ਵਾਚਟਾਵਰ ਦੇ ਸਿੱਖਿਆ ਕੇਂਦਰ ਦਾ ਸਮਰਪਣ—ਯਹੋਵਾਹ ਲਈ ਮਨਾਇਆ ਗਿਆ ਤਿਉਹਾਰ
ਪੁਰਾਣਿਆਂ ਜ਼ਮਾਨਿਆਂ ਤੋਂ ਲੈ ਕੇ ਹੁਣ ਤਕ ਸੱਚੀ ਉਪਾਸਨਾ ਵਿਚ ਖ਼ੁਸ਼ੀਆਂ-ਭਰੇ ਤਿਉਹਾਰ ਮਨਾਉਣ ਦੀ ਰੀਤ ਰਹੀ ਹੈ। ਪ੍ਰਾਚੀਨ ਇਸਰਾਏਲ ਵਿਚ ਮਨਾਏ ਗਏ ਕੁਝ ਤਿਉਹਾਰ ਕਈਆਂ ਦਿਨਾਂ ਲਈ ਜਾਰੀ ਰਹਿੰਦੇ ਸਨ ਅਤੇ ਉੱਥੇ ਯਹੋਵਾਹ ਦੇ ਹਜ਼ਾਰਾਂ ਦੇ ਹਜ਼ਾਰ ਗਵਾਹ ਹਾਜ਼ਰ ਹੁੰਦੇ ਸਨ। ਸੁਲੇਮਾਨ ਦੀ ਹੈਕਲ ਦਾ ਉਦਘਾਟਨ ਸੱਤਾਂ ਦਿਨਾਂ ਲਈ ਮਨਾਇਆ ਗਿਆ ਸੀ ਅਤੇ ਉਸ ਦੇ ਮਗਰੋਂ ਇਕ ਹਫ਼ਤੇ ਲਈ ਡੇਰਿਆਂ ਦਾ ਪਰਬ ਮਨਾਇਆ ਗਿਆ ਸੀ। ਇਸ ਨੇ ਇਸਰਾਏਲੀਆਂ ਨੂੰ ਇਸ ਸੱਚਾਈ ਉੱਤੇ ਗੌਰ ਕਰਨ ਦਾ ਮੌਕਾ ਪੇਸ਼ ਕੀਤਾ ਕਿ ਯਹੋਵਾਹ ਨੇ ਉਨ੍ਹਾਂ ਦੀ ਕਿੰਨੀ ਵਧੀਆ ਦੇਖ-ਭਾਲ ਕੀਤੀ ਸੀ। ‘ਉਸ ਸਾਰੀ ਭਲਿਆਈ ਦੇ ਕਾਰਨ ਜਿਹੜੀ ਯਹੋਵਾਹ ਨੇ ਉਨ੍ਹਾਂ ਨਾਲ ਕੀਤੀ ਸੀ,’ ਉਹ ਆਪਣੇ ਘਰਾਂ ਨੂੰ “ਖੁਸ਼ੀ ਤੇ ਮਨ ਦੀ ਅਨੰਦਤਾਈ ਨਾਲ ਚਲੇ” ਗਏ।—1 ਰਾਜਿਆਂ 8:66.
ਪੈਟਰਸਨ, ਨਿਊਯਾਰਕ, ਅਮਰੀਕਾ ਵਿਚ ਜੋ 17-22 ਮਈ, 1999 ਨੂੰ ਵਾਚਟਾਵਰ ਦੇ ਸਿੱਖਿਆ ਕੇਂਦਰ ਤੇ ਹੋਇਆ, ਉਸ ਨੇ ਮਹਿਮਾਨਾਂ ਨੂੰ ਉਨ੍ਹਾਂ ਪ੍ਰਾਚੀਨ ਖ਼ੁਸ਼ੀਆਂ-ਭਰੇ ਤਿਉਹਾਰਾਂ ਬਾਰੇ ਯਾਦ ਦਿਲਾਇਆ। ਇਸ ਖ਼ਾਸ ਹਫ਼ਤੇ ਵਿਚ ਬਹੁਤ ਹੀ ਆਉਣੀ-ਜਾਣੀ ਰਹੀ ਅਤੇ ਉਨ੍ਹਾਂ 28 ਇਮਾਰਤਾਂ ਨੂੰ ਸਮਰਪਿਤ ਕਰਨ ਉੱਤੇ ਪੂਰਾ ਧਿਆਨ ਕੇਂਦ੍ਰਿਤ ਕੀਤਾ ਗਿਆ ਜੋ ਦੁਨੀਆਂ ਭਰ ਵਿਚ ਬਾਈਬਲ ਦੀ ਸਿੱਖਿਆ ਨੂੰ ਫੈਲਾਉਣ ਲਈ ਬਣਾਈਆਂ ਗਈਆਂ ਹਨ। ਬਰੁਕਲਿਨ, ਵੌਲਕਿਲ, ਅਤੇ ਪੈਟਰਸਨ ਤੋਂ ਹੈੱਡ-ਕੁਆਰਟਰ ਦੇ ਸਾਰੇ 5,400 ਮੈਂਬਰਾਂ ਲਈ ਪ੍ਰਬੰਧ ਕੀਤਾ ਗਿਆ ਸੀ ਕਿ ਉਹ ਪੈਟਰਸਨ ਦੀਆਂ ਸਹੂਲਤਾਂ ਦਾ ਪੂਰਾ ਦੌਰਾ ਕਰ ਸਕਣ। ਇਹ ਹਫ਼ਤਾ ਬਹੁਤ ਦੇਰ ਲਈ ਚੇਤੇ ਰਹੇਗਾ। ਮਹਿਮਾਨਾਂ ਵਿਚ ਸਟਾਫ਼ ਦੇ 500 ਤੋਂ ਜ਼ਿਆਦਾ ਸਾਬਕਾ ਮੈਂਬਰ ਵੀ ਹਾਜ਼ਰ ਸਨ ਜਿਨ੍ਹਾਂ ਨੇ ਸਿੱਖਿਆ ਕੇਂਦਰ ਦੀ ਉਸਾਰੀ ਵਿਚ ਹੱਥ ਵਟਾਇਆ ਸੀ। ਵਾਚ ਟਾਵਰ ਸੋਸਾਇਟੀ ਦੇ 23 ਸ਼ਾਖਾ ਦਫ਼ਤਰਾਂ ਤੋਂ ਡੈਲੀਗੇਟ, ਅਤੇ ਨਜ਼ਦੀਕੀ ਕਲੀਸਿਯਾਵਾਂ ਤੋਂ ਵੀ ਭੈਣ-ਭਰਾ ਆਏ ਸਨ। ਮਹਿਮਾਨਾਂ ਦੀ ਕੁਲ ਗਿਣਤੀ ਘੱਟ ਤੋਂ ਘੱਟ 8,100 ਸੀ।
ਦੌਰੇ ਦੌਰਾਨ ਸਿੱਖਿਆਦਾਇਕ ਪ੍ਰਦਰਸ਼ਨ
ਮਹਿਮਾਨਾਂ ਨੂੰ ਸਿੱਖਿਆ ਕੇਂਦਰ ਨਾਲ ਜਾਣ-ਪਛਾਣ ਕਰਾਉਣ ਲਈ ਵਿਡਿਓ ਦੁਆਰਾ ਸਿੱਖਿਆਦਾਇਕ ਪੇਸ਼ਕਾਰੀਆਂ ਅਤੇ ਖ਼ਾਸ ਪ੍ਰਦਰਸ਼ਨਾਂ ਦੇ ਪ੍ਰਬੰਧ ਕੀਤੇ ਗਏ ਸਨ। ਗਾਈਡਾਂ ਤੋਂ ਬਿਨਾਂ ਦੌਰਾ ਕਰ ਸਕਣ ਦੇ ਪ੍ਰਬੰਧ ਵੀ ਸਨ। ਲਾਬੀ ਵਿਚ ਮਹਿਮਾਨ ਸਭ ਤੋਂ ਪਹਿਲਾਂ ਉਸ ਹੈਕਲ ਦਾ ਮਾਡਲ ਦੇਖਦੇ ਸਨ ਜੋ ਧਰਤੀ ਉੱਤੇ ਯਿਸੂ ਦੀ ਸੇਵਾ ਦੌਰਾਨ ਯਰੂਸ਼ਲਮ ਵਿਚ ਹੁੰਦੀ ਸੀ। ਦੂਜੇ ਪ੍ਰਦਰਸ਼ਨ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦਾ ਮੁਢਲਾ ਇਤਿਹਾਸ ਦਿਖਾਉਂਦੇ ਸਨ। ਹੋਰ ਪ੍ਰਦਰਸ਼ਨਾਂ ਨੇ ਅਜਿਹੀਆਂ ਚੀਜ਼ਾਂ ਦਿਖਾਈਆਂ ਜਿਵੇਂ ਕਿ ਪਹਿਲੇ-ਪਹਿਲੇ ਮਹਾਂ-ਸੰਮੇਲਨ, ਕਲੀਸਿਯਾ ਦੀਆਂ ਸਭਾਵਾਂ, ਬਾਈਬਲ ਸਟੱਡੀਆਂ ਕਰਨ ਵਿਚ ਤਰੱਕੀ। ਇਹ ਸੱਟਡੀਆਂ ਹੁਣ ਹਰ ਹਫ਼ਤੇ ਲੱਖਾਂ ਹੀ ਘਰਾਂ ਵਿਚ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਪ੍ਰਚਾਰ ਦਾ ਕੰਮ ਜਾਰੀ ਰੱਖਣ ਲਈ ਕਾਨੂੰਨੀ ਵਿਭਾਗ ਦੁਆਰਾ ਕੀਤੇ ਜਾਂਦੇ ਕੰਮਾਂ ਬਾਰੇ ਵੀ ਪ੍ਰਦਰਸ਼ਨ ਦੇਖੇ। ਪ੍ਰਚਾਰ ਦਾ ਕੰਮ ਯਿਸੂ ਦੇ ਹੁਕਮ ਦੀ ਪਾਲਣਾ ਵਿਚ ਕੀਤਾ ਜਾਂਦਾ ਹੈ।—ਮੱਤੀ 28:19, 20.
ਲਾਗਲੇ ਹਾਲ ਵਿਚ, ਜਿੱਥੇ ਆਸਾਨੀ ਨਾਲ 1,700 ਬੰਦੇ ਬੈਠ ਸਕਦੇ ਹਨ, ਸਮਰਪਣ ਤੇ ਆਏ ਡੈਲੀਗੇਟਾਂ ਨੂੰ 33 ਮਿੰਟਾਂ ਦਾ ਵਿਡਿਓ ਦਿਖਾਇਆ ਜਾਂਦਾ ਸੀ ਜਿਸ ਦਾ ਨਾਂ ਸੀ “ਨਾ ਬਲ ਨਾਲ, ਸਗੋਂ ਮੇਰੇ ਆਤਮਾ ਨਾਲ।” ਇਸ ਵਿਡਿਓ ਨੇ ਦਿਖਾਇਆ ਕਿ ਵਾਚਟਾਵਰ ਦਾ ਸਿੱਖਿਆ ਕੇਂਦਰ ਕਿਵੇਂ ਸ਼ੁਰੂ ਹੋਇਆ। ਇੰਟਰਵਿਊਆਂ ਤੋਂ ਪਤਾ ਚੱਲਿਆ ਕਿ ਯਹੋਵਾਹ ਨੇ ਕਈਆਂ ਗੱਲਾਂ ਵਿਚ ਆਪਣਾ ਹੱਥ ਦਿਖਾਇਆ ਅਤੇ ਭਰਾਵਾਂ ਦੇ ਜਤਨਾਂ ਉੱਤੇ ਬਰਕਤ ਪਾਈ ਤਾਂਕਿ ਇਹ 15 ਸਾਲਾਂ ਦਾ ਪ੍ਰਾਜੈਕਟ ਸਿਰੇ ਚੜ੍ਹ ਸਕੇ। ਹਜ਼ਾਰਾਂ ਹੀ ਭੈਣ-ਭਰਾਵਾਂ ਨੇ ਉਸਾਰੀ ਦੇ ਕੰਮ ਵਿਚ ਹਿੱਸਾ ਲਿਆ। ਸਾਲ 1994 ਵਿਚ ਇਕ ਵਾਰ 526 ਭੈਣ-ਭਰਾ ਉੱਥੇ ਕੰਮ ਕਰ ਰਹੇ ਸਨ, ਜਿਨ੍ਹਾਂ ਵਿਚ ਆਪਣਾ ਪੂਰਾ ਸਮਾਂ ਦੇਣ ਵਾਲੇ 350 ਸਵੈ-ਇਛੁੱਕ ਸੇਵਕ ਸਨ, ਸਮੇਂ-ਸਮੇਂ ਦੇ ਆਉਣ-ਜਾਣ ਵਾਲੇ 113 ਕਾਮੇ ਸਨ, ਅਤੇ ਅਜਿਹੇ 63 ਕਾਮੇ ਵੀ ਸਨ ਜਿਨ੍ਹਾਂ ਨੇ ਹੱਥ ਵਟਾਉਣ ਲਈ ਰੋਜ਼ ਆਪਣੇ ਘਰੋਂ ਸਫ਼ਰ ਕੀਤਾ। ਹੋਰ ਕਈਆਂ ਨੇ ਚੰਦਾ ਦੇ ਕੇ ਮਦਦ ਕੀਤੀ। ਇਹ ਸਾਰੇ ਭੈਣ-ਭਰਾ ਜਾਣਦੇ ਹਨ ਕਿ ਯਹੋਵਾਹ ਦੀ ਆਤਮਾ ਤੋਂ ਬਿਨਾਂ ਇਹ ਕੰਮ ਕਦੇ ਵੀ ਸਫ਼ਲ ਨਹੀਂ ਹੋ ਸਕਦਾ ਸੀ।—ਜ਼ਕਰਯਾਹ 4:6.
ਮਹਿਮਾਨ ਇਹ ਦੇਖ ਸਕਦੇ ਸਨ ਕਿ ਸਿੱਖਿਆ ਦੇ ਇਸ ਕੇਂਦਰ ਵਿਚ ਜ਼ਿਆਦਾ ਧਿਆਨ ਈਸ਼ਵਰੀ ਸਿੱਖਿਆ ਦੇਣ ਦੇ ਕੰਮ ਨੂੰ ਦਿੱਤਾ ਜਾਂਦਾ ਹੈ। ਸਕੂਲ ਭਵਨ ਦੀ ਪਹਿਲੀ ਮੰਜ਼ਲ ਤੇ ਗਿਲੀਅਡ ਸਕੂਲ ਦੇ ਮੋਹਰੇ ਇਕ ਪ੍ਰਦਰਸ਼ਨ ਨੇ ਦਿਖਾਇਆ ਕਿ ਇਸ ਸਕੂਲ ਦੀ ਕਿੰਨੀ ਵਧੀਆ ਰੂਹਾਨੀ ਵਿਰਾਸਤ ਅਤੇ ਇਤਿਹਾਸ ਹੈ। ਸਾਲ 1943 ਵਿਚ ਗਿਲੀਅਡ ਸਕੂਲ ਦੀ ਪਹਿਲੀ ਕਲਾਸ ਤੋਂ ਲੈ ਕੇ ਹੁਣ ਤਕ ਇਸ ਸਕੂਲ ਨੇ 7,000 ਵਿਦਿਆਰਥੀ ਮਿਸ਼ਨਰੀ ਸੇਵਾ ਲਈ ਤਿਆਰ ਕੀਤੇ ਹਨ। ਇਸ ਸਕੂਲ ਦਾ ਮੁਢਲਾ ਕੈਂਪੱਸ ਸਾਉਥ ਲੈਂਸਿੰਗ, ਨਿਊਯਾਰਕ ਵਿਚ ਸੀ। ਸਕੂਲ ਭਵਨ ਦੀ ਦੂਜੀ ਮੰਜ਼ਲ ਤੇ ਸ਼ਾਖਾ ਸਮਿਤੀ ਦੇ ਮੈਂਬਰਾਂ ਅਤੇ ਸਫ਼ਰੀ ਨਿਗਾਹਬਾਨਾਂ ਦੇ ਸਕੂਲਾਂ ਦੀਆਂ ਤਸਵੀਰਾਂ ਸਨ। ਇਹ ਦੋਨੋ ਸਕੂਲ ਇੱਥੇ ਹੀ ਲੱਗਦੇ ਹਨ। ਨਵੰਬਰ 1995 ਵਿਚ ਸ਼ਾਖਾ ਸਕੂਲ ਦੇ ਸ਼ੁਰੂ ਤੋਂ ਲੈ ਕੇ ਹੁਣ ਤਕ, 106 ਦੇਸ਼ਾਂ ਤੋਂ 360 ਸ਼ਾਖਾ ਸਮਿਤੀ ਮੈਂਬਰਾਂ ਨੂੰ ਖ਼ਾਸ ਸਿੱਖਿਆ ਦਿੱਤੀ ਗਈ ਹੈ।
ਮਹਿਮਾਨ ਜਲਦੀ ਹੀ ਜਾਣ ਗਏ ਕਿ ਉਹ ਕਈਆਂ ਵਿਭਾਗਾਂ ਵਿਚ ਤਸਵੀਰਾਂ ਨਾਲੋਂ ਹੋਰ ਬਹੁਤ ਕੁਝ ਦੇਖ ਸਕਦੇ ਸਨ। ਉਹ ਵਿਭਾਗਾਂ ਦੇ ਅੰਦਰ ਜਾ ਕੇ ਦਫ਼ਤਰਾਂ ਅਤੇ ਕੰਮਾਂ-ਕਾਰਾਂ ਵਾਲੇ ਦੂਜੇ ਥਾਂ ਵੀ ਦੇਖ ਸਕਦੇ ਸਨ। ਉਹ ਇੱਥੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਸਨ। ਦੌਰੇ ਦੀ ਇਕ ਵਿਸ਼ੇਸ਼ਤਾ ਉਹ ਭਵਨ ਸੀ ਜਿੱਥੇ ਆਡਿਓ/ਵਿਡਿਓ ਟੇਪਾਂ ਬਣਾਈਆਂ ਜਾਂਦੀਆਂ ਹਨ। ਬਾਈਬਲ ਸਿੱਖਿਆ ਵਧਾਉਣ ਵਾਸਤੇ ਇੱਥੇ ਕਿੰਨੀਆਂ ਵਧੀਆ ਸਹੂਲਤਾਂ ਹਨ! ਮਹਿਮਾਨਾਂ ਨੂੰ ਸਿੱਖਿਆਦਾਇਕ ਪ੍ਰਦਰਸ਼ਨਾਂ ਅਤੇ ਛੋਟੀਆਂ ਫ਼ਿਲਮਾਂ ਦੁਆਰਾ ਸਮਝਾਇਆ ਗਿਆ ਕਿ ਆਵਾਜ਼ਾਂ ਕਿਵੇਂ ਰਿਕਾਰਡ ਕੀਤੀਆਂ ਜਾਂਦੀਆਂ ਹਨ ਅਤੇ ਵਿਡਿਓ ਕਿਵੇਂ ਬਣਾਏ ਜਾਂਦੇ ਹਨ। ਉਹ ਦੇਖ ਸਕੇ ਕਿ ਡਰਾਮਿਆਂ ਵਾਸਤੇ ਸਹੀ ਕੱਪੜਿਆਂ ਅਤੇ ਚੀਜ਼ਾਂ ਦੀ ਤਿਆਰੀ ਲਈ ਕਿੰਨੀ ਜ਼ਿਆਦਾ ਮਿਹਨਤ ਕੀਤੀ ਜਾਂਦੀ ਹੈ। ਉਨ੍ਹਾਂ ਨੇ ਦੇਖਿਆ ਕਿ ਮੰਚ ਘੱਟ ਤੋਂ ਘੱਟ ਖ਼ਰਚ ਨਾਲ, ਪਰ ਕਿੰਨੇ ਧਿਆਨ ਨਾਲ ਤਿਆਰ ਕੀਤੇ ਜਾਂਦੇ ਹਨ। ਉਹ ਸਾਜ਼ ਅਤੇ ਆਵਾਜ਼ ਦੀ ਵਰਤੋਂ ਦੇਖ ਸਕੇ ਜਿਸ ਦੁਆਰਾ ਲੋਕ ਮਹਿਸੂਸ ਕਰਦੇ ਹਨ ਕਿ ਦੇਖੇ ਜਾ ਰਹੇ ਦ੍ਰਿਸ਼ਾਂ ਵਿਚ ਉਹ ਖ਼ੁਦ ਸ਼ਾਮਲ ਹਨ। ਸੋਸਾਇਟੀ ਨੇ 1990 ਤੋਂ ਲੈ ਕੇ ਹੁਣ ਤਕ ਤਰ੍ਹਾਂ-ਤਰ੍ਹਾਂ ਦੇ ਬਾਈਬਲ ਵਿਸ਼ਿਆਂ ਉੱਤੇ 41 ਭਾਸ਼ਾਵਾਂ ਵਿਚ 10 ਵਿਡਿਓ ਤਿਆਰ ਕੀਤੇ ਹਨ। ਇਸ ਤੋਂ ਇਲਾਵਾ, ਅਮਰੀਕਨ ਸੈਨਤ ਭਾਸ਼ਾ ਵਰਤਣ ਵਾਲਿਆਂ ਲਈ ਵੀ ਵਿਡਿਓ-ਕੈਸਟਾਂ ਤਿਆਰ ਕੀਤੀਆਂ ਗਈਆਂ ਹਨ।
ਮਹਿਮਾਨਾਂ ਨੇ ਫੋਟੋਆਂ ਤਿਆਰ ਕਰਨ ਅਤੇ ਤਸਵੀਰਾਂ ਬਣਾਉਣ ਵਾਲੇ ਵਿਭਾਗ ਦੇਖੇ। ਉਨ੍ਹਾਂ ਨੇ ਉਹ ਵਿਭਾਗ ਦੇਖਿਆ ਜਿੱਥੋਂ ਕੰਪਿਊਟਰ ਸਿਖਲਾਈ ਅਤੇ ਹੋਰ ਜ਼ਰੂਰੀ ਮਦਦ ਦਿੱਤੀ ਜਾਂਦੀ ਹੈ, ਅਤੇ ਸੇਵਾ ਵਿਭਾਗ ਜੋ 11,242 ਕਲੀਸਿਯਾਵਾਂ ਅਤੇ 572 ਸਫ਼ਰੀ ਨਿਗਾਹਬਾਨਾਂ ਦੀ ਦੇਖ-ਭਾਲ ਕਰਦਾ ਹੈ। ਉਨ੍ਹਾਂ ਨੇ ਚਿੱਠੀ-ਪੱਤਰ ਵਿਭਾਗ ਦੇਖਿਆ ਜੋ ਹਰ ਸਾਲ ਕੁਝ 14,000 ਚਿੱਠੀਆਂ ਦੇ ਜਵਾਬ ਦਿੰਦਾ ਹੈ। ਇਹ ਜਾਣ ਕੇ ਉਨ੍ਹਾਂ ਉੱਤੇ ਡੂੰਘਾ ਪ੍ਰਭਾਵ ਪਿਆ ਕਿ ਚਿੱਠੀਆਂ ਰਾਹੀਂ ਜਵਾਬ ਦੇਣ ਦੇ ਸੰਬੰਧ ਵਿਚ ਕਿੰਨੀ ਮਿਹਨਤ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਇਹ ਵੀ ਅਹਿਸਾਸ ਹੋਇਆ ਕਿ ਚਿੱਠੀਆਂ ਭੇਜਣ ਵਾਲਿਆਂ ਦੀ ਕਿੰਨੀ ਪਰਵਾਹ ਕੀਤੀ ਜਾਂਦੀ ਹੈ, ਜਿਨ੍ਹਾਂ ਦੀਆਂ ਚਿੱਠੀਆਂ ਤੋਂ ਸਬੂਤ ਮਿਲਦਾ ਹੈ ਕਿ ਉਹ ਬਹੁਤ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ।
ਤਰਜਮੇ ਦੀ ਸੇਵਾ ਦੇ ਵਿਭਾਗ ਵਿਚ ਕਾਫ਼ੀ ਮਹਿਮਾਨ ਆਏ। ਉਹ ਇਹ ਜਾਣ ਕੇ ਬਹੁਤ ਹੈਰਾਨ ਹੋਏ ਕਿ ਪਿੱਛਲੇ ਪੰਜਾਂ ਸਾਲਾਂ ਦੌਰਾਨ ਸੋਸਾਇਟੀ, ਬਾਈਬਲ ਦਾ ਸਾਹਿੱਤ 102 ਨਵੀਆਂ ਭਾਸ਼ਾਵਾਂ ਵਿਚ ਤਿਆਰ ਕਰਨ ਲੱਗੀ ਹੈ। ਸੰਸਾਰ-ਭਰ ਵਿਚ ਯਹੋਵਾਹ ਦੇ ਕੁਝ 80 ਫੀ ਸਦੀ ਗਵਾਹ ਸੋਸਾਇਟੀ ਦੇ ਅੰਗ੍ਰੇਜ਼ੀ ਪ੍ਰਕਾਸ਼ਨ ਨਹੀਂ ਪੜ੍ਹ ਸਕਦੇ। ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ, 100 ਦੇਸ਼ਾਂ ਵਿਚ 1,700 ਤੋਂ ਜ਼ਿਆਦਾ ਸਵੈ-ਇਛੁੱਕ ਸੇਵਕ ਪ੍ਰਕਾਸ਼ਨਾਂ ਦਾ ਅਨੁਵਾਦ ਕਰਦੇ ਹਨ। ਪ੍ਰਦਰਸ਼ਨਾਂ ਵਿਚ ਉੱਤਰੀ ਅਤੇ ਦੱਖਣੀ ਅਮਰੀਕਾ, ਯੂਰਪ, ਏਸ਼ੀਆ, ਅਤੇ ਅਫ਼ਰੀਕਾ ਦੀਆਂ ਭਾਸ਼ਾਵਾਂ ਵਿਚ ਪਹਿਰਾਬੁਰਜ ਦੇ ਰਸਾਲੇ ਦਿਖਾਏ ਗਏ ਸਨ। ਮਹਿਮਾਨ 31 ਭਾਸ਼ਾਵਾਂ ਵਿਚ ਬਾਈਬਲ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਦੇਖ ਸਕਦੇ ਸਨ। ਉਨ੍ਹਾਂ ਨੂੰ ਪਤਾ ਚੱਲਿਆ ਕਿ ਵਾਚ ਟਾਵਰ ਪ੍ਰਕਾਸ਼ਨ ਹੁਣ 332 ਭਾਸ਼ਾਵਾਂ ਵਿਚ ਮਿਲ ਸਕਦੇ ਹਨ ਅਤੇ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਨਾਂ ਦਾ ਬ੍ਰੋਸ਼ਰ ਇਨ੍ਹਾਂ ਵਿੱਚੋਂ 219 ਭਾਸ਼ਾਵਾਂ ਵਿਚ ਹੈ।
ਕਾਨੂੰਨੀ ਵਿਭਾਗ ਦਾ ਦੌਰਾ ਕਰਨ ਵਾਲਿਆਂ ਨੂੰ ਉਸ ਦੇ ਉਹ ਵੱਖਰੇ-ਵੱਖਰੇ ਕੰਮ ਸਮਝਾਏ ਗਏ ਜਿਨ੍ਹਾਂ ਵਾਸਤੇ ਸੰਸਾਰ ਭਰ ਵਿਚ ਕਾਨੂੰਨੀ ਸਹਾਇਤਾ ਦੀ ਲੋੜ ਹੈ। ਉਨ੍ਹਾਂ ਨੇ ਵਿਡਿਓ ਦੁਆਰਾ ਇਕ ਅਸਲੀ ਕਚਹਿਰੀ ਵਿਚ ਹੋ ਰਹੀਆਂ ਗੱਲਾਂ ਸੁਣੀਆਂ। ਇਸ ਵਿਡਿਓ ਵਿਚ ਇਕ ਵਕੀਲ ਭਰਾ ਇਕ ਕੇਸ ਵਿਚ ਖ਼ੂਨ ਚੜ੍ਹਾਉਣ ਦੇ ਵਿਰੁੱਧ ਗੱਲਾਂ ਕਰ ਰਿਹਾ ਸੀ। ਉਨ੍ਹਾਂ ਨੇ ਇਹ ਵੀ ਸਿੱਖਿਆ ਕਿ ਖ਼ੁਸ਼ ਖ਼ਬਰੀ ਦਾ ਖੁੱਲ੍ਹੇ-ਆਮ ਪ੍ਰਚਾਰ ਕਰੀ ਜਾਣ ਲਈ ਕੀ ਕੀਤਾ ਜਾ ਰਿਹਾ ਹੈ। (ਫ਼ਿਲਿੱਪੀਆਂ 1:7) ਮਹਿਮਾਨਾਂ ਦਾ ਧਿਆਨ ਇਕ ਫੈਡਰਲ ਡਿਸਟ੍ਰਿਕਟ ਕੋਰਟ ਦੇ ਫ਼ੈਸਲੇ ਵੱਲ ਖਿੱਚਿਆ ਗਿਆ ਸੀ ਜਿਸ ਨੇ ਇਸ ਸਾਲ ਦੇ ਮਾਰਚ ਵਿਚ ਨਿਊਜਰਜ਼ੀ, ਅਮਰੀਕਾ ਦੇ ਔਰਾਡੈਲ ਨਗਰ ਨੂੰ ਇਕ ਕਾਨੂੰਨ ਬਦਲਣ ਦਾ ਹੁਕਮ ਦਿੱਤਾ। ਇਹ ਕਾਨੂੰਨ ਮੰਗ ਕਰਦਾ ਸੀ ਕਿ ਉਸ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨੂੰ ਘਰ-ਘਰ ਜਨਤਕ ਪ੍ਰਚਾਰ ਕਰਨ ਲਈ ਪਰਮਿਟਾਂ ਅਤੇ ਬੈਜਾਂ ਦੀ ਜ਼ਰੂਰਤ ਹੋਵੇਗੀ।
ਮਹਿਮਾਨਾਂ ਨੇ ਹੋਰ ਬਹੁਤ ਕੁਝ ਦੇਖਿਆ। ਉਨ੍ਹਾਂ ਨੇ ਉਸਾਰੀ ਦੇ ਕਾਰਖ਼ਾਨੇ ਦੇਖੇ ਜਿਨ੍ਹਾਂ ਵਿਚ ਪ੍ਰਦਰਸ਼ਨਾਂ ਦੁਆਰਾ ਦਿਖਾਇਆ ਗਿਆ ਸੀ ਕਿ ਉਸਾਰੀ ਕਰਨ ਤੋਂ ਪਹਿਲਾਂ ਦੀਵਾਰਾਂ ਅਤੇ ਹੋਰ ਚੀਜ਼ਾਂ ਕਿਵੇਂ ਤਿਆਰ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਗੰਦੇ ਪਾਣੀ ਨੂੰ ਸਾਫ਼ ਕਰਨ ਦੀਆਂ ਸਹੂਲਤਾਂ, ਬਿਜਲੀ-ਘਰ, ਪਾਣੀ ਨੂੰ ਮੁਲਾਇਮ ਕਰਨ ਦੀਆਂ ਸਹੂਲਤਾਂ, ਅਤੇ ਹੋਰ ਕਈ ਪ੍ਰਕਾਰ ਦੇ ਕਾਰਖ਼ਾਨੇ ਦੇਖੇ। ਉਹ ਇਹ ਸਭ ਕੁਝ ਦੇਖ ਸਕਣ ਤੇ ਕਿੰਨੇ ਖ਼ੁਸ਼ ਹੋਏ।
ਸਮਰਪਣ ਦਾ ਪ੍ਰੋਗ੍ਰਾਮ ਈਸ਼ਵਰੀ ਸਿੱਖਿਆ ਉੱਤੇ ਜ਼ੋਰ ਦਿੰਦਾ ਹੈ
ਸਮਰਪਣ ਦਾ ਪ੍ਰੋਗ੍ਰਾਮ 19 ਮਈ, ਬੁੱਧਵਾਰ ਦੁਪਹਿਰ ਨੂੰ 4 ਵਜੇ ਸ਼ੁਰੂ ਹੋਇਆ ਸੀ। ਉੱਥੇ 6,929 ਖ਼ੁਸ਼ ਵਿਅਕਤੀ ਹਾਜ਼ਰ ਸਨ, ਜਿਨ੍ਹਾਂ ਵਿਚ ਹੈੱਡ-ਕੁਆਰਟਰ ਸਟਾਫ਼ ਦੇ ਮੈਂਬਰ, ਸੋਸਾਇਟੀ ਦੇ ਮਹਿਮਾਨ, ਅਤੇ ਕੈਨੇਡਾ ਸ਼ਾਖਾ ਤੇ ਬੈਠੇ 372 ਭੈਣ-ਭਰਾ ਵੀ ਪ੍ਰੋਗ੍ਰਾਮ ਸੁਣ ਸਕਦੇ ਸਨ।
ਆਰੰਭ ਵਿਚ ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ, ਮਿਲਟਨ ਜੀ. ਹੈੱਨਸ਼ਲ, ਨੇ ਹਾਜ਼ਰੀਨ ਦਾ ਨਿੱਘਾ ਸੁਆਗਤ ਕੀਤਾ। ਇਸ ਤੋਂ ਬਾਅਦ, ਪ੍ਰਬੰਧਕ ਸਭਾ ਦੇ ਮੈਂਬਰ ਅਤੇ ਇਸ ਪ੍ਰੋਗ੍ਰਾਮ ਦੇ ਸਭਾਪਤੀ, ਥੀਓਡੋਰ ਜੈਰਸ ਨੇ ਵਿਲੀਅਮ ਮੇਲਨਫੌਂਟ ਨੂੰ ਪੇਸ਼ ਕੀਤਾ। “ਉਸਾਰੀ ਦੇ ਪ੍ਰੋਗ੍ਰਾਮ ਦੀਆਂ ਵਿਸ਼ੇਸ਼ਤਾਵਾਂ” ਦੇ ਵਿਸ਼ੇ ਨੂੰ ਪੇਸ਼ ਕਰਦਿਆਂ, ਉਸ ਨੇ ਉਨ੍ਹਾਂ ਤਿੰਨਾਂ ਭਰਾਵਾਂ ਦੀ ਇੰਟਰਵਿਊ ਲਈ ਜਿਨ੍ਹਾਂ ਨੇ ਵਾਚਟਾਵਰ ਦੇ ਸਿੱਖਿਆ ਕੇਂਦਰ ਦੀ ਤਿਆਰੀ, ਡੀਜ਼ਾਈਨ, ਅਤੇ ਉਸਾਰੀ ਵਿਚ ਵੱਡਾ ਹਿੱਸਾ ਲਿਆ ਸੀ। ਇੰਟਰਵਿਊਆਂ ਤੋਂ ਪਤਾ ਚੱਲਿਆ ਕਿ ਉਸਾਰੀ ਦੇ ਅਸਲੀ ਕੰਮ ਦੌਰਾਨ, ਇਸ ਪ੍ਰਾਜੈਕਟ ਤੇ ਕੰਮ ਕਰਨ ਲਈ 8,700 ਆਉਣ-ਜਾਣ ਵਾਲੇ ਮਜ਼ਦੂਰਾਂ ਨੇ ਆਪਣਾ ਖ਼ਰਚ ਖ਼ੁਦ ਚੁੱਕਿਆ। ਇਹ ਕਿੰਨੀ ਵਧੀਆ ਗਵਾਹੀ ਹੈ ਕਿ ਈਸ਼ਵਰੀ ਸਿੱਖਿਆ ਏਕਤਾ ਅਤੇ ਦਰਿਆ-ਦਿਲ ਪੈਦਾ ਕਰ ਸਕਦੀ ਹੈ!
ਇਸ ਤੋਂ ਬਾਅਦ “ਵਿਸ਼ਵ-ਵਿਆਪੀ ਪੈਮਾਨੇ ਤੇ ਈਸ਼ਵਰੀ ਸਿੱਖਿਆ” ਦੇ ਵਿਸ਼ੇ ਤੇ ਭਾਸ਼ਣ-ਲੜੀ ਸ਼ੁਰੂ ਹੋਈ। ਇਹ ਲੜੀ ਪ੍ਰਬੰਧਕ ਸਭਾ ਦੇ ਚਾਰ ਮੈਂਬਰਾਂ ਨੇ ਪੇਸ਼ ਕੀਤੀ। ਜੌਨ ਈ. ਬਾਰ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਈਸ਼ਵਰੀ ਸਿੱਖਿਆ ਦਾ ਆਧਾਰ ਪਰਮੇਸ਼ੁਰ ਦਾ ਸ਼ਬਦ, ਬਾਈਬਲ ਹੈ। ਇਹ ਮਸੀਹੀਆਂ ਨੂੰ ‘ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹਿਣ ਅਤੇ ਪਰਮੇਸ਼ੁਰ ਦੀ ਪਛਾਣ ਵਿੱਚ ਵੱਧਦੇ ਜਾਣ’ ਲਈ ਹੌਸਲਾ ਦਿੰਦੀ ਹੈ। (ਕੁਲੁੱਸੀਆਂ 1:10) ਡੈਨਿਏਲ ਸਿਡਲਿਕ ਨੇ ਇਸ ਵਿਸ਼ੇ ਉੱਤੇ ਚਰਚਾ ਕੀਤੀ ਕਿ ਈਸ਼ਵਰੀ ਸਿੱਖਿਆ, ਮਸੀਹੀ ਕਲੀਸਿਯਾ ਦੇ ਸਰਦਾਰ ਯਿਸੂ ਮਸੀਹ ਤੋਂ ਲੈ ਕੇ ਵਿਸ਼ਵ-ਵਿਆਪੀ ਭਾਈਚਾਰੇ ਦੇ ਹਰ ਮੈਂਬਰ ਤਕ ਪਰਮੇਸ਼ਵਰੀ ਤਰੀਕੇ ਵਿਚ ਪਹੁੰਚਾਈ ਜਾਂਦੀ ਹੈ। (1 ਕੁਰਿੰਥੀਆਂ 12:12-27) ਗੇਰਟ ਲੋਸ਼ ਅਤੇ ਕੈਰੀ ਬਾਰਬਰ ਦੁਆਰਾ ਪੇਸ਼ ਕੀਤੇ ਗਏ ਭਾਸ਼ਣ-ਲੜੀ ਦੇ ਅਖ਼ੀਰਲੇ ਦੋ ਹਿੱਸਿਆਂ ਨੇ ਦਿਖਾਇਆ ਕਿ ਈਸ਼ਵਰੀ ਸਿੱਖਿਆ ਸੇਵਕਾਂ ਨੂੰ ਹਰ ਜਗ੍ਹਾ ਲੋਕਾਂ ਨੂੰ ਪ੍ਰਚਾਰ ਕਰਨ ਅਤੇ ਉਨ੍ਹਾਂ ਨੂੰ ਸਿੱਖਿਆ ਦੇਣ ਦੇ ਯੋਗ ਬਣਾਉਂਦੀ ਹੈ, ਤਾਂਕਿ ਉਹ ਵੀ ਪਰਮੇਸ਼ੁਰ ਦੇ ਮਾਰਗਾਂ ਵਿਚ ਚੱਲ ਸਕਣ।—ਯਸਾਯਾਹ 2:1-4; 2 ਕੁਰਿੰਥੀਆਂ 3:5.
ਅਧਿਆਪਕਾਂ ਅਤੇ ਸਕੂਲ ਚਲਾਉਣ ਵਾਲੇ ਹੋਰ ਵਿਅਕਤੀਆਂ ਨਾਲ ਇੰਟਰਵਿਊ ਅਤੇ ਚਰਚਾ ਕਰ ਕੇ, ਇਸ ਸਿੱਖਿਆ ਕੇਂਦਰ ਦੇ ਅਨੇਕ ਸਕੂਲਾਂ ਨਾਲ ਹਾਜ਼ਰੀਨ ਦੀ ਜਾਣ-ਪਛਾਣ ਕਰਵਾਈ ਗਈ। ਵਿਸ਼ਵ-ਵਿਆਪੀ ਪੈਮਾਨੇ ਤੇ ਈਸ਼ਵਰੀ ਸਿੱਖਿਆ ਦਾ ਪ੍ਰੋਗ੍ਰਾਮ ਜਾਰੀ ਕਰਨ ਲਈ ਹਰੇਕ ਸਕੂਲ ਦਾ ਆਪੋ-ਆਪਣਾ ਕੰਮ ਸਮਝਾਇਆ ਗਿਆ। ਗਿਲੀਅਡ ਸਕੂਲ ਬਾਰੇ ਸਮਝਾਇਆ ਗਿਆ ਕਿ ਉਹ ਬਾਈਬਲ ਦੀ ਇਕ-ਇਕ ਪੁਸਤਕ ਦੀ ਪੜ੍ਹਾਈ ਕਰਾਉਂਦਾ ਹੈ, ਯਹੋਵਾਹ ਦੇ ਮੌਜੂਦਾ ਲੋਕਾਂ ਦੇ ਇਤਿਹਾਸ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ, ਅਤੇ ਮਿਸ਼ਨਰੀ ਸੇਵਾ ਲਈ ਭਰਾਵਾਂ ਨੂੰ ਤਿਆਰ ਕਰਦਾ ਹੈ। ਸ਼ਾਖਾ ਸਕੂਲ ਵਿਚ ਸ਼ਾਖਾ ਸਮਿਤੀ ਦੇ ਮੈਂਬਰ ਉਨ੍ਹਾਂ ਅਨੇਕ ਮਾਮਲਿਆਂ ਬਾਰੇ ਪੂਰਾ-ਪੂਰਾ ਅਧਿਐਨ ਕਰਦੇ ਹਨ ਜਿਨ੍ਹਾਂ ਲਈ ਉਹ ਜ਼ਿੰਮੇਵਾਰ ਹੁੰਦੇ ਹਨ। ਸਫ਼ਰੀ ਨਿਗਾਹਬਾਨਾਂ ਲਈ ਸਕੂਲ ਸਿਰਫ਼ ਇਨ੍ਹਾਂ ਭਰਾਵਾਂ ਦੀਆਂ ਲੋੜਾਂ ਹੀ ਨਹੀਂ ਪੂਰੀਆਂ ਕਰਦਾ, ਪਰ ਉਨ੍ਹਾਂ ਨੂੰ ਅਜਿਹੀ ਰੂਹਾਨੀ ਮਦਦ ਦੇ ਸਕਣ ਦੇ ਯੋਗ ਬਣਾਉਂਦਾ ਹੈ ਜਿਸ ਤੋਂ ਕਲੀਸਿਯਾਵਾਂ ਨੂੰ ਵੀ ਮਦਦ ਮਿਲਦੀ ਹੈ।
ਇਸ ਵਧੀਆ ਪ੍ਰੋਗ੍ਰਾਮ ਨੂੰ ਸਮਾਪਤ ਕਰਨ ਲਈ ਪ੍ਰਬੰਧਕ ਸਭਾ ਦੇ ਮੈਂਬਰ, ਲੋਇਡ ਬੈਰੀ ਨੇ ਸਮਰਪਣ ਭਾਸ਼ਣ ਪੇਸ਼ ਕੀਤਾ ਜਿਸ ਦਾ ਵਿਸ਼ਾ ਸੀ “ਆਪਣੇ ਮਹਾਨ ਸ੍ਰਿਸ਼ਟੀਕਰਤਾ ਦੇ ਨਾਲ ਉਸਾਰੀ ਕਰਨੀ।” ਉਨ੍ਹਾਂ ਨੇ ਇਸ ਗੱਲ ਵੱਲ ਧਿਆਨ ਖਿੱਚਿਆ ਕਿ ਸ੍ਰਿਸ਼ਟੀਕਰਤਾ, ਯਹੋਵਾਹ, ਆਪਣੀਆਂ ਸਾਰੀਆਂ ਸ੍ਰਿਸ਼ਟ ਕੀਤੀਆਂ ਚੀਜ਼ਾਂ ਵਿਚ ਆਨੰਦਿਤ ਹੁੰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਵੀ ਉਸ ਨਾਲ ਖ਼ੁਸ਼ੀ ਮਨਾਈਏ। (ਯਸਾਯਾਹ 65:18) ਕਿਉਂਕਿ ਜਿਸ ਨੇ “ਸੱਭੋ ਕੁਝ ਬਣਾਇਆ ਉਹ ਪਰਮੇਸ਼ੁਰ ਹੈ,” ਇਸ ਕਰਕੇ ਇਸ ਸਾਰੀ ਉਸਾਰੀ ਦੀ ਵਡਿਆਈ ਯਹੋਵਾਹ ਪਰਮੇਸ਼ੁਰ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ। (ਇਬਰਾਨੀਆਂ 3:4) ਅਜਿਹੇ ਵਿਚਾਰ ਪ੍ਰਗਟ ਕਰਨ ਤੋਂ ਬਾਅਦ ਭਾਸ਼ਣਕਾਰ ਨੇ ਦਿਲੋਂ ਪ੍ਰਾਰਥਨਾ ਕੀਤੀ ਅਤੇ ਵਾਚਟਾਵਰ ਦੇ ਸਿੱਖਿਆ ਕੇਂਦਰ ਨੂੰ ਸਾਡੇ ਮਹਾਨ ਸ੍ਰਿਸ਼ਟੀਕਰਤਾ, ਯਹੋਵਾਹ, ਨੂੰ ਸਮਰਪਿਤ ਕੀਤਾ।a
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਾਰੇ ਹਫ਼ਤੇ ਦੌਰਾਨ ਇਸ ਖ਼ੁਸ਼ੀ-ਭਰੇ ਤਿਉਹਾਰ ਤੇ ਆਏ-ਗਏ ਮਹਿਮਾਨ ਇਸ ਨੂੰ ਬਹੁਤ ਸਮੇਂ ਲਈ ਯਾਦ ਰੱਖਣਗੇ। ਕੀ ਤੁਸੀਂ ਵੀ ਵਾਚਟਾਵਰ ਦੇ ਸਿੱਖਿਆ ਕੇਂਦਰ ਦਾ ਦੌਰਾ ਕਰਨ ਦਾ ਪ੍ਰਬੰਧ ਕਰ ਸਕਦੇ ਹੋ? ਸਾਨੂੰ ਯਕੀਨ ਹੈ ਕਿ ਉੱਥੇ ਜਾਣ ਨਾਲ ਤੁਹਾਨੂੰ ਸਾਡੇ ਪ੍ਰੇਮ-ਭਰੇ ਸ੍ਰਿਸ਼ਟੀਕਰਤਾ ਬਾਰੇ ਹੋਰ ਗਿਆਨ ਮਿਲੇਗਾ, ਅਤੇ ਉਸ ਦੇ ਧਰਮੀ ਮਿਆਰਾਂ ਅਨੁਸਾਰ ਚੱਲਣ ਦੇ ਤੁਹਾਡੇ ਜਤਨਾਂ ਵਿਚ ਤੁਹਾਡਾ ਹੌਸਲਾ ਵਧੇਗਾ।
[ਫੁਟਨੋਟ]
a ਇਸ ਸਾਲ ਦੀ 2 ਜੁਲਾਈ ਤਕ ਭਰਾ ਭੈਰੀ ਧਰਤੀ ਉੱਤੇ ਆਪਣੀ ਜ਼ਿੰਗਦੀ ਦੇ ਅੰਤ ਤਕ ਵਫ਼ਾਦਾਰ ਰਹੇ। ਪਹਿਰਾਬੁਰਜ, 1 ਅਕਤੂਬਰ 1999, ਸਫ਼ਾ 16 ਦੇਖੋ।
[ਸਫ਼ੇ 10 ਉੱਤੇ ਤਸਵੀਰਾਂ]
ਭਰਿਆ ਹੋਇਆ ਹਾਲ ਅਤੇ ਖਾਣ ਵਾਲੇ ਹਾਲ ਵਿਚ ਬਾਕੀ ਦੇ ਹਾਜ਼ਰੀਨ
[ਸਫ਼ੇ 10 ਉੱਤੇ ਤਸਵੀਰਾਂ]
ਦੌਰੇ ਖ਼ਾਸ ਕਰਕੇ ਬਹੁਤ ਹੀ ਮਜ਼ੇਦਾਰ ਸਨ