ਕੀ ਪੱਖਪਾਤ ਤੋਂ ਬਿਨਾਂ ਸਮਾਜ ਸੱਚ-ਮੁੱਚ ਮੁਮਕਿਨ ਹੈ?
ਅਮਰੀਕਾ ਦਾ ਦੂਜਾ ਰਾਸ਼ਟਰਪਤੀ ਜੌਨ ਐਡਮਜ਼ ਉਨ੍ਹਾਂ ਲੋਕਾਂ ਵਿੱਚੋਂ ਇਕ ਸੀ ਜਿਨ੍ਹਾਂ ਨੇ ਸੁਤੰਤਰਤਾ ਦੇ ਇਤਿਹਾਸਕ ਘੋਸ਼ਣਾ-ਪੱਤਰ ਉੱਤੇ ਦਸਤਖਤ ਕੀਤੇ ਸਨ। ਇਸ ਘੋਸ਼ਣਾ-ਪੱਤਰ ਵਿਚ ਇਹ ਸੋਹਣੇ ਸ਼ਬਦ ਸ਼ਾਮਲ ਸਨ: “ਅਸੀਂ ਮੰਨਦੇ ਹਾਂ ਕਿ ਇਹ ਸੱਚਾਈਆਂ ਸਪੱਸ਼ਟ ਹਨ ਕਿ ਸਾਰੇ ਇਨਸਾਨ ਬਰਾਬਰ ਬਣਾਏ ਗਏ ਹਨ।” ਪਰ ਫਿਰ ਵੀ ਜੌਨ ਐਡਮਜ਼ ਨੂੰ ਲੋਕਾਂ ਦੇ ਸੱਚ-ਮੁੱਚ ਬਰਾਬਰ ਹੋਣ ਤੇ ਸ਼ੱਕ ਸੀ ਕਿਉਂਕਿ ਉਸ ਨੇ ਲਿਖਿਆ: “ਪਰਮਾਤਮਾ ਨੇ ਮਨੁੱਖੀ ਸੁਭਾਅ ਵਿਚ ਮਾਨਸਿਕ ਤੇ ਸਰੀਰਕ ਅਸਮਾਨਤਾ ਇੰਨੀ ਪੱਕੀ ਤਰ੍ਹਾਂ ਬਿਠਾ ਦਿੱਤੀ ਹੈ ਕਿ ਉਸ ਨੂੰ ਕੋਈ ਵੀ ਯੋਜਨਾ ਜਾਂ ਨੀਤੀ ਮਿਟਾ ਨਹੀਂ ਸਕਦੀ।” ਇਸ ਦੇ ਉਲਟ, ਬ੍ਰਿਟਿਸ਼ ਇਤਿਹਾਸਕਾਰ ਐੱਚ. ਜੀ. ਵੈੱਲਜ਼ ਨੇ ਇਕ ਬਰਾਬਰ ਸਮਾਜ ਦੀ ਕਲਪਨਾ ਕੀਤੀ ਜੋ ਇਨ੍ਹਾਂ ਤਿੰਨ ਚੀਜ਼ਾਂ ਉੱਤੇ ਆਧਾਰਿਤ ਹੋਵੇਗਾ: ਸਾਰਿਆਂ ਦਾ ਇੱਕੋ ਖਰਾ ਤੇ ਪਾਕ ਧਰਮ ਹੋਵੇਗਾ, ਸਾਰਿਆਂ ਨੂੰ ਇੱਕੋ ਜਿਹੀ ਸਿੱਖਿਆ ਮਿਲੇਗੀ ਤੇ ਕੋਈ ਵੀ ਹਥਿਆਰਬੰਦ ਫ਼ੌਜ ਨਹੀਂ ਹੋਵੇਗੀ।
ਅਜੇ ਤਕ ਇਤਿਹਾਸ ਵੈੱਲਜ਼ ਦੁਆਰਾ ਕਲਪਨਾ ਕੀਤੇ ਗਏ ਇਕ ਬਰਾਬਰ ਸਮਾਜ ਦਾ ਨਿਰਮਾਣ ਨਹੀਂ ਕਰ ਸਕਿਆ। ਅੱਜ ਵੀ ਇਨਸਾਨਾਂ ਨੂੰ ਬਰਾਬਰ ਹੱਕ ਨਹੀਂ ਮਿਲਦੇ ਅਤੇ ਸਮਾਜਕ ਪੱਖਪਾਤ ਅਜੇ ਵੀ ਲੋਕਾਂ ਉੱਤੇ ਬਹੁਤ ਪ੍ਰਭਾਵ ਪਾਉਂਦਾ ਹੈ। ਕੀ ਅਜਿਹੇ ਪੱਖਪਾਤ ਤੋਂ ਪੂਰੇ ਸਮਾਜ ਨੂੰ ਕੋਈ ਫ਼ਾਇਦਾ ਹੋਇਆ ਹੈ? ਨਹੀਂ। ਸਮਾਜ ਵਿਚ ਊਚ-ਨੀਚ ਲੋਕਾਂ ਨੂੰ ਵੰਡਦੀ ਹੈ ਜਿਸ ਦੇ ਕਾਰਨ ਈਰਖਾ, ਦੁਸ਼ਮਣੀ, ਦੁੱਖ ਤੇ ਕਾਫ਼ੀ ਖ਼ੂਨ-ਖ਼ਰਾਬਾ ਹੁੰਦਾ ਹੈ। ਇਕ ਸਮੇਂ ਤੇ ਅਫ਼ਰੀਕਾ, ਆਸਟ੍ਰੇਲੀਆ ਤੇ ਉੱਤਰੀ ਅਮਰੀਕਾ ਵਿਚ ਗੋਰੇ ਲੋਕ ਆਪਣੇ ਆਪ ਨੂੰ ਇੰਨੇ ਬਿਹਤਰ ਸਮਝਦੇ ਸਨ ਕਿ ਕਾਲੇ ਲੋਕਾਂ ਨੂੰ ਕਾਫ਼ੀ ਦੁੱਖ ਝੱਲਣੇ ਪਏ ਸਨ, ਇੱਥੋਂ ਤਕ ਕਿ ਵੈਨ ਡੀਮਨਜ਼ ਲੈਂਡ (ਹੁਣ ਤਸਮਾਨੀਆ) ਵਿਚ ਆਦਿਵਾਸੀਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ। ਯੂਰਪ ਵਿਚ ਯਹੂਦੀਆਂ ਨੂੰ ਨੀਵਾਂ ਸਮਝਣ ਕਾਰਨ ਦੂਜੇ ਵਿਸ਼ਵ ਯੁੱਧ ਦੌਰਾਨ ਵੱਡੀ ਗਿਣਤੀ ਵਿਚ ਯਹੂਦੀ ਮਾਰੇ ਗਏ ਸਨ। ਰਈਸ ਲੋਕਾਂ ਦੀ ਧਨ-ਦੌਲਤ ਅਤੇ ਪੱਛੜੇ ਤੇ ਮੱਧ ਦਰਜੇ ਦੇ ਲੋਕਾਂ ਦੀ ਨਿਰਾਸ਼ਾ ਕਾਰਨ 18ਵੀਂ ਸਦੀ ਵਿਚ ਫ਼ਰਾਂਸੀਸੀ ਕ੍ਰਾਂਤੀ ਨੇ ਅਤੇ 20ਵੀਂ ਸਦੀ ਵਿਚ ਰੂਸ ਵਿਚ ਬਾਲਸ਼ਵਿਕ ਕ੍ਰਾਂਤੀ ਨੇ ਜਨਮ ਲਿਆ।
ਪੁਰਾਣੇ ਜ਼ਮਾਨੇ ਦੇ ਇਕ ਬੁੱਧੀਮਾਨ ਆਦਮੀ ਨੇ ਲਿਖਿਆ: “ਕੁਝ ਮਨੁੱਖਾਂ ਕੋਲ ਤਾਂ ਸ਼ਕਤੀ ਹੈ, ਪਰ ਕੁਝ ਦੂਜੇ ਉਹਨਾਂ ਸ਼ਕਤੀਸ਼ਾਲੀਆਂ ਦਾ ਅਤਿਆਚਾਰ ਸਹਿ ਰਹੇ ਹਨ।” (ਉਪਦੇਸ਼ਕ ਦੀ ਪੋਥੀ 8:9, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਸ ਦੇ ਇਹ ਸ਼ਬਦ ਬਿਲਕੁਲ ਸਹੀ ਹਨ ਭਾਵੇਂ ਕਿ ਇਕ ਇਨਸਾਨ ਜਾਂ ਇਕ ਵਰਗ ਦੂਜਿਆਂ ਉੱਤੇ ਹਾਵੀ ਹੁੰਦਾ ਹੈ। ਜਦੋਂ ਲੋਕਾਂ ਦਾ ਇਕ ਵਰਗ ਆਪਣੇ ਆਪ ਨੂੰ ਦੂਜੇ ਵਰਗ ਦੇ ਲੋਕਾਂ ਤੋਂ ਉੱਚਾ ਚੁੱਕਦਾ ਹੈ, ਤਾਂ ਇਸ ਦਾ ਸਿੱਟਾ ਦੁੱਖ ਤੇ ਮੁਸੀਬਤਾਂ ਹੀ ਹੁੰਦਾ ਹੈ।
ਪਰਮੇਸ਼ੁਰ ਦੀ ਨਜ਼ਰ ਵਿਚ ਸਾਰੇ ਬਰਾਬਰ ਹਨ
ਕੀ ਜਨਮ ਤੋਂ ਹੀ ਇਨਸਾਨਾਂ ਦੇ ਕੁਝ ਵਰਗ ਦੂਜੇ ਵਰਗਾਂ ਨਾਲੋਂ ਉੱਚੇ ਹੁੰਦੇ ਹਨ? ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਤਾਂ ਨਹੀਂ। ਬਾਈਬਲ ਕਹਿੰਦੀ ਹੈ: “[ਪਰਮੇਸ਼ੁਰ] ਨੇ ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ ਉੱਤੇ ਵੱਸਣ ਲਈ ਇੱਕ ਤੋਂ ਰਚਿਆ।” (ਰਸੂਲਾਂ ਦੇ ਕਰਤੱਬ 17:26) ਇਸ ਤੋਂ ਇਲਾਵਾ, ਸ੍ਰਿਸ਼ਟੀਕਰਤਾ “ਸਰਦਾਰਾਂ ਦੀ ਪੱਖਵਾਦੀ ਨਹੀਂ ਕਰਦਾ ਨਾ ਧਨੀ ਨੂੰ ਗ਼ਰੀਬ ਨਾਲੋਂ ਵੱਧ ਮੰਨਦਾ ਹੈ, ਕਿਉਂ ਜੋ ਓਹ ਸਾਰੇ ਦਾ ਸਾਰਾ ਉਹ ਦੇ ਹੱਥ ਦਾ ਕੰਮ ਹੈ।” (ਅੱਯੂਬ 34:19) ਸਾਰੇ ਇਨਸਾਨ ਇੱਕੋ ਇਨਸਾਨ ਤੋਂ ਆਏ ਹਨ ਤੇ ਪਰਮੇਸ਼ੁਰ ਦੀ ਨਜ਼ਰ ਵਿਚ ਸਾਰੇ ਬਰਾਬਰ ਪੈਦਾ ਹੋਏ ਹਨ।
ਇਹ ਵੀ ਯਾਦ ਰੱਖੋ ਕਿ ਜਦੋਂ ਇਨਸਾਨ ਮਰਦਾ ਹੈ, ਤਾਂ ਉਸ ਦੇ ਸਾਰੇ ਦਾਅਵੇ ਕਿ ਉਹ ਦੂਜਿਆਂ ਨਾਲੋਂ ਉੱਚਾ ਹੈ, ਮਿਟ ਜਾਂਦੇ ਹਨ। ਪੁਰਾਣੇ ਜ਼ਮਾਨੇ ਦੇ ਮਿਸਰੀ ਲੋਕ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਸਨ। ਜਦੋਂ ਕੋਈ ਫ਼ਿਰਊਨ ਯਾਨੀ ਉਨ੍ਹਾਂ ਦਾ ਰਾਜਾ ਮਰਦਾ ਸੀ, ਤਾਂ ਮਿਸਰੀ ਉਸ ਦੀ ਕਬਰ ਵਿਚ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਰੱਖ ਦਿੰਦੇ ਸਨ ਤਾਂਕਿ ਉਹ ਪਰਲੋਕ ਵਿਚ ਆਪਣੀ ਉੱਚੀ ਪਦਵੀ ਦੇ ਨਾਲ-ਨਾਲ ਇਨ੍ਹਾਂ ਚੀਜ਼ਾਂ ਦਾ ਵੀ ਆਨੰਦ ਮਾਣ ਸਕੇ। ਪਰ ਕੀ ਉਸ ਨੇ ਇਨ੍ਹਾਂ ਚੀਜ਼ਾਂ ਦਾ ਆਨੰਦ ਮਾਣਿਆ? ਨਹੀਂ। ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਕਬਰਾਂ ਨੂੰ ਲੁੱਟਣ ਵਾਲੇ ਚੋਰ ਲੈ ਗਏ ਤੇ ਬਾਕੀ ਬਚੀਆਂ ਕਈ ਚੀਜ਼ਾਂ ਨੂੰ ਅੱਜ ਅਜਾਇਬ ਘਰਾਂ ਵਿਚ ਦੇਖਿਆ ਜਾ ਸਕਦਾ ਹੈ।
ਉਹ ਕੀਮਤੀ ਚੀਜ਼ਾਂ ਫ਼ਿਰਊਨ ਦੇ ਕਿਸੇ ਕੰਮ ਨਹੀਂ ਆਈਆਂ ਕਿਉਂਕਿ ਉਹ ਮਰ ਚੁੱਕਾ ਸੀ। ਮਰਨ ਵੇਲੇ ਨਾ ਤਾਂ ਕੋਈ ਉੱਚਾ ਜਾਂ ਨੀਵਾਂ ਹੁੰਦਾ ਹੈ ਤੇ ਨਾ ਹੀ ਕੋਈ ਅਮੀਰ ਜਾਂ ਗ਼ਰੀਬ ਹੁੰਦਾ ਹੈ। ਬਾਈਬਲ ਕਹਿੰਦੀ ਹੈ: “ਬੁੱਧਵਾਨ ਵੀ ਮਰਦੇ, ਅਤੇ ਮੂਰਖ ਅਤੇ ਖਚਰਾ ਦੋਵੇਂ ਨਸ਼ਟ ਹੋ ਜਾਂਦੇ ਹਨ। ਉਹ ਡੰਗਰਾਂ ਦੇ ਤੁੱਲ ਹੈ ਜਿਹੜੇ ਨਸ਼ਟ ਹੋ ਜਾਂਦੇ ਹਨ।” (ਜ਼ਬੂਰਾਂ ਦੀ ਪੋਥੀ 49:10, 12) ਚਾਹੇ ਅਸੀਂ ਰਾਜੇ ਹਾਂ ਜਾਂ ਗ਼ੁਲਾਮ, ਇਹ ਪ੍ਰੇਰਿਤ ਸ਼ਬਦ ਸਾਡੇ ਸਾਰਿਆਂ ਉੱਤੇ ਢੁਕਦੇ ਹਨ: “ਮੋਏ ਕੁਝ ਵੀ ਨਹੀਂ ਜਾਣਦੇ ਅਤੇ ਓਹਨਾਂ ਦੇ ਲਈ ਹੋਰ ਕੋਈ ਬਦਲਾ ਨਹੀਂ . . . ਪਤਾਲ ਵਿੱਚ ਜਿੱਥੇ ਤੂੰ ਜਾਂਦਾ ਹੈਂ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।”—ਉਪਦੇਸ਼ਕ ਦੀ ਪੋਥੀ 9:5, 10.
ਅਸੀਂ ਸਾਰੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬਰਾਬਰ ਪੈਦਾ ਹੁੰਦੇ ਹਾਂ ਤੇ ਬਰਾਬਰ ਹੀ ਮਰਦੇ ਹਾਂ। ਤਾਂ ਫਿਰ ਆਪਣੀ ਛੋਟੀ ਜਿਹੀ ਜ਼ਿੰਦਗੀ ਦੌਰਾਨ ਇਕ ਵਰਗ ਦੇ ਲੋਕਾਂ ਦਾ ਦੂਜੇ ਵਰਗ ਦੇ ਲੋਕਾਂ ਉੱਤੇ ਧੌਂਸ ਜਮਾਉਣਾ ਕਿੰਨਾ ਫ਼ਜ਼ੂਲ ਹੈ!
ਪੱਖਪਾਤ ਤੋਂ ਬਿਨਾਂ ਸਮਾਜ—ਕਿਵੇਂ?
ਪਰ ਕੀ ਕੋਈ ਉਮੀਦ ਹੈ ਕਿ ਕਿਸੇ ਦਿਨ ਇਕ ਅਜਿਹਾ ਸਮਾਜ ਬਣੇਗਾ ਜਿੱਥੇ ਸਮਾਜਕ ਦਰਜਿਆਂ ਦੀ ਕੋਈ ਅਹਿਮੀਅਤ ਨਹੀਂ ਹੋਵੇਗੀ? ਜੀ ਹਾਂ, ਅਸੀਂ ਅਜਿਹੇ ਇਕ ਸਮਾਜ ਦੀ ਉਮੀਦ ਕਰ ਸਕਦੇ ਹਾਂ। ਤਕਰੀਬਨ 2,000 ਸਾਲ ਪਹਿਲਾਂ ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਅਜਿਹੇ ਸਮਾਜ ਦੀ ਨੀਂਹ ਧਰੀ ਗਈ ਸੀ। ਯਿਸੂ ਨੇ ਸਾਰੇ ਵਿਸ਼ਵਾਸੀ ਇਨਸਾਨਾਂ ਲਈ ਆਪਣੀ ਜ਼ਿੰਦਗੀ ਰਿਹਾਈ-ਕੀਮਤ ਵਜੋਂ ਦਿੱਤੀ ਤਾਂਕਿ “ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।”—ਯੂਹੰਨਾ 3:16.
ਇਹ ਦਿਖਾਉਣ ਲਈ ਕਿ ਉਸ ਦੇ ਚੇਲਿਆਂ ਨੂੰ ਆਪਣੇ ਆਪ ਨੂੰ ਸੰਗੀ ਵਿਸ਼ਵਾਸੀਆਂ ਨਾਲੋਂ ਉੱਚੇ ਨਹੀਂ ਸਮਝਣਾ ਚਾਹੀਦਾ, ਯਿਸੂ ਨੇ ਕਿਹਾ: “ਤੁਸੀਂ ਸੁਆਮੀ ਨਾ ਕਹਾਓ ਕਿਉਂ ਜੋ ਤੁਹਾਡਾ ਗੁਰੂ ਇੱਕੋ ਹੈ ਅਰ ਤੁਸੀਂ ਸੱਭੋ ਭਾਈ ਹੋ। ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ ਨਾ ਆਖੋ ਕਿਉਂ ਜੋ ਤੁਹਾਡਾ ਪਿਤਾ ਇੱਕੋ ਹੈ ਜਿਹੜਾ ਅਕਾਸ਼ ਉੱਤੇ ਹੈ। ਅਰ ਨਾ ਤੁਸੀਂ ਮਾਲਕ ਕਹਾਓ ਕਿਉਂ ਜੋ ਤੁਹਾਡਾ ਮਾਲਕ ਇੱਕੋ ਹੈ ਅਰਥਾਤ ਮਸੀਹ। ਪਰ ਉਹ ਜਿਹੜਾ ਤੁਹਾਡੇ ਵਿੱਚੋਂ ਹੋਰਨਾਂ ਨਾਲੋਂ ਵੱਡਾ ਹੈ ਸੋ ਤੁਹਾਡਾ ਟਹਿਲੂਆ ਹੋਵੇ। ਅਤੇ ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਗਾ ਸੋ ਨੀਵਾਂ ਕੀਤਾ ਜਾਵੇਗਾ।” (ਮੱਤੀ 23:8-12) ਸੱਚੇ ਧਰਮ ਵਿਚ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਯਿਸੂ ਦੇ ਸਾਰੇ ਸੱਚੇ ਚੇਲੇ ਬਰਾਬਰ ਹਨ।
ਕੀ ਪਹਿਲੀ ਸਦੀ ਦੇ ਮਸੀਹੀਆਂ ਨੇ ਆਪਣੇ ਆਪ ਨੂੰ ਬਰਾਬਰ ਸਮਝਿਆ ਸੀ? ਜਿਨ੍ਹਾਂ ਨੂੰ ਯਿਸੂ ਦੀ ਸਿੱਖਿਆ ਸਮਝ ਆ ਗਈ ਸੀ, ਉਹ ਇਕ-ਦੂਜੇ ਨੂੰ ਨਿਹਚਾ ਵਿਚ ਬਰਾਬਰ ਸਮਝਦੇ ਸਨ ਅਤੇ ਇਕ-ਦੂਜੇ ਨੂੰ “ਭਰਾ” ਕਹਿ ਕੇ ਬੁਲਾਉਂਦੇ ਸਨ। (ਫਿਲੇਮੋਨ 1, 7, 20) ਕਿਸੇ ਨੂੰ ਵੀ ਇਹ ਹੱਲਾ-ਸ਼ੇਰੀ ਨਹੀਂ ਦਿੱਤੀ ਜਾਂਦੀ ਸੀ ਕਿ ਉਹ ਦੂਜਿਆਂ ਨਾਲੋਂ ਆਪਣੇ ਆਪ ਨੂੰ ਬਿਹਤਰ ਸਮਝੇ। ਉਦਾਹਰਣ ਲਈ, ਇਸ ਗੱਲ ਤੇ ਗੌਰ ਕਰੋ ਕਿ ਪਤਰਸ ਨੇ ਆਪਣੀ ਦੂਜੀ ਚਿੱਠੀ ਵਿਚ ਆਪਣਾ ਕਿਸ ਤਰ੍ਹਾਂ ਜ਼ਿਕਰ ਕੀਤਾ: “ਲਿਖਤੁਮ ਸ਼ਮਊਨ ਪਤਰਸ ਜਿਹੜਾ ਯਿਸੂ ਮਸੀਹ ਦਾ ਦਾਸ ਅਤੇ ਰਸੂਲ ਹਾਂ। ਅੱਗੇ ਜੋਗ ਉਨ੍ਹਾਂ ਨੂੰ ਜਿਹੜੇ ਸਾਡੇ ਪਰਮੇਸ਼ੁਰ ਅਤੇ ਮੁਕਤੀ ਦਾਤੇ ਯਿਸੂ ਮਸੀਹ ਦੇ ਧਰਮ ਦੇ ਰਾਹੀਂ ਸਾਡੇ ਸਮਾਨ ਅਮੋਲਕ ਨਿਹਚਾ ਨੂੰ ਪਰਾਪਤ ਹੋਏ ਹਨ।” (2 ਪਤਰਸ 1:1) ਪਤਰਸ ਨੂੰ ਖ਼ੁਦ ਯਿਸੂ ਨੇ ਸਿੱਖਿਆ ਦਿੱਤੀ ਸੀ ਤੇ ਇਕ ਰਸੂਲ ਹੋਣ ਦੇ ਨਾਤੇ ਉਸ ਨੇ ਜ਼ਿੰਮੇਵਾਰੀ ਦੀ ਮਹੱਤਵਪੂਰਣ ਪਦਵੀ ਸੰਭਾਲੀ ਸੀ। ਪਰ ਉਸ ਨੇ ਆਪਣੇ ਆਪ ਨੂੰ ਦਾਸ ਕਿਹਾ। ਉਹ ਜਾਣਦਾ ਸੀ ਕਿ ਸੱਚੇ ਧਰਮ ਵਿਚ ਦੂਜੇ ਮਸੀਹੀਆਂ ਨੂੰ ਵੀ ਉਸ ਵਾਂਗ ਬਰਾਬਰ ਅਧਿਕਾਰ ਪ੍ਰਾਪਤ ਸਨ।
ਕੁਝ ਕਹਿ ਸਕਦੇ ਹਨ ਕਿ ਬਰਾਬਰੀ ਦਾ ਸਿਧਾਂਤ ਇਸ ਹਕੀਕਤ ਦੇ ਉਲਟ ਹੈ ਕਿ ਪਰਮੇਸ਼ੁਰ ਨੇ ਮਸੀਹੀਆਂ ਤੋਂ ਪਹਿਲੇ ਸਮਿਆਂ ਵਿਚ ਇਸਰਾਏਲ ਨੂੰ ਆਪਣੀ ਖ਼ਾਸ ਕੌਮ ਬਣਾਇਆ ਸੀ। (ਕੂਚ 19:5, 6) ਉਹ ਦਾਅਵਾ ਕਰ ਸਕਦੇ ਹਨ ਕਿ ਇਹ ਇਕ ਜਾਤੀ ਨੂੰ ਦੂਜੀਆਂ ਜਾਤੀਆਂ ਨਾਲੋਂ ਉੱਚਾ ਸਮਝਣ ਦੀ ਇਕ ਮਿਸਾਲ ਹੈ। ਪਰ ਇਸ ਤਰ੍ਹਾਂ ਨਹੀਂ ਹੈ। ਇਹ ਸੱਚ ਹੈ ਕਿ ਇਸਰਾਏਲੀਆਂ ਨੇ ਅਬਰਾਹਾਮ ਦੀ ਅੰਸ ਹੋਣ ਕਰਕੇ ਪਰਮੇਸ਼ੁਰ ਨਾਲ ਖ਼ਾਸ ਰਿਸ਼ਤੇ ਦਾ ਆਨੰਦ ਮਾਣਿਆ ਸੀ ਤੇ ਉਨ੍ਹਾਂ ਦੁਆਰਾ ਪਰਮੇਸ਼ੁਰ ਨੇ ਆਪਣੀ ਮਰਜ਼ੀ ਪ੍ਰਗਟ ਕੀਤੀ ਸੀ। (ਰੋਮੀਆਂ 3:1, 2) ਪਰ ਇਸ ਦਾ ਮਕਸਦ ਉਨ੍ਹਾਂ ਨੂੰ ਦੂਜਿਆਂ ਨਾਲੋਂ ਉੱਪਰ ਚੁੱਕਣਾ ਨਹੀਂ ਸੀ। ਇਸ ਦੀ ਬਜਾਇ, ਉਨ੍ਹਾਂ ਦੁਆਰਾ ‘ਸਭ ਕੌਮਾਂ ਨੇ ਮੁਬਾਰਕ ਹੋਣਾ ਸੀ।’—ਉਤਪਤ 22:18; ਗਲਾਤੀਆਂ 3:8.
ਪਰ ਬਾਅਦ ਵਿਚ ਜ਼ਿਆਦਾਤਰ ਇਸਰਾਏਲੀ ਆਪਣੇ ਪੂਰਵਜ ਅਬਰਾਹਾਮ ਦੀ ਨਿਹਚਾ ਉੱਤੇ ਨਹੀਂ ਚੱਲੇ। ਉਨ੍ਹਾਂ ਨੇ ਅਣਆਗਿਆਕਾਰੀ ਕੀਤੀ ਤੇ ਯਿਸੂ ਨੂੰ ਮਸੀਹਾ ਵਜੋਂ ਸਵੀਕਾਰ ਨਹੀਂ ਕੀਤਾ। ਇਸ ਕਾਰਨ ਪਰਮੇਸ਼ੁਰ ਨੇ ਵੀ ਉਨ੍ਹਾਂ ਨੂੰ ਠੁਕਰਾ ਦਿੱਤਾ। (ਮੱਤੀ 21:43) ਪਰ ਨਿਮਰ ਇਨਸਾਨਾਂ ਨੂੰ ਵਾਅਦਾ ਕੀਤੀਆਂ ਬਰਕਤਾਂ ਜ਼ਰੂਰ ਮਿਲੀਆਂ। ਪੰਤੇਕੁਸਤ 33 ਸਾ.ਯੁ. ਵਿਚ ਮਸੀਹੀ ਕਲੀਸਿਯਾ ਦਾ ਜਨਮ ਹੋਇਆ। ਪਵਿੱਤਰ ਆਤਮਾ ਦੁਆਰਾ ਮਸਹ ਕੀਤੇ ਮਸੀਹੀਆਂ ਦੇ ਇਸ ਸੰਗਠਨ ਨੂੰ ‘ਪਰਮੇਸ਼ੁਰ ਦਾ ਇਸਰਾਏਲ’ ਕਿਹਾ ਗਿਆ ਤੇ ਇਹ ਉਹ ਜ਼ਰੀਆ ਸਾਬਤ ਹੋਇਆ ਜਿਸ ਰਾਹੀਂ ਬਰਕਤਾਂ ਮਿਲਣੀਆਂ ਸਨ।—ਗਲਾਤੀਆਂ 6:16.
ਉਸ ਕਲੀਸਿਯਾ ਦੇ ਕੁਝ ਮੈਂਬਰਾਂ ਨੂੰ ਬਰਾਬਰੀ ਬਾਰੇ ਸਿੱਖਣ ਦੀ ਲੋੜ ਸੀ। ਉਦਾਹਰਣ ਲਈ, ਚੇਲੇ ਯਾਕੂਬ ਨੇ ਉਨ੍ਹਾਂ ਮਸੀਹੀਆਂ ਨੂੰ ਸਲਾਹ ਦਿੱਤੀ ਜੋ ਗ਼ਰੀਬ ਮਸੀਹੀਆਂ ਨਾਲੋਂ ਅਮੀਰ ਮਸੀਹੀਆਂ ਨੂੰ ਜ਼ਿਆਦਾ ਆਦਰ ਦਿੰਦੇ ਸਨ। (ਯਾਕੂਬ 2:1-4) ਇਹ ਠੀਕ ਨਹੀਂ ਸੀ। ਪੌਲੁਸ ਰਸੂਲ ਨੇ ਦਿਖਾਇਆ ਕਿ ਗ਼ੈਰ-ਯਹੂਦੀ ਮਸੀਹੀ ਕਿਸੇ ਵੀ ਪੱਖੋਂ ਯਹੂਦੀ ਮਸੀਹੀਆਂ ਨਾਲੋਂ ਨੀਵੇਂ ਨਹੀਂ ਸਨ ਤੇ ਨਾ ਹੀ ਮਸੀਹੀ ਭੈਣਾਂ ਕਿਸੇ ਪੱਖੋਂ ਭਰਾਵਾਂ ਨਾਲੋਂ ਨੀਵੀਆਂ ਸਨ। ਉਸ ਨੇ ਲਿਖਿਆ: “ਮਸੀਹ ਯਿਸੂ ਉੱਤੇ ਨਿਹਚਾ ਕਰਨ ਕਰਕੇ ਤੁਸੀਂ ਸੱਭੇ ਪਰਮੇਸ਼ੁਰ ਦੇ ਪੁੱਤ੍ਰ ਹੋ। ਕਿਉਂ ਜੋ ਤੁਸਾਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਮਸੀਹ ਨੂੰ ਪਹਿਨ ਲਿਆ। ਨਾ ਯਹੂਦੀ ਨਾ ਯੂਨਾਨੀ, ਨਾ ਗੁਲਾਮ ਨਾ ਅਜ਼ਾਦ, ਨਾ ਨਰ ਨਾ ਨਾਰੀ ਹੋ ਸੱਕਦਾ ਹੈ ਕਿਉਂ ਜੋ ਤੁਸੀਂ ਸੱਭੇ ਮਸੀਹ ਯਿਸੂ ਵਿੱਚ ਇੱਕੋ ਹੀ ਹੋ।”—ਗਲਾਤੀਆਂ 3:26-28.
ਅੱਜ ਪੱਖਪਾਤ ਤੋਂ ਬਿਨਾਂ ਇਕ ਸਮੂਹ
ਅੱਜ ਯਹੋਵਾਹ ਦੇ ਗਵਾਹ ਬਾਈਬਲ ਦੇ ਸਿਧਾਂਤਾਂ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਉਹ ਜਾਣਦੇ ਹਨ ਕਿ ਸਮਾਜਕ ਪੱਖਪਾਤ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕੋਈ ਅਹਿਮੀਅਤ ਨਹੀਂ ਰੱਖਦਾ। ਇਸ ਤਰ੍ਹਾਂ ਉਨ੍ਹਾਂ ਵਿਚ ਪਾਦਰੀਆਂ ਤੇ ਆਮ ਜਨਤਾ ਦੇ ਵਰਗ ਨਹੀਂ ਹੁੰਦੇ ਤੇ ਨਾ ਹੀ ਉਹ ਚਮੜੀ ਦੇ ਰੰਗ ਜਾਂ ਧਨ ਦੇ ਆਧਾਰ ਤੇ ਪੱਖਪਾਤ ਕਰਦੇ ਹਨ। ਭਾਵੇਂ ਕਿ ਉਨ੍ਹਾਂ ਵਿੱਚੋਂ ਕੁਝ ਮਸੀਹੀ ਅਮੀਰ ਹਨ, ਪਰ ਉਹ ਪੈਸੇ ਦਾ “ਫੋਕਾ ਘਮੰਡ” ਨਹੀਂ ਕਰਦੇ ਕਿਉਂਕਿ ਉਹ ਜਾਣਦੇ ਹਨ ਕਿ ਅਜਿਹੀਆਂ ਚੀਜ਼ਾਂ ਥੋੜ੍ਹੇ ਚਿਰ ਲਈ ਹੀ ਹਨ। (1 ਯੂਹੰਨਾ 2:15-17, ਨਵਾਂ ਅਨੁਵਾਦ) ਇਸ ਦੀ ਬਜਾਇ, ਸਰਬਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨ ਨਾਲ ਸਾਰੇ ਮਸੀਹੀਆਂ ਵਿਚ ਏਕਾ ਹੈ।
ਉਨ੍ਹਾਂ ਵਿੱਚੋਂ ਹਰ ਇਕ ਆਪਣੇ ਸੰਗੀ ਇਨਸਾਨਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਕੰਮ ਵਿਚ ਹਿੱਸਾ ਲੈਣ ਦੀ ਜ਼ਿੰਮੇਵਾਰੀ ਨੂੰ ਕਬੂਲ ਕਰਦਾ ਹੈ। ਯਿਸੂ ਦੀ ਤਰ੍ਹਾਂ ਉਹ ਉਦਾਸ ਤੇ ਦੁਖੀ ਲੋਕਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਮਿਲਣ ਦੁਆਰਾ ਆਦਰ ਦਿਖਾਉਂਦੇ ਹਨ ਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖਿਆ ਦਿੰਦੇ ਹਨ। ਯਹੋਵਾਹ ਦੇ ਗਵਾਹਾਂ ਵਿਚ ਗ਼ਰੀਬ ਅਤੇ ਅਮੀਰ ਦੋਵੇਂ ਮਿਲ ਕੇ ਕੰਮ ਕਰਦੇ ਹਨ ਹਾਲਾਂਕਿ ਸਾਡੇ ਸਮਾਜ ਦੀਆਂ ਨਜ਼ਰਾਂ ਵਿਚ ਇਹ ਅਮੀਰ ਗਵਾਹ ਸ਼ਾਇਦ ਉੱਚੇ ਦਰਜੇ ਦੇ ਲੋਕ ਸਮਝੇ ਜਾਂਦੇ ਹਨ। ਗਵਾਹ ਅਧਿਆਤਮਿਕ ਗੁਣਾਂ ਨੂੰ ਅਹਿਮੀਅਤ ਦਿੰਦੇ ਹਨ, ਨਾ ਕਿ ਸਮਾਜਕ ਦਰਜੇ ਨੂੰ। ਪਹਿਲੀ ਸਦੀ ਦੇ ਮਸੀਹੀਆਂ ਵਾਂਗ ਉਹ ਸਾਰੇ ਨਿਹਚਾ ਵਿਚ ਭੈਣ-ਭਰਾ ਹਨ।
ਬਰਾਬਰੀ ਵਿਚ ਵੰਨ-ਸੁਵੰਨਤਾ
ਬੇਸ਼ੱਕ, ਬਰਾਬਰੀ ਦਾ ਇਹ ਮਤਲਬ ਨਹੀਂ ਕਿ ਸਾਰੇ ਗਵਾਹ ਪੂਰੀ ਤਰ੍ਹਾਂ ਇੱਕੋ ਜਿਹੇ ਹਨ। ਇਸ ਮਸੀਹੀ ਸੰਗਠਨ ਵਿਚ ਆਦਮੀ ਤੇ ਔਰਤਾਂ, ਬਜ਼ੁਰਗ ਤੇ ਬੱਚੇ ਸਾਰੇ ਹੀ ਲੋਕ ਸ਼ਾਮਲ ਹਨ ਜੋ ਵੱਖੋ-ਵੱਖਰੀਆਂ ਜਾਤੀਆਂ, ਭਾਸ਼ਾਵਾਂ, ਕੌਮਾਂ ਤੇ ਆਰਥਿਕ ਪਿਛੋਕੜਾਂ ਤੋਂ ਆਏ ਹਨ। ਸਾਰਿਆਂ ਦੀਆਂ ਵੱਖੋ-ਵੱਖਰੀਆਂ ਦਿਮਾਗ਼ੀ ਤੇ ਸਰੀਰਕ ਯੋਗਤਾਵਾਂ ਹਨ। ਪਰ ਇਹ ਭਿੰਨਤਾਵਾਂ ਕੁਝ ਲੋਕਾਂ ਨੂੰ ਉੱਚੇ ਜਾਂ ਦੂਜਿਆਂ ਨੂੰ ਨੀਵੇਂ ਨਹੀਂ ਬਣਾਉਂਦੀਆਂ। ਇਸ ਦੀ ਬਜਾਇ, ਅਜਿਹੀਆਂ ਭਿੰਨਤਾਵਾਂ ਕਾਰਨ ਅਸੀਂ ਜ਼ਿੰਦਗੀ ਦਾ ਹੋਰ ਆਨੰਦ ਮਾਣਦੇ ਹਾਂ। ਉਹ ਮਸੀਹੀ ਜਾਣਦੇ ਹਨ ਕਿ ਉਨ੍ਹਾਂ ਕੋਲ ਜੋ ਵੀ ਹੁਨਰ ਹਨ, ਉਹ ਪਰਮੇਸ਼ੁਰ ਵੱਲੋਂ ਤੋਹਫ਼ਾ ਹਨ ਤੇ ਇਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ ਸਮਝਣ ਦਾ ਕੋਈ ਕਾਰਨ ਨਹੀਂ ਹਨ।
ਪਰਮੇਸ਼ੁਰ ਦੇ ਨਿਰਦੇਸ਼ਨ ਤੇ ਚੱਲਣ ਦੀ ਬਜਾਇ, ਇਨਸਾਨ ਨੇ ਆਪਣੇ ਨਿਰਦੇਸ਼ਨ ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ ਜਿਸ ਕਾਰਨ ਸਮਾਜਕ ਪੱਖਪਾਤ ਕੀਤਾ ਜਾਂਦਾ ਹੈ। ਜਲਦੀ ਹੀ ਪਰਮੇਸ਼ੁਰ ਦਾ ਰਾਜ ਇਸ ਧਰਤੀ ਉੱਤੇ ਹਕੂਮਤ ਕਰੇਗਾ। ਇਹ ਇਨਸਾਨਾਂ ਦੁਆਰਾ ਬਣਾਏ ਗਏ ਵਰਗਾਂ ਦੇ ਨਾਲ-ਨਾਲ ਉਨ੍ਹਾਂ ਸਾਰੀਆਂ ਚੀਜ਼ਾਂ ਦਾ ਅੰਤ ਕਰ ਦੇਵੇਗਾ ਜੋ ਯੁਗਾਂ ਤੋਂ ਦੁੱਖਾਂ-ਤਕਲੀਫ਼ਾਂ ਦਾ ਕਾਰਨ ਰਹੀਆਂ ਹਨ। ਫਿਰ ਅਸਲੀ ਅਰਥ ਵਿਚ “ਅਧੀਨ ਧਰਤੀ ਦੇ ਵਾਰਸ ਹੋਣਗੇ।” (ਜ਼ਬੂਰ 37:11) ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ ਸਮਝਣ ਦੇ ਸਾਰੇ ਕਾਰਨ ਜਾਂਦੇ ਰਹਿਣਗੇ। ਫਿਰ ਕਦੀ ਵੀ ਇਨਸਾਨਾਂ ਦੇ ਵਿਸ਼ਵ-ਵਿਆਪੀ ਭਾਈਚਾਰੇ ਨੂੰ ਵੰਡਣ ਲਈ ਸਮਾਜਕ ਪੱਖਪਾਤ ਨੂੰ ਨਹੀਂ ਸਹਾਰਿਆ ਜਾਵੇਗਾ।
[ਸਫ਼ੇ 5 ਉੱਤੇ ਸੁਰਖੀ]
ਸ੍ਰਿਸ਼ਟੀਕਰਤਾ ‘ਧਨੀ ਨੂੰ ਗ਼ਰੀਬ ਨਾਲੋਂ ਵੱਧ ਨਹੀਂ ਮੰਨਦਾ ਹੈ, ਕਿਉਂ ਜੋ ਓਹ ਸਾਰੇ ਦਾ ਸਾਰਾ ਉਹ ਦੇ ਹੱਥ ਦਾ ਕੰਮ ਹੈ।’—ਅੱਯੂਬ 34:19.
[ਸਫ਼ੇ 6 ਉੱਤੇ ਤਸਵੀਰ]
ਯਹੋਵਾਹ ਦੇ ਗਵਾਹ ਆਪਣੇ ਗੁਆਂਢੀਆਂ ਦਾ ਆਦਰ ਕਰਦੇ ਹਨ
[ਸਫ਼ੇ 7 ਉੱਤੇ ਤਸਵੀਰ]
ਸੱਚੇ ਮਸੀਹੀ ਅਧਿਆਤਮਿਕ ਗੁਣਾਂ ਨੂੰ ਅਹਿਮੀਅਤ ਦਿੰਦੇ ਹਨ