ਪਾਠਕਾਂ ਵੱਲੋਂ ਸਵਾਲ
‘ਆਤਮਾ ਨਾਲ’ ਯਹੋਵਾਹ ਦੀ ਭਗਤੀ ਕਰਨ ਦਾ ਕੀ ਮਤਲਬ ਹੈ?
ਸੁਖਾਰ ਨਾ ਦੇ ਨਗਰ ਨੇੜੇ ਯਾਕੂਬ ਦੇ ਖੂਹ ਤੇ ਸਾਮਰਿਯਾ ਦੀ ਇਕ ਤੀਵੀਂ ਪਾਣੀ ਭਰਨ ਗਈ ਸੀ। ਯਿਸੂ ਮਸੀਹ ਨੇ ਉਸ ਨਾਲ ਗੱਲ ਕਰਨੀ ਸ਼ੁਰੂ ਕੀਤੀ ਅਤੇ ਉਸ ਨੂੰ ਕਿਹਾ: “ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ।” (ਯੂਹੰਨਾ 4:24) ਸੱਚੀ ਭਗਤੀ “ਸਚਿਆਈ ਨਾਲ” ਕੀਤੀ ਜਾਣੀ ਚਾਹੀਦੀ ਹੈ, ਯਾਨੀ ਉਨ੍ਹਾਂ ਗੱਲਾਂ ਦੇ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ ਜੋ ਯਹੋਵਾਹ ਪਰਮੇਸ਼ੁਰ ਨੇ ਆਪਣੇ ਬਾਰੇ ਅਤੇ ਆਪਣੇ ਮਕਸਦਾਂ ਬਾਰੇ ਬਾਈਬਲ ਵਿਚ ਦੱਸੀਆਂ ਹਨ। ਸਾਨੂੰ ਜੋਸ਼ ਨਾਲ ਅਤੇ ਪਿਆਰ ਭਰੇ ਦਿਲਾਂ ਨਾਲ ਨਿਹਚਾ ਰੱਖ ਕੇ ਭਗਤੀ ਕਰਨੀ ਚਾਹੀਦੀ ਹੈ। (ਤੀਤੁਸ 2:14) ਲੇਕਿਨ, ਇਸ ਅਧਿਆਇ ਦੀਆਂ ਬਾਕੀ ਗੱਲਾਂ ਪੜ੍ਹਨ ਤੇ ਸਾਨੂੰ ਪੱਤਾ ਲੱਗਦਾ ਹੈ ਕਿ ਜਦੋਂ ਯਿਸੂ ਨੇ ‘ਆਤਮਾ ਨਾਲ ਪਰਮੇਸ਼ੁਰ ਦੀ ਭਗਤੀ ਕਰਨ’ ਬਾਰੇ ਗੱਲ ਕੀਤੀ ਸੀ ਤਾਂ ਉਹ ਯਹੋਵਾਹ ਦੀ ਸੇਵਾ ਕਰਨ ਦੇ ਕਿਸੇ ਝੁਕਾਅ ਬਾਰੇ ਗੱਲ ਨਹੀਂ ਕਰ ਰਿਹਾ ਸੀ। ਇਸ ਵਿਚ ਹੋਰ ਬਹੁਤ ਕੁਝ ਸ਼ਾਮਲ ਹੈ।
ਖੂਹ ਤੇ ਤੀਵੀਂ ਨਾਲ ਇਹ ਗੱਲਬਾਤ ਭਗਤੀ ਵਿਚ ਜੋਸ਼ ਰੱਖਣ ਜਾਂ ਨਾ ਰੱਖਣ ਬਾਰੇ ਨਹੀਂ ਸੀ ਕਿਉਂਕਿ ਝੂਠੀ ਭਗਤੀ ਵੀ ਜੋਸ਼ ਅਤੇ ਲਗਨ ਨਾਲ ਕੀਤੀ ਜਾ ਸਕਦੀ ਹੈ। ਯਿਸੂ ਨੇ ਕਿਹਾ ਕਿ ਪਿਤਾ ਦੀ ਭਗਤੀ ਨਾ ਸਾਮਰਿਯਾ ਦੀ ਪਰਬਤ ਉੱਤੇ ਅਤੇ ਨਾ ਯਰੂਸ਼ਲਮ ਦੀ ਹੈਕਲ ਵਿਚ ਕੀਤੀ ਜਾਵੇਗੀ, ਜੋ ਕਿ ਦੋਵੇਂ ਭਗਤੀ ਕਰਨ ਦੇ ਥਾਂ ਸਨ। ਇਸ ਦੀ ਬਜਾਇ ਉਸ ਨੇ ਪਰਮੇਸ਼ੁਰ ਦੀ ਭਗਤੀ ਕਰਨ ਦੇ ਨਵੇਂ ਤਰੀਕੇ ਬਾਰੇ ਦੱਸਿਆ। (ਯੂਹੰਨਾ 4:21) ਉਸ ਨੇ ਕਿਹਾ: “ਪਰਮੇਸ਼ੁਰ ਆਤਮਾ ਹੈ।” (ਯੂਹੰਨਾ 4:24) ਸੱਚੇ ਪਰਮੇਸ਼ੁਰ ਕੋਲ ਇਨਸਾਨਾਂ ਵਰਗਾ ਸਰੀਰ ਨਹੀਂ ਹੈ ਇਸ ਲਈ ਉਹ ਦੇਖਿਆ ਜਾਂ ਛੋਹਿਆ ਨਹੀਂ ਜਾ ਸਕਦਾ। ਉਸ ਦੀ ਭਗਤੀ ਪਰਬਤਾਂ ਜਾਂ ਮਨੁੱਖਾਂ ਦੁਆਰਾ ਬਣਾਈਆਂ ਗਈਆਂ ਹੈਕਲਾਂ ਉੱਤੇ ਅਧਾਰਿਤ ਨਹੀਂ ਹੁੰਦੀ। ਇਸ ਲਈ, ਯਿਸੂ ਨੇ ਭਗਤੀ ਦੇ ਅਜਿਹੇ ਪਹਿਲੂ ਬਾਰੇ ਗੱਲ ਕੀਤੀ ਸੀ ਜੋ ਦੇਖਿਆ ਨਹੀਂ ਜਾ ਸਕਦਾ।
ਸੱਚਾਈ ਦੇ ਨਾਲ-ਨਾਲ ਪਰਮੇਸ਼ੁਰ ਅਜਿਹੀ ਭਗਤੀ ਸਵੀਕਾਰ ਕਰਦਾ ਹੈ ਜੋ ਪਵਿੱਤਰ ਆਤਮਾ ਦੀ ਮਦਦ ਨਾਲ ਕੀਤੀ ਜਾਂਦੀ ਹੈ। ਯਾਨੀ ਅਜਿਹੀ ਭਗਤੀ ਜੋ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੁਆਰਾ ਨਿਰਦੇਸ਼ਿਤ ਹੈ। ਪੌਲੁਸ ਰਸੂਲ ਨੇ ਲਿਖਿਆ ਸੀ ਕਿ “[ਪਵਿੱਤਰ] ਆਤਮਾ ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਚ ਕਰ ਲੈਂਦਾ ਹੈ।” ਫਿਰ ਉਸ ਨੇ ਕਿਹਾ: “ਸਾਨੂੰ ਜਗਤ ਦਾ ਆਤਮਾ ਨਹੀਂ ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ੁਰ ਤੋਂ ਹੈ ਤਾਂ ਜੋ ਅਸੀਂ ਉਨ੍ਹਾਂ ਪਦਾਰਥਾਂ ਨੂੰ ਜਾਣੀਏ ਜਿਹੜੇ ਪਰਮੇਸ਼ੁਰ ਨੇ ਸਾਨੂੰ ਬਖਸ਼ੇ ਹਨ।” (1 ਕੁਰਿੰਥੀਆਂ 2:8-12) ਇਸ ਤਰ੍ਹਾਂ ਜੇ ਅਸੀਂ ਅਜਿਹੀ ਸੇਵਾ ਕਰਨੀ ਚਾਹੁੰਦੇ ਹਾਂ ਜੋ ਪਰਮੇਸ਼ੁਰ ਨੂੰ ਸਵੀਕਾਰ ਹੋਵੇ ਤਾਂ ਸਾਨੂੰ ਉਸ ਦੀ ਆਤਮਾ ਅਤੇ ਇਸ ਦੀ ਅਗਵਾਈ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਇਹ ਜ਼ਰੂਰੀ ਹੈ ਕਿ ਬਾਈਬਲ ਦੀ ਸਟੱਡੀ ਕਰਨ ਅਤੇ ਉਸ ਦੀਆਂ ਗੱਲਾਂ ਲਾਗੂ ਕਰਨ ਦੁਆਰਾ ਸਾਡੀ ਆਤਮਾ, ਜਾਂ ਸਾਡਾ ਸੁਭਾਅ ਪਰਮੇਸ਼ੁਰ ਦੀ ਆਤਮਾ ਦੀ ਇਕਸੁਰਤਾ ਵਿਚ ਹੋਵੇ।
[ਸਫ਼ੇ 28 ਉੱਤੇ ਤਸਵੀਰ]
“ਆਤਮਾ ਅਤੇ ਸਚਿਆਈ ਨਾਲ” ਪਰਮੇਸ਼ੁਰ ਦੀ ਭਗਤੀ ਕਰੋ