ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਰਹੋ
“ਤੁਸੀਂ ਆਤਮਾ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਿਆਂ ਨਾ ਕਰੋਗੇ।”—ਗਲਾਤੀਆਂ 5:16.
1. (ੳ) ਹਨੋਕ ਕਿਹੜੀਆਂ ਹਾਲਤਾਂ ਵਿਚਕਾਰ ਅਤੇ ਕਿੰਨੇ ਚਿਰ ਲਈ ਪਰਮੇਸ਼ੁਰ ਦੇ ਨਾਲ-ਨਾਲ ਚੱਲਦਾ ਰਿਹਾ? (ਅ) ਨੂਹ ਕਿੰਨੇ ਚਿਰ ਲਈ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ, ਅਤੇ ਉਸ ਦੇ ਕੋਲ ਕਿਹੜੀਆਂ ਭਾਰੀਆਂ ਜ਼ਿੰਮੇਵਾਰੀਆਂ ਸਨ?
ਬਾਈਬਲ ਸਾਨੂੰ ਦੱਸਦੀ ਹੈ ਕਿ ਹਨੋਕ ‘ਸੱਚੇ ਪਰਮੇਸ਼ੁਰ ਦੇ ਸੰਗ ਚਲਦਾ ਰਿਹਾ।’ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਘਟੀਆ ਬੋਲੀ ਅਤੇ ਅਧਰਮੀ ਆਚਰਣ ਦੇ ਬਾਵਜੂਦ, ਉਹ ਆਪਣੇ 365 ਸਾਲਾਂ ਦੇ ਜੀਵਨ ਦੇ ਅੰਤ ਤਕ ਪਰਮੇਸ਼ੁਰ ਦੇ ਨਾਲ-ਨਾਲ ਚੱਲਦਾ ਰਿਹਾ। (ਉਤਪਤ 5:23, 24; ਯਹੂਦਾਹ 14, 15) ਨੂਹ ਵੀ “ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ।” ਉਹ ਆਪਣੇ ਬੱਚਿਆਂ ਦਾ ਪਾਲਣ-ਪੋਸਣ ਕਰਦੇ ਹੋਏ, ਬਾਗ਼ੀ ਦੂਤਾਂ ਅਤੇ ਉਨ੍ਹਾਂ ਦੀ ਹਿੰਸਕ ਸੰਤਾਨ ਦੁਆਰਾ ਪ੍ਰਭਾਵਿਤ ਸੰਸਾਰ ਨਾਲ ਨਜਿੱਠਦੇ ਹੋਏ, ਅਤੇ ਇਕ ਵਿਸ਼ਾਲ ਕਿਸ਼ਤੀ ਜੋ ਪ੍ਰਾਚੀਨ ਸਮਿਆਂ ਦੇ ਕਿਸੇ ਵੀ ਸਮੁੰਦਰੀ ਜਹਾਜ਼ ਨਾਲੋਂ ਵੱਡੀ ਸੀ, ਬਣਾਉਣ ਦੇ ਸਾਰੇ ਵੇਰਵਿਆਂ ਵੱਲ ਧਿਆਨ ਦਿੰਦੇ ਹੋਏ ਪਰਮੇਸ਼ੁਰ ਦੇ ਨਾਲ-ਨਾਲ ਚਲਿਆ। ਉਹ ਜਲ-ਪਰਲੋ ਤੋਂ ਬਾਅਦ, ਉਦੋਂ ਵੀ ਪਰਮੇਸ਼ੁਰ ਦੇ ਨਾਲ-ਨਾਲ ਚੱਲਦਾ ਰਿਹਾ ਜਦੋਂ ਬਾਬਲ ਵਿਚ ਯਹੋਵਾਹ ਵਿਰੁੱਧ ਦੁਬਾਰਾ ਬਗਾਵਤ ਸ਼ੁਰੂ ਹੋਈ। ਵਾਕਈ, ਨੂਹ 950 ਸਾਲਾਂ ਦੀ ਉਮਰ ਤਕ ਆਪਣੀ ਮੌਤ ਤਾਈਂ ਪਰਮੇਸ਼ੁਰ ਦੇ ਨਾਲ-ਨਾਲ ਚੱਲਦਾ ਰਿਹਾ।—ਉਤਪਤ 6:9; 9:29.
2. ‘ਪਰਮੇਸ਼ੁਰ ਦੇ ਨਾਲ ਨਾਲ ਚੱਲਣ’ ਦਾ ਕੀ ਅਰਥ ਹੈ?
2 ਜਦੋਂ ਬਾਈਬਲ ਕਹਿੰਦੀ ਹੈ ਕਿ ਇਹ ਨਿਹਚਾਵਾਨ ਮਨੁੱਖ ਪਰਮੇਸ਼ੁਰ ਦੇ ਨਾਲ-ਨਾਲ ‘ਚਲਦੇ’ ਸਨ, ਤਾਂ ਉਹ ਇਸ ਸ਼ਬਦ ਨੂੰ ਲਾਖਣਿਕ ਤੌਰ ਤੇ ਇਸਤੇਮਾਲ ਕਰਦੀ ਹੈ। ਇਸ ਦਾ ਇਹ ਅਰਥ ਹੈ ਕਿ ਹਨੋਕ ਅਤੇ ਨੂਹ ਦਾ ਚਾਲ-ਚਲਣ ਅਜਿਹਾ ਸੀ ਜੋ ਪਰਮੇਸ਼ੁਰ ਵਿਚ ਦ੍ਰਿੜ੍ਹ ਨਿਹਚਾ ਦਾ ਸਬੂਤ ਦਿੰਦਾ ਸੀ। ਉਨ੍ਹਾਂ ਨੇ ਯਹੋਵਾਹ ਦੇ ਹੁਕਮਾਂ ਨੂੰ ਮੰਨਿਆ ਅਤੇ ਮਨੁੱਖਜਾਤੀ ਨਾਲ ਪਰਮੇਸ਼ੁਰ ਦੇ ਵਰਤਾਉ ਨੂੰ ਦੇਖਦੇ ਹੋਏ ਪਰਮੇਸ਼ੁਰ ਬਾਰੇ ਜੋ ਕੁਝ ਜਾਣਿਆ, ਉਸ ਅਨੁਸਾਰ ਆਪਣੇ ਜੀਵਨਾਂ ਨੂੰ ਚਲਾਇਆ। (ਤੁਲਨਾ ਕਰੋ 2 ਇਤਹਾਸ 7:17.) ਉਨ੍ਹਾਂ ਨੇ ਪਰਮੇਸ਼ੁਰ ਵੱਲੋਂ ਕਹੀ ਗਈ ਗੱਲ ਅਤੇ ਕੀਤੇ ਗਏ ਕੰਮਾਂ ਨਾਲ ਕੇਵਲ ਮਾਨਸਿਕ ਸਹਿਮਤੀ ਹੀ ਪ੍ਰਗਟ ਨਹੀਂ ਕੀਤੀ, ਬਲਕਿ ਉਨ੍ਹਾਂ ਨੇ ਉਸ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ—ਕੇਵਲ ਥੋੜ੍ਹੀਆਂ ਮੰਗਾਂ ਹੀ ਨਹੀਂ ਬਲਕਿ ਸਾਰੀਆਂ ਮੰਗਾਂ ਨੂੰ ਉਸ ਹੱਦ ਤਕ ਪੂਰਾ ਕੀਤਾ ਜਿਸ ਹੱਦ ਤਕ ਅਪੂਰਣ ਮਨੁੱਖਾਂ ਲਈ ਸੰਭਵ ਸੀ। ਉਦਾਹਰਣ ਲਈ, ਨੂਹ ਨੇ ਉਹੀ ਕੀਤਾ ਜੋ ਪਰਮੇਸ਼ੁਰ ਨੇ ਉਸ ਨੂੰ ਆਗਿਆ ਦਿੱਤੀ ਸੀ। (ਉਤਪਤ 6:22) ਨੂਹ ਦਿੱਤੀਆਂ ਗਈਆਂ ਹਿਦਾਇਤਾਂ ਦੀਆਂ ਹੱਦਾਂ ਨਹੀਂ ਟੱਪ ਰਿਹਾ ਸੀ, ਅਤੇ ਨਾ ਹੀ ਉਹ ਲਾਪਰਵਾਹੀ ਨਾਲ ਢਿੱਲ-ਮੱਠ ਕਰ ਰਿਹਾ ਸੀ। ਯਹੋਵਾਹ ਨਾਲ ਨੇੜਤਾ ਦਾ ਆਨੰਦ ਮਾਣਨ ਵਾਲੇ ਇਕ ਵਿਅਕਤੀ ਵਜੋਂ ਉਹ ਪਰਮੇਸ਼ੁਰ ਦੇ ਨਾਲ-ਨਾਲ ਚੱਲ ਰਿਹਾ ਸੀ, ਅਤੇ ਉਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਵਿਚ ਖੁੱਲ੍ਹ ਮਹਿਸੂਸ ਕਰਦਾ ਸੀ ਅਤੇ ਈਸ਼ਵਰੀ ਹਿਦਾਇਤ ਦੀ ਕਦਰ ਪਾਉਂਦਾ ਸੀ। ਕੀ ਤੁਸੀਂ ਵੀ ਇਹੋ ਕਰਦੇ ਹੋ?
ਇਕ ਸਥਿਰ ਜੀਵਨ-ਮਾਰਗ
3. ਪਰਮੇਸ਼ੁਰ ਦੇ ਸਾਰੇ ਸਮਰਪਿਤ ਅਤੇ ਬਪਤਿਸਮਾ-ਪ੍ਰਾਪਤ ਸੇਵਕਾਂ ਲਈ ਕੀ ਅਤਿ-ਮਹੱਤਵਪੂਰਣ ਹੈ?
3 ਲੋਕਾਂ ਨੂੰ ਪਰਮੇਸ਼ੁਰ ਦੇ ਨਾਲ ਚੱਲਣ ਵਿਚ ਪਹਿਲਾ ਕਦਮ ਚੁੱਕਦੇ ਹੋਏ ਦੇਖਣਾ, ਦਿਲ ਨੂੰ ਖ਼ੁਸ਼ ਕਰਦਾ ਹੈ। ਜਿਉਂ-ਜਿਉਂ ਉਹ ਯਹੋਵਾਹ ਦੀ ਇੱਛਾ ਅਨੁਸਾਰ ਸਵੀਕਾਰੀ ਕਦਮ ਚੁੱਕਦੇ ਹਨ, ਉਹ ਨਿਹਚਾ ਦਾ ਸਬੂਤ ਦਿੰਦੇ ਹਨ, ਜਿਸ ਤੋਂ ਬਿਨਾਂ ਕੋਈ ਵੀ ਪਰਮੇਸ਼ੁਰ ਨੂੰ ਪ੍ਰਸੰਨ ਨਹੀਂ ਕਰ ਸਕਦਾ ਹੈ। (ਇਬਰਾਨੀਆਂ 11:6) ਅਸੀਂ ਕਿੰਨੇ ਖ਼ੁਸ਼ ਹੁੰਦੇ ਹਾਂ ਕਿ ਪਿੱਛਲੇ ਪੰਜ ਸਾਲਾਂ ਤੋਂ ਹਰ ਸਾਲ, ਔਸਤਨ 3,20,000 ਵਿਅਕਤੀਆਂ ਨੇ ਆਪਣੇ ਆਪ ਨੂੰ ਯਹੋਵਾਹ ਨੂੰ ਸਮਰਪਿਤ ਕੀਤਾ ਹੈ ਅਤੇ ਪਾਣੀ ਦੇ ਬਪਤਿਸਮੇ ਲਈ ਪੇਸ਼ ਹੋਏ ਹਨ! ਲੇਕਿਨ ਉਨ੍ਹਾਂ ਲਈ ਅਤੇ ਸਾਡੇ ਸਾਰਿਆਂ ਲਈ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਰਹਿਣਾ ਮਹੱਤਵਪੂਰਣ ਹੈ।—ਮੱਤੀ 24:13; ਪਰਕਾਸ਼ ਦੀ ਪੋਥੀ 2:10.
4. ਭਾਵੇਂ ਕਿ ਉਨ੍ਹਾਂ ਨੇ ਕੁਝ ਨਿਹਚਾ ਦਿਖਾਈ, ਫਿਰ ਵੀ ਮਿਸਰ ਛੱਡਣ ਵਾਲੇ ਜ਼ਿਆਦਾਤਰ ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਕਿਉਂ ਨਹੀਂ ਵੜੇ?
4 ਮੂਸਾ ਦੇ ਸਮੇਂ ਵਿਚ, ਮਿਸਰ ਵਿਚ ਇਕ ਇਸਰਾਏਲੀ ਪਰਿਵਾਰ ਨੂੰ ਪਸਾਹ ਮਨਾਉਣ ਵਾਸਤੇ ਅਤੇ ਆਪਣੇ ਘਰਾਂ ਦੀਆਂ ਚੁਗਾਠਾਂ ਅਤੇ ਦਰਵਾਜ਼ਿਆਂ ਦੇ ਉਪਰਲੇ ਹਿੱਸਿਆਂ ਉੱਤੇ ਲਹੂ ਛਿੜਕਣ ਲਈ ਨਿਹਚਾ ਦੀ ਲੋੜ ਸੀ। (ਕੂਚ 12:1-28) ਪਰ, ਅਨੇਕਾਂ ਦੀ ਨਿਹਚਾ ਉਦੋਂ ਡਗਮਗਾ ਗਈ ਜਦੋਂ ਉਨ੍ਹਾਂ ਨੇ ਲਾਲ ਸਮੁੰਦਰ ਦੇ ਕੰਢੇ ਫ਼ਿਰਊਨ ਦੀ ਫ਼ੌਜ ਨੂੰ ਆਪਣੇ ਪਿੱਛੇ ਤੇਜ਼ੀ ਨਾਲ ਆਉਂਦੇ ਦੇਖਿਆ। (ਕੂਚ 14:9-12) ਜ਼ਬੂਰ 106:12 ਦਿਖਾਉਂਦਾ ਹੈ ਕਿ ਜਦੋਂ ਉਹ ਸਹੀ-ਸਲਾਮਤ ਸੁੱਕੇ ਸਮੁੰਦਰ ਤਲ ਰਾਹੀਂ ਲੰਘ ਚੁੱਕੇ ਸਨ ਅਤੇ ਉਨ੍ਹਾਂ ਨੇ ਪਾਣੀਆਂ ਦੀਆਂ ਲਹਿਰਾਂ ਨੂੰ ਮਿਸਰੀ ਫ਼ੌਜ ਨੂੰ ਨਸ਼ਟ ਕਰਦੇ ਹੋਏ ਦੇਖਿਆ, ਤਾਂ ਉਨ੍ਹਾਂ ਨੇ ਦੁਬਾਰਾ “[ਯਹੋਵਾਹ] ਦੀਆਂ ਗੱਲਾਂ ਨੂੰ ਸਤ ਮੰਨਿਆ।” ਪਰ, ਉਜਾੜ ਵਿਚ ਥੋੜ੍ਹੀ ਦੇਰ ਬਾਅਦ, ਇਸਰਾਏਲੀ ਖਾਣ-ਪੀਣ ਅਤੇ ਨਿਗਰਾਨੀ ਬਾਰੇ ਸ਼ਿਕਾਇਤ ਕਰਨ ਲੱਗ ਪਏ ਸਨ। ਵਾਅਦਾ ਕੀਤੇ ਹੋਏ ਦੇਸ਼ ਤੋਂ ਪਰਤਣ ਵਾਲੇ 12 ਵਿੱਚੋਂ 10 ਜਾਸੂਸਾਂ ਦੀ ਬੁਰੀ ਰਿਪੋਰਟ ਨੇ ਉਨ੍ਹਾਂ ਨੂੰ ਡਰਾ ਦਿੱਤਾ। ਇਨ੍ਹਾਂ ਹਾਲਤਾਂ ਦੇ ਅਧੀਨ, ਜਿਵੇਂ ਜ਼ਬੂਰ 106:24 ਕਹਿੰਦਾ ਹੈ, “ਉਨ੍ਹਾਂ ਨੇ [ਪਰਮੇਸ਼ੁਰ] ਦੇ ਬਚਨ ਨੂੰ ਸਤ ਨਾ ਮੰਨਿਆ।” ਉਹ ਮਿਸਰ ਨੂੰ ਵਾਪਸ ਮੁੜ ਜਾਣਾ ਚਾਹੁੰਦੇ ਸਨ। (ਗਿਣਤੀ 14:1-4) ਉਨ੍ਹਾਂ ਕੋਲ ਜੋ ਵੀ ਨਿਹਚਾ ਸੀ ਉਹ ਸਿਰਫ਼ ਉਦੋਂ ਹੀ ਪ੍ਰਗਟ ਹੁੰਦੀ ਸੀ ਜਦੋਂ ਉਹ ਈਸ਼ਵਰੀ ਸ਼ਕਤੀ ਦੇ ਕਿਸੇ ਅਸਚਰਜ ਪ੍ਰਦਰਸ਼ਨਾਂ ਨੂੰ ਦੇਖਦੇ ਸਨ। ਉਹ ਪਰਮੇਸ਼ੁਰ ਦੇ ਨਾਲ-ਨਾਲ ਲਗਾਤਾਰ ਨਹੀਂ ਚੱਲਦੇ ਸਨ। ਨਤੀਜੇ ਵਜੋਂ, ਉਹ ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਨਹੀਂ ਵੜੇ।—ਜ਼ਬੂਰ 95:10, 11.
5. ਦੂਜਾ ਕੁਰਿੰਥੀਆਂ 13:5 ਅਤੇ ਕਹਾਉਤਾਂ 3:5, 6 ਦਾ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਨਾਲ ਕੀ ਸੰਬੰਧ ਹੈ?
5 ਬਾਈਬਲ ਸਾਨੂੰ ਤਾੜਨਾ ਦਿੰਦੀ ਹੈ: “ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਹਚਾ ਵਿੱਚ ਹੋ ਯਾ ਨਹੀਂ। ਆਪਣੇ ਆਪ ਨੂੰ ਪਰਖੋ।” (2 ਕੁਰਿੰਥੀਆਂ 13:5) “ਨਿਹਚਾ ਵਿੱਚ” ਹੋਣ ਦਾ ਅਰਥ ਹੈ ਮਸੀਹੀ ਵਿਸ਼ਵਾਸਾਂ ਦੇ ਸੰਗ੍ਰਹਿ ਦੀ ਪਾਲਣਾ ਕਰਨਾ। ਇਹ ਅਤਿ-ਮਹੱਤਵਪੂਰਣ ਹੈ ਜੇਕਰ ਅਸੀਂ ਆਪਣੇ ਪੂਰੇ ਜੀਵਨ ਦੌਰਾਨ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਿਚ ਸਫ਼ਲ ਹੋਣਾ ਹੈ। ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਲਈ ਸਾਨੂੰ ਨਿਹਚਾ ਦੇ ਗੁਣ ਦਾ ਅਭਿਆਸ ਵੀ ਕਰਨਾ ਚਾਹੀਦਾ ਹੈ, ਅਤੇ ਯਹੋਵਾਹ ਵਿਚ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ। (ਕਹਾਉਤਾਂ 3:5, 6) ਇਸ ਤਰ੍ਹਾਂ ਨਾ ਕਰਨ ਵਾਲੇ ਵਿਅਕਤੀਆਂ ਲਈ ਕਈ ਫੰਦੇ ਅਤੇ ਛੁਪੇ ਖ਼ਤਰੇ ਹਨ ਜੋ ਉਨ੍ਹਾਂ ਨੂੰ ਫਸਾ ਸਕਦੇ ਹਨ। ਇਨ੍ਹਾਂ ਵਿੱਚੋਂ ਕੁਝ ਫੰਦੇ ਕਿਹੜੇ ਹਨ?
ਆਤਮ-ਵਿਸ਼ਵਾਸ ਦੇ ਫੰਦੇ ਤੋਂ ਬਚੋ
6. ਵਿਭਚਾਰ ਅਤੇ ਜ਼ਨਾਹ ਬਾਰੇ ਸਾਰੇ ਮਸੀਹੀ ਕੀ ਜਾਣਦੇ ਹਨ, ਅਤੇ ਇਨ੍ਹਾਂ ਪਾਪਾਂ ਬਾਰੇ ਉਹ ਕਿਵੇਂ ਮਹਿਸੂਸ ਕਰਦੇ ਹਨ?
6 ਹਰੇਕ ਵਿਅਕਤੀ ਜਿਸ ਨੇ ਬਾਈਬਲ ਦਾ ਅਧਿਐਨ ਕਰ ਕੇ ਆਪਣਾ ਜੀਵਨ ਯਹੋਵਾਹ ਨੂੰ ਸਮਰਪਿਤ ਕੀਤਾ ਅਤੇ ਬਪਤਿਸਮਾ ਲਿਆ ਹੈ, ਉਹ ਜਾਣਦਾ ਹੈ ਕਿ ਪਰਮੇਸ਼ੁਰ ਦਾ ਬਚਨ ਵਿਭਚਾਰ ਅਤੇ ਜ਼ਨਾਹ ਨੂੰ ਰੱਦਦਾ ਹੈ। (1 ਥੱਸਲੁਨੀਕੀਆਂ 4:1-3; ਇਬਰਾਨੀਆਂ 13:4) ਅਜਿਹੇ ਵਿਅਕਤੀ ਸਹਿਮਤ ਹਨ ਕਿ ਇਹ ਸਹੀ ਹੈ। ਉਹ ਇਸ ਦੇ ਅਨੁਸਾਰ ਜੀਵਨ ਬਤੀਤ ਕਰਨ ਦਾ ਇਰਾਦਾ ਰੱਖਦੇ ਹਨ। ਫਿਰ ਵੀ, ਲਿੰਗੀ ਅਨੈਤਿਕਤਾ ਅਜੇ ਵੀ ਸ਼ਤਾਨ ਦਾ ਇਕ ਸਭ ਤੋਂ ਪ੍ਰਭਾਵਕਾਰੀ ਫੰਦਾ ਹੈ। ਕਿਉਂ?
7. ਮੋਆਬ ਦੇ ਮਦਾਨ ਵਿਚ, ਇਸਰਾਏਲੀ ਪੁਰਸ਼ ਉਸ ਆਚਰਣ ਵਿਚ ਕਿਵੇਂ ਪੈ ਗਏ ਜੋ ਉਹ ਜਾਣਦੇ ਸਨ ਕਿ ਗ਼ਲਤ ਸੀ?
7 ਅਜਿਹੇ ਅਨੈਤਿਕ ਆਚਰਣ ਵਿਚ ਪੈਣ ਵਾਲੇ ਵਿਅਕਤੀ ਸ਼ਾਇਦ ਆਰੰਭ ਵਿਚ ਇਸ ਤਰ੍ਹਾਂ ਕਰਨ ਦੀ ਯੋਜਨਾ ਨਹੀਂ ਬਣਾ ਰਹੇ ਹੁੰਦੇ ਹਨ। ਇਹ ਸ਼ਾਇਦ ਮੋਆਬ ਦੇ ਮਦਾਨ ਵਿਚ ਇਸਰਾਏਲੀਆਂ ਬਾਰੇ ਵੀ ਸੱਚ ਸੀ। ਉਜਾੜ ਦੇ ਜੀਵਨ ਤੋਂ ਥੱਕੇ ਹੋਏ ਇਸਰਾਏਲੀ ਪੁਰਸ਼ਾਂ ਨੂੰ ਸ਼ਾਇਦ ਪਹਿਲਾਂ-ਪਹਿਲ ਉਹ ਮੋਆਬੀ ਅਤੇ ਮਿਦਯਾਨੀ ਔਰਤਾਂ ਦੋਸਤਾਨਾ ਅਤੇ ਪਰਾਹੁਣਾਚਾਰ ਜਾਪੀਆਂ ਹੋਣਗੀਆਂ ਜਿਨ੍ਹਾਂ ਨੇ ਉਨ੍ਹਾਂ ਨੂੰ ਭਰਮਾਇਆ ਸੀ। ਲੇਕਿਨ ਉਦੋਂ ਕੀ ਹੋਇਆ ਜਦੋਂ ਇਸਰਾਏਲੀਆਂ ਨੇ ਉਨ੍ਹਾਂ ਲੋਕਾਂ ਨਾਲ ਸੰਗਤ ਰੱਖਣ ਦੇ ਸੱਦਿਆਂ ਨੂੰ ਸਵੀਕਾਰ ਕਰ ਲਿਆ ਜੋ ਯਹੋਵਾਹ ਦੀ ਨਹੀਂ, ਬਲਕਿ ਬਆਲ ਦੀ ਸੇਵਾ ਕਰਦੇ ਸਨ, ਅਜਿਹੇ ਲੋਕ ਜੋ ਆਪਣੀਆਂ ਜਵਾਨ ਧੀਆਂ ਨੂੰ (ਉੱਚੇ ਘਰਾਣੇ ਦੀਆਂ ਵੀ) ਉਨ੍ਹਾਂ ਪੁਰਸ਼ਾਂ ਨਾਲ ਲਿੰਗੀ ਸੰਬੰਧ ਰੱਖਣ ਦਿੰਦੇ ਸਨ ਜਿਨ੍ਹਾਂ ਨਾਲ ਉਹ ਵਿਆਹੀਆਂ ਨਹੀਂ ਸਨ? ਜਦੋਂ ਇਸਰਾਏਲ ਦੇ ਡੇਰੇ ਤੋਂ ਪੁਰਸ਼ ਅਜਿਹੀ ਸੰਗਤ ਨੂੰ ਮਨਭਾਉਂਦੀ ਵਿਚਾਰਨ ਲੱਗ ਪਏ, ਉਦੋਂ ਉਹ ਅਜਿਹੇ ਕੰਮ ਕਰਨ ਲਈ ਭਰਮਾਏ ਗਏ ਜੋ ਉਹ ਜਾਣਦੇ ਸਨ ਕਿ ਗ਼ਲਤ ਹਨ, ਅਤੇ ਇਸ ਕਰਕੇ ਉਨ੍ਹਾਂ ਦੀਆਂ ਜਾਨਾਂ ਦਾ ਨੁਕਸਾਨ ਹੋਇਆ।—ਗਿਣਤੀ 22:1; 25:1-15; 31:16; ਪਰਕਾਸ਼ ਦੀ ਪੋਥੀ 2:14.
8. ਸਾਡੇ ਸਮੇਂ ਵਿਚ, ਕਿਹੜੀ ਚੀਜ਼ ਇਕ ਮਸੀਹੀ ਨੂੰ ਲਿੰਗੀ ਅਨੈਤਿਕਤਾ ਵੱਲ ਲੈ ਜਾ ਸਕਦੀ ਹੈ?
8 ਸਾਡੇ ਸਮੇਂ ਵਿਚ ਕਿਹੜੀ ਚੀਜ਼ ਇਕ ਵਿਅਕਤੀ ਨੂੰ ਸਮਾਨ ਫੰਦੇ ਵਿਚ ਫਸਾ ਸਕਦੀ ਹੈ? ਭਾਵੇਂ ਕਿ ਉਹ ਲਿੰਗੀ ਅਨੈਤਿਕਤਾ ਦੀ ਗੰਭੀਰਤਾ ਜਾਣਦਾ ਹੋਵੇ, ਫਿਰ ਵੀ ਜੇਕਰ ਉਹ ਆਤਮ-ਵਿਸ਼ਵਾਸ ਦੇ ਖ਼ਤਰੇ ਨੂੰ ਨਹੀਂ ਪਛਾਣਦਾ, ਤਾਂ ਉਹ ਆਪਣੇ ਆਪ ਨੂੰ ਇਕ ਅਜਿਹੀ ਸਥਿਤੀ ਵਿਚ ਪਾ ਸਕਦਾ ਹੈ ਜਿੱਥੇ ਗ਼ਲਤੀ ਕਰਨ ਦੀ ਖਿੱਚ ਉਸ ਦੀ ਸਮਝ ਨੂੰ ਦਬਾ ਦੇਵੇਗੀ।—ਕਹਾਉਤਾਂ 7:6-9, 21, 22; 14:16.
9. ਕਿਹੜੀਆਂ ਸ਼ਾਸਤਰ-ਸੰਬੰਧੀ ਚੇਤਾਵਨੀਆਂ ਸਾਨੂੰ ਅਨੈਤਿਕਤਾ ਤੋਂ ਬਚਾ ਸਕਦੀਆਂ ਹਨ?
9 ਪਰਮੇਸ਼ੁਰ ਦਾ ਬਚਨ ਸਾਨੂੰ ਸਾਫ਼-ਸਾਫ਼ ਚੇਤਾਵਨੀ ਦਿੰਦਾ ਹੈ ਕਿ ਅਸੀਂ ਇਹ ਸੋਚਣ ਵਿਚ ਧੋਖਾ ਨਾ ਖਾਈਏ ਕਿ ਅਸੀਂ ਇੰਨੇ ਦ੍ਰਿੜ੍ਹ ਹਾਂ ਕਿ ਬੁਰੀ ਸੰਗਤ ਸਾਨੂੰ ਭ੍ਰਿਸ਼ਟ ਨਹੀਂ ਕਰੇਗੀ। ਇਸ ਵਿਚ ਉਹ ਟੈਲੀਵਿਯਨ ਪ੍ਰੋਗ੍ਰਾਮ ਦੇਖਣਾ ਜੋ ਅਨੈਤਿਕ ਲੋਕਾਂ ਦੇ ਜੀਵਨ ਪੇਸ਼ ਕਰਦੇ ਹਨ ਅਤੇ ਅਨੈਤਿਕ ਇੱਛਾਵਾਂ ਨੂੰ ਵਧਾਉਣ ਵਾਲੇ ਰਸਾਲੇ ਦੇਖਣਾ ਸ਼ਾਮਲ ਹੈ। (1 ਕੁਰਿੰਥੀਆਂ 10:11, 12; 15:33) ਅਨੁਚਿਤ ਹਾਲਤਾਂ ਅਧੀਨ ਸੰਗੀ ਵਿਸ਼ਵਾਸੀਆਂ ਦੇ ਨਾਲ ਸੰਗਤ ਰੱਖਣੀ ਵੀ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਆਦਮੀਆਂ ਅਤੇ ਔਰਤਾਂ ਵਿਚਕਾਰ ਖਿੱਚ ਬਹੁਤ ਜ਼ਬਰਦਸਤ ਹੁੰਦੀ ਹੈ। ਇਸ ਲਈ ਪ੍ਰੇਮਪੂਰਣ ਚਿੰਤਾ ਨਾਲ ਯਹੋਵਾਹ ਦੇ ਸੰਗਠਨ ਨੇ ਸਾਨੂੰ ਵਿਪਰੀਤ ਲਿੰਗ ਦੇ ਅਜਿਹੇ ਕਿਸੇ ਵੀ ਵਿਅਕਤੀ ਨਾਲ ਦੂਜਿਆਂ ਦੀਆਂ ਨਜ਼ਰਾਂ ਤੋਂ ਦੂਰ ਇਕੱਲੇ ਹੋਣ ਦੇ ਵਿਰੁੱਧ ਖ਼ਬਰਦਾਰ ਕੀਤਾ ਹੈ, ਜਿਸ ਨਾਲ ਅਸੀਂ ਵਿਆਹੇ ਹੋਏ ਨਹੀਂ ਹਾਂ ਜਾਂ ਜੋ ਸਾਡੇ ਪਰਿਵਾਰ ਦਾ ਜੀਅ ਨਹੀਂ ਹੈ। ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਰਹਿਣ ਲਈ, ਸਾਨੂੰ ਆਤਮ-ਵਿਸ਼ਵਾਸ ਦੇ ਫੰਦੇ ਤੋਂ ਬਚਣ ਅਤੇ ਉਸ ਵੱਲੋਂ ਦਿੱਤੀ ਗਈ ਚੇਤਾਵਨੀ-ਸੂਚਕ ਸਲਾਹ ਵੱਲ ਧਿਆਨ ਦੇਣ ਦੀ ਲੋੜ ਹੈ।—ਜ਼ਬੂਰ 85:8.
ਮਨੁੱਖ ਦੇ ਡਰ ਨੂੰ ਆਪਣੇ ਉੱਤੇ ਕਾਬੂ ਨਾ ਪਾਉਣ ਦਿਓ
10. “ਮਨੁੱਖ ਦਾ ਭੈ” ਫਾਹੀ ਕਿਵੇਂ ਲਿਆਉਂਦਾ ਹੈ?
10 ਇਕ ਹੋਰ ਖ਼ਤਰਾ ਕਹਾਉਤਾਂ 29:25 ਵਿਚ ਦਿਖਾਇਆ ਗਿਆ ਹੈ, ਜੋ ਕਹਿੰਦਾ ਹੈ: “ਮਨੁੱਖ ਦਾ ਭੈ ਫਾਹੀ ਲਿਆਉਂਦਾ ਹੈ।” ਇਕ ਸ਼ਿਕਾਰੀ ਦੇ ਫੰਦੇ ਵਿਚ ਅਕਸਰ ਗਲੇ ਨੂੰ ਘੁੱਟਣ ਵਾਲਾ ਇਕ ਫਾਹਾ ਹੁੰਦਾ ਹੈ ਜਾਂ ਰੱਸੀਆਂ ਹੁੰਦੀਆਂ ਹਨ ਜੋ ਇਕ ਪਸ਼ੂ ਦੇ ਪੈਰਾਂ ਨੂੰ ਜਕੜ ਲੈਂਦੀਆਂ ਹਨ। (ਅੱਯੂਬ 18:8-11) ਇਸੇ ਤਰ੍ਹਾਂ, ਮਨੁੱਖ ਦਾ ਭੈ ਇਕ ਵਿਅਕਤੀ ਦੀ ਖੁੱਲ੍ਹ ਨਾਲ ਬੋਲਣ ਅਤੇ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਵਾਲੇ ਕੰਮ ਕਰਨ ਦੀ ਯੋਗਤਾ ਨੂੰ ਦਬਾ ਸਕਦਾ ਹੈ। ਦੂਸਰਿਆਂ ਨੂੰ ਖ਼ੁਸ਼ ਕਰਨ ਦੀ ਇੱਛਾ ਕੁਦਰਤੀ ਹੈ, ਅਤੇ ਬਿਲਕੁਲ ਹੀ ਨਾ ਪਰਵਾਹ ਕਰਨਾ ਕਿ ਲੋਕ ਸਾਡੇ ਬਾਰੇ ਕੀ ਸੋਚਣਗੇ ਇਕ ਮਸੀਹੀ ਗੁਣ ਨਹੀਂ ਹੈ। ਪਰ ਸੰਤੁਲਨ ਦੀ ਜ਼ਰੂਰਤ ਹੈ। ਜਦੋਂ ਦੂਸਰੇ ਮਨੁੱਖਾਂ ਦੇ ਸੰਭਾਵੀ ਰਵੱਈਏ ਬਾਰੇ ਚਿੰਤਾ ਇਕ ਵਿਅਕਤੀ ਨੂੰ ਉਹ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ ਜੋ ਪਰਮੇਸ਼ੁਰ ਮਨ੍ਹਾ ਕਰਦਾ ਹੈ ਜਾਂ ਉਹ ਕਰਨ ਤੋਂ ਰੋਕਦੀ ਹੈ ਜੋ ਪਰਮੇਸ਼ੁਰ ਦਾ ਬਚਨ ਹੁਕਮ ਕਰਦਾ ਹੈ, ਤਾਂ ਉਹ ਵਿਅਕਤੀ ਫੰਦੇ ਵਿਚ ਫਸ ਗਿਆ ਹੈ।
11. (ੳ) ਇਕ ਵਿਅਕਤੀ ਨੂੰ ਮਨੁੱਖ ਦੇ ਡਰ ਦੇ ਕਾਬੂ ਵਿਚ ਆਉਣ ਤੋਂ ਕਿਹੜੀ ਚੀਜ਼ ਬਚਾ ਸਕਦੀ ਹੈ? (ਅ) ਯਹੋਵਾਹ ਨੇ ਮਨੁੱਖ ਦੇ ਡਰ ਨਾਲ ਸੰਘਰਸ਼ ਕਰ ਰਹੇ ਆਪਣੇ ਸੇਵਕਾਂ ਦੀ ਕਿਸ ਤਰ੍ਹਾਂ ਮਦਦ ਕੀਤੀ ਹੈ?
11 ਅਜਿਹੇ ਫੰਦੇ ਤੋਂ ਬਚਾਅ “ਯਹੋਵਾਹ ਉੱਤੇ ਭਰੋਸਾ” ਰੱਖਣ ਤੋਂ ਮਿਲਦਾ ਹੈ ਨਾ ਕਿ ਇਕ ਵਿਅਕਤੀ ਦੇ ਆਪਣੇ ਸੁਭਾਅ ਤੋਂ। (ਕਹਾਉਤਾਂ 29:25ਅ) ਪਰਮੇਸ਼ੁਰ ਉੱਤੇ ਭਰੋਸਾ ਰੱਖਣ ਨਾਲ, ਸੁਭਾਵਕ ਤੌਰ ਤੇ ਸੰਗਣ ਵਾਲਾ ਵਿਅਕਤੀ ਵੀ ਦਲੇਰ ਅਤੇ ਦ੍ਰਿੜ੍ਹ ਸਾਬਤ ਹੋ ਸਕਦਾ ਹੈ। ਜਿੰਨਾ ਚਿਰ ਅਸੀਂ ਇਸ ਦੁਸ਼ਟ ਰੀਤੀ-ਵਿਵਸਥਾ ਦੇ ਦਬਾਵਾਂ ਨਾਲ ਘੇਰੇ ਹੋਏ ਹਾਂ, ਸਾਨੂੰ ਮਨੁੱਖ ਦੇ ਡਰ ਕਾਰਨ ਫੰਦੇ ਵਿਚ ਫਸਣ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਭਾਵੇਂ ਕਿ ਏਲੀਯਾਹ ਨਬੀ ਦੀ ਦਲੇਰ ਸੇਵਾ ਦਾ ਇਕ ਉੱਤਮ ਰਿਕਾਰਡ ਸੀ, ਪਰੰਤੂ ਜਦੋਂ ਈਜ਼ਬਲ ਨੇ ਉਸ ਨੂੰ ਮਰਵਾ ਦੇਣ ਦੀ ਧਮਕੀ ਦਿੱਤੀ, ਤਾਂ ਉਹ ਡਰ ਕੇ ਭੱਜ ਗਿਆ। (1 ਰਾਜਿਆਂ 19:2-18) ਦਬਾਅ ਅਧੀਨ, ਪਤਰਸ ਰਸੂਲ ਨੇ ਡਰ ਦੇ ਮਾਰੇ ਯਿਸੂ ਮਸੀਹ ਨੂੰ ਜਾਣਨ ਤੋਂ ਇਨਕਾਰ ਕੀਤਾ, ਅਤੇ ਕਈ ਸਾਲ ਬਾਅਦ ਉਸ ਨੇ ਡਰ ਦੇ ਕਾਰਨ ਨਿਹਚਾ ਦੇ ਉਲਟ ਕੰਮ ਕੀਤਾ। (ਮਰਕੁਸ 14:66-71; ਗਲਾਤੀਆਂ 2:11, 12) ਫਿਰ ਵੀ, ਦੋਨੋਂ ਏਲੀਯਾਹ ਅਤੇ ਪਤਰਸ ਨੇ ਅਧਿਆਤਮਿਕ ਸਹਾਇਤਾ ਸਵੀਕਾਰ ਕੀਤੀ ਅਤੇ, ਯਹੋਵਾਹ ਵਿਚ ਵਿਸ਼ਵਾਸ ਰੱਖਦੇ ਹੋਏ, ਪ੍ਰਵਾਨਣਯੋਗ ਢੰਗ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਰਹੇ।
12. ਕਿਹੜੀਆਂ ਆਧੁਨਿਕ ਦਿਨ ਦੀਆਂ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਕਿਵੇਂ ਕੁਝ ਵਿਅਕਤੀਆਂ ਦੀ ਮਦਦ ਕੀਤੀ ਗਈ ਹੈ ਕਿ ਉਹ ਡਰ ਦੇ ਕਾਰਨ ਪਰਮੇਸ਼ੁਰ ਨੂੰ ਖ਼ੁਸ਼ ਕਰਨ ਤੋਂ ਪਿੱਛੇ ਨਾ ਹਟਣ?
12 ਸਾਡੇ ਸਮੇਂ ਵਿਚ ਯਹੋਵਾਹ ਦੇ ਅਨੇਕ ਸੇਵਕਾਂ ਨੇ ਵੀ ਫੰਦੇ ਵਿਚ ਫਸਾਉਣ ਵਾਲੇ ਡਰ ਉੱਤੇ ਕਾਬੂ ਪਾਉਣਾ ਸਿੱਖਿਆ ਹੈ। ਗੀਆਨਾ ਵਿਚ ਇਕ ਕਿਸ਼ੋਰ ਗਵਾਹ ਨੇ ਕਬੂਲ ਕੀਤਾ: “ਸਕੂਲ ਵਿਚ ਹਮਸਰ ਦਬਾਅ ਦਾ ਜ਼ਬਰਦਸਤ ਵਿਰੋਧ ਕਰਨਾ ਪੈਂਦਾ ਹੈ।” ਪਰ ਉਸ ਨੇ ਅੱਗੇ ਕਿਹਾ: “ਯਹੋਵਾਹ ਵਿਚ ਮੇਰੀ ਨਿਹਚਾ ਵੀ ਉੱਨੀ ਹੀ ਜ਼ਬਰਦਸਤ ਹੈ।” ਜਦੋਂ ਉਸ ਦੇ ਅਧਿਆਪਕ ਨੇ ਸਾਰੀ ਕਲਾਸ ਦੇ ਸਾਮ੍ਹਣੇ ਉਸ ਦੀ ਨਿਹਚਾ ਦੇ ਕਾਰਨ ਉਸ ਦਾ ਮਖੌਲ ਉਡਾਇਆ, ਤਾਂ ਉਸ ਨੇ ਚੁੱਪ-ਚਾਪ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਬਾਅਦ ਵਿਚ ਉਸ ਨੇ ਏਕਾਂਤ ਵਿਚ ਅਧਿਆਪਕ ਨੂੰ ਸੂਝ ਨਾਲ ਗਵਾਹੀ ਦਿੱਤੀ। ਬੇਨਿਨ ਵਿਚ ਆਪਣੇ ਜੱਦੀ ਪਿੰਡ ਦੇ ਦੌਰੇ ਦੇ ਦੌਰਾਨ, ਯਹੋਵਾਹ ਦੀਆਂ ਮੰਗਾਂ ਬਾਰੇ ਸਿੱਖ ਰਹੇ ਇਕ ਜਵਾਨ ਆਦਮੀ ਨੇ ਇਕ ਮੂਰਤੀ ਨੂੰ ਬਾਹਰ ਸੁੱਟਣ ਦਾ ਇਰਾਦਾ ਕੀਤਾ ਜੋ ਉਸ ਦੇ ਪਿਤਾ ਜੀ ਨੇ ਘੜੀ ਸੀ। ਉਹ ਜਵਾਨ ਆਦਮੀ ਜਾਣਦਾ ਸੀ ਕਿ ਮੂਰਤੀ ਬੇਜਾਨ ਹੈ, ਅਤੇ ਉਹ ਇਸ ਤੋਂ ਡਰਦਾ ਨਹੀਂ ਸੀ, ਪਰ ਉਸ ਨੂੰ ਇਹ ਵੀ ਪਤਾ ਸੀ ਕਿ ਕ੍ਰੋਧਵਾਨ ਪੇਂਡੂ ਸ਼ਾਇਦ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ। ਉਸ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, ਅਤੇ ਫਿਰ ਰਾਤ ਵੇਲੇ ਉਸ ਨੇ ਮੂਰਤੀ ਨੂੰ ਜੰਗਲ ਵਿਚ ਲਿਜਾ ਕੇ ਸੁੱਟ ਦਿੱਤਾ। (ਤੁਲਨਾ ਕਰੋ ਨਿਆਈਆਂ 6:27-31.) ਡਮਿਨੀਕਨ ਗਣਰਾਜ ਵਿਚ ਜਦੋਂ ਇਕ ਔਰਤ ਯਹੋਵਾਹ ਦੀ ਸੇਵਾ ਕਰਨ ਲੱਗੀ, ਤਾਂ ਉਸ ਦੇ ਪਤੀ ਨੇ ਹੁਕਮ ਦਿੱਤਾ ਕਿ ਉਹ ਯਹੋਵਾਹ ਨੂੰ ਜਾਂ ਉਸ ਨੂੰ ਚੁਣੇ। ਉਸ ਆਦਮੀ ਨੇ ਤਲਾਕ ਦੇਣ ਦੀ ਧਮਕੀ ਦਿੱਤੀ। ਕੀ ਡਰ ਦੇ ਕਾਰਨ ਉਹ ਔਰਤ ਆਪਣੀ ਨਿਹਚਾ ਤਿਆਗ ਦੇਵੇਗੀ? ਉਸ ਨੇ ਜਵਾਬ ਦਿੱਤਾ: “ਜੇ ਬੇਵਫ਼ਾਈ ਸ਼ਾਮਲ ਹੁੰਦੀ, ਤਾਂ ਮੈਂ ਸ਼ਰਮਿੰਦਗੀ ਮਹਿਸੂਸ ਕਰਦੀ, ਲੇਕਿਨ ਮੈਂ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਲਈ ਸ਼ਰਮਿੰਦੀ ਨਹੀਂ ਹਾਂ!” ਉਹ ਪਰਮੇਸ਼ੁਰ ਦੇ ਨਾਲ-ਨਾਲ ਚੱਲਦੀ ਰਹੀ, ਅਤੇ ਕੁਝ ਸਮੇਂ ਬਾਅਦ ਉਸ ਦਾ ਪਤੀ ਯਹੋਵਾਹ ਦੀ ਇੱਛਾ ਪੂਰੀ ਕਰਨ ਵਿਚ ਉਸ ਨਾਲ ਸ਼ਾਮਲ ਹੋ ਗਿਆ। ਆਪਣੇ ਸਵਰਗੀ ਪਿਤਾ ਵਿਚ ਪੂਰਾ ਵਿਸ਼ਵਾਸ ਰੱਖਦੇ ਹੋਏ, ਸਾਨੂੰ ਮਨੁੱਖ ਦੇ ਡਰ ਕਾਰਨ ਉਹ ਕੰਮ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਹੈ ਜੋ ਅਸੀਂ ਜਾਣਦੇ ਹਾਂ ਕਿ ਯਹੋਵਾਹ ਨੂੰ ਖ਼ੁਸ਼ ਕਰੇਗਾ।
ਸਲਾਹ ਦੀ ਮਹੱਤਤਾ ਨੂੰ ਨਾ ਘਟਾਓ
13. ਪਹਿਲਾ ਤਿਮੋਥਿਉਸ 6:9 ਸਾਨੂੰ ਕਿਸ ਫੰਦੇ ਬਾਰੇ ਖ਼ਬਰਦਾਰ ਕਰਦਾ ਹੈ?
13 ਭਾਵੇਂ ਕਿ ਸ਼ਿਕਾਰੀਆਂ ਦੁਆਰਾ ਇਸਤੇਮਾਲ ਕੀਤੇ ਜਾਂਦੇ ਕੁਝ ਫੰਦੇ ਇਕ ਖ਼ਾਸ ਸਥਾਨ ਤੋਂ ਲੰਘਦੇ ਕਿਸੇ ਵੀ ਪਸ਼ੂ ਨੂੰ ਫੜਨ ਲਈ ਡੀਜ਼ਾਈਨ ਕੀਤੇ ਜਾਂਦੇ ਹਨ, ਦੂਜੇ ਫੰਦੇ ਧੋਖੇ-ਭਰੇ ਢੰਗ ਨਾਲ ਆਕਰਸ਼ਕ ਚੋਗੇ ਨਾਲ ਪਸ਼ੂਆਂ ਨੂੰ ਲੁਭਾਉਂਦੇ ਹਨ। ਕਈ ਇਨਸਾਨਾਂ ਲਈ, ਧਨ ਇਸੇ ਤਰ੍ਹਾਂ ਹੁੰਦਾ ਹੈ। (ਮੱਤੀ 13:22) 1 ਤਿਮੋਥਿਉਸ 6:8, 9 ਵਿਚ, ਬਾਈਬਲ ਸਾਨੂੰ ਉਤਸ਼ਾਹ ਦਿੰਦੀ ਹੈ ਕਿ ਭੋਜਨ ਬਸਤਰ ਮਿਲਣਾ ਹੀ ਸਾਡੇ ਲਈ ਬਥੇਰਾ ਹੋਣਾ ਚਾਹੀਦਾ ਹੈ। ਫਿਰ ਉਹ ਚੇਤਾਵਨੀ ਦਿੰਦੀ ਹੈ: “ਓਹ ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ।”
14. (ੳ) ਭੋਜਨ ਬਸਤਰ ਨਾਲ ਸੰਤੁਸ਼ਟ ਹੋਣ ਦੀ ਸਲਾਹ ਵੱਲ ਧਿਆਨ ਦੇਣ ਤੋਂ ਕਿਹੜੀ ਚੀਜ਼ ਇਕ ਵਿਅਕਤੀ ਨੂੰ ਰੋਕ ਸਕਦੀ ਹੈ? (ਅ) ਇਕ ਵਿਅਕਤੀ ਦੀ ਧਨ ਬਾਰੇ ਗ਼ਲਤ ਸਮਝ, 1 ਤਿਮੋਥਿਉਸ 6:9 ਵਿਚ ਦਰਜ ਕੀਤੀ ਗਈ ਚੇਤਾਵਨੀ ਦੀ ਮਹੱਤਤਾ ਨੂੰ ਸ਼ਾਇਦ ਕਿਵੇਂ ਘਟਾ ਸਕਦੀ ਹੈ? (ੲ) “ਨੇਤਰਾਂ ਦੀ ਕਾਮਨਾ” ਕੁਝ ਵਿਅਕਤੀਆਂ ਨੂੰ ਸ਼ਾਇਦ ਕਿਸ ਤਰ੍ਹਾਂ ਉਸ ਫੰਦੇ ਪ੍ਰਤੀ ਅੰਨ੍ਹਾ ਕਰ ਦੇਵੇ ਜੋ ਉਨ੍ਹਾਂ ਦੇ ਸਾਮ੍ਹਣੇ ਹੈ?
14 ਇਸ ਚੇਤਾਵਨੀ ਦੇ ਬਾਵਜੂਦ, ਕਈ ਵਿਅਕਤੀ ਫੰਦੇ ਵਿਚ ਫਸ ਜਾਂਦੇ ਹਨ ਕਿਉਂਕਿ ਉਹ ਸਲਾਹ ਨੂੰ ਆਪਣੇ ਉੱਤੇ ਲਾਗੂ ਨਹੀਂ ਕਰਦੇ ਹਨ। ਕਿਉਂ? ਕੀ ਇਸ ਲਈ ਤਾਂ ਨਹੀਂ ਕਿ ਘਮੰਡ ਉਨ੍ਹਾਂ ਨੂੰ ਅਜਿਹਾ ਜੀਵਨ-ਢੰਗ ਅਪਣਾਉਣ ਲਈ ਮਜਬੂਰ ਕਰਦਾ ਹੈ ਜੋ “ਭੋਜਨ ਬਸਤਰ” ਤੋਂ ਕੁਝ ਜ਼ਿਆਦਾ ਮੰਗ ਕਰਦਾ ਹੈ ਜਿਸ ਨਾਲ ਬਾਈਬਲ ਸਾਨੂੰ ਸੰਤੁਸ਼ਟ ਹੋਣ ਲਈ ਤਾਕੀਦ ਕਰਦੀ ਹੈ? ਕੀ ਉਹ ਬਾਈਬਲ ਦੀ ਚੇਤਾਵਨੀ ਦੀ ਮਹੱਤਤਾ ਨੂੰ ਸ਼ਾਇਦ ਇਸ ਲਈ ਘਟਾਉਂਦੇ ਹਨ ਕਿਉਂਕਿ ਉਹ ਕੇਵਲ ਉਸ ਨੂੰ ਹੀ ਧਨ ਸਮਝਦੇ ਹਨ ਜੋ ਬਹੁਤ ਅਮੀਰ ਲੋਕਾਂ ਕੋਲ ਹੁੰਦਾ ਹੈ? ਬਾਈਬਲ ਸਾਫ਼-ਸਾਫ਼ ਕਹਿੰਦੀ ਹੈ ਕਿ ਧਨੀ ਬਣਨ ਦੀ ਚਾਹਤ, ਭੋਜਨ ਬਸਤਰ ਨਾਲ ਸੰਤੁਸ਼ਟ ਹੋਣ ਦੇ ਉਲਟ ਹੈ। (ਤੁਲਨਾ ਕਰੋ ਇਬਰਾਨੀਆਂ 13:5.) ਕੀ ਉਹ “ਨੇਤਰਾਂ ਦੀ ਕਾਮਨਾ” ਕਾਰਨ ਸੱਚੀ ਉਪਾਸਨਾ ਦੇ ਹਿਤਾਂ ਨੂੰ ਦੂਜੀ ਥਾਂ ਤੇ ਰੱਖ ਦਿੰਦੇ ਹਨ? ਇਹ ਉਨ੍ਹਾਂ ਚੀਜ਼ਾਂ ਨੂੰ ਪਾਉਣ ਦੀ ਇੱਛਾ ਹੋ ਸਕਦੀ ਹੈ ਜੋ ਉਹ ਦੇਖਦੇ ਹਨ, ਇੱਥੋਂ ਤਕ ਕਿ ਜਿਨ੍ਹਾਂ ਨੂੰ ਪਾਉਣ ਲਈ ਉਹ ਅਧਿਆਤਮਿਕ ਸਰਗਰਮੀਆਂ ਨੂੰ ਵੀ ਤਿਆਗ ਦਿੰਦੇ ਹਨ। (1 ਯੂਹੰਨਾ 2:15-17; ਹੱਜਈ 1:2-8) ਉਹ ਕਿੰਨੇ ਜ਼ਿਆਦਾ ਖ਼ੁਸ਼ ਹਨ ਜੋ ਬਾਈਬਲ ਦੀ ਸਲਾਹ ਵੱਲ ਸੱਚ-ਮੁੱਚ ਧਿਆਨ ਦਿੰਦੇ ਹਨ ਅਤੇ ਆਪਣੇ ਜੀਵਨ ਵਿਚ ਯਹੋਵਾਹ ਦੀ ਸੇਵਾ ਨੂੰ ਮੁੱਖ ਕੇਂਦਰ ਬਣਾ ਕੇ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਹਨ!
ਜੀਵਨ ਦੀਆਂ ਚਿੰਤਾਵਾਂ ਨਾਲ ਸਫ਼ਲਤਾਪੂਰਵਕ ਨਜਿੱਠਣਾ
15. ਯਹੋਵਾਹ ਦੇ ਅਨੇਕ ਲੋਕਾਂ ਲਈ ਕਿਹੜੀਆਂ ਹਾਲਤਾਂ ਚਿੰਤਾ ਪੈਦਾ ਕਰਦੀਆਂ ਹਨ, ਅਤੇ ਜਦੋਂ ਅਸੀਂ ਅਜਿਹੇ ਦਬਾਅ ਦੇ ਅਧੀਨ ਹੁੰਦੇ ਹਾਂ ਤਾਂ ਸਾਨੂੰ ਕਿਸ ਫੰਦੇ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ?
15 ਧਨੀ ਬਣਨ ਦੀ ਚਾਹਤ ਨਾਲੋਂ ਜੀਵਨ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਚਿੰਤਾ ਜ਼ਿਆਦਾ ਆਮ ਹੈ। ਯਹੋਵਾਹ ਦੇ ਅਨੇਕ ਸੇਵਕ ਥੋੜ੍ਹੀਆਂ ਤੋਂ ਥੋੜ੍ਹੀਆਂ ਚੀਜ਼ਾਂ ਨਾਲ ਗੁਜ਼ਾਰਾ ਕਰਦੇ ਹਨ। ਉਹ ਕਈ ਘੰਟੇ ਸਖ਼ਤ ਮਿਹਨਤ ਕਰਦੇ ਹਨ ਤਾਂਕਿ ਉਨ੍ਹਾਂ ਨੂੰ ਲੋੜੀਂਦੇ ਕੱਪੜੇ, ਪਰਿਵਾਰ ਲਈ ਰਾਤ ਨੂੰ ਸੌਣ ਵਾਸਤੇ ਜਗ੍ਹਾ, ਅਤੇ ਘਟੋ-ਘੱਟ ਦਿਨ ਵਿਚ ਕੁਝ ਭੋਜਨ ਹਾਸਲ ਹੋਵੇ। ਦੂਸਰੇ ਆਪਣੀ ਜਾਂ ਪਰਿਵਾਰ ਦੇ ਜੀਆਂ ਦੀ ਬੀਮਾਰੀ ਜਾਂ ਵਧਦੀ ਉਮਰ ਦੇ ਕਾਰਨ ਸਮੱਸਿਆਵਾਂ ਨਾਲ ਜੂਝ ਰਹੇ ਹਨ। ਅਜਿਹੀਆਂ ਹਾਲਤਾਂ ਕਾਰਨ ਆਪਣੇ ਜੀਵਨਾਂ ਵਿੱਚੋਂ ਅਧਿਆਤਮਿਕ ਹਿਤਾਂ ਨੂੰ ਦਬਾ ਦੇਣਾ ਕਿੰਨਾ ਸੌਖਾ ਹੋਵੇਗਾ!—ਮੱਤੀ 13:22.
16. ਜੀਵਨ ਦੇ ਦਬਾਵਾਂ ਨਾਲ ਨਜਿੱਠਣ ਲਈ ਯਹੋਵਾਹ ਕਿਵੇਂ ਸਾਡੀ ਮਦਦ ਕਰਦਾ ਹੈ?
16 ਪ੍ਰੇਮਪੂਰਵਕ, ਯਹੋਵਾਹ ਸਾਨੂੰ ਉਸ ਰਾਹਤ ਬਾਰੇ ਦੱਸਦਾ ਹੈ ਜੋ ਮਸੀਹਾਈ ਰਾਜ ਦੇ ਅਧੀਨ ਅਨੁਭਵ ਕੀਤੀ ਜਾਵੇਗੀ। (ਜ਼ਬੂਰ 72:1-4, 16; ਯਸਾਯਾਹ 25:7, 8) ਉਹ ਸਾਨੂੰ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਸਹੀ ਥਾਂ ਤੇ ਰੱਖਣ ਬਾਰੇ ਸਲਾਹ ਦੇ ਕੇ ਹੁਣ ਵੀ ਜੀਵਨ ਦੇ ਦਬਾਵਾਂ ਨਾਲ ਨਜਿੱਠਣ ਵਿਚ ਸਾਡੀ ਮਦਦ ਕਰਦਾ ਹੈ। (ਮੱਤੀ 4:4; 6:25-34) ਯਹੋਵਾਹ ਨੇ ਜਿਸ ਤਰੀਕੇ ਨਾਲ ਬੀਤੇ ਸਮੇਂ ਵਿਚ ਆਪਣੇ ਸੇਵਕਾਂ ਦੀ ਮਦਦ ਕੀਤੀ, ਉਸ ਰਿਕਾਰਡ ਦੁਆਰਾ ਉਹ ਸਾਨੂੰ ਮੁੜ ਭਰੋਸਾ ਦਿਵਾਉਂਦਾ ਹੈ। (ਯਿਰਮਿਯਾਹ 37:21; ਯਾਕੂਬ 5:11) ਉਹ ਇਸ ਗਿਆਨ ਨਾਲ ਸਾਡਾ ਹੌਸਲਾ ਵਧਾਉਂਦਾ ਹੈ ਕਿ ਭਾਵੇਂ ਸਾਡੇ ਉੱਤੇ ਜੋ ਮਰਜ਼ੀ ਆਫ਼ਤ ਆਵੇ, ਉਸ ਦਾ ਪ੍ਰੇਮ ਉਸ ਦੇ ਨਿਸ਼ਠਾਵਾਨ ਸੇਵਕਾਂ ਲਈ ਦ੍ਰਿੜ੍ਹ ਰਹਿੰਦਾ ਹੈ। (ਰੋਮੀਆਂ 8:35-39) ਜੋ ਵਿਅਕਤੀ ਯਹੋਵਾਹ ਵਿਚ ਆਪਣਾ ਭਰੋਸਾ ਰੱਖਦੇ ਹਨ, ਉਨ੍ਹਾਂ ਨੂੰ ਉਹ ਕਹਿੰਦਾ ਹੈ: “ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।”—ਇਬਰਾਨੀਆਂ 13:5.
17. ਇਹ ਦਿਖਾਉਣ ਲਈ ਉਦਾਹਰਣਾਂ ਦਿਓ ਕਿ ਕੁਝ ਵਿਅਕਤੀ ਸਖ਼ਤ ਆਫ਼ਤਾਂ ਦਾ ਅਨੁਭਵ ਕਰਦੇ ਹੋਏ ਕਿਵੇਂ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਰਹਿ ਸਕੇ ਹਨ।
17 ਇਸ ਗਿਆਨ ਤੋਂ ਮਜ਼ਬੂਤ ਹੋ ਕੇ, ਸੱਚੇ ਮਸੀਹੀ ਸੰਸਾਰੀ ਤੌਰ-ਤਰੀਕਿਆਂ ਵੱਲ ਮੁੜਨ ਦੀ ਬਜਾਇ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਰਹਿੰਦੇ ਹਨ। ਕਈ ਦੇਸ਼ਾਂ ਵਿਚ ਗ਼ਰੀਬ ਲੋਕਾਂ ਵਿਚਕਾਰ ਇਹ ਇਕ ਆਮ ਦੁਨਿਆਵੀ ਫ਼ਲਸਫ਼ਾ ਪਾਇਆ ਜਾਂਦਾ ਹੈ ਕਿ ਆਪਣੇ ਪਰਿਵਾਰ ਨੂੰ ਖੁਆਉਣ ਲਈ ਉਸ ਵਿਅਕਤੀ ਤੋਂ ਕੁਝ ਚੁਰਾ ਲੈਣਾ ਜੋ ਤੁਹਾਡੇ ਨਾਲੋਂ ਜ਼ਿਆਦਾ ਧਨੀ ਹੈ, ਚੋਰੀ ਨਹੀਂ ਹੈ। ਪਰ ਨਿਹਚਾ ਨਾਲ ਚੱਲਣ ਵਾਲੇ ਇਸ ਦ੍ਰਿਸ਼ਟੀਕੋਣ ਨੂੰ ਰੱਦ ਕਰਦੇ ਹਨ। ਉਹ ਪਰਮੇਸ਼ੁਰ ਦੀ ਪ੍ਰਵਾਨਗੀ ਨੂੰ ਸਭ ਤੋਂ ਮਹੱਤਵਪੂਰਣ ਸਮਝਦੇ ਹਨ ਅਤੇ ਆਪਣੇ ਈਮਾਨਦਾਰ ਆਚਰਣ ਦੇ ਪ੍ਰਤਿਫਲ ਲਈ ਉਸ ਉੱਤੇ ਉਮੀਦ ਰੱਖਦੇ ਹਨ। (ਕਹਾਉਤਾਂ 30:8, 9; 1 ਕੁਰਿੰਥੀਆਂ 10:13; ਇਬਰਾਨੀਆਂ 13:18) ਭਾਰਤ ਵਿਚ ਇਕ ਵਿਧਵਾ ਨੇ ਪਾਇਆ ਕਿ ਨੌਕਰੀ ਕਰਨ ਲਈ ਤਿਆਰ ਹੋਣ ਦੇ ਨਾਲ-ਨਾਲ ਜੁਗਤਕਾਰੀ ਨੇ ਸਥਿਤੀ ਨੂੰ ਬਿਹਤਰ ਬਣਾਉਣ ਵਿਚ ਉਸ ਦੀ ਮਦਦ ਕੀਤੀ। ਆਪਣੀਆਂ ਹਾਲਤਾਂ ਉੱਤੇ ਗੁੱਸੇ ਹੋਣ ਦੀ ਬਜਾਇ, ਉਹ ਜਾਣਦੀ ਸੀ ਕਿ ਜੇਕਰ ਉਹ ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਨੂੰ ਆਪਣੇ ਜੀਵਨ ਵਿਚ ਪਹਿਲੀ ਥਾਂ ਦੇਵੇ, ਤਾਂ ਯਹੋਵਾਹ ਉਸ ਦੀਆਂ ਅਤੇ ਉਸ ਦੇ ਪੁੱਤਰ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਜਤਨਾਂ ਨੂੰ ਬਰਕਤ ਦੇਵੇਗਾ। (ਮੱਤੀ 6:33, 34) ਧਰਤੀ ਭਰ ਵਿਚ ਕਈ ਹਜ਼ਾਰਾਂ ਲੋਕ ਦਿਖਾਉਂਦੇ ਹਨ ਕਿ, ਕਿਸੇ ਵੀ ਆਫ਼ਤ ਦਾ ਅਨੁਭਵ ਕਰਨ ਦੇ ਬਾਵਜੂਦ, ਯਹੋਵਾਹ ਉਨ੍ਹਾਂ ਦੀ ਪਨਾਹ ਅਤੇ ਗੜ੍ਹ ਹੈ। (ਜ਼ਬੂਰ 91:2) ਕੀ ਇਹ ਤੁਹਾਡੇ ਬਾਰੇ ਸੱਚ ਹੈ?
18. ਸ਼ਤਾਨ ਦੇ ਸੰਸਾਰ ਦੇ ਫੰਦਿਆਂ ਤੋਂ ਬਚਣ ਦੀ ਕੁੰਜੀ ਕੀ ਹੈ?
18 ਜਿੰਨਾ ਚਿਰ ਅਸੀਂ ਇਸ ਰੀਤੀ-ਵਿਵਸਥਾ ਵਿਚ ਜੀ ਰਹੇ ਹਾਂ, ਅਜਿਹੇ ਫੰਦੇ ਰਹਿਣਗੇ ਜਿਨ੍ਹਾਂ ਤੋਂ ਸਾਨੂੰ ਬਚਣਾ ਪਵੇਗਾ। (1 ਯੂਹੰਨਾ 5:19) ਬਾਈਬਲ ਇਨ੍ਹਾਂ ਦੀ ਪਛਾਣ ਕਰਾਉਂਦੀ ਹੈ ਅਤੇ ਦਿਖਾਉਂਦੀ ਹੈ ਕਿ ਇਨ੍ਹਾਂ ਤੋਂ ਕਿਵੇਂ ਬਚਣਾ ਹੈ। ਜਿਹੜੇ ਵਿਅਕਤੀ ਯਹੋਵਾਹ ਨੂੰ ਸੱਚ-ਮੁੱਚ ਪ੍ਰੇਮ ਕਰਦੇ ਹਨ ਅਤੇ ਉਸ ਨੂੰ ਨਾਰਾਜ਼ ਕਰਨ ਦਾ ਗੁਣਕਾਰੀ ਭੈ ਰੱਖਦੇ ਹਨ, ਉਹ ਅਜਿਹੇ ਫੰਦਿਆਂ ਨਾਲ ਸਫ਼ਲਤਾਪੂਰਵਕ ਨਿਪਟ ਸਕਦੇ ਹਨ। ਜੇਕਰ ਉਹ ‘ਆਤਮਾ ਦੁਆਰਾ ਚੱਲਣ,’ ਤਾਂ ਉਹ ਸੰਸਾਰੀ ਤੌਰ-ਤਰੀਕਿਆਂ ਵਿਚ ਨਹੀਂ ਪੈਣਗੇ। (ਗਲਾਤੀਆਂ 5:16-25) ਉਨ੍ਹਾਂ ਸਾਰਿਆਂ ਦੇ ਅੱਗੇ ਜੋ ਆਪਣੇ ਜੀਵਨ ਯਹੋਵਾਹ ਦੇ ਨਾਲ ਆਪਣੇ ਰਿਸ਼ਤੇ ਉੱਤੇ ਕੇਂਦ੍ਰਿਤ ਕਰਦੇ ਹਨ, ਸਦਾ ਲਈ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦੀ ਅਤੇ ਉਸ ਨਾਲ ਨੇੜਤਾ ਦਾ ਆਨੰਦ ਮਾਣਨ ਦੀ ਉੱਤਮ ਸੰਭਾਵਨਾ ਹੈ।—ਜ਼ਬੂਰ 25:14.
ਤੁਹਾਡਾ ਕੀ ਜਵਾਬ ਹੈ?
◻ ਆਤਮ-ਵਿਸ਼ਵਾਸ ਇਕ ਫੰਦਾ ਕਿਵੇਂ ਹੋ ਸਕਦਾ ਹੈ?
◻ ਸਾਨੂੰ ਮਨੁੱਖ ਦੇ ਡਰ ਦੇ ਕਾਬੂ ਵਿਚ ਆਉਣ ਤੋਂ ਕਿਹੜੀ ਚੀਜ਼ ਬਚਾ ਸਕਦੀ ਹੈ?
◻ ਸਾਨੂੰ ਧਨ ਪ੍ਰਾਪਤ ਕਰਨ ਦੇ ਖ਼ਤਰੇ ਬਾਰੇ ਸਲਾਹ ਲਾਗੂ ਕਰਨ ਵਿਚ ਸ਼ਾਇਦ ਕਿਹੜੀ ਚੀਜ਼ ਅਸਫ਼ਲ ਬਣਾਵੇ?
◻ ਸਾਨੂੰ ਜੀਵਨ ਦੀਆਂ ਚਿੰਤਾਵਾਂ ਦੁਆਰਾ ਫੰਦੇ ਵਿਚ ਫਸਾਏ ਜਾਣ ਤੋਂ ਕਿਹੜੀ ਚੀਜ਼ ਬਚਾ ਸਕਦੀ ਹੈ?
[ਸਫ਼ੇ 30, 31 ਉੱਤੇ ਤਸਵੀਰ]
ਅਨੇਕ ਵਿਅਕਤੀ ਜੀਵਨ ਭਰ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਰਹਿੰਦੇ ਹਨ