ਤਿਮੋਥਿਉਸ—‘ਨਿਹਚਾ ਵਿੱਚ ਇਕ ਸੱਚਾ ਬੱਚਾ’
ਜਦੋਂ ਪੌਲੁਸ ਨੇ ਤਿਮੋਥਿਉਸ ਨੂੰ ਆਪਣੇ ਨਾਲ ਸਫ਼ਰ ਕਰਨ ਲਈ ਚੁਣਿਆ ਉਹ ਉਮਰ ਵਿਚ ਹਾਲੇ ਛੋਟਾ ਸੀ। ਉਨ੍ਹਾਂ ਦੀ ਜੋੜੀ ਕੁਝ 15 ਸਾਲਾਂ ਲਈ ਬਣੀ ਰਹੀ। ਇਨ੍ਹਾਂ ਦੋਹਾਂ ਬੰਦਿਆਂ ਵਿਚਕਾਰ ਇਕ ਅਜਿਹਾ ਰਿਸ਼ਤਾ ਪੈਦਾ ਹੋਇਆ ਕਿ ਪੌਲੁਸ ਤਿਮੋਥਿਉਸ ਨੂੰ “ਮੇਰਾ ਪਿਆਰਾ ਅਤੇ ਨਿਹਚੇ ਜੋਗ ਪੁੱਤ੍ਰ” ਅਤੇ “ਨਿਹਚਾ ਵਿੱਚ ਮੇਰਾ ਸੱਚਾ ਬੱਚਾ” ਸੱਦ ਸਕਿਆ।—1 ਕੁਰਿੰਥੀਆਂ 4:17; 1 ਤਿਮੋਥਿਉਸ 1:2.
ਤਿਮੋਥਿਉਸ ਵਿਚ ਕਿਹੜੇ ਖ਼ਾਸ ਗੁਣ ਸਨ ਜਿਨ੍ਹਾਂ ਕਰਕੇ ਪੌਲੁਸ ਉਸ ਨਾਲ ਇੰਨਾ ਪਿਆਰ ਕਰਦਾ ਸੀ? ਤਿਮੋਥਿਉਸ ਇੰਨਾ ਕਾਬਲ ਸਾਥੀ ਕਿਸ ਤਰ੍ਹਾਂ ਬਣਿਆ? ਅਤੇ ਪਰਮੇਸ਼ੁਰ ਦੇ ਪ੍ਰੇਰਿਤ ਬਚਨ ਵਿਚ ਦਰਜ ਤਿਮੋਥਿਉਸ ਦੇ ਕੰਮਾਂ ਤੋਂ ਅਸੀਂ ਕਿਹੜੇ ਲਾਭਦਾਇਕ ਸਬਕ ਸਿੱਖ ਸਕਦੇ ਹਾਂ?
ਪੌਲੁਸ ਨੇ ਉਸ ਨੂੰ ਚੁਣਿਆ
ਪੌਲੁਸ ਅਤੇ ਤਿਮੋਥਿਉਸ ਦੀ ਪਹਿਲੀ ਮੁਲਾਕਾਤ ਲਗਭਗ 50 ਸਾ.ਯੁ. ਵਿਚ ਹੋਈ, ਜਦੋਂ ਪੌਲੁਸ ਆਪਣੇ ਦੂਸਰੇ ਮਿਸ਼ਨਰੀ ਦੌਰੇ ਤੇ ਲੁਸਤ੍ਰਾ (ਅੱਜ ਦੇ ਤੁਰਕੀ ਵਿਚ) ਨੂੰ ਗਿਆ ਸੀ। ਲੁਸਤ੍ਰਾ ਅਤੇ ਇਕੋਨਿਯੁਮ ਦੇ ਮਸੀਹੀ ਵੀਹਾਂ ਕੁ ਸਾਲਾਂ ਦੇ ਤਿਮੋਥਿਉਸ ਨੂੰ ਬਹੁਤ ਚੰਗਾ ਸਮਝਦੇ ਸਨ। (ਰਸੂਲਾਂ ਦੇ ਕਰਤੱਬ 16:1-3) ਉਹ ਆਪਣੇ ਨਾਂ ਤੇ ਪੂਰਾ ਉਤਰਿਆ, ਜਿਸ ਦਾ ਮਤਲਬ ਹੈ “ਉਹ ਜਿਹੜਾ ਪਰਮੇਸ਼ੁਰ ਦਾ ਸਨਮਾਨ ਕਰਦਾ ਹੈ।” ਿਨੱਕੇ ਹੁੰਦਿਆਂ ਹੀ ਉਹ ਆਪਣੀ ਨਾਨੀ ਲੋਇਸ, ਅਤੇ ਆਪਣੀ ਮਾਂ ਯੂਨੀਕਾ ਦੁਆਰਾ ਪਵਿੱਤਰ ਲਿਖਤਾਂ ਵਿੱਚੋਂ ਸਿਖਾਇਆ ਗਿਆ ਸੀ। (2 ਤਿਮੋਥਿਉਸ 1:5; 3:14, 15) ਉਨ੍ਹਾਂ ਨੇ ਸ਼ਾਇਦ ਦੋ ਕੁ ਸਾਲ ਪਹਿਲਾਂ ਸੱਚਾਈ ਅਪਣਾਈ ਜਦੋਂ ਪੌਲੁਸ ਪਹਿਲੀ ਵਾਰ ਉਨ੍ਹਾਂ ਦੇ ਸ਼ਹਿਰ ਆਇਆ। ਹੁਣ, ਪਵਿੱਤਰ ਸ਼ਕਤੀ ਰਾਹੀਂ ਇਕ ਖ਼ਾਸ ਅਗੰਮ ਵਾਕ ਮਿਲਿਆ ਜਿਸ ਨੇ ਦੱਸਿਆ ਕਿ ਭਵਿੱਖ ਵਿਚ ਤਿਮੋਥਿਉਸ ਕੀ ਕਰੇਗਾ। (1 ਤਿਮੋਥਿਉਸ 1:18) ਇਸ ਅਗਵਾਈ ਦੇ ਅਨੁਸਾਰ, ਪੌਲੁਸ ਅਤੇ ਦੂਸਰੇ ਬਜ਼ੁਰਗਾਂ ਨੇ ਇਸ ਨੌਜਵਾਨ ਉੱਤੇ ਹੱਥ ਰੱਖ ਕੇ ਉਸ ਨੂੰ ਕਿਸੇ ਖ਼ਾਸ ਕੰਮ ਲਈ ਅਲੱਗ ਰੱਖਿਆ, ਅਤੇ ਪੌਲੁਸ ਨੇ ਉਸ ਨੂੰ ਮਿਸ਼ਨਰੀ ਕੰਮ ਲਈ ਆਪਣੇ ਸਾਥੀ ਵਜੋਂ ਚੁਣਿਆ।—1 ਤਿਮੋਥਿਉਸ 4:14; 2 ਤਿਮੋਥਿਉਸ 1:6.
ਤਿਮੋਥਿਉਸ ਦਾ ਯੂਨਾਨੀ ਪਿਤਾ ਸੱਚਾਈ ਵਿਚ ਨਹੀਂ ਸੀ ਅਤੇ ਇਸ ਲਈ ਤਿਮੋਥਿਉਸ ਦੀ ਸੁੰਨਤ ਨਹੀਂ ਕੀਤੀ ਗਈ ਸੀ। ਮਸੀਹੀਆਂ ਲਈ ਇਹ ਜ਼ਰੂਰੀ ਵੀ ਨਹੀਂ ਸੀ। ਲੇਕਿਨ, ਤਿਮੋਥਿਉਸ ਨੇ ਸੁੰਨਤ ਕਰਵਾਉਣ ਦੀ ਤਕਲੀਫ਼ ਝੱਲੀ, ਤਾਂ ਜੋ ਉਨ੍ਹਾਂ ਯਹੂਦੀਆਂ ਨੂੰ ਠੋਕਰ ਨਾ ਲੱਗੇ, ਜਿਨ੍ਹਾਂ ਨੂੰ ਉਨ੍ਹਾਂ ਨੇ ਪ੍ਰਚਾਰ ਕਰਨਾ ਸੀ।—ਰਸੂਲਾਂ ਦੇ ਕਰਤੱਬ 16:3.
ਕੀ ਤਿਮੋਥਿਉਸ ਨੂੰ ਪਹਿਲਾਂ ਇਕ ਯਹੂਦੀ ਸਮਝਿਆ ਗਿਆ ਸੀ? ਕੁਝ ਵਿਦਵਾਨ ਦਲੀਲ ਪੇਸ਼ ਕਰਦੇ ਹਨ ਕਿ ਯਹੂਦੀ ਧਰਮ-ਸ਼ਾਸਤਰੀਆਂ ਦੇ ਅਨੁਸਾਰ, “ਅੰਤਰਜਾਤੀ ਵਿਆਹ ਦੇ ਬੱਚਿਆਂ ਦੀ ਨਸਲ ਮਾਂ ਤੇ ਜਾਂਦੀ ਹੈ, ਪਿਤਾ ਤੇ ਨਹੀਂ।” ਯਾਨੀ ਕਿ, “ਇਕ ਯਹੂਦੀ ਔਰਤ ਯਹੂਦੀ ਬੱਚੇ ਪੈਦਾ ਕਰਦੀ ਹੈ।” ਪਰ, ਲੇਖਕ ਸ਼ੇਈ ਕੋਹੰਨ ਪੁੱਛਦਾ ਹੈ ਕਿ ਕੀ “ਲੋਕਾਂ ਬਾਰੇ ਅਜਿਹਾ ਅਸੂਲ ਪਹਿਲੀ ਸਦੀ ਵਿਚ ਜਾਰੀ ਸੀ” ਅਤੇ ਕੀ ਏਸ਼ੀਆ ਮਾਈਨਰ ਦੇ ਯਹੂਦੀ ਇਸ ਉੱਤੇ ਚੱਲਦੇ ਸਨ? ਇਤਿਹਾਸਕ ਸਬੂਤ ਉੱਤੇ ਗੌਰ ਕਰ ਕੇ, ਉਸ ਨੇ ਸਿੱਟਾ ਕੱਢਿਆ ਕਿ ਜਦੋਂ ਗ਼ੈਰ-ਇਸਰਾਏਲੀ ਆਦਮੀ ਇਸਰਾਏਲੀ ਔਰਤਾਂ ਨਾਲ ਵਿਆਹ ਕਰਵਾਉਂਦੇ ਸਨ, ਤਾਂ “ਉਨ੍ਹਾਂ ਦੇ ਬੱਚਿਆਂ ਨੂੰ ਸਿਰਫ਼ ਉਦੋਂ ਇਸਰਾਏਲੀ ਸਮਝਿਆ ਜਾਂਦਾ ਸੀ ਜਦੋਂ ਉਹ ਆਪਣੇ ਪਰਿਵਾਰ ਦੇ ਨਾਲ ਇਸਰਾਏਲੀਆਂ ਦੇ ਸੰਗ ਰਹਿੰਦੇ ਸਨ। ਬੱਚਿਆਂ ਨੂੰ ਮਾਂ ਦੀ ਵੰਸ਼ਾਵਲੀ ਵਿਚ ਸਿਰਫ਼ ਉਦੋਂ ਗਿਣਿਆ ਜਾਂਦਾ ਸੀ ਜਦੋਂ ਉਹ ਮਾਂ ਦੇ ਦੇਸ਼ ਵਿਚ ਰਹਿੰਦੇ ਸਨ। ਜਦੋਂ ਕੋਈ ਇਸਰਾਏਲੀ ਔਰਤ ਆਪਣੇ ਗ਼ੈਰ-ਇਸਰਾਏਲੀ ਪਤੀ ਦੇ ਨਾਲ ਪਰਦੇਸ ਜਾਂਦੀ ਸੀ, ਤਾਂ ਉਸ ਦੇ ਬੱਚਿਆਂ ਨੂੰ ਗ਼ੈਰ-ਇਸਰਾਏਲੀ ਸਮਝਿਆ ਜਾਂਦਾ ਸੀ।” ਜੋ ਵੀ ਹੋਵੇ, ਕਿਉਂਕਿ ਤਿਮੋਥਿਉਸ ਦੇ ਮਾਪੇ ਦੋ ਜਾਤਾਂ ਤੋਂ ਸਨ ਉਸ ਨੂੰ ਇਸ ਤੋਂ ਆਪਣੇ ਪ੍ਰਚਾਰ ਵਿਚ ਜ਼ਰੂਰ ਲਾਭ ਹੋਇਆ ਹੋਣਾ। ਉਹ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਨੂੰ ਸਮਝ ਸਕਦਾ ਸੀ, ਅਤੇ ਇਸ ਲਈ ਉਹ ਸ਼ਾਇਦ ਉਨ੍ਹਾਂ ਵਿਚਕਾਰ ਥੋੜ੍ਹਾ-ਬਹੁਤਾ ਸਮਝੌਤਾ ਵੀ ਕਰਾ ਸਕਦਾ ਸੀ।
ਤਿਮੋਥਿਉਸ ਦੀ ਜ਼ਿੰਦਗੀ ਵਿਚ ਲੁਸਤ੍ਰਾ ਨੂੰ ਪੌਲੁਸ ਦਾ ਦੌਰਾ ਇਕ ਖ਼ਾਸ ਘਟਨਾ ਸੀ। ਪਵਿੱਤਰ ਸ਼ਕਤੀ ਦੀ ਅਗਵਾਈ ਦੇ ਅਨੁਸਾਰ ਚੱਲਣ ਅਤੇ ਨਿਮਰਤਾ ਨਾਲ ਮਸੀਹੀ ਬਜ਼ੁਰਗਾਂ ਦੇ ਨਾਲ ਕੰਮ ਕਰਨ ਲਈ ਰਾਜ਼ੀ ਹੋਣ ਦੇ ਕਾਰਨ, ਇਸ ਨੌਜਵਾਨ ਨੂੰ ਵੱਡੀਆਂ-ਵੱਡੀਆਂ ਬਰਕਤਾਂ ਅਤੇ ਸੇਵਾ ਦੇ ਸਨਮਾਨ ਮਿਲੇ। ਭਾਵੇਂ ਕਿ ਉਹ ਉਦੋਂ ਜਾਣਦਾ ਸੀ ਜਾਂ ਨਹੀਂ, ਪੌਲੁਸ ਦੀ ਅਗਵਾਈ ਅਧੀਨ ਤਿਮੋਥਿਉਸ ਨੂੰ ਬਾਅਦ ਵਿਚ ਬਹੁਤ ਜ਼ਰੂਰੀ ਪਰਮੇਸ਼ੁਰੀ ਕੰਮਾਂ ਵਿਚ ਇਸਤੇਮਾਲ ਕੀਤਾ ਜਾਵੇਗਾ, ਅਤੇ ਉਹ ਆਪਣੇ ਘਰੋਂ ਬਹੁਤ ਦੂਰ ਰੋਮ ਤਕ ਜਾਵੇਗਾ, ਜੋ ਰੋਮੀ ਸਾਮਰਾਜ ਦੀ ਰਾਜਧਾਨੀ ਸੀ।
ਤਿਮੋਥਿਉਸ ਨੇ ਰਾਜ ਹਿੱਤਾਂ ਨੂੰ ਅੱਗੇ ਵਧਾਇਆ
ਅਸੀਂ ਤਿਮੋਥਿਉਸ ਦੇ ਕੰਮਾਂ ਬਾਰੇ ਬਹੁਤਾ ਨਹੀਂ ਜਾਣਦੇ, ਪਰ ਉਸ ਨੇ ਰਾਜ ਹਿੱਤਾਂ ਨੂੰ ਅੱਗੇ ਵਧਾਉਣ ਲਈ ਬਹੁਤ ਦੂਰ ਤਕ ਸਫ਼ਰ ਕੀਤਾ। ਸੰਨ 50 ਸਾ.ਯੁ. ਵਿਚ ਪੌਲੁਸ ਅਤੇ ਸੀਲਾਸ ਦੇ ਨਾਲ ਆਪਣੇ ਪਹਿਲੇ ਦੌਰੇ ਤੇ ਤਿਮੋਥਿਉਸ ਏਸ਼ੀਆ ਮਾਈਨਰ ਵਿੱਚੋਂ ਲੰਘ ਕੇ ਯੂਰਪ ਤਕ ਗਿਆ। ਉੱਥੇ ਉਸ ਨੇ ਫ਼ਿਲਿੱਪੈ, ਥੱਸਲੁਨੀਕਾ, ਅਤੇ ਬਰਿਯਾ ਵਿਚ ਪ੍ਰਚਾਰ ਕੀਤਾ। ਜਦੋਂ ਵਿਰੋਧਤਾ ਦੇ ਕਾਰਨ ਪੌਲੁਸ ਨੂੰ ਅਥੇਨੈ ਜਾਣਾ ਪਿਆ, ਤਿਮੋਥਿਉਸ ਅਤੇ ਸੀਲਾਸ ਬਰਿਯਾ ਵਿਚ ਪਿੱਛੇ ਰਹਿ ਗਏ ਤਾਂਕਿ ਉਹ ਉੱਥੇ ਸਥਾਪਿਤ ਕੀਤੇ ਚੇਲਿਆਂ ਦੇ ਸਮੂਹ ਦੀ ਦੇਖ-ਭਾਲ ਕਰ ਸਕਣ। (ਰਸੂਲਾਂ ਦੇ ਕਰਤੱਬ 16:6–17:14) ਬਾਅਦ ਵਿਚ, ਪੌਲੁਸ ਨੇ ਤਿਮੋਥਿਉਸ ਨੂੰ ਥੱਸਲੁਨੀਕਾ ਦੀ ਨਵੀਂ ਕਲੀਸਿਯਾ ਨੂੰ ਤਕੜਿਆਂ ਕਰਨ ਲਈ ਘੱਲਿਆ। ਤਿਮੋਥਿਉਸ ਨੇ ਪੌਲੁਸ ਲਈ ਇਸ ਕਲੀਸਿਯਾ ਦੀ ਤਰੱਕੀ ਬਾਰੇ ਚੰਗੀ ਖ਼ਬਰ ਲਿਆਂਦੀ ਜਦੋਂ ਉਹ ਕੁਰਿੰਥੁਸ ਵਿਚ ਮਿਲੇ।—ਰਸੂਲਾਂ ਦੇ ਕਰਤੱਬ 18:5; 1 ਥੱਸਲੁਨੀਕੀਆਂ 3:1-7.
ਬਾਈਬਲ ਇਹ ਨਹੀਂ ਦੱਸਦੀ ਕਿ ਤਿਮੋਥਿਉਸ ਕੁਰਿੰਥੁਸ ਦੇ ਭਰਾਵਾਂ ਦੇ ਨਾਲ ਕਿੰਨਾ ਚਿਰ ਰਿਹਾ। (2 ਕੁਰਿੰਥੀਆਂ 1:19) ਲੇਕਿਨ, ਸ਼ਾਇਦ 55 ਸਾ.ਯੁ. ਵਿਚ, ਪੌਲੁਸ ਨੇ ਤਿਮੋਥਿਉਸ ਨੂੰ ਉੱਥੇ ਵਾਪਸ ਘੱਲਣ ਬਾਰੇ ਸੋਚਿਆ ਕਿਉਂਕਿ ਪੌਲੁਸ ਨੇ ਉਨ੍ਹਾਂ ਦੀ ਹਾਲਤ ਬਾਰੇ ਬੁਰੀ ਖ਼ਬਰ ਸੁਣੀ। (1 ਕੁਰਿੰਥੀਆਂ 4:17; 16:10) ਮਗਰੋਂ, ਤਿਮੋਥਿਉਸ ਨੂੰ ਇਰਸਤੁਸ ਦੇ ਨਾਲ ਅਫ਼ਸੁਸ ਤੋਂ ਮਕਦੂਨਿਯਾ ਨੂੰ ਘੱਲਿਆ ਗਿਆ ਸੀ। ਅਤੇ ਜਦੋਂ ਪੌਲੁਸ ਨੇ ਕੁਰਿੰਥੁਸ ਤੋਂ ਰੋਮੀਆਂ ਨੂੰ ਲਿਖਿਆ, ਤਾਂ ਤਿਮੋਥਿਉਸ ਉੱਥੇ ਉਹ ਦੇ ਨਾਲ ਸੀ।—ਰਸੂਲਾਂ ਦੇ ਕਰਤੱਬ 19:22; ਰੋਮੀਆਂ 16:21.
ਜਦੋਂ ਪੌਲੁਸ ਯਰੂਸ਼ਲਮ ਨੂੰ ਜਾਣ ਲਈ ਨਿਕਲਿਆ, ਤਾਂ ਤਿਮੋਥਿਉਸ ਅਤੇ ਦੂਸਰਿਆਂ ਨੇ ਕੁਰਿੰਥੁਸ ਛੱਡ ਕੇ ਉਹ ਦੇ ਨਾਲ ਤਕਰੀਬਨ ਤ੍ਰੋਆਸ ਤਕ ਸਫ਼ਰ ਕੀਤਾ। ਸਾਨੂੰ ਇਹ ਨਹੀਂ ਪਤਾ ਕਿ ਤਿਮੋਥਿਉਸ ਯਰੂਸ਼ਲਮ ਤਕ ਗਿਆ ਸੀ ਜਾਂ ਨਹੀਂ। ਪਰ ਲਗਭਗ 60-61 ਸਾ.ਯੁ. ਵਿਚ ਰੋਮ ਦੀ ਇਕ ਜੇਲ੍ਹ ਤੋਂ ਲਿਖੀਆਂ ਪੌਲੁਸ ਦੀਆਂ ਤਿੰਨ ਚਿੱਠੀਆਂ ਦੀ ਸ਼ੁਰੂਆਤ ਵਿਚ ਉਸ ਦਾ ਜ਼ਿਕਰ ਕੀਤਾ ਗਿਆ ਹੈ।a (ਰਸੂਲਾਂ ਦੇ ਕਰਤੱਬ 20:4; ਫ਼ਿਲਿੱਪੀਆਂ 1:1; ਕੁਲੁੱਸੀਆਂ 1:1; ਫਿਲੇਮੋਨ 1) ਪੌਲੁਸ ਦਾ ਇਰਾਦਾ ਸੀ ਕਿ ਤਿਮੋਥਿਉਸ ਨੂੰ ਰੋਮ ਤੋਂ ਫ਼ਿਲਿੱਪੈ ਨੂੰ ਘੱਲਿਆ ਜਾਵੇ। (ਫ਼ਿਲਿੱਪੀਆਂ 2:19) ਅਤੇ ਜੇਲ੍ਹ ਤੋਂ ਪੌਲੁਸ ਦੇ ਰਿਹਾ ਕੀਤੇ ਜਾਣ ਤੋਂ ਬਾਅਦ, ਤਿਮੋਥਿਉਸ ਪੌਲੁਸ ਦੇ ਕਹਿਣੇ ਤੇ ਅਫ਼ਸੁਸ ਵਿਚ ਰਿਹਾ।—1 ਤਿਮੋਥਿਉਸ 1:3.
ਪਹਿਲੀ ਸਦੀ ਵਿਚ ਸਫ਼ਰ ਕਰਨਾ ਸੌਖਾ ਨਹੀਂ ਸੀ। ਇਸ ਲਈ ਤਿਮੋਥਿਉਸ ਦੀ ਸ਼ਲਾਘਾ ਕੀਤੀ ਜਾ ਸਕਦੀ ਹੈ ਕਿਉਂਕਿ ਉਹ ਕਲੀਸਿਯਾਵਾਂ ਦੀ ਖ਼ਾਤਰ ਕਈ ਦੌਰੇ ਕਰਨ ਲਈ ਤਿਆਰ ਸੀ। (15 ਅਗਸਤ 1996 ਦੇ ਪਹਿਰਾਬੁਰਜ [ਅੰਗ੍ਰੇਜ਼ੀ] ਵਿਚ ਸਫ਼ੇ 29 ਉੱਤੇ ਡੱਬੀ ਦੇਖੋ।) ਉਸ ਦੇ ਇਕ ਦੌਰੇ ਉੱਤੇ ਵਿਚਾਰ ਕਰੋ ਅਤੇ ਦੇਖੋ ਕਿ ਇਹ ਤਿਮੋਥਿਉਸ ਬਾਰੇ ਸਾਨੂੰ ਕੀ ਦੱਸਦਾ ਹੈ।
ਤਿਮੋਥਿਉਸ ਕਿਹੋ ਜਿਹਾ ਬੰਦਾ ਸੀ
ਜਦੋਂ ਪੌਲੁਸ ਨੇ ਜੇਲ੍ਹ ਵਿੱਚੋਂ ਸਤਾਏ ਗਏ ਫ਼ਿਲਿੱਪੀਆਂ ਨੂੰ ਚਿੱਠੀ ਲਿਖੀ, ਤਾਂ ਤਿਮੋਥਿਉਸ ਉਸ ਦੇ ਨਾਲ ਰੋਮ ਵਿਚ ਸੀ। ਰਸੂਲ ਨੇ ਉਨ੍ਹਾਂ ਨੂੰ ਲਿਖਿਆ: “ਮੈਨੂੰ ਪ੍ਰਭੁ ਯਿਸੂ ਉੱਤੇ ਇਹ ਆਸ ਹੈ ਜੋ ਤਿਮੋਥਿਉਸ ਨੂੰ ਛੇਤੀ ਤੁਹਾਡੇ ਕੋਲ ਘੱਲ ਦਿਆਂ ਭਈ ਤੁਹਾਡੀਆਂ ਬੀਤੀਆਂ ਸੁਣਨ ਤੋਂ ਮੇਰਾ ਮਨ ਵੀ ਸੀਤਲ ਹੋਵੇ। ਕਿਉਂਕਿ ਉਹ ਦੇ ਸਮਾਨ ਮੇਰੇ ਕੋਲ ਹੋਰ ਕੋਈ ਨਹੀਂ ਜੋ ਸੱਚੇ ਦਿਲ ਨਾਲ ਤੁਹਾਡੇ ਲਈ ਚਿੰਤਾ ਕਰੇ। ਕਿਉਂ ਜੋ ਸਾਰੇ ਆਪੋ ਆਪਣੇ ਮਤਲਬ ਦੇ ਯਾਰ ਹਨ, ਨਾ ਕਿ ਯਿਸੂ ਮਸੀਹ ਦੇ। ਪਰ ਉਹ ਦੀ ਖੂਬੀ ਤੁਸੀਂ ਜਾਣ ਚੁੱਕੇ ਹੋ ਭਈ ਜਿਵੇਂ ਪੁੱਤ੍ਰ ਪਿਉ ਦੀ ਸੇਵਾ ਕਰਦਾ ਹੈ ਤਿਵੇਂ ਉਸ ਨੇ ਮੇਰੇ ਨਾਲ ਇੰਜੀਲੀ ਸੇਵਾ ਕੀਤੀ।”—ਫ਼ਿਲਿੱਪੀਆਂ 1:1, 13, 28-30; 2:19-22.
ਇਨ੍ਹਾਂ ਸ਼ਬਦਾਂ ਤੋਂ ਸੰਗੀ ਵਿਸ਼ਵਾਸੀਆਂ ਲਈ ਤਿਮੋਥਿਉਸ ਦੀ ਚਿੰਤਾ ਜ਼ਾਹਰ ਹੁੰਦੀ ਹੈ। ਜੇ ਉਹ ਕਿਸ਼ਤੀ ਵਿਚ ਨਹੀਂ ਗਿਆ, ਤਾਂ ਰੋਮ ਤੋਂ ਫ਼ਿਲਿੱਪੈ ਨੂੰ ਪੈਦਲ ਜਾਣ, ਅਤੇ ਰਾਹ ਵਿਚ ਐਡਰੀਐਟਿਕ ਸਮੁੰਦਰ ਨੂੰ ਪਾਰ ਕਰਨ ਲਈ 40 ਦਿਨ ਲੱਗਦੇ ਸਨ, ਅਤੇ ਰੋਮ ਨੂੰ ਵਾਪਸ ਆਉਣ ਲਈ 40 ਦਿਨ ਹੋਰ ਲੱਗਦੇ ਸਨ। ਆਪਣੇ ਭੈਣਾਂ-ਭਰਾਵਾਂ ਦੀ ਸੇਵਾ ਕਰਨ ਲਈ ਤਿਮੋਥਿਉਸ ਇਹ ਸਭ ਕੁਝ ਕਰਨ ਲਈ ਤਿਆਰ ਸੀ।
ਭਾਵੇਂ ਕਿ ਤਿਮੋਥਿਉਸ ਨੇ ਕਾਫ਼ੀ ਸਫ਼ਰ ਕੀਤੇ, ਉਹ ਠੀਕ ਨਹੀਂ ਰਹਿੰਦਾ ਸੀ। ਜ਼ਾਹਰ ਹੈ ਕਿ ਉਹ ਨੂੰ ਪੇਟ ਦੀ ਕੋਈ ਕਸਰ ਸੀ ਅਤੇ ਉਸ ਨੇ “ਬਹੁਤੀਆਂ ਮਾਂਦਗੀਆਂ” ਝੱਲੀਆਂ। (1 ਤਿਮੋਥਿਉਸ 5:23) ਪਰ ਫਿਰ ਵੀ ਉਸ ਨੇ ਖ਼ੁਸ਼ ਖ਼ਬਰੀ ਦੇ ਨਿਮਿੱਤ ਬੜੀ ਵਾਹ ਲਾਈ। ਤਾਈਂ ਪੌਲੁਸ ਦੇ ਨਾਲ ਉਸ ਦਾ ਇੰਨਾ ਗੂੜ੍ਹਾ ਰਿਸ਼ਤਾ ਸੀ!
ਰਸੂਲ ਦੀ ਨਿਗਰਾਨੀ ਦੇ ਅਧੀਨ ਅਤੇ ਉਨ੍ਹਾਂ ਦੋਹਾਂ ਦੇ ਤਜਰਬਿਆਂ ਦੇ ਕਾਰਨ, ਇਸ ਤਰ੍ਹਾਂ ਲੱਗਦਾ ਹੈ ਕਿ ਤਿਮੋਥਿਉਸ ਪੌਲੁਸ ਵਰਗਾ ਹੀ ਬਣ ਗਿਆ। ਇਸ ਕਰਕੇ, ਪੌਲੁਸ ਉਹ ਨੂੰ ਕਹਿ ਸਕਿਆ: “ਤੈਂ ਮੇਰੀ ਸਿੱਖਿਆ, ਚਾਲ ਚਲਣ, ਮਨਸ਼ਾ, ਨਿਹਚਾ, ਧੀਰਜ, ਪ੍ਰੇਮ, ਸਬਰ, ਸਤਾਏ ਜਾਣ ਅਤੇ ਦੁਖ ਸਹਿਣ ਨੂੰ ਚੰਗੀ ਤਰਾਂ ਜਾਣਿਆ, ਅਰਥਾਤ ਜੋ ਕੁਝ ਅੰਤਾਕਿਯਾ ਅਤੇ ਇਕੋਨਿਯੁਮ ਅਤੇ ਲੁਸਤਰਾ ਵਿੱਚ ਮੇਰੇ ਉੱਤੇ ਪਿਆ ਸੀ ਅਤੇ ਮੈਂ ਕਿਸ ਕਿਸ ਤਰਾਂ ਸਤਾਇਆ ਗਿਆ।” ਪੌਲੁਸ ਨੇ ਤਿਮੋਥਿਉਸ ਲਈ ਪ੍ਰਾਰਥਨਾਵਾਂ ਕੀਤੀਆਂ, ਅਤੇ ਉਨ੍ਹਾਂ ਦੋਹਾਂ ਨੇ ਮਿਲ ਕੇ ਹੰਝੂ ਵਹਾਏ, ਅਤੇ ਰਾਜ ਹਿਤਾਂ ਨੂੰ ਅੱਗੇ ਵਧਾਉਣ ਲਈ ਮਿਹਨਤ ਕੀਤੀ।—2 ਤਿਮੋਥਿਉਸ 1:3, 4; 3:10, 11.
ਪੌਲੁਸ ਨੇ ਤਿਮੋਥਿਉਸ ਨੂੰ ਹੌਸਲਾ ਦਿੱਤਾ ਕਿ ਉਹ ‘ਕਿਸੇ ਨੂੰ ਉਸ ਦੀ ਜੁਆਨੀ ਨੂੰ ਤੁੱਛ ਨਾ ਜਾਣਨ ਦੇਵੇ।’ ਇਹ ਸ਼ਾਇਦ ਸੰਕੇਤ ਕਰਦਾ ਹੈ ਕਿ ਤਿਮੋਥਿਉਸ ਥੋੜ੍ਹਾ ਜਿਹਾ ਸ਼ਰਮਾਉਂਦਾ ਸੀ, ਜਾਂ ਆਪਣਾ ਅਧਿਕਾਰ ਜਤਾਉਣ ਲਈ ਝਿਜਕਦਾ ਸੀ। (1 ਤਿਮੋਥਿਉਸ 4:12; 1 ਕੁਰਿੰਥੀਆਂ 16:10, 11) ਲੇਕਿਨ, ਉਹ ਆਪਣੇ ਪੈਰਾਂ ਭਾਰ ਖੜ੍ਹ ਸਕਦਾ ਸੀ, ਅਤੇ ਪੌਲੁਸ ਉਸ ਉੱਤੇ ਭਰੋਸਾ ਰੱਖ ਕੇ ਉਸ ਨੂੰ ਵੱਡੇ-ਵੱਡੇ ਕੰਮਾਂ ਲਈ ਭੇਜ ਸਕਦਾ ਸੀ। (1 ਥੱਸਲੁਨੀਕੀਆਂ 3:1, 2) ਜਦੋਂ ਪੌਲੁਸ ਨੇ ਅਫ਼ਸੁਸ ਦੀ ਕਲੀਸਿਯਾ ਵਿਚ ਪੱਕੀ, ਸਿੱਖਿਆ-ਸੰਬੰਧੀ ਨਿਗਰਾਨੀ ਦੀ ਲੋੜ ਪਛਾਣੀ, ਤਾਂ ਉਸ ਨੇ ਤਿਮੋਥਿਉਸ ਨੂੰ ਤਗੀਦ ਕੀਤੀ ਕਿ ਉਹ ਉੱਥੇ ਰਹਿ ਕੇ ‘ਕਈਆਂ ਨੂੰ ਹੁਕਮ ਕਰੇ ਕਿ ਉਹ ਹੋਰ ਤਰਾਂ ਦੀ ਸਿੱਖਿਆ ਨਾ ਦੇਣ।’ (1 ਤਿਮੋਥਿਉਸ 1:3) ਭਾਵੇਂ ਕਿ ਤਿਮੋਥਿਉਸ ਨੂੰ ਕਈ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ, ਉਸ ਨੇ ਘਮੰਡ ਨਹੀਂ ਕੀਤਾ ਸੀ। ਅਤੇ ਸ਼ਰਮਾਕਲ ਹੋਣ ਦੇ ਬਾਵਜੂਦ ਵੀ ਉਹ ਦਲੇਰ ਸੀ। ਮਿਸਾਲ ਲਈ, ਜਦੋਂ ਆਪਣੇ ਧਰਮ ਦੇ ਕਾਰਨ ਪੌਲੁਸ ਦਾ ਮੁਕੱਦਮਾ ਚੱਲ ਰਿਹਾ ਸੀ ਤਾਂ ਤਿਮੋਥਿਉਸ ਉਸ ਦੀ ਮਦਦ ਕਰਨ ਲਈ ਰੋਮ ਨੂੰ ਗਿਆ। ਦਰਅਸਲ, ਸੰਭਵ ਹੈ ਕਿ ਇਸੇ ਕਾਰਨ ਕਰਕੇ ਤਿਮੋਥਿਉਸ ਨੂੰ ਖ਼ੁਦ ਜੇਲ੍ਹ ਜਾਣਾ ਪਿਆ।—ਇਬਰਾਨੀਆਂ 13:23.
ਬਿਨਾਂ ਸ਼ੱਕ, ਤਿਮੋਥਿਉਸ ਨੇ ਪੌਲੁਸ ਕੋਲੋਂ ਬਹੁਤ ਕੁਝ ਸਿੱਖਿਆ। ਰਸੂਲ ਦਾ ਆਪਣੇ ਸਾਥੀ ਲਈ ਆਦਰ ਇਸ ਗੱਲ ਤੋਂ ਦੇਖਿਆ ਜਾਂਦਾ ਹੈ ਕਿ ਪੌਲੁਸ ਨੇ ਉਸ ਨੂੰ ਦੋ ਈਸ਼ਵਰੀ-ਪ੍ਰੇਰਿਤ ਚਿੱਠੀਆਂ ਲਿਖੀਆਂ ਜੋ ਮਸੀਹੀ ਯੂਨਾਨੀ ਸ਼ਾਸਤਰ ਵਿਚ ਪਾਈਆਂ ਜਾਂਦੀਆਂ ਹਨ। ਤਕਰੀਬਨ 65 ਸਾ.ਯੁ. ਵਿਚ ਜਦੋਂ ਪੌਲੁਸ ਨੂੰ ਪਤਾ ਲੱਗਾ ਕਿ ਉਸ ਨੂੰ ਬਹੁਤ ਜਲਦੀ ਸ਼ਹੀਦ ਕੀਤਾ ਜਾਣਾ ਸੀ, ਤਾਂ ਉਸ ਨੇ ਤਿਮੋਥਿਉਸ ਨੂੰ ਫਿਰ ਆਪਣੇ ਕੋਲ ਬੁਲਾ ਲਿਆ। (2 ਤਿਮੋਥਿਉਸ 4:6, 9) ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਪੌਲੁਸ ਦੀ ਮੌਤ ਤੋਂ ਪਹਿਲਾਂ ਤਿਮੋਥਿਉਸ ਉਸ ਨਾਲ ਮਿਲਿਆ ਸੀ ਜਾਂ ਨਹੀਂ।
ਸੇਵਾ ਕਰਨ ਲਈ ਤਿਆਰ ਰਹੋ!
ਤਿਮੋਥਿਉਸ ਦੀ ਵਧੀਆ ਮਿਸਾਲ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਉਸ ਨੇ ਪੌਲੁਸ ਦੇ ਨਾਲ ਸੰਗਤ ਰੱਖਣ ਦੁਆਰਾ ਬਹੁਤ ਲਾਭ ਉਠਾਇਆ, ਅਤੇ ਸ਼ਰਮਾਕਲ ਨੌਜਵਾਨ ਤੋਂ ਇਕ ਨਿਗਾਹਬਾਨ ਬਣ ਗਿਆ। ਨੌਜਵਾਨ ਮਸੀਹੀ ਆਦਮੀ ਅਤੇ ਔਰਤਾਂ ਅੱਜ ਅਜਿਹੀ ਸੰਗਤ ਤੋਂ ਕਾਫ਼ੀ ਲਾਭ ਹਾਸਲ ਕਰ ਸਕਦੇ ਹਨ। ਅਤੇ ਜੇ ਉਹ ਯਹੋਵਾਹ ਦੀ ਸੇਵਾ ਆਪਣਾ ਕੈਰੀਅਰ ਬਣਾਉਣ, ਤਾਂ ਉਨ੍ਹਾਂ ਕੋਲ ਬਥੇਰਾ ਚੰਗਾ ਕੰਮ ਹੋਵੇਗਾ। (1 ਕੁਰਿੰਥੀਆਂ 15:58) ਉਹ ਸ਼ਾਇਦ ਆਪਣੀ ਹੀ ਕਲੀਸਿਯਾ ਵਿਚ ਪਾਇਨੀਅਰ, ਯਾਨੀ ਪੂਰੇ ਸਮੇਂ ਦੇ ਪ੍ਰਚਾਰਕ ਬਣਨ, ਜਾਂ ਉਹ ਸ਼ਾਇਦ ਕਿਤੇ ਹੋਰ ਜਾ ਕੇ ਸੇਵਾ ਕਰ ਸਕਣ ਜਿੱਥੇ ਰਾਜ ਘੋਸ਼ਕਾਂ ਦੀ ਜ਼ਿਆਦਾ ਲੋੜ ਹੈ। ਸੇਵਾ ਦੇ ਹੋਰ ਮੌਕੇ ਵੀ ਪੇਸ਼ ਹਨ, ਜਿਵੇਂ ਕਿ ਕਿਸੇ ਹੋਰ ਦੇਸ਼ ਵਿਚ ਮਿਸ਼ਨਰੀ ਕੰਮ ਕਰਨਾ, ਜਾਂ ਵਾਚ ਟਾਵਰ ਸੋਸਾਇਟੀ ਦੇ ਹੈੱਡ-ਕੁਆਰਟਰ ਜਾਂ ਇਸ ਦੇ ਕਿਸੇ ਸ਼ਾਖ਼ਾ ਦਫ਼ਤਰ ਵਿਚ ਸੇਵਾ ਕਰਨੀ। ਅਤੇ, ਬਿਨਾਂ ਸ਼ੱਕ, ਸਾਰੇ ਮਸੀਹੀ ਯਹੋਵਾਹ ਦੀ ਸੇਵਾ ਵਿਚ ਪੂਰੀ ਵਾਹ ਲਾ ਕੇ ਤਿਮੋਥਿਉਸ ਵਰਗਾ ਰਵੱਈਆ ਦਿਖਾ ਸਕਦੇ ਹਨ।
ਕੀ ਤੁਸੀਂ ਰੂਹਾਨੀ ਤੌਰ ਤੇ ਤਰੱਕੀ ਕਰਦੇ ਰਹਿਣਾ ਚਾਹੁੰਦੇ ਹੋ? ਅਤੇ ਕੀ ਤੁਸੀਂ ਯਹੋਵਾਹ ਦੇ ਸੰਗਠਨ ਵਿਚ ਹਿੱਸਾ ਲੈਂਦੇ ਰਹਿਣਾ ਚਾਹੁੰਦੇ ਹੋ, ਭਾਵੇਂ ਯਹੋਵਾਹ ਜਿਹੜਾ ਮਰਜ਼ੀ ਕੰਮ ਲਈ ਤੁਹਾਨੂੰ ਇਸਤੇਮਾਲ ਕਰਨਾ ਚਾਹੇ? ਤਾਂ ਫਿਰ ਤਿਮੋਥਿਉਸ ਦੀ ਰੀਸ ਕਰੋ। ਜਿਸ ਹੱਦ ਤਕ ਮੁਮਕਿਨ ਹੈ, ਸੇਵਾ ਕਰਨ ਲਈ ਤਿਆਰ ਰਹੋ। ਕੌਣ ਜਾਣੇ ਕਿ ਤੁਹਾਡੇ ਲਈ ਸੇਵਾ ਦੀਆਂ ਕਿਹੜੀਆਂ ਬਰਕਤਾਂ ਆਉਣਗੀਆਂ।
[ਫੁਟਨੋਟ]
a ਪੌਲੁਸ ਦੀਆਂ ਚਾਰ ਹੋਰ ਚਿੱਠੀਆਂ ਵਿਚ ਵੀ ਤਿਮੋਥਿਉਸ ਦਾ ਜ਼ਿਕਰ ਕੀਤਾ ਗਿਆ ਹੈ।—ਰੋਮੀਆਂ 16:21; 2 ਕੁਰਿੰਥੀਆਂ 1:1; 1 ਥੱਸਲੁਨੀਕੀਆਂ 1:1; 2 ਥੱਸਲੁਨੀਕੀਆਂ 1:1.
[ਸਫ਼ੇ 31 ਉੱਤੇ ਤਸਵੀਰ]
“ਉਹ ਦੇ ਸਮਾਨ ਮੇਰੇ ਕੋਲ ਹੋਰ ਕੋਈ ਨਹੀਂ”