ਪਰਮੇਸ਼ੁਰ ਦੇ ਘਰ ਵਿਚ ਜ਼ੈਤੂਨ ਦਾ ਹਰਿਆ-ਭਰਿਆ ਬਿਰਛ
ਇਸਰਾਈਲ ਦੇ ਦੇਸ਼ ਵਿਚ ਇਕ ਅਜਿਹਾ ਦਰਖ਼ਤ ਹੈ ਜੋ ਮਾਨੋ ਨਾਸ਼ ਨਹੀਂ ਕੀਤਾ ਜਾ ਸਕਦਾ। ਵੱਢੇ ਜਾਣ ਤੋਂ ਬਾਅਦ ਵੀ ਉਹ ਥੋੜ੍ਹੀ ਦੇਰ ਵਿਚ ਦੁਬਾਰਾ ਪੁੰਗਰਨ ਲੱਗ ਪੈਂਦਾ ਹੈ। ਉਸ ਦੇ ਫਲ ਤੋਂ ਬਹੁਤ ਸਾਰਾ ਤੇਲ ਬਣਾਇਆ ਜਾਂਦਾ ਹੈ ਜੋ ਖਾਣਾ ਤਿਆਰ ਕਰਨ ਲਈ, ਬੱਤੀ ਬਾਲਣ ਲਈ, ਸਫ਼ਾਈ ਕਰਨ ਲਈ, ਅਤੇ ਮੇਕੱਪ ਬਣਾਉਣ ਲਈ ਵੀ ਵਰਤਿਆ ਜਾ ਸਕਦਾ ਹੈ।
ਬਾਈਬਲ ਦੀ ਨਿਆਈਆਂ ਦੀ ਪੋਥੀ ਵਿਚ ਇਕ ਪੁਰਾਣੀ ਕਹਾਣੀ ਦਰਜ ਹੈ ਜਿਸ ਦੇ ਸ਼ੁਰੂ ਵਿਚ “ਬਿਰਛ ਆਪਣੇ ਉੱਤੇ ਰਾਜਾ ਮਸਹ ਕਰਨ ਲਈ ਨਿੱਕਲੇ।” ਉਨ੍ਹਾਂ ਨੇ ਰਾਜ ਕਰਨ ਲਈ ਕਿਸ ਦਰਖ਼ਤ ਨੂੰ ਚੁਣਿਆ ਸੀ? ਉਨ੍ਹਾਂ ਦੀ ਪਹਿਲੀ ਪਸੰਦ ਸੀ ਕਊ ਦਾ ਬਿਰਛ, ਯਾਨੀ ਜ਼ੈਤੂਨ ਦਾ ਹਰਿਆ-ਭਰਿਆ ਦਰਖ਼ਤ।—ਨਿਆਈਆਂ 9:8.
ਅੱਜ ਤੋਂ ਕੁਝ 3,500 ਸਾਲ ਪਹਿਲਾਂ ਮੂਸਾ ਨਬੀ ਨੇ ਇਸਰਾਏਲ ਦੇ ਦੇਸ਼ ਬਾਰੇ ਕਿਹਾ ਕਿ ਉਹ ‘ਇੱਕ ਚੰਗੀ ਧਰਤੀ ਹੈ, ਇੱਕ ਧਰਤੀ ਜਿੱਥੇ ਜ਼ੈਤੂਨ ਹਨ।’ (ਬਿਵਸਥਾ ਸਾਰ 8:7, 8) ਅੱਜ-ਕੱਲ੍ਹ ਵੀ ਤੁਸੀਂ ਉੱਤਰ ਵਿਚ ਹਰਮੋਨ ਪਹਾੜ ਤੋਂ ਲੈ ਕੇ ਦੱਖਣ ਵਿਚ ਬਏਰਸਬਾ ਸ਼ਹਿਰ ਦੇ ਬਾਹਰੀ ਹਿੱਸੇ ਵਿਚ ਇੱਥੇ-ਉੱਥੇ ਜ਼ੈਤੂਨ ਦੇ ਰੁੱਖਾਂ ਦੇ ਝੁੰਡ ਦੇਖ ਸਕਦੇ ਹੋ। ਉਹ ਅਜੇ ਤਕ ਸ਼ਾਰੋਨ ਦੇ ਸਮੁੰਦਰੀ ਤਟ ਨੂੰ, ਸਾਮਰਿਯਾ ਦੀਆਂ ਪਥਰੀਲੀਆਂ ਪਹਾੜੀਆਂ ਨੂੰ, ਅਤੇ ਗਲੀਲ ਦੀਆਂ ਹਰੀਆਂ ਵਾਦੀਆਂ ਨੂੰ ਸਜਾਉਂਦੇ ਹਨ।
ਬਾਈਬਲ ਦੇ ਲਿਖਾਰੀਆਂ ਨੇ ਜ਼ੈਤੂਨ ਦੇ ਦਰਖ਼ਤ ਨੂੰ ਕਈ ਗੱਲਾਂ ਦਰਸਾਉਣ ਲਈ ਇਸਤੇਮਾਲ ਕੀਤਾ ਸੀ, ਜਿਵੇਂ ਕਿ ਪਰਮੇਸ਼ੁਰ ਦੀ ਦਇਆ, ਮੌਤ ਤੋਂ ਬਾਅਦ ਜੀ ਉੱਠਣ ਦਾ ਵਾਅਦਾ, ਅਤੇ ਸੁਖੀ ਘਰੇਲੂ ਜ਼ਿੰਦਗੀ। ਜ਼ੈਤੂਨ ਦੇ ਦਰਖ਼ਤ ਦੀ ਚੰਗੀ ਤਰ੍ਹਾਂ ਜਾਂਚ ਕਰ ਕੇ ਅਸੀਂ ਬਾਈਬਲ ਵਿਚ ਇਸ ਦੇ ਜ਼ਿਕਰ ਠੀਕ ਤਰ੍ਹਾਂ ਸਮਝ ਸਕਾਂਗੇ ਅਤੇ ਇਸ ਦਰਖ਼ਤ ਦੀ ਕਦਰ ਕਰ ਸਕਾਂਗੇ ਜੋ ਬਾਕੀ ਦੀ ਸ੍ਰਿਸ਼ਟੀ ਨਾਲ ਮਿਲ ਕੇ ਆਪਣੇ ਕਰਤਾਰ ਦੀ ਉਸਤਤ ਕਰਦਾ ਹੈ।—ਜ਼ਬੂਰ 148:7, 9.
ਜ਼ੈਤੂਨ ਦਾ ਮਜ਼ਬੂਤ ਦਰਖ਼ਤ
ਪਹਿਲੀ ਨਜ਼ਰ ਤੇ ਜ਼ੈਤੂਨ ਦੇ ਦਰਖ਼ਤ ਵਿਚ ਕੋਈ ਖ਼ਾਸ ਚੀਜ਼ ਦਿਖਾਈ ਨਹੀਂ ਦਿੰਦੀ। ਇਸ ਦਾ ਕੱਦ ਲੇਬਨਾਨ ਦੇ ਦਿਆਰਾਂ ਵਰਗਾ ਨਹੀਂ ਜੋ ਤਾਰਿਆਂ ਨੂੰ ਛੂੰਹਦੇ ਹਨ। ਨਾ ਹੀ ਇਸ ਦੀ ਲੱਕੜੀ ਸੂਰ ਦੇ ਦਰਖ਼ਤ ਜਿੰਨੀ ਕੀਮਤੀ ਹੈ। ਇਸ ਦੇ ਫੁੱਲ ਬਦਾਮ ਦੇ ਦਰਖ਼ਤ ਦੇ ਫੁੱਲਾਂ ਵਾਂਗ ਜੀ ਨੂੰ ਖ਼ੁਸ਼ ਨਹੀਂ ਕਰਦੇ। (ਸਰੇਸ਼ਟ ਗੀਤ 1:17; ਆਮੋਸ 2:9) ਜ਼ੈਤੂਨ ਦੇ ਦਰਖ਼ਤ ਦਾ ਸਭ ਤੋਂ ਅਹਿਮ ਭਾਗ ਜ਼ਮੀਨ ਦੇ ਹੇਠ ਲੁਕਿਆ ਰਹਿੰਦਾ ਹੈ। ਇਸ ਦੀਆਂ ਲੰਮੀਆਂ-ਚੌੜੀਆਂ ਜੜ੍ਹਾਂ ਜ਼ਮੀਨ ਦੇ ਹੇਠ 20 ਫੁੱਟ ਡੂੰਘੀਆਂ ਜਾ ਸਕਦੀਆਂ ਹਨ ਅਤੇ ਲੇਟਵੇਂ ਦਾਅ ਵਿਚ ਇਸ ਤੋਂ ਵੀ ਦੂਰ। ਇਨ੍ਹਾਂ ਜੜ੍ਹਾਂ ਕਰਕੇ ਹੀ ਇਹ ਦਰਖ਼ਤ ਇੰਨਾ ਫਲਦਾਰ ਹੈ ਅਤੇ ਇੰਨੀ ਦੇਰ ਜੀਉਂਦਾ ਰਹਿੰਦਾ ਹੈ।
ਸੋਕੇ ਦੇ ਮੌਸਮ ਵਿਚ ਜਦੋਂ ਦੂਸਰੇ ਰੁੱਖ ਪਾਣੀ ਤੋਂ ਬਿਨਾਂ ਮਰ ਜਾਂਦੇ ਹਨ ਜ਼ੈਤੂਨ ਦਾ ਦਰਖ਼ਤ ਆਪਣੀਆਂ ਜੜ੍ਹਾਂ ਕਰਕੇ ਪਥਰੀਲੀਆਂ ਪਹਾੜੀਆਂ ਤੇ ਵੀ ਜੀਉਂਦਾ ਰਹਿੰਦਾ ਹੈ। ਇਨ੍ਹਾਂ ਜੜ੍ਹਾਂ ਕਰਕੇ ਇਹ ਦਰਖ਼ਤ ਕਈਆਂ ਸਦੀਆਂ ਤਕ ਫਲ ਪੈਦਾ ਕਰਦਾ ਰਹਿੰਦਾ ਹੈ, ਭਾਵੇਂ ਕਿ ਇਹ ਦੇਖਣ ਨੂੰ ਸੁੱਕੇ-ਸੜੇ ਬਾਲਣ ਵਰਗਾ ਲੱਗਦਾ ਹੋਵੇ। ਇਸ ਮਜ਼ਬੂਤ ਦਰਖ਼ਤ ਦੀਆਂ ਬੱਸ ਇਕ-ਦੋ ਮੰਗਾਂ ਹਨ, ਯਾਨੀ ਵਧਣ ਲਈ ਜਗ੍ਹਾ ਅਤੇ ਹਵਾ-ਭਰੀ ਮਿੱਟੀ, ਜਿਸ ਵਿਚ ਜੰਗਲੀ ਬੂਟੀਆਂ ਜਾਂ ਹੋਰ ਕੋਈ ਕੀੜਿਆਂ ਵਾਲੇ ਪੌਦੇ ਨਾ ਹੋਣ। ਜੇਕਰ ਇਹ ਮੰਗਾਂ ਪੂਰੀਆਂ ਕੀਤੀਆਂ ਜਾਣ ਤਾਂ ਇਕ ਸਾਲ ਵਿਚ ਜ਼ੈਤੂਨ ਦੇ ਇਕ ਦਰਖ਼ਤ ਤੋਂ 15 ਗੈਲਨ ਤੇਲ ਮਿਲ ਸਕਦਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸਰਾਏਲੀ ਲੋਕ ਜ਼ੈਤੂਨ ਦੇ ਕੀਮਤੀ ਤੇਲ ਕਰਕੇ ਇਸ ਦਰਖ਼ਤ ਨੂੰ ਬਹੁਤ ਪਸੰਦ ਕਰਦੇ ਸਨ। ਆਪਣੇ ਘਰਾਂ ਵਿਚ ਰੌਸ਼ਨੀ ਕਰਨ ਵਾਸਤੇ ਉਹ ਜ਼ੈਤੂਨ ਦੇ ਤੇਲ ਦੇ ਦੀਵੇ ਬਾਲ਼ਦੇ ਸਨ। (ਲੇਵੀਆਂ 24:2) ਜ਼ੈਤੂਨ ਦਾ ਤੇਲ ਖਾਣਾ ਤਿਆਰ ਕਰਨ ਵਾਸਤੇ ਜ਼ਰੂਰੀ ਸੀ। ਇਹ ਧੁੱਪ ਤੋਂ ਬਚਾਅ ਕਰਨ ਲਈ ਚਮੜੀ ਤੇ ਵੀ ਲਾਇਆ ਜਾਂਦਾ ਸੀ, ਅਤੇ ਇਸਰਾਏਲੀ ਇਸ ਨੂੰ ਖਾਰ ਵਿਚ ਮਿਲਾ ਕੇ ਇਸ ਨੂੰ ਸਾਬਣ ਵਜੋਂ ਇਸਤੇਮਾਲ ਕਰਦੇ ਸਨ। ਅੰਨ, ਮਧ, ਅਤੇ ਜ਼ੈਤੂਨ ਦੇਸ਼ ਦੀ ਖ਼ਾਸ ਫ਼ਸਲ ਸਨ। ਜੇਕਰ ਜ਼ੈਤੂਨ ਨੂੰ ਫਲ ਨਾ ਲੱਗਣ ਤਾਂ ਇਹ ਇਸਰਾਏਲੀ ਪਰਿਵਾਰਾਂ ਲਈ ਮੁਸੀਬਤ ਦਾ ਵੇਲਾ ਹੁੰਦਾ ਸੀ।—ਬਿਵਸਥਾ ਸਾਰ 7:13; ਹਬੱਕੂਕ 3:17.
ਪਰ ਆਮ ਤੌਰ ਤੇ ਜ਼ੈਤੂਨ ਦੇ ਤੇਲ ਦੀ ਘਾਟ ਨਹੀਂ ਹੁੰਦੀ ਸੀ। ਵਾਅਦਾ ਕੀਤੇ ਹੋਏ ਦੇਸ਼ ਵਿਚ ਇਸ ਦਰਖ਼ਤ ਦੀ ਸਭ ਤੋਂ ਜ਼ਿਆਦਾ ਉਪਜ ਹੁੰਦੀ ਸੀ। ਸ਼ਾਇਦ ਇਸ ਲਈ ਹੀ ਮੂਸਾ ਨੇ ਇਸ ਇਲਾਕੇ ਨੂੰ ‘ਇੱਕ ਧਰਤੀ ਜਿੱਥੇ ਜ਼ੈਤੂਨ ਹਨ’ ਸੱਦਿਆ ਸੀ। ਉੱਨੀਵੀਂ ਸਦੀ ਦੇ ਵਿਗਿਆਨੀ ਹੈਂਰੀ ਬੇਕਰ ਟਰਿਸਟ੍ਰਮ ਨੇ ਜ਼ੈਤੂਨ ਬਾਰੇ ਕਿਹਾ ਕਿ “ਇਹ [ਇਸਰਾਈਲ] ਦੇਸ਼ ਦਾ ਖ਼ਾਸ ਦਰਖ਼ਤ ਸੀ।” ਜ਼ੈਤੂਨ ਦਾ ਤੇਲ ਬਹੁਤਾਤ ਵਿਚ ਮਿਲਦਾ ਸੀ ਅਤੇ ਬੜਾ ਕੀਮਤੀ ਗਿਣਿਆ ਜਾਂਦਾ ਸੀ। ਇਸ ਲਈ ਭੂਮੱਧ ਸਾਗਰ ਦੇ ਸਾਰੇ ਇਲਾਕੇ ਵਿਚ ਇਸ ਨੂੰ ਪੈਸੇ ਵਜੋਂ ਵਰਤਿਆ ਜਾਂਦਾ ਸੀ। ਯਿਸੂ ਮਸੀਹ ਨੇ ਵੀ ਕਰਜ਼ੇ ਬਾਰੇ ਗੱਲ ਕਰਦੇ ਹੋਏ “ਸੌ ਮਣ ਤੇਲ” ਦਾ ਜ਼ਿਕਰ ਕੀਤਾ ਸੀ।—ਲੂਕਾ 16:5, 6.
‘ਜ਼ੈਤੂਨ ਦੇ ਬੂਟਿਆਂ ਵਰਗੇ’
ਜ਼ੈਤੂਨ ਦਾ ਲਾਭਦਾਇਕ ਦਰਖ਼ਤ ਪਰਮੇਸ਼ੁਰ ਦੀਆਂ ਅਸੀਸਾਂ ਨੂੰ ਚੰਗੀ ਤਰ੍ਹਾਂ ਦਰਸਾਉਂਦਾ ਹੈ। ਪਰਮੇਸ਼ੁਰ ਦੇ ਭੈ ਰੱਖਣ ਵਾਲੇ ਬੰਦੇ ਨੂੰ ਕੀ ਅਸੀਸ ਮਿਲੇਗੀ? ਜ਼ਬੂਰਾਂ ਦੇ ਲਿਖਾਰੀ ਨੇ ਗਾ ਕੇ ਕਿਹਾ: “ਤੇਰੀ ਵਹੁਟੀ ਫਲਦਾਰ ਦਾਖ ਵਾਂਙੁ ਤੇਰੇ ਘਰ ਦੇ ਅੰਦਰ ਹੋਵੇਗੀ, ਤੇਰੇ ਬੱਚੇ ਜ਼ੈਤੂਨ ਦੇ ਬੂਟਿਆਂ ਵਾਂਙੁ ਤੇਰੀ ਮੇਜ਼ ਦੇ ਆਲੇ ਦੁਆਲੇ ਹੋਣਗੇ।” (ਜ਼ਬੂਰ 128:3) ‘ਜ਼ੈਤੂਨ ਦੇ ਇਹ ਬੂਟੇ’ ਕੀ ਹਨ, ਅਤੇ ਜ਼ਬੂਰਾਂ ਦਾ ਲਿਖਾਰੀ ਇਨ੍ਹਾਂ ਦੀ ਤੁਲਨਾ ਬੱਚਿਆਂ ਨਾਲ ਕਿਉਂ ਕਰਦਾ ਹੈ?
ਜ਼ੈਤੂਨ ਦੇ ਦਰਖ਼ਤ ਬਾਰੇ ਅਜੀਬ ਗੱਲ ਇਹ ਹੈ ਕਿ ਨਵੇਂ ਪੌਦੇ ਉਸ ਦੇ ਤਣੇ ਤੋਂ ਲਗਾਤਾਰ ਉੱਗਦੇ ਰਹਿੰਦੇ ਹਨ।a ਜਦੋਂ ਇਕ ਦਰਖ਼ਤ ਬਹੁਤ ਬੁੱਢਾ ਹੋ ਜਾਂਦਾ ਹੈ ਅਤੇ ਪਹਿਲਾਂ ਵਾਂਗ ਫਲ ਨਹੀਂ ਦਿੰਦਾ ਹੈ ਤਾਂ ਉਸ ਦੇ ਮਾਲੀ ਇਨ੍ਹਾਂ ਨਵਿਆਂ ਪੌਦਿਆਂ, ਜਾਂ ਬੂਟਿਆਂ ਨੂੰ ਵੱਧ ਲੈਣ ਦਿੰਦੇ ਹਨ ਤਾਂਕਿ ਉਹ ਦਰਖ਼ਤ ਦਾ ਹਿੱਸਾ ਬਣ ਸਕਣ। ਇਸ ਤਰ੍ਹਾਂ ਕੁਝ ਸਮੇਂ ਬਾਅਦ ਮੁਢਲੇ ਦਰਖ਼ਤ ਦੇ ਆਲੇ-ਦੁਆਲੇ ਤਿੰਨ ਜਾਂ ਚਾਰ ਮਜ਼ਬੂਤ ਬੂਟੇ ਖੜ੍ਹੇ ਹੋ ਜਾਂਦੇ ਹਨ, ਜਿਵੇਂ ਕਿ ਮੇਜ਼ ਦੇ ਦੁਆਲੇ ਬੱਚੇ ਹੋਣ। ਇਹ ਬੂਟੇ ਇੱਕੋ ਤਣੇ ਤੋਂ ਉੱਗਦੇ ਹਨ, ਅਤੇ ਇਕੱਠੇ ਮਿਲ ਕੇ ਵਧੀਆ ਫ਼ਸਲ ਪੈਦਾ ਕਰਦੇ ਹਨ।
ਜ਼ੈਤੂਨ ਦੇ ਦਰਖ਼ਤ ਦੀ ਇਹ ਖ਼ਾਸੀਅਤ ਚੰਗੀ ਤਰ੍ਹਾਂ ਦਰਸਾਉਂਦੀ ਹੈ ਕਿ ਮਾਂ-ਬਾਪ ਦੀਆਂ ਮਜ਼ਬੂਤ ਰੂਹਾਨੀ ਜੜ੍ਹਾਂ ਕਰਕੇ ਉਨ੍ਹਾਂ ਦੇ ਧੀ-ਪੁੱਤਰ ਨਿਹਚਾ ਵਿਚ ਵੱਧ ਸਕਦੇ ਹਨ। ਜਦੋਂ ਬੱਚੇ ਵੱਡੇ ਹੁੰਦੇ ਹਨ, ਫਿਰ ਉਨ੍ਹਾਂ ਦੀ ਵਾਰੀ ਹੁੰਦੀ ਹੈ ਕਿ ਉਹ ਵਧਣ-ਫੁੱਲਣ ਅਤੇ ਆਪਣੇ ਮਾਂ-ਬਾਪ ਨੂੰ ਸਹਾਰਾ ਦੇਣ। ਅਜਿਹੇ ਮਾਂ-ਬਾਪ ਆਪਣੇ ਬੱਚਿਆਂ ਨੂੰ ਆਪਣੇ ਨਾਲ ਯਹੋਵਾਹ ਦੀ ਸੇਵਾ ਕਰਦੇ ਦੇਖ ਕੇ ਖ਼ੁਸ਼ ਹੁੰਦੇ ਹਨ।—ਕਹਾਉਤਾਂ 15:20.
“ਰੁੱਖ ਲਈ ਤਾਂ ਆਸਾ ਹੈ”
ਇਕ ਬਜ਼ੁਰਗ ਪਿਤਾ ਆਪਣੇ ਬੱਚਿਆਂ ਨੂੰ ਯਹੋਵਾਹ ਦੀ ਸੇਵਾ ਕਰਦੇ ਦੇਖ ਕੇ ਖ਼ੁਸ਼ ਹੁੰਦਾ ਹੈ। ਪਰ ਇਹੀ ਬੱਚੇ ਆਪਣੇ ਪਿਤਾ ਨੂੰ ‘ਸਾਰੀ ਸਰਿਸ਼ਟੀ ਦੇ ਰਾਹ ਜਾਂਦੇ’ ਦੇਖ ਕੇ ਰੋਂਦੇ ਹਨ। (1 ਰਾਜਿਆਂ 2:2) ਅਜਿਹਾ ਦੁੱਖ ਝੱਲਣ ਵਾਸਤੇ ਬਾਈਬਲ ਸਾਨੂੰ ਯਕੀਨ ਦਿਲਾਉਂਦੀ ਹੈ ਕਿ ਮੌਤ ਤੋਂ ਬਾਅਦ ਜੀ ਉੱਠਣ ਦੀ ਆਸ ਹੈ।—ਯੂਹੰਨਾ 5:28, 29; 11:25.
ਅੱਯੂਬ ਦੇ ਕਈ ਨਿਆਣੇ ਸਨ, ਅਤੇ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਨਸਾਨ ਦੀ ਉਮਰ ਕਿੰਨੀ ਛੋਟੀ ਹੁੰਦੀ ਹੈ। ਉਸ ਨੇ ਉਮਰ ਦੀ ਤੁਲਨਾ ਇਕ ਫੁੱਲ ਨਾਲ ਕੀਤੀ ਸੀ ਜੋ ਝੱਟ ਮੁਰਝਾ ਜਾਂਦਾ ਹੈ। (ਅੱਯੂਬ 1:2; 14:1, 2) ਅੱਯੂਬ ਆਪਣੀਆਂ ਮੁਸੀਬਤਾਂ ਤੋਂ ਛੁਟਕਾਰਾ ਪਾਉਣ ਵਾਸਤੇ ਮਰਨਾ ਚਾਹੁੰਦਾ ਸੀ ਕਿਉਂਕਿ ਉਹ ਮੰਨਦਾ ਸੀ ਕਿ ਕਬਰ ਅਜਿਹੀ ਜਗ੍ਹਾ ਹੈ ਜਿਸ ਤੋਂ ਕੋਈ ਵਾਪਸ ਆ ਸਕਦਾ ਸੀ। ਅੱਯੂਬ ਨੇ ਇਕ ਸਵਾਲ ਪੁੱਛਿਆ: “ਜੇ ਪੁਰਖ ਮਰ ਜਾਵੇ ਤਾਂ ਉਹ ਫੇਰ ਜੀਵੇਗਾ?” ਫਿਰ ਉਸ ਨੇ ਪੂਰੇ ਯਕੀਨ ਨਾਲ ਜਵਾਬ ਦਿੱਤਾ: “ਆਪਣੇ ਜੁੱਧ ਦੇ ਸਾਰੇ ਦਿਨ ਮੈਂ ਉਡੀਕ ਵਿੱਚ ਰਹਾਂਗਾ, ਜਦ ਤੀਕ ਮੇਰੀ ਵਾਰੀ ਨਾ ਆਵੇ। ਤੂੰ [ਯਹੋਵਾਹ] ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ।”—ਅੱਯੂਬ 14:13-15.
ਅੱਯੂਬ ਨੇ ਆਪਣਾ ਯਕੀਨ ਕਿਸ ਤਰ੍ਹਾਂ ਦਰਸਾਇਆ ਸੀ ਕਿ ਪਰਮੇਸ਼ੁਰ ਉਸ ਨੂੰ ਕਬਰ ਵਿੱਚੋਂ ਵਾਪਸ ਬੁਲਾਵੇਗਾ? ਉਸ ਨੇ ਇਕ ਦਰਖ਼ਤ ਦੀ ਗੱਲ ਛੇੜੀ ਸੀ ਅਤੇ ਉਸ ਦੀ ਗੱਲ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਜ਼ੈਤੂਨ ਦੇ ਦਰਖ਼ਤ ਦਾ ਜ਼ਿਕਰ ਕਰ ਰਿਹਾ ਸੀ। “ਰੁੱਖ ਲਈ ਤਾਂ ਆਸਾ ਹੈ,” ਅੱਯੂਬ ਨੇ ਕਿਹਾ। “ਜੇ ਉਹ ਕੱਟਿਆ ਜਾਵੇ ਤਾਂ ਉਹ ਫੇਰ ਫੁੱਟੇਗਾ।” (ਅੱਯੂਬ 14:7) ਜ਼ੈਤੂਨ ਦਾ ਦਰਖ਼ਤ ਭਾਵੇਂ ਕੱਟਿਆ ਜਾਵੇ, ਉਹ ਨਸ਼ਟ ਨਹੀਂ ਹੁੰਦਾ। ਉਹ ਸਿਰਫ਼ ਉਦੋਂ ਮਰਦਾ ਹੈ ਜਦੋਂ ਉਹ ਜੜ੍ਹੋਂ ਪੁੱਟਿਆ ਜਾਵੇ। ਜੇ ਜੜ੍ਹਾਂ ਬਚ ਜਾਣ, ਤਾਂ ਦਰਖ਼ਤ ਨਵੇਂ ਜੋਸ਼ ਨਾਲ ਦੁਬਾਰਾ ਪੁੰਗਰਦਾ ਹੈ।
ਸਖ਼ਤ ਸੋਕੇ ਦੇ ਕਾਰਨ ਜੇ ਇਕ ਪੁਰਾਣਾ ਜ਼ੈਤੂਨ ਸੁੱਕ ਵੀ ਜਾਵੇ, ਉਸ ਦਾ ਟੁੰਡ ਦੁਬਾਰਾ ਫੁੱਟ ਸਕਦਾ ਹੈ। “ਭਾਵੇਂ ਉਹ ਦੀ ਜੜ੍ਹ ਧਰਤੀ ਵਿੱਚ ਪੁਰਾਣੀ ਪੈ ਜਾਵੇ, ਅਤੇ ਉਹ ਦਾ ਟੁੰਡ ਮਿੱਟੀ ਵਿੱਚ ਗਲ ਜਾਵੇ, ਤਾਂ ਵੀ ਪਾਣੀ ਦੀ ਵਾਸ ਤੋਂ ਉਹ ਦੀਆਂ ਕੂੰਬਲਾਂ ਫੁੱਟ ਨਿੱਕਲਣਗੀਆਂ ਅਤੇ ਬੂਟੇ ਵਾਂਙੁ ਉਹ ਟਹਿਣੀਆਂ ਕੱਢੇਗਾ।” (ਅੱਯੂਬ 14:8, 9) ਅੱਯੂਬ ਸੁੱਕੇ ਅਤੇ ਘੱਟੇ-ਭਰੇ ਦੇਸ਼ ਵਿਚ ਰਹਿੰਦਾ ਸੀ। ਉਸ ਨੇ ਸ਼ਾਇਦ ਜ਼ੈਤੂਨ ਦੇ ਕਈ ਸੁੱਕੇ-ਸੜੇ ਅਤੇ ਮੋਏ ਦਰਖ਼ਤ ਦੇਖੇ ਸਨ। ਪਰ ਮੀਂਹ ਪੈਣ ਦੇ ਵੇਲੇ, ਅਜਿਹਾ “ਮੋਇਆ” ਦਰਖ਼ਤ ਦੁਬਾਰਾ ਜੀ ਪੈਂਦਾ ਸੀ, ਅਤੇ ਉਸ ਦੀਆਂ ਸੁੱਕੀਆਂ ਹੋਈਆਂ ਜੜ੍ਹਾਂ ਤੋਂ ਇਕ ਨਵਾਂ ਤਣਾ, ਨਵੇਂ “ਬੂਟੇ” ਵਾਂਗ ਉੱਗਣਾ ਸ਼ੁਰੂ ਹੋ ਜਾਂਦਾ ਸੀ। ਜ਼ੈਤੂਨ ਦੀ ਅਜਿਹੀ ਖੂਬੀ ਕਰਕੇ ਪੌਦਿਆਂ ਦੇ ਇਕ ਅਫ਼ਰੀਕੀ ਵਿਗਿਆਨੀ ਨੇ ਕਿਹਾ: “ਤੁਸੀਂ ਕਹਿ ਸਕਦੇ ਹੋ ਕਿ ਜ਼ੈਤੂਨ ਦੇ ਦਰਖ਼ਤ ਅਮਰ ਹਨ।”
ਜਿਸ ਤਰ੍ਹਾਂ ਇਕ ਕਿਸਾਨ ਆਪਣੇ ਸੁੱਕੇ ਹੋਏ ਜ਼ੈਤੂਨ ਦੇ ਦਰਖ਼ਤਾਂ ਨੂੰ ਦੁਬਾਰਾ ਹਰੇ-ਭਰੇ ਦੇਖਣਾ ਚਾਹੁੰਦਾ ਹੈ ਉਸੇ ਤਰ੍ਹਾਂ ਯਹੋਵਾਹ ਵੀ ਆਪਣੇ ਵਫ਼ਾਦਾਰ ਸੇਵਕਾਂ ਨੂੰ ਦੁਬਾਰਾ ਜੀਉਂਦੇ ਕਰਨ ਲਈ ਤਰਸਦਾ ਹੈ। ਉਹ ਉਸ ਸਮੇਂ ਦੀ ਉਡੀਕ ਵਿਚ ਹੈ ਜਦੋਂ ਉਹ ਅਬਰਾਹਾਮ ਅਤੇ ਸਾਰਾਹ, ਇਸਹਾਕ ਅਤੇ ਰਿਬਕਾਹ, ਅਤੇ ਕਈਆਂ ਹੋਰਨਾਂ ਨੂੰ ਦੁਬਾਰਾ ਜੀਉਂਦੇ ਦੇਖੇਗਾ। (ਮੱਤੀ 22:31, 32) ਜੀ ਉਠਾਏ ਜਾਣ ਵਾਲਿਆਂ ਦਾ ਸੁਆਗਤ ਕਰਨ ਦਾ ਵੇਲਾ ਕਿੰਨਾ ਸ਼ਾਨਦਾਰ ਹੋਵੇਗਾ, ਤਾਂ ਜ਼ਰਾ ਸੋਚੋ ਕਿ ਅਸੀਂ ਉਨ੍ਹਾਂ ਨੂੰ ਦੁਬਾਰਾ ਉਮਰਾਂ ਬਤੀਤ ਕਰਦੇ ਦੇਖਾਂਗੇ!
ਜ਼ੈਤੂਨ ਦੇ ਦਰਖ਼ਤ ਦਾ ਇਕ ਦ੍ਰਿਸ਼ਟਾਂਤ
ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਸਾਰਿਆਂ ਉੱਤੇ ਬਰਾਬਰ ਦੀ ਰਹਿਮ ਕਰਦਾ ਹੈ। ਅਸੀਂ ਉਸ ਦੀ ਰਹਿਮ ਮੁਰਦਿਆਂ ਨੂੰ ਜੀ ਉਠਾਉਣ ਦੇ ਇੰਤਜ਼ਾਮ ਤੋਂ ਵੀ ਪਛਾਣਦੇ ਹਾਂ। ਪੌਲੁਸ ਰਸੂਲ ਨੇ ਜ਼ੈਤੂਨ ਦੇ ਦਰਖ਼ਤ ਦਾ ਦ੍ਰਿਸ਼ਟਾਂਤ ਦੇ ਕੇ ਦਿਖਾਇਆ ਕਿ ਯਹੋਵਾਹ ਦੀ ਰਹਿਮ ਸਾਰਿਆਂ ਲੋਕਾਂ ਲਈ ਹੈ ਅਤੇ ਉਸ ਉੱਤੇ ਕਿਸੇ ਦੀ ਜਾਤ ਜਾਂ ਉਸ ਦੇ ਪਿਛੋਕੜ ਦਾ ਕੋਈ ਫ਼ਰਕ ਨਹੀਂ ਪੈਂਦਾ। ਕਈਆਂ ਸਦੀਆਂ ਲਈ ਯਹੂਦੀ ਲੋਕਾਂ ਨੂੰ ਮਾਣ ਸੀ ਕਿ ਉਹ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਸਨ, ਯਾਨੀ ਕਿ ਉਹ “ਅਬਰਾਹਾਮ ਦੀ ਅੰਸ” ਸਨ।—ਯੂਹੰਨਾ 8:33; ਲੂਕਾ 3:8.
ਪਰਮੇਸ਼ੁਰ ਦੀ ਮਿਹਰ ਹਾਸਲ ਕਰਨ ਵਾਸਤੇ ਯਹੂਦੀ ਕੌਮ ਵਿਚ ਜਨਮ ਲੈਣਾ ਜ਼ਰੂਰੀ ਨਹੀਂ ਸੀ। ਪਰ ਯਿਸੂ ਦੇ ਮੁਢਲੇ ਚੇਲੇ ਸਾਰੇ ਯਹੂਦੀ ਸਨ। ਉਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਚੁਣੇ ਜਾਣ ਦਾ ਅਤੇ ਅਬਰਾਹਾਮ ਦੀ ਵਾਅਦਾ ਕੀਤੀ ਗਈ ਅੰਸ ਵਿਚ ਗਿਣੇ ਜਾਣ ਦਾ ਸਨਮਾਨ ਪਹਿਲਾਂ ਮਿਲਿਆ ਸੀ। (ਉਤਪਤ 22:18; ਗਲਾਤੀਆਂ 3:29) ਪੌਲੁਸ ਨੇ ਇਨ੍ਹਾਂ ਯਹੂਦੀ ਚੇਲਿਆਂ ਨੂੰ ਜ਼ੈਤੂਨ ਦੇ ਦਰਖ਼ਤ ਦੀਆਂ ਟਾਹਣੀਆਂ ਸੱਦਿਆ ਸੀ।
ਪੈਦਾਇਸ਼ੀ ਯਹੂਦੀਆਂ ਵਿੱਚੋਂ ਬਹੁਤਿਆਂ ਨੇ ਯਿਸੂ ਨੂੰ ਠੁਕਰਾਇਆ ਸੀ। ਇਸ ਲਈ ਉਹ “ਛੋਟੇ ਝੁੰਡ” ਜਾਂ “ਪਰਮੇਸ਼ੁਰ ਦੇ ਇਸਰਾਏਲ” ਦੇ ਮੈਂਬਰ ਨਾ ਬਣ ਸਕੇ। (ਲੂਕਾ 12:32; ਗਲਾਤੀਆਂ 6:16) ਇਸ ਤਰ੍ਹਾਂ ਉਹ ਮਾਨੋ ਜ਼ੈਤੂਨ ਦੇ ਦਰਖ਼ਤ ਦੀਆਂ ਕੱਟੀਆਂ ਗਈਆਂ ਟਾਹਣੀਆਂ ਵਰਗੇ ਬਣ ਗਏ ਸਨ। ਅਬਰਾਹਾਮ ਦੀ ਅੰਸ ਵਿਚ ਉਨ੍ਹਾਂ ਦੀ ਥਾਂ ਕੌਣ ਲਵੇਗਾ? ਸਾਲ 36 ਵਿਚ ਅਬਰਾਹਾਮ ਦੀ ਅੰਸ ਦਾ ਹਿੱਸਾ ਬਣਨ ਲਈ ਗ਼ੈਰ-ਯਹੂਦੀ ਲੋਕ ਚੁਣੇ ਗਏ ਸਨ। ਇਹ ਇਸ ਤਰ੍ਹਾਂ ਸੀ ਜਿਵੇਂ ਕਿ ਯਹੋਵਾਹ ਨੇ ਚੰਗੇ ਜ਼ੈਤੂਨ ਵਿਚ ਜੰਗਲੀ ਜ਼ੈਤੂਨ ਨੂੰ ਪਿਉਂਦ ਚਾੜ੍ਹਿਆ ਜਾਂ ਲਾ ਦਿੱਤਾ ਹੋਵੇ। ਅਬਰਾਹਾਮ ਦੀ ਵਾਅਦਾ ਕੀਤੀ ਗਈ ਅੰਸ ਵਿਚ ਦੂਸਰੀਆਂ ਕੌਮਾਂ ਦੇ ਲੋਕ ਵੀ ਹੋਣੇ ਸਨ। ਉਸ ਸਮੇਂ ਤੋਂ ਗ਼ੈਰ-ਯਹੂਦੀ ਮਸੀਹੀ ਲੋਕ ਵੀ ‘ਜ਼ੈਤੂਨ ਦੀ ਜੜ੍ਹ ਦੇ ਰਸ ਦੇ ਸਾਂਝੀ ਹੋ’ ਸਕਦੇ ਸਨ।—ਰੋਮੀਆਂ 11:17.
ਇਕ ਕਿਸਾਨ ਲਈ ਜੰਗਲੀ ਜ਼ੈਤੂਨ ਦੀ ਟਾਹਣੀ ਨੂੰ ਚੰਗੇ ਜ਼ੈਤੂਨ ਦੇ ਦਰਖ਼ਤ ਨਾਲ ਮਿਲਾਉਣਾ ਬਿਲਕੁਲ ਗ਼ਲਤ ਅਤੇ “ਸੁਭਾਉ ਦੇ ਵਿਰੁੱਧ” ਹੋਵੇਗਾ। (ਰੋਮੀਆਂ 11:24) ਦ ਲੈਂਡ ਐਂਡ ਦ ਬੁੱਕ ਨਾਂ ਦੀ ਪੁਸਤਕ ਵਿਚ ਲਿਖਿਆ ਹੈ ਕਿ “ਅਰਬੀ ਲੋਕਾਂ ਅਨੁਸਾਰ ਜੰਗਲੀ ਜ਼ੈਤੂਨ ਵਿਚ ਚੰਗਾ ਜ਼ੈਤੂਨ ਪਿਉਂਦ ਚਾੜ੍ਹਿਆ ਜਾ ਸਕਦਾ ਹੈ, ਪਰ ਤੁਸੀਂ ਕਾਮਯਾਬੀ ਨਾਲ ਇਸ ਦਾ ਉਲਟ ਨਹੀਂ ਕਰ ਸਕਦੇ।” ਇਸੇ ਤਰ੍ਹਾਂ ਯਹੂਦੀ ਲੋਕ ਬੜੇ ਹੈਰਾਨ ਹੋਏ ਜਦੋਂ ਯਹੋਵਾਹ ਨੇ “ਪਹਿਲਾਂ ਪਰਾਈਆਂ ਕੌਮਾਂ ਉੱਤੇ ਨਿਗਾਹ ਕੀਤੀ ਤਾਂ ਜੋ ਓਹਨਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ।” (ਰਸੂਲਾਂ ਦੇ ਕਰਤੱਬ 10:44-48; 15:14) ਇਸ ਤੋਂ ਬਿਲਕੁਲ ਸਪੱਸ਼ਟ ਸੀ ਕਿ ਆਪਣਾ ਕੰਮ ਪੂਰਾ ਕਰਨ ਵਾਸਤੇ ਪਰਮੇਸ਼ੁਰ ਸਿਰਫ਼ ਇੱਕੋ ਹੀ ਕੌਮ ਉੱਤੇ ਨਿਰਭਰ ਨਹੀਂ ਸੀ। ਇਸ ਦੀ ਬਜਾਇ “ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।”—ਰਸੂਲਾਂ ਦੇ ਕਰਤੱਬ 10:35.
ਪੌਲੁਸ ਨੇ ਸਮਝਾਇਆ ਕਿ ਜਿਵੇਂ ਬੇਵਫ਼ਾ ਯਹੂਦੀ “ਡਾਲੀਆਂ” ਤੋੜੀਆਂ ਜਾ ਚੁੱਕੀਆਂ ਸਨ, ਉਸੇ ਤਰ੍ਹਾਂ ਜਿਹੜੇ ਘਮੰਡ ਅਤੇ ਨਾਫਰਮਾਨੀ ਕਰਕੇ ਪਰਮੇਸ਼ੁਰ ਦੀ ਮਿਹਰ ਤੋਂ ਦੂਰ ਹੋ ਜਾਂਦੇ ਹਨ ਉਹ ਵੀ ਤੋੜੇ ਜਾ ਸਕਦੇ ਹਨ। (ਰੋਮੀਆਂ 11:19, 20) ਇਸ ਤੋਂ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਸਾਨੂੰ ਪਰਮੇਸ਼ੁਰ ਦੀ ਕਿਰਪਾ ਦੀ ਪੂਰੀ ਕਦਰ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਅਕਾਰਥ ਨਹੀਂ ਸਮਝਣਾ ਚਾਹੀਦਾ।—2 ਕੁਰਿੰਥੀਆਂ 6:1.
ਤੇਲ ਨਾਲ ਝੱਸਣਾ
ਬਾਈਬਲ ਵਿਚ ਜ਼ੈਤੂਨ ਦੇ ਤੇਲ ਦਾ ਜ਼ਿਕਰ ਵੱਖਰੇ-ਵੱਖਰੇ ਤਰੀਕਿਆਂ ਵਿਚ ਕੀਤਾ ਜਾਂਦਾ ਹੈ। ਪੁਰਾਣੇ ਜ਼ਮਾਨੇ ਵਿਚ, ਸੱਟਾਂ ਅਤੇ ਜ਼ਖ਼ਮਾਂ ਨੂੰ ਠੀਕ ਕਰਨ ਵਾਸਤੇ ਉਨ੍ਹਾਂ ਨੂੰ “ਤੇਲ ਨਾਲ ਨਰਮ” ਕੀਤਾ ਜਾਂਦਾ ਸੀ। (ਯਸਾਯਾਹ 1:6) ਯਿਸੂ ਦੇ ਇਕ ਦ੍ਰਿਸ਼ਟਾਂਤ ਵਿਚ ਯਰੀਹੋ ਦੇ ਰਾਹ ਵਿਚ ਜਾਂਦੇ ਹੋਏ ਸਾਮਰੀ ਗੁਆਂਢੀ ਨੇ ਤੇਲ ਅਤੇ ਮੈ ਲਾ ਕੇ ਜ਼ਖ਼ਮੀ ਆਦਮੀ ਦੀ ਦੇਖ-ਭਾਲ ਕੀਤੀ ਸੀ।—ਲੂਕਾ 10:34.
ਸਿਰ ਤੇ ਤੇਲ ਮਲ਼ਨ ਨਾਲ ਤਾਜ਼ਗੀ ਮਿਲਦੀ ਹੈ ਅਤੇ ਆਰਾਮ ਆਉਂਦਾ ਹੈ। (ਜ਼ਬੂਰ 141:5) ਜਦੋਂ ਰੂਹਾਨੀ ਤੌਰ ਤੇ ਕੋਈ ਕਮਜ਼ੋਰ ਹੁੰਦਾ ਹੈ ਤਾਂ ‘ਕਲੀਸਿਯਾ ਦੇ ਬਜ਼ੁਰਗ ਯਹੋਵਾਹ ਦਾ ਨਾਮ ਲੈ ਕੇ ਉਹ ਨੂੰ ਤੇਲ ਝੱਸਦੇ’ ਹਨ। (ਯਾਕੂਬ 5:14) ਬਾਈਬਲ ਵਿੱਚੋਂ ਬਜ਼ੁਰਗਾਂ ਦੀ ਸਲਾਹ ਅਤੇ ਆਪਣੇ ਭਰਾ ਲਈ ਦਿਲੋਂ ਕੀਤੀਆਂ ਗਈਆਂ ਪ੍ਰਾਰਥਨਾਵਾਂ, ਤਾਜ਼ਗੀ ਦੇਣ ਵਾਲੇ ਤੇਲ ਵਰਗੀਆਂ ਹਨ। ਮੁਹਾਵਰੇਦਾਰ ਇਬਰਾਨੀ ਵਿਚ ਇਕ ਚੰਗੇ ਆਦਮੀ ਨੂੰ ਕਈ ਵਾਰ “ਖਰਾ ਤੇਲ” ਸੱਦਿਆ ਜਾਂਦਾ ਹੈ।
‘ਪਰਮੇਸ਼ੁਰ ਦੇ ਘਰ ਵਿੱਚ ਜ਼ੈਤੂਨ ਦਾ ਹਰਿਆ-ਭਰਿਆ ਬਿਰਛ’
ਇਨ੍ਹਾਂ ਕਾਫ਼ੀ ਨੁਕਤਿਆਂ ਬਾਰੇ ਗੱਲ ਕਰਨ ਤੋਂ ਬਾਅਦ ਅਸੀਂ ਸਮਝ ਸਕਦੇ ਹਾਂ ਕਿ ਪਰਮੇਸ਼ੁਰ ਦੇ ਸੇਵਕ ਜ਼ੈਤੂਨ ਦੇ ਦਰਖ਼ਤ ਨਾਲ ਕਿਉਂ ਦਰਸਾਏ ਜਾ ਸਕਦੇ ਹਨ। ਦਾਊਦ “ਪਰਮੇਸ਼ੁਰ ਦੇ ਘਰ ਵਿੱਚ ਜ਼ੈਤੂਨ ਦੇ ਹਰੇ ਭਰੇ ਬਿਰਛ ਵਰਗਾ” ਬਣਨਾ ਚਾਹੁੰਦਾ ਸੀ। (ਜ਼ਬੂਰ 52:8) ਜਿਵੇਂ ਇਸਰਾਏਲੀ ਪਰਿਵਾਰ ਆਪਣੇ ਘਰਾਂ ਦੇ ਦੁਆਲੇ ਜ਼ੈਤੂਨ ਦੇ ਦਰਖ਼ਤ ਲਗਾਉਂਦੇ ਸਨ, ਇਸੇ ਤਰ੍ਹਾਂ ਦਾਊਦ ਯਹੋਵਾਹ ਦੇ ਲਾਗੇ ਰਹਿਣਾ ਚਾਹੁੰਦਾ ਸੀ ਅਤੇ ਚੰਗੇ ਫਲ ਉਤਪੰਨ ਕਰ ਕੇ ਪਰਮੇਸ਼ੁਰ ਦੇ ਗੁਣ ਗਾਉਣੇ ਚਾਹੁੰਦਾ ਸੀ।—ਜ਼ਬੂਰ 52:9.
ਜਦੋਂ ਦੋ-ਗੋਤੀ ਰਾਜ ਯਹੂਦਾਹ ਯਹੋਵਾਹ ਨੂੰ ਵਫ਼ਾਦਾਰ ਸੀ, ਤਾਂ ਉਹ “ਇੱਕ ਹਰਾ ਅਤੇ ਸੋਹਣਾ ਫਲਦਾਇਕ ਜ਼ੈਤੂਨ” ਸੱਦਿਆ ਜਾਂਦਾ ਸੀ। (ਯਿਰਮਿਯਾਹ 11:15, 16) ਪਰ ਯਹੂਦਾਹ ਦੇ ਲੋਕਾਂ ਨੇ ਇਹ ਸਨਮਾਨ ਗੁਆ ਦਿੱਤਾ ਜਦੋਂ ਉਨ੍ਹਾਂ ਨੇ ‘ਯਹੋਵਾਹ ਦੀਆਂ ਗੱਲਾਂ ਨਹੀਂ ਸੁਣੀਆਂ ਅਤੇ ਓਹ ਦੂਜੇ ਦਿਓਤਿਆਂ ਦੇ ਪਿੱਛੇ ਚੱਲੇ ਗਏ।’—ਯਿਰਮਿਯਾਹ 11:10.
ਪਰਮੇਸ਼ੁਰ ਦੇ ਘਰ ਵਿਚ ਜ਼ੈਤੂਨ ਦਾ ਹਰਿਆ-ਭਰਿਆ ਬਿਰਛ ਬਣਨ ਵਾਸਤੇ ਸਾਨੂੰ ਯਹੋਵਾਹ ਦੀ ਗੱਲ ਸੁਣਨੀ ਚਾਹੀਦੀ ਹੈ। ਸਾਨੂੰ ਉਸ ਦੀ ਤਾੜਨਾ ਕਬੂਲ ਕਰ ਕੇ “ਛਾਂਗੇ” ਜਾਣ ਦੀ ਲੋੜ ਹੈ ਤਾਂਕਿ ਅਸੀਂ ਹੋਰ ਮਸੀਹੀ ਫਲ ਉਤਪੰਨ ਕਰ ਸਕੀਏ। (ਇਬਰਾਨੀਆਂ 12:5, 6) ਇਸ ਤੋਂ ਇਲਾਵਾ, ਸੋਕੇ ਵਿੱਚੋਂ ਬਚ ਨਿਕਲਣ ਵਾਸਤੇ ਜ਼ੈਤੂਨ ਦੇ ਇਕ ਦਰਖ਼ਤ ਨੂੰ ਲੰਮੀਆਂ-ਚੌੜੀਆਂ ਜੜ੍ਹਾਂ ਦੀ ਜ਼ਰੂਰਤ ਪੈਂਦੀ ਹੈ। ਇਸੇ ਤਰ੍ਹਾਂ ਅਜ਼ਮਾਇਸ਼ਾਂ ਅਤੇ ਜ਼ੁਲਮ ਵਿੱਚੋਂ ਬਚ ਨਿਕਲਣ ਵਾਸਤੇ ਸਾਨੂੰ ਆਪਣੀਆਂ ਰੂਹਾਨੀ ਜੜ੍ਹਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।—ਮੱਤੀ 13:21; ਕੁਲੁੱਸੀਆਂ 2:6, 7.
ਜ਼ੈਤੂਨ ਦਾ ਦਰਖ਼ਤ ਉਸ ਵਫ਼ਾਦਾਰ ਮਸੀਹੀ ਨੂੰ ਚੰਗੀ ਤਰ੍ਹਾਂ ਦਰਸਾਉਂਦਾ ਹੈ ਜੋ ਦੁਨੀਆਂ ਦੀਆਂ ਨਜ਼ਰਾਂ ਵਿਚ ਕੁਝ ਨਹੀਂ ਸਮਝਿਆ ਜਾਂਦਾ ਪਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕੀਮਤੀ ਹੈ। ਜੇਕਰ ਇਸ ਜ਼ਮਾਨੇ ਵਿਚ ਅਜਿਹਾ ਬੰਦਾ ਮਰ ਵੀ ਜਾਵੇ ਤਾਂ ਉਹ ਨਵੇਂ ਸੰਸਾਰ ਵਿਚ ਦੁਬਾਰਾ ਜੀਵੇਗਾ।—2 ਕੁਰਿੰਥੀਆਂ 6:9; 2 ਪਤਰਸ 3:13.
ਜ਼ੈਤੂਨ ਦਾ ਮਜ਼ਬੂਤ ਦਰਖ਼ਤ ਜੋ ਸਾਲ-ਬ-ਸਾਲ ਫਲ ਪੈਦਾ ਕਰਦਾ ਰਹਿੰਦਾ ਹੈ, ਸਾਨੂੰ ਪਰਮੇਸ਼ੁਰ ਦੇ ਇਸ ਵਾਅਦੇ ਬਾਰੇ ਯਾਦ ਦਿਲਾਉਂਦਾ ਹੈ: “ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ, ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ।” (ਯਸਾਯਾਹ 65:22) ਪਰਮੇਸ਼ੁਰ ਦਾ ਇਹ ਵਾਅਦਾ ਨਵੇਂ ਸੰਸਾਰ ਵਿਚ ਨਿਭਾਇਆ ਜਾਵੇਗਾ।—2 ਪਤਰਸ 3:13.
[ਫੁਟਨੋਟ]
a ਆਮ ਤੌਰ ਤੇ ਇਨ੍ਹਾਂ ਨਵਿਆਂ ਪੌਦਿਆਂ ਨੂੰ ਹਰ ਸਾਲ ਛਾਂਗਿਆ ਜਾਂਦਾ ਹੈ ਤਾਂਕਿ ਇਹ ਦਰਖ਼ਤ ਦੀ ਤਾਕਤ ਚੂਸ ਨਾ ਲੈਣ।
[ਸਫ਼ੇ 25 ਉੱਤੇ ਤਸਵੀਰ]
ਸੁੱਕੇ-ਸੜੇ ਦਰਖ਼ਤ ਦਾ ਇਹ ਪੁਰਾਣਾ ਟੁੰਡ ਸਪੇਨ ਦੇ ਆਲੀਕਾਂਟੇ ਸੂਬੇ ਵਿਚ ਯਾਸੀਆ ਸ਼ਹਿਰ ਵਿਚ ਲੱਭਿਆ ਸੀ
[ਸਫ਼ੇ 26 ਉੱਤੇ ਤਸਵੀਰ]
ਸਪੇਨ ਦੇ ਗਰਾਨਾਡਾ ਸੂਬੇ ਵਿਚ ਜ਼ੈਤੂਨ ਦੇ ਦਰਖ਼ਤਾਂ ਦੇ ਝੁੰਡ
[ਸਫ਼ੇ 26 ਉੱਤੇ ਤਸਵੀਰਾਂ]
ਯਰੂਸ਼ਲਮ ਦੀਆਂ ਕੰਧਾਂ ਦੇ ਬਾਹਰ ਜ਼ੈਤੂਨ ਦਾ ਇਕ ਪੁਰਾਣਾ ਦਰਖ਼ਤ
[ਸਫ਼ੇ 26 ਉੱਤੇ ਤਸਵੀਰ]
ਬਾਈਬਲ ਵਿਚ ਜ਼ੈਤੂਨ ਦੇ ਦਰਖ਼ਤ ਵਿਚ ਪਿਉਂਦ ਚਾੜਨ ਦੀ ਗੱਲ ਕੀਤੀ ਗਈ ਹੈ
[ਸਫ਼ੇ 26 ਉੱਤੇ ਤਸਵੀਰ]
ਜ਼ੈਤੂਨ ਦੇ ਇਸ ਬੁੱਢੇ ਦਰਖ਼ਤ ਦੇ ਆਲੇ- ਦੁਆਲੇ ਨਵੇਂ ਬੂਟੇ