ਯਹੋਵਾਹ ਤੁਹਾਡੀ ਪੂਰਨ-ਪ੍ਰਾਣ ਸੇਵਾ ਨੂੰ ਬਹੁਮੁੱਲੀ ਸਮਝਦਾ ਹੈ
“ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ [“ਪੂਰੇ ਪ੍ਰਾਣ ਨਾਲ,” “ਨਿ ਵ”] ਪ੍ਰਭੁ ਦੇ ਲਈ ਕਰੋ, ਨਾ ਮਨੁੱਖਾਂ ਦੇ ਲਈ।”—ਕੁਲੁੱਸੀਆਂ 3:23.
1, 2. (ੳ) ਕਿਹੜਾ ਸਭ ਤੋਂ ਵੱਡਾ ਵਿਸ਼ੇਸ਼-ਸਨਮਾਨ ਹੈ ਜੋ ਸਾਨੂੰ ਕਦੇ ਵੀ ਹਾਸਲ ਹੋ ਸਕਦਾ ਹੈ? (ਅ) ਪਰਮੇਸ਼ੁਰ ਦੀ ਸੇਵਾ ਕਰਨ ਵਿਚ ਅਸੀਂ ਸ਼ਾਇਦ ਉਹ ਸਭ ਕੁਝ ਕਿਉਂ ਨਾ ਕਰ ਸਕੀਏ ਜੋ ਅਸੀਂ ਕਰਨਾ ਚਾਹੁੰਦੇ ਹਾਂ?
ਯਹੋਵਾਹ ਦੀ ਸੇਵਾ ਕਰਨੀ ਇਕ ਸਭ ਤੋਂ ਵੱਡਾ ਵਿਸ਼ੇਸ਼-ਸਨਮਾਨ ਹੈ ਜੋ ਸਾਨੂੰ ਕਦੇ ਵੀ ਹਾਸਲ ਹੋ ਸਕਦਾ ਹੈ। ਚੰਗੇ ਕਾਰਨ ਨਾਲ, ਇਸ ਰਸਾਲੇ ਨੇ ਕਾਫ਼ੀ ਸਮੇਂ ਤੋਂ ਮਸੀਹੀਆਂ ਨੂੰ ਉਤਸ਼ਾਹ ਦਿੱਤਾ ਹੈ ਕਿ ਉਹ ਸੇਵਕਾਈ ਵਿਚ ਰੁੱਝੇ ਰਹਿਣ, ਇੱਥੋਂ ਤਕ ਕਿ ਜਦੋਂ ਵੀ ਸੰਭਵ ਹੋਵੇ ਉਹ ਸੇਵਾ ਵਿਚ ‘ਹੋਰ ਭੀ ਵਧਦੇ ਚੱਲੇ ਜਾਣ।’ (1 ਥੱਸਲੁਨੀਕੀਆਂ 4:1) ਫਿਰ ਵੀ, ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਹਮੇਸ਼ਾ ਉਹ ਸਭ ਕੁਝ ਨਹੀਂ ਕਰ ਸਕਦੇ ਹਾਂ ਜੋ ਸਾਡਾ ਦਿਲ ਕਰਨ ਲਈ ਲੋਚਦਾ ਹੈ। “ਮੇਰੇ ਘਰੇਲੂ ਹਾਲਾਤ ਅਜਿਹੇ ਹਨ ਕਿ ਮੈਨੂੰ ਪੂਰਣ-ਕਾਲੀ ਨੌਕਰੀ ਕਰਨ ਦੀ ਲੋੜ ਹੈ,” ਇਕ ਅਵਿਵਾਹਿਤ ਭੈਣ ਸਮਝਾਉਂਦੀ ਹੈ ਜਿਸ ਨੇ ਲਗਭਗ 40 ਸਾਲ ਪਹਿਲਾਂ ਬਪਤਿਸਮਾ ਲਿਆ ਸੀ। “ਨੌਕਰੀ ਕਰਨ ਦਾ ਮੇਰਾ ਮਨੋਰਥ ਕੀਮਤੀ ਅਤੇ ਫ਼ੈਸ਼ਨਦਾਰ ਕੱਪੜੇ ਪ੍ਰਾਪਤ ਕਰਨਾ ਨਹੀਂ ਹੈ, ਜਾਂ ਛੁੱਟੀਆਂ ਗੁਜ਼ਾਰਨ ਲਈ ਸਮੁੰਦਰੀ ਸੈਰ ਕਰਨਾ ਨਹੀਂ ਹੈ, ਪਰ ਲੋੜਾਂ ਪੂਰੀਆਂ ਕਰਨਾ ਹੈ, ਜਿਸ ਵਿਚ ਡਾਕਟਰੀ ਅਤੇ ਦੰਦਾਂ ਦੇ ਇਲਾਜ ਸੰਬੰਧੀ ਖ਼ਰਚੇ ਸ਼ਾਮਲ ਹਨ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿ ਮੈਂ ਯਹੋਵਾਹ ਨੂੰ ਆਪਣਾ ਬਚਿਆ-ਖੁਚਿਆ ਸਮਾਂ ਅਤੇ ਸ਼ਕਤੀ ਹੀ ਦੇ ਰਹੀ ਹਾਂ।”
2 ਪਰਮੇਸ਼ੁਰ ਲਈ ਪ੍ਰੇਮ ਸਾਨੂੰ ਪ੍ਰਚਾਰ ਕੰਮ ਵਿਚ ਜਿੰਨਾ ਜ਼ਿਆਦਾ ਅਸੀਂ ਕਰ ਸਕਦੇ ਹਾਂ ਉੱਨਾ ਕਰਨ ਲਈ ਪ੍ਰੇਰਦਾ ਹੈ। ਪਰ ਜੀਵਨ ਦੇ ਹਾਲਾਤ ਅਕਸਰ ਉਸ ਨੂੰ ਸੀਮਿਤ ਕਰ ਦਿੰਦੇ ਹਨ ਜੋ ਅਸੀਂ ਕਰ ਸਕਦੇ ਹਾਂ। ਦੂਸਰੀਆਂ ਸ਼ਾਸਤਰ-ਸੰਬੰਧੀ ਜ਼ਿੰਮੇਵਾਰੀਆਂ ਨੂੰ ਨਿਭਾਉਣਾ, ਜਿਨ੍ਹਾਂ ਵਿਚ ਪਰਿਵਾਰਕ ਫ਼ਰਜ਼ ਸ਼ਾਮਲ ਹਨ, ਸਾਡੇ ਸਮੇਂ ਅਤੇ ਸ਼ਕਤੀ ਨੂੰ ਖਪਾ ਸਕਦਾ ਹੈ। (1 ਤਿਮੋਥਿਉਸ 5:4, 8) ਇਨ੍ਹਾਂ ‘ਭੈੜੇ ਸਮਿਆਂ’ ਵਿਚ, ਜੀਵਨ ਅੱਗੇ ਨਾਲੋਂ ਵੀ ਚੁਣੌਤੀ ਭਰਿਆ ਹੈ। (2 ਤਿਮੋਥਿਉਸ 3:1) ਜਦੋਂ ਅਸੀਂ ਸੇਵਕਾਈ ਵਿਚ ਉਹ ਸਭ ਕੁਝ ਨਹੀਂ ਕਰ ਸਕਦੇ ਹਾਂ ਜੋ ਅਸੀਂ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਸ਼ਾਇਦ ਕਿਸੇ ਹੱਦ ਤਕ ਪਰੇਸ਼ਾਨ ਹੋਈਏ। ਅਸੀਂ ਸੋਚ ਸਕਦੇ ਹਾਂ ਕਿ ਕੀ ਪਰਮੇਸ਼ੁਰ ਸਾਡੀ ਉਪਾਸਨਾ ਨਾਲ ਪ੍ਰਸੰਨ ਹੈ ਜਾਂ ਨਹੀਂ।
ਪੂਰਨ-ਪ੍ਰਾਣ ਸੇਵਾ ਦੀ ਖੂਬੀ
3. ਯਹੋਵਾਹ ਸਾਡੇ ਸਾਰਿਆਂ ਤੋਂ ਕਿਸ ਚੀਜ਼ ਦੀ ਆਸ ਕਰਦਾ ਹੈ?
3 ਜ਼ਬੂਰ 103:14 ਵਿਚ, ਬਾਈਬਲ ਸਾਨੂੰ ਨਿੱਘ ਨਾਲ ਭਰੋਸਾ ਦਿਵਾਉਂਦੀ ਹੈ ਕਿ ਯਹੋਵਾਹ “ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” ਹੋਰ ਕਿਸੇ ਵਿਅਕਤੀ ਨਾਲੋਂ ਜ਼ਿਆਦਾ, ਉਹ ਸਾਡੀਆਂ ਸੀਮਾਵਾਂ ਨੂੰ ਸਮਝਦਾ ਹੈ। ਉਹ ਉਸ ਤੋਂ ਵੱਧ ਮੰਗ ਨਹੀਂ ਕਰਦਾ ਹੈ ਜਿੰਨਾ ਅਸੀਂ ਦੇਣ ਦੇ ਯੋਗ ਹਾਂ। ਉਹ ਕਿਸ ਚੀਜ਼ ਦੀ ਆਸ ਕਰਦਾ ਹੈ? ਉਸ ਚੀਜ਼ ਦੀ ਜੋ ਜੀਵਨ ਵਿਚ ਆਪਣੀ ਸਥਿਤੀ ਦੇ ਬਾਵਜੂਦ ਹਰ ਵਿਅਕਤੀ ਪੇਸ਼ ਕਰ ਸਕਦਾ ਹੈ: “ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ [“ਪੂਰੇ ਪ੍ਰਾਣ ਨਾਲ,” ਨਿ ਵ] ਪ੍ਰਭੁ ਦੇ ਲਈ ਕਰੋ, ਨਾ ਮਨੁੱਖਾਂ ਦੇ ਲਈ।” (ਕੁਲੁੱਸੀਆਂ 3:23) ਜੀ ਹਾਂ, ਯਹੋਵਾਹ—ਸਾਡੇ ਸਾਰਿਆਂ ਤੋਂ—ਪੂਰੇ ਪ੍ਰਾਣ ਨਾਲ ਉਸ ਦੀ ਸੇਵਾ ਕਰਨ ਦੀ ਆਸ ਰੱਖਦਾ ਹੈ।
4. ਪੂਰੇ ਪ੍ਰਾਣ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਕੀ ਅਰਥ ਹੈ?
4 ਪੂਰੇ ਪ੍ਰਾਣ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਕੀ ਅਰਥ ਹੈ? ਯੂਨਾਨੀ ਸ਼ਬਦ ਜਿਸ ਨੂੰ “ਪੂਰੇ ਪ੍ਰਾਣ ਨਾਲ” ਅਨੁਵਾਦ ਕੀਤਾ ਗਿਆ ਹੈ, ਦਾ ਸ਼ਾਬਦਿਕ ਅਰਥ ਹੈ “ਪ੍ਰਾਣ ਤੋਂ।” “ਪ੍ਰਾਣ” ਸਮੁੱਚੇ ਵਿਅਕਤੀ ਨੂੰ ਸੰਕੇਤ ਕਰਦਾ ਹੈ ਜਿਸ ਵਿਚ ਉਸ ਦੀਆਂ ਸਾਰੀਆਂ ਸਰੀਰਕ ਅਤੇ ਮਾਨਸਿਕ ਯੋਗਤਾਵਾਂ ਸ਼ਾਮਲ ਹਨ। ਇਸ ਤਰ੍ਹਾਂ ਪੂਰੇ ਪ੍ਰਾਣ ਨਾਲ ਸੇਵਾ ਕਰਨ ਦਾ ਅਰਥ ਹੈ ਆਪਣੇ ਆਪ ਨੂੰ ਦੇਣਾ, ਆਪਣੀਆਂ ਸਾਰੀਆਂ ਯੋਗਤਾਵਾਂ ਅਤੇ ਸ਼ਕਤੀਆਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਪੂਰੀ ਸੰਭਵ ਹੱਦ ਤਕ ਇਸਤੇਮਾਲ ਕਰਨਾ। ਸਾਧਾਰਣ ਸ਼ਬਦਾਂ ਵਿਚ, ਇਸ ਦਾ ਅਰਥ ਹੈ ਉਹ ਸਭ ਕੁਝ ਕਰਨਾ ਜੋ ਸਾਡੀ ਹਿੰਮਤ ਯੋਗ ਹੈ।—ਮਰਕੁਸ 12:29, 30.
5. ਰਸੂਲਾਂ ਦੀ ਉਦਾਹਰਣ ਕਿਵੇਂ ਦਿਖਾਉਂਦੀ ਹੈ ਕਿ ਸੇਵਕਾਈ ਵਿਚ ਸਾਰਿਆਂ ਦਾ ਇੱਕੋ ਸਮਾਨ ਕੰਮ ਕਰਨਾ ਜ਼ਰੂਰੀ ਨਹੀਂ ਹੈ?
5 ਕੀ ਪੂਰਨ-ਪ੍ਰਾਣ ਹੋਣ ਦਾ ਅਰਥ ਇਹ ਹੈ ਕਿ ਸੇਵਕਾਈ ਵਿਚ ਸਾਨੂੰ ਸਾਰਿਆਂ ਨੂੰ ਇੱਕੋ ਸਮਾਨ ਕੰਮ ਕਰਨਾ ਚਾਹੀਦਾ ਹੈ? ਹਰਗਿਜ਼ ਨਹੀਂ, ਕਿਉਂਕਿ ਹਰੇਕ ਵਿਅਕਤੀ ਦੀਆਂ ਹਾਲਤਾਂ ਅਤੇ ਯੋਗਤਾਵਾਂ ਦੂਜੇ ਵਿਅਕਤੀ ਤੋਂ ਭਿੰਨ ਹੁੰਦੀਆਂ ਹਨ। ਯਿਸੂ ਦੇ ਵਫ਼ਾਦਾਰ ਰਸੂਲਾਂ ਬਾਰੇ ਵਿਚਾਰ ਕਰੋ। ਉਹ ਸਾਰੇ ਇੱਕੋ ਸਮਾਨ ਕੰਮ ਕਰਨ ਦੇ ਯੋਗ ਨਹੀਂ ਸਨ। ਉਦਾਹਰਣ ਲਈ, ਅਸੀਂ ਕੁਝ ਰਸੂਲਾਂ, ਜਿਵੇਂ ਕਿ ਸ਼ਮਊਨ ਕਨਾਨੀ ਅਤੇ ਹਲਫ਼ਈ ਦੇ ਪੁੱਤ੍ਰ ਯਾਕੂਬ ਬਾਰੇ ਬਹੁਤ ਘੱਟ ਜਾਣਦੇ ਹਾਂ। ਸ਼ਾਇਦ ਰਸੂਲਾਂ ਵਜੋਂ ਉਨ੍ਹਾਂ ਦੀਆਂ ਸਰਗਰਮੀਆਂ ਕੁਝ ਹੱਦ ਤਕ ਸੀਮਿਤ ਸਨ। (ਮੱਤੀ 10:2-4) ਇਸ ਦੇ ਉਲਟ, ਪਤਰਸ ਅਨੇਕ ਭਾਰੀਆਂ ਜ਼ਿੰਮੇਵਾਰੀਆਂ ਨੂੰ ਸਵੀਕਾਰ ਕਰ ਸਕਿਆ—ਇੱਥੋਂ ਤਕ ਕਿ ਯਿਸੂ ਨੇ ਉਹ ਨੂੰ “ਰਾਜ ਦੀਆਂ ਕੁੰਜੀਆਂ” ਵੀ ਦਿੱਤੀਆਂ! (ਮੱਤੀ 16:19) ਫਿਰ ਵੀ, ਪਤਰਸ ਦੂਜੇ ਰਸੂਲਾਂ ਨਾਲੋਂ ਉੱਚਾ ਨਹੀਂ ਠਹਿਰਾਇਆ ਗਿਆ ਸੀ। ਜਦੋਂ ਯੂਹੰਨਾ ਨੂੰ ਪ੍ਰਗਟੀਕਰਣ ਵਿਚ ਨਵੀਂ ਯਰੂਸ਼ਲਮ ਦਾ ਦਰਸ਼ਣ ਮਿਲਿਆ (ਲਗਭਗ 96 ਸਾ.ਯੁ.), ਉਸ ਨੇ 12 ਨੀਂਹਾਂ ਦੇਖੀਆਂ ਅਤੇ ਉਨ੍ਹਾਂ ਉੱਤੇ “ਬਾਰਾਂ ਰਸੂਲਾਂ ਦੇ ਨਾਉਂ” ਲਿਖੇ ਹੋਏ ਸਨ।a (ਪਰਕਾਸ਼ ਦੀ ਪੋਥੀ 21:14) ਯਹੋਵਾਹ ਨੇ ਸਾਰਿਆਂ ਰਸੂਲਾਂ ਦੀ ਸੇਵਾ ਦੀ ਕਦਰ ਕੀਤੀ, ਭਾਵੇਂ ਕਿ ਜ਼ਾਹਰਾ ਤੌਰ ਤੇ ਉਨ੍ਹਾਂ ਵਿੱਚੋਂ ਕੁਝ ਹੋਰਨਾਂ ਨਾਲੋਂ ਜ਼ਿਆਦਾ ਕੰਮ ਕਰਨ ਦੇ ਯੋਗ ਸਨ।
6. ਯਿਸੂ ਦੁਆਰਾ ਦੱਸੇ ਗਏ ਬੀਜ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਵਿਚ, “ਚੰਗੀ ਜ਼ਮੀਨ” ਵਿਚ ਬੀਜੇ ਗਏ ਬੀਜ ਨੂੰ ਕੀ ਹੁੰਦਾ ਹੈ, ਅਤੇ ਕਿਹੜੇ ਸਵਾਲ ਉੱਠਦੇ ਹਨ?
6 ਇਸੇ ਤਰ੍ਹਾਂ, ਯਹੋਵਾਹ ਸਾਡੇ ਸਾਰਿਆਂ ਤੋਂ ਇੱਕੋ ਸਮਾਨ ਪ੍ਰਚਾਰ ਕੰਮ ਦੀ ਮੰਗ ਨਹੀਂ ਕਰਦਾ ਹੈ। ਯਿਸੂ ਨੇ ਇਸ ਹਕੀਕਤ ਨੂੰ ਬੀਜ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਵਿਚ ਸੰਕੇਤ ਕੀਤਾ, ਜਿਸ ਵਿਚ ਪ੍ਰਚਾਰ ਕੰਮ ਨੂੰ ਬੀਜ ਬੀਜਣ ਦੇ ਕੰਮ ਵਜੋਂ ਦਰਸਾਇਆ ਸੀ। ਬੀਜ ਵੱਖਰੀ-ਵੱਖਰੀ ਕਿਸਮ ਦੀ ਜ਼ਮੀਨ ਉੱਤੇ ਡਿਗੇ, ਜੋ ਸੰਦੇਸ਼ ਸੁਣਨ ਵਾਲਿਆਂ ਦੁਆਰਾ ਪ੍ਰਗਟ ਕੀਤੀਆਂ ਗਈਆਂ ਦਿਲ ਦੀਆਂ ਵੱਖਰੀਆਂ-ਵੱਖਰੀਆਂ ਸਥਿਤੀਆਂ ਨੂੰ ਦਰਸਾਉਂਦਾ ਹੈ। “ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ,” ਯਿਸੂ ਸਮਝਾਉਂਦਾ ਹੈ, “ਸੋ ਉਹ ਹੈ ਜੋ ਬਚਨ ਨੂੰ ਸੁਣਦਾ ਅਤੇ ਸਮਝਦਾ ਹੈ। ਉਹ ਜਰੂਰ ਫਲ ਦਿੰਦਾ ਅਤੇ ਕੋਈ ਸੌ ਗੁਣਾ ਕੋਈ ਸੱਠ ਗੁਣਾ ਕੋਈ ਤੀਹ ਗੁਣਾ ਫਲਦਾ ਹੈ।” (ਮੱਤੀ 13:3-8, 18-23) ਇਹ ਫਲ ਕੀ ਹੈ, ਅਤੇ ਇਹ ਭਿੰਨ-ਭਿੰਨ ਮਾਤਰਾ ਵਿਚ ਕਿਉਂ ਪੈਦਾ ਕੀਤਾ ਜਾਂਦਾ ਹੈ?
7. ਬੀਜੇ ਗਏ ਬੀਜ ਦਾ ਫਲ ਕੀ ਹੈ ਅਤੇ ਇਹ ਭਿੰਨ-ਭਿੰਨ ਮਾਤਰਾ ਵਿਚ ਕਿਉਂ ਪੈਦਾ ਕੀਤਾ ਜਾਂਦਾ ਹੈ?
7 ਕਿਉਂਕਿ ਬੀਜਿਆ ਗਿਆ ਬੀਜ “ਰਾਜ ਦਾ ਬਚਨ” ਹੈ, ਫਲ ਪੈਦਾ ਕਰਨਾ ਇਸ ਬਚਨ ਦੇ ਫੈਲਾਅ ਨੂੰ ਸੰਕੇਤ ਕਰਦਾ ਹੈ, ਅਰਥਾਤ ਦੂਸਰਿਆਂ ਨਾਲ ਇਸ ਬਾਰੇ ਗੱਲਬਾਤ ਕਰਨੀ। (ਮੱਤੀ 13:19) ਪੈਦਾ ਕੀਤੇ ਗਏ ਫਲ ਦੀ ਮਾਤਰਾ ਭਿੰਨ-ਭਿੰਨ ਹੁੰਦੀ ਹੈ—ਤੀਹ ਗੁਣਾ ਤੋਂ ਲੈ ਕੇ ਸੌ ਗੁਣਾ ਤਕ—ਕਿਉਂਕਿ ਯੋਗਤਾਵਾਂ ਅਤੇ ਜੀਵਨ ਦੇ ਹਾਲਾਤ ਅਲੱਗ-ਅਲੱਗ ਹੁੰਦੇ ਹਨ। ਇਕ ਚੰਗੀ ਸਿਹਤ ਅਤੇ ਸਰੀਰਕ ਬਲ ਵਾਲਾ ਵਿਅਕਤੀ ਉਸ ਵਿਅਕਤੀ ਨਾਲੋਂ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਗਾ ਸਕਦਾ ਹੈ ਜੋ ਇਕ ਚਿਰਕਾਲੀ ਸਿਹਤ ਸਮੱਸਿਆ ਕਰਕੇ ਜਾਂ ਵਧਦੀ ਉਮਰ ਕਰਕੇ ਕਮਜ਼ੋਰ ਹੁੰਦਾ ਹੈ। ਇਕ ਜਵਾਨ ਅਵਿਵਾਹਿਤ ਵਿਅਕਤੀ ਜੋ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਮੁਕਤ ਹੈ, ਸ਼ਾਇਦ ਉਸ ਵਿਅਕਤੀ ਨਾਲੋਂ ਜ਼ਿਆਦਾ ਕਰ ਸਕੇ ਜਿਸ ਨੂੰ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਪੂਰਣ-ਕਾਲੀ ਨੌਕਰੀ ਕਰਨੀ ਪੈਂਦੀ ਹੈ।—ਤੁਲਨਾ ਕਰੋ ਕਹਾਉਤਾਂ 20:29.
8. ਯਹੋਵਾਹ ਉਨ੍ਹਾਂ ਨੂੰ ਕਿਵੇਂ ਵਿਚਾਰਦਾ ਹੈ ਜੋ ਆਪਣੀ ਪੂਰੀ ਹਿੰਮਤ ਦੇ ਅਨੁਸਾਰ ਦਿੰਦੇ ਹਨ?
8 ਪਰਮੇਸ਼ੁਰ ਦੀ ਨਜ਼ਰ ਵਿਚ, ਕੀ ਤੀਹ ਗੁਣਾ ਪੈਦਾ ਕਰਨ ਵਾਲਾ ਪੂਰਨ-ਪ੍ਰਾਣ ਵਿਅਕਤੀ ਉਸ ਵਿਅਕਤੀ ਨਾਲੋਂ ਘੱਟ ਵਫ਼ਾਦਾਰ ਹੈ ਜੋ ਸੌ ਗੁਣਾ ਪੈਦਾ ਕਰ ਰਿਹਾ ਹੈ? ਬਿਲਕੁਲ ਨਹੀਂ! ਫਲ ਦੀ ਮਾਤਰਾ ਸ਼ਾਇਦ ਭਿੰਨ ਹੋਵੇ, ਪਰ ਜਿੰਨਾ ਚਿਰ ਕੀਤੀ ਗਈ ਸੇਵਾ ਸਾਡੀ ਪੂਰੀ ਹਿੰਮਤ ਦੇ ਅਨੁਸਾਰ ਹੈ ਯਹੋਵਾਹ ਪ੍ਰਸੰਨ ਹੁੰਦਾ ਹੈ। ਯਾਦ ਰੱਖੋ ਕਿ ਫਲ ਦੀਆਂ ਭਿੰਨ-ਭਿੰਨ ਮਾਤਰਾ ਉਨ੍ਹਾਂ ਦਿਲਾਂ ਵਿੱਚੋਂ ਉਤਪੰਨ ਹੁੰਦੀਆਂ ਹਨ ਜੋ “ਚੰਗੀ ਜ਼ਮੀਨ” ਹਨ। ਯੂਨਾਨੀ ਸ਼ਬਦ (ਕਾਲੋਸ) ਜਿਸ ਨੂੰ ‘ਚੰਗਾ’ ਅਨੁਵਾਦ ਕੀਤਾ ਗਿਆ ਹੈ “ਦਿਲ ਨੂੰ ਖ਼ੁਸ਼ ਕਰਨ ਵਾਲੀ, ਅਤੇ ਅੱਖਾਂ ਨੂੰ ਆਨੰਦ ਲਿਆਉਣ ਵਾਲੀ” ਕਿਸੇ “ਸੁੰਦਰ” ਚੀਜ਼ ਦਾ ਵਰਣਨ ਕਰਦਾ ਹੈ। ਇਹ ਜਾਣਨਾ ਕਿੰਨਾ ਤਸੱਲੀਬਖ਼ਸ਼ ਹੈ ਕਿ ਜਦੋਂ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਾਡਾ ਦਿਲ ਸੁੰਦਰ ਹੁੰਦਾ ਹੈ!
ਇਕ ਦੂਜੇ ਦੀ ਤੁਲਨਾ ਵਿਚ ਨਹੀਂ
9, 10. (ੳ) ਸਾਡਾ ਦਿਲ ਸਾਨੂੰ ਸ਼ਾਇਦ ਕਿਸ ਤਰ੍ਹਾਂ ਦੀ ਨਕਾਰਾਤਮਕ ਤਰਕ ਵੱਲ ਲੈ ਜਾ ਸਕਦਾ ਹੈ? (ਅ) ਪਹਿਲਾ ਕੁਰਿੰਥੀਆਂ 12:14-26 ਵਿਚ ਦਿੱਤਾ ਗਿਆ ਦ੍ਰਿਸ਼ਟਾਂਤ ਕਿਵੇਂ ਦਿਖਾਉਂਦਾ ਹੈ ਕਿ ਯਹੋਵਾਹ ਸਾਡੇ ਕੰਮਾਂ ਦੀ ਤੁਲਨਾ ਦੂਸਰਿਆਂ ਦੇ ਕੰਮਾਂ ਨਾਲ ਨਹੀਂ ਕਰਦਾ ਹੈ?
9 ਮਗਰ, ਸਾਡਾ ਅਪੂਰਣ ਦਿਲ ਸ਼ਾਇਦ ਮਾਮਲਿਆਂ ਨੂੰ ਵੱਖਰੇ ਢੰਗ ਨਾਲ ਵਿਚਾਰੇ। ਇਹ ਸ਼ਾਇਦ ਸਾਡੀ ਸੇਵਾ ਦੀ ਦੂਸਰਿਆਂ ਦੀ ਸੇਵਾ ਨਾਲ ਤੁਲਨਾ ਕਰੇ। ਇਹ ਸ਼ਾਇਦ ਤਰਕ ਕਰੇ, ‘ਸੇਵਕਾਈ ਵਿਚ ਦੂਸਰੇ ਮੇਰੇ ਨਾਲੋਂ ਬਹੁਤ ਜ਼ਿਆਦਾ ਕਰ ਰਹੇ ਹਨ। ਯਹੋਵਾਹ ਮੇਰੀ ਸੇਵਾ ਨਾਲ ਕਿਵੇਂ ਪ੍ਰਸੰਨ ਹੋ ਸਕਦਾ ਹੈ?’—ਤੁਲਨਾ ਕਰੋ 1 ਯੂਹੰਨਾ 3:19, 20.
10 ਯਹੋਵਾਹ ਦੇ ਖ਼ਿਆਲ ਅਤੇ ਰਾਹ ਸਾਡੇ ਆਪਣੇ ਖ਼ਿਆਲਾਂ ਅਤੇ ਰਾਹਾਂ ਨਾਲੋਂ ਕਿਤੇ ਉੱਚੇ ਹਨ। (ਯਸਾਯਾਹ 55:9) ਅਸੀਂ 1 ਕੁਰਿੰਥੀਆਂ 12:14-26 ਜਿੱਥੇ ਕਲੀਸਿਯਾ ਨੂੰ ਅਨੇਕ ਅੰਗਾਂ—ਅੱਖਾਂ, ਹੱਥ, ਪੈਰ, ਕੰਨ, ਇਤਿਆਦਿ—ਵਾਲੇ ਇਕ ਸਰੀਰ ਦੀ ਤਰ੍ਹਾਂ ਦਰਸਾਇਆ ਗਿਆ ਹੈ, ਤੋਂ ਕੁਝ ਅੰਤਰਦ੍ਰਿਸ਼ਟੀ ਪਾਉਂਦੇ ਹਾਂ ਕਿ ਯਹੋਵਾਹ ਸਾਡੇ ਨਿੱਜੀ ਜਤਨਾਂ ਨੂੰ ਕਿਵੇਂ ਵਿਚਾਰਦਾ ਹੈ। ਇਕ ਪਲ ਲਈ ਜ਼ਰਾ ਇਕ ਅਸਲੀ ਸਰੀਰ ਬਾਰੇ ਵਿਚਾਰ ਕਰੋ। ਆਪਣੀਆਂ ਅੱਖਾਂ ਦੀ ਤੁਲਨਾ ਆਪਣੇ ਹੱਥਾਂ ਨਾਲ ਜਾਂ ਆਪਣੇ ਪੈਰਾਂ ਦੀ ਤੁਲਨਾ ਆਪਣੇ ਕੰਨਾਂ ਨਾਲ ਕਰਨੀ ਕਿੰਨਾ ਬੇਤੁਕਾ ਹੋਵੇਗਾ! ਹਰੇਕ ਅੰਗ ਇਕ ਵੱਖਰੀ ਲੋੜ ਪੂਰੀ ਕਰਦਾ ਹੈ, ਲੇਕਿਨ ਸਾਰੇ ਅੰਗ ਉਪਯੋਗੀ ਹਨ ਅਤੇ ਉਨ੍ਹਾਂ ਦੀ ਕਦਰ ਕੀਤੀ ਜਾਂਦੀ ਹੈ। ਇਸੇ ਤਰ੍ਹਾਂ, ਯਹੋਵਾਹ ਤੁਹਾਡੀ ਪੂਰਨ-ਪ੍ਰਾਣ ਸੇਵਾ ਨੂੰ ਬਹੁਮੁੱਲੀ ਸਮਝਦਾ ਹੈ ਚਾਹੇ ਦੂਜੇ ਵਿਅਕਤੀ ਘੱਟ ਕਰ ਰਹੇ ਹੋਣ ਜਾਂ ਵੱਧ ਕਰ ਰਹੇ ਹੋਣ।—ਗਲਾਤੀਆਂ 6:4.
11, 12. (ੳ) ਕਈ ਸ਼ਾਇਦ ਇਹ ਕਿਉਂ ਮਹਿਸੂਸ ਕਰਨ ਕਿ ਉਹ “ਹੋਰਨਾਂ ਨਾਲੋਂ ਨਿਰਬਲ” ਜਾਂ “ਹੋਰਨਾਂ ਨਾਲੋਂ ਨਿਰਾਦਰੇ” ਹਨ? (ਅ) ਯਹੋਵਾਹ ਸਾਡੀ ਸੇਵਾ ਬਾਰੇ ਕੀ ਦ੍ਰਿਸ਼ਟੀਕੋਣ ਰੱਖਦਾ ਹੈ?
11 ਮਾੜੀ ਸਿਹਤ, ਵਧਦੀ ਉਮਰ, ਜਾਂ ਹੋਰ ਹਾਲਤਾਂ ਦੁਆਰਾ ਸੀਮਾਵਾਂ ਦੇ ਕਾਰਨ, ਸਮੇਂ-ਸਮੇਂ ਤੇ ਸਾਡੇ ਵਿੱਚੋਂ ਕਈ ਸ਼ਾਇਦ ਇਹ ਮਹਿਸੂਸ ਕਰਨ ਕਿ ਅਸੀਂ “ਹੋਰਨਾਂ ਨਾਲੋਂ ਨਿਰਬਲ” ਜਾਂ “ਹੋਰਨਾਂ ਨਾਲੋਂ ਨਿਰਾਦਰੇ” ਹਾਂ। ਪਰ ਯਹੋਵਾਹ ਇਸ ਦ੍ਰਿਸ਼ਟੀ ਨਾਲ ਮਾਮਲਿਆਂ ਨੂੰ ਨਹੀਂ ਦੇਖਦਾ ਹੈ। ਬਾਈਬਲ ਸਾਨੂੰ ਦੱਸਦੀ ਹੈ: “ਸਰੀਰ ਦੇ ਜਿਹੜੇ ਅੰਗ ਹੋਰਨਾਂ ਨਾਲੋਂ ਨਿਰਬਲ ਦਿੱਸਦੇ ਹਨ ਓਹੋ ਅੱਤ ਲੋੜੀਦੇ ਹਨ। ਅਤੇ . . . ਜਿਨ੍ਹਾਂ ਅੰਗਾਂ ਨੂੰ ਅਸੀਂ ਹੋਰਨਾਂ ਨਾਲੋਂ ਨਿਰਾਦਰੇ ਸਮਝਦੇ ਹਾਂ ਓਹਨਾਂ ਦਾ ਬਹੁਤ ਵਧਕੇ ਆਦਰ ਕਰਦੇ ਹਾਂ . . . ਪਰੰਤੂ ਜਿਹੜੇ ਅੰਗ ਨੂੰ ਕੁਝ ਘਾਟਾ ਸੀ ਉਹ ਨੂੰ ਪਰਮੇਸ਼ੁਰ ਨੇ ਹੋਰ ਵੀ ਵਧੀਕ ਆਦਰ ਦੇ ਕੇ ਸਰੀਰ ਨੂੰ ਜੋੜਿਆ।” (1 ਕੁਰਿੰਥੀਆਂ 12:22-24) ਤਾਂ ਫਿਰ ਹਰੇਕ ਵਿਅਕਤੀ ਯਹੋਵਾਹ ਲਈ ਬਹੁਮੁੱਲਾ ਹੋ ਸਕਦਾ ਹੈ। ਉਹ ਸਾਡੀਆਂ ਸੀਮਾਵਾਂ ਦੇ ਅਨੁਸਾਰ ਸਾਡੀ ਸੇਵਾ ਨੂੰ ਕੀਮਤੀ ਸਮਝਦਾ ਹੈ। ਕੀ ਤੁਹਾਡਾ ਦਿਲ ਤੁਹਾਨੂੰ ਆਪਣੀ ਯੋਗਤਾ ਮੁਤਾਬਕ ਅਜਿਹੇ ਸਮਝਦਾਰ ਅਤੇ ਪ੍ਰੇਮਮਈ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਉਹ ਸਭ ਕੁਝ ਕਰਨ ਲਈ ਨਹੀਂ ਪ੍ਰੇਰਦਾ ਜੋ ਤੁਸੀਂ ਕਰ ਸਕਦੇ ਹੋ?
12 ਤਾਂ ਫਿਰ, ਜਿਹੜੀ ਗੱਲ ਯਹੋਵਾਹ ਲਈ ਮਹੱਤਵਪੂਰਣ ਹੈ, ਉਹ ਇਹ ਨਹੀਂ ਹੈ ਕਿ ਤੁਸੀਂ ਕਿਸੇ ਹੋਰ ਵਿਅਕਤੀ ਜਿੰਨਾ ਕੰਮ ਕਰੋ ਪਰ ਕਿ ਤੁਸੀਂ ਉੱਨਾ ਕਰੋ ਜਿੰਨਾ ਤੁਸੀਂ ਆਪਣੀ ਹਿੰਮਤ ਅਨੁਸਾਰ ਨਿੱਜੀ ਤੌਰ ਤੇ ਕਰ ਸਕਦੇ ਹੋ। ਧਰਤੀ ਉੱਤੇ ਯਿਸੂ ਦੇ ਜੀਵਨ ਦੇ ਅੰਤਲੇ ਦਿਨਾਂ ਦੌਰਾਨ ਦੋ ਬਹੁਤ ਭਿੰਨ ਔਰਤਾਂ ਨਾਲ ਉਸ ਦੇ ਵਰਤਾਉ ਤੋਂ ਇਕ ਦਿਲ-ਟੁੰਬਵੇਂ ਤਰੀਕੇ ਵਿਚ ਪ੍ਰਦਰਸ਼ਿਤ ਕੀਤਾ ਗਿਆ ਸੀ ਕਿ ਯਹੋਵਾਹ ਸਾਡੇ ਨਿੱਜੀ ਜਤਨਾਂ ਦੀ ਕਦਰ ਕਰਦਾ ਹੈ।
ਇਕ ਕਦਰਦਾਨ ਔਰਤ ਦਾ “ਮਹਿੰਗ ਮੁੱਲਾ” ਦਾਨ
13. (ੳ) ਕਿਨ੍ਹਾਂ ਹਾਲਤਾਂ ਦੇ ਅਧੀਨ ਮਰਿਯਮ ਨੇ ਯਿਸੂ ਦੇ ਸਿਰ ਅਤੇ ਪੈਰਾਂ ਉੱਤੇ ਤੇਲ ਡੋਲ੍ਹਿਆ ਸੀ? (ਅ) ਮਰਿਯਮ ਦੇ ਤੇਲ ਦੀ ਭੌਤਿਕ ਕੀਮਤ ਕੀ ਸੀ?
13 ਨੀਸਾਨ 8, ਸ਼ੁੱਕਰਵਾਰ ਸ਼ਾਮ ਨੂੰ, ਯਿਸੂ ਬੈਤਅਨੀਆ ਪਹੁੰਚਿਆ, ਇਕ ਛੋਟਾ ਪਿੰਡ ਜੋ ਜ਼ੈਤੂਨ ਦੇ ਪਹਾੜ ਦੀ ਪੂਰਬੀ ਢਲਾਣ ਤੇ ਸੀ, ਅਤੇ ਯਰੂਸ਼ਲਮ ਤੋਂ ਲਗਭਗ ਤਿੰਨ ਕਿਲੋਮੀਟਰ ਦੂਰ ਸੀ। ਯਿਸੂ ਦੇ ਪਿਆਰੇ ਮਿੱਤਰ—ਮਰਿਯਮ, ਮਾਰਥਾ, ਅਤੇ ਉਨ੍ਹਾਂ ਦਾ ਭਰਾ, ਲਾਜ਼ਰ ਇਸ ਨਗਰ ਵਿਚ ਰਹਿੰਦੇ ਸਨ। ਯਿਸੂ ਉਨ੍ਹਾਂ ਦੇ ਘਰ ਵਿਚ, ਸ਼ਾਇਦ ਕਈ ਵਾਰ, ਇਕ ਮਹਿਮਾਨ ਵਜੋਂ ਰਹਿ ਚੁੱਕਾ ਸੀ। ਪਰ ਸਿਨੱਚਰਵਾਰ ਸ਼ਾਮ ਨੂੰ, ਯਿਸੂ ਅਤੇ ਉਸ ਦੇ ਮਿੱਤਰਾਂ ਨੇ ਸ਼ਨਊਨ ਦੇ ਘਰ ਭੋਜਨ ਕੀਤਾ, ਇਕ ਸਾਬਕਾ ਕੋੜ੍ਹੀ ਜੋ ਸ਼ਾਇਦ ਯਿਸੂ ਦੁਆਰਾ ਚੰਗਾ ਕੀਤਾ ਗਿਆ ਸੀ। ਜਦੋਂ ਯਿਸੂ ਮੇਜ਼ ਤੇ ਰੋਟੀ ਖਾਣ ਲਈ ਬੈਠਾ ਹੋਇਆ ਸੀ, ਤਾਂ ਮਰਿਯਮ ਨੇ ਉਸ ਆਦਮੀ ਲਈ ਜਿਸ ਨੇ ਉਹ ਦੇ ਭਰਾ ਨੂੰ ਜੀ ਉਠਾਇਆ ਸੀ, ਆਪਣੇ ਗਹਿਰੇ ਪਿਆਰ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਨਿਮਰ ਕੰਮ ਕੀਤਾ। ਉਸ ਨੇ ਇਕ ਸ਼ੀਸ਼ੀ ਖੋਲ੍ਹੀ ਜਿਸ ਵਿਚ “ਮਹਿੰਗ ਮੁੱਲਾ,” ਖੁਸ਼ਬੂਦਾਰ ਤੇਲ ਸੀ। ਵਾਕਈ ਹੀ ਮਹਿੰਗਾ! ਉਸ ਦੀ ਕੀਮਤ 300 ਦੀਨਾਰ, ਲਗਭਗ ਇਕ ਸਾਲ ਦੀ ਮਜ਼ਦੂਰੀ ਦੇ ਬਰਾਬਰ ਸੀ। ਉਸ ਨੇ ਇਸ ਮਹਿਕਦਾਰ ਤੇਲ ਨੂੰ ਯਿਸੂ ਦੇ ਸਿਰ ਅਤੇ ਉਸ ਦੇ ਪੈਰਾਂ ਉੱਤੇ ਡੋਲ੍ਹਿਆ। ਉਸ ਨੇ ਉਹ ਦੇ ਪੈਰਾਂ ਨੂੰ ਆਪਣੇ ਵਾਲਾਂ ਨਾਲ ਵੀ ਪੂੰਝਿਆ।—ਮਰਕੁਸ 14:3; ਲੂਕਾ 10:38-42; ਯੂਹੰਨਾ 11:38-44; 12:1-3.
14. (ੳ) ਚੇਲਿਆਂ ਨੇ ਮਰਿਯਮ ਦੇ ਕੰਮ ਪ੍ਰਤੀ ਕੀ ਰਵੱਈਆ ਦਿਖਾਇਆ? (ਅ) ਯਿਸੂ ਨੇ ਮਰਿਯਮ ਦਾ ਪੱਖ ਕਿਵੇਂ ਲਿਆ?
14 ਚੇਲੇ ਕ੍ਰੋਧਿਤ ਹੋਏ! “ਇਹ ਨੁਕਸਾਨ ਕਾਹ ਨੂੰ ਹੋਇਆ?” ਉਨ੍ਹਾਂ ਨੇ ਪੁੱਛਿਆ। ਯਹੂਦਾ, ਗ਼ਰੀਬਾਂ ਲਈ ਪੁੰਨ-ਦਾਨ ਦੇ ਸੁਝਾਅ ਦੇ ਪਿੱਛੇ ਆਪਣੀ ਚੋਰੀ ਕਰਨ ਦੀ ਇੱਛਾ ਨੂੰ ਲੁਕਾਉਂਦੇ ਹੋਏ ਬੋਲਿਆ: “ਇਹ ਅਤਰ ਡੂਢ ਸੌ ਰੁਪਏ [“ਤਿੰਨ ਸੌ ਦੀਨਾਰ,” ਨਿ ਵ] ਨੂੰ ਵੇਚ ਕੇ ਕੰਗਾਲਾਂ ਨੂੰ ਕਿਉਂ ਨਾ ਦਿੱਤਾ ਗਿਆ?” ਮਰਿਯਮ ਚੁੱਪ ਰਹੀ। ਪਰ, ਯਿਸੂ ਨੇ ਚੇਲਿਆਂ ਨੂੰ ਕਿਹਾ: “ਇਹ ਨੂੰ ਛੱਡ ਦਿਓ, ਕਿਉਂ ਇਹ ਨੂੰ ਕੋਸਦੇ ਹੋ? ਉਸ ਨੇ ਮੇਰੇ ਨਾਲ ਚੰਗਾ [ਕਾਲੋਸ ਦਾ ਇਕ ਰੂਪ] ਵਰਤਾਵਾ ਕੀਤਾ ਹੈ। . . . ਜੋ ਉਸ ਤੋਂ ਬਣ ਪਿਆ ਉਸ ਨੇ ਕੀਤਾ। ਉਸ ਨੇ ਅੱਗੋਂ ਹੀ ਮੇਰੇ ਸਰੀਰ ਉੱਤੇ ਕਫ਼ਨਾਉਣ ਦਫ਼ਨਾਉਣ ਲਈ ਅਤਰ ਪਾ ਦਿੱਤਾ। ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਖੁਸ਼ ਖਬਰੀ ਦਾ ਪਰਚਾਰ ਕੀਤਾ ਜਾਵੇਗਾ ਉੱਥੇ ਇਹ ਵੀ ਜੋ ਇਸ ਨੇ ਕੀਤਾ ਹੈ ਉਸ ਦੀ ਯਾਦਗੀਰੀ ਲਈ ਕਿਹਾ ਜਾਵੇਗਾ।” ਯਿਸੂ ਦੇ ਸ਼ਬਦਾਂ ਦੇ ਨਿੱਘ ਨੇ ਮਰਿਯਮ ਦੇ ਦਿਲ ਨੂੰ ਕਿੰਨਾ ਸ਼ਾਂਤ ਕੀਤਾ ਹੋਵੇਗਾ!—ਮਰਕੁਸ 14:4-9; ਯੂਹੰਨਾ 12:4-8.
15. ਯਿਸੂ ਉਸ ਕੰਮ ਦੁਆਰਾ ਕਿਉਂ ਇੰਨਾ ਪ੍ਰਭਾਵਿਤ ਹੋਇਆ ਸੀ ਜੋ ਮਰਿਯਮ ਨੇ ਕੀਤਾ ਸੀ, ਅਤੇ ਇਸ ਸੰਬੰਧ ਵਿਚ ਅਸੀਂ ਪੂਰਨ-ਪ੍ਰਾਣ ਸੇਵਾ ਬਾਰੇ ਕੀ ਸਿੱਖਦੇ ਹਾਂ?
15 ਯਿਸੂ ਮਰਿਯਮ ਦੇ ਕੀਤੇ ਕੰਮ ਦੁਆਰਾ ਗਹਿਰੀ ਤਰ੍ਹਾਂ ਪ੍ਰਭਾਵਿਤ ਹੋਇਆ। ਉਸ ਦੇ ਅਨੁਮਾਨ ਵਿਚ, ਮਰਿਯਮ ਨੇ ਇਕ ਸ਼ਲਾਘਾਯੋਗ ਕੰਮ ਕੀਤਾ ਸੀ। ਯਿਸੂ ਲਈ ਦਾਨ ਦੀ ਭੌਤਿਕ ਕੀਮਤ ਨਹੀਂ ਪਰ ਇਹ ਗੱਲ ਮਹੱਤਤਾ ਰੱਖਦੀ ਸੀ ਕਿ “ਜੋ ਉਸ ਤੋਂ ਬਣ ਪਿਆ ਉਸ ਨੇ ਕੀਤਾ।” ਉਸ ਨੇ ਮੌਕੇ ਦਾ ਫ਼ਾਇਦਾ ਉਠਾਇਆ ਅਤੇ ਜੋ ਕੁਝ ਉਸ ਤੋਂ ਸਰਿਆ ਉਸ ਨੇ ਦਿੱਤਾ। ਦੂਜੇ ਤਰਜਮੇ ਇਨ੍ਹਾਂ ਸ਼ਬਦਾਂ ਨੂੰ “ਉਹ ਜੋ ਕਰ ਸਕੀ ਉਸ ਨੇ ਕੀਤਾ ਹੈ,” ਜਾਂ, “ਉਸ ਨੇ ਉਹ ਕੀਤਾ ਹੈ ਜੋ ਉਹ ਕਰਨ ਦੇ ਯੋਗ ਸੀ” ਅਨੁਵਾਦ ਕਰਦੇ ਹਨ। (ਐਨ ਅਮੈਰੀਕਨ ਟ੍ਰਾਂਸਲੇਸ਼ਨ; ਦ ਜਰੂਸਲਮ ਬਾਈਬਲ) ਮਰਿਯਮ ਨੇ ਪੂਰੇ ਪ੍ਰਾਣ ਨਾਲ ਦਿੱਤਾ ਸੀ ਕਿਉਂਕਿ ਉਸ ਨੇ ਆਪਣੀ ਪੂਰੀ ਕੋਸ਼ਿਸ਼ ਦੇ ਅਨੁਸਾਰ ਦਿੱਤਾ। ਇਹੋ ਹੀ ਪੂਰਨ-ਪ੍ਰਾਣ ਸੇਵਾ ਦਾ ਅਸਲੀ ਅਰਥ ਹੈ।
ਇਕ ਵਿਧਵਾ ਦੀਆਂ “ਦੋ ਦਮੜੀਆਂ”
16. (ੳ) ਇਹ ਕਿਵੇਂ ਹੋਇਆ ਕਿ ਯਿਸੂ ਨੇ ਇਕ ਕੰਗਾਲ ਵਿਧਵਾ ਦੇ ਦਿੱਤੇ ਗਏ ਚੰਦੇ ਨੂੰ ਦੇਖਿਆ? (ਅ) ਵਿਧਵਾ ਦੇ ਸਿੱਕਿਆਂ ਦੀ ਕੀ ਕੀਮਤ ਸੀ?
16 ਦੋ ਕੁ ਦਿਨ ਬਾਅਦ, ਨੀਸਾਨ 11 ਨੂੰ, ਯਿਸੂ ਨੇ ਹੈਕਲ ਵਿਚ ਇਕ ਪੂਰੀ ਦਿਹਾੜੀ ਗੁਜ਼ਾਰੀ, ਜਿੱਥੇ ਉਸ ਦੇ ਅਧਿਕਾਰ ਬਾਰੇ ਸ਼ੰਕਾ ਪ੍ਰਦਰਸ਼ਿਤ ਕੀਤੀ ਗਈ ਅਤੇ ਉਸ ਨੇ ਕਰ, ਪੁਨਰ-ਉਥਾਨ, ਅਤੇ ਹੋਰ ਗੱਲਾਂ ਬਾਰੇ ਔਖੇ ਸਵਾਲਾਂ ਦੇ ਜਵਾਬ ਦਿੱਤੇ। ਉਸ ਨੇ ਗ੍ਰੰਥੀਆਂ ਅਤੇ ਫ਼ਰੀਸੀਆਂ ਨੂੰ ਹੋਰ ਗੱਲਾਂ ਸਮੇਤ, ‘ਵਿਧਵਾਂ ਦੇ ਘਰਾਂ ਨੂੰ ਚੱਟ ਕਰ ਜਾਣ’ ਲਈ ਨਿੰਦਿਆ। (ਮਰਕੁਸ 12:40) ਫਿਰ ਯਿਸੂ, ਜ਼ਾਹਰਾ ਤੌਰ ਤੇ ਔਰਤਾਂ ਦੇ ਵਿਹੜੇ ਵਿਚ ਬੈਠ ਗਿਆ, ਜਿੱਥੇ, ਯਹੂਦੀ ਰੀਤ ਅਨੁਸਾਰ, 13 ਖ਼ਜ਼ਾਨਾ ਸੰਦੂਕ ਹੁੰਦੇ ਸਨ। ਉਹ ਕੁਝ ਸਮੇਂ ਲਈ ਚੰਦਾ ਪਾ ਰਹੇ ਲੋਕਾਂ ਨੂੰ ਬੈਠ ਕੇ ਧਿਆਨ ਨਾਲ ਦੇਖਦਾ ਰਿਹਾ। ਕਈ ਧਨਵਾਨ ਆਏ, ਕੁਝ ਸ਼ਾਇਦ ਸਵੈ-ਸਤਵਾਦ ਦੇ ਦਿਖਾਵੇ ਨਾਲ, ਇੱਥੋਂ ਤਕ ਕਿ ਨੁਮਾਇਸ਼ ਕਰਨ ਲਈ ਵੀ ਆਏ ਸਨ। (ਤੁਲਨਾ ਕਰੋ ਮੱਤੀ 6:2.) ਯਿਸੂ ਦੀ ਨਜ਼ਰ ਇਕ ਖ਼ਾਸ ਔਰਤ ਉੱਤੇ ਟਿਕ ਗਈ। ਕਿਸੇ ਆਮ ਵਿਅਕਤੀ ਨੂੰ ਸ਼ਾਇਦ ਉਸ ਔਰਤ ਜਾਂ ਉਸ ਦੇ ਦਾਨ ਬਾਰੇ ਕੋਈ ਮਾਅਰਕੇ ਵਾਲੀ ਗੱਲ ਨਾ ਦਿਸੀ ਹੋਵੇ। ਪਰ ਯਿਸੂ, ਜੋ ਦੂਸਰਿਆਂ ਦੇ ਦਿਲਾਂ ਨੂੰ ਜਾਣ ਸਕਦਾ ਸੀ, ਜਾਣਦਾ ਸੀ ਕਿ ਉਹ “ਇੱਕ ਕੰਗਾਲ ਵਿਧਵਾ” ਸੀ। ਉਹ ਉਸ ਦੇ ਦਾਨ ਦੀ ਠੀਕ ਕੀਮਤ ਵੀ ਜਾਣਦਾ ਸੀ—“ਦੋ ਦਮੜੀਆਂ ਅਰਥਾਤ ਧੇਲਾ।”b—ਮਰਕੁਸ 12:41, 42.
17. ਯਿਸੂ ਨੇ ਵਿਧਵਾ ਦੇ ਚੰਦੇ ਦੀ ਕਿਵੇਂ ਕਦਰ ਪਾਈ ਸੀ, ਅਤੇ ਸਿੱਟੇ ਵਜੋਂ ਅਸੀਂ ਪਰਮੇਸ਼ੁਰ ਨੂੰ ਦਾਨ ਕਰਨ ਬਾਰੇ ਕੀ ਸਿੱਖਦੇ ਹਾਂ?
17 ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਸੱਦਿਆ, ਕਿਉਂਕਿ ਉਹ ਚਾਹੁੰਦਾ ਸੀ ਕਿ ਉਹ ਆਪਣੀਆਂ ਅੱਖਾਂ ਨਾਲ ਉਸ ਨੂੰ ਦੇਖਣ ਜੋ ਉਹ ਸਿਖਾਉਣ ਵਾਲਾ ਹੀ ਸੀ। “ਜਿਹੜੇ ਖ਼ਜ਼ਾਨੇ ਵਿੱਚ ਪਾਉਂਦੇ ਹਨ ਉਨ੍ਹਾਂ ਸਭਨਾਂ ਨਾਲੋਂ ਇਸ . . . ਨੇ ਬਹੁਤਾ ਪਾਇਆ,” ਯਿਸੂ ਨੇ ਕਿਹਾ। ਉਸ ਦੇ ਅਨੁਮਾਨ ਵਿਚ ਵਿਧਵਾ ਨੇ ਬਾਕੀ ਸਾਰਿਆਂ ਨਾਲੋਂ ਜ਼ਿਆਦਾ ਪਾਇਆ ਸੀ। ਉਸ ਨੇ “ਜੋ ਕੁਝ ਇਹ ਦਾ ਸੀ”—ਆਪਣੇ ਆਖ਼ਰੀ ਸਿੱਕੇ—ਖ਼ਜ਼ਾਨੇ ਵਿਚ ਪਾ ਦਿੱਤੇ। ਇਸ ਤਰ੍ਹਾਂ ਕਰਨ ਨਾਲ, ਉਸ ਨੇ ਆਪਣੇ ਆਪ ਨੂੰ ਯਹੋਵਾਹ ਦੇ ਕਦਰਪੂਰਣ ਹੱਥਾਂ ਵਿਚ ਸੌਂਪ ਦਿੱਤਾ। ਇਸ ਤਰ੍ਹਾਂ, ਪਰਮੇਸ਼ੁਰ ਨੂੰ ਦਾਨ ਕਰਨ ਵਾਲੇ ਵਿਅਕਤੀ ਵਜੋਂ ਜਿਸ ਵਿਅਕਤੀ ਦੀ ਉਦਾਹਰਣ ਉਜਾਗਰ ਕੀਤੀ ਗਈ, ਇਹ ਉਹ ਵਿਅਕਤੀ ਸੀ ਜਿਸ ਦੇ ਦਾਨ ਦੀ ਭੌਤਿਕ ਕੀਮਤ ਤਕਰੀਬਨ ਨਾ ਦੇ ਬਰਾਬਰ ਸੀ। ਲੇਕਿਨ, ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਅਨਮੋਲ ਸੀ!—ਮਰਕੁਸ 12:43, 44; ਯਾਕੂਬ 1:27.
ਪੂਰਨ-ਪ੍ਰਾਣ ਸੇਵਾ ਬਾਰੇ ਯਹੋਵਾਹ ਦੇ ਦ੍ਰਿਸ਼ਟੀਕੋਣ ਤੋਂ ਸਿੱਖਣਾ
18. ਅਸੀਂ ਦੋ ਔਰਤਾਂ ਨਾਲ ਯਿਸੂ ਦੇ ਵਰਤਾਉ ਤੋਂ ਕੀ ਸਿੱਖਦੇ ਹਾਂ?
18 ਇਨ੍ਹਾਂ ਦੋ ਔਰਤਾਂ ਨਾਲ ਯਿਸੂ ਦੇ ਵਰਤਾਉ ਤੋਂ, ਅਸੀਂ ਪੂਰਨ-ਪ੍ਰਾਣ ਸੇਵਾ ਬਾਰੇ ਯਹੋਵਾਹ ਦੇ ਦ੍ਰਿਸ਼ਟੀਕੋਣ ਬਾਰੇ ਦਿਲ ਨੂੰ ਖ਼ੁਸ਼ ਕਰਨ ਵਾਲੇ ਕੁਝ ਸਬਕ ਸਿੱਖਦੇ ਹਾਂ। (ਯੂਹੰਨਾ 5:19) ਯਿਸੂ ਨੇ ਵਿਧਵਾ ਦੀ ਤੁਲਨਾ ਮਰਿਯਮ ਦੇ ਨਾਲ ਨਹੀਂ ਕੀਤੀ ਸੀ। ਉਸ ਨੇ ਵਿਧਵਾ ਦੇ ਦੋ ਸਿੱਕਿਆਂ ਦੀ ਉੱਨੀ ਕਦਰ ਕੀਤੀ ਜਿੰਨੀ ਕਿ ਉਸ ਨੇ ਮਰਿਯਮ ਦੇ ‘ਮਹਿੰਗ ਮੁੱਲੇ’ ਤੇਲ ਦੀ ਕੀਤੀ ਸੀ। ਕਿਉਂਕਿ ਦੋਨੋਂ ਔਰਤਾਂ ਨੇ ਆਪਣੀ ਪੂਰੀ ਹੈਸੀਅਤ ਦੇ ਅਨੁਸਾਰ ਦਿੱਤਾ ਸੀ, ਪਰਮੇਸ਼ੁਰ ਦੀਆਂ ਅੱਖਾਂ ਵਿਚ ਉਨ੍ਹਾਂ ਦੋਵਾਂ ਦੇ ਦਾਨ ਮੁੱਲਵਾਨ ਸਨ। ਇਸ ਲਈ ਜੇਕਰ ਤੁਸੀਂ ਇਸ ਕਾਰਨ ਆਪਣੇ ਆਪ ਨੂੰ ਵਿਅਰਥ ਮਹਿਸੂਸ ਕਰਦੇ ਹੋ, ਕਿਉਂਕਿ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਤੁਸੀਂ ਉਹ ਸਭ ਕੁਝ ਨਹੀਂ ਕਰ ਸਕਦੇ ਹੋ ਜੋ ਤੁਸੀਂ ਕਰਨਾ ਚਾਹੁੰਦਾ ਹੋ, ਤਾਂ ਨਿਰਾਸ਼ ਨਾ ਹੋਵੋ। ਯਹੋਵਾਹ ਤੁਹਾਡੀ ਪੂਰੀ ਕੋਸ਼ਿਸ਼ ਨੂੰ ਸਵੀਕਾਰ ਕਰਨ ਵਿਚ ਪ੍ਰਸੰਨ ਹੈ। ਯਾਦ ਰੱਖੋ, ਯਹੋਵਾਹ “ਰਿਦੇ ਨੂੰ ਵੇਖਦਾ ਹੈ,” ਇਸ ਲਈ ਉਹ ਤੁਹਾਡੇ ਦਿਲ ਦੀਆਂ ਤਾਂਘਾਂ ਨੂੰ ਪੂਰੀ ਤਰ੍ਹਾਂ ਜਾਣਦਾ ਹੈ।—1 ਸਮੂਏਲ 16:7.
19. ਸਾਨੂੰ ਪਰਮੇਸ਼ੁਰ ਦੀ ਸੇਵਾ ਵਿਚ ਦੂਸਰੇ ਵਿਅਕਤੀਆਂ ਦੇ ਕੰਮਾਂ ਬਾਰੇ ਆਲੋਚਨਾਤਮਕ ਕਿਉਂ ਨਹੀਂ ਹੋਣਾ ਚਾਹੀਦਾ ਹੈ?
19 ਪੂਰਨ-ਪ੍ਰਾਣ ਸੇਵਾ ਬਾਰੇ ਯਹੋਵਾਹ ਦੇ ਦ੍ਰਿਸ਼ਟੀਕੋਣ ਨੂੰ ਸਾਡੇ ਇਕ ਦੂਜੇ ਪ੍ਰਤੀ ਦ੍ਰਿਸ਼ਟੀਕੋਣ ਅਤੇ ਵਰਤਾਉ ਨੂੰ ਪ੍ਰਭਾਵਿਤ ਕਰਨਾ ਚਾਹੀਦਾ ਹੈ। ਦੂਸਰਿਆਂ ਦੇ ਜਤਨਾਂ ਦੀ ਨੁਕਤਾਚੀਨੀ ਕਰਨੀ ਜਾਂ ਇਕ ਵਿਅਕਤੀ ਦੀ ਸੇਵਾ ਦੀ ਤੁਲਨਾ ਦੂਸਰੇ ਵਿਅਕਤੀ ਦੀ ਸੇਵਾ ਨਾਲ ਕਰਨੀ ਕਿੰਨੀ ਨਿਰਮੋਹੀ ਗੱਲ ਹੋਵੇਗੀ! ਅਫ਼ਸੋਸ ਦੀ ਗੱਲ ਹੈ ਕਿ ਇਕ ਮਸੀਹੀ ਭੈਣ ਨੇ ਲਿਖਿਆ: “ਕਈ ਵਾਰੀ ਕੁਝ ਲੋਕ ਇਹ ਮਹਿਸੂਸ ਕਰਵਾਉਂਦੇ ਹਨ ਕਿ ਜੇਕਰ ਅਸੀਂ ਇਕ ਪਾਇਨੀਅਰ ਨਹੀਂ ਹਾਂ, ਤਾਂ ਅਸੀਂ ਵਿਅਰਥ ਹਾਂ। ਸਾਡੇ ਵਿੱਚੋਂ ਉਨ੍ਹਾਂ ਦੀ ਵੀ ਕਦਰ ਕਰਨ ਦੀ ਲੋੜ ਹੈ ਜੋ ‘ਕੇਵਲ’ ਨਿਯਮਿਤ ਰਾਜ ਪ੍ਰਕਾਸ਼ਕਾਂ ਵਜੋਂ ਕੰਮ ਕਰਦੇ ਰਹਿਣ ਲਈ ਸੰਘਰਸ਼ ਕਰਦੇ ਹਨ।” ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਇਹ ਨਿਸ਼ਚਿਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਕਿ ਇਕ ਸੰਗੀ ਮਸੀਹੀ ਦੀ ਪੂਰਨ-ਪ੍ਰਾਣ ਸੇਵਾ ਵਿਚ ਕੀ ਸ਼ਾਮਲ ਹੋਣਾ ਚਾਹੀਦਾ ਹੈ। (ਰੋਮੀਆਂ 14:10-12) ਯਹੋਵਾਹ ਲੱਖਾਂ ਵਫ਼ਾਦਾਰ ਰਾਜ ਪ੍ਰਚਾਰਕਾਂ ਵਿੱਚੋਂ ਹਰੇਕ ਵਿਅਕਤੀ ਦੀ ਪੂਰਨ-ਪ੍ਰਾਣ ਸੇਵਾ ਨੂੰ ਬਹੁਮੁੱਲੀ ਸਮਝਦਾ ਹੈ, ਅਤੇ ਸਾਨੂੰ ਵੀ ਸਮਝਣਾ ਚਾਹੀਦਾ ਹੈ।
20. ਆਪਣੇ ਸੰਗੀ ਉਪਾਸਕਾਂ ਬਾਰੇ ਅਕਸਰ ਕੀ ਧਾਰ ਲੈਣਾ ਬਿਹਤਰ ਹੁੰਦਾ ਹੈ?
20 ਜੇਕਰ ਇਸ ਤਰ੍ਹਾਂ ਜਾਪਦਾ ਹੈ ਕਿ ਕੁਝ ਵਿਅਕਤੀ ਸੇਵਕਾਈ ਵਿਚ ਆਪਣੀ ਯੋਗਤਾ ਤੋਂ ਘੱਟ ਕਰ ਰਹੇ ਹਨ, ਤਾਂ ਫਿਰ ਕੀ? ਇਕ ਸੰਗੀ ਵਿਸ਼ਵਾਸੀ ਦੀ ਪਹਿਲਾਂ ਨਾਲੋਂ ਘੱਟ ਸਰਗਰਮੀ ਪਰਵਾਹ ਕਰਨ ਵਾਲੇ ਬਜ਼ੁਰਗਾਂ ਨੂੰ ਸੰਕੇਤ ਦੇ ਸਕਦੀ ਹੈ ਕਿ ਮਦਦ ਜਾਂ ਉਤਸ਼ਾਹ ਦੀ ਜ਼ਰੂਰਤ ਹੈ। ਨਾਲ ਹੀ, ਸਾਨੂੰ ਭੁੱਲਣਾ ਨਹੀਂ ਚਾਹੀਦਾ ਹੈ ਕਿ ਕੁਝ ਵਿਅਕਤੀਆਂ ਲਈ, ਪੂਰਨ-ਪ੍ਰਾਣ ਸੇਵਾ ਸ਼ਾਇਦ ਮਰਿਯਮ ਦੇ ਮਹਿੰਗੇ ਤੇਲ ਨਾਲੋਂ ਵਿਧਵਾ ਦੇ ਛੋਟੇ ਸਿੱਕਿਆਂ ਨਾਲ ਜ਼ਿਆਦਾ ਮਿਲਦੀ-ਜੁਲਦੀ ਹੋਵੇ। ਅਕਸਰ ਇਹੀ ਧਾਰ ਲੈਣਾ ਬਿਹਤਰ ਹੁੰਦਾ ਹੈ ਕਿ ਸਾਡੇ ਭੈਣ-ਭਰਾ ਯਹੋਵਾਹ ਨੂੰ ਪ੍ਰੇਮ ਕਰਦੇ ਹਨ ਅਤੇ ਅਜਿਹਾ ਪ੍ਰੇਮ ਉਨ੍ਹਾਂ ਨੂੰ ਯੋਗਤਾ ਅਨੁਸਾਰ ਜ਼ਿਆਦਾ ਤੋਂ ਜ਼ਿਆਦਾ ਕਰਨ ਲਈ—ਨਾ ਕਿ ਘੱਟ ਤੋਂ ਘੱਟ—ਕਰਨ ਲਈ ਪ੍ਰੇਰਿਤ ਕਰੇਗਾ। ਯਕੀਨਨ, ਯਹੋਵਾਹ ਦਾ ਕੋਈ ਵੀ ਈਮਾਨਦਾਰ ਸੇਵਕ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਆਪਣੀ ਯੋਗਤਾ ਤੋਂ ਘੱਟ ਕਰਨਾ ਨਹੀਂ ਚੁਣੇਗਾ!—1 ਕੁਰਿੰਥੀਆਂ 13:4, 7.
21. ਕਈ ਲੋਕ ਕਿਹੜੇ ਸੰਤੋਖਜਨਕ ਕੈਰੀਅਰ ਵਿਚ ਸ਼ਾਮਲ ਹੋਏ ਹਨ, ਅਤੇ ਕਿਹੜੇ ਸਵਾਲ ਉੱਠਦੇ ਹਨ?
21 ਫਿਰ ਵੀ, ਯਹੋਵਾਹ ਦੇ ਅਨੇਕ ਲੋਕਾਂ ਲਈ, ਪੂਰਨ-ਪ੍ਰਾਣ ਸੇਵਾ ਦਾ ਅਰਥ ਇਕ ਬਹੁਤ ਹੀ ਸੰਤੋਖਜਨਕ ਕੈਰੀਅਰ—ਪਾਇਨੀਅਰ ਸੇਵਕਾਈ—ਵਿਚ ਸ਼ਾਮਲ ਹੋਣਾ ਸਾਬਤ ਹੋਇਆ ਹੈ। ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਹਾਸਲ ਹੁੰਦੀਆਂ ਹਨ? ਅਤੇ ਸਾਡੇ ਵਿੱਚੋਂ ਉਨ੍ਹਾਂ ਬਾਰੇ ਕੀ ਜੋ ਅਜੇ ਤਕ ਪਾਇਨੀਅਰੀ ਨਹੀਂ ਕਰ ਸਕੇ ਹਨ—ਅਸੀਂ ਪਾਇਨੀਅਰ-ਸਮਾਨ ਮਨੋਬਿਰਤੀ ਕਿਵੇਂ ਦਿਖਾ ਸਕਦੇ ਹਾਂ? ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਜਾਵੇਗੀ।
[ਫੁਟਨੋਟ]
a ਕਿਉਂਕਿ ਰਸੂਲ ਦੇ ਤੌਰ ਤੇ ਮੱਥਿਯਾਸ ਨੇ ਯਹੂਦਾ ਦੀ ਥਾਂ ਲਈ ਸੀ, ਉਸ ਦਾ ਨਾਂ—ਨਾ ਕਿ ਪੌਲੁਸ ਦਾ—ਉਨ੍ਹਾਂ 12 ਨੀਂਹਾਂ ਵਿਚ ਸੀ। ਹਾਲਾਂਕਿ ਪੌਲੁਸ ਇਕ ਰਸੂਲ ਸੀ, ਉਹ ਉਨ੍ਹਾਂ 12 ਵਿੱਚੋਂ ਇਕ ਨਹੀਂ ਸੀ।
b ਇਹ ਦੋਵੇਂ ਸਿੱਕੇ ਲੇਪਟਨ ਸਨ, ਜੋ ਉਸ ਸਮੇਂ ਸਭ ਤੋਂ ਛੋਟੇ ਯਹੂਦੀ ਸਿੱਕੇ ਵਜੋਂ ਵਰਤਿਆ ਜਾਂਦਾ ਸੀ। ਦੋ ਲੇਪਟੇ ਇਕ ਦਿਨ ਦੀ ਤਨਖ਼ਾਹ ਦੇ ਚੌਂਹਠਵੇਂ ਹਿੱਸੇ ਦੇ ਬਰਾਬਰ ਸਨ। ਮੱਤੀ 10:29 ਦੇ ਅਨੁਸਾਰ, ਇਕ ਅਸੇਰਿਅਨ ਸਿੱਕੇ (ਅੱਠ ਲੇਪਟਿਆਂ ਦੇ ਬਰਾਬਰ) ਨਾਲ, ਇਕ ਵਿਅਕਤੀ ਦੋ ਚਿੜੀਆਂ ਖ਼ਰੀਦ ਸਕਦਾ ਸੀ, ਜੋ ਗ਼ਰੀਬਾਂ ਦੁਆਰਾ ਖਾਣੇ ਲਈ ਇਸਤੇਮਾਲ ਕੀਤੇ ਜਾਂਦੇ ਸਭ ਤੋਂ ਸਸਤੇ ਪੰਛੀਆਂ ਵਿੱਚੋਂ ਸਨ। ਇਸ ਲਈ ਇਹ ਵਿਧਵਾ ਵਾਕਈ ਕੰਗਾਲ ਸੀ, ਕਿਉਂਕਿ ਉਸ ਕੋਲ ਇਕ ਚਿੜੀ ਖ਼ਰੀਦਣ ਲਈ ਵੀ ਪੂਰੇ ਪੈਸੇ ਨਹੀਂ ਸਨ, ਅਤੇ ਇਕ ਚਿੜੀ ਇਕ ਡੰਗ ਜੋਗੀ ਵੀ ਨਹੀਂ ਸੀ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਪੂਰੇ ਪ੍ਰਾਣ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਕੀ ਅਰਥ ਹੈ?
◻ ਪਹਿਲਾ ਕੁਰਿੰਥੀਆਂ 12:14-26 ਵਿਚ ਦਿੱਤਾ ਗਿਆ ਦ੍ਰਿਸ਼ਟਾਂਤ ਕਿਵੇਂ ਦਿਖਾਉਂਦਾ ਹੈ ਕਿ ਯਹੋਵਾਹ ਸਾਡੀ ਤੁਲਨਾ ਦੂਸਰਿਆਂ ਦੇ ਨਾਲ ਨਹੀਂ ਕਰਦਾ ਹੈ?
◻ ਮਰਿਯਮ ਦੇ ਮਹਿੰਗੇ ਤੇਲ ਅਤੇ ਵਿਧਵਾ ਦੇ ਦੋ ਛੋਟੇ ਸਿੱਕਿਆਂ ਬਾਰੇ ਯਿਸੂ ਦੀਆਂ ਟਿੱਪਣੀਆਂ ਤੋਂ ਅਸੀਂ ਪੂਰੇ ਪ੍ਰਾਣ ਨਾਲ ਦੇਣ ਬਾਰੇ ਕੀ ਸਿੱਖਦੇ ਹਾਂ?
◻ ਪੂਰਨ-ਪ੍ਰਾਣ ਸੇਵਾ ਬਾਰੇ ਯਹੋਵਾਹ ਦੇ ਦ੍ਰਿਸ਼ਟੀਕੋਣ ਨੂੰ ਸਾਡੇ ਇਕ ਦੂਜੇ ਪ੍ਰਤੀ ਦ੍ਰਿਸ਼ਟੀਕੋਣ ਅਤੇ ਵਰਤਾਉ ਨੂੰ ਕਿਵੇਂ ਪ੍ਰਭਾਵਿਤ ਕਰਨਾ ਚਾਹੀਦਾ ਹੈ?
[ਸਫ਼ੇ 21 ਉੱਤੇ ਤਸਵੀਰ]
ਮਰਿਯਮ ਨੇ ਆਪਣੀ ਹੈਸੀਅਤ ਅਨੁਸਾਰ ਸਭ ਤੋਂ ਬਿਹਤਰ ਦਾਨ ਦਿੱਤਾ, ਅਤੇ ਯਿਸੂ ਦੇ ਸਰੀਰ ਨੂੰ ‘ਮਹਿੰਗ ਮੁੱਲੇ’ ਤੇਲ ਨਾਲ ਮਹਿਕਾਇਆ
[ਸਫ਼ੇ 23 ਉੱਤੇ ਤਸਵੀਰ]
ਵਿਧਵਾ ਦੇ ਸਿੱਕੇ—ਭੌਤਿਕ ਕੀਮਤ ਵਿਚ ਤਕਰੀਬਨ ਨਾ ਦੇ ਬਰਾਬਰ ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ