ਉਪਾਸਨਾ ਕਰਨ ਦੀ ਹੋਰ ਆਜ਼ਾਦੀ ਪਾ ਕੇ ਇਕ ਟਾਪੂ ਆਨੰਦ ਹੁੰਦਾ ਹੈ
ਹਾਲ ਹੀ ਵਿਚ ਕੈਰੀਬੀਅਨ ਦੇ ਇਕ ਸੁੰਦਰ ਟਾਪੂ, ਕਿਊਬਾ, ਨੇ ਰੂਹਾਨੀ ਤਾਜ਼ਗੀ ਦਾ ਬੇਮਿਸਾਲ ਸਮਾਂ ਅਨੁਭਵ ਕੀਤਾ। ਸੰਨ 1998 ਦੇ ਅੰਤ ਵਿਚ ਵੈੱਸਟ ਇੰਡੀਜ਼ ਦੇ ਇਸ ਦੇਸ਼ ਵਿਚ ਰਹਿਣ ਵਾਲੇ ਯਹੋਵਾਹ ਦੇ ਗਵਾਹਾਂ ਨੂੰ ਉਹ ਬਰਕਤ ਮਿਲੀ ਜਿਸ ਦੀ ਬਹੁਤ ਸਮੇਂ ਤੋਂ ਉਡੀਕ ਕੀਤੀ ਗਈ ਸੀ। ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਇੱਥੇ ਕੁਝ 30 ਕੁ ਸਾਲਾਂ ਬਾਅਦ ਆਏ ਸਨ। ਉਨ੍ਹਾਂ ਦੇ ਨਾਲ 15 ਡੈਲੀਗੇਟ ਆਏ ਜੋ ਆਸਟ੍ਰੀਆ, ਆਸਟ੍ਰੇਲੀਆ, ਇਟਲੀ, ਨਿਉਜ਼ੀਲੈਂਡ, ਪੋਰਟੋ ਰੀਕੋ, ਬਰਤਾਨੀਆ ਅਤੇ ਬੈਲਜੀਅਮ ਦੇ ਨਿਵਾਸੀ ਸਨ।
ਇਹ ਉੱਥੇ ਦੇ 82,258 ਰਾਜ ਪ੍ਰਕਾਸ਼ਕਾਂ ਲਈ ਅਤੇ ਉਨ੍ਹਾਂ 87,890 ਲੋਕਾਂ ਲਈ ਇਕ ਇਤਿਹਾਸਕ ਘਟਨਾ ਸੀ, ਜੋ 1998 ਦੀ ਬਸੰਤ ਵਿਚ ਪ੍ਰਭੂ ਦੇ ਸੰਧਿਆ ਭੋਜਨ ਦਾ ਉਤਸਵ ਮਨਾਉਣ ਵਾਸਤੇ ਉਨ੍ਹਾਂ ਨਾਲ ਇਕੱਠੇ ਹੋਏ ਸਨ।
ਦਸੰਬਰ 1 ਤੋਂ 7, 1998 ਵਿਚ, ਲੋਇਡ ਬੈਰੀ, ਜੌਨ ਬਾਰ, ਅਤੇ ਗੇਰਟ ਲੋਸ਼ ਹਵਾਨਾ ਵਿਖੇ ਬੈਥਲ ਘਰ ਵਿਚ ਗਏ ਅਤੇ ਕਿਊਬਾ ਵਿਚ ਹੋਏ ਕੁਝ “ਈਸ਼ਵਰੀ ਜੀਵਨ ਦਾ ਰਾਹ” ਜ਼ਿਲ੍ਹਾ ਮਹਾਂ-ਸੰਮੇਲਨਾਂ ਤੇ ਹਾਜ਼ਰ ਹੋਏ। ਉਹ ਸਫ਼ਰੀ ਬਜ਼ੁਰਗਾਂ ਨੂੰ ਮਿਲ ਸਕਣ ਕਰਕੇ ਅਤੇ ਕਿਊਬਾ ਦੇ ਸਰਕਾਰੀ ਅਫ਼ਸਰਾਂ ਨੂੰ ਹੋਰ ਜਾਣ ਕੇ ਖ਼ੁਸ਼ ਸਨ।
“ਮੇਰੇ ਲਈ ਅਤੇ ਮੇਰੀ ਪਤਨੀ ਲਈ, ਇਹ ਯਹੋਵਾਹ ਦੀ ਸੇਵਾ ਵਿਚ ਸਾਡੇ ਜੀਵਨ ਦੀ ਇਕ ਵਿਸ਼ੇਸ਼ ਘਟਨਾ ਸੀ,” ਜੌਨ ਬਾਰ ਨੇ ਕਿਹਾ। “ਕਿਊਬਾ ਵਿਚ ਸਾਡੇ ਪਿਆਰੇ ਭੈਣ-ਭਰਾ ਸੱਚਾਈ ਲਈ ਬਹੁਤ ਜੋਸ਼ ਦਿਖਾਉਂਦੇ ਹਨ! ਮੈਨੂੰ ਇਹਸਾਸ ਹੋਇਆ ਕਿ ਦੁਨੀਆਂ ਭਰ ਵਿਚ ਸਾਡਾ ਭਾਈਚਾਰਾ ਸੱਚ-ਮੁੱਚ ਅਣਮੋਲ ਹੈ!” ਲੋਇਡ ਬੈਰੀ ਨੇ ਅੱਗੇ ਕਿਹਾ ਕਿ “ਇਸ ਮਹੱਤਵਪੂਰਣ ਹਫ਼ਤੇ ਨੇ ਉੱਥੇ ਦੇ ਭਰਾਵਾਂ ਦੀ ਹਾਲਤ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿਚ ਮੇਰੀ ਮਦਦ ਕੀਤੀ।”
ਪਿਛਲੇ ਪੰਜ ਸਾਲਾਂ ਦੌਰਾਨ, ਕਿਊਬਾ ਵਿਚ ਯਹੋਵਾਹ ਦੇ ਗਵਾਹਾਂ ਨੂੰ ਉਪਾਸਨਾ ਕਰਨ ਦੀ ਹੋਰ ਆਜ਼ਾਦੀ ਦਿੱਤੀ ਗਈ ਹੈ, ਅਤੇ ਕਿਊਬਾ ਦੇ ਅਧਿਕਾਰਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਹ ਚਾਹੁੰਦੇ ਹਨ ਕਿ ਇਹ ਸਥਿਤੀ ਇਸੇ ਤਰ੍ਹਾਂ ਰਹੇ।
ਸਤੰਬਰ 1994 ਵਿਚ, ਹਵਾਨਾ ਦੇ ਬੈਥਲ ਘਰ ਵਿਚ ਛਪਾਈ ਕਰਨ ਦਾ ਕੰਮ ਸਥਾਪਿਤ ਕੀਤਾ ਗਿਆ ਸੀ। ਇਕ ਵਾਰ ਫਿਰ, ਯਹੋਵਾਹ ਦੇ ਗਵਾਹ ਖੁੱਲ੍ਹੇ-ਆਮ ਮਿਲ ਸਕਦੇ ਸਨ ਅਤੇ ਘਰ-ਘਰ ਪ੍ਰਚਾਰ ਕਰ ਸਕਦੇ ਸਨ। ਇਸ ਤੋਂ ਬਾਅਦ, 1998 ਵਿਚ, ਸਰਕਾਰ ਨੇ ਯਹੋਵਾਹ ਦਿਆਂ ਗਵਾਹਾਂ ਦੇ 18 ਅੰਤਰਰਾਸ਼ਟਰੀ ਡੈਲੀਗੇਟਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ, ਜਿਸ ਵਿਚ ਪ੍ਰਬੰਧਕ ਸਭਾ ਦੇ ਤਿੰਨ ਮੈਂਬਰ ਸ਼ਾਮਲ ਸਨ।
ਦੁਬਾਰਾ ਮਿਲਣ ਦੀ ਖ਼ੁਸ਼ੀ
ਜਦੋਂ ਡੈਲੀਗੇਟ ਹਵਾਨਾ ਵਿਚ ਹੋਜ਼ਈ ਮਾਰਟੀ ਹਵਾਈ ਅੱਡੇ ਤੇ ਪਹੁੰਚੇ, ਤਾਂ ਸਰਕਾਰੀ ਅਫ਼ਸਰਾਂ ਦੇ ਇਕ ਸਮੂਹ ਅਤੇ ਬੈਥਲ ਘਰ ਤੋਂ ਆਏ ਇਕ ਸਮੂਹ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ। ਇਨ੍ਹਾਂ ਵਿਚਕਾਰ ਇਕ ਭਰਾ ਸੀ ਜਿਸ ਨੂੰ 1961 ਵਿਚ ਪ੍ਰਬੰਧਕ ਸਭਾ ਦੇ ਇਕ ਹੋਰ ਮੈਂਬਰ, ਮਿਲਟਨ ਹੈੱਨਸ਼ਲ, ਦੀ ਮੁਲਾਕਾਤ ਯਾਦ ਸੀ। ਉਸ ਸਮੇਂ ਇਹ ਭਰਾ 12 ਸਾਲਾਂ ਦਾ ਸੀ; ਹੁਣ ਉਹ ਇਕ ਸਫ਼ਰੀ ਨਿਗਾਹਬਾਨ ਹੈ।
ਜਦੋਂ ਡੈਲੀਗੇਟ ਬੈਥਲ ਘਰ ਪਹੁੰਚੇ, ਤਾਂ ਗਲੇਡੀਓਲਸ, ਗੁਲਾਬ, ਚੰਬੇਲੀ, ਅਤੇ ਪੀਲੇ ਤੇ ਲਾਲ ਡੇਜ਼ੀ ਫੁੱਲਾਂ ਦੇ ਗੁਲਦਸਤਿਆਂ ਨਾਲ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਇਕ ਭਰਾ ਨੇ ਇਸੇ ਮੌਕੇ ਲਈ ਇਹ ਸਾਰੇ ਫੁੱਲ ਉਗਾਏ ਸਨ। ਜਿਉਂ-ਜਿਉਂ ਬੈਥਲ ਪਰਿਵਾਰ ਨੇ ਡੈਲੀਗੇਟਾਂ ਦਾ ਸੁਆਗਤ ਕੀਤਾ ਕਈਆਂ ਨੇ ਹੰਝੂ ਵਹਾਏ। ਬਾਅਦ ਵਿਚ, ਉਨ੍ਹਾਂ ਨੇ ਇਕੱਠੇ ਹੋ ਕੇ ਕਿਊਬਾਈ ਖਾਣਾ ਖਾਧਾ—ਭੁੰਨਿਆ ਹੋਇਆ ਸੂਰ ਦਾ ਮਾਸ, ਚੌਲ਼ ਤੇ ਰਾਜਮਾਂਹ, ਸਲਾਦ, ਯੱਕਾ ਨਾਲ ਮੌਖ਼ੋ (ਲਸਣ ਤੇ ਜ਼ੈਤੂਨ ਦੇ ਤੇਲ ਦੀ ਬਣੀ ਚਟਣੀ), ਅਤੇ ਫਲ। ਖਾਣੇ ਤੋਂ ਬਾਅਦ, ਪ੍ਰਬੰਧਕ ਸਭਾ ਦੇ ਹਰ ਮੈਂਬਰ ਨੇ ਬੈਥਲ ਸੇਵਾ ਦੀ ਖੂਬੀ ਬਾਰੇ ਇਕ ਉਤਸ਼ਾਹ ਭਰਿਆ ਭਾਸ਼ਣ ਦਿੱਤਾ। ਭਰਾ ਲੋਸ਼ ਦੀਆਂ ਗੱਲਾਂ ਦਾ ਖ਼ਾਸ ਅਸਰ ਪਿਆ ਸੀ, ਕਿਉਂਕਿ ਉਹ ਭਰਾਵਾਂ ਨਾਲ ਉਨ੍ਹਾਂ ਦੀ ਸਪੇਨੀ ਭਾਸ਼ਾ ਵਿਚ ਬੋਲਿਆ ਸੀ। ਬੈਥਲ ਪਰਿਵਾਰ ਵਿਚ 48 ਪੱਕੇ ਅਤੇ 18 ਕੱਚੇ ਸਵੈ-ਇਛੁੱਕ ਸੇਵਕ ਹਨ।
ਕਿਊਬਾ ਦੇ ਭਰਾਵਾਂ ਲਈ ਇਟਲੀ ਵਿਚ ਪੁਸਤਕਾਂ ਅਤੇ ਬਾਈਬਲਾਂ ਛਾਪੀਆਂ ਜਾਂਦੀਆਂ ਹਨ, ਪਰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੇ ਰੰਗਹੀਣ ਅੰਕ ਖ਼ੁਦ ਕਿਊਬਾ ਵਿਚ ਦੋ ਮਿਮੀਓਗ੍ਰਾਫ ਮਸ਼ੀਨਾਂ ਤੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਛੋਟੀ ਜਗ੍ਹਾ ਵਿਚ ਸਾਰੇ ਲੋੜੀਂਦੇ ਰਸਾਲੇ ਤਿਆਰ ਕਰਨ ਲਈ ਲੰਮੇ ਸਮੇਂ ਲਈ ਬਹੁਤ ਮਿਹਨਤ ਕੀਤੀ ਜਾਂਦੀ ਹੈ। ਇਹ ਸਵੈ-ਇਛੁੱਕ ਸੇਵਕ ਇਕ ਬਹੁਤ ਅਨੋਖੇ ਤਰੀਕੇ ਵਿਚ ਯਹੋਵਾਹ ਦੀ ਸੇਵਾ ਕਰਨ ਦੇ ਖ਼ਜ਼ਾਨੇ ਦੀ ਕਦਰ ਕਰਦੇ ਹਨ।—2 ਕੁਰਿੰਥੀਆਂ 4:7.
ਮਹਾਂ-ਸੰਮੇਲਨ ਦੀਆਂ ਖ਼ਾਸ ਯਾਦਾਂ
ਅਠਾਰਾਂ ਡੈਲੀਗੇਟਾਂ ਨੂੰ ਤਿੰਨ ਸਮੂਹਾਂ ਵਿਚ ਵੰਡਿਆ ਗਿਆ ਤਾਂਕਿ ਉਹ ਤਿੰਨਾਂ ਥਾਵਾਂ ਵਿਚ ਹੋਏ ਜ਼ਿਲ੍ਹਾ ਮਹਾਂ-ਸੰਮੇਲਨਾਂ ਤੇ ਹਾਜ਼ਰ ਹੋਣ, ਯਾਨੀ ਹਵਾਨਾ, ਕਾਮਾਗਵੇ, ਅਤੇ ਓਲਗੀਨ। ਮਹਾਂ-ਸੰਮੇਲਨ ਤਿੰਨਾਂ ਦਿਨਾਂ ਦੇ ਸਨ, ਅਤੇ ਹਰ ਦਿਨ ਕਈਆਂ ਬਜ਼ੁਰਗਾਂ ਅਤੇ ਪਾਇਨੀਅਰਾਂ ਸਮੇਤ, ਭੈਣਾਂ-ਭਰਾਵਾਂ ਦੇ ਇਕ ਵੱਡੇ ਇਕੱਠ ਨੂੰ ਵੀ ਹਾਜ਼ਰ ਹੋਣ ਦਾ ਸੱਦਾ ਦਿੱਤਾ ਗਿਆ। ਸਥਾਨਕ ਗਵਾਹਾਂ ਨੂੰ ਦੱਸਿਆ ਗਿਆ ਸੀ ਕਿ ਇਹ ਇਕ ਖ਼ਾਸ ਮੌਕਾ ਹੋਵੇਗਾ, ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਪ੍ਰਬੰਧਕ ਸਭਾ ਦੇ ਮੈਂਬਰ ਹਾਜ਼ਰ ਹੋਣਗੇ। ਉਨ੍ਹਾਂ ਦੀ ਹੈਰਾਨੀ ਦੀ ਕਲਪਨਾ ਕਰੋ ਜਦੋਂ ਸ਼ੁੱਕਰਵਾਰ ਸਵੇਰ ਨੂੰ ਉਨ੍ਹਾਂ ਨੇ ਇਨ੍ਹਾਂ ਪਿਆਰੇ ਭਰਾਵਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਬੱਸੋਂ ਉਤਰਦੇ ਦੇਖਿਆ!
ਮਹਾਂ-ਸੰਮੇਲਨ ਬਾਹਰ ਅਜਿਹੀਆਂ ਥਾਵਾਂ ਵਿਚ ਹੋਏ ਜੋ ਸਰਕਾਰ ਦੀ ਇਜਾਜ਼ਤ ਨਾਲ ਭਰਾਵਾਂ ਨੇ ਆਪ ਤਿਆਰ ਕੀਤੀਆਂ ਸਨ। ਹਵਾਨਾ ਦੀ ਮਹਾਂ-ਸੰਮੇਲਨ ਵਾਲੀ ਜਗ੍ਹਾ ਵਿਚ, ਅੰਦਰ ਜਾਂਦੇ ਹੋਏ, ਇਕ ਪੱਥਰ ਉੱਤੇ “ਜ਼ਬੂਰ 133:1” ਲਿਖਿਆ ਹੋਇਆ ਸੀ। ਇਸ ਨੇ ਭਰਾਵਾਂ ਨੂੰ ਇਸ ਸ਼ਾਸਤਰਵਚਨ ਦੇ ਸ਼ਬਦ ਯਾਦ ਦਿਲਾਏ: “ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ!” ਵਾਕਈ ਹੀ, ਮਹਾਂ-ਸੰਮੇਲਨ ਦੌਰਾਨ, ਉਸ ਜਗ੍ਹਾ ਵਿਚ ਚੰਗੀ ਤੇ ਸੋਹਣੀ ਮਸੀਹੀ ਸੰਗਤ ਸੀ।
ਹਾਜ਼ਰੀਨ ਨੇ ਭਾਸ਼ਣਾਂ ਅਤੇ ਇੰਟਰਵਿਊਆਂ ਦੀ ਵਧੀਆ ਪੇਸ਼ਕਾਰੀ ਬਾਰੇ ਟਿੱਪਣੀ ਕੀਤੀ, ਅਤੇ ਉਨ੍ਹਾਂ ਨੂੰ ਡਰਾਮੇ ਦੀ ਚੰਗੀ ਪੇਸ਼ਕਾਰੀ ਬਹੁਤ ਪਸੰਦ ਆਈ, ਜੋ ਪ੍ਰਾਚੀਨ ਬਾਬਲ ਵਿਚ ਦਾਨੀਏਲ ਦੇ ਤੀਸਰੇ ਅਧਿਆਏ ਦੀ ਬਾਈਬਲ ਕਹਾਣੀ ਤੇ ਆਧਾਰਿਤ ਸੀ। ਇਕ ਭੈਣ ਨੇ ਕਿਹਾ: “ਡਰਾਮੇ ਵਿਚ ਹਿੱਸਾ ਲੈਣ ਵਾਲਿਆਂ ਨੇ ਬਹੁਤ ਵਧੀਆ ਕੰਮ ਕੀਤਾ, ਅਤੇ ਆਵਾਜ਼ ਦੇ ਨਾਲ-ਨਾਲ ਐਕਟਿੰਗ ਇੰਨੀ ਸਹੀ ਤਰ੍ਹਾਂ ਮਿਲੀ ਹੋਈ ਸੀ ਕਿ ਪਤਾ ਨਹੀਂ ਲੱਗਾ ਕਿ ਆਵਾਜ਼ਾਂ ਪਹਿਲਾਂ ਹੀ ਰਿਕਾਰਡ ਕੀਤੀਆਂ ਹੋਈਆਂ ਸਨ। . . . ਦੁਸ਼ਟ ਬਾਬਲੀ ਬੰਦਾ ਸੱਚ-ਮੁੱਚ ਬਦਮਾਸ਼ ਲੱਗਦਾ ਸੀ, ਅਤੇ ਤਿੰਨ ਇਬਰਾਨੀ ਦ੍ਰਿੜ੍ਹ ਸਨ।”
ਮਹਾਂ-ਸੰਮੇਲਨ ਤੇ ਧਾਰਮਿਕ ਮਾਮਲਿਆਂ ਦੇ ਵਿਭਾਗ ਤੋਂ ਆਏ ਮੈਂਬਰ ਅਤੇ ਹੋਰ ਸਰਕਾਰੀ ਅਫ਼ਸਰਾਂ ਨੇ ਭਰਾਵਾਂ ਦੇ ਨੇਕ ਚਾਲ-ਚਲਣ ਲਈ ਅਤੇ ਸੰਮੇਲਨ ਦੇ ਵਧੀਆ ਪ੍ਰਬੰਧ ਲਈ ਉਨ੍ਹਾਂ ਨੂੰ ਸ਼ਾਬਾਸ਼ੇ ਦਿੱਤੀ। ਕਿਊਬਾ ਦੀ ਸਰਕਾਰ ਦੁਆਰਾ ਡੈਲੀਗੇਟਾਂ ਨਾਲ ਕੀਤੇ ਗਏ ਵਧੀਆ ਸਲੂਕ ਲਈ ਭਰਾ ਬੈਰੀ ਨੇ ਦਿਲੋਂ ਸ਼ੁਕਰਗੁਜ਼ਾਰੀ ਕੀਤੀ। ਭਰਾਵਾਂ ਨੇ ਭਾਸ਼ਣਾਂ ਲਈ ਅਤੇ ਮਹਾਂ-ਸੰਮੇਲਨਾਂ ਵਾਸਤੇ ਸਰਕਾਰ ਵੱਲੋਂ ਇਜਾਜ਼ਤ ਲਈ ਖੜ੍ਹੇ ਹੋ ਕੇ ਅਤੇ ਤਾੜੀਆਂ ਮਾਰ ਕੇ ਆਪਣੀ ਕਦਰ ਦਿਖਾਈ, ਅਤੇ ਅਕਸਰ ਉਹ ਕਈ ਮਿੰਟਾਂ ਲਈ ਤਾੜੀਆਂ ਮਾਰਦੇ ਰਹੇ। ਇਕ ਮਸੀਹੀ ਪਰਿਵਾਰ ਨੇ ਕਿਹਾ ਕਿ “ਇਹ ਸਾਡੀ ਉਮੀਦ ਤੋਂ ਕਿਤੇ ਵੱਧ ਸੀ। ਇਹ ਤਾਂ ਇਕ ਛੋਟਾ ਜਿਹਾ ਅੰਤਰਰਾਸ਼ਟਰੀ ਮਹਾਂ-ਸੰਮੇਲਨ ਸੀ! ਇਹ ਕਿੰਨਾ ਸੋਹਣਾ ਸੀ, ਕਿਉਂਕਿ ਇਸ ਨੇ ਯਹੋਵਾਹ ਦੀ ਵੱਡੀ ਸ਼ਕਤੀ ਦਾ ਸਬੂਤ ਦਿੱਤਾ ਕਿ ਉਹ ਆਪਣੇ ਵਾਅਦੇ ਨਿਭਾਉਂਦਾ ਹੈ।”
ਮਹਾਂ-ਸੰਮੇਲਨਾਂ ਨੇ ਦੂਸਰਿਆਂ ਲੋਕਾਂ ਨੂੰ ਗਵਾਹਾਂ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਵੀ ਦਿੱਤਾ। ਇਕ ਬੱਸ ਡ੍ਰਾਈਵਰ ਸਿਨੱਚਰਵਾਰ ਨੂੰ ਮਹਾਂ-ਸੰਮੇਲਨ ਤੇ ਹਾਜ਼ਰ ਹੋਇਆ ਅਤੇ ਐਤਵਾਰ ਨੂੰ ਫਿਰ ਆਇਆ। ਉਸ ਨੇ ਕਿਹਾ ਕਿ ਉਸ ਨੇ ਯਹੋਵਾਹ ਦੇ ਗਵਾਹਾਂ ਬਾਰੇ ਬਹੁਤ ਬੁਰਾ-ਭਲਾ ਸੁਣਿਆ ਸੀ, ਪਰ ਉਸ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਉਹ ਭਲੇਮਾਣਸ ਅਤੇ ਸ਼ਾਂਤਮਈ ਲੋਕ ਹਨ।
“ਅਸੀਂ ਇਹ ਗੱਲਾਂ ਕਦੀ ਵੀ ਨਹੀਂ ਭੁੱਲਾਂਗੇ”
ਕਿਊਬਾ ਦੇ ਲੋਕਾਂ ਨੇ ਆਪਣੇ ਨਿੱਘੇ
ਸੁਆਗਤ ਅਤੇ ਮਿੱਤਰਤਾ ਨਾਲ ਡੈਲੀਗੇਟਾਂ ਉੱਤੇ ਵੱਡਾ ਅਸਰ ਪਾਇਆ। ਕਿਊਬਾ ਦੇ ਲੋਕ ਮਿਹਨਤੀ, ਇਮਾਨਦਾਰ, ਅਤੇ ਕਿਰਪਾਲੂ ਹਨ। ਇਕ ਡੈਲੀਗੇਟ ਨੇ ਕਿਹਾ “ਕਈ ਵਾਰ, ਬਿਲਕੁਲ ਅਜਨਬੀਆਂ ਨੇ ਸਾਡੀ ਮਦਦ ਕਰਨੀ ਚਾਹੀ।”
ਕਿਊਬਾ ਵਿਚ ਆਪਣੇ ਸੰਗੀ ਗਵਾਹਾਂ ਦੀ ਨਿਹਚਾ, ਖ਼ੁਸ਼ੀ, ਅਤੇ ਪਿਆਰ ਨੇ ਡੈਲੀਗੇਟਾਂ ਉੱਤੇ ਬਹੁਤ ਵੱਡਾ ਅਸਰ ਪਾਇਆ। ਡਾਢੀਆਂ ਰੁਕਾਵਟਾਂ ਦੇ ਬਾਵਜੂਦ, ਉਨ੍ਹਾਂ ਨੇ ਯਹੋਵਾਹ ਨੂੰ ਆਪਣੀ ਪਨਾਹ ਅਤੇ ਆਪਣਾ ਗੜ੍ਹ ਬਣਾਇਆ ਹੈ। (ਜ਼ਬੂਰ 91:2) ਜੌਨ ਬਾਰ ਨੇ ਕਿਹਾ: “ਕਿਊਬਾ ਵਿਚ ਮੈਂ ਪਹਿਲੀ ਵਾਰ ਆਇਆ ਹਾਂ, ਅਤੇ ਬਹੁਤ ਸਾਰੀਆਂ ਗੱਲਾਂ ਤੋਂ ਮੈਨੂੰ ਖ਼ੁਸ਼ੀ ਮਿਲੀ—ਦੇਸ਼ ਦੀ ਸੁੰਦਰਤਾ, ਲੋਕਾਂ ਦਾ ਸੋਹਣਾ ਸੁਭਾਅ, ਅਤੇ ਸਭ ਤੋਂ ਵੱਧ, ਕਿਊਬਾ ਦੇ ਗਵਾਹਾਂ ਦਾ ਵੱਡਾ ਜੋਸ਼। ਮੈਂ ਅੱਗੇ ਆਪਣੀ ਜ਼ਿੰਦਗੀ ਵਿਚ ਆਪਣੇ ਰਾਜ ਗੀਤ ਕਦੀ ਵੀ ਨਹੀਂ ਇੰਨੇ ਦਿਲੋਂ ਗਾਏ ਗਏ ਸੁਣੇ ਅਤੇ ਨਾ ਹੀ ਮੈਂ ਇੰਨੀਆਂ ਤਾੜੀਆਂ ਸੁਣੀਆਂ ਹਨ ਜਦੋਂ ਰੂਹਾਨੀ ਗੱਲਾਂ ਉਨ੍ਹਾਂ ਦੇ ਦਿਲਾਂ ਨੂੰ ਲੱਗੀਆਂ! ਅਸੀਂ ਇਹ ਗੱਲਾਂ ਕਦੀ ਵੀ ਨਹੀਂ ਭੁੱਲਾਂਗੇ। ਅਸੀਂ ਹਮੇਸ਼ਾ ਇਨ੍ਹਾਂ ਨੂੰ ਪਿਆਰ ਨਾਲ ਯਾਦ ਕਰਾਂਗੇ।”
ਜ਼ਬੂਰ 97:1 ਕਹਿੰਦਾ ਹੈ: “ਟਾਪੂ ਜਿਹੜੇ ਬਹੁਤ ਸਾਰੇ ਹਨ ਅਨੰਦ ਹੋਣ!” ਵਾਕਈ ਹੀ, ਕਿਊਬਾ ਦੇ ਟਾਪੂ ਉੱਤੇ ਯਹੋਵਾਹ ਦੇ ਗਵਾਹ ਉਪਾਸਨਾ ਕਰਨ ਦੀ ਹੋਰ ਆਜ਼ਾਦੀ ਪਾ ਕੇ ਅਤੇ ਇਸ ਇਤਿਹਾਸਕ ਘਟਨਾ ਦੌਰਾਨ ਇਨ੍ਹਾਂ ਅੰਤਰਰਾਸ਼ਟਰੀ ਡੈਲੀਗੇਟਾਂ ਨੂੰ ਮਿਲ ਕੇ ਬਹੁਤ ਖ਼ੁਸ਼ ਸਨ।
[ਸਫ਼ੇ 8 ਉੱਤੇ ਤਸਵੀਰਾਂ]
ਕਿਊਬਾ ਵਿਚ ਕਈ ਪਰਿਵਾਰ “ਈਸ਼ਵਰੀ ਜੀਵਨ ਦਾ ਰਾਹ” ਜ਼ਿਲ੍ਹਾ ਮਹਾਂ-ਸੰਮੇਲਨਾਂ ਤੇ ਹਾਜ਼ਰ ਹੋਏ
[ਸਫ਼ੇ 8 ਉੱਤੇ ਤਸਵੀਰ]
ਹਵਾਨਾ ਦਾ ਬੈਥਲ ਘਰ 1994 ਵਿਚ ਦੁਬਾਰਾ ਖੋਲ੍ਹਿਆ ਗਿਆ ਸੀ
[ਸਫ਼ੇ 8 ਉੱਤੇ ਤਸਵੀਰ]
ਸਰਕਾਰੀ ਅਫ਼ਸਰਾਂ ਨੂੰ ਤੋਹਫ਼ੇ ਵਜੋਂ ਪੇਸ਼ ਕੀਤੀਆਂ ਬਾਈਬਲਾਂ ਵਿਚ ਪ੍ਰਬੰਧਕ ਸਭਾ ਦੇ ਮੈਂਬਰ ਦਸਤਖਤ ਕਰਦੇ ਹਨ