ਬਚਾਉ ਯਹੋਵਾਹ ਵੱਲੋਂ ਹੈ
“ਪਰਮੇਸ਼ੁਰ ਸਾਡੇ ਲਈ ਬਚਾਵਾਂ ਦਾ ਪਰਮੇਸ਼ੁਰ ਹੈ।”—ਜ਼ਬੂਰ 68:20.
1, 2. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਬਚਾਉ ਦਾ ਸ੍ਰੋਤ ਹੈ? (ਅ) ਤੁਸੀਂ ਕਹਾਉਤਾਂ 21:31 ਨੂੰ ਕਿਸ ਤਰ੍ਹਾਂ ਸਮਝਾਓਗੇ?
ਯਹੋਵਾਹ ਉਨ੍ਹਾਂ ਇਨਸਾਨਾਂ ਦਾ ਬਚਾਉਣ ਵਾਲਾ ਹੈ ਜੋ ਉਸ ਨਾਲ ਪਿਆਰ ਕਰਦੇ ਹਨ। (ਯਸਾਯਾਹ 43:11) ਇਸਰਾਏਲ ਦਾ ਪ੍ਰਸਿੱਧ ਰਾਜਾ ਦਾਊਦ ਇਸ ਗੱਲ ਨੂੰ ਨਿੱਜੀ ਤਜਰਬੇ ਤੋਂ ਜਾਣਦਾ ਸੀ ਅਤੇ ਉਸ ਨੇ ਪੂਰੇ ਦਿਲ ਨਾਲ ਗਾਇਆ: “ਬਚਾਓ ਯਹੋਵਾਹ ਵੱਲੋਂ ਹੈ।” (ਜ਼ਬੂਰ 3:8) ਜੋਸ਼ੀਲੀ ਪ੍ਰਾਰਥਨਾ ਵਿਚ ਨਬੀ ਯੂਨਾਹ ਨੇ ਵੀ ਇਹੋ ਸ਼ਬਦ ਵਰਤੇ ਸਨ ਜਦੋਂ ਉਹ ਵੱਡੀ ਮੱਛੀ ਦੇ ਢਿੱਡ ਵਿਚ ਸੀ।—ਯੂਨਾਹ 2:9.
2 ਦਾਊਦ ਦਾ ਪੁੱਤਰ ਸੁਲੇਮਾਨ ਵੀ ਜਾਣਦਾ ਸੀ ਕਿ ਯਹੋਵਾਹ ਬਚਾਉ ਦਾ ਸ੍ਰੋਤ ਹੈ, ਕਿਉਂ ਜੋ ਉਸ ਨੇ ਕਿਹਾ: “ਜੁੱਧ ਦੇ ਦਿਨ ਲਈ ਘੋੜਾ ਤਿਆਰ ਕਰੀਦਾ ਹੈ, ਪਰ ਜਿੱਤ ਯਹੋਵਾਹ ਦੀ ਵੱਲੋਂ ਹੁੰਦੀ ਹੈ।” (ਕਹਾਉਤਾਂ 21:31) ਪ੍ਰਾਚੀਨ ਮੱਧ ਪੂਰਬ ਵਿਚ, ਬਲਦ ਹਲ ਨੂੰ ਖਿੱਚਦੇ ਸਨ, ਖੋਤੇ ਭਾਰ ਚੁੱਕਦੇ ਸਨ, ਲੋਕ ਖੱਚਰਾਂ ਉੱਤੇ ਸਵਾਰੀ ਕਰਦੇ ਸਨ ਅਤੇ ਘੋੜੇ ਲੜਾਈਆਂ ਵਿਚ ਵਰਤੇ ਜਾਂਦੇ ਸਨ। ਇਸਰਾਏਲੀਆਂ ਦੇ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਣ ਤੋਂ ਪਹਿਲਾਂ, ਪਰਮੇਸ਼ੁਰ ਨੇ ਹੁਕਮ ਦਿੱਤਾ ਕਿ ਉਨ੍ਹਾਂ ਦਾ ਹੋਣ ਵਾਲਾ ਰਾਜਾ “ਆਪਣੇ ਲਈ ਬਹੁਤੇ ਘੋੜੇ ਨਾ ਵਧਾਵੇ।” (ਬਿਵਸਥਾ ਸਾਰ 17:16) ਲੜਾਈ ਲਈ ਘੋੜਿਆਂ ਦੀ ਲੋੜ ਨਹੀਂ ਸੀ ਕਿਉਂਕਿ ਯਹੋਵਾਹ ਆਪਣੇ ਲੋਕਾਂ ਨੂੰ ਬਚਾਵੇਗਾ।
3. ਸਾਨੂੰ ਕਿਨ੍ਹਾਂ ਸਵਾਲਾਂ ਉੱਤੇ ਗੌਰ ਕਰਨ ਦੀ ਲੋੜ ਹੈ?
3 ਸਰਬਸੱਤਾਵਾਨ ਪ੍ਰਭੂ ਯਹੋਵਾਹ “ਬਚਾਵਾਂ ਦਾ ਪਰਮੇਸ਼ੁਰ” ਹੈ। (ਜ਼ਬੂਰ 68:20) ਕਿੰਨਾ ਉਤਸ਼ਾਹਜਨਕ ਖ਼ਿਆਲ! ਲੇਕਿਨ ਯਹੋਵਾਹ ਨੇ ਕਿਹੜੇ ‘ਬਚਾਉ’ ਕੀਤੇ ਹਨ? ਅਤੇ ਉਸ ਨੇ ਕਿਸ ਨੂੰ ਬਚਾਇਆ ਹੈ?
ਯਹੋਵਾਹ ਨੇਕ ਲੋਕਾਂ ਨੂੰ ਬਚਾਉਂਦਾ ਹੈ
4. ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਯਹੋਵਾਹ ਧਰਮੀ ਲੋਕਾਂ ਨੂੰ ਬਚਾਉਂਦਾ ਹੈ?
4 ਸਾਰੇ ਜੋ ਪਰਮੇਸ਼ੁਰ ਦੇ ਸਮਰਪਿਤ ਸੇਵਕਾਂ ਵਜੋਂ ਇਕ ਨੇਕ ਮਾਰਗ ਤੇ ਚੱਲਦੇ ਹਨ, ਰਸੂਲ ਪਤਰਸ ਦੇ ਸ਼ਬਦਾਂ ਤੋਂ ਦਿਲਾਸਾ ਪਾ ਸਕਦੇ ਹਨ: “ਪ੍ਰਭੁ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਉਂ ਦੇ ਦਿਨ ਤੀਕ ਸਜ਼ਾ ਹੇਠ ਰੱਖਣਾ ਜਾਣਦਾ ਹੈ!” ਇਸ ਗੱਲ ਨੂੰ ਸਾਬਤ ਕਰਨ ਲਈ, ਪਤਰਸ ਨੇ ਕਿਹਾ ਕਿ ਪਰਮੇਸ਼ੁਰ ਨੇ “ਨਾ ਪੁਰਾਣੇ ਸੰਸਾਰ ਨੂੰ ਛੱਡਿਆ ਸਗੋਂ ਜਿਸ ਵੇਲੇ ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ ਆਂਦੀ ਤਾਂ ਨੂਹ ਨੂੰ ਜਿਹੜਾ ਧਰਮ ਦਾ ਪਰਚਾਰਕ ਸੀ ਸੱਤਾਂ ਹੋਰਨਾਂ ਸਣੇ ਬਚਾ ਲਿਆ।”—2 ਪਤਰਸ 2:5, 9.
5. ਨੂਹ ਨੇ ‘ਧਰਮ ਦੇ ਪਰਚਾਰਕ’ ਵਜੋਂ ਕਿਨ੍ਹਾਂ ਹਾਲਤਾਂ ਅਧੀਨ ਸੇਵਾ ਕੀਤੀ ਸੀ?
5 ਕਲਪਨਾ ਕਰੋ ਕਿ ਤੁਸੀਂ ਨੂਹ ਦੇ ਦਿਨਾਂ ਦੀਆਂ ਹਾਲਤਾਂ ਦੇ ਦਰਮਿਆਨ ਹੋ। ਸਰੀਰਕ ਰੂਪ ਧਾਰਣ ਵਾਲੇ ਭੂਤ ਧਰਤੀ ਤੇ ਹਨ। ਇਨ੍ਹਾਂ ਅਵੱਗਿਆਕਾਰ ਦੂਤਾਂ ਦੀ ਸੰਤਾਨ ਲੋਕਾਂ ਨਾਲ ਬੇਰਹਿਮੀ ਨਾਲ ਸਲੂਕ ਕਰ ਰਹੀ ਹੈ, ਅਤੇ ‘ਧਰਤੀ ਜ਼ੁਲਮ ਨਾਲ ਭਰੀ ਹੋਈ ਹੈ।’ (ਉਤਪਤ 6:1-12) ਫਿਰ ਵੀ, ਯਹੋਵਾਹ ਦੀ ਸੇਵਾ ਨੂੰ ਛੱਡਣ ਲਈ ਨੂਹ ਨੂੰ ਦਬਕਾਇਆ ਨਹੀਂ ਜਾ ਸਕਦਾ। ਇਸ ਦੀ ਬਜਾਇ, ਉਹ “ਧਰਮ ਦਾ ਪਰਚਾਰਕ” ਹੈ। ਉਹ ਆਪਣੇ ਪਰਿਵਾਰ ਦੇ ਨਾਲ ਇਕ ਕਿਸ਼ਤੀ ਬਣਾਉਂਦਾ ਹੈ, ਅਤੇ ਉਹ ਕਦੀ ਵੀ ਸ਼ੱਕ ਨਹੀਂ ਕਰਦੇ ਕਿ ਉਨ੍ਹਾਂ ਦੇ ਜੀਉਂਦੇ-ਜੀ ਦੁਸ਼ਟਤਾ ਖ਼ਤਮ ਹੋਵੇਗੀ। ਨੂਹ ਦੀ ਨਿਹਚਾ ਉਸ ਸੰਸਾਰ ਨੂੰ ਦੋਸ਼ੀ ਠਹਿਰਾਉਂਦੀ ਹੈ। (ਇਬਰਾਨੀਆਂ 11:7) ਵਰਤਮਾਨ ਦਿਨ ਦੇ ਹਾਲਾਤ ਨੂਹ ਦੇ ਦਿਨਾਂ ਵਰਗੇ ਹਨ, ਅਤੇ ਇਹ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਦਿਆਂ ਦਿਨਾਂ ਨੂੰ ਚਿੰਨ੍ਹਿਤ ਕਰਦੇ ਹਨ। (ਮੱਤੀ 24:37-39; 2 ਤਿਮੋਥਿਉਸ 3:1-5) ਤਾਂ ਫਿਰ, ਕੀ ਤੁਸੀਂ ਨੂਹ ਦੇ ਵਾਂਗ ਯਹੋਵਾਹ ਦੇ ਬਚਾਉ ਦੀ ਉਡੀਕ ਵਿਚ ਪਰਮੇਸ਼ੁਰ ਦੇ ਲੋਕਾਂ ਨਾਲ ਸੇਵਾ ਕਰਦੇ ਹੋਏ ਧਰਮ ਦੇ ਪ੍ਰਚਾਰਕ ਵਜੋਂ ਵਫ਼ਾਦਾਰ ਸਾਬਤ ਹੋਵੋਗੇ?
6. ਦੂਜਾ ਪਤਰਸ 2:7, 8 ਕਿਸ ਤਰ੍ਹਾਂ ਸਾਬਤ ਕਰਦਾ ਹੈ ਕਿ ਯਹੋਵਾਹ ਨੇਕ ਲੋਕਾਂ ਨੂੰ ਬਚਾਉਂਦਾ ਹੈ?
6 ਪਤਰਸ ਹੋਰ ਵੀ ਸਬੂਤ ਦਿੰਦਾ ਹੈ ਕਿ ਯਹੋਵਾਹ ਨੇਕ ਲੋਕਾਂ ਨੂੰ ਬਚਾਉਂਦਾ ਹੈ। ਰਸੂਲ ਕਹਿੰਦਾ ਹੈ ਕਿ “[ਪਰਮੇਸ਼ੁਰ ਨੇ] ਲੂਤ ਨੂੰ ਜਿਹੜਾ ਧਰਮੀ ਸੀ ਅਤੇ ਦੁਸ਼ਟਾਂ ਦੇ ਲੁੱਚਪੁਣੇ ਦੀ ਚਾਲ ਤੋਂ ਜਿੱਚ ਹੁੰਦਾ ਸੀ ਬਚਾ ਲਿਆ। (ਕਿਉਂ ਜੋ ਉਹ ਧਰਮੀ ਪੁਰਖ ਉਨ੍ਹਾਂ ਵਿੱਚ ਵਸਦਿਆਂ ਵੇਖ ਸੁਣ ਕੇ ਦਿਨੋ ਦਿਨ ਆਪਣੀ ਧਰਮੀ ਜਾਨ ਨੂੰ ਉਨ੍ਹਾਂ ਦਿਆਂ ਭੈੜਿਆਂ ਕਰਮਾਂ ਤੋਂ ਦੁਖੀ ਕਰਦਾ ਸੀ)।” (2 ਪਤਰਸ 2:7, 8; ਉਤਪਤ 19:1-29) ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਲਿੰਗੀ ਅਨੈਤਿਕਤਾ ਲੱਖਾਂ ਹੀ ਲੋਕਾਂ ਲਈ ਇਕ ਆਮ ਜੀਵਨ-ਢੰਗ ਬਣ ਗਿਆ ਹੈ। ਲੂਤ ਵਾਂਗ, ਕੀ ਤੁਸੀਂ ਵੀ ਅੱਜ ਅਨੇਕਾਂ ਦੇ ‘ਲੁੱਚਪੁਣੇ ਦੀ ਚਾਲ ਤੋਂ ਜਿੱਚ ਹੁੰਦੇ’ ਹੋ? ਜੇਕਰ ਹੁੰਦੇ ਹੋ, ਅਤੇ ਜੇਕਰ ਤੁਸੀਂ ਧਾਰਮਿਕਤਾ ਨਾਲ ਚੱਲਦੇ ਹੋ, ਤਾਂ ਤੁਸੀਂ ਸ਼ਾਇਦ ਉਨ੍ਹਾਂ ਦੇ ਵਿਚ ਹੋਵੋਗੇ ਜੋ ਯਹੋਵਾਹ ਦੁਆਰਾ ਬਚਾਏ ਜਾਣਗੇ ਜਦੋਂ ਇਹ ਦੁਸ਼ਟ ਰੀਤੀ ਖ਼ਤਮ ਕੀਤੀ ਜਾਵੇਗੀ।
ਯਹੋਵਾਹ ਆਪਣੇ ਲੋਕਾਂ ਨੂੰ ਅਤਿਆਚਾਰੀਆਂ ਤੋਂ ਬਚਾਉਂਦਾ ਹੈ
7. ਮਿਸਰ ਵਿਚ ਇਸਰਾਏਲੀਆਂ ਨਾਲ ਯਹੋਵਾਹ ਦੇ ਵਰਤਾਉ ਕਿਸ ਤਰ੍ਹਾਂ ਸਾਬਤ ਕਰਦੇ ਹਨ ਕਿ ਉਹ ਆਪਣੇ ਲੋਕਾਂ ਨੂੰ ਅਤਿਆਚਾਰ ਤੋਂ ਬਚਾਉਂਦਾ ਹੈ?
7 ਜਦ ਤਕ ਇਹ ਪੁਰਾਣੀ ਰੀਤੀ ਕਾਇਮ ਰਹਿੰਦੀ ਹੈ, ਯਹੋਵਾਹ ਦੇ ਸੇਵਕ ਅਤਿਆਚਾਰ ਅਤੇ ਵਿਰੋਧੀ ਦਮਨ ਅਨੁਭਵ ਕਰਨਗੇ। ਲੇਕਿਨ ਉਹ ਭਰੋਸਾ ਰੱਖ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਨੂੰ ਛੁਡਾਵੇਗਾ, ਕਿਉਂਕਿ ਉਸ ਨੇ ਬੀਤਿਆਂ ਸਮਿਆਂ ਵਿਚ ਵੀ ਆਪਣੇ ਸਤਾਏ ਗਏ ਲੋਕਾਂ ਨੂੰ ਬਚਾਇਆ ਹੈ। ਫ਼ਰਜ਼ ਕਰੋ ਕਿ ਤੁਸੀਂ ਮੂਸਾ ਦੇ ਦਿਨਾਂ ਵਿਚ ਮਿਸਰੀ ਲੋਕਾਂ ਦੇ ਹੱਥੀਂ ਅਤਿਆਚਾਰ ਸਹਿ ਰਹੇ ਇਕ ਇਸਰਾਏਲੀ ਹੋ। (ਕੂਚ 1:1-14; 6:8) ਪਰਮੇਸ਼ੁਰ ਮਿਸਰ ਉੱਤੇ ਇਕ ਤੋਂ ਬਾਅਦ ਦੂਜੀ ਆਫ਼ਤ ਲਿਆਉਂਦਾ ਹੈ। (ਕੂਚ 8:5-10:29) ਜਦੋਂ ਘਾਤਕ ਦਸਵੀਂ ਆਫ਼ਤ ਮਿਸਰ ਦੇ ਜੇਠੇ ਪੁੱਤਰਾਂ ਦੀਆਂ ਜਾਨਾਂ ਲੈਂਦੀ ਹੈ, ਫ਼ਿਰਊਨ ਇਸਰਾਏਲੀਆਂ ਨੂੰ ਛੱਡ ਦਿੰਦਾ ਹੈ ਪਰ ਬਾਅਦ ਵਿਚ ਆਪਣੀ ਫ਼ੌਜ ਇਕੱਠੀ ਕਰ ਕੇ ਤੇਜ਼ੀ ਨਾਲ ਉਨ੍ਹਾਂ ਦੇ ਮਗਰ ਜਾਂਦਾ ਹੈ। ਫਿਰ ਜਲਦੀ ਹੀ, ਉਹ ਅਤੇ ਉਸ ਦੀ ਫ਼ੌਜ ਲਾਲ ਸਮੁੰਦਰ ਵਿਚ ਖ਼ਤਮ ਕੀਤੇ ਜਾਂਦੇ ਹਨ। (ਕੂਚ 14:23-28) ਮੂਸਾ ਅਤੇ ਸਾਰੇ ਇਸਰਾਏਲ ਨਾਲ ਤੁਸੀਂ ਆਹ ਗੀਤ ਗਾਉਂਦੇ ਹੋ: “ਯਹੋਵਾਹ ਜੋਧਾ ਪੁਰਸ਼ ਹੈ, ਯਹੋਵਾਹ ਉਸ ਦਾ ਨਾਮ ਹੈ। ਫ਼ਿਰਊਨ ਦੇ ਰਥ ਅਤੇ ਉਸ ਦੀ ਫ਼ੌਜ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤੀ, ਉਸ ਦੇ ਚੁਗਵੇਂ ਅਫ਼ਸਰ ਲਾਲ ਸਮੁੰਦਰ ਵਿੱਚ ਗ਼ਰਕ ਹੋ ਗਏ। ਡੁੰਘਿਆਈ ਨੇ ਉਨ੍ਹਾਂ ਨੂੰ ਢੱਕ ਲਿਆ, ਓਹ ਪੱਥਰ ਵਾਂਙੁ ਤਹਿ ਵਿੱਚ ਚਲੇ ਗਏ।” (ਕੂਚ 15:3-5) ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਅਜਿਹੀ ਆਫ਼ਤ ਪਰਮੇਸ਼ੁਰ ਦੇ ਲੋਕਾਂ ਦੇ ਸਾਰਿਆਂ ਅਤਿਆਚਾਰੀਆਂ ਉੱਤੇ ਆਵੇਗੀ।
8, 9. ਨਿਆਈਆਂ ਦੀ ਪੁਸਤਕ ਤੋਂ, ਇਕ ਮਿਸਾਲ ਦਿਓ ਜੋ ਸਾਬਤ ਕਰਦੀ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਅਤਿਆਚਾਰੀਆਂ ਤੋਂ ਬਚਾਉਂਦਾ ਹੈ।
8 ਇਸਰਾਏਲੀਆਂ ਦੇ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਣ ਤੋਂ ਕਈ ਸਾਲ ਬਾਅਦ, ਨਿਆਈਆਂ ਨੇ ਉਨ੍ਹਾਂ ਦੇ ਵਿਚਕਾਰ ਇਨਸਾਫ਼ ਪ੍ਰਦਾਨ ਕੀਤਾ। ਕਦੀ-ਕਦੀ ਲੋਕ ਵਿਦੇਸ਼ੀ ਅਤਿਆਚਾਰ ਅਧੀਨ ਦੁੱਖ ਸਹਾਰਦੇ ਸਨ, ਲੇਕਿਨ ਪਰਮੇਸ਼ੁਰ ਨੇ ਉਨ੍ਹਾਂ ਨੂੰ ਛੁਡਾਉਣ ਲਈ ਵਫ਼ਾਦਾਰ ਨਿਆਈ ਇਸਤੇਮਾਲ ਕੀਤੇ। ਭਾਵੇਂ ਕਿ ਅਸੀਂ ਵੀ ਸ਼ਾਇਦ ਇਸੇ ਤਰ੍ਹਾਂ ‘ਆਪਣੇ ਦੁਖ ਅਤੇ ਲੁਟੇਰਿਆਂ ਦੇ ਕਾਰਨ ਦੁਹਾਈ ਦੇਈਏ,’ ਯਹੋਵਾਹ ਸਾਨੂੰ ਵੀ ਆਪਣੇ ਨਿਸ਼ਠਾਵਾਨ ਸੇਵਕਾਂ ਵਜੋਂ ਬਚਾਵੇਗਾ। (ਨਿਆਈਆਂ 2:16-18; 3:9, 15) ਦਰਅਸਲ, ਨਿਆਈਆਂ ਨਾਮ ਦੀ ਬਾਈਬਲ ਪੁਸਤਕ, ਸਾਨੂੰ ਇਸ ਬਾਰੇ ਅਤੇ ਉਸ ਵੱਡੇ ਬਚਾਉ ਬਾਰੇ ਯਕੀਨ ਦਿਵਾਉਂਦੀ ਹੈ ਜੋ ਪਰਮੇਸ਼ੁਰ ਆਪਣੇ ਨਿਯੁਕਤ ਕੀਤੇ ਗਏ ਨਿਆਈ, ਯਿਸੂ ਮਸੀਹ, ਰਾਹੀਂ ਕਰੇਗਾ।
9 ਆਓ ਅਸੀਂ ਨਿਆਈ ਬਾਰਾਕ ਦੇ ਦਿਨਾਂ ਵੱਲ ਵਾਪਸ ਜਾਈਏ। ਝੂਠੀ ਉਪਾਸਨਾ ਅਤੇ ਈਸ਼ਵਰੀ ਅਪ੍ਰਵਾਨਗੀ ਦੇ ਕਾਰਨ, ਇਸਰਾਏਲੀਆਂ ਨੇ ਕਨਾਨੀ ਰਾਜੇ ਯਾਬੀਨ ਵੱਲੋਂ 20 ਸਾਲਾਂ ਦੇ ਕਠੋਰ ਰਾਜ ਨੂੰ ਅਨੁਭਵ ਕੀਤਾ ਹੈ। ਸੀਸਰਾ ਵੱਡੀ ਕਨਾਨੀ ਫ਼ੌਜ ਦਾ ਸੈਨਾਪਤੀ ਹੈ। ਭਾਵੇਂ ਕਿ ਕੌਮ ਵਿਚ ਸ਼ਾਇਦ ਚਾਲੀ ਲੱਖ ਲੋਕ ਹਨ, ‘ਇਸਰਾਏਲ ਦਿਆਂ ਚਾਲੀ ਹਜ਼ਾਰਾਂ ਵਿੱਚੋਂ ਇੱਕ ਢਾਲ ਯਾ ਇੱਕ ਬਰਛੀ ਵੀ ਨਹੀਂ ਦਿੱਸਦੀ।’ (ਨਿਆਈਆਂ 5:6-8) ਇਸਰਾਏਲੀ ਪਛਤਾਉਂਦੇ-ਪਛਤਾਉਂਦੇ ਯਹੋਵਾਹ ਨੂੰ ਪੁਕਾਰਦੇ ਹਨ। ਨਬੀਆ ਦਬੋਰਾਹ ਦੇ ਰਾਹੀਂ ਪਰਮੇਸ਼ੁਰ ਦੇ ਦਿੱਤੇ ਗਏ ਨਿਰਦੇਸ਼ਨ ਤੇ, ਬਾਰਾਕ 10,000 ਆਦਮੀਆਂ ਨੂੰ ਤਬੋਰ ਦੇ ਪਹਾੜ ਤੇ ਇਕੱਠੇ ਕਰਦਾ ਹੈ, ਅਤੇ ਯਹੋਵਾਹ ਉੱਚੇ ਤਬੋਰ ਦੇ ਪੈਰੀਂ ਵਾਦੀ ਤਕ ਦੁਸ਼ਮਣਾਂ ਨੂੰ ਲਿਆਉਂਦਾ ਹੈ। ਕੀਸ਼ੋਨ ਦੀ ਨਦੀ ਦੇ ਸੁੱਕੇ ਤਲ ਦੇ ਦੂਸਰੇ ਪਾਸਿਓਂ ਸੀਸਰਾ ਦੀ ਫ਼ੌਜ ਅਤੇ ਉਸ ਦੇ 900 ਰਥ ਗਰਜਦੇ ਆਉਂਦੇ ਹਨ। ਲੇਕਿਨ ਜ਼ੋਰਦਾਰ ਵਰਖਾ ਕੀਸ਼ੋਨ ਨੂੰ ਪਾਣੀ ਨਾਲ ਭਰ ਦਿੰਦੀ ਹੈ। ਜਿਉਂ-ਜਿਉਂ ਬਾਰਾਕ ਅਤੇ ਉਸ ਦੇ ਆਦਮੀ ਤੂਫ਼ਾਨ ਵਿੱਚੋਂ ਤਬੋਰ ਦੇ ਪਹਾੜ ਤੋਂ ਉਤਰਦੇ ਹਨ, ਉਹ ਉਸ ਵਿਨਾਸ਼ ਨੂੰ ਦੇਖਦੇ ਹਨ ਜੋ ਯਹੋਵਾਹ ਦੇ ਕ੍ਰੋਧ ਦੇ ਕਾਰਨ ਭੜਕਿਆ ਹੈ। ਬਾਰਾਕ ਦੇ ਆਦਮੀ ਡਰਦੇ, ਭੱਜ ਰਹੇ ਕਨਾਨੀਆਂ ਨੂੰ ਮਾਰ ਦਿੰਦੇ ਹਨ, ਅਤੇ ਇਕ ਵੀ ਨਹੀਂ ਬਚਦਾ। ਸਾਡੇ ਅਤਿਆਚਾਰੀਆਂ ਲਈ ਕਿੰਨੀ ਵੱਡੀ ਚੇਤਾਵਨੀ, ਜੋ ਸੋਚਦੇ ਹਨ ਕਿ ਉਹ ਪਰਮੇਸ਼ੁਰ ਦਾ ਮੁਕਾਬਲਾ ਕਰ ਸਕਦੇ ਹਨ!—ਨਿਆਈਆਂ 4:3-16; 5:19-22.
10. ਅਸੀਂ ਪੱਕਾ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਆਪਣੇ ਵਰਤਮਾਨ ਦਿਨ ਦੇ ਸੇਵਕਾਂ ਨੂੰ ਉਨ੍ਹਾਂ ਦੇ ਸਾਰੇ ਅਤਿਆਚਾਰੀਆਂ ਤੋਂ ਬਚਾਵੇਗਾ?
10 ਯਹੋਵਾਹ ਆਪਣੇ ਵਰਤਮਾਨ ਦਿਨ ਦੇ ਸੇਵਕਾਂ ਨੂੰ ਉਨ੍ਹਾਂ ਦੇ ਅਤਿਆਚਾਰੀ ਦੁਸ਼ਮਣਾਂ ਤੋਂ ਬਚਾਵੇਗਾ, ਠੀਕ ਜਿਵੇਂ ਉਸ ਨੇ ਉਸ ਤੋਂ ਭੈ ਰੱਖਣ ਵਾਲੇ ਇਸਰਾਏਲ ਨੂੰ ਸੰਕਟ ਦੇ ਸਮਿਆਂ ਵਿੱਚੋਂ ਬਚਾਇਆ ਸੀ। (ਯਸਾਯਾਹ 43:3; ਯਿਰਮਿਯਾਹ 14:8) ਪਰਮੇਸ਼ੁਰ ਨੇ ਦਾਊਦ ਨੂੰ ‘ਉਹ ਦੇ ਸਾਰੇ ਵੈਰੀਆਂ ਦੇ ਹੱਥੋਂ’ ਛੁਟਕਾਰਾ ਦਿੱਤਾ ਸੀ। (2 ਸਮੂਏਲ 22:1-3) ਇਸ ਲਈ ਭਾਵੇਂ ਕਿ ਯਹੋਵਾਹ ਦੇ ਲੋਕਾਂ ਵਜੋਂ ਸਾਡੇ ਉੱਤੇ ਅਤਿਆਚਾਰ ਕੀਤਾ ਜਾਂਦਾ ਹੈ ਜਾਂ ਅਸੀਂ ਸਤਾਏ ਜਾਂਦੇ ਹਾਂ, ਆਓ ਅਸੀਂ ਹਿੰਮਤ ਰੱਖੀਏ ਕਿਉਂਕਿ ਉਸ ਦਾ ਮਸੀਹਾਈ ਰਾਜਾ ਸਾਨੂੰ ਅਤਿਆਚਾਰ ਤੋਂ ਛੁਡਾਵੇਗਾ। ਜੀ ਹਾਂ, ‘ਉਹ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ।’ (ਜ਼ਬੂਰ 72:13, 14) ਇਹ ਛੁਟਕਾਰਾ ਸੱਚ-ਮੁੱਚ ਹੀ ਨੇੜੇ ਹੈ।
ਪਰਮੇਸ਼ੁਰ ਉਨ੍ਹਾਂ ਨੂੰ ਬਚਾਉਂਦਾ ਹੈ ਜੋ ਉਸ ਉੱਤੇ ਭਰੋਸਾ ਰੱਖਦੇ ਹਨ
11. ਜਵਾਨ ਦਾਊਦ ਨੇ ਯਹੋਵਾਹ ਉੱਤੇ ਵਿਸ਼ਵਾਸ ਰੱਖਣ ਦੀ ਕਿਹੜੀ ਮਿਸਾਲ ਕਾਇਮ ਕੀਤੀ ਸੀ?
11 ਯਹੋਵਾਹ ਦਾ ਬਚਾਉ ਦੇਖਣ ਲਈ ਸਾਨੂੰ ਹਿੰਮਤ ਨਾਲ ਉਸ ਉੱਤੇ ਭਰੋਸਾ ਰੱਖਣ ਦੀ ਲੋੜ ਹੈ। ਦਾਊਦ ਨੇ ਪਰਮੇਸ਼ੁਰ ਉੱਤੇ ਦਲੇਰ ਵਿਸ਼ਵਾਸ ਦਿਖਾਇਆ ਜਦੋਂ ਉਹ ਦੈਂਤ ਗੋਲਿਅਥ ਨੂੰ ਮਿਲਣ ਗਿਆ। ਕਲਪਨਾ ਕਰੋ ਕਿ ਜਵਾਨ ਦਾਊਦ ਇਹ ਪੁਕਾਰਦੇ ਹੋਏ ਉਸ ਬਹੁਤ ਹੀ ਉੱਚੇ ਫਲਿਸਤੀ ਦੇ ਸਾਮ੍ਹਣੇ ਖੜ੍ਹਾ ਹੈ: “ਤੂੰ ਤਲਵਾਰ ਅਤੇ ਬਰਛਾ ਅਤੇ ਢਾਲ ਲੈ ਕੇ ਮੇਰੇ ਕੋਲ ਆਉਂਦਾ ਹੈਂ ਪਰ ਮੈਂ ਸੈਨਾਂ ਦੇ ਯਹੋਵਾਹ ਦੇ ਨਾਮ ਉੱਤੇ ਜੋ ਇਸਰਾਏਲ ਦੇ ਦਲਾਂ ਦਾ ਪਰਮੇਸ਼ੁਰ ਹੈ ਜਿਸ ਨੂੰ ਤੈਂ ਲੱਜਿਆਵਾਨ ਕੀਤਾ ਤੇਰੇ ਕੋਲ ਆਉਂਦਾ ਹਾਂ! ਅਤੇ ਅੱਜ ਹੀ ਯਹੋਵਾਹ ਮੇਰੇ ਹੱਥ ਵਿੱਚ ਤੈਨੂੰ ਕਰ ਦੇਵੇਗਾ ਅਤੇ ਮੈਂ ਤੈਨੂੰ ਮਾਰ ਸੁੱਟਾਂਗਾ ਅਤੇ ਤੇਰਾ ਸਿਰ ਤੈਥੋਂ ਵੱਖਰਾ ਕਰ ਦਿਆਂਗਾ ਅਤੇ ਅੱਜ ਹੀ ਫਿਲਿਸਤੀਆਂ ਦੇ ਦਲਾਂ ਦੀਆਂ ਲੋਥਾਂ ਪੌਣ ਦੇ ਪੰਛੀਆਂ ਅਤੇ ਧਰਤੀ ਦੇ ਦਰਿੰਦਿਆਂ ਨੂੰ ਦੇਵਾਂਗਾ ਭਈ ਸਾਰਾ ਸੰਸਾਰ ਜਾਣੇ ਜੋ ਇਸਰਾਏਲ ਵਿੱਚ ਇੱਕ ਪਰਮੇਸ਼ੁਰ ਹੈ। ਅਤੇ ਇਸ ਸਾਰੇ ਕਟਕ ਨੂੰ ਵੀ ਖਬਰ ਹੋਵੇਗੀ ਜੋ ਯਹੋਵਾਹ ਤਲਵਾਰ ਅਤੇ ਬਰਛੀ ਨਾਲ ਨਹੀਂ ਬਚਾਉਂਦਾ ਕਿਉਂ ਜੋ ਜੁੱਧ ਦਾ ਸੁਆਮੀ ਯਹੋਵਾਹ ਹੈ।” ਜਲਦੀ ਹੀ ਗੋਲਿਅਥ ਮਰਿਆ ਪਿਆ ਸੀ, ਅਤੇ ਫਿਲਿਸਤੀਆਂ ਨੂੰ ਪੂਰੀ ਤਰ੍ਹਾਂ ਹਰਾਇਆ ਗਿਆ। ਬਿਨਾਂ ਸ਼ੱਕ, ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾਇਆ।—1 ਸਮੂਏਲ 17:45-54.
12. ਦਾਊਦ ਦੇ ਤਾਕਤਵਰ ਆਦਮੀ ਅਲਆਜ਼ਾਰ ਨੂੰ ਯਾਦ ਰੱਖਣਾ ਸ਼ਾਇਦ ਕਿਉਂ ਸਹਾਇਕ ਹੋ ਸਕਦਾ ਹੈ?
12 ਜਦੋਂ ਅਸੀਂ ਅਤਿਆਚਾਰੀਆਂ ਦਾ ਸਾਮ੍ਹਣਾ ਕਰਦੇ ਹਾਂ, ਸਾਨੂੰ ਸ਼ਾਇਦ ‘ਮਨੁੱਖ ਬਣਨ’ ਅਤੇ ਪਰਮੇਸ਼ੁਰ ਉੱਤੇ ਜ਼ਿਆਦਾ ਭਰੋਸਾ ਰੱਖਣ ਦੀ ਲੋੜ ਪਵੇ। (ਯਸਾਯਾਹ 46:8-13; ਕਹਾਉਤਾਂ 3:5, 6) ਫਸਦੰਮੀਮ ਨਾਮਕ ਜਗ੍ਹਾ ਤੇ ਵਾਪਰੀ ਇਸ ਘਟਨਾ ਉੱਤੇ ਧਿਆਨ ਦਿਓ। ਇਸਰਾਏਲ ਫਲਿਸਤੀ ਫ਼ੌਜਾਂ ਦੇ ਸਾਮ੍ਹਣਿਓਂ ਪਿੱਛੇ ਹਟ ਗਿਆ ਹੈ। ਲੇਕਿਨ ਦਾਊਦ ਦੇ ਤਿੰਨ ਪ੍ਰਮੁੱਖ ਸੂਰਮਿਆਂ ਵਿੱਚੋਂ ਅਲਆਜ਼ਾਰ ਨੂੰ ਡਰ ਨਕਾਰਾ ਨਹੀਂ ਕਰਦਾ। ਜੌਂ ਦੇ ਇਕ ਖੇਤ ਵਿਚ ਖੜ੍ਹ ਕੇ ਉਹ ਇਕੱਲਿਆਂ ਹੀ ਫਿਲਿਸਤੀਆਂ ਨੂੰ ਤਲਵਾਰ ਨਾਲ ਮਾਰ ਸੁੱਟਦਾ ਹੈ। ਇਸ ਤਰ੍ਹਾਂ ‘ਯਹੋਵਾਹ ਇਸਰਾਏਲ ਨੂੰ ਇਸ ਜਿੱਤ ਤੋਂ ਵੱਡਾ ਛੁਟਕਾਰਾ ਦਿੰਦਾ ਹੈ।’ (1 ਇਤਹਾਸ 11:12-14; 2 ਸਮੂਏਲ 23:9, 10) ਸਾਡੇ ਤੋਂ ਕੋਈ ਵੀ ਇਹ ਉਮੀਦ ਨਹੀਂ ਰੱਖਦਾ ਕਿ ਅਸੀਂ ਇਕੱਲੇ ਹੀ ਇਕ ਸੈਨਿਕ ਫ਼ੌਜ ਦਾ ਮੁਕਾਬਲਾ ਕਰੀਏ। ਲੇਕਿਨ, ਕਦੀ-ਕਦੀ ਸ਼ਾਇਦ ਅਸੀਂ ਇਕੱਲੇ ਹੋਈਏ ਅਤੇ ਦੁਸ਼ਮਣਾਂ ਵੱਲੋਂ ਦਬਾਉ ਦਾ ਸਾਮ੍ਹਣਾ ਕਰਦੇ ਹੋਈਏ। ਕੀ ਅਸੀਂ ਬਚਾਵਾਂ ਦੇ ਪਰਮੇਸ਼ੁਰ, ਯਹੋਵਾਹ ਉੱਤੇ, ਪ੍ਰਾਰਥਨਾਪੂਰਣ ਢੰਗ ਨਾਲ ਭਰੋਸਾ ਰੱਖਾਂਗੇ? ਕੀ ਅਸੀਂ ਉਸ ਦੀ ਮਦਦ ਭਾਲਾਂਗੇ ਤਾਂਕਿ ਅਸੀਂ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਗਦਾਰੀ ਨਾਲ ਅਤਿਆਚਾਰੀਆਂ ਦੇ ਹੱਥੀਂ ਨਾ ਦੇਈਏ?
ਯਹੋਵਾਹ ਖਰਿਆਈ ਰੱਖਣ ਵਾਲਿਆਂ ਨੂੰ ਬਚਾਉਂਦਾ ਹੈ
13. ਇਸਰਾਏਲ ਦੇ ਦਸ-ਗੋਤੀ ਰਾਜ ਵਿਚ ਪਰਮੇਸ਼ੁਰ ਪ੍ਰਤੀ ਖਰਿਆਈ ਕਾਇਮ ਰੱਖਣੀ ਔਖੀ ਕਿਉਂ ਸੀ?
13 ਯਹੋਵਾਹ ਦਾ ਬਚਾਉ ਅਨੁਭਵ ਕਰਨ ਲਈ ਸਾਨੂੰ ਹਰ ਕੀਮਤ ਤੇ ਉਸ ਪ੍ਰਤੀ ਖਰਿਆਈ ਕਾਇਮ ਰੱਖਣ ਦੀ ਲੋੜ ਹੈ। ਪ੍ਰਾਚੀਨ ਸਮਿਆਂ ਦੇ ਪਰਮੇਸ਼ੁਰ ਦੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਮੁਸੀਬਤਾਂ ਨੂੰ ਅਨੁਭਵ ਕੀਤਾ ਸੀ। ਜ਼ਰਾ ਸੋਚੋ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦਾ ਸਾਮ੍ਹਣਾ ਕਰਨਾ ਪੈਂਦਾ ਜੇਕਰ ਤੁਸੀਂ ਇਸਰਾਏਲ ਦੇ ਦਸ-ਗੋਤ ਰਾਜ ਦੌਰਾਨ ਜੀਉਂਦੇ ਹੁੰਦੇ। ਰਹਬੁਆਮ ਦੀ ਕਠੋਰਤਾ ਕਾਰਨ ਦਸ ਗੋਤ ਉਸ ਤੋਂ ਲਾਂਭੇ ਹੋ ਕੇ ਇਸਰਾਏਲ ਦਾ ਉੱਤਰੀ ਰਾਜ ਸਥਾਪਿਤ ਕਰਨ ਲਈ ਉਕਸਾਏ ਗਏ। (2 ਇਤਹਾਸ 10:16, 17; 11:13, 14) ਉਸ ਦੇ ਅਨੇਕ ਰਾਜਿਆਂ ਵਿੱਚੋਂ, ਯੇਹੂ ਸਭ ਤੋਂ ਚੰਗਾ ਸੀ, ਲੇਕਿਨ ਉਸ ਨੇ ਵੀ ‘ਯਹੋਵਾਹ ਦੀ ਬਿਵਸਥਾ ਉੱਤੇ ਆਪਣੇ ਸਾਰੇ ਮਨ ਨਾਲ ਚੱਲਣ ਦਾ ਗੌਹ ਨਾ ਕੀਤਾ।’ (2 ਰਾਜਿਆਂ 10:30, 31) ਫਿਰ ਵੀ, ਦਸ-ਗੋਤੀ ਰਾਜ ਵਿਚ ਖਰਿਆਈ ਰੱਖਣ ਵਾਲੇ ਸਨ। (1 ਰਾਜਿਆਂ 19:18) ਉਨ੍ਹਾਂ ਨੇ ਪਰਮੇਸ਼ੁਰ ਵਿਚ ਨਿਹਚਾ ਦਿਖਾਈ, ਅਤੇ ਉਹ ਉਨ੍ਹਾਂ ਦੇ ਸੰਗ ਸੀ। ਨਿਹਚਾ ਦੀਆਂ ਪਰੀਖਿਆਵਾਂ ਦੇ ਬਾਵਜੂਦ, ਕੀ ਤੁਸੀਂ ਯਹੋਵਾਹ ਪ੍ਰਤੀ ਖਰਿਆਈ ਕਾਇਮ ਰੱਖ ਰਹੇ ਹੋ?
14. ਰਾਜੇ ਹਿਜ਼ਕੀਯਾਹ ਦੇ ਦਿਨਾਂ ਵਿਚ ਯਹੋਵਾਹ ਨੇ ਕਿਹੜਾ ਬਚਾਉ ਕੀਤਾ ਸੀ, ਅਤੇ ਯਹੂਦਾਹ ਉੱਤੇ ਬਾਬਲੀਆਂ ਦੀ ਜਿੱਤ ਕਿਸ ਗੱਲ ਦੇ ਕਾਰਨ ਹੋਈ?
14 ਪੂਰੇ ਇਸਰਾਏਲ ਵਿਚ ਪਰਮੇਸ਼ੁਰ ਦੀ ਬਿਵਸਥਾ ਲਈ ਅਨਾਦਰ ਨੇ ਇਸ ਦੇ ਰਾਜ ਲਈ ਬਿਪਤਾ ਲਿਆਂਦੀ। 740 ਸਾ.ਯੁ.ਪੂ. ਵਿਚ ਜਦੋਂ ਅੱਸ਼ੂਰੀਆਂ ਨੇ ਉਸ ਉੱਤੇ ਜਿੱਤ ਪ੍ਰਾਪਤ ਕੀਤੀ, ਤਾਂ ਬਿਨਾਂ ਸ਼ੱਕ ਦਸ ਗੋਤਾਂ ਦੇ ਲੋਕ ਯਹੂਦਾਹ ਦੇ ਦੋ-ਗੋਤੀ ਰਾਜ ਨੂੰ ਭੱਜੇ ਹੋਣਗੇ, ਜਿੱਥੇ ਉਹ ਯਹੋਵਾਹ ਦੀ ਹੈਕਲ ਵਿਚ ਉਸ ਦੀ ਉਪਾਸਨਾ ਕਰ ਸਕਦੇ ਸਨ। ਦਾਊਦ ਦੀ ਵੰਸ਼ਾਵਲੀ ਤੋਂ ਯਹੂਦਾਹ ਦੇ 19 ਰਾਜਿਆਂ ਵਿੱਚੋਂ ਚਾਰ ਰਾਜੇ—ਆਸਾ, ਯਹੋਸ਼ਾਫਾਟ, ਹਿਜ਼ਕੀਯਾਹ, ਅਤੇ ਯੋਸੀਯਾਹ—ਪਰਮੇਸ਼ੁਰ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਨ ਵਿਚ ਪ੍ਰਮੁੱਖ ਸਨ। ਖਰਿਆਈ ਰੱਖਣ ਵਾਲੇ ਹਿਜ਼ਕੀਯਾਹ ਦੇ ਦਿਨਾਂ ਵਿਚ, ਅੱਸ਼ੂਰੀ ਇਕ ਵਿਸ਼ਾਲ ਫ਼ੌਜ ਨਾਲ ਯਹੂਦਾਹ ਦੇ ਵਿਰੁੱਧ ਆਏ। ਹਿਜ਼ਕੀਯਾਹ ਦੀਆਂ ਅਰਦਾਸਾਂ ਦੇ ਜਵਾਬ ਵਿਚ, ਪਰਮੇਸ਼ੁਰ ਨੇ ਇੱਕੋ ਰਾਤ ਵਿਚ 1,85,000 ਅੱਸ਼ੂਰੀਆਂ ਨੂੰ ਮਾਰਨ ਲਈ ਸਿਰਫ਼ ਇਕ ਦੂਤ ਨੂੰ ਵਰਤਿਆ, ਅਤੇ ਇਸ ਤਰ੍ਹਾਂ ਆਪਣੇ ਉਪਾਸਕਾਂ ਨੂੰ ਬਚਾਇਆ! (ਯਸਾਯਾਹ 37:36-38) ਬਾਅਦ ਵਿਚ, ਕਿਉਂਕਿ ਲੋਕ ਬਿਵਸਥਾ ਉੱਤੇ ਨਾ ਚਲੇ ਅਤੇ ਪਰਮੇਸ਼ੁਰ ਦੇ ਨਬੀਆਂ ਦੀਆਂ ਚੇਤਾਵਨੀਆਂ ਵੱਲ ਧਿਆਨ ਨਹੀਂ ਦਿੱਤਾ, ਬਾਬਲੀਆਂ ਨੇ ਯਹੂਦਾਹ ਉੱਤੇ ਜਿੱਤ ਪ੍ਰਾਪਤ ਕੀਤੀ ਅਤੇ ਉਸ ਦੀ ਰਾਜਧਾਨੀ, ਯਰੂਸ਼ਲਮ, ਅਤੇ ਹੈਕਲ ਦਾ 607 ਸਾ.ਯੁ.ਪੂ. ਵਿਚ ਨਾਸ਼ ਕੀਤਾ।
15. ਬਾਬਲ ਵਿਚ ਯਹੂਦੀ ਦੇਸ਼-ਨਿਕਾਲਿਆਂ ਨੂੰ ਧੀਰਜ ਦੀ ਕਿਉਂ ਜ਼ਰੂਰਤ ਸੀ, ਅਤੇ ਯਹੋਵਾਹ ਨੇ ਅੰਤ ਵਿਚ ਮੁਕਤੀ ਕਿਸ ਤਰ੍ਹਾਂ ਲਿਆਂਦੀ?
15 ਬਾਬਲੀ ਕੈਦ ਵਿਚ ਕੁਝ 70 ਦੁਖਦਾਇਕ ਸਾਲਾਂ ਦੇ ਦੌਰਾਨ, ਪਰਮੇਸ਼ੁਰ ਪ੍ਰਤੀ ਖਰਿਆਈ ਕਾਇਮ ਰੱਖਣ ਲਈ ਯਹੂਦੀ ਦੇਸ਼-ਨਿਕਾਲਿਆਂ ਨੂੰ ਧੀਰਜ ਦੀ ਜ਼ਰੂਰਤ ਸੀ। (ਜ਼ਬੂਰ 137:1-6) ਨਬੀ ਦਾਨੀਏਲ ਇਕ ਮਾਅਰਕੇ ਦਾ ਖਰਿਆਈ ਰੱਖਣ ਵਾਲਾ ਸੀ। (ਦਾਨੀਏਲ 1:1-7; 9:1-3) ਉਸ ਦੀ ਖ਼ੁਸ਼ੀ ਦੀ ਕਲਪਨਾ ਕਰੋ ਜਦੋਂ ਫ਼ਾਰਸ ਦੇ ਪਾਤਸ਼ਾਹ ਕੋਰਸ ਦਾ ਹੁਕਮ 537 ਸਾ.ਯੁ.ਪੂ. ਵਿਚ ਅਮਲ ਵਿਚ ਲਿਆਂਦਾ ਗਿਆ, ਜਿਸ ਨੇ ਯਹੂਦੀਆਂ ਨੂੰ ਯਹੂਦਾਹ ਵਾਪਸ ਜਾ ਕੇ ਹੈਕਲ ਨੂੰ ਮੁੜ ਉਸਾਰਨ ਦੀ ਇਜਾਜ਼ਤ ਦਿੱਤੀ! (ਅਜ਼ਰਾ 1:1-4) ਦਾਨੀਏਲ ਅਤੇ ਦੂਜਿਆਂ ਨੇ ਕਈ ਸਾਲਾਂ ਲਈ ਦੁੱਖ ਝੱਲਿਆ ਸੀ, ਲੇਕਿਨ ਉਨ੍ਹਾਂ ਨੇ ਅਖ਼ੀਰ ਵਿਚ ਬਾਬਲ ਦੀ ਹਾਰ ਅਤੇ ਯਹੋਵਾਹ ਦੇ ਲੋਕਾਂ ਦੀ ਮੁਕਤੀ ਦੇਖੀ। ਇਸ ਨੂੰ ਸਾਡੀ ਮਦਦ ਕਰਨੀ ਚਾਹੀਦੀ ਹੈ ਜਿਉਂ-ਜਿਉਂ ਅਸੀਂ ‘ਵੱਡੀ ਬਾਬੁਲ,’ ਯਾਨੀ ਕਿ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਦੇ ਵਿਨਾਸ਼ ਦੀ ਉਡੀਕ ਕਰਦੇ ਹਾਂ।—ਪਰਕਾਸ਼ ਦੀ ਪੋਥੀ 18:1-5.
ਯਹੋਵਾਹ ਆਪਣੇ ਲੋਕਾਂ ਨੂੰ ਹਮੇਸ਼ਾ ਬਚਾਉਂਦਾ ਹੈ
16. ਰਾਣੀ ਅਸਤਰ ਦਿਆਂ ਦਿਨਾਂ ਵਿਚ ਪਰਮੇਸ਼ੁਰ ਨੇ ਕਿਹੜਾ ਬਚਾਉ ਲਿਆਂਦਾ ਸੀ?
16 ਯਹੋਵਾਹ ਆਪਣੇ ਲੋਕਾਂ ਨੂੰ ਹਮੇਸ਼ਾ ਬਚਾਉਂਦਾ ਹੈ ਜਦੋਂ ਉਹ ਉਸ ਦੇ ਨਾਂ ਤੇ ਵਫ਼ਾਦਾਰ ਰਹਿੰਦੇ ਹਨ। (1 ਸਮੂਏਲ 12:22; ਯਸਾਯਾਹ 43:10-12) ਪੰਜਵੀਂ ਸਦੀ ਸਾ.ਯੁ.ਪੂ. ਵਿਚ ਰਾਣੀ ਅਸਤਰ ਦਿਆਂ ਦਿਨਾਂ ਬਾਰੇ ਜ਼ਰਾ ਸੋਚੋ। ਰਾਜੇ ਅਹਸਵੇਰੋਸ਼ (ਪਹਿਲਾ ਜ਼ਰਕਸੀਜ਼) ਨੇ ਹਾਮਾਨ ਨੂੰ ਮੰਤਰੀ ਵਜੋਂ ਨਿਯੁਕਤ ਕੀਤਾ ਹੈ। ਹਾਮਾਨ ਬਹੁਤ ਹੀ ਗੁੱਸੇ ਹੈ ਕਿਉਂਕਿ ਯਹੂਦੀ ਮਾਰਦਕਈ ਨੇ ਉਸ ਨੂੰ ਮੱਥਾ ਟੇਕਣ ਤੋਂ ਇਨਕਾਰ ਕੀਤਾ, ਇਸ ਲਈ ਉਹ ਉਸ ਨੂੰ ਅਤੇ ਫ਼ਾਰਸੀ ਸਾਮਰਾਜ ਵਿਚ ਸਾਰੇ ਯਹੂਦੀਆਂ ਨੂੰ ਖ਼ਤਮ ਕਰਨ ਲਈ ਸਾਜ਼ਸ਼ ਰਚਦਾ ਹੈ। ਉਹ ਯਹੂਦੀਆਂ ਨੂੰ ਕਾਨੂੰਨ ਤੋੜਨ ਵਾਲਿਆਂ ਵਜੋਂ ਦਰਸਾਉਂਦਾ ਹੈ, ਉਨ੍ਹਾਂ ਦੇ ਕਤਲਾਮ ਲਈ ਪੈਸੇ ਪੇਸ਼ ਕਰਦਾ ਹੈ, ਅਤੇ ਉਨ੍ਹਾਂ ਦੇ ਵਿਨਾਸ਼ ਦੇ ਹੁਕਮ ਦੇ ਦਸਤਾਵੇਜ਼ ਉੱਤੇ ਮੋਹਰ ਲਗਾਉਣ ਲਈ ਉਸ ਨੂੰ ਰਾਜੇ ਦੀ ਮੁੰਦੀ ਵਰਤਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਅਸਤਰ ਹਿੰਮਤ ਕਰ ਕੇ ਰਾਜੇ ਨੂੰ ਦੱਸਦੀ ਕਿ ਉਹ ਵੀ ਯਹੂਦੀ ਘਰਾਣੇ ਦੀ ਸੀ ਅਤੇ ਹਾਮਾਨ ਦੀ ਘਾਤਕ ਸਾਜ਼ਸ਼ ਦਾ ਪਰਦਾ-ਫਾਸ਼ ਕਰਦੀ ਹੈ। ਬਹੁਤ ਜਲਦੀ ਹਾਮਾਨ ਨੂੰ ਉਸੇ ਹੀ ਸੂਲੀ ਉੱਤੇ ਫਾਂਸੀ ਦਿੱਤੀ ਜਾਂਦੀ ਹੈ ਜੋ ਉਸ ਨੇ ਮਾਰਦਕਈ ਲਈ ਤਿਆਰ ਕੀਤੀ ਸੀ। ਮਾਰਦਕਈ ਮੰਤਰੀ ਬਣਾਇਆ ਜਾਂਦਾ ਹੈ, ਅਤੇ ਉਸ ਨੂੰ ਅਧਿਕਾਰ ਦਿੱਤਾ ਜਾਂਦਾ ਹੈ ਕਿ ਉਹ ਯਹੂਦੀਆਂ ਨੂੰ ਆਪਣੀ ਰੱਖਿਆ ਕਰਨ ਦੀ ਇਜਾਜ਼ਤ ਦੇਵੇ। ਉਹ ਆਪਣੇ ਦੁਸ਼ਮਣਾਂ ਉੱਤੇ ਇਕ ਵੱਡੀ ਜਿੱਤ ਪ੍ਰਾਪਤ ਕਰਦੇ ਹਨ। (ਅਸਤਰ 3:1–9:19) ਇਸ ਘਟਨਾ ਨੂੰ ਸਾਡੀ ਨਿਹਚਾ ਮਜ਼ਬੂਤ ਕਰਨੀ ਚਾਹੀਦੀ ਹੈ ਕਿ ਯਹੋਵਾਹ ਆਪਣੇ ਆਗਿਆਕਾਰ ਵਰਤਮਾਨ ਦਿਨ ਦੇ ਸੇਵਕਾਂ ਦਾ ਵੀ ਬਚਾਉ ਕਰੇਗਾ।
17. ਯਹੂਦਾਹ ਵਿਚ ਰਹਿੰਦੇ ਪਹਿਲੀ ਸਦੀ ਦੇ ਯਹੂਦੀ ਮਸੀਹੀਆਂ ਦੀ ਮੁਕਤੀ ਵਿਚ ਆਗਿਆਕਾਰੀ ਨੇ ਕੀ ਭੂਮਿਕਾ ਅਦਾ ਕੀਤੀ ਸੀ?
17 ਇਕ ਹੋਰ ਕਾਰਨ ਕਿ ਯਹੋਵਾਹ ਆਪਣੇ ਲੋਕਾਂ ਨੂੰ ਕਿਉਂ ਬਚਾਉਂਦਾ ਹੈ, ਇਹ ਹੈ ਕਿ ਉਹ ਦੇ ਲੋਕ ਉਸ ਦੀ ਅਤੇ ਉਸ ਦੇ ਪੁੱਤਰ ਦੀ ਆਗਿਆ ਮੰਨਦੇ ਹਨ। ਕਲਪਨਾ ਕਰੋ ਕਿ ਤੁਸੀਂ ਪਹਿਲੀ ਸਦੀ ਵਿਚ ਯਿਸੂ ਦੇ ਇਕ ਯਹੂਦੀ ਚੇਲੇ ਹੋ। ਉਹ ਉਨ੍ਹਾਂ ਨੂੰ ਦੱਸਦਾ ਹੈ: “ਜਾਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਭਈ ਉਹ ਦਾ ਉੱਜੜਨਾ ਨੇੜੇ ਆ ਪਹੁੰਚਿਆ ਹੈ। ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ।” (ਲੂਕਾ 21:20-22) ਕਈ ਸਾਲ ਬੀਤ ਜਾਂਦੇ ਹਨ, ਤਾਂ ਤੁਸੀਂ ਸੋਚਦੇ ਹੋ ਕਿ ਇਹ ਗੱਲਾਂ ਕਦੋਂ ਪੂਰੀਆਂ ਹੋਣਗੀਆਂ। ਫਿਰ 66 ਸਾ.ਯੁ. ਵਿਚ ਯਹੂਦੀ ਬਗਾਵਤ ਕਰਦੇ ਹਨ। ਸੈਸਟੀਅਸ ਗੈਲਸ ਦੇ ਅਧੀਨ ਰੋਮੀ ਫ਼ੌਜਾਂ ਯਰੂਸ਼ਲਮ ਨੂੰ ਘੇਰ ਲੈਂਦੀਆਂ ਹਨ ਅਤੇ ਹੈਕਲ ਦੀ ਕੰਧ ਤਕ ਅੱਗੇ ਵਧਦੀਆਂ ਹਨ। ਪਰ ਅਚਾਨਕ ਹੀ, ਰੋਮੀ ਕਿਸੇ ਵੀ ਜ਼ਾਹਰ ਕਾਰਨ ਬਗੈਰ ਪਿੱਛੇ ਹਟ ਜਾਂਦੇ ਹਨ। ਯਹੂਦੀ ਮਸੀਹੀ ਕੀ ਕਰਨਗੇ? ਗਿਰਜੇ ਸੰਬੰਧੀ ਇਤਿਹਾਸ (ਤੀਜੀ ਪੁਸਤਕ, ਅਧਿਆਇ 5, 3 [ਅੰਗ੍ਰੇਜ਼ੀ]) ਵਿਚ ਯੂਸੀਬੀਅਸ ਕਹਿੰਦਾ ਹੈ ਕਿ ਉਹ ਯਰੂਸ਼ਲਮ ਅਤੇ ਯਹੂਦਾਹ ਤੋਂ ਭੱਜ ਗਏ। ਉਹ ਇਸ ਲਈ ਬਚੇ ਕਿਉਂਕਿ ਉਨ੍ਹਾਂ ਨੇ ਯਿਸੂ ਦੀ ਭਵਿੱਖ-ਸੂਚਕ ਚੇਤਾਵਨੀ ਮੰਨੀ। ਕੀ ਤੁਸੀਂ ਵੀ ਯਿਸੂ ਦੀ ਸਾਰੀ “ਮਾਲ ਮਤਾ” ਉੱਤੇ ਨਿਯੁਕਤ ਕੀਤੇ ਗਏ “ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ” ਵੱਲੋਂ ਦਿੱਤੀ ਗਈ ਸ਼ਾਸਤਰ-ਸੰਬੰਧੀ ਅਗਵਾਈ ਨੂੰ ਮੰਨਣ ਵਿਚ ਇੰਨੇ ਰਾਜ਼ੀ ਹੋ?—ਲੂਕਾ 12:42-44.
ਸਦੀਪਕ ਜੀਵਨ ਲਈ ਬਚਾਉ
18, 19. (ੳ) ਯਿਸੂ ਦੀ ਮੌਤ ਨੇ ਕਿਹੜਾ ਬਚਾਉ ਮੁਮਕਿਨ ਬਣਾਇਆ, ਅਤੇ ਕਿਨ੍ਹਾਂ ਲਈ? (ਅ) ਰਸੂਲ ਪੌਲੁਸ ਕਿਹੜਾ ਕੰਮ ਕਰਨ ਲਈ ਦ੍ਰਿੜ੍ਹ ਸੀ?
18 ਯਿਸੂ ਦੀ ਚੇਤਾਵਨੀ ਨੂੰ ਧਿਆਨ ਦੇਣ ਦੇ ਕਾਰਨ ਯਹੂਦਿਯਾ ਵਿਚ ਯਹੂਦੀ ਮਸੀਹੀਆਂ ਦੀਆਂ ਜਾਨਾਂ ਬਚ ਗਈਆਂ। ਲੇਕਿਨ ਯਿਸੂ ਦੀ ਮੌਤ “ਸਾਰਿਆਂ ਮਨੁੱਖਾਂ” ਲਈ ਸਦੀਵੀ ਜੀਵਨ ਲਈ ਮੁਕਤੀ ਮੁਮਕਿਨ ਬਣਾਉਂਦੀ ਹੈ। (1 ਤਿਮੋਥਿਉਸ 4:10) ਮਨੁੱਖਜਾਤੀ ਲਈ ਰਿਹਾਈ-ਕੀਮਤ ਦੀ ਲੋੜ ਉਦੋਂ ਪਈ ਜਦੋਂ ਆਦਮ ਨੇ ਪਾਪ ਕੀਤਾ ਸੀ, ਅਤੇ ਇਸ ਤਰ੍ਹਾਂ ਉਸ ਨੇ ਆਪਣੇ ਆਪ ਲਈ ਜੀਵਨ ਗੁਆਇਆ ਅਤੇ ਮਨੁੱਖਜਾਤੀ ਨੂੰ ਪਾਪ ਅਤੇ ਮੌਤ ਦੀ ਗ਼ੁਲਾਮੀ ਵਿਚ ਵੇਚਿਆ। (ਰੋਮੀਆਂ 5:12-19) ਮੂਸਾ ਦੀ ਬਿਵਸਥਾ ਅਧੀਨ ਚੜ੍ਹਾਈਆਂ ਗਈਆਂ ਪਸ਼ੂਆਂ ਦੀਆਂ ਬਲੀਆਂ ਪਾਪ ਨੂੰ ਢਕਣ ਦਾ ਸਿਰਫ਼ ਛੋਟਾ ਤਰੀਕਾ ਸੀ। (ਇਬਰਾਨੀਆਂ 10:1-4) ਕਿਉਂਕਿ ਯਿਸੂ ਦਾ ਇਕ ਮਨੁੱਖੀ ਪਿਤਾ ਨਹੀਂ ਸੀ ਅਤੇ ਸਪੱਸ਼ਟ ਹੈ ਕਿ ਮਰਿਯਮ ਦੇ ਗਰਭਵਤੀ ਹੋਣ ਤੋਂ ਲੈ ਕੇ ਯਿਸੂ ਦੇ ਜਨਮ ਤਕ ਪਰਮੇਸ਼ੁਰ ਦੀ ਪਵਿੱਤਰ ਆਤਮਾ ਉਸ “ਉੱਤੇ ਛਾਇਆ” ਕਰਦੀ ਸੀ, ਉਹ ਕਿਸੇ ਵੀ ਵਿਰਸੇ ਵਿਚ ਪਾਏ ਗਏ ਪਾਪ ਜਾਂ ਅਪੂਰਣਤਾ ਤੋਂ ਬਗੈਰ ਪੈਦਾ ਹੋਇਆ ਸੀ। (ਲੂਕਾ 1:35; ਯੂਹੰਨਾ 1:29; 1 ਪਤਰਸ 1:18, 19) ਜਦੋਂ ਯਿਸੂ ਇਕ ਸੰਪੂਰਣ ਖਰਿਆਈ ਰੱਖਣ ਵਾਲੇ ਵਜੋਂ ਮਰਿਆ, ਤਾਂ ਉਸ ਨੇ ਆਪਣਾ ਸੰਪੂਰਣ ਜੀਵਨ ਮਨੁੱਖਜਾਤੀ ਨੂੰ ਦੁਬਾਰਾ ਖ਼ਰੀਦਣ ਅਤੇ ਛੁਡਾਉਣ ਲਈ ਪੇਸ਼ ਕੀਤਾ। (ਇਬਰਾਨੀਆਂ 2:14, 15) ਮਸੀਹ ਨੇ ਇਸ ਤਰ੍ਹਾਂ “ਆਪਣੇ ਆਪ ਨੂੰ ਸਭਨਾਂ ਲਈ ਪ੍ਰਾਸਚਿਤ ਕਰ ਕੇ ਦੇ ਦਿੱਤਾ।” (1 ਤਿਮੋਥਿਉਸ 2:5, 6) ਸਾਰੇ ਜਣੇ ਇਸ ਬਚਾਉ ਦੇ ਪ੍ਰਬੰਧ ਦਾ ਫ਼ਾਇਦਾ ਨਹੀਂ ਉਠਾਉਣਗੇ, ਲੇਕਿਨ ਪਰਮੇਸ਼ੁਰ ਇਸ ਦੇ ਲਾਭ ਉਨ੍ਹਾਂ ਲਈ ਮਨਜ਼ੂਰ ਕਰਦਾ ਹੈ ਜੋ ਨਿਹਚਾ ਨਾਲ ਇਸ ਨੂੰ ਸਵੀਕਾਰ ਕਰਦੇ ਹਨ।
19 ਸਵਰਗ ਵਿਚ ਪਰਮੇਸ਼ੁਰ ਨੂੰ ਆਪਣੇ ਰਿਹਾਈ-ਕੀਮਤ ਬਲੀਦਾਨ ਦਾ ਮੁੱਲ ਪੇਸ਼ ਕਰਨ ਦੁਆਰਾ, ਮਸੀਹ ਨੇ ਆਦਮ ਦੀ ਸੰਤਾਨ ਨੂੰ ਦੁਬਾਰਾ ਖ਼ਰੀਦ ਲਿਆ। (ਇਬਰਾਨੀਆਂ 9:24) ਯਿਸੂ ਨੂੰ ਇਸ ਤਰ੍ਹਾਂ ਇਕ ਲਾੜੀ ਮਿਲਦੀ ਹੈ, ਜੋ ਸਵਰਗੀ ਜੀਵਨ ਲਈ ਉਠਾਏ ਗਏ ਉਸ ਦੇ 1,44,000 ਮਸਹ ਕੀਤੇ ਹੋਏ ਚੇਲਿਆਂ ਤੋਂ ਬਣੀ ਹੋਈ ਹੈ। (ਅਫ਼ਸੀਆਂ 5:25-27; ਪਰਕਾਸ਼ ਦੀ ਪੋਥੀ 14:3, 4; 21:9) ਉਹ ਉਨ੍ਹਾਂ ਲਈ “ਅਨਾਦੀ ਪਿਤਾ” ਵੀ ਬਣਦਾ ਹੈ ਜੋ ਉਸ ਦੇ ਬਲੀਦਾਨ ਨੂੰ ਸਵੀਕਾਰ ਕਰਦੇ ਹਨ ਅਤੇ ਧਰਤੀ ਉੱਤੇ ਸਦੀਪਕ ਜੀਵਨ ਹਾਸਲ ਕਰਦੇ ਹਨ। (ਯਸਾਯਾਹ 9:6, 7; 1 ਯੂਹੰਨਾ 2:1, 2) ਇਹ ਕਿੰਨਾ ਪ੍ਰੇਮਪੂਰਣ ਪ੍ਰਬੰਧ ਹੈ! ਇਸ ਗੱਲ ਲਈ ਪੌਲੁਸ ਦੀ ਕਦਰ, ਕੁਰਿੰਥੀ ਮਸੀਹੀਆਂ ਨੂੰ ਲਿਖੀ ਉਸ ਦੀ ਦੂਜੀ ਪ੍ਰੇਰਿਤ ਪੱਤਰੀ ਵਿਚ ਸਪੱਸ਼ਟ ਹੈ, ਜਿਵੇਂ ਅਗਲੇ ਲੇਖ ਵਿਚ ਦਿਖਾਇਆ ਜਾਵੇਗਾ। ਦਰਅਸਲ, ਪੌਲੁਸ ਦ੍ਰਿੜ੍ਹ ਸੀ ਕਿ ਲੋਕਾਂ ਦੀ ਮਦਦ ਕਰਨ ਵਿਚ ਉਹ ਕਿਸੇ ਵੀ ਚੀਜ਼ ਨੂੰ ਉਸ ਨੂੰ ਰੋਕਣ ਨਹੀਂ ਦੇਵੇਗਾ, ਕਿ ਉਹ ਸਦੀਪਕ ਜੀਵਨ ਲਈ ਬਚਾਉ ਦੇ ਯਹੋਵਾਹ ਦੇ ਅਦਭੁਤ ਪ੍ਰਬੰਧਾਂ ਦਾ ਫ਼ਾਇਦਾ ਉਠਾਉਣ।
ਤੁਸੀਂ ਕਿਵੇਂ ਜਵਾਬ ਦਿਓਗੇ
◻ ਕਿਹੜਾ ਸ਼ਾਸਤਰ-ਸੰਬੰਧੀ ਸਬੂਤ ਹੈ ਕਿ ਪਰਮੇਸ਼ੁਰ ਨੇਕ ਲੋਕਾਂ ਨੂੰ ਬਚਾਉਂਦਾ ਹੈ?
◻ ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਉਨ੍ਹਾਂ ਨੂੰ ਬਚਾਉਂਦਾ ਹੈ ਜੋ ਉਸ ਉੱਤੇ ਭਰੋਸਾ ਰੱਖਦੇ ਹਨ ਅਤੇ ਆਪਣੀ ਖਰਿਆਈ ਕਾਇਮ ਰੱਖਦੇ ਹਨ?
◻ ਸਦੀਪਕ ਜੀਵਨ ਲਈ ਬਚਾਉ ਵਾਸਤੇ ਪਰਮੇਸ਼ੁਰ ਨੇ ਕਿਹੜਾ ਪ੍ਰਬੰਧ ਕੀਤਾ ਹੈ?
[ਸਫ਼ੇ 22 ਉੱਤੇ ਤਸਵੀਰ]
ਦਾਊਦ ਨੇ ‘ਬਚਾਵਾਂ ਦੇ ਪਰਮੇਸ਼ੁਰ’ ਯਹੋਵਾਹ ਵਿਚ ਨਿਹਚਾ ਰੱਖੀ ਸੀ। ਕੀ ਤੁਸੀਂ ਵੀ ਰੱਖਦੇ ਹੋ?
[ਸਫ਼ੇ 25 ਉੱਤੇ ਤਸਵੀਰ]
ਯਹੋਵਾਹ ਹਮੇਸ਼ਾ ਆਪਣੇ ਲੋਕਾਂ ਨੂੰ ਬਚਾਉਂਦਾ ਹੈ, ਜਿਵੇਂ ਉਸ ਨੇ ਰਾਣੀ ਅਸਤਰ ਦੇ ਦਿਨਾਂ ਵਿਚ ਸਾਬਤ ਕੀਤਾ ਸੀ