਆਂ ਨੂੰ ਹੱਲ ਕਰਨ ਦੀ ਯੋਗਤਾ, ਸਵੈ-ਕਾਬੂ, ਅਤੇ ਮਨ ਦੀਆਂ ਦੂਜੀਆਂ ਆਵੱਸ਼ਕ ਕ੍ਰਿਆਵਾਂ ਵਿਚ ਗੰਭੀਰ ਤਰੀਕੇ ਨਾਲ ਵਿਘਨ ਪਾ ਸਕਦਾ ਹੈ। ਸ਼ਾਸਤਰ ਸਾਨੂੰ ਤਾੜਦਾ ਹੈ: “ਦਨਾਈ ਅਤੇ ਸੋਝੀ ਨੂੰ ਸਾਂਭ ਕੇ ਰੱਖ, . . . ਓਹ ਤੇਰੇ ਜੀ ਲਈ ਜੀਉਣ ਅਤੇ ਤੇਰੇ ਗਲ ਲਈ ਸਿੰਗਾਰ ਹੋਣਗੀਆਂ।”—ਕਹਾਉਤਾਂ 3:21, 22.
ਰਸੂਲ ਪੌਲੁਸ ਮਸੀਹੀਆਂ ਤੋਂ ਬੇਨਤੀ ਕਰਦਾ ਹੈ: “ਤੁਸੀਂ ਆਪਣੀਆਂ ਦੇਹਾਂ ਨੂੰ ਜੀਉਂਦਾ, ਪਵਿੱਤਰ ਅਤੇ ਪਰਮੇਸ਼ੁਰ ਨੂੰ ਪ੍ਰਵਾਨ ਬਲੀਦਾਨ ਦੇ ਤੌਰ ਤੇ ਚੜ੍ਹਾਓ, ਅਰਥਾਤ ਆਪਣੀ ਤਰਕ-ਸ਼ਕਤੀ ਦੇ ਨਾਲ ਇਕ ਪਾਵਨ ਸੇਵਾ।” (ਰੋਮੀਆਂ 12:1, ਨਿ ਵ) ਕੀ ਇਕ ਮਸੀਹੀ “ਪਰਮੇਸ਼ੁਰ ਨੂੰ ਪ੍ਰਵਾਨ” ਹੋਵੇਗਾ ਜੇਕਰ ਉਹ ਆਪਣੀ “ਤਰਕ-ਸ਼ਕਤੀ” ਤਿਆਗਣ ਦੀ ਹੱਦ ਤਕ ਸ਼ਰਾਬ ਪੀਂਦਾ ਹੈ? ਆਮ ਤੌਰ ਤੇ, ਇਕ ਅਸੰਜਮੀ ਪਿਆਕਲ ਵਿਚ ਸ਼ਰਾਬ ਨੂੰ ਸਹਿਣ ਕਰਨ ਦੀ ਸ਼ਕਤੀ ਹੌਲੀ-ਹੌਲੀ ਵਧਦੀ ਜਾਂਦੀ ਹੈ। ਉਹ ਸ਼ਾਇਦ ਮਹਿਸੂਸ ਕਰੇ ਕਿ ਉਸ ਵੱਲੋਂ ਸ਼ਰਾਬ ਦਾ ਅਤਿਸੇਵਨ—ਉਸ ਲਈ—ਨਸ਼ੇ ਵਿਚ ਧੁੱਤ ਹੋਣ ਦੀ ਸੀਮਾ ਤੋਂ ਹੇਠਾਂ ਹੈ। ਪਰੰਤੂ, ਉਹ ਸ਼ਾਇਦ ਸ਼ਰਾਬ ਉੱਤੇ ਹਾਨੀਕਾਰਕ ਨਿਰਭਰਤਾ ਵਿਕਸਿਤ ਕਰ ਰਿਹਾ ਹੋਵੇ। ਕੀ ਅਜਿਹਾ ਵਿਅਕਤੀ ਆਪਣੀ ਦੇਹ ਨੂੰ ‘ਜੀਉਂਦਾ, ਪਵਿੱਤਰ ਬਲੀਦਾਨ’ ਵਜੋਂ ਪੇਸ਼ ਕਰ ਸਕਦਾ ਹੈ?
ਕਿਸੇ ਵੀ ਮਾਤਰਾ ਵਿਚ ਸ਼ਰਾਬ ਜੋ ਇਕ ਮਸੀਹੀ ਵਜੋਂ ਤੁਹਾਡੀ “ਦਨਾਈ ਅਤੇ ਸੋਝੀ” ਨੂੰ ਕਮਜ਼ੋਰ ਕਰੇ, ਤੁਹਾਡੇ ਲਈ ਹੱਦ ਤੋਂ ਵੱਧ ਹੀ ਹੈ।
ਸ਼ਰਾਬ ਬਾਰੇ ਤੁਹਾਡੇ ਨਜ਼ਰੀਏ ਨੂੰ ਕਿਹੜੀ ਗੱਲ ਨਿਸ਼ਚਿਤ ਕਰਦੀ ਹੈ?
ਇਕ ਮਸੀਹੀ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਪੀਣ ਦੇ ਪ੍ਰਤੀ ਉਸ ਦਾ ਰਵੱਈਆ ਕਿਤੇ ਪ੍ਰਚਲਿਤ ਰੁਝਾਨਾਂ ਜਾਂ ਰੀਤਾਂ ਦੁਆਰਾ ਪ੍ਰਭਾਵਿਤ ਤਾਂ ਨਹੀਂ ਹੋ ਰਿਹਾ ਹੈ। ਜਿੱਥੇ ਸ਼ਰਾਬ ਦੀ ਗੱਲ ਆਉਂਦੀ ਹੈ, ਉੱਥੇ ਤੁਸੀਂ ਯਕੀਨਨ ਹੀ ਆਪਣੀਆਂ ਚੋਣਾਂ ਨੂੰ ਸਭਿਆਚਾਰਕ ਰੁਝਾਨਾਂ ਜਾਂ ਸੰਚਾਰ-ਮਾਧਿਅਮ ਦੇ ਪ੍ਰਚਾਰ ਉੱਤੇ ਆਧਾਰਿਤ ਨਹੀਂ ਕਰਨਾ ਚਾਹੋਗੇ। ਆਪਣੇ ਰਵੱਈਏ ਨੂੰ ਨਿਸ਼ਚਿਤ ਕਰਦੇ ਸਮੇਂ, ਖ਼ੁਦ ਤੋਂ ਪੁੱਛੋ, ‘ਕੀ ਇਹ ਇਸ ਗੱਲ ਤੋਂ ਪ੍ਰਭਾਵਿਤ ਹੈ ਕਿ ਸਮਾਜ ਕਿਸ ਚੀਜ਼ ਨੂੰ ਪ੍ਰਵਾਨ ਕਰਦਾ ਹੈ? ਜਾਂ ਕੀ ਮੇਰਾ ਪੀਣਾ ਬਾਈਬਲ ਸਿਧਾਂਤਾਂ ਦੁਆਰਾ ਨਿਯੰਤ੍ਰਿਤ ਹੈ?’
ਹਾਲਾਂਕਿ ਯਹੋਵਾਹ ਦੇ ਗਵਾਹ ਸਭਿਆਚਾਰ-ਵਿਰੋਧੀ ਨਹੀਂ ਹਨ, ਉਨ੍ਹਾਂ ਨੂੰ ਅਹਿਸਾਸ ਹੈ ਕਿ ਅੱਜਕਲ੍ਹ ਵਿਆਪਕ ਤੌਰ ਤੇ ਪ੍ਰਵਾਨ ਕੀਤੇ ਗਏ ਅਨੇਕ ਅਭਿਆਸਾਂ ਨਾਲ ਯਹੋਵਾਹ ਨਫ਼ਰਤ ਕਰਦਾ ਹੈ। ਕੁਝ ਸਮੁਦਾਵਾਂ ਗਰਭਪਾਤ, ਰਕਤ-ਆਧਾਨ, ਸਮਲਿੰਗਕਾਮੁਕਤਾ, ਜਾਂ ਬਹੁ-ਵਿਵਾਹ ਨੂੰ ਅਣਡਿੱਠ ਕਰਦੀਆਂ ਹਨ। ਲੇਕਿਨ ਮਸੀਹੀ ਇਨ੍ਹਾਂ ਚੀਜ਼ਾਂ ਬਾਰੇ ਪਰਮੇਸ਼ੁਰ ਦੇ ਨਜ਼ਰੀਏ ਅਨੁਸਾਰ ਕੰਮ ਕਰਦੇ ਹਨ। ਜੀ ਹਾਂ, ਇਕ ਈਸ਼ਵਰੀ ਨਜ਼ਰੀਆ ਇਕ ਮਸੀਹੀ ਨੂੰ ਅਜਿਹੇ ਅਭਿਆਸਾਂ ਨਾਲ ਨਫ਼ਰਤ ਕਰਨ ਲਈ ਪ੍ਰੇਰਿਤ ਕਰੇਗਾ ਭਾਵੇਂ ਕਿ ਇਹ ਸਭਿਆਚਾਰਕ ਤੌਰ ਤੇ ਪ੍ਰਵਾਨਣਯੋਗ ਹਨ ਜਾਂ ਨਹੀਂ।—ਜ਼ਬੂਰ 97:10.
ਬਾਈਬਲ “ਪਰਾਈਆਂ ਕੌਮਾਂ ਦੀ ਮਨਸ਼ਾ” ਬਾਰੇ ਗੱਲ ਕਰਦੀ ਹੈ, ਜਿਸ ਵਿਚ ‘ਸ਼ਰਾਬ ਦਾ ਅਤਿਸੇਵਨ’ ਅਤੇ “ਨਸ਼ੇਬਾਜ਼ੀਆਂ” ਸ਼ਾਮਲ ਹਨ। ਇਹ ਅਭਿਵਿਅਕਤੀ “ਨਸ਼ੇਬਾਜ਼ੀਆਂ” ਅਜਿਹੇ ਇਕੱਠਾਂ ਦਾ ਭਾਵ ਦਿੰਦੀ ਹੈ ਜੋ ਵੱਡੀ ਮਾਤਰਾ ਵਿਚ ਸ਼ਰਾਬ ਪੀਣ ਦੇ ਖ਼ਾਸ ਮਕਸਦ ਲਈ ਆਯੋਜਿਤ ਕੀਤੇ ਜਾਂਦੇ ਸਨ। ਇੰਜ ਜਾਪਦਾ ਹੈ ਕਿ ਬਾਈਬਲ ਸਮਿਆਂ ਵਿਚ ਕੁਝ ਵਿਅਕਤੀ ਜਿਨ੍ਹਾਂ ਨੂੰ ਸ਼ਰਾਬ ਪੀਂਦਿਆਂ ਹੋਸ਼ ਵਿਚ ਰਹਿਣ ਦੀ ਆਪਣੀ ਅਖਾਉਤੀ ਯੋਗਤਾ ਬਾਰੇ ਘਮੰਡ ਸੀ, ਦੂਜਿਆਂ ਤੋਂ ਬਾਜ਼ੀ ਲੈ ਜਾਣ ਦੀ ਕੋਸ਼ਿਸ਼ ਕਰਦੇ, ਜਾਂ ਉਹ ਇਹ ਅਜ਼ਮਾਉਣ ਦਾ ਜਤਨ ਕਰਦੇ ਕਿ ਕੌਣ ਸਭ ਤੋਂ ਵੱਧ ਪੀ ਸਕਦਾ ਸੀ। ਰਸੂਲ ਪਤਰਸ ਇਸ ਤਰ੍ਹਾਂ ਦੇ ਆਚਰਣ ਨੂੰ “ਅੱਤ ਬਦਚਲਣੀ” ਆਖਦਾ ਹੈ, ਜਿਸ ਵਿਚ ਪਸ਼ਚਾਤਾਪੀ ਮਸੀਹੀ ਹੁਣ ਭਾਗ ਨਹੀਂ ਲੈਂਦੇ ਹਨ।—1 ਪਤਰਸ 4:3, 4.
ਕੀ ਇਕ ਮਸੀਹੀ ਲਈ ਇਹ ਨਜ਼ਰੀਆ ਰੱਖਣਾ ਉਚਿਤ ਹੋਵੇਗਾ ਕਿ ਜਿੰਨੀ ਦੇਰ ਤਕ ਉਹ ਨਸ਼ੇ ਵਿਚ ਧੁੱਤ ਨਾ ਹੋਵੇ, ਇਸ ਤੋਂ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿੱਥੇ, ਕਦੋਂ, ਜਾਂ ਕਿੰਨਾ ਕੁ ਪੀਂਦਾ ਹੈ? ਅਸੀਂ ਪੁੱਛ ਸਕਦੇ ਹਾਂ, ਕੀ ਇਹ ਈਸ਼ਵਰੀ ਨਜ਼ਰੀਆ ਹੈ? ਬਾਈਬਲ ਕਹਿੰਦੀ ਹੈ: “ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।” (1 ਕੁਰਿੰਥੀਆਂ 10:31) ਪੁਰਸ਼ਾਂ ਦਾ ਇਕ ਸਮੂਹ ਜੋ ਵੱਡੀ ਮਾਤਰਾ ਵਿਚ ਸ਼ਰਾਬ ਪੀਣ ਲਈ ਖੁੱਲ੍ਹੇ-ਆਮ ਇਕੱਠਾ ਹੁੰਦਾ ਹੈ, ਸ਼ਾਇਦ ਸਭ ਦੇ ਸਭ ਨਸ਼ੇ ਵਿਚ ਧੁੱਤ ਨਾ ਹੋਣ, ਲੇਕਿਨ ਕੀ ਉਨ੍ਹਾਂ ਦਾ ਆਚਰਣ ਯਹੋਵਾਹ ਦੀ ਵਡਿਆਈ ਕਰੇਗਾ? ਬਾਈਬਲ ਤਾੜਦੀ ਹੈ: “ਇਸ ਜੁੱਗ ਦੇ ਰੂਪ ਜੇਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।”—ਰੋਮੀਆਂ 12:2.
ਦੂਜਿਆਂ ਨੂੰ ਠੋਕਰ ਖੁਆਉਣ ਤੋਂ ਪਰਹੇਜ਼ ਕਰੋ
ਦਿਲਚਸਪੀ ਦੀ ਗੱਲ ਇਹ ਹੈ ਕਿ ਅਕਸਰ ਉਹੋ ਸਭਿਆਚਾਰ ਜੋ ਅਤਿਸੇਵਨ ਨੂੰ ਸਹਿਣ ਕਰਦਾ ਹੈ, ਇਸ ਉੱਤੇ ਘੂਰੀ ਵੱਟਦਾ ਹੈ ਜਦੋਂ ਇਕ ਸ਼ਰਾਬੀ ਪਰਮੇਸ਼ੁਰ ਦਾ ਬੰਦਾ ਹੋਣ ਦਾ ਦਾਅਵਾ ਕਰਦਾ ਹੈ। ਦੱਖਣੀ ਸ਼ਾਂਤ ਮਹਾਂਸਾਗਰ ਦੇ ਖੇਤਰ ਵਿਚ ਇਕ ਛੋਟੀ ਸਮੁਦਾ ਵਿਚ, ਇਕ ਦੇਖਣ ਵਾਲੇ ਨੇ ਕਿਹਾ: “ਮੈਂ ਤੁਹਾਡੀ ਪ੍ਰਸ਼ੰਸਾ ਕਰਦਾ ਹਾਂ। ਤੁਸੀਂ ਸੱਚਾਈ ਦਾ ਪ੍ਰਚਾਰ ਕਰਦੇ ਹੋ। ਲੇਕਿਨ ਮਸਲਾ ਇਹ ਹੈ ਕਿ ਅਸੀਂ ਦੇਖਦੇ ਹਾਂ ਕਿ ਤੁਹਾਡੇ ਪੁਰਸ਼ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ।” ਰਿਪੋਰਟ ਅਨੁਸਾਰ, ਉਹ ਵਿਅਕਤੀ ਨਸ਼ੇ ਵਿਚ ਧੁੱਤ ਨਹੀਂ ਹੋਏ ਸਨ, ਲੇਕਿਨ ਸਮੁਦਾ ਦੇ ਅਨੇਕ ਲੋਕਾਂ ਨੂੰ ਇਹ ਤੱਥ ਇੰਨਾ ਸਪੱਸ਼ਟ ਨਹੀਂ ਸੀ। ਦੇਖਣ ਵਾਲੇ ਆਸਾਨੀ ਨਾਲ ਇਹ ਸਿੱਟਾ ਕੱਢ ਸਕਦੇ ਹਨ ਕਿ ਗਵਾਹ ਵੀ ਦੂਸਰੇ ਅਧਿਕਤਰ ਪੁਰਸ਼ਾਂ ਵਾਂਗ ਜੋ ਸ਼ਰਾਬ ਦੀਆਂ ਮਹਿਫ਼ਲਾਂ ਵਿਚ ਹਿੱਸਾ ਲੈਂਦੇ ਹਨ, ਨਸ਼ੇ ਵਿਚ ਧੁੱਤ ਹੁੰਦੇ ਹਨ। ਕੀ ਇਕ ਮਸੀਹੀ ਸੇਵਕ ਜੋ ਕਈ ਘੰਟਿਆਂ ਤਕ ਸ਼ਰਾਬ ਦੀਆਂ ਮਹਿਫ਼ਲਾਂ ਵਿਚ ਹਿੱਸਾ ਲੈਂਦਾ ਹੈ, ਨੇਕਨਾਮੀ ਨੂੰ ਬਣਾਈ ਰੱਖ ਸਕਦਾ ਹੈ, ਅਤੇ ਬੋਲਣ ਦੀ ਆਜ਼ਾਦੀ ਨਾਲ ਆਪਣੀ ਸਰਬਜਨਕ ਸੇਵਕਾਈ ਸੰਪੰਨ ਕਰ ਸਕਦਾ ਹੈ?—ਰਸੂਲਾਂ ਦੇ ਕਰਤੱਬ 28:31, ਨਿ ਵ.
ਇਕ ਯੂਰਪੀ ਦੇਸ਼ ਤੋਂ ਆਈ ਰਿਪੋਰਟ ਸੰਕੇਤ ਕਰਦੀ ਹੈ ਕਿ ਕਦੇ-ਕਦਾਈਂ ਜਦੋਂ ਕੁਝ ਭੈਣ-ਭਰਾ ਰਾਜ ਗ੍ਰਹਿ ਵਿਖੇ ਆਉਂਦੇ ਹਨ ਤਾਂ ਉਨ੍ਹਾਂ ਦੇ ਮੂੰਹ ਤੋਂ ਸ਼ਰਾਬ ਦੀ ਬਹੁਤ ਬਦਬੂ ਆਉਂਦੀ ਹੈ। ਇਸ ਗੱਲ ਤੋਂ ਹੋਰਨਾਂ ਦੇ ਅੰਤਹਕਰਣ ਨੂੰ ਠੇਸ ਪਹੁੰਚੀ ਹੈ। ਬਾਈਬਲ ਤਾੜਨਾ ਦਿੰਦੀ ਹੈ: “ਭਲੀ ਗੱਲ ਇਹ ਹੈ ਜੋ ਨਾ ਤੂੰ ਮਾਸ ਖਾਵੇਂ ਨਾ ਮੈ ਪੀਵੇਂ ਨਾ ਕੋਈ ਇਹੋ ਜਿਹਾ ਕੰਮ ਕਰੇਂ ਜਿਸ ਤੋਂ ਤੇਰਾ ਭਰਾ ਠੇਡਾ ਖਾਵੇ।” (ਰੋਮੀਆਂ 14:21) ਸ਼ਰਾਬ ਬਾਰੇ ਈਸ਼ਵਰੀ ਨਜ਼ਰੀਆ ਇਕ ਪ੍ਰੌੜ੍ਹ ਮਸੀਹੀ ਨੂੰ ਪ੍ਰੇਰਿਤ ਕਰੇਗਾ ਕਿ ਉਹ ਦੂਜਿਆਂ ਦੇ ਅੰਤਹਕਰਣ ਪ੍ਰਤੀ ਸੰਵੇਦਨਸ਼ੀਲ ਹੋਵੇ, ਭਾਵੇਂ ਕਿ ਇਸ ਦਾ ਅਰਥ ਹੋਵੇਗਾ ਕਿ ਉਸ ਨੂੰ ਕੁਝ ਹਾਲਾਤ ਵਿਚ ਸ਼ਰਾਬ ਤੋਂ ਪਰਹੇਜ਼ ਕਰਨਾ ਪਵੇਗਾ।
ਮਸੀਹੀ ਸਪੱਸ਼ਟ ਤੌਰ ਤੇ ਵੱਖਰੇ ਹਨ
ਅਫ਼ਸੋਸ ਦੀ ਗੱਲ ਹੈ ਕਿ ਇਸ ਸੰਸਾਰ ਨੇ ਯਹੋਵਾਹ ਵੱਲੋਂ ਮਨੁੱਖਜਾਤੀ ਨੂੰ ਦਿੱਤੀਆਂ ਚੰਗੀਆਂ ਚੀਜ਼ਾਂ, ਜਿਸ ਵਿਚ ਸ਼ਰਾਬ ਵੀ ਸ਼ਾਮਲ ਹੈ, ਦੀ ਕੁਵਰਤੋਂ ਕਰਨ ਦੁਆਰਾ ਉਸ ਨੂੰ ਬਹੁਤ ਠੇਸ ਪਹੁੰਚਾਇਆ ਹੈ। ਹਰੇਕ ਸਮਰਪਿਤ ਮਸੀਹੀ ਨੂੰ ਪ੍ਰਚਲਿਤ ਅਪਵਿੱਤਰ ਨਜ਼ਰੀਏ ਤੋਂ ਦੂਰ ਰਹਿਣ ਦਾ ਜਤਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਲੋਕੀ ‘ਧਰਮੀ ਅਰ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ ਪਰਖ [“ਫ਼ਰਕ,” ਨਿ ਵ] ਕਰ ਸਕਣਗੇ।’—ਮਲਾਕੀ 3:18.
ਜਿੱਥੇ ਤਕ ਸ਼ਰਾਬ ਦਾ ਸੰਬੰਧ ਹੈ, ਉੱਥੇ ਯਹੋਵਾਹ ਦੇ ਗਵਾਹ ਅਤੇ ਸੰਸਾਰ ਵਿਚਕਾਰ “ਫ਼ਰਕ” ਸਪੱਸ਼ਟ ਹੋਣਾ ਚਾਹੀਦਾ ਹੈ। ਸੱਚੇ ਮਸੀਹੀਆਂ ਦੇ ਜੀਵਨ ਵਿਚ ਸ਼ਰਾਬ ਦਾ ਸੇਵਨ ਪ੍ਰਮੁੱਖ ਨਹੀਂ ਹੁੰਦਾ ਹੈ। ਉਹ ਨਸ਼ੇ ਵਿਚ ਧੁੱਤ ਹੋਣ ਦੇ ਬਿਲਕੁਲ ਨੇੜੇ ਪਹੁੰਚਦੇ ਹੋਏ, ਸ਼ਰਾਬ ਨੂੰ ਸਹਿਣ ਕਰਨ ਦੀ ਆਪਣੀ ਸ਼ਕਤੀ ਦੀ ਹੱਦ ਨੂੰ ਨਹੀਂ ਪਰਖਦੇ ਹਨ; ਨਾ ਹੀ ਉਹ ਪੂਰੇ ਪ੍ਰਾਣ ਅਤੇ ਸਪੱਸ਼ਟ ਮਨ ਨਾਲ ਪਰਮੇਸ਼ੁਰ ਪ੍ਰਤੀ ਆਪਣੀ ਸੇਵਾ ਨੂੰ ਸ਼ਰਾਬ ਦੁਆਰਾ ਕਮਜ਼ੋਰ ਹੋਣ ਜਾਂ ਕਿਸੇ ਤਰੀਕੇ ਤੋਂ ਉਸ ਵਿਚ ਵਿਘਨ ਪੈਣ ਦਿੰਦੇ ਹਨ।
ਇਕ ਸਮੂਹ ਵਜੋਂ, ਯਹੋਵਾਹ ਦੇ ਗਵਾਹ ਸ਼ਰਾਬ ਬਾਰੇ ਈਸ਼ਵਰੀ ਨਜ਼ਰੀਆ ਰੱਖਦੇ ਹਨ। ਤੁਹਾਡੇ ਬਾਰੇ ਕੀ? ਸਾਡੇ ਵਿੱਚੋਂ ਹਰੇਕ ਹੀ ਯਹੋਵਾਹ ਦੀਆਂ ਬਰਕਤਾਂ ਬਾਰੇ ਯਕੀਨੀ ਹੋ ਸਕਦਾ ਹੈ, ਜਿਉਂ-ਜਿਉਂ ਅਸੀਂ ਬਾਈਬਲ ਦੀ ਇਹ ਹਿਦਾਇਤ ਦੀ ਪੈਰਵੀ ਕਰਦੇ ਹਾਂ ਕਿ “ਅਸੀਂ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਇਸ ਵਰਤਮਾਨ ਜੁੱਗ ਵਿੱਚ ਸੁਰਤ, ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰੀਏ।”—ਤੀਤੁਸ 2:12.
[ਫੁਟਨੋਟ]
a “ਸ਼ਰਾਬ ਦੇ ਦੌਰ ਨੂੰ ਪੁਰਸ਼ਾਂ ਲਈ ਲਗਾਤਾਰ ਪੰਜ ਜਾਂ ਇਸ ਤੋਂ ਜ਼ਿਆਦਾ ਅਤੇ ਔਰਤਾਂ ਲਈ ਲਗਾਤਾਰ ਚਾਰ ਜਾਂ ਇਸ ਤੋਂ ਜ਼ਿਆਦਾ ਜਾਮ ਸ਼ਰਾਬ ਪੀਣਾ ਪਰਿਭਾਸ਼ਿਤ ਕੀਤਾ ਗਿਆ ਸੀ।”—ਦ ਜਰਨਲ ਆਫ਼ ਦੀ ਅਮੈਰੀਕਨ ਮੈਡੀਕਲ ਐਸੋਸੀਏਸ਼ਨ।
[ਸਫ਼ੇ 31 ਉੱਤੇ ਡੱਬੀ/ਤਸਵੀਰ]
ਆਪਣੇ ਪਿਆਰਿਆਂ ਦੀ ਸੁਣੋ
ਇਕ ਅਸੰਜਮੀ ਪਿਆਕਲ ਅਕਸਰ ਇਸ ਗੱਲ ਤੋਂ ਬੇਖ਼ਬਰ ਰਹਿੰਦਾ ਹੈ ਕਿ ਉਸ ਦੀ ਇਕ ਸਮੱਸਿਆ ਹੈ। ਸੰਬੰਧੀਆਂ, ਦੋਸਤਾਂ, ਅਤੇ ਮਸੀਹੀ ਬਜ਼ੁਰਗਾਂ ਨੂੰ ਉਨ੍ਹਾਂ ਪਿਆਰਿਆਂ ਨੂੰ ਮਦਦ ਦੇਣ ਵਿਚ ਹਿਚਕਿਚਾਉਣਾ ਨਹੀਂ ਚਾਹੀਦਾ ਹੈ, ਜਿਨ੍ਹਾਂ ਵਿਚ ਸੰਜਮ ਦੀ ਘਾਟ ਹੈ। ਦੂਜੇ ਪਾਸੇ, ਜੇਕਰ ਪਿਆਰੇ ਤੁਹਾਡੀਆਂ ਸ਼ਰਾਬ ਪੀਣ ਦੀਆਂ ਆਦਤਾਂ ਬਾਰੇ ਚਿੰਤਾ ਪ੍ਰਗਟ ਕਰਦੇ ਹਨ, ਤਾਂ ਸੰਭਵ ਤੌਰ ਤੇ ਉਨ੍ਹਾਂ ਕੋਲ ਇੰਜ ਕਰਨ ਦੀ ਚੰਗੀ ਵਜ੍ਹਾ ਹੈ। ਉਹ ਜੋ ਕੁਝ ਕਹਿੰਦੇ ਹਨ, ਉਸ ਉੱਤੇ ਗੌਰ ਕਰੋ।—ਕਹਾਉਤਾਂ 19:20; 27:6.