ਸਾਨੂੰ ਆਪਣੇ ਵਾਅਦੇ ਕਿਉਂ ਨਿਭਾਉਣੇ ਚਾਹੀਦੇ ਹਨ?
ਅਮਰੀਕੀ ਰਾਸ਼ਟਰਪਤੀ ਦੇ ਸਾਬਕਾ ਸਲਾਹਕਾਰ, ਬਰਨਰਡ ਬਾਰੁਕ ਨੇ ਇਕ ਵਾਰ ਕਿਹਾ ਕਿ “ਉਸ ਬੰਦੇ ਲਈ ਆਪਣੀ ਵੋਟ ਪਾਓ ਜੋ ਸਭ ਤੋਂ ਘੱਟ ਵਾਅਦੇ ਕਰਦਾ ਹੈ; ਉਹੀ ਤੁਹਾਨੂੰ ਸਭ ਤੋਂ ਘੱਟ ਨਿਰਾਸ਼ ਕਰੇਗਾ।” ਅੱਜ-ਕੱਲ੍ਹ ਦੀ ਦੁਨੀਆਂ ਵਿਚ ਇਵੇਂ ਲੱਗਦਾ ਹੈ ਕਿ ਵਾਅਦੇ ਤੋੜਨੇ ਕੋਈ ਵੱਡੀ ਗੱਲ ਨਹੀਂ ਹੈ। ਕਈ ਵਿਅਕਤੀ ਵਿਆਹ ਵਿਚ ਵਫ਼ਾਦਾਰੀ, ਕਾਰੋਬਾਰ ਵਿਚ ਈਮਾਨਦਾਰੀ, ਜਾਂ ਆਪਣੇ ਬੱਚਿਆਂ ਨਾਲ ਜ਼ਿਆਦਾ ਸਮਾਂ ਗੁਜ਼ਾਰਨ ਦੇ ਵਾਅਦੇ ਕਰਦੇ ਹਨ। ਲੋਕੀ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਇਕ ਬੰਦੇ ਦੇ ਨਿਭਾਏ ਬਚਨਾਂ ਤੋਂ ਪਤਾ ਚੱਲਦਾ ਹੈ ਕਿ ਉਹ ਅਸਲ ਵਿਚ ਕਿਸ ਤਰ੍ਹਾਂ ਦਾ ਵਿਅਕਤੀ ਹੈ।
ਇਹ ਗੱਲ ਵੀ ਸਵੀਕਾਰ ਕੀਤੀ ਜਾਂਦੀ ਹੈ ਕਿ ਕਈ ਲੋਕ ਵਾਅਦੇ ਨਿਭਾਉਣ ਦਾ ਇਰਾਦਾ ਵੀ ਨਹੀਂ ਰੱਖਦੇ ਹਨ। ਕਈ ਬਿਨਾਂ ਸੋਚਿਆਂ ਵਾਅਦੇ ਕਰਦੇ ਹਨ ਜੋ ਉਹ ਫਿਰ ਨਿਭਾ ਨਹੀਂ ਸਕਦੇ, ਜਾਂ ਉਹ ਵਾਅਦਿਆਂ ਤੋਂ ਝੱਟ ਹੀ ਮੁੱਕਰ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਹੁਣ ਇਹ ਨਿਭਾਉਣੇ ਔਖੇ ਲੱਗਦੇ ਹਨ।
ਇਹ ਸੱਚ ਹੈ ਕਿ ਉਨ੍ਹਾਂ ਹਾਲਾਤਾਂ ਵਿਚ ਵਾਅਦਾ ਨਿਭਾਉਣਾ ਔਖਾ ਬਣ ਜਾਂਦਾ ਹੈ ਜਿਨ੍ਹਾਂ ਦੀ ਤੁਹਾਨੂੰ ਕੋਈ ਉਮੀਦ ਵੀ ਨਹੀਂ ਸੀ। ਪਰ ਕੀ ਵਾਅਦੇ ਤੋਂ ਮੁੱਕਰਨਾ ਕੋਈ ਏਡੀ ਵੱਡੀ ਗੱਲ ਹੈ? ਕੀ ਤੁਹਾਨੂੰ ਆਪਣੇ ਵਾਅਦਿਆਂ ਨੂੰ ਮਹੱਤਵਪੂਰਣ ਸਮਝਣਾ ਚਾਹੀਦਾ ਹੈ? ਯਹੋਵਾਹ ਪਰਮੇਸ਼ੁਰ ਦੀ ਉਦਾਹਰਣ ਉੱਤੇ ਗੌਰ ਕਰਨ ਨਾਲ ਸਾਨੂੰ ਮਦਦ ਮਿਲੇਗੀ ਕਿ ਸਾਨੂੰ ਇਸ ਮਾਮਲੇ ਬਾਰੇ ਕਿਉਂ ਪਰਵਾਹ ਕਰਨੀ ਚਾਹੀਦੀ ਹੈ।
ਯਹੋਵਾਹ ਆਪਣੇ ਵਾਅਦੇ ਨਿਭਾਉਂਦਾ ਹੈ
ਅਸੀਂ ਉਸ ਪਰਮੇਸ਼ੁਰ ਦੀ ਉਪਾਸਨਾ ਕਰਦੇ ਹਾਂ ਜਿਸ ਦਾ ਨਾਂ ਦਿਖਾਉਂਦਾ ਹੈ ਕਿ ਉਸ ਦੇ ਵਾਅਦੇ ਪੂਰੇ ਹੋਣਗੇ। ਬਾਈਬਲ ਦੇ ਸਮਿਆਂ ਵਿਚ ਇਕ ਵਿਅਕਤੀ ਦੇ ਨਾਂ ਤੋਂ ਉਸ ਬਾਰੇ ਕੁਝ ਪਤਾ ਚੱਲਦਾ ਸੀ। ਇਹ ਗੱਲ ਯਹੋਵਾਹ ਦੇ ਨਾਂ ਬਾਰੇ ਵੀ ਸੱਚ ਹੈ। ਉਸ ਦੇ ਨਾਂ ਦਾ ਅਰਥ ਹੈ “ਉਹ ਬਣਨ ਦਾ ਕਾਰਨ ਹੁੰਦਾ ਹੈ।” ਯਹੋਵਾਹ ਦੇ ਨਾਂ ਵਿਚ ਇਹ ਵਿਚਾਰ ਪਾਇਆ ਜਾਂਦਾ ਹੈ ਕਿ ਉਹ ਆਪਣੇ ਵਾਅਦੇ ਨਿਭਾਵੇਗਾ ਅਤੇ ਆਪਣੇ ਮਕਸਦ ਪੂਰੇ ਕਰੇਗਾ।
ਯਹੋਵਾਹ ਆਪਣੇ ਨਾਂ ਦਾ ਪੱਕਾ ਹੈ ਅਤੇ ਉਸ ਨੇ ਪ੍ਰਾਚੀਨ ਇਸਰਾਏਲ ਨਾਲ ਕੀਤਾ ਗਿਆ ਹਰੇਕ ਵਾਅਦਾ ਨਿਭਾਇਆ। ਇਨ੍ਹਾਂ ਵਾਅਦਿਆਂ ਦੇ ਸੰਬੰਧ ਵਿਚ ਰਾਜਾ ਸੁਲੇਮਾਨ ਨੇ ਆਪਣੀ ਸ਼ੁਕਰਗੁਜ਼ਾਰੀ ਦਿਖਾਉਂਦਿਆਂ ਕਿਹਾ ਕਿ “ਯਹੋਵਾਹ ਮੁਬਾਰਕ ਹੋਵੇ ਜਿਸ ਨੇ ਆਪਣੀ ਪਰਜਾ ਇਸਰਾਏਲ ਨੂੰ ਸੁਖ ਦਿੱਤਾ ਜਿਵੇਂ ਉਸ ਬਚਨ ਕੀਤਾ ਸੀ। ਉਸ ਸਾਰੇ ਚੰਗੇ ਬਚਨ ਤੋਂ ਜਿਹੜਾ ਉਸ ਨੇ ਆਪਣੇ ਦਾਸ ਮੂਸਾ ਦੇ ਰਾਹੀਂ ਕੀਤਾ ਇੱਕ ਵੀ ਗੱਲ ਸੱਖਣੀ ਨਾ ਗਈ।”—1 ਰਾਜਿਆਂ 8:56.
ਯਹੋਵਾਹ ਭਰੋਸੇ ਦੇ ਇੰਨਾ ਲਾਇਕ ਹੈ ਕਿ ਪੌਲੁਸ ਰਸੂਲ ਕਹਿ ਸਕਦਾ ਸੀ ਕਿ “ਜਦੋਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਬਚਨ ਦਿੱਤਾ ਤਾਂ ਇਸ ਕਰਕੇ ਜੋ ਆਪਣੇ ਨਾਲੋਂ ਵੱਡਾ ਕੋਈ ਨਾ ਵੇਖਿਆ ਜਿਹ ਦੀ ਉਹ ਸੌਂਹ ਖਾਂਦਾ ਉਹ ਨੇ ਆਪਣੀ ਹੀ ਸੌਂਹ ਖਾ ਕੇ ਆਖਿਆ।” (ਇਬਰਾਨੀਆਂ 6:13) ਜੀ ਹਾਂ, ਯਹੋਵਾਹ ਅਤੇ ਉਸ ਦਾ ਨਾਂ ਗਾਰੰਟੀ ਹਨ ਕਿ ਉਹ ਆਪਣੇ ਵਾਅਦਿਆਂ ਤੋਂ ਨਹੀਂ ਮੁੱਕਰੇਗਾ, ਭਾਵੇਂ ਕਿ ਉਹ ਉਸ ਨੂੰ ਬੇਹੱਦ ਮਹਿੰਗੇ ਪੈਣ। (ਰੋਮੀਆਂ 8:32) ਇਹ ਹਕੀਕਤ ਕਿ ਯਹੋਵਾਹ ਆਪਣੇ ਵਾਅਦੇ ਪੂਰੇ ਕਰਦਾ ਹੈ ਸਾਨੂੰ ਆਸ਼ਾ ਦਿੰਦੀ ਹੈ ਨਾਲੇ ਸਾਡੀ ਜਾਨ ਦਾ ਲੰਗਰ ਬਣਦੀ ਹੈ।—ਇਬਰਾਨੀਆਂ 6:19.
ਯਹੋਵਾਹ ਦੇ ਵਾਅਦੇ ਅਤੇ ਸਾਡੇ ਭਵਿੱਖ ਨਾਲ ਉਨ੍ਹਾਂ ਦਾ ਸੰਬੰਧ
ਸਾਡੀ ਆਸ਼ਾ, ਨਿਹਚਾ, ਅਸਲ ਵਿਚ ਸਾਡੀ ਜਾਨ ਵੀ ਯਹੋਵਾਹ ਦੇ ਵਾਅਦਿਆਂ ਉੱਤੇ ਨਿਰਭਰ ਕਰਦੀ ਹੈ। ਅਸੀਂ ਕਿਸ ਚੀਜ਼ ਦੀ ਆਸ਼ਾ ਰੱਖਦੇ ਹਾਂ? “[ਪਰਮੇਸ਼ੁਰ] ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” (2 ਪਤਰਸ 3:13) ਬਾਈਬਲ ਸਾਨੂੰ ਇਹ ਆਸ਼ਾ ਰੱਖਣ ਦਾ ਆਧਾਰ ਵੀ ਦਿੰਦੀ ਹੈ ਕਿ ‘ਧਰਮੀ ਅਤੇ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।’ (ਰਸੂਲਾਂ ਦੇ ਕਰਤੱਬ 24:15) ਅਤੇ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਹੁਣ ਦੇ ਜੀਵਨ ਨਾਲੋਂ ਹੋਰ ਬਹੁਤ ਕੁਝ ਹੈ। ਅਸਲ ਵਿਚ ਜਿਸ ਚੀਜ਼ ਨੂੰ ਯੂਹੰਨਾ ਰਸੂਲ ਨੇ “ਉਹ ਵਾਇਦਾ” ਸੱਦਿਆ, ਉਹ “ਸਦੀਪਕ ਜੀਵਨ” ਹੈ। (1 ਯੂਹੰਨਾ 2:25) ਪਰ ਯਹੋਵਾਹ ਦੇ ਬਚਨ ਵਿਚ ਉਸ ਦੇ ਵਾਅਦੇ ਸਿਰਫ਼ ਭਵਿੱਖ ਨਾਲ ਹੀ ਸੰਬੰਧ ਨਹੀਂ ਰੱਖਦੇ। ਉਹ ਸਾਡੀ ਹੁਣ ਦੀ ਜ਼ਿੰਦਗੀ ਲਈ ਵੀ ਅਰਥਪੂਰਣ ਹਨ।
ਜ਼ਬੂਰਾਂ ਦੇ ਲਿਖਾਰੀ ਨੇ ਭਜਨ ਵਿਚ ਕਿਹਾ ਕਿ ‘ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ, ਅਤੇ ਉਹ ਉਨ੍ਹਾਂ ਦੀ ਦੁਹਾਈ ਨੂੰ ਸੁਣੇਗਾ।’ (ਜ਼ਬੂਰ 145:18, 19) ਪਰਮੇਸ਼ੁਰ ਸਾਨੂੰ ਇਹ ਵੀ ਯਕੀਨ ਦਿੰਦਾ ਹੈ ਕਿ “ਉਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ।” (ਯਸਾਯਾਹ 40:29) ਨਾਲੇ ਇਹ ਜਾਣਨ ਵਿਚ ਕਿੰਨੀ ਤਸੱਲੀ ਹੁੰਦੀ ਹੈ ਕਿ ‘ਪਰਮੇਸ਼ੁਰ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ।’ (1 ਕੁਰਿੰਥੀਆਂ 10:13) ਜੇਕਰ ਅਸੀਂ ਇਨ੍ਹਾਂ ਵਾਅਦਿਆਂ ਦੀ ਪੂਰਤੀ ਆਪ ਅਨੁਭਵ ਕੀਤੀ ਹੈ, ਤਾਂ ਅਸੀਂ ਜਾਣਦੇ ਹਾਂ ਕਿ ਯਹੋਵਾਹ ਉੱਤੇ ਪੂਰਾ ਭਰੋਸਾ ਕੀਤਾ ਜਾ ਸਕਦਾ ਹੈ। ਪਰਮੇਸ਼ੁਰ ਅਨੇਕ ਵਾਅਦੇ ਕਰਦਾ ਅਤੇ ਨਿਭਾਉਂਦਾ ਹੈ। ਜਦੋਂ ਅਸੀਂ ਇਨ੍ਹਾਂ ਤੋਂ ਮਿਲਣ ਵਾਲੇ ਫ਼ਾਇਦਿਆਂ ਬਾਰੇ ਸੋਚਦੇ ਹਾਂ, ਤਾਂ ਯਹੋਵਾਹ ਨਾਲ ਕੀਤੇ ਗਏ ਸਾਡੇ ਵਾਅਦਿਆਂ ਬਾਰੇ ਸਾਡਾ ਕੀ ਵਿਚਾਰ ਹੋਣਾ ਚਾਹੀਦਾ ਹੈ?
ਪਰਮੇਸ਼ੁਰ ਨਾਲ ਕੀਤੇ ਵਾਅਦੇ ਨਿਭਾਓ
ਬਿਨਾਂ ਕਿਸੇ ਸ਼ੱਕ, ਸਾਰਿਆਂ ਵਾਅਦਿਆਂ ਵਿੱਚੋਂ ਪਰਮੇਸ਼ੁਰ ਪ੍ਰਤੀ ਆਪਣਾ ਸਮਰਪਣ ਸਭ ਤੋਂ ਵੱਡਾ ਵਾਅਦਾ ਹੈ। ਇਹ ਕਦਮ ਚੁੱਕ ਕੇ, ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸਦਾ ਲਈ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਾਂ। ਭਾਵੇਂ ਪਰਮੇਸ਼ੁਰ ਦੇ ਹੁਕਮ ਔਖੇ ਨਹੀਂ ਹਨ, ਕਦੇ-ਕਦੇ ਉਸ ਦੀ ਇੱਛਾ ਪੂਰੀ ਕਰਨੀ ਸੌਖੀ ਗੱਲ ਨਹੀਂ ਹੁੰਦੀ ਕਿਉਂਕਿ ਅਸੀਂ ਇਕ ਦੁਸ਼ਟ ਸੰਸਾਰ ਵਿਚ ਰਹਿ ਰਹੇ ਹਾਂ। (2 ਤਿਮੋਥਿਉਸ 3:12; 1 ਯੂਹੰਨਾ 5:3) ਪਰ ਜਦੋਂ ਅਸੀਂ ‘ਆਪਣਾ ਹੱਥ ਹਲ ਤੇ ਰੱਖ ਲਿਆ’ ਹੈ ਅਤੇ ਯਹੋਵਾਹ ਦੇ ਸਮਰਪਿਤ ਸੇਵਕ, ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੇ ਚੇਲੇ ਬਣ ਗਏ ਹਾਂ, ਤਾਂ ਸਾਨੂੰ ਕਦੇ ਵੀ ਸੰਸਾਰ ਦੀਆਂ ਚੀਜ਼ਾਂ ਵੱਲ ਮੁੜ ਕੇ ਨਹੀਂ ਦੇਖਣਾ ਚਾਹੀਦਾ, ਜੋ ਅਸੀਂ ਪਿੱਛੇ ਛੱਡ ਆਏ ਹਾਂ।—ਲੂਕਾ 9:62.
ਯਹੋਵਾਹ ਨੂੰ ਪ੍ਰਾਰਥਨਾ ਕਰਦੇ ਸਮੇਂ, ਅਸੀਂ ਸ਼ਾਇਦ ਉਸ ਨਾਲ ਇਹ ਵਾਅਦਾ ਕਰੀਏ ਕਿ ਅਸੀਂ ਕਿਸੇ ਕਮਜ਼ੋਰੀ ਉੱਤੇ ਕਾਬੂ ਪਾਵਾਂਗੇ ਜਾਂ ਕੋਈ ਖ਼ਾਸ ਮਸੀਹੀ ਗੁਣ ਪੈਦਾ ਕਰਾਂਗੇ, ਜਾਂ ਆਪਣੀ ਪਰਮੇਸ਼ਵਰੀ ਸੇਵਾ ਵਿਚ ਤਰੱਕੀ ਕਰਾਂਗੇ। ਇਹ ਵਾਅਦੇ ਨਿਭਾਉਣ ਲਈ ਸਾਨੂੰ ਕਿਹੜੀ ਚੀਜ਼ ਮਦਦ ਦੇਵੇਗੀ?—ਉਪਦੇਸ਼ਕ ਦੀ ਪੋਥੀ 5:2-5 ਦੀ ਤੁਲਨਾ ਕਰੋ।
ਸੱਚੇ ਵਾਅਦੇ ਮਨ ਤੋਂ ਹੀ ਨਹੀਂ ਪਰ ਦਿਲ ਤੋਂ ਉਤਪੰਨ ਹੁੰਦੇ ਹਨ। ਇਸ ਲਈ ਆਓ ਅਸੀਂ ਆਪਣਾ ਦਿਲ ਖੋਲ੍ਹ ਕੇ ਯਹੋਵਾਹ ਨੂੰ ਪ੍ਰਾਰਥਨਾ ਵਿਚ ਆਪਣੇ ਵਾਅਦਿਆਂ ਦਾ ਸਬੂਤ ਦੇਈਏ। ਆਓ ਅਸੀਂ ਉਸ ਨੂੰ ਸੱਚ-ਸੱਚ ਆਪਣੇ ਫ਼ਿਕਰ, ਆਪਣੀਆਂ ਇੱਛਾਵਾਂ, ਅਤੇ ਕਮਜ਼ੋਰੀਆਂ ਦੱਸੀਏ। ਇਕ ਵਾਅਦੇ ਬਾਰੇ ਪ੍ਰਾਰਥਨਾ ਕਰਨ ਨਾਲ ਉਸ ਨੂੰ ਪੂਰਾ ਕਰਨ ਦੀ ਸਾਡੀ ਦ੍ਰਿੜਤਾ ਮਜ਼ਬੂਤ ਹੋਵੇਗੀ। ਅਸੀਂ ਪਰਮੇਸ਼ੁਰ ਨਾਲ ਕੀਤੇ ਵਾਅਦਿਆਂ ਨੂੰ ਕਰਜ਼ਾ ਸਮਝ ਸਕਦੇ ਹਾਂ। ਜਦੋਂ ਕਰਜ਼ਾ ਬਹੁਤ ਵੱਡਾ ਹੁੰਦਾ ਹੈ, ਉਹ ਹੌਲੀ-ਹੌਲੀ ਹੀ ਭਰਿਆ ਜਾ ਸਕਦਾ ਹੈ। ਇਸੇ ਤਰ੍ਹਾਂ, ਯਹੋਵਾਹ ਨਾਲ ਸਾਡੇ ਅਨੇਕ ਵਾਅਦੇ ਪੂਰੇ ਕਰਨ ਲਈ ਵੀ ਸਮਾਂ ਲੱਗੇਗਾ। ਪਰ ਥੋੜ੍ਹਾ-ਥੋੜ੍ਹਾ ਕਰਜ਼ਾ ਬਾਕਾਇਦਾ ਭਰੀ ਜਾਣ ਦੁਆਰਾ, ਅਸੀਂ ਇਹ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਬਚਨ ਦੇ ਪੱਕੇ ਹਾਂ ਅਤੇ ਉਹ ਸਾਨੂੰ ਇਸ ਦੇ ਮੁਤਾਬਕ ਬਰਕਤਾਂ ਦੇਵੇਗਾ।
ਆਪਣੇ ਵਾਅਦਿਆਂ ਬਾਰੇ ਅਕਸਰ, ਸ਼ਾਇਦ ਰੋਜ਼ ਪ੍ਰਾਰਥਨਾ ਕਰਨ ਨਾਲ ਅਸੀਂ ਇਹ ਦਿਖਾ ਸਕਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਐਵੇਂ ਹੀ ਨਹੀਂ ਸਮਝਦੇ। ਇਹ ਗੱਲ ਸਾਡੇ ਸਵਰਗੀ ਪਿਤਾ ਨੂੰ ਦਿਖਾਵੇਗੀ ਕਿ ਅਸੀਂ ਦਿਲੋਂ ਸੱਚੇ ਹਾਂ। ਪ੍ਰਾਰਥਨਾ ਕਰਨ ਦੁਆਰਾ ਸਾਨੂੰ ਆਪਣੇ ਵਾਅਦੇ ਰੋਜ਼ ਚੇਤੇ ਵੀ ਆਉਣਗੇ। ਦਾਊਦ ਨੇ ਇਸ ਸੰਬੰਧ ਵਿਚ ਇਕ ਅੱਛੀ ਮਿਸਾਲ ਕਾਇਮ ਕੀਤੀ। ਉਸ ਨੇ ਇਕ ਭਜਨ ਵਿਚ ਯਹੋਵਾਹ ਮੋਹਰੇ ਬੇਨਤੀ ਕੀਤੀ ਕਿ “ਹੇ ਪਰਮੇਸ਼ੁਰ, ਮੇਰਾ ਚਿੱਲਾਉਣਾ ਸੁਣ, ਮੇਰੀ ਪ੍ਰਾਰਥਨਾ ਵੱਲ ਧਿਆਨ ਦੇਹ . . . ਮੈਂ ਤੇਰੇ ਨਾਮ ਦਾ ਗੁਣ ਸਦਾ ਗਾਵਾਂਗਾ, ਭਈ ਮੈਂ ਨਿਤਾ ਨੇਮ ਆਪਣੀਆਂ ਸੁੱਖਣਾਂ ਨੂੰ ਪੂਰੀਆਂ ਕਰਾਂ।”—ਜ਼ਬੂਰ 61:1, 8.
ਆਪਣੇ ਵਾਅਦਿਆਂ ਨੂੰ ਨਿਭਾਉਣ ਨਾਲ ਆਪਸੀ ਭਰੋਸਾ ਵਧਦਾ ਹੈ
ਜੇਕਰ ਪਰਮੇਸ਼ੁਰ ਨਾਲ ਆਪਣੇ ਵਾਅਦੇ ਮਾਮੂਲੀ ਨਹੀਂ ਸਮਝੇ ਜਾਣੇ ਚਾਹੀਦੇ, ਤਾਂ ਆਪਣੇ ਸੰਗੀ ਮਸੀਹੀਆਂ ਨਾਲ ਕੀਤੇ ਵਾਅਦੇ ਵੀ ਮਾਮੂਲੀ ਨਹੀਂ ਸਮਝੇ ਜਾਣੇ ਚਾਹੀਦੇ ਹਨ। ਸਾਨੂੰ ਯਹੋਵਾਹ ਨਾਲ ਇਕ ਤਰ੍ਹਾਂ ਦਾ ਸਲੂਕ ਅਤੇ ਆਪਣੇ ਭਰਾਵਾਂ ਨਾਲ ਦੂਜੇ ਤਰ੍ਹਾਂ ਦਾ ਸਲੂਕ ਨਹੀਂ ਕਰਨਾ ਚਾਹੀਦਾ। (1 ਯੂਹੰਨਾ 4:20 ਦੀ ਤੁਲਨਾ ਕਰੋ।) ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਕਿਹਾ ਸੀ ਕਿ “ਤੁਹਾਡੇ ਬੋਲਣ ਵਿੱਚ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ।” (ਟੇਢੇ ਟਾਈਪ ਸਾਡੇ।) (ਮੱਤੀ 5:37) ਆਪਣੀ ਬੋਲ-ਬਾਣੀ ਨੂੰ ਹਮੇਸ਼ਾ ਭਰੋਸੇਯੋਗ ਰੱਖਣਾ ਇਕ ਤਰੀਕਾ ਹੈ ਜਿਸ ਦੁਆਰਾ ਅਸੀਂ ‘ਨਿਹਚਾਵਾਨਾਂ ਦੇ ਨਾਲ ਭਲਾ ਕਰ ਸਕਦੇ ਹਾਂ।’ (ਗਲਾਤੀਆਂ 6:10) ਹਰ ਵਾਅਦਾ ਜੋ ਅਸੀਂ ਪੂਰਾ ਕਰਦੇ ਹਾਂ ਆਪਸ ਵਿਚ ਭਰੋਸਾ ਵਧਾਉਂਦਾ ਹੈ।
ਜਦੋਂ ਕੋਈ ਵਿਅਕਤੀ ਪੈਸਿਆਂ ਬਾਰੇ ਮੁੱਕਰ ਜਾਂਦਾ ਹੈ, ਤਾਂ ਨੁਕਸਾਨ ਅਕਸਰ ਵਧਾ-ਚੜ੍ਹਾ ਕੇ ਦੱਸਿਆ ਜਾਂਦਾ ਹੈ। ਉਧਾਰ ਵਾਪਸ ਕਰਨ, ਕੋਈ ਸੇਵਾ ਅਦਾ ਕਰਨ, ਜਾਂ ਕੋਈ ਸੌਦਾ ਪੂਰਾ ਕਰਨ ਦੇ ਸਮੇਂ, ਇਕ ਮਸੀਹੀ ਨੂੰ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ। ਇਹ ਚੀਜ਼ ਪਰਮੇਸ਼ੁਰ ਨੂੰ ਪ੍ਰਸੰਨ ਕਰਦੀ ਹੈ ਅਤੇ ਆਪਸੀ ਭਰੋਸਾ ਵਧਾਉਂਦੀ ਹੈ ਜੋ ਭਰਾਵਾਂ ਦੇ “ਮਿਲ ਜੁਲ ਕੇ ਵੱਸਣ” ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ।—ਜ਼ਬੂਰ 133:1.
ਪਰ ਜਦੋਂ ਬਚਨ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੈ, ਤਾਂ ਕਲੀਸਿਯਾ ਅਤੇ ਸੰਬੰਧਿਤ ਵਿਅਕਤੀਆਂ ਉੱਤੇ ਬੁਰਾ ਅਸਰ ਪੈ ਸਕਦਾ ਹੈ। ਇਕ ਸਫ਼ਰੀ ਨਿਗਾਹਬਾਨ ਨੇ ਕਿਹਾ ਕਿ “ਕਾਰੋਬਾਰ ਵਿਚ ਝਗੜੇ ਤਕਰੀਬਨ ਹਮੇਸ਼ਾ ਉਦੋਂ ਹੁੰਦੇ ਹਨ ਜਦੋਂ ਇਕ ਹਿੱਸੇਦਾਰ ਇਹ ਮਹਿਸੂਸ ਕਰਦਾ ਹੈ ਕਿ ਬਚਨ ਤੋੜਿਆ ਗਿਆ ਹੈ, ਅਤੇ ਇਸ ਗੱਲ ਬਾਰੇ ਅਕਸਰ ਲੋਕਾਂ ਨੂੰ ਪਤਾ ਚੱਲ ਜਾਂਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਭਰਾ ਤਰਫ਼ਦਾਰੀ ਕਰਨ ਲੱਗ ਪੈਂਦੇ ਹਨ, ਅਤੇ ਰਾਜ ਗ੍ਰਹਿ ਵਿਚ ਮਾਹੌਲ ਵਿਗੜ ਜਾਂਦਾ ਹੈ।” ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੇ ਵਾਅਦੇ ਸੋਚ-ਸਮਝ ਨਾਲ ਕਰੀਏ ਅਤੇ ਸਾਰਾ ਮਾਮਲਾ ਕਲਮਬੰਦ ਕਰੀਏ!a
ਮਹਿੰਗੀਆਂ ਚੀਜ਼ਾਂ ਵੇਚਦੇ ਜਾਂ ਪੂੰਜੀ ਲਗਾਉਣ ਬਾਰੇ ਸਲਾਹ ਦਿੰਦੇ ਸਮੇਂ ਸਾਵਧਾਨੀ ਵਰਤੋ, ਖ਼ਾਸ ਕਰਕੇ ਜੇ ਸਾਨੂੰ ਉਸ ਤੋਂ ਕੋਈ ਨਫਾ ਹੁੰਦਾ ਹੈ। ਇਸੇ ਤਰ੍ਹਾਂ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਸੇ ਦੇ ਸਾਮ੍ਹਣੇ ਖ਼ਾਸ ਪਦਾਰਥਾਂ ਜਾਂ ਸਿਹਤ ਸੰਬੰਧੀ ਚੀਜ਼ਾਂ ਬਾਰੇ ਵਧਾ-ਚੜ੍ਹਾ ਕੇ ਗੱਲਾਂ ਨਾ ਕਰੀਏ, ਨਾ ਹੀ ਪੂੰਜੀ ਲਗਾਉਣ ਦੇ ਫ਼ਾਇਦਿਆਂ ਬਾਰੇ ਝੂਠੇ-ਮੂਠੇ ਵਾਅਦੇ ਕਰੀਏ। ਆਪਣੇ ਭਰਾਵਾਂ ਲਈ ਪ੍ਰੇਮ ਦੇ ਕਾਰਨ ਸਾਨੂੰ ਉਨ੍ਹਾਂ ਨੂੰ ਕਿਸੇ ਵੀ ਖ਼ਤਰੇ ਬਾਰੇ ਚੰਗੀ ਤਰ੍ਹਾਂ ਸਮਝਾਉਣਾ ਚਾਹੀਦਾ ਹੈ। (ਰੋਮੀਆਂ 12:10) ਸਾਡੇ ਭਰਾ ਸ਼ਾਇਦ ਸਿਰਫ਼ ਇਸ ਲਈ ਸਾਡੀ ਸਲਾਹ ਤੇ ਯਕੀਨ ਕਰਨ ਕਿਉਂਕਿ ਅਸੀਂ ਇੱਕੋ ਧਰਮ ਦੇ ਹਾਂ, ਪਰ ਉਨ੍ਹਾਂ ਕੋਲ ਕਾਰੋਬਾਰ ਵਿਚ ਘੱਟ ਤਜਰਬਾ ਹੁੰਦਾ ਹੈ। ਕਿੰਨੀ ਦੁੱਖ ਦੀ ਗੱਲ ਹੋਵੇਗੀ ਜੇਕਰ ਇਹ ਯਕੀਨ ਟੁੱਟ ਜਾਵੇ!
ਮਸੀਹੀਆਂ ਵਜੋਂ, ਅਸੀਂ ਕਾਰੋਬਾਰ ਵਿਚ ਬੇਈਮਾਨੀ ਨਹੀਂ ਅਪਣਾ ਸਕਦੇ ਹਾਂ, ਨਾ ਹੀ ਦੂਜਿਆਂ ਦੇ ਜਾਇਜ਼ ਹੱਕਾਂ ਪ੍ਰਤੀ ਅੱਖਾਂ ਮੀਟ ਸਕਦੇ ਹਾਂ। (ਅਫ਼ਸੀਆਂ 2:2, 3; ਇਬਰਾਨੀਆਂ 13:18) ਯਹੋਵਾਹ ਦੀ ਕਿਰਪਾ ਪਾਉਣ ਲਈ, ਉਸ ਦੇ ‘ਡੇਹਰੇ ਵਿੱਚ ਟਿਕਣ’ ਵਾਲਿਆਂ ਵਜੋਂ ਸਾਨੂੰ ਭਰੋਸੇ ਦੇ ਲਾਇਕ ਹੋਣਾ ਚਾਹੀਦਾ ਹੈ। ‘ਅਸੀਂ ਸੌਂਹ ਖਾ ਕੇ ਮੁੱਕਰਦੇ ਨਹੀਂ, ਭਾਵੇਂ ਸਾਨੂੰ ਘਾਟਾ ਵੀ ਪਵੇ।’—ਜ਼ਬੂਰ 15:1, 4.
ਇਸਰਾਏਲ ਦੇ ਨਿਆਈ ਯਿਫ਼ਤਾਹ ਨੇ ਪਰਮੇਸ਼ੁਰ ਸਾਮ੍ਹਣੇ ਇਕ ਸੁੱਖਣਾ ਸੁੱਖੀ ਸੀ। ਉਸ ਨੇ ਵਾਅਦਾ ਕੀਤਾ ਸੀ ਕਿ ਜੇਕਰ ਪਰਮੇਸ਼ੁਰ ਉਸ ਨੂੰ ਅੰਮੋਨੀਆਂ ਉੱਤੇ ਜਿੱਤ ਦੇ ਦੇਵੇਗਾ, ਤਾਂ ਉਹ ਘਰ ਵਾਪਸ ਆਉਣ ਤੇ ਜਿਸ ਨੂੰ ਵੀ ਸਭ ਤੋਂ ਪਹਿਲਾਂ ਮਿਲੇਗਾ ਯਹੋਵਾਹ ਨੂੰ ਹੋਮ ਦੀ ਬਲੀ ਵਜੋਂ ਚੜ੍ਹਾ ਦੇਵੇਗਾ। ਯਿਫ਼ਤਾਹ ਨੂੰ ਮਿਲਣ ਲਈ ਘਰੋਂ ਉਸ ਦੀ ਇਕਲੌਤੀ ਧੀ ਨਿਕਲੀ, ਫਿਰ ਵੀ ਉਹ ਆਪਣੇ ਬਚਨ ਤੋਂ ਮੁੱਕਰਿਆ ਨਹੀਂ। ਆਪਣੀ ਧੀ ਦੀ ਪੂਰੀ ਸਹਿਮਤੀ ਨਾਲ, ਉਸ ਨੇ ਉਹ ਨੂੰ ਪਰਮੇਸ਼ੁਰ ਦੀ ਹੈਕਲ ਵਿਚ ਸੇਵਾ ਕਰਨ ਵਾਸਤੇ ਸਦਾ ਲਈ ਪੇਸ਼ ਕੀਤਾ। ਬਿਨਾਂ ਸ਼ੱਕ, ਇਹ ਕੁਰਬਾਨੀ ਉਸ ਲਈ ਬਹੁਤ ਹੀ ਦੁਖਦਾਇਕ ਸੀ ਅਤੇ ਕਈਆਂ ਤਰੀਕਿਆਂ ਵਿਚ ਮਹਿੰਗੀ ਪਈ।—ਨਿਆਈਆਂ 11:30-40.
ਖ਼ਾਸ ਤੌਰ ਤੇ ਕਲੀਸਿਯਾ ਦੇ ਬਜ਼ੁਰਗ ਆਪਣੇ ਬਚਨ ਪੂਰੇ ਕਰਨ ਲਈ ਜ਼ਿੰਮੇਵਾਰ ਹਨ। ਪਹਿਲੇ ਤਿਮੋਥਿਉਸ 3:2 ਦੇ ਅਨੁਸਾਰ ਇਕ ਨਿਗਾਹਬਾਨ ਨੂੰ “ਨਿਰਦੋਸ਼” ਹੋਣਾ ਚਾਹੀਦਾ ਹੈ। ਇਹ ਇਕ ਯੂਨਾਨੀ ਸ਼ਬਦ ਤੋਂ ਤਰਜਮਾ ਹੈ ਜਿਸ ਦਾ ਅਰਥ “ਬੇਦਾਗ਼ ਅਤੇ ਨੇਕਨਾਮ” ਵੀ ਹੋ ਸਕਦਾ ਹੈ। ਇਸ ਦਾ “ਮਤਲਬ ਹੈ ਕਿ ਉਹ ਬੰਦਾ ਨੇਕਨਾਮ ਹੀ ਨਹੀਂ, ਪਰ ਇਸ ਦੇ ਲਾਇਕ ਵੀ ਹੈ।” (ਏ ਲਿੰਗੁਈਸਟਿਕ ਕੀ ਟੂ ਦ ਗਰੀਕ ਨਿਊ ਟੈਸਟਾਮੈਂਟ) ਕਿਉਂ ਜੋ ਇਕ ਨਿਗਾਹਬਾਨ ਨੂੰ ਨਿਰਦੋਸ਼ ਹੋਣਾ ਚਾਹੀਦਾ ਹੈ, ਉਸ ਦੇ ਵਾਅਦੇ ਹਮੇਸ਼ਾ ਭਰੋਸੇਯੋਗ ਹੋਣੇ ਚਾਹੀਦੇ ਹਨ।
ਆਪਣੇ ਵਾਅਦੇ ਨਿਭਾਉਣ ਦੇ ਹੋਰ ਤਰੀਕੇ
ਸਾਡਾ ਗ਼ੈਰ-ਮਸੀਹੀਆਂ ਨਾਲ ਵਾਅਦੇ ਕਰਨ ਬਾਰੇ ਕੀ ਵਿਚਾਰ ਹੋਣਾ ਚਾਹੀਦਾ ਹੈ? ਯਿਸੂ ਨੇ ਕਿਹਾ ਸੀ ਕਿ “ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।” (ਮੱਤੀ 5:16) ਆਪਣੇ ਬਚਨ ਉੱਤੇ ਪੱਕੇ ਰਹਿ ਕੇ, ਅਸੀਂ ਸ਼ਾਇਦ ਦੂਜਿਆਂ ਨੂੰ ਆਪਣੇ ਮਸੀਹੀ ਸੰਦੇਸ਼ ਵੱਲ ਖਿੱਚ ਸਕੀਏ। ਭਾਵੇਂ ਕਿ ਸੰਸਾਰ ਭਰ ਵਿਚ ਈਮਾਨਦਾਰੀ ਘੱਟ ਗਈ ਹੈ, ਬਹੁਤ ਲੋਕ ਇਸ ਗੁਣ ਨੂੰ ਅਜੇ ਵੀ ਪਸੰਦ ਕਰਦੇ ਹਨ। ਵਾਅਦੇ ਨਿਭਾਉਣ ਦੁਆਰਾ ਅਸੀਂ ਪਰਮੇਸ਼ੁਰ ਅਤੇ ਆਪਣੇ ਗੁਆਂਢੀਆਂ ਲਈ ਪ੍ਰੇਮ ਦਿਖਾ ਕੇ ਧਰਮੀ ਲੋਕਾਂ ਨੂੰ ਸੱਚਾਈ ਵੱਲ ਖਿੱਚ ਸਕਦੇ ਹਾਂ।—ਮੱਤੀ 22:36-39; ਰੋਮੀਆਂ 15:2.
ਯਹੋਵਾਹ ਦੇ ਗਵਾਹਾਂ ਨੇ 1998 ਦੇ ਸੇਵਾ ਸਾਲ ਦੌਰਾਨ, ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਬਾਰੇ ਦੱਸਣ ਵਿਚ ਇਕ ਅਰਬ ਘੰਟਿਆਂ ਤੋਂ ਜ਼ਿਆਦਾ ਸਮਾਂ ਲਗਾਇਆ। (ਮੱਤੀ 24:14) ਜੇਕਰ ਅਸੀਂ ਕਾਰੋਬਾਰੀ ਸੌਦਿਆਂ ਵਿਚ ਜਾਂ ਦੂਜਿਆਂ ਮਾਮਲਿਆਂ ਵਿਚ ਬੇਈਮਾਨੀ ਦਿਖਾਈ ਹੈ, ਤਾਂ ਇਸ ਪ੍ਰਚਾਰ ਦਾ ਕੁਝ ਹਿੱਸਾ ਸ਼ਾਇਦ ਵਿਅਰਥ ਹੀ ਹੋਵੇ। ਕਿਉਂਕਿ ਅਸੀਂ ਸੱਚਾਈ ਦੇ ਪਰਮੇਸ਼ੁਰ ਬਾਰੇ ਪ੍ਰਚਾਰ ਕਰਦੇ ਹਾਂ, ਲੋਕੀ ਠੀਕ-ਠੀਕ ਸਾਡੇ ਤੋਂ ਈਮਾਨਦਾਰੀ ਦੀ ਉਮੀਦ ਰੱਖਦੇ ਹਨ। ਭਰੋਸੇਯੋਗ ਅਤੇ ਇਮਾਨਦਾਰ ਹੋ ਕੇ, ਅਸੀਂ ‘ਸਾਰੀਆਂ ਗੱਲਾਂ ਵਿੱਚ ਆਪਣੇ ਮੁਕਤੀ ਦਾਤਾ ਪਰਮੇਸ਼ੁਰ ਦੀ ਸਿੱਖਿਆ ਨੂੰ ਸਿੰਗਾਰਦੇ ਹਾਂ।’—ਤੀਤੁਸ 2:10.
ਸਾਨੂੰ ਆਪਣੀ ਸੇਵਕਾਈ ਵਿਚ ਆਪਣੇ ਬਚਨ ਪੂਰੇ ਕਰਨ ਦੇ ਮੌਕੇ ਮਿਲਦੇ ਹਨ ਜਦੋਂ ਅਸੀਂ ਰਾਜ ਦੇ ਸੰਦੇਸ਼ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਨਾਲ ਮੁੜ ਕੇ ਮੁਲਾਕਾਤ ਕਰਨ ਜਾਂਦੇ ਹਾਂ। ਜੇਕਰ ਅਸੀਂ ਕਹਿੰਦੇ ਹਾਂ ਕਿ ਅਸੀਂ ਮੁੜ ਕੇ ਉਨ੍ਹਾਂ ਨੂੰ ਮਿਲਣ ਆਵਾਂਗੇ, ਤਾਂ ਸਾਨੂੰ ਜ਼ਰੂਰ ਜਾਣਾ ਚਾਹੀਦਾ ਹੈ। ਆਪਣੇ ਵਾਅਦੇ ਅਨੁਸਾਰ ਲੋਕਾਂ ਨੂੰ ਵਾਪਸ ਮਿਲਣ ਜਾਣਾ, ਇਸ ਉਪਦੇਸ਼ ਦੇ ਬਰਾਬਰ ਹੈ ਕਿ “ਲੋੜਮੰਦਾਂ ਦੇ ਨਾਲ ਭਲਾਈ ਕਰ।” (ਕਹਾਉਤਾਂ 3:27, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਕ ਭੈਣ ਨੇ ਇਸ ਮਾਮਲੇ ਨੂੰ ਇਵੇਂ ਸਮਝਾਇਆ ਕਿ “ਕਈ ਵਾਰ ਮੈਨੂੰ ਅਜਿਹੇ ਦਿਲਚਸਪੀ ਰੱਖਣ ਵਾਲੇ ਵਿਅਕਤੀ ਮਿਲੇ ਹਨ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਕਿ ਗਵਾਹ ਵਾਪਸ ਆਉਣ ਦਾ ਵਾਅਦਾ ਕਰ ਕੇ ਮੁੜ ਕੇ ਨਹੀਂ ਆਏ। ਇਹ ਤਾਂ ਮੈਂ ਜਾਣਦੀ ਹਾਂ ਕਿ ਸ਼ਾਇਦ ਘਰ ਵਾਲੇ ਘਰ ਨਾ ਮਿਲੇ ਹੋਣ ਜਾਂ ਕਿਸੇ-ਨ-ਕਿਸੇ ਹਾਲਾਤ ਕਾਰਨ ਵਾਪਸ ਜਾਣਾ ਵੀ ਨਾਮੁਮਕਿਨ ਹੋ ਗਿਆ ਹੋਵੇ। ਪਰ ਮੈਂ ਨਹੀਂ ਚਾਹੁੰਦੀ ਕਿ ਕੋਈ ਮੇਰੇ ਬਾਰੇ ਇਸ ਤਰ੍ਹਾਂ ਕਹੇ। ਇਸ ਕਰਕੇ ਮੈਂ ਵਾਰ-ਵਾਰ ਵਾਪਸ ਜਾਈ ਜਾਂਦੀ ਹਾਂ ਜਦ ਤਕ ਦਿਲਚਸਪੀ ਰੱਖਣ ਵਾਲੇ ਵਿਅਕਤੀ ਨਾਲ ਮੇਰੀ ਮੁਲਾਕਾਤ ਨਾ ਹੋਵੇ। ਮੇਰਾ ਇਹ ਯਕੀਨ ਹੈ ਕਿ ਜੇ ਮੈਂ ਕਿਸੇ ਨੂੰ ਨਿਰਾਸ਼ ਕਰਦੀ ਹਾਂ, ਤਾਂ ਇਹ ਯਹੋਵਾਹ ਅਤੇ ਸਾਰੇ ਭਰਾਵਾਂ ਨੂੰ ਬਦਨਾਮ ਕਰੇਗਾ।”
ਕਈਆਂ ਮਾਮਲਿਆਂ ਵਿਚ, ਸ਼ਾਇਦ ਸਾਡਾ ਮਨ ਨਾ ਬਣਦਾ ਹੋਵੇ ਕਿ ਅਸੀਂ ਕਿਸੇ ਵਿਅਕਤੀ ਨੂੰ ਵਾਪਸ ਜਾ ਕੇ ਮਿਲੀਏ, ਕਿਉਂਕਿ ਸਾਡੇ ਖ਼ਿਆਲ ਵਿਚ ਉਸ ਨੇ ਬਹੁਤੀ ਦਿਲਚਸਪੀ ਨਹੀਂ ਦਿਖਾਈ ਸੀ। ਉਹੀ ਭੈਣ ਕਹਿੰਦੀ ਹੈ ਕਿ “ਮੈਂ ਉਨ੍ਹਾਂ ਦੀ ਦਿਲਚਸਪੀ ਦਾ ਆਪ ਹਿਸਾਬ ਲਾਉਣ ਦੀ ਕੋਸ਼ਿਸ਼ ਨਹੀਂ ਕਰਦੀ ਹਾਂ। ਮੇਰਾ ਇਹ ਤਜਰਬਾ ਹੈ ਕਿ ਪਹਿਲੀ ਮੁਲਾਕਾਤ ਤੋਂ ਅਕਸਰ ਗ਼ਲਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਕਰਕੇ ਮੈਂ ਉਨ੍ਹਾਂ ਦਾ ਭਲਾ ਸੋਚ ਕੇ ਉਨ੍ਹਾਂ ਨੂੰ ਸੰਭਾਵੀ ਭੈਣ-ਭਰਾ ਹੀ ਸਮਝਦੀ ਹਾਂ।”
ਮਸੀਹੀ ਸੇਵਕਾਈ ਵਿਚ ਅਤੇ ਦੂਜੀਆਂ ਕਈ ਗੱਲਾਂ ਵਿਚ ਵੀ, ਸਾਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਸਾਡੇ ਬਚਨ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ। ਇਹ ਸੱਚ ਹੈ ਕਿ ਵਾਅਦੇ ਨਿਭਾਉਣ ਨਾਲੋਂ ਵਾਅਦੇ ਕਰਨੇ ਜ਼ਿਆਦਾ ਸੌਖੇ ਹਨ। ਇਕ ਬੁੱਧਵਾਨ ਮਨੁੱਖ ਨੇ ਕਿਹਾ ਸੀ ਕਿ “ਬਹੁਤੇ ਆਦਮੀ ਆਪਣੀ ਆਪਣੀ ਦਯਾ ਦੀ ਡੌਂਡੀ ਪਿੱਟਦੇ ਹਨ, ਪਰ ਵਫ਼ਾਦਾਰ ਮਨੁੱਖ ਕਿਹਨੂੰ ਮਿਲ ਸੱਕਦਾ ਹੈ?” (ਕਹਾਉਤਾਂ 20:6) ਅਸੀਂ ਦ੍ਰਿੜ੍ਹ ਰਹਿ ਕੇ ਆਪਣੇ ਬਚਨ ਪ੍ਰਤੀ ਵਫ਼ਾਦਾਰ ਅਤੇ ਸੱਚੇ ਸਾਬਤ ਹੋ ਸਕਦੇ ਹਾਂ।
ਪਰਮੇਸ਼ੁਰ ਵੱਲੋਂ ਵੱਡੀਆਂ-ਵੱਡੀਆਂ ਬਰਕਤਾਂ
ਜਾਣ-ਬੁੱਝ ਕੇ ਕਿਸੇ ਨਾਲ ਫੋਕੇ ਵਾਅਦੇ ਕਰਨੇ ਬੇਈਮਾਨੀ ਹੈ। ਇਸ ਗੱਲ ਨੂੰ ਚੈੱਕ ਲਿਖਣ ਨਾਲ ਦਰਸਾਇਆ ਜਾ ਸਕਦਾ ਜਦੋਂ ਕਿਸੇ ਕੋਲ ਬੈਂਕ ਵਿਚ ਇਕ ਧੇਲਾ ਵੀ ਨਾ ਹੋਵੇ। ਪਰ ਆਪਣੇ ਵਾਅਦੇ ਨਿਭਾਉਣ ਨਾਲ ਸਾਨੂੰ ਕਿੰਨੇ ਫਲ ਅਤੇ ਕਿੰਨੀਆਂ ਬਰਕਤਾਂ ਮਿਲਦੀਆਂ ਹਨ! ਭਰੋਸੇਯੋਗ ਵਿਅਕਤੀ ਹੋਣ ਦੀ ਇਕ ਬਰਕਤ ਇਹ ਹੈ ਕਿ ਸਾਡੀ ਜ਼ਮੀਰ ਦੋਸ਼ੀ ਨਹੀਂ ਸਹਿਸੂਸ ਕਰਦੀ। (ਰਸੂਲਾਂ ਦੇ ਕਰਤੱਬ 24:16 ਦੀ ਤੁਲਨਾ ਕਰੋ।) ਪਛਤਾਉਣ ਦੀ ਬਜਾਇ, ਅਸੀਂ ਆਪਣੇ ਆਪ ਵਿਚ ਸ਼ਾਂਤ ਅਤੇ ਸੰਤੁਸ਼ਟ ਮਹਿਸੂਸ ਕਰਦੇ ਹਾਂ। ਇਸ ਤੋਂ ਇਲਾਵਾ, ਆਪਣਾ ਬਚਨ ਪੂਰਾ ਕਰਨ ਨਾਲ, ਅਸੀਂ ਕਲੀਸਿਯਾ ਦੀ ਏਕਤਾ ਨੂੰ ਵਧਾਉਂਦੇ ਹਾਂ ਜੋ ਆਪਸੀ ਭਰੋਸੇ ਉੱਤੇ ਨਿਰਭਰ ਕਰਦੀ ਹੈ। ਸਾਡੇ “ਸਚਿਆਈ ਦੇ ਬਚਨ,” ਸਾਡੀ ਸਿਫਾਰਸ਼ ਕਰਦੇ ਹਨ ਕਿ ਅਸੀਂ ਸੱਚਾਈ ਦੇ ਪਰਮੇਸ਼ੁਰ ਦੇ ਸੇਵਕ ਹਾਂ।—2 ਕੁਰਿੰਥੀਆਂ 6:3, 4, 7.
ਯਹੋਵਾਹ ਆਪਣੇ ਬਚਨ ਦਾ ਪੱਕਾ ਹੈ, ਅਤੇ ਉਹ “ਝੂਠੀ ਜੀਭ” ਤੋਂ ਘਿਰਣਾ ਕਰਦਾ ਹੈ। (ਕਹਾਉਤਾਂ 6:16, 17) ਆਪਣੇ ਸਵਰਗੀ ਪਿਤਾ ਦੀ ਰੀਸ ਕਰ ਕੇ ਅਸੀਂ ਉਸ ਦੇ ਹੋਰ ਨਜ਼ਦੀਕ ਹੁੰਦੇ ਹਾਂ। ਫਿਰ ਨਿਸ਼ਚੇ ਹੀ, ਸਾਡੇ ਕੋਲ ਵਾਅਦੇ ਨਿਭਾਉਣ ਦੇ ਬਹੁਤ ਚੰਗੇ ਕਾਰਨ ਹਨ।
[ਫੁਟਨੋਟ]
a ਫਰਵਰੀ 8, 1983 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਰਸਾਲੇ ਦੇ 13-15 ਸਫ਼ਿਆਂ ਉੱਤੇ “ਸਮਝੌਤਿਆਂ ਨੂੰ ਕਲਮਬੰਦ ਕਰੋ!” ਲੇਖ ਦੇਖੋ।
[ਸਫ਼ੇ 10 ਉੱਤੇ ਤਸਵੀਰਾਂ]
ਯਿਫ਼ਤਾਹ ਨੇ ਆਪਣਾ ਵਾਅਦਾ ਨਿਭਾਇਆ, ਭਾਵੇਂ ਕਿ ਉਸ ਲਈ ਇਹ ਦੁਖਦਾਇਕ ਸੀ
[ਸਫ਼ੇ 11 ਉੱਤੇ ਤਸਵੀਰਾਂ]
ਜੇ ਤੁਸੀਂ ਵਾਪਸ ਜਾਣ ਦਾ ਵਾਅਦਾ ਕੀਤਾ ਹੈ, ਤਾਂ ਇਹ ਕਰਨ ਲਈ ਚੰਗੀ ਤਰ੍ਹਾਂ ਤਿਆਰੀ ਕਰੋ