ਤੁਸੀਂ ਨਿਰਾਸ਼ਾ ਦਾ ਸਾਮ੍ਹਣਾ ਕਰ ਸਕਦੇ ਹੋ!
ਇਕ ਵਾਰ ਇਕ ਸਿਆਣੇ ਵਿਅਕਤੀ ਨੇ ਇੰਜ ਲਿਖਿਆ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।” (ਕਹਾਉਤਾਂ 24:10) ਜੇ ਤੁਸੀਂ ਕਦੇ ਨਿਰਾਸ਼ ਹੋਏ ਹੋ, ਤਾਂ ਸ਼ਾਇਦ ਤੁਸੀਂ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਵੋਗੇ।
ਕੋਈ ਵੀ ਇਨਸਾਨ ਨਿਰਾਸ਼ਾ ਤੋਂ ਬਚ ਨਹੀਂ ਸਕਦਾ। ਥੋੜ੍ਹੀ-ਬਹੁਤੀ ਨਿਰਾਸ਼ਾ ਇਕ ਜਾਂ ਦੋ ਦਿਨਾਂ ਬਾਅਦ ਖ਼ਤਮ ਹੋ ਸਕਦੀ ਹੈ। ਪਰ ਜਦੋਂ ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ ਜਾਂ ਕਿਸੇ ਨਾਲ ਨਾਰਾਜ਼ਗੀ ਹੁੰਦੀ ਹੈ, ਤਾਂ ਇਹ ਸਮੱਸਿਆ ਕਾਫ਼ੀ ਲੰਮੇ ਸਮੇਂ ਤਕ ਬਣੀ ਰਹਿ ਸਕਦੀ ਹੈ। ਸਾਲਾਂ ਤੋਂ ਵਫ਼ਾਦਾਰ ਰਹਿ ਚੁੱਕੇ ਕੁਝ ਮਸੀਹੀ ਇੰਨੇ ਜ਼ਿਆਦਾ ਨਿਰਾਸ਼ ਹੋ ਗਏ ਹਨ ਕਿ ਉਨ੍ਹਾਂ ਨੇ ਮਸੀਹੀ ਸਭਾਵਾਂ ਵਿਚ ਆਉਣਾ ਤੇ ਪ੍ਰਚਾਰ ਵਿਚ ਹਿੱਸਾ ਲੈਣਾ ਹੀ ਛੱਡ ਦਿੱਤਾ ਹੈ।
ਜੇ ਤੁਸੀਂ ਵੀ ਨਿਰਾਸ਼ਾ ਦੇ ਇਸ ਦੌਰ ਵਿੱਚੋਂ ਲੰਘ ਰਹੇ ਹੋ, ਤਾਂ ਹਿੰਮਤ ਨਾ ਹਾਰੋ! ਕਿਉਂਕਿ ਬੀਤੇ ਸਮੇਂ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੇ ਨਿਰਾਸ਼ਾ ਦਾ ਡਟ ਕੇ ਸਾਮ੍ਹਣਾ ਕੀਤਾ ਤੇ ਅੱਜ ਤੁਸੀਂ ਵੀ ਪਰਮੇਸ਼ੁਰ ਦੀ ਮਦਦ ਨਾਲ ਇੱਦਾਂ ਕਰ ਸਕਦੇ ਹੋ।
ਜਦੋਂ ਦੂਜੇ ਤੁਹਾਡੇ ਦਿਲ ਨੂੰ ਠੇਸ ਪਹੁੰਚਾਉਣ
ਕਈ ਵਾਰ ਲੋਕ ਬਿਨਾਂ ਸੋਚੇ-ਸਮਝੇ ਕੁਝ ਅਜਿਹਾ ਬੋਲ ਦਿੰਦੇ ਜਾਂ ਕਰ ਦਿੰਦੇ ਹਨ ਜਿਸ ਤੋਂ ਤੁਹਾਡੇ ਦਿਲ ਨੂੰ ਠੇਸ ਪਹੁੰਚ ਸਕਦੀ ਹੈ। ਪਰ ਤੁਸੀਂ ਦੂਸਰਿਆਂ ਦੀ ਨਾਮੁਕੰਮਲਤਾ ਨੂੰ ਯਹੋਵਾਹ ਦੀ ਸੇਵਾ ਵਿਚ ਰੁਕਾਵਟ ਬਣਨ ਤੋਂ ਰੋਕ ਸਕਦੇ ਹੋ। ਜੇ ਕਿਸੇ ਨੇ ਤੁਹਾਡੇ ਦਿਲ ਨੂੰ ਠੇਸ ਪਹੁੰਚਾਈ ਹੈ, ਤਾਂ ਤੁਹਾਨੂੰ ਇਸ ਦਾ ਸਾਮ੍ਹਣਾ ਕਰਨ ਲਈ ਸਮੂਏਲ ਦੀ ਮਾਂ, ਹੰਨਾਹ ਦੀ ਉਦਾਹਰਣ ਤੇ ਗੌਰ ਕਰਨ ਨਾਲ ਮਦਦ ਮਿਲੇਗੀ ਜਿਸ ਨੇ ਦਿਲ-ਢਾਹੂ ਹਾਲਾਤਾਂ ਦਾ ਸਾਮ੍ਹਣਾ ਕੀਤਾ ਸੀ।
ਹੰਨਾਹ ਬੱਚੇ ਲਈ ਤਰਸਦੀ ਸੀ, ਪਰ ਉਹ ਕੁੱਖੋਂ ਸੱਖਣੀ ਸੀ। ਉਸ ਦੇ ਪਤੀ ਦੀ ਦੂਜੀ ਪਤਨੀ ਪਨਿੰਨਾਹ ਦੇ ਕਈ ਮੁੰਡੇ-ਕੁੜੀਆਂ ਸਨ। ਹੰਨਾਹ ਦਾ ਦੁੱਖ ਸਮਝਣ ਦੀ ਬਜਾਇ, ਪਨਿੰਨਾਹ ਉਸ ਨੂੰ ਆਪਣੀ ਸੌਂਕਣ ਸਮਝਦੀ ਸੀ ਤੇ ਉਸ ਨਾਲ ਇੰਨਾ ਬੁਰਾ ਸਲੂਕ ਕਰਦੀ ਸੀ ਕਿ ਹੰਨਾਹ ‘ਰੋਇਆ ਕਰਦੀ ਅਤੇ ਕੁਝ ਨਾ ਖਾਂਦੀ’ ਸੀ।—1 ਸਮੂਏਲ 1:2, 4-7.
ਇਕ ਦਿਨ ਹੰਨਾਹ ਡੇਹਰੇ ਵਿਚ ਪ੍ਰਾਰਥਨਾ ਕਰਨ ਗਈ। ਇਸਰਾਏਲ ਦੇ ਪ੍ਰਧਾਨ ਜਾਜਕ ਏਲੀ ਨੇ ਉਸ ਦੇ ਬੁੱਲ੍ਹਾਂ ਨੂੰ ਹਿਲਦੇ ਹੋਏ ਦੇਖਿਆ। ਇਹ ਸਮਝਣ ਦੀ ਬਜਾਇ ਕਿ ਹੰਨਾਹ ਪ੍ਰਾਰਥਨਾ ਕਰ ਰਹੀ ਹੈ, ਉਸ ਨੇ ਸੋਚਿਆ ਕਿ ਹੰਨਾਹ ਨੇ ਪੀਤੀ ਹੋਈ ਹੈ। ਉਸ ਨੇ ਹੰਨਾਹ ਨੂੰ ਆਖਿਆ: “ਆਪਣੀ ਖੁਮਾਰੀ ਨੂੰ ਛੱਡ।” (1 ਸਮੂਏਲ 1:12-14) ਕੀ ਤੁਸੀਂ ਸੋਚ ਸਕਦੇ ਹੋ ਕਿ ਹੰਨਾਹ ਨੂੰ ਕਿੱਦਾਂ ਦਾ ਲੱਗਾ ਹੋਵੇਗਾ? ਉਹ ਤਾਂ ਡੇਹਰੇ ਵਿਚ ਦਿਲਾਸਾ ਲੈਣ ਆਈ ਸੀ। ਪਰ ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਇਸਰਾਏਲ ਦਾ ਸਭ ਤੋਂ ਅਸਰ-ਰਸੂਖ ਰੱਖਣ ਵਾਲਾ ਵਿਅਕਤੀ ਹੀ ਉਸ ਤੇ ਗ਼ਲਤ ਇਲਜ਼ਾਮ ਲਾਵੇਗਾ!
ਇਨ੍ਹਾਂ ਗੱਲਾਂ ਤੋਂ ਹੰਨਾਹ ਆਸਾਨੀ ਨਾਲ ਨਿਰਾਸ਼ ਹੋ ਸਕਦੀ ਸੀ। ਉਹ ਗੁੱਸੇ ਵਿਚ ਆ ਕੇ ਝੱਟ ਹੀ ਡੇਹਰਾ ਛੱਡ ਕੇ ਜਾ ਸਕਦੀ ਸੀ ਤੇ ਇਹ ਠਾਣ ਸਕਦੀ ਸੀ ਕਿ ਜਦ ਤਕ ਏਲੀ ਪ੍ਰਧਾਨ ਜਾਜਕ ਵਜੋਂ ਇੱਥੇ ਕੰਮ ਕਰੇਗਾ ਤਦ ਤਕ ਉਹ ਡੇਹਰੇ ਵਿਚ ਦੁਬਾਰਾ ਪੈਰ ਨਹੀਂ ਧਰੇਗੀ। ਅਜਿਹਾ ਸੋਚਣ ਦੀ ਬਜਾਇ ਹੰਨਾਹ ਨੇ ਯਹੋਵਾਹ ਨਾਲ ਆਪਣੇ ਰਿਸ਼ਤੇ ਦੀ ਅਹਿਮੀਅਤ ਨੂੰ ਸਮਝਿਆ। ਉਹ ਜਾਣਦੀ ਸੀ ਕਿ ਜੇ ਉਸ ਨੇ ਇੰਜ ਕੀਤਾ, ਤਾਂ ਯਹੋਵਾਹ ਉਸ ਤੋਂ ਨਾਰਾਜ਼ ਹੋ ਜਾਵੇਗਾ। ਡੇਹਰਾ ਸੱਚੀ ਭਗਤੀ ਦਾ ਮੁੱਖ ਕੇਂਦਰ ਸੀ। ਯਹੋਵਾਹ ਨੇ ਇਸ ਡੇਹਰੇ ਨੂੰ ਆਪਣੀ ਭਗਤੀ ਲਈ ਚੁਣਿਆ ਸੀ। ਹਾਲਾਂਕਿ ਏਲੀ ਨਾਮੁਕੰਮਲ ਸੀ, ਪਰ ਉਹ ਯਹੋਵਾਹ ਦਾ ਚੁਣਿਆ ਹੋਇਆ ਨੁਮਾਇੰਦਾ ਸੀ।
ਹਾਲਾਂਕਿ ਹੰਨਾਹ ਨੇ ਆਪਣੇ ਤੇ ਗ਼ਲਤ ਇਲਜ਼ਾਮ ਨਹੀਂ ਲੱਗਣ ਦਿੱਤੇ, ਪਰ ਉਸ ਨੇ ਏਲੀ ਨੂੰ ਬੜੇ ਅਦਬ ਨਾਲ ਜਵਾਬ ਦਿੱਤਾ ਜੋ ਅੱਜ ਸਾਡੇ ਲਈ ਇਕ ਵਧੀਆ ਮਿਸਾਲ ਹੈ। ਉਸ ਨੇ ਜਵਾਬ ਦਿੱਤਾ: “ਨਹੀਂ ਸੁਆਮੀ ਜੀ, ਮੈਂ ਤਾਂ ਉਦਾਸ ਮਨ ਤੀਵੀਂ ਹਾਂ। ਮੈਂ ਮੈ ਯਾ ਕੋਈ ਹੋਰ ਅਮਲ ਨਹੀਂ ਪੀਤਾ ਪਰ ਯਹੋਵਾਹ ਦੇ ਅੱਗੇ ਆਪਣੇ ਮਨ ਨੂੰ ਡੋਹਲ ਦਿੱਤਾ ਹੈ। ਤੂੰ ਆਪਣੀ ਟਹਿਲਣ ਨੂੰ ਸ਼ਤਾਨ ਦੀ ਧੀ ਨਾ ਜਾਣ। ਮੈਂ ਤਾਂ ਆਪਣੀਆਂ ਚਿੰਤਾਂ ਅਤੇ ਦੁਖਾਂ ਦੇ ਢੇਰ ਹੋਣ ਕਰਕੇ ਹੁਣ ਤੋੜੀ ਬੋਲਦੀ ਰਹੀ ਹਾਂ।”—1 ਸਮੂਏਲ 1:15, 16.
ਕੀ ਹੰਨਾਹ ਏਲੀ ਨੂੰ ਆਪਣੇ ਦਿਲ ਦੀ ਹਾਲਤ ਦੱਸ ਸਕੀ? ਬਿਲਕੁਲ। ਉਸ ਨੇ ਏਲੀ ਨੂੰ ਬੜੇ ਅਦਬ ਨਾਲ ਜਵਾਬ ਦਿੱਤਾ, ਪਰ ਆਪਣੇ ਤੇ ਲੱਗੇ ਗ਼ਲਤ ਇਲਜ਼ਾਮਾਂ ਲਈ ਉਸ ਨੇ ਏਲੀ ਦੀ ਨੁਕਤਾਚੀਨੀ ਕਰਨ ਦੀ ਹਿੰਮਤ ਨਹੀਂ ਕੀਤੀ। ਏਲੀ ਨੇ ਵੀ ਬੜੇ ਪਿਆਰ ਨਾਲ ਉਸ ਨੂੰ ਕਿਹਾ: “ਸੁਖ ਸਾਂਦ ਨਾਲ ਜਾਹ ਅਤੇ ਇਸਰਾਏਲ ਦਾ ਪਰਮੇਸ਼ੁਰ ਤੇਰੀ ਅਰਜੋਈ ਪੂਰੀ ਕਰੇ ਜੋ ਤੈਂ ਉਸ ਤੋਂ ਮੰਗੀ ਹੈ।” ਜਦੋਂ ਮਾਮਲਾ ਸੁਲਝ ਗਿਆ, ਤਾਂ ਹੰਨਾਹ ਨੇ “ਜਾ ਕੇ ਰੋਟੀ ਖਾਧੀ ਅਤੇ ਫੇਰ ਉਹ ਦਾ ਮੂੰਹ ਉਦਾਸ ਨਾ ਰਿਹਾ।”—1 ਸਮੂਏਲ 1:17, 18.
ਇਸ ਬਿਰਤਾਂਤ ਤੋਂ ਅਸੀਂ ਕੀ ਸਿੱਖਦੇ ਹਾਂ? ਹੰਨਾਹ ਨੇ ਗ਼ਲਤਫ਼ਹਿਮੀ ਦੂਰ ਕਰਨ ਲਈ ਫ਼ੌਰਨ ਕਦਮ ਚੁੱਕਿਆ, ਪਰ ਉਸ ਨੇ ਸਭ ਕੁਝ ਬੜੇ ਅਦਬ ਨਾਲ ਕੀਤਾ। ਇਸ ਨਾਲ ਉਸ ਦਾ ਯਹੋਵਾਹ ਤੇ ਏਲੀ ਨਾਲ ਚੰਗਾ ਰਿਸ਼ਤਾ ਬਣਿਆ ਰਿਹਾ। ਅਕਸਰ ਚੰਗੀ ਬੋਲ-ਚਾਲ ਨਾਲ ਤੇ ਥੋੜ੍ਹੀ ਜਿਹੀ ਸੂਝ-ਬੂਝ ਵਰਤਣ ਨਾਲ ਛੋਟੀਆਂ-ਛੋਟੀਆਂ ਸਮੱਸਿਆਵਾਂ ਵੱਡੀਆਂ ਬਣਨ ਤੋਂ ਰੁਕ ਸਕਦੀਆਂ ਹਨ!
ਇਸ ਕਰਕੇ ਦੂਜਿਆਂ ਨਾਲ ਗ਼ਲਤ-ਫ਼ਹਿਮੀਆਂ ਦੂਰ ਕਰਦੇ ਵੇਲੇ ਦੋਹਾਂ ਧਿਰਾਂ ਨੂੰ ਨਿਮਰਤਾ ਨਾਲ ਗੱਲ ਕਰਨੀ ਚਾਹੀਦੀ ਹੈ। ਨਾਲੇ ਜੇ ਤੁਸੀਂ ਕਿਸੇ ਗ਼ਲਤਫ਼ਹਿਮੀ ਨੂੰ ਦੂਰ ਕਰਨ ਦੀ ਪੂਰੀ-ਪੂਰੀ ਕੋਸ਼ਿਸ਼ ਕਰਦੇ ਹੋ, ਪਰ ਸੰਗੀ ਭੈਣ-ਭਰਾ ਤੁਹਾਡੀ ਗੱਲ ਨਹੀਂ ਸੁਣਦਾ, ਤਾਂ ਤੁਹਾਨੂੰ ਮਾਮਲਾ ਯਹੋਵਾਹ ਤੇ ਇਹ ਭਰੋਸਾ ਰੱਖਦੇ ਹੋਏ ਛੱਡ ਦੇਣਾ ਚਾਹੀਦਾ ਹੈ ਕਿ ਉਹ ਆਪਣੇ ਸਮੇਂ ਤੇ ਅਤੇ ਆਪਣੇ ਤਰੀਕੇ ਨਾਲ ਇਸ ਨੂੰ ਸੁਲਝਾਏਗਾ।
ਕੀ ਤੁਹਾਡੇ ਤੋਂ ਸੇਵਾ ਦਾ ਕੋਈ ਵਿਸ਼ੇਸ਼-ਸਨਮਾਨ ਖੁੰਝ ਗਿਆ ਹੈ?
ਕੁਝ ਲੋਕ ਇਸ ਕਰਕੇ ਨਿਰਾਸ਼ ਹੋ ਗਏ ਹਨ ਕਿਉਂਕਿ ਪਰਮੇਸ਼ੁਰ ਦੀ ਸੇਵਾ ਵਿਚ ਉਨ੍ਹਾਂ ਨੂੰ ਜੋ ਵਧੀਆ ਵਿਸ਼ੇਸ਼-ਸਨਮਾਨ ਮਿਲਿਆ ਸੀ, ਉਹ ਉਨ੍ਹਾਂ ਤੋਂ ਖੁੰਝ ਗਿਆ ਹੈ। ਉਨ੍ਹਾਂ ਨੂੰ ਆਪਣੇ ਭਰਾਵਾਂ ਦੀ ਸੇਵਾ ਕਰਨ ਵਿਚ ਖ਼ੁਸ਼ੀ ਮਿਲਦੀ ਸੀ, ਪਰ ਹੁਣ ਵਿਸ਼ੇਸ਼-ਸਨਮਾਨ ਦੇ ਖੁੰਝ ਜਾਣ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਯਹੋਵਾਹ ਅਤੇ ਉਸ ਦੇ ਸੰਗਠਨ ਲਈ ਕਿਸੇ ਕੰਮ ਦੇ ਨਹੀਂ ਹਨ। ਜੇ ਤੁਹਾਨੂੰ ਵੀ ਇੱਦਾਂ ਲੱਗਦਾ ਹੈ, ਤਾਂ ਤੁਸੀਂ ਬਾਈਬਲ ਲਿਖਾਰੀ ਮਰਕੁਸ, ਜਿਸ ਨੂੰ ਯੂਹੰਨਾ ਮਰਕੁਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੀ ਮਿਸਾਲ ਤੋਂ ਸਿੱਖ ਸਕਦੇ ਹੋ।—ਰਸੂਲਾਂ ਦੇ ਕਰਤੱਬ 12:12.
ਮਰਕੁਸ, ਪੌਲੁਸ ਤੇ ਬਰਨਬਾਸ ਦੇ ਪਹਿਲੇ ਮਿਸ਼ਨਰੀ ਦੌਰੇ ਤੇ ਉਨ੍ਹਾਂ ਦੇ ਨਾਲ ਗਿਆ, ਪਰ ਰਾਹ ਵਿਚ ਹੀ ਉਹ ਦੋਹਾਂ ਨੂੰ ਛੱਡ ਕੇ ਯਰੂਸ਼ਲਮ ਵਾਪਸ ਆ ਗਿਆ। (ਰਸੂਲਾਂ ਦੇ ਕਰਤੱਬ 13:13) ਬਾਅਦ ਵਿਚ ਬਰਨਬਾਸ ਮਰਕੁਸ ਨੂੰ ਆਪਣੇ ਨਾਲ ਕਿਸੇ ਹੋਰ ਦੌਰੇ ਤੇ ਲਿਜਾਣਾ ਚਾਹੁੰਦਾ ਸੀ। ਪਰ ਬਾਈਬਲ ਦੱਸਦੀ ਹੈ: “ਪੌਲੁਸ ਨੇ ਚੰਗਾ ਨਾ ਜਾਣਿਆ ਕਿ ਉਹ ਨੂੰ ਨਾਲ ਲੈ ਚੱਲੇ ਜਿਹੜਾ ਪਮਫ਼ੁਲਿਯਾ ਤੋਂ ਉਨ੍ਹਾਂ ਕੋਲੋਂ ਅੱਡ ਹੋਇਆ ਅਤੇ ਉਨ੍ਹਾਂ ਦੇ ਨਾਲ ਕੰਮ ਨੂੰ ਨਾ ਗਿਆ ਸੀ।” ਬਰਨਬਾਸ ਇਸ ਗੱਲ ਨਾਲ ਰਾਜ਼ੀ ਨਹੀਂ ਸੀ। ਇਹ ਬਿਰਤਾਂਤ ਅੱਗੇ ਦੱਸਦਾ ਹੈ ਕਿ ‘ਤਦ ਉਨ੍ਹਾਂ ਵਿੱਚ ਐੱਨਾ ਵਿਗਾੜ ਹੋਇਆ ਜੋ [ਪੌਲੁਸ ਅਤੇ ਬਰਨਬਾਸ] ਇੱਕ ਦੂਜੇ ਤੋਂ ਵੱਖ ਹੋ ਗਏ ਅਤੇ ਬਰਨਬਾਸ ਮਰਕੁਸ ਨੂੰ ਨਾਲ ਲੈ ਕੇ ਜਹਾਜ਼ ਉੱਤੇ ਚੜ੍ਹਿਆ ਅਤੇ ਕੁਪਰੁਸ ਨੂੰ ਚੱਲਿਆ ਗਿਆ। ਪੌਲੁਸ ਨੇ ਸੀਲਾਸ ਨੂੰ ਚੁਣਿਆ . . . ਤੇ ਉਹ ਤੁਰ ਪਿਆ।’—ਰਸੂਲਾਂ ਦੇ ਕਰਤੱਬ 15:36-40.
ਮਰਕੁਸ ਨੂੰ ਇਹ ਜਾਣ ਕੇ ਬੜਾ ਦੁੱਖ ਹੋਇਆ ਹੋਣਾ ਕਿ ਪੌਲੁਸ ਰਸੂਲ ਉਸ ਨਾਲ ਕੰਮ ਨਹੀਂ ਕਰਨਾ ਚਾਹੁੰਦਾ ਸੀ ਤੇ ਉਸ ਦੀ ਕਾਬਲੀਅਤ ਦੇ ਝਗੜੇ ਨੂੰ ਲੈ ਕੇ ਹੀ ਉਸ ਵਿਚ ਤੇ ਬਰਨਬਾਸ ਵਿਚਕਾਰ ਫੁੱਟ ਪੈ ਗਈ ਸੀ। ਪਰ ਗੱਲ ਇੱਥੇ ਹੀ ਨਹੀਂ ਮੁੱਕਦੀ।
ਪੌਲੁਸ ਤੇ ਸੀਲਾਸ ਨੂੰ ਅਜੇ ਵੀ ਇਕ ਸਫ਼ਰੀ ਸਾਥੀ ਦੀ ਲੋੜ ਸੀ। ਜਦੋਂ ਉਹ ਲੁਸਤ੍ਰਾ ਪਹੁੰਚੇ, ਤਾਂ ਉਨ੍ਹਾਂ ਨੂੰ ਮਰਕੁਸ ਦੀ ਥਾਂ ਆਪਣੇ ਨਾਲ ਲਿਜਾਣ ਲਈ ਤਿਮੋਥਿਉਸ ਨਾਂ ਦਾ ਨੌਜਵਾਨ ਮਿਲ ਗਿਆ। ਇਸ ਵੇਲੇ ਜਦੋਂ ਤਿਮੋਥਿਉਸ ਨੂੰ ਚੁਣਿਆ ਗਿਆ, ਤਾਂ ਹੋ ਸਕਦਾ ਹੈ ਕਿ ਉਸ ਨੂੰ ਬਪਤਿਸਮਾ ਲਏ ਹੋਏ ਅਜੇ ਦੋ ਜਾਂ ਤਿੰਨ ਸਾਲ ਹੋਏ ਹੋਣਗੇ। ਦੂਜੇ ਪਾਸੇ, ਮਰਕੁਸ ਉਦੋਂ ਤੋਂ ਹੀ ਮਸੀਹੀ ਕਲੀਸਿਯਾ ਨਾਲ ਸੰਗਤੀ ਕਰ ਰਿਹਾ ਸੀ ਜਦੋਂ ਕਲੀਸਿਯਾ ਅਜੇ ਨਵੀਂ-ਨਵੀਂ ਹੀ ਬਣੀ ਸੀ, ਯਾਨੀ ਪੌਲੁਸ ਦੇ ਸੱਚਾਈ ਵਿਚ ਆਉਣ ਤੋਂ ਵੀ ਪਹਿਲਾਂ ਤੋਂ। ਪਰ ਸੇਵਾ ਕਰਨ ਦਾ ਇਹ ਵਿਸ਼ੇਸ਼-ਸਨਮਾਨ ਤਿਮੋਥਿਉਸ ਨੂੰ ਮਿਲਿਆ।—ਰਸੂਲਾਂ ਦੇ ਕਰਤੱਬ 16:1-3.
ਜਦੋਂ ਮਰਕੁਸ ਨੂੰ ਇਹ ਪਤਾ ਲੱਗਾ ਕਿ ਉਸ ਨਾਲੋਂ ਉਮਰ ਵਿਚ ਛੋਟੇ ਤੇ ਘੱਟ ਤਜਰਬੇਕਾਰ ਵਿਅਕਤੀ ਨੂੰ ਉਸ ਦੀ ਥਾਂ ਲਿਆ ਹੈ, ਤਾਂ ਉਸ ਨੂੰ ਕਿੱਦਾਂ ਲੱਗਾ? ਬਾਈਬਲ ਇਸ ਬਾਰੇ ਕੁਝ ਨਹੀਂ ਦੱਸਦੀ। ਪਰ ਇਹ ਪਤਾ ਲੱਗਦਾ ਹੈ ਕਿ ਮਰਕੁਸ ਯਹੋਵਾਹ ਦੀ ਸੇਵਾ ਜੋਸ਼ ਨਾਲ ਕਰਦਾ ਰਿਹਾ। ਉਸ ਨੂੰ ਜੋ ਵੀ ਵਿਸ਼ੇਸ਼-ਸਨਮਾਨ ਮਿਲੇ, ਉਸ ਨੇ ਉਨ੍ਹਾਂ ਦਾ ਫ਼ਾਇਦਾ ਉਠਾਇਆ। ਚਾਹੇ ਕਿ ਉਹ ਪੌਲੁਸ ਤੇ ਸੀਲਾਸ ਨਾਲ ਸੇਵਾ ਨਾ ਕਰ ਸਕਿਆ, ਪਰ ਉਸ ਨੇ ਬਰਨਬਾਸ ਨਾਲ ਉਸ ਦੇ ਜੱਦੀ ਇਲਾਕੇ ਸਾਈਪ੍ਰਸ ਤਕ ਸਫ਼ਰ ਕੀਤਾ। ਮਰਕੁਸ ਨੇ ਪਤਰਸ ਨਾਲ ਵੀ ਬਾਬੁਲ ਵਿਚ ਸੇਵਾ ਕੀਤੀ। ਪਰ ਉਸ ਨੂੰ ਪੌਲੁਸ ਤੇ ਤਿਮੋਥਿਉਸ ਨਾਲ ਰੋਮ ਵਿਚ ਸੇਵਾ ਕਰਨ ਦਾ ਮੌਕਾ ਨਾ ਮਿਲ ਸਕਿਆ। (ਕੁਲੁੱਸੀਆਂ 1:1, 4; 1 ਪਤਰਸ 5:13) ਬਾਅਦ ਵਿਚ ਮਰਕੁਸ ਨੂੰ ਚਾਰ ਇੰਜੀਲਾਂ ਵਿੱਚੋਂ ਇਕ ਇੰਜੀਲ ਲਿਖਣ ਲਈ ਪ੍ਰੇਰਿਤ ਕੀਤਾ ਗਿਆ!
ਇਸ ਤੋਂ ਸਾਨੂੰ ਇਕ ਅਹਿਮ ਸਬਕ ਸਿੱਖਣ ਨੂੰ ਮਿਲਦਾ ਹੈ। ਮਰਕੁਸ ਖੁੰਝ ਚੁੱਕੇ ਵਿਸ਼ੇਸ਼-ਸਨਮਾਨ ਕਾਰਨ ਐਨਾ ਉਦਾਸ ਨਹੀਂ ਹੋਇਆ ਕਿ ਜੋ ਵਿਸ਼ੇਸ਼-ਸਨਮਾਨ ਉਸ ਨੂੰ ਮਿਲੇ ਸਨ ਉਨ੍ਹਾਂ ਦੀ ਉਹ ਕਦਰ ਹੀ ਨਾ ਕਰ ਸਕਿਆ। ਮਰਕੁਸ ਯਹੋਵਾਹ ਦੀ ਸੇਵਾ ਵਿਚ ਰੁੱਝਾ ਰਿਹਾ ਤੇ ਯਹੋਵਾਹ ਨੇ ਉਸ ਨੂੰ ਬਰਕਤ ਦਿੱਤੀ।
ਇਸ ਲਈ ਜੇ ਤੁਹਾਡੇ ਕੋਲੋਂ ਕੋਈ ਵਿਸ਼ੇਸ਼-ਸਨਮਾਨ ਖੁੰਝ ਗਿਆ ਹੈ, ਤਾਂ ਨਿਰਾਸ਼ ਨਾ ਹੋਵੋ। ਜੇ ਤੁਸੀਂ ਸਹੀ ਰਵੱਈਆ ਰੱਖਦੇ ਹੋ ਤੇ ਸੇਵਾ ਵਿਚ ਲੱਗੇ ਰਹਿੰਦੇ ਹੋ, ਤਾਂ ਸ਼ਾਇਦ ਤੁਹਾਨੂੰ ਦੂਜੇ ਵਿਸ਼ੇਸ਼-ਸਨਮਾਨ ਦਿੱਤੇ ਜਾ ਸਕਦੇ ਹਨ। ਪ੍ਰਭੂ ਦਾ ਬਹੁਤ ਸਾਰਾ ਕੰਮ ਕਰਨ ਨੂੰ ਹੈ।—1 ਕੁਰਿੰਥੀਆਂ 15:58.
ਇਕ ਵਫ਼ਾਦਾਰ ਸੇਵਕ ਨਿਰਾਸ਼ ਹੋ ਗਿਆ
ਨਿਹਚਾ ਦੀ ਸਖ਼ਤ ਲੜਾਈ ਲੜਨੀ ਕੋਈ ਸੌਖੀ ਗੱਲ ਨਹੀਂ ਹੈ। ਕਦੇ-ਕਦੇ ਤੁਸੀਂ ਨਿਰਾਸ਼ ਹੋ ਸਕਦੇ ਹੋ। ਸ਼ਾਇਦ ਫਿਰ ਤੁਸੀਂ ਆਪਣੀ ਨਿਰਾਸ਼ਾ ਲਈ ਖ਼ੁਦ ਨੂੰ ਦੋਸ਼ੀ ਮੰਨੋ, ਇਹ ਸੋਚਦੇ ਹੋਏ ਕਿ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਨੂੰ ਅਜਿਹਾ ਨਹੀਂ ਮਹਿਸੂਸ ਕਰਨਾ ਚਾਹੀਦਾ। ਇਸਰਾਏਲ ਦੇ ਇਕ ਖ਼ਾਸ ਨਬੀ ਏਲੀਯਾਹ ਵੱਲ ਧਿਆਨ ਦਿਓ।
ਹੋਇਆ ਇੰਜ ਕਿ ਇਸਰਾਏਲ ਦੀ ਰਾਣੀ, ਈਜ਼ਬਲ ਬਆਲ ਦੇਵਤੇ ਦੀ ਕੱਟੜ ਭਗਤਣ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਮਾਰ ਦਿੱਤਾ ਹੈ, ਤਾਂ ਉਸ ਨੇ ਏਲੀਯਾਹ ਨੂੰ ਜਾਨੋਂ ਮਾਰਨ ਦੀ ਠਾਣ ਲਈ। ਏਲੀਯਾਹ ਨੇ ਸਿਰਫ਼ ਈਜ਼ਬਲ ਦਾ ਹੀ ਨਹੀਂ, ਸਗੋਂ ਹੋਰ ਵੀ ਬਹੁਤ ਸਾਰੇ ਦੁਸ਼ਮਣਾਂ ਦਾ ਸਾਮ੍ਹਣਾ ਕੀਤਾ ਸੀ, ਪਰ ਅਚਾਨਕ ਹੀ ਉਹ ਐਨਾ ਨਿਰਾਸ਼ ਹੋ ਗਿਆ ਕਿ ਉਹ ਮਰ ਜਾਣਾ ਚਾਹੁੰਦਾ ਸੀ। (1 ਰਾਜਿਆਂ 19:1-4) ਇਹ ਕਿੱਦਾਂ ਹੋ ਸਕਦਾ ਸੀ? ਉਹ ਇਕ ਗੱਲ ਭੁੱਲ ਗਿਆ ਸੀ।
ਏਲੀਯਾਹ ਯਹੋਵਾਹ ਤੇ ਭਰੋਸਾ ਰੱਖਣਾ ਭੁੱਲ ਗਿਆ ਜੋ ਉਸ ਦੀ ਤਾਕਤ ਦਾ ਸੋਮਾ ਸੀ। ਕਿਸ ਨੇ ਏਲੀਯਾਹ ਨੂੰ ਮੁਰਦਿਆਂ ਨੂੰ ਜੀ ਉਠਾਉਣ ਅਤੇ ਬਆਲ ਦੇ ਨਬੀਆਂ ਦਾ ਸਾਮ੍ਹਣਾ ਕਰਨ ਦੀ ਤਾਕਤ ਦਿੱਤੀ ਸੀ? ਯਹੋਵਾਹ ਨੇ। ਤਾਂ ਯਕੀਨਨ ਯਹੋਵਾਹ ਉਸ ਨੂੰ ਰਾਣੀ ਈਜ਼ਬਲ ਦੇ ਗੁੱਸੇ ਦਾ ਸਾਮ੍ਹਣਾ ਕਰਨ ਦੀ ਵੀ ਤਾਕਤ ਦੇ ਸਕਦਾ ਸੀ।—1 ਰਾਜਿਆਂ 17:17-24; 18:21-40; 2 ਕੁਰਿੰਥੀਆਂ 4:7.
ਕਿਸੇ ਵੀ ਇਨਸਾਨ ਦਾ ਥੋੜ੍ਹੇ ਸਮੇਂ ਲਈ ਯਹੋਵਾਹ ਵਿਚ ਭਰੋਸਾ ਡਾਵਾਂ-ਡੋਲ ਹੋ ਸਕਦਾ ਹੈ। ਏਲੀਯਾਹ ਵਾਂਗ ਤੁਸੀਂ ਵੀ ਕਦੇ-ਕਦੇ ਸਮੱਸਿਆ ਨੂੰ ਉਸ ਬੁੱਧ ਤੋਂ ‘ਜਿਹੜੀ ਉੱਪਰੋਂ ਹੈ’ ਨਾਲ ਨਜਿੱਠਣ ਦੀ ਬਜਾਇ, ਆਪਣੀ ਸਮਝ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਸਕਦੇ ਹੋ। (ਯਾਕੂਬ 3:17) ਫਿਰ ਵੀ ਇਸ ਗ਼ਲਤੀ ਲਈ ਯਹੋਵਾਹ ਨੇ ਏਲੀਯਾਹ ਨੂੰ ਹਮੇਸ਼ਾ ਲਈ ਛੱਡ ਨਹੀਂ ਦਿੱਤਾ।
ਏਲੀਯਾਹ ਪਹਿਲਾਂ ਬਏਰਸ਼ਬਾ ਤੇ ਫਿਰ ਜੰਗਲ ਵੱਲ ਨੱਠ ਗਿਆ ਜਿੱਥੇ ਉਸ ਨੇ ਸੋਚਿਆ ਕਿ ਉਸ ਨੂੰ ਕੋਈ ਵੀ ਨਹੀਂ ਲੱਭ ਸਕੇਗਾ। ਪਰ ਯਹੋਵਾਹ ਨੇ ਉਹ ਨੂੰ ਲੱਭ ਲਿਆ। ਏਲੀਯਾਹ ਨੂੰ ਦਿਲਾਸਾ ਦੇਣ ਲਈ ਉਸ ਨੇ ਆਪਣਾ ਇਕ ਦੂਤ ਭੇਜਿਆ। ਦੂਤ ਨੇ ਏਲੀਯਾਹ ਨੂੰ ਖਾਣ ਲਈ ਤਾਜ਼ੀ ਪੱਕੀ ਹੋਈ ਰੋਟੀ ਤੇ ਤਾਜ਼ਾ ਹੀ ਪਾਣੀ ਪੀਣ ਲਈ ਦਿੱਤਾ। ਏਲੀਯਾਹ ਦੇ ਕੁਝ ਦੇਰ ਆਰਾਮ ਕਰਨ ਪਿੱਛੋਂ ਦੂਤ ਨੇ ਉਸ ਨੂੰ ਤਕਰੀਬਨ 300 ਕਿਲੋਮੀਟਰ ਦੂਰ ਹੋਰੇਬ ਪਰਬਤ ਵੱਲ ਜਾਣ ਲਈ ਕਿਹਾ ਜਿੱਥੇ ਯਹੋਵਾਹ ਨੇ ਉਸ ਨੂੰ ਹੋਰ ਜ਼ਿਆਦਾ ਹੌਸਲਾ-ਅਫ਼ਜ਼ਾਈ ਦੇਣੀ ਸੀ।—1 ਰਾਜਿਆਂ 19:5-8.
ਹੋਰੇਬ ਪਰਬਤ ਉੱਤੇ ਏਲੀਯਾਹ ਨੇ ਯਹੋਵਾਹ ਦੀ ਤਾਕਤ ਦਾ ਨਿਹਚਾ ਵਧਾਉਣ ਵਾਲਾ ਸਬੂਤ ਆਪਣੀ ਅੱਖੀਂ ਦੇਖਿਆ। ਫਿਰ ਹੌਲੀ ਤੇ ਨਿਮ੍ਹੀਂ ਆਵਾਜ਼ ਵਿਚ ਯਹੋਵਾਹ ਨੇ ਉਸ ਨੂੰ ਯਕੀਨ ਦਿਵਾਇਆ ਕਿ ਉਹ ਇਕੱਲਾ ਨਹੀਂ ਹੈ। ਯਹੋਵਾਹ ਉਸ ਦੇ ਨਾਲ ਸੀ ਤੇ ਇਸ ਤੋਂ ਇਲਾਵਾ 7,000 ਭਰਾ ਉਸ ਦੇ ਨਾਲ ਸਨ ਜਿਨ੍ਹਾਂ ਨੂੰ ਏਲੀਯਾਹ ਜਾਣਦਾ ਤਕ ਨਹੀਂ ਸੀ। ਅਖ਼ੀਰ ਯਹੋਵਾਹ ਨੇ ਉਸ ਨੂੰ ਕੰਮ ਸੌਂਪਿਆ। ਉਸ ਨੇ ਏਲੀਯਾਹ ਨੂੰ ਆਪਣਾ ਨਬੀ ਹੋਣ ਦੇ ਰੁਤਬੇ ਤੋਂ ਲਾਹਿਆ ਨਹੀਂ!—1 ਰਾਜਿਆਂ 19:11-18.
ਮਦਦ ਹਾਜ਼ਰ ਹੈ
ਜੇ ਤੁਹਾਨੂੰ ਕਦੇ-ਕਦਾਈਂ ਥੋੜ੍ਹੀ-ਬਹੁਤੀ ਨਿਰਾਸ਼ਾ ਹੁੰਦੀ ਹੈ, ਤਾਂ ਸ਼ਾਇਦ ਤੁਸੀਂ ਥੋੜ੍ਹਾ ਜ਼ਿਆਦਾ ਆਰਾਮ ਕਰ ਕੇ ਜਾਂ ਪੌਸ਼ਟਿਕ ਭੋਜਨ ਖਾ ਕੇ ਖ਼ੁਦ ਨੂੰ ਤਰੋਤਾਜ਼ਾ ਮਹਿਸੂਸ ਕਰੋਗੇ। ਭਰਾ ਨੇਥਨ ਐੱਚ. ਨੌਰ ਦੀ ਮੌਤ 1977 ਵਿਚ ਹੋਈ ਜਿਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਸੇਵਾ ਕੀਤੀ ਸੀ। ਇਕ ਵਾਰ ਉਨ੍ਹਾਂ ਨੇ ਕਿਹਾ ਕਿ ਰਾਤ ਨੂੰ ਚੰਗੀ ਨੀਂਦ ਲੈਣ ਨਾਲ ਵੱਡੀਆਂ ਸਮੱਸਿਆਵਾਂ ਅਕਸਰ ਛੋਟੀਆਂ ਲੱਗਣ ਲੱਗ ਪੈਂਦੀਆਂ ਹਨ। ਪਰ ਜੇ ਸਮੱਸਿਆ ਲੰਮੇ ਸਮੇਂ ਤਕ ਬਣੀ ਰਹਿੰਦੀ ਹੈ, ਤਾਂ ਸ਼ਾਇਦ ਇੰਜ ਕਰਨਾ ਕਾਫ਼ੀ ਨਹੀਂ ਹੋਵੇਗਾ, ਸਗੋਂ ਤੁਹਾਨੂੰ ਨਿਰਾਸ਼ਾ ਨਾਲ ਲੜਨ ਲਈ ਮਦਦ ਦੀ ਵੀ ਲੋੜ ਹੋਵੇਗੀ।
ਯਹੋਵਾਹ ਨੇ ਏਲੀਯਾਹ ਦੀ ਮਦਦ ਲਈ ਆਪਣੇ ਇਕ ਦੂਤ ਨੂੰ ਭੇਜਿਆ। ਅੱਜ, ਪਰਮੇਸ਼ੁਰ ਬਜ਼ੁਰਗਾਂ ਅਤੇ ਦੂਜੇ ਸਿਆਣੇ ਮਸੀਹੀਆਂ ਦੇ ਜ਼ਰੀਏ ਸਾਡੀ ਹੌਸਲਾ-ਅਫ਼ਜ਼ਾਈ ਕਰਦਾ ਹੈ। ਬਜ਼ੁਰਗ ਵਾਕਈ ‘ਪੌਣ ਤੋਂ ਲੁੱਕਣ ਦੀ ਥਾਂ’ ਹੋ ਸਕਦੇ ਹਨ। (ਯਸਾਯਾਹ 32:1, 2) ਪਰ ਉਨ੍ਹਾਂ ਤੋਂ ਉਤਸ਼ਾਹ ਲੈਣ ਲਈ ਸ਼ਾਇਦ ਤੁਹਾਨੂੰ ਖ਼ੁਦ ਨੂੰ ਪਹਿਲ ਕਰਨ ਦੀ ਲੋੜ ਪਵੇ। ਕਿਉਂਕਿ ਜਦੋਂ ਏਲੀਯਾਹ ਨਿਰਾਸ਼ ਸੀ, ਤਾਂ ਉਹ ਯਹੋਵਾਹ ਤੋਂ ਹਿਦਾਇਤ ਲੈਣ ਲਈ ਹੋਰੇਬ ਪਹਾੜ ਵੱਲ ਗਿਆ ਸੀ। ਸਾਨੂੰ ਵੀ ਹੌਸਲਾ-ਅਫ਼ਜ਼ਾਈ ਦੇਣ ਵਾਲੀਆਂ ਹਿਦਾਇਤਾਂ ਮਸੀਹੀ ਕਲੀਸਿਯਾ ਦੇ ਜ਼ਰੀਏ ਮਿਲਦੀਆਂ ਹਨ।
ਜਦੋਂ ਅਸੀਂ ਮਦਦ ਸਵੀਕਾਰ ਕਰ ਲੈਂਦੇ ਹਾਂ ਤੇ ਜਜ਼ਬਾਤਾਂ ਨੂੰ ਠੇਸ ਲੱਗਣ ਜਾਂ ਵਿਸ਼ੇਸ਼-ਸਨਮਾਨਾਂ ਦੇ ਖੁੰਝ ਜਾਣ ਵਰਗੀਆਂ ਅਜ਼ਮਾਇਸ਼ਾਂ ਦਾ ਡਟ ਕੇ ਮੁਕਾਬਲਾ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਇਕ ਅਹਿਮ ਮਸਲੇ ਵਿਚ ਯਹੋਵਾਹ ਦਾ ਪੱਖ ਲੈਂਦੇ ਹਾਂ। ਕਿਹੜਾ ਮਸਲਾ? ਸ਼ਤਾਨ ਨੇ ਦਾਅਵਾ ਕੀਤਾ ਸੀ ਕਿ ਇਨਸਾਨ ਯਹੋਵਾਹ ਦੀ ਸੇਵਾ ਕਿਸੇ ਮਤਲਬ ਕਰਕੇ ਹੀ ਕਰਦੇ ਹਨ। ਸ਼ਤਾਨ ਮੰਨਦਾ ਹੈ ਕਿ ਜੇ ਸਾਡੀ ਜ਼ਿੰਦਗੀ ਬੜੀ ਵਧੀਆ ਚੱਲ ਰਹੀ ਹੋਵੇ, ਤਾਂ ਅਸੀਂ ਪਰਮੇਸ਼ੁਰ ਦੀ ਸੇਵਾ ਕਰਾਂਗੇ, ਪਰ ਉਹ ਦਾਅਵਾ ਕਰਦਾ ਹੈ ਕਿ ਜੇ ਸਾਡੀ ਜ਼ਿੰਦਗੀ ਵਿਚ ਮੁਸ਼ਕਲਾਂ ਆ ਜਾਣ, ਤਾਂ ਅਸੀਂ ਪਰਮੇਸ਼ੁਰ ਦੀ ਸੇਵਾ ਕਰਨੀ ਹੀ ਛੱਡ ਦੇਵਾਂਗੇ। (ਅੱਯੂਬ ਪਾਠ 1-2) ਜੇ ਅਸੀਂ ਨਿਰਾਸ਼ਾ ਦੇ ਬਾਵਜੂਦ ਯਹੋਵਾਹ ਦੀ ਸੇਵਾ ਡਟ ਕੇ ਕਰਦੇ ਰਹਿੰਦੇ ਹਾਂ, ਤਾਂ ਅਸੀਂ ਇਬਲੀਸ ਦੀਆਂ ਤੁਹਮਤਾਂ ਦਾ ਜਵਾਬ ਦੇ ਸਕਦੇ ਹਾਂ।—ਕਹਾਉਤਾਂ 27:11.
ਹੰਨਾਹ, ਮਰਕੁਸ ਅਤੇ ਏਲੀਯਾਹ ਦੀਆਂ ਸਮੱਸਿਆਵਾਂ ਨੇ ਥੋੜ੍ਹੇ ਸਮੇਂ ਲਈ ਉਨ੍ਹਾਂ ਦੀ ਖ਼ੁਸ਼ੀ ਖੋਹ ਲਈ ਸੀ। ਫਿਰ ਵੀ ਉਨ੍ਹਾਂ ਨੇ ਆਪਣੀਆਂ-ਆਪਣੀਆਂ ਸਮੱਸਿਆਵਾਂ ਦਾ ਮੁਕਾਬਲਾ ਕਰ ਕੇ ਯਹੋਵਾਹ ਦੀ ਸੇਵਾ ਕਰਨੀ ਜਾਰੀ ਰੱਖੀ। ਨਿਰਸੰਦੇਹ, ਤੁਸੀਂ ਵੀ ਯਹੋਵਾਹ ਦੀ ਮਦਦ ਨਾਲ ਨਿਰਾਸ਼ਾ ਦਾ ਮੁਕਾਬਲਾ ਕਰ ਸਕਦੇ ਹੋ!