ਸੌਲੁਸ ਨੇ ਮਸੀਹੀਆਂ ਨੂੰ ਕਿਉਂ ਸਤਾਇਆ ਸੀ?
‘ਮੈਂ ਤਾਂ ਇਹ ਸਮਝਿਆ ਭਈ ਯਿਸੂ ਨਾਸਰੀ ਦੇ ਨਾਮ ਦੇ ਵਿਰੁੱਧ ਮੈਨੂੰ ਬਹੁਤ ਕੁਝ ਕਰਨਾ ਚਾਹੀਦਾ ਹੈ; ਸੋ ਮੈਂ ਇਹੋ ਯਰੂਸ਼ਲਮ ਵਿੱਚ ਕੀਤਾ ਵੀ। ਪਰਧਾਨ ਜਾਜਕਾਂ ਕੋਲੋਂ ਇਖ਼ਤਿਆਰ ਪਾ ਕੇ ਮੈਂ ਬਹੁਤ ਸੰਤਾਂ ਨੂੰ ਕੈਦਖ਼ਾਨਿਆਂ ਵਿੱਚ ਬੰਦ ਕੀਤਾ। ਜਦੋਂ ਓਹ ਮਾਰੇ ਜਾਣੇ ਸਨ ਤਾਂ ਮੈਂ ਉਨ੍ਹਾਂ ਦੇ ਵਿਰੁੱਧ ਹਾਮੀ ਭਰੀ। ਮੈਂ ਹਰੇਕ ਸਮਾਜ ਵਿੱਚ ਉਨ੍ਹਾਂ ਨੂੰ ਬਹੁਤ ਵਾਰੀ ਸਜ਼ਾ ਦੇ ਕੇ ਕੁਫ਼ਰ ਬਕਵਾਉਣ ਲਈ ਉਨ੍ਹਾਂ ਨੂੰ ਤੰਗ ਕੀਤਾ। ਸਗੋਂ ਉਨ੍ਹਾਂ ਦੇ ਵਿਰੋਧ ਵਿੱਚ ਅੱਤ ਸੁਦਾਈ ਹੋ ਕੇ ਮੈਂ ਪਰਦੇਸ ਦੇ ਨਗਰਾਂ ਤੀਕ ਵੀ ਉਨ੍ਹਾਂ ਨੂੰ ਸਤਾਉਂਦਾ ਸਾਂ।’—ਰਸੂਲਾਂ ਦੇ ਕਰਤੱਬ 26:9-11.
ਤਰਸੁਸ ਦੇ ਸੌਲੁਸ ਨੇ ਇਵੇਂ ਕਿਹਾ। ਉਸ ਨੂੰ ਪੌਲੁਸ ਰਸੂਲ ਵੀ ਸੱਦਿਆ ਜਾਂਦਾ ਹੈ। ਪਰ ਜਿਸ ਸਮੇਂ ਉਸ ਨੇ ਇਹ ਸ਼ਬਦ ਕਹੇ, ਉਹ ਅਸਲ ਵਿਚ ਬਹੁਤ ਹੀ ਸੁਧਰ ਚੁੱਕਾ ਸੀ। ਹੁਣ ਉਹ ਮਸੀਹੀਅਤ ਦਾ ਵਿਰੋਧ ਨਹੀਂ ਕਰਦਾ ਸੀ, ਪਰ ਉਹ ਇਸ ਮੱਤ ਨੂੰ ਹੱਲਾ-ਸ਼ੇਰੀ ਦੇਣ ਵਾਲਿਆਂ ਵਿੱਚੋਂ ਸਭ ਤੋਂ ਸਿਰਕੱਢ ਸੀ। ਫਿਰ ਪਹਿਲਾਂ ਕਿਸ ਚੀਜ਼ ਨੇ ਸੌਲੁਸ ਨੂੰ ਮਸੀਹੀਆਂ ਨੂੰ ਸਤਾਉਣ ਲਈ ਪ੍ਰੇਰਿਆ ਸੀ? ਉਹ ਇਹ ਕਿਉਂ ਸੋਚਦਾ ਸੀ ਕਿ ਉਸ ਨੂੰ ਅਜਿਹੀਆਂ ਬਦਮਾਸ਼ੀਆਂ ‘ਕਰਨੀਆਂ ਹੀ ਚਾਹੀਦੀਆਂ ਹਨ?’ ਕੀ ਉਸ ਦੀ ਕਹਾਣੀ ਤੋਂ ਅਸੀਂ ਕੋਈ ਸਬਕ ਸਿੱਖ ਸਕਦੇ ਹਾਂ?
ਇਸਤੀਫ਼ਾਨ ਪੱਥਰਾਂ ਨਾਲ ਮਾਰਿਆ ਜਾਂਦਾ ਹੈ
ਸੌਲੁਸ ਪਹਿਲਾਂ ਬਾਈਬਲ ਦੇ ਉਸ ਰਿਕਾਰਡ ਵਿਚ ਸ਼ਾਮਲ ਹੁੰਦਾ ਹੈ ਜਿਸ ਵਿਚ ਕੁਝ ਬੰਦਿਆਂ ਨੇ ਇਸਤੀਫ਼ਾਨ ਨੂੰ ਮਾਰਿਆ ਸੀ। “ਸ਼ਹਿਰੋਂ ਬਾਹਰ ਕੱਢ ਕੇ [ਇਸਤੀਫ਼ਾਨ] ਨੂੰ ਪਥਰਾਹ ਕੀਤਾ ਅਰ ਗਵਾਹਾਂ ਨੇ ਆਪਣੇ ਬਸਤਰ ਸੌਲੁਸ ਨਾਮੇ ਇੱਕ ਜੁਆਨ ਦੇ ਪੈਰਾਂ ਕੋਲ ਲਾਹ ਕੇ ਰੱਖ ਦਿੱਤੇ।” “ਸੌਲੁਸ ਉਹ ਦੇ ਮਾਰ ਦੇਣ ਉੱਤੇ ਰਾਜ਼ੀ ਸੀ।” (ਰਸੂਲਾਂ ਦੇ ਕਰਤੱਬ 7:58, 60ਅ) ਇਹ ਹਮਲਾ ਕਿਉਂ ਹੋਇਆ? ਯਹੂਦੀ ਲੋਕ, ਜਿਨ੍ਹਾਂ ਵਿਚ ਕੁਝ ਕਿਲਿਕਿਯਾ ਦੇ ਇਲਾਕੇ ਤੋਂ ਵੀ ਸਨ, ਇਸਤੀਫ਼ਾਨ ਨਾਲ ਬਹਿਸ ਕਰਦੇ ਸਨ, ਪਰ ਉਹ ਉਸ ਦਾ ਸਾਮ੍ਹਣੇ ਨਹੀਂ ਕਰ ਸਕੇ। ਇਹ ਨਹੀਂ ਦੱਸਿਆ ਗਿਆ ਕਿ ਸੌਲੁਸ ਇਨ੍ਹਾਂ ਵਿਚ ਸ਼ਾਮਲ ਸੀ ਕਿ ਨਹੀਂ। ਪਰ ਉਹ ਵੀ ਕਿਲਿਕਿਯਾ ਤੋਂ ਸੀ। ਜੋ ਵੀ ਸੀ, ਉਨ੍ਹਾਂ ਨੇ ਇਸਤੀਫ਼ਾਨ ਉੱਤੇ ਕੁਫ਼ਰ ਬਕਣ ਦਾ ਇਲਜ਼ਾਮ ਲਾਉਣ ਲਈ ਝੂਠੇ ਗਵਾਹ ਖੜ੍ਹੇ ਕੀਤੇ ਅਤੇ ਉਹ ਨੂੰ ਫੜ ਕੇ ਯਹੂਦੀ ਮਹਾਂ ਸਭਾ ਵਿਚ ਲੈ ਗਏ। (ਰਸੂਲਾਂ ਦੇ ਕਰਤੱਬ 6:9-14) ਇਹ ਸਭਾ ਯਹੂਦੀ ਕਚਹਿਰੀ ਵਜੋਂ ਕੰਮ ਕਰਦੀ ਸੀ। ਇਸ ਨੂੰ ਪ੍ਰਧਾਨ ਜਾਜਕ ਚਲਾਉਂਦਾ ਸੀ। ਉੱਚ ਧਾਰਮਿਕ ਅਧਿਕਾਰੀ ਵਜੋਂ, ਉਸ ਦੇ ਮੈਂਬਰ ਉਨ੍ਹਾਂ ਸਿਧਾਂਤਾਂ ਦੀ ਸੁੱਰਖਿਆ ਵੀ ਕਰਦੇ ਸਨ ਜਿਨ੍ਹਾਂ ਨੂੰ ਉਹ ਸ਼ੁੱਧ ਵਿਚਾਰਦੇ ਸਨ। ਉਨ੍ਹਾਂ ਦੇ ਵਿਚਾਰ ਅਨੁਸਾਰ ਇਸਤੀਫ਼ਾਨ ਮੌਤ ਦੇ ਲਾਇਕ ਸੀ। ਉਸ ਦਾ ਹੀਆ ਕਿਵੇਂ ਪਿਆ ਕਿ ਉਹ ਉਨ੍ਹਾਂ ਉੱਤੇ ਸ਼ਰਾ ਦੀ ਪਾਲਣਾ ਨਾ ਕਰਨ ਦਾ ਦੋਸ਼ ਲਾਵੇ? (ਰਸੂਲਾਂ ਦੇ ਕਰਤੱਬ 7:53) ਉਹ ਹੁਣ ਉਸ ਨੂੰ ਦਿਖਾਉਣਗੇ ਕਿ ਸ਼ਰਾ ਦੀ ਪਾਲਣਾ ਕਿਵੇਂ ਕੀਤੀ ਜਾਂਦੀ ਹੈ!
ਸੌਲੁਸ ਇਸ ਰਾਇ ਨਾਲ ਸਹਿਮਤ ਸੀ ਕਿਉਂਕਿ ਇਹ ਉਸ ਦੇ ਆਪਣੇ ਵਿਸ਼ਵਾਸਾਂ ਅਨੁਸਾਰ ਤਰਕਸ਼ੀਲ ਸੀ। ਉਹ ਇਕ ਫ਼ਰੀਸੀ ਸੀ। ਇਹ ਸ਼ਕਤੀਸ਼ਾਲੀ ਪੰਥ ਮੰਗ ਕਰਦਾ ਸੀ ਕਿ ਸ਼ਰਾ ਅਤੇ ਰੀਤ-ਰਿਵਾਜਾਂ ਦੀ ਪੂਰੀ-ਪੂਰੀ ਪਾਲਣਾ ਕੀਤੀ ਜਾਵੇ। ਮਸੀਹੀਅਤ ਇਸ ਦੇ ਸਿਧਾਂਤਾਂ ਦੇ ਉਲਟ ਵਿਚਾਰੀ ਜਾਣ ਲੱਗ ਪਈ ਕਿਉਂਕਿ ਉਹ ਯਿਸੂ ਦੁਆਰਾ ਮੁਕਤੀ ਦਾ ਇਕ ਨਵਾਂ ਰਾਹ ਸਿਖਾਉਂਦੀ ਸੀ। ਪਹਿਲੀ ਸਦੀ ਦੇ ਯਹੂਦੀ ਉਮੀਦ ਰੱਖਦੇ ਸਨ ਕਿ ਮਸੀਹਾ ਇਕ ਸ਼ਾਨਦਾਰ ਰਾਜਾ ਹੋਵੇਗਾ ਜੋ ਉਨ੍ਹਾਂ ਨੂੰ ਰੋਮੀ ਰਾਜ ਦੀ ਘਿਰਣਿਤ ਗ਼ੁਲਾਮੀ ਤੋਂ ਆਜ਼ਾਦ ਕਰੇਗਾ। ਇਹ ਸਵੀਕਾਰ ਕਰਨਾ ਉਨ੍ਹਾਂ ਦੀ ਸਮਝ ਤੋਂ ਬਿਲਕੁਲ ਅਲੱਗ ਸੀ, ਬੇਹੱਦ ਔਖਾ ਸੀ ਅਤੇ ਉਨ੍ਹਾਂ ਨੂੰ ਬਹੁਤ ਹੀ ਘਿਣਾਉਣਾ ਲੱਗਦਾ ਸੀ ਕਿ ਵੱਡੀ ਮਹਾਂ ਸਭਾ ਦੁਆਰਾ ਨਿੰਦਿਆ ਗਿਆ ਕੁਫ਼ਰ ਦੇ ਦੋਸ਼ ਹੇਠ ਕੋਈ ਵਿਅਕਤੀ ਜਿਸ ਨੂੰ ਤਸੀਹੇ ਦੀ ਸੂਲੀ ਉੱਤੇ ਚੜ੍ਹਾਇਆ ਗਿਆ ਸੀ, ਕਦੇ ਵੀ ਮਸੀਹਾ ਹੋ ਸਕਦਾ ਹੈ।
ਸ਼ਰਾ ਦੇ ਅਨੁਸਾਰ ਸੂਲੀ ਉੱਤੇ ਟੰਗਿਆ ਗਿਆ ਇਕ ਮਨੁੱਖ “ਪਰਮੇਸ਼ੁਰ ਦਾ ਸਰਾਪੀ” ਮੰਨਿਆ ਜਾਂਦਾ ਸੀ। (ਬਿਵਸਥਾ ਸਾਰ 21:22, 23; ਗਲਾਤੀਆਂ 3:13) ਫਰੈਡਰਿਕ ਐੱਫ਼. ਬਰੂਸ ਕਹਿੰਦਾ ਹੈ ਕਿ ਸੌਲੁਸ ਦੇ ਦ੍ਰਿਸ਼ਟੀਕੋਣ ਤੋਂ, “ਇਹ ਸ਼ਬਦ ਯਿਸੂ ਉੱਤੇ ਐਨ ਪੂਰੇ ਉੱਤਰਦੇ ਸਨ।” ‘ਉਹ ਪਰਮੇਸ਼ੁਰ ਦੇ ਸਰਾਪ ਕਾਰਨ ਮਰਿਆ ਸੀ, ਅਤੇ ਇਸ ਕਰਕੇ ਇਹ ਸੰਭਵ ਨਹੀਂ ਹੈ ਕਿ ਉਹ ਮਸੀਹਾ ਹੋ ਸਕਦਾ ਸੀ। ਯਹੂਦੀ ਵਿਚਾਰਾਂ ਅਨੁਸਾਰ ਮਸੀਹਾ ਨੂੰ ਤਾਂ ਪਰਮੇਸ਼ੁਰ ਦੀ ਵੱਡੀ ਅਸੀਸ ਮਿਲਣੀ ਸੀ। ਇਸ ਲਈ ਇਹ ਕਹਿਣਾ ਕੁਫ਼ਰ ਸੀ ਕਿ ਯਿਸੂ ਮਸੀਹਾ ਸੀ; ਜਿਨ੍ਹਾਂ ਨੇ ਅਜਿਹਾ ਪੁੱਠਾ ਦਾਅਵਾ ਕੀਤਾ ਉਨ੍ਹਾਂ ਨੇ ਕਾਫ਼ਰਾਂ ਵਾਂਗ ਦੁੱਖ ਭੋਗਣਾ ਸੀ।’ ਬਾਅਦ ਵਿਚ ਸੌਲੁਸ ਨੇ ਖ਼ੁਦ ਇਹ ਸਵੀਕਾਰ ਕੀਤਾ ਕਿ ‘ਸਲੀਬ ਦਿੱਤਾ ਹੋਇਆ ਮਸੀਹ ਯਹੂਦੀਆਂ ਦੇ ਲੇਖੇ ਠੋਕਰ ਦਾ ਕਾਰਨ ਸੀ।’—1 ਕੁਰਿੰਥੀਆਂ 1:23.
ਸੌਲੁਸ ਨੇ ਸੋਚਿਆ ਕਿ ਅਜਿਹੀ ਸਿੱਖਿਆ ਦਾ ਵਿਰੋਧ ਦ੍ਰਿੜ੍ਹਤਾ ਨਾਲ ਹੀ ਕੀਤਾ ਜਾਣਾ ਚਾਹੀਦਾ ਹੈ। ਇਸ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਜ਼ੁਲਮ ਵਰਤਣ ਤੋਂ ਵੀ ਨਹੀਂ ਘਬਰਾਉਣਾ ਚਾਹੀਦਾ ਹੈ। ਉਸ ਨੂੰ ਪੱਕਾ ਯਕੀਨ ਸੀ ਕਿ ਪਰਮੇਸ਼ੁਰ ਉਸ ਤੋਂ ਇਹੀ ਚਾਹੁੰਦਾ ਹੈ। ਆਪਣੀ ਮਨੋਬਿਰਤੀ ਬਾਰੇ ਦੱਸਦੇ ਹੋਏ, ਸੌਲੁਸ ਕਹਿੰਦਾ ਹੈ ਕਿ ‘ਅਣਖ ਦੀ ਪੁੱਛੋ ਤਾਂ ਮੈਂ ਕਲੀਸਿਯਾ ਦਾ ਸਤਾਉਣ ਵਾਲਾ ਸੀ। ਸ਼ਰਾ ਵਾਲੇ ਧਰਮ ਦੀ ਪੁੱਛੋ ਤਾਂ ਮੈਂ ਨਿਰਦੋਸ਼ ਸੀ।’ “ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਹੱਦੋਂ ਬਾਹਰ ਸਤਾਉਂਦਾ ਅਤੇ ਉਹ ਨੂੰ ਬਰਬਾਦ ਕਰਦਾ ਸਾਂ। ਅਤੇ ਆਪਣਿਆਂ ਵੱਡਿਆਂ ਦੀਆਂ ਰੀਤਾਂ ਲਈ ਡਾਢਾ ਅਣਖੀ ਹੋ ਕੇ ਮੈਂ ਯਹੂਦੀਆਂ ਦੇ ਮਤ ਵਿੱਚ ਆਪਣੀ ਕੌਮ ਦੇ ਬਾਹਲੇ ਹਾਣੀਆਂ ਨਾਲੋਂ ਸਿਰ ਕੱਢ ਸਾਂ।”—ਫ਼ਿਲਿੱਪੀਆਂ 3:6; ਗਲਾਤੀਆਂ 1:13, 14.
ਸਤਾਉਣ ਵਿਚ ਮੋਹਰੀ
ਇਸਤੀਫ਼ਾਨ ਦੀ ਮੌਤ ਤੋਂ ਬਾਅਦ, ਸੌਲੁਸ ਹੁਣ ਆਪਣੇ ਜ਼ਾਲਮ ਕੰਮ ਘਟਾਉਂਦਾ ਨਹੀਂ, ਪਰ ਮਸੀਹੀਆਂ ਨੂੰ ਸਤਾਉਣ ਦੇ ਮੋਹਰੀ ਵਜੋਂ ਅੱਗੇ ਨਿਕਲ ਜਾਂਦਾ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ, ਉਹ ਜ਼ਰੂਰ ਬਦਮਾਸ਼ਾਂ ਵਿਚ ਗਿਣਿਆ ਜਾਣ ਲੱਗ ਪਿਆ ਹੋਣਾ। ਯਾਦ ਰੱਖਿਆ ਜਾਵੇ ਕਿ ਆਪਣੀ ਧਰਮ-ਬਦਲੀ ਤੋਂ ਬਾਅਦ ਵੀ ਜਦੋਂ ਉਸ ਨੇ ਚੇਲਿਆਂ ਵਿਚ ਰਲਣ ਦਾ ਜਤਨ ਕੀਤਾ, ਤਾਂ ‘ਸਭ ਉਸ ਤੋਂ ਡਰਦੇ ਸਨ ਕਿਉਂ ਜੋ ਉਹ ਦੇ ਚੇਲੇ ਹੋਣ ਨੂੰ ਸਤ ਨਹੀਂ ਮੰਨਦੇ ਸਨ।’ ਜਦੋਂ ਇਹ ਚੰਗੀ ਤਰ੍ਹਾਂ ਸਾਬਤ ਹੋ ਗਿਆ ਕਿ ਉਹ ਸੱਚ-ਮੁੱਚ ਹੀ ਇਕ ਮਸੀਹੀ ਹੈ, ਚੇਲਿਆਂ ਦੇ ਆਪਸ ਵਿਚ ਉਸ ਦੀ ਧਰਮ-ਬਦਲੀ ਖ਼ੁਸ਼ੀ ਅਤੇ ਸ਼ੁਕਰਗੁਜ਼ਾਰੀ ਦਾ ਕਾਰਨ ਬਣਿਆ। ਉਨ੍ਹਾਂ ਨੇ ਹੁਣ ਸੁਣਿਆ ਕਿ ਕਿਸੇ ਮਾਮੂਲੀ ਵਿਰੋਧੀ ਨੇ ਹੀ ਨਹੀਂ ਸੱਚਾਈ ਅਪਣਾਈ ਸੀ, ਸਗੋਂ ਉਸ ਨੇ “ਜਿਹੜਾ ਸਾਨੂੰ ਅੱਗੇ ਸਤਾਉਂਦਾ ਸੀ [ਅਤੇ] ਉਹ ਹੁਣ ਉਸ ਨਿਹਚਾ ਦੀ ਖੁਸ਼ ਖਬਰੀ ਸੁਣਾਉਂਦਾ ਹੈ ਜਿਹ ਨੂੰ ਅੱਗੇ ਬਰਬਾਦ ਕਰਦਾ ਸੀ।” (ਟੇਢੇ ਟਾਈਪ ਸਾਡੇ)—ਰਸੂਲਾਂ ਦੇ ਕਰਤੱਬ 9:26; ਗਲਾਤੀਆਂ 1:23, 24.
ਦੰਮਿਸਕ ਤੋਂ ਯਰੂਸ਼ਲਮ ਕੁਝ 220 ਕਿਲੋਮੀਟਰ ਦੇ ਫ਼ਾਸਲੇ ਤੇ ਸਥਿਤ ਸੀ। ਉੱਥੇ ਤੁਰ ਕੇ ਜਾਣ ਲਈ ਸੱਤ-ਅੱਠ ਦਿਨ ਲੱਗਦੇ ਸਨ। ਫਿਰ ਵੀ, ਸੌਲੁਸ “ਚੇਲਿਆਂ ਦੇ ਦਬਕਾਉਣ ਅਤੇ ਕਤਲ ਕਰਨ ਤੇ ਦਮ ਮਾਰਦਾ ਹੋਇਆ,” ਸਰਦਾਰ ਜਾਜਕ ਦੇ ਕੋਲ ਗਿਆ ਅਤੇ ਉਸ ਕੋਲੋਂ ਦੰਮਿਸਕ ਦੇ ਯਹੂਦੀ ਸਭਾ-ਘਰਾਂ ਲਈ ਚਿੱਠੀਆਂ ਮੰਗੀਆਂ। ਕਿਉਂ? ਭਈ “ਇਸ ਪੰਥ” ਦੇ ਲੋਕਾਂ ਨੂੰ ਬੱਧੇ ਹੋਏ ਯਰੂਸ਼ਲਮ ਵਿਚ ਲਿਆਵੇ। ਧਾਰਮਿਕ ਮੁਖ਼ਤਿਆਰੀ ਪਾ ਕੇ ਉਸ ਨੇ ‘ਕਲੀਸਿਯਾ ਦਾ ਨਾਸ ਕਰਨਾ ਸ਼ੁਰੂ ਕੀਤਾ ਅਤੇ ਘਰਾਂ ਵਿੱਚ ਵੜ ਵੜ ਕੇ ਮਰਦਾਂ ਅਤੇ ਤੀਵੀਆਂ ਨੂੰ ਧੂ ਘਸੀਟ ਕੇ ਕੈਦ ਵਿੱਚ ਪੁਆਇਆ।’ ਉਸ ਨੇ ਦੂਜੇ ਸੰਤਾਂ ਨੂੰ ‘ਸਮਾਜ ਵਿੱਚ ਮਾਰਿਆ’ ਅਤੇ ਉਨ੍ਹਾਂ ਦੀ ਮੌਤ ਦੀ ‘ਹਾਮੀ ਭਰੀ।’—ਰਸੂਲਾਂ ਦੇ ਕਰਤੱਬ 8:3; 9:1, 2, 14; 22:5, 19; 26:10.
ਇਸ ਗੱਲ ਉੱਤੇ ਗੌਰ ਕਰਦਿਆਂ ਕਿ ਸੌਲੁਸ ਨੇ ਆਪਣੀ ਤਾਲੀਮ ਗਮਲੀਏਲ ਤੋਂ ਹਾਸਲ ਕੀਤੀ ਸੀ ਅਤੇ ਉਸ ਕੋਲ ਹੁਣ ਕਿੰਨਾ ਬਲ ਸੀ, ਕੁਝ ਵਿਦਵਾਨਾਂ ਨੂੰ ਇਹ ਯਕੀਨ ਹੈ ਕਿ ਉਹ ਕੇਵਲ ਸ਼ਰਾ ਦਾ ਵਿਦਿਆਰਥੀ ਹੀ ਨਹੀਂ ਰਿਹਾ ਸੀ, ਪਰ ਉਹ ਯਹੂਦੀ ਮਤ ਉੱਪਰ ਕਾਫ਼ੀ ਅਧਿਕਾਰ ਚਲਾਉਣ ਲੱਗ ਪਿਆ ਸੀ। ਮਿਸਾਲ ਲਈ ਇਕ ਵਿਦਵਾਨ ਅਨੁਸਾਰ, ਇਹ ਸੰਭਵ ਹੈ ਕਿ ਸੌਲੁਸ ਯਰੂਸ਼ਲਮ ਦੇ ਯਹੂਦੀ ਸਭਾ-ਘਰ ਵਿਚ ਸ਼ਾਇਦ ਇਕ ਉਸਤਾਦ ਬਣ ਗਿਆ ਸੀ। ਪਰ, ਇਸ ਦਾ ਕੀ ਅਰਥ ਹੈ ਕਿ ਸੌਲੁਸ ਨੇ ‘ਹਾਮੀ ਭਰੀ’—ਚਾਹੇ ਕਚਹਿਰੀ ਦੇ ਮੈਂਬਰ ਵਜੋਂ, ਜਾਂ ਅਜਿਹੇ ਬੰਦੇ ਵਜੋਂ ਜੋ ਮਸੀਹੀਆਂ ਦਾ ਕਤਲ ਮਨਜ਼ੂਰ ਕਰਦਾ ਸੀ—ਅਸੀਂ ਇਸ ਬਾਰੇ ਨਿਸ਼ਚਿਤ ਨਹੀਂ ਹੋ ਸਕਦੇ।a
ਕਿਉਂਕਿ ਸ਼ੁਰੂ ਵਿਚ ਸਾਰੇ ਮਸੀਹੀ ਯਹੂਦੀ ਜਾਂ ਨਵ-ਯਹੂਦੀ ਸਨ, ਜ਼ਾਹਰ ਹੈ ਕਿ ਸੌਲੁਸ ਦੇ ਖ਼ਿਆਲ ਵਿਚ ਮਸੀਹੀਅਤ ਯਹੂਦੀ ਮਤ ਦੇ ਅੰਦਰੋਂ-ਅੰਦਰ ਨਿਕਲਣ ਵਾਲੀ ਕੋਈ ਧਰਮ-ਤਿਆਗੀ ਲਹਿਰ ਸੀ, ਅਤੇ ਉਹ ਸੋਚਦਾ ਸੀ ਕਿ ਨਿਆਂ-ਅਧਿਕਾਰੀ ਯਹੂਦੀ ਮਤ ਦੀ ਜ਼ਿੰਮੇਵਾਰੀ ਸੀ ਕਿ ਇਹ ਉਸ ਦੇ ਚੇਲਿਆਂ ਨੂੰ ਸਹੀ ਟਿਕਾਣੇ ਲਿਆਇਆ ਜਾਵੇ। ਅਰਲੈਂਡ ਜੇ. ਹਲਟਗ੍ਰਨ ਨਾਂ ਦਾ ਵਿਦਵਾਨ ਕਹਿੰਦਾ ਹੈ ਕਿ ‘ਸੌਲੁਸ ਮਸੀਹੀਅਤ ਦੀ ਵਿਰੋਧਤਾ ਇਸ ਕਰਕੇ ਕਰਦਾ ਸੀ ਕਿਉਂਕਿ ਉਹ ਇਸ ਨੂੰ ਯਹੂਦੀ ਮਤ ਤੋਂ ਇਕ ਅਲੱਗ ਧਰਮ, ਅਰਥਾਤ ਟਾਕਰਾ ਕਰਨ ਵਾਲਾ ਧਰਮ ਸਮਝਦਾ ਸੀ। ਉਹ ਅਤੇ ਦੂਜੇ ਵਿਅਕਤੀ ਮਸੀਹੀਅਤ ਦੀ ਲਹਿਰ ਨੂੰ ਯਹੂਦੀ ਅਧਿਕਾਰ ਦੇ ਅਧੀਨ ਸਮਝਦੇ ਸਨ।’ ਉਸ ਦਾ ਇਰਾਦਾ ਸੀ ਕਿ ਪੁੱਠੇ ਰਸਤੇ ਤੇ ਪਏ ਹੋਏ ਯਹੂਦੀਆਂ ਤੋਂ ਤੋਬਾ ਕਰਵਾ ਕੇ ਉਨ੍ਹਾਂ ਨੂੰ ਹਰ ਹਾਲਤ ਵਿਚ ਸਨਾਤਨੀ ਮਤ ਵਿਚ ਵਾਪਸ ਲਿਆਉਣ ਲਈ ਮਜਬੂਰ ਕੀਤਾ ਜਾਵੇ। (ਰਸੂਲਾਂ ਦੇ ਕਰਤੱਬ 26:11) ਮਜਬੂਰ ਕਰਨ ਦਾ ਇਕ ਤਰੀਕਾ, ਕੈਦਖ਼ਾਨਾ, ਉਸ ਦੇ ਹੱਥ ਵਿਚ ਉਪਲਬਧ ਸੀ। ਇਕ ਹੋਰ ਤਰੀਕਾ ਸੀ ਯਹੂਦੀ ਸਭਾ-ਘਰਾਂ ਵਿਚ ਕੋਰੜਿਆਂ ਨਾਲ ਮਾਰਨਾ। ਇਹ ਇਕ ਆਮ ਜ਼ਰੀਆ ਸੀ ਜੋ ਕਿਸੇ ਸਥਾਨਕ ਕਚਹਿਰੀ ਵਿਚ ਰੱਬੀਆਂ ਦੇ ਅਧਿਕਾਰ ਵਿਰੁੱਧ ਅਣਆਗਿਆਕਾਰੀ ਦੀ ਸਜ਼ਾ ਲਈ ਵਰਤਿਆ ਜਾ ਸਕਦਾ ਸੀ।
ਦੰਮਿਸਕ ਨੂੰ ਜਾਂਦੀ ਸੜਕ ਤੇ, ਸੌਲੁਸ ਨੂੰ ਯਿਸੂ ਪ੍ਰਗਟ ਹੋਇਆ ਅਤੇ ਇਸ ਸਮੇਂ ਤੋਂ ਮਾਮਲਾ ਸੱਚ-ਮੁੱਚ ਹੀ ਪਲਟ ਗਿਆ। ਸੌਲੁਸ ਇਕ ਸਮੇਂ ਮਸੀਹੀਅਤ ਦਾ ਇਕ ਡਾਢਾ ਦੁਸ਼ਮਣ ਸੀ, ਹੁਣ ਉਹ ਅਚਾਨਕ ਹੀ ਉਸ ਦਾ ਇਕ ਜੋਸ਼ੀਲਾ ਸਮਰਥਕ ਬਣ ਗਿਆ, ਅਤੇ ਥੋੜ੍ਹੀ ਹੀ ਦੇਰ ਬਾਅਦ ਦੰਮਿਸਕ ਵਿਚ ਯਹੂਦੀ ਉਸ ਦਾ ਖ਼ੂਨ ਕਰਨ ਤੇ ਤੁਲੇ ਹੋਏ ਸਨ। (ਰਸੂਲਾਂ ਦੇ ਕਰਤੱਬ 9:1-23) ਇਹ ਕਿੰਨੀ ਹੈਰਾਨੀ ਦੀ ਗੱਲ ਕਿ ਇਕ ਮਸੀਹੀ ਵਜੋਂ, ਸੌਲੁਸ ਨੇ ਖ਼ੁਦ ਹੀ ਉਨ੍ਹਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਸੀ ਜੋ ਉਸ ਨੇ ਦੂਜਿਆਂ ਉੱਤੇ ਲਿਆਂਦੀਆਂ ਸਨ, ਤਾਂਕਿ ਕਈ ਸਾਲਾਂ ਬਾਅਦ ਉਹ ਇਹ ਕਹਿ ਸਕਦਾ ਸੀ ਕਿ “ਮੈਂ ਪੰਜ ਵਾਰੀ ਯਹੂਦੀਆਂ ਦੇ ਹੱਥੋਂ ਇੱਕ ਘੱਟ ਚਾਲੀ ਕੋਰੜੇ ਖਾਧੇ।”—2 ਕੁਰਿੰਥੀਆਂ 11:24.
ਜੋਸ਼ ਦੀ ਗ਼ਲਤ ਵਰਤੋ ਕੀਤੀ ਜਾ ਸਕਦੀ ਹੈ
ਆਪਣੀ ਧਰਮ-ਬਦਲੀ ਤੋਂ ਬਾਅਦ ਸੌਲੁਸ, ਜੋ ਹੁਣ ਜ਼ਿਆਦਾਤਰ ਪੌਲੁਸ ਦੇ ਨਾਂ ਤੋਂ ਜਾਣਿਆ ਜਾਂਦਾ ਸੀ, ਨੇ ਲਿਖਿਆ ਕਿ “ਮੈਂ ਪਹਿਲਾਂ ਕੁਫ਼ਰ ਬਕਣ ਵਾਲਾ ਅਤੇ ਸਤਾਉਣ ਵਾਲਾ ਅਤੇ ਧੱਕੇਖੋਰਾ ਸਾਂ ਪਰ ਮੇਰੇ ਉੱਤੇ ਰਹਮ ਹੋਇਆ ਇਸ ਲਈ ਜੋ ਮੈਂ ਇਹ ਬੇਪਰਤੀਤੀ ਵਿੱਚ ਅਣਜਾਣਪੁਣੇ ਨਾਲ ਕੀਤਾ।” (1 ਤਿਮੋਥਿਉਸ 1:13) ਇਸ ਕਰਕੇ, ਆਪਣੇ ਧਰਮ ਪ੍ਰਤੀ ਸੁਹਿਰਦਤਾ ਅਤੇ ਸਰਗਰਮੀ ਕੋਈ ਗਾਰੰਟੀ ਨਹੀਂ ਹਨ ਕਿ ਅਸੀਂ ਪਰਮੇਸ਼ੁਰ ਨੂੰ ਮਨਜ਼ੂਰ ਹਾਂ। ਸੌਲੁਸ ਅਣਖੀ ਸੀ ਅਤੇ ਆਪਣੀ ਜ਼ਮੀਰ ਅਨੁਸਾਰ ਕੰਮ ਕਰਦਾ ਸੀ, ਪਰ ਇਸ ਚੀਜ਼ ਨੇ ਉਸ ਨੂੰ ਸਹੀ ਨਹੀਂ ਸਾਬਤ ਕੀਤਾ। ਉਸ ਦੀ ਅਣਖ ਗ਼ਲਤ ਤਰ੍ਹਾਂ ਵਰਤੀ ਜਾ ਰਹੀ ਸੀ। (ਰੋਮੀਆਂ 10:2, 3 ਦੀ ਤੁਲਨਾ ਕਰੋ।) ਸਾਨੂੰ ਇਸ ਗੱਲ ਉੱਤੇ ਡੂੰਘਾ ਵਿਚਾਰ ਕਰਨਾ ਚਾਹੀਦਾ ਹੈ।
ਅੱਜ-ਕੱਲ੍ਹ ਕਈ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਤੋਂ ਸਿਰਫ਼ ਇਹੀ ਚਾਹੁੰਦਾ ਹੈ ਕਿ ਉਹ ਕਿਸੇ ਦਾ ਮਾੜਾ ਨਾ ਕਰਨ। ਪਰ ਕੀ ਇਹ ਸੱਚ ਹੈ? ਸਾਨੂੰ ਸਾਰਿਆਂ ਨੂੰ ਪੌਲੁਸ ਦੇ ਉਪਦੇਸ਼ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ “ਸਭਨਾਂ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜੀ ਰੱਖੋ।” (1 ਥੱਸਲੁਨੀਕੀਆਂ 5:21) ਇਸ ਦਾ ਅਰਥ ਹੈ ਕਿ ਸਾਨੂੰ ਬਾਈਬਲ ਤੋਂ ਸਹੀ ਗਿਆਨ ਹਾਸਲ ਕਰਨ ਲਈ ਸਮਾਂ ਕੱਢਣਾ ਚਾਹੀਦਾ ਹੈ ਅਤੇ ਫਿਰ ਉਸ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਬਾਈਬਲ ਦੀ ਜਾਂਚ ਕਰਨ ਤੋਂ ਬਾਅਦ ਜੇ ਸਾਨੂੰ ਪਤਾ ਚੱਲਦਾ ਹੈ ਕਿ ਸਾਨੂੰ ਬਦਲਣ ਦੀ ਜ਼ਰੂਰਤ ਹੈ, ਤਾਂ ਸਾਨੂੰ ਬਿਨਾਂ ਦੇਰ ਕੀਤੇ ਇਹ ਕਰਨਾ ਚਾਹੀਦਾ ਹੈ। ਸਾਡੇ ਵਿੱਚੋਂ ਸ਼ਾਇਦ ਘੱਟ ਹੀ ਕੋਈ ਸੌਲੁਸ ਜਿੰਨਾ ਕਾਫ਼ਰ, ਸਤਾਉਣ ਵਾਲਾ, ਜਾਂ ਧੱਕੇਖੋਰ ਵਿਅਕਤੀ ਹੋਵੇ। ਪਰ, ਅਸੀਂ ਸਿਰਫ਼ ਨਿਹਚਾ ਅਤੇ ਸਹੀ ਗਿਆਨ ਅਨੁਸਾਰ ਚੱਲ ਕੇ ਹੀ, ਉਸ ਦੇ ਵਾਂਗ ਪਰਮੇਸ਼ੁਰ ਦੀ ਕਿਰਪਾ ਪਾ ਸਕਦੇ ਹਾਂ।—ਯੂਹੰਨਾ 17:3, 17.
[ਫੁਟਨੋਟ]
a ਐਮਿਲ ਸ਼ੂਰਰ ਦੁਆਰਾ ਯਿਸੂ ਮਸੀਹ ਦੇ ਜ਼ਮਾਨੇ ਵਿਚ ਯਹੂਦੀ ਲੋਕਾਂ ਦਾ ਇਤਿਹਾਸ (175 ਈਸਾ ਪੂਰਵ-135 ਈਸਵੀ) (ਅੰਗ੍ਰੇਜ਼ੀ) ਨਾਂ ਦੀ ਪੁਸਤਕ ਅਨੁਸਾਰ, ਭਾਵੇਂ ਕਿ ਮਿਸ਼ਨਾ ਵਿਚ ਮਹਾਸਭਾ, ਜਾਂ ਇਕ੍ਹੱਤਰਾਂ ਦੀ ਮਹਾਸਭਾ ਦੀਆਂ ਕਾਰਵਾਈਆਂ ਦਾ ਕੋਈ ਵਰਣਨ ਨਹੀਂ ਪਾਇਆ ਜਾਂਦਾ ਹੈ, 23 ਮੈਂਬਰਾਂ ਨਾਲ ਬਣੀ ਛੋਟੀ ਸਭਾ ਦੀਆਂ ਕਾਰਵਾਈਆਂ ਬਾਰੇ ਹਰ ਛੋਟੀ-ਮੋਟੀ ਗੱਲ ਵਰਣਨ ਕੀਤੀ ਗਈ ਹੈ। ਸ਼ਰਾ ਦੇ ਵਿਦਿਆਰਥੀ ਮੌਤ-ਦੰਡ ਸੰਬੰਧੀ ਮਾਮਲਿਆਂ ਵਿਚ ਹਾਜ਼ਰ ਹੋ ਸਕਦੇ ਸਨ। ਉਹ ਉੱਥੇ ਸਿਰਫ਼ ਅਪਰਾਧੀ ਦੇ ਪੱਖ ਵਿਚ ਬੋਲ ਹੀ ਸਕਦੇ ਸਨ, ਉਸ ਦੇ ਵਿਰੁੱਧ ਕੁਝ ਕਹਿ ਨਹੀਂ ਸਕਦੇ ਸਨ। ਘੱਟ ਸਜ਼ਾ ਵਾਲੇ ਦੂਸਰੇ ਮਾਮਲਿਆਂ ਵਿਚ ਉਹ ਅਪਰਾਧੀ ਦੇ ਪੱਖ ਵਿਚ ਨਾਲੇ ਉਸ ਦੇ ਵਿਰੁੱਧ ਵੀ ਬੋਲ ਸਕਦੇ ਸਨ।