ਭਲਿਆਈ ਕਰਦੇ ਰਹੋ
“ਚਾਨਣ ਦਾ ਫਲ ਹਰ ਭਾਂਤ ਦੀ ਭਲਿਆਈ ਅਤੇ ਧਰਮ ਅਤੇ ਸਚਿਆਈ ਵਿੱਚ ਹੈ।”—ਅਫ਼ਸੀਆਂ 5:9.
1. ਅੱਜ ਲੱਖਾਂ ਹੀ ਲੋਕ ਕਿਵੇਂ ਦਿਖਾਉਂਦੇ ਹਨ ਕਿ ਉਹ ਜ਼ਬੂਰ 31:19 ਦਿਆਂ ਸ਼ਬਦਾਂ ਨਾਲ ਸਹਿਮਤ ਹਨ?
ਸਭ ਤੋਂ ਭਲਾ ਕੰਮ ਜੋ ਕੋਈ ਵੀ ਇਨਸਾਨ ਕਰ ਸਕਦਾ ਹੈ, ਉਹ ਹੈ ਯਹੋਵਾਹ ਦੀ ਵਡਿਆਈ ਕਰਨੀ। ਅੱਜ, ਲੱਖਾਂ ਹੀ ਲੋਕ ਇਸ ਤਰ੍ਹਾਂ ਕਰਨ ਦੁਆਰਾ ਪਰਮੇਸ਼ੁਰ ਦੀ ਭਲਿਆਈ ਕਰਕੇ ਉਸ ਦੀ ਉਸਤਤ ਕਰ ਰਹੇ ਹਨ। ਯਹੋਵਾਹ ਦੇ ਵਫ਼ਾਦਾਰ ਗਵਾਹਾਂ ਵਜੋਂ ਅਸੀਂ ਪੂਰੇ ਦਿਲ ਨਾਲ ਜ਼ਬੂਰਾਂ ਦੇ ਲਿਖਾਰੀ ਨਾਲ ਸਹਿਮਤ ਹੁੰਦੇ ਹਾਂ ਜਿਸ ਨੇ ਇਹ ਸ਼ਬਦ ਗਾਏ ਸਨ: “ਕੇਡੀ ਵੱਡੀ ਹੈ ਤੇਰੀ ਭਲਿਆਈ! ਜਿਹੜੀ ਤੈਂ ਆਪਣੇ ਭੈ ਮੰਨਣ ਵਾਲਿਆਂ ਦੇ ਲਈ ਗੁਪਤ ਕਰ ਰੱਖੀ ਹੈ।”—ਜ਼ਬੂਰ 31:19.
2, 3. ਜੇਕਰ ਪ੍ਰਚਾਰ ਕਰਦੇ ਹੋਏ ਸਾਡਾ ਚਾਲ-ਚੱਲਣ ਨੇਕ ਨਾ ਹੋਵੇ ਤਾਂ ਕੀ ਹੋ ਸਕਦਾ ਹੈ?
2 ਇਸ ਲਈ ਕਿ ਅਸੀਂ ਪਰਮੇਸ਼ੁਰ ਦਾ ਭੈ ਰੱਖਦੇ ਹਾਂ, ਯਾਨੀ ਉਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਅਸੀਂ ਉਸ ਦੀ ਭਲਿਆਈ ਕਰਕੇ ਉਸ ਦੀ ਵਡਿਆਈ ਕਰਨ ਲਈ ਪ੍ਰੇਰਿਤ ਹੁੰਦੇ ਹਾਂ। ਇਸ ਭੈ ਕਾਰਨ ਅਸੀਂ ‘ਯਹੋਵਾਹ ਦਾ ਧੰਨਵਾਦ ਕਰਨ, ਉਸ ਨੂੰ ਮੁਬਾਰਕ ਆਖਣ, ਅਤੇ ਉਸ ਦੀ ਪਾਤਸ਼ਾਹੀ ਦੇ ਪਰਤਾਪ ਦਾ ਚਰਚਾ ਕਰਨ’ ਲਈ ਵੀ ਪ੍ਰੇਰਿਤ ਹੁੰਦੇ ਹਾਂ। (ਜ਼ਬੂਰ 145:10-13) ਇਸ ਲਈ ਅਸੀਂ ਜੋਸ਼ ਨਾਲ ਰਾਜ ਦੇ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਂਦੇ ਹਾਂ। (ਮੱਤੀ 24:14; 28:19, 20) ਪਰ ਪ੍ਰਚਾਰ ਦਾ ਕੰਮ ਕਰਦੇ ਹੋਏ ਸਾਡਾ ਚਾਲ-ਚੱਲਣ ਨੇਕ ਹੋਣਾ ਚਾਹੀਦਾ ਹੈ, ਨਹੀਂ ਤਾਂ ਅਸੀਂ ਸ਼ਾਇਦ ਯਹੋਵਾਹ ਦੇ ਪਵਿੱਤਰ ਨਾਂ ਨੂੰ ਬਦਨਾਮ ਕਰ ਬੈਠਾਂਗੇ।
3 ਬਹੁਤ ਸਾਰੇ ਲੋਕ ਪਰਮੇਸ਼ੁਰ ਦੀ ਉਪਾਸਨਾ ਕਰਨ ਦਾ ਦਾਅਵਾ ਕਰਦੇ ਹਨ, ਪਰ ਉਨ੍ਹਾਂ ਦਿਆਂ ਕੰਮਾਂ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਉਸ ਦੇ ਪ੍ਰੇਰਿਤ ਬਚਨ ਦਿਆਂ ਮਿਆਰਾਂ ਅਨੁਸਾਰ ਨਹੀਂ ਚੱਲਦੇ। ਉਨ੍ਹਾਂ ਬਾਰੇ ਗੱਲ ਕਰਦੇ ਹੋਏ ਜੋ ਭਲਾ ਕਰਨ ਦੇ ਆਪਣੇ ਦਾਅਵੇ ਅਨੁਸਾਰ ਨਹੀਂ ਜੀ ਰਹੇ ਸਨ, ਪੌਲੁਸ ਰਸੂਲ ਨੇ ਲਿਖਿਆ: “ਤੂੰ ਜਿਹੜਾ ਦੂਏ ਨੂੰ ਸਿਖਾਲਦਾ ਹੈਂ ਕੀ ਆਪਣੇ ਆਪ ਨੂੰ ਨਹੀਂ ਸਿਖਾਲਦਾ? ਤੂੰ ਜਿਹੜਾ ਉਪਦੇਸ਼ ਕਰਦਾ ਹੈਂ ਭਈ ਚੋਰੀ ਨਾ ਕਰਨੀ ਕੀ ਆਪ ਹੀ ਚੋਰੀ ਕਰਦਾ ਹੈਂ? ਤੂੰ ਜਿਹੜਾ ਆਖਦਾ ਹੈਂ ਭਈ ਜ਼ਨਾਹ ਨਾ ਕਰਨਾ ਕੀ ਆਪ ਹੀ ਜ਼ਨਾਹ ਕਰਦਾ ਹੈਂ? . . . ਜਿਵੇਂ ਲਿਖਿਆ ਹੋਇਆ ਹੈ ਭਈ ਪਰਾਈਆਂ ਕੌਮਾਂ ਦੇ ਵਿੱਚ ਤੁਹਾਡੇ ਕਾਰਨ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ।”—ਰੋਮੀਆਂ 2:21, 22, 24.
4. ਸਾਡੇ ਨੇਕ ਚਾਲ-ਚੱਲਣ ਦਾ ਕੀ ਅਸਰ ਹੁੰਦਾ ਹੈ?
4 ਯਹੋਵਾਹ ਦੇ ਨਾਂ ਨੂੰ ਬਦਨਾਮ ਕਰਨ ਦੀ ਬਜਾਇ ਅਸੀਂ ਆਪਣੇ ਨੇਕ ਚਾਲ-ਚੱਲਣ ਦੁਆਰਾ ਉਸ ਦੀ ਵਡਿਆਈ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਦਾ ਉਨ੍ਹਾਂ ਲੋਕਾਂ ਉੱਤੇ ਚੰਗਾ ਅਸਰ ਪੈਂਦਾ ਹੈ ਜੋ ਮਸੀਹੀ ਕਲੀਸਿਯਾ ਦਾ ਹਿੱਸਾ ਨਹੀਂ ਹਨ। ਇਕ ਚੰਗਾ ਨਤੀਜਾ ਇਹ ਹੈ ਕਿ ਸਾਡਾ ਨੇਕ ਚਾਲ-ਚੱਲਣ ਸਾਡੇ ਵਿਰੋਧੀਆਂ ਦਾ ਮੂੰਹ ਬੰਦ ਕਰਨ ਵਿਚ ਸਾਡੀ ਮਦਦ ਕਰਦਾ ਹੈ। (1 ਪਤਰਸ 2:15) ਇਸ ਤੋਂ ਵੀ ਮਹੱਤਵਪੂਰਣ ਗੱਲ ਇਹ ਹੈ ਕਿ ਸਾਡੇ ਨੇਕ ਚਾਲ-ਚੱਲਣ ਕਾਰਨ ਕਈ ਲੋਕ ਯਹੋਵਾਹ ਦੇ ਸੰਗਠਨ ਵੱਲ ਖਿੱਚੇ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਉਸ ਦੀ ਵਡਿਆਈ ਕਰਨ ਅਤੇ ਸਦਾ ਦਾ ਜੀਵਨ ਪਾਉਣ ਦਾ ਮੌਕਾ ਮਿਲਦਾ ਹੈ।—ਰਸੂਲਾਂ ਦੇ ਕਰਤੱਬ 13:48.
5. ਸਾਨੂੰ ਕਿਨ੍ਹਾਂ ਸਵਾਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ?
5 ਪਾਪੀ ਹੋਣ ਦੇ ਬਾਵਜੂਦ ਅਸੀਂ ਉਸ ਤਰ੍ਹਾਂ ਦੇ ਚਾਲ-ਚੱਲਣ ਤੋਂ ਦੂਰ ਕਿਵੇਂ ਰਹਿ ਸਕਦੇ ਹਾਂ ਜਿਸ ਕਾਰਨ ਯਹੋਵਾਹ ਦਾ ਅਪਮਾਨ ਹੋ ਸਕਦਾ ਹੈ ਅਤੇ ਸੱਚਾਈ ਨੂੰ ਭਾਲਣ ਵਾਲਿਆਂ ਨੂੰ ਠੋਕਰ ਲੱਗ ਸਕਦੀ ਹੈ? ਹਾਂ, ਅਸੀਂ ਭਲਿਆਈ ਕਰਨ ਵਿਚ ਸਫ਼ਲ ਕਿਵੇਂ ਹੋ ਸਕਦੇ ਹਾਂ?
ਚਾਨਣ ਦਾ ਇਕ ਫਲ
6. “ਅਨ੍ਹੇਰੇ ਦੇ ਅਫੱਲ ਕਾਰਜਾਂ” ਵਿਚ ਕਿਹੜੇ ਕੰਮ ਸ਼ਾਮਲ ਹਨ, ਪਰ ਮਸੀਹੀਆਂ ਵਿਚ ਕਿਹੜਾ ਫਲ ਦੇਖਿਆ ਜਾਣਾ ਚਾਹੀਦਾ ਹੈ?
6 ਸਮਰਪਿਤ ਮਸੀਹੀਆਂ ਵਜੋਂ ਅਸੀਂ ਉਸ ਚੀਜ਼ ਦਾ ਆਨੰਦ ਮਾਣਦੇ ਹਾਂ ਜੋ ਸਾਨੂੰ “ਅਨ੍ਹੇਰੇ ਦੇ ਅਫੱਲ ਕਾਰਜਾਂ” ਤੋਂ ਦੂਰ ਰਹਿਣ ਦੀ ਮਦਦ ਦਿੰਦੀ ਹੈ। ਇਨ੍ਹਾਂ ਕਾਰਜਾਂ ਵਿਚ ਅਜਿਹੇ ਕੰਮ ਹਨ ਜੋ ਪਰਮੇਸ਼ੁਰ ਦਾ ਨਿਰਾਦਰ ਕਰਦੇ ਹਨ ਜਿਵੇਂ ਕਿ ਝੂਠ ਬੋਲਣਾ, ਚੋਰੀ ਕਰਨੀ, ਗਾਲਾਂ ਕੱਢਣੀਆਂ, ਸੈਕਸ ਬਾਰੇ ਗੰਦੀਆਂ ਗੱਲਾਂ ਕਰਨੀਆਂ, ਬੇਸ਼ਰਮੀ, ਠੱਠੇਬਾਜ਼ੀ, ਅਤੇ ਸ਼ਰਾਬ ਜ਼ਿਆਦਾ ਪੀਣੀ। (ਅਫ਼ਸੀਆਂ 4:25, 28, 31; 5:3, 4, 11, 12, 18) ਇਨ੍ਹਾਂ ਕੰਮਾਂ ਵਿਚ ਹਿੱਸਾ ਲੈਣ ਦੀ ਬਜਾਇ ਅਸੀਂ ‘ਚਾਨਣ ਦੇ ਪੁਤ੍ਰਾਂ ਵਾਂਙੁ ਚੱਲਦੇ ਰਹਿੰਦੇ ਹਾਂ।’ ਪੌਲੁਸ ਰਸੂਲ ਨੇ ਕਿਹਾ ਕਿ “ਚਾਨਣ ਦਾ ਫਲ ਹਰ ਭਾਂਤ ਦੀ ਭਲਿਆਈ ਅਤੇ ਧਰਮ ਅਤੇ ਸਚਿਆਈ ਵਿੱਚ ਹੈ।” (ਅਫ਼ਸੀਆਂ 5:8, 9) ਇਸ ਲਈ ਚਾਨਣ ਵਿਚ ਚੱਲਣ ਨਾਲ ਹੀ ਅਸੀਂ ਭਲਿਆਈ ਜ਼ਾਹਰ ਕਰਦੇ ਰਹਿ ਸਕਦੇ ਹਾਂ। ਪਰ ਇਹ ਕਿਹੋ ਜਿਹਾ ਚਾਨਣ ਹੈ?
7. ਸਾਨੂੰ ਭਲਿਆਈ ਦਾ ਫਲ ਜ਼ਾਹਰ ਕਰਦੇ ਰਹਿਣ ਲਈ ਕੀ ਕਰਨਾ ਚਾਹੀਦਾ ਹੈ?
7 ਪਾਪੀ ਹੋਣ ਦੇ ਬਾਵਜੂਦ, ਅਸੀਂ ਰੂਹਾਨੀ ਚਾਨਣ ਵਿਚ ਚੱਲ ਕੇ ਭਲਿਆਈ ਕਰ ਸਕਦੇ ਹਾਂ। ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।” (ਜ਼ਬੂਰ 119:105) ਜੇਕਰ ਅਸੀਂ “ਹਰ ਭਾਂਤ ਦੀ ਭਲਿਆਈ” ਦੁਆਰਾ “ਚਾਨਣ ਦਾ ਫਲ” ਪ੍ਰਗਟ ਕਰਦੇ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਲਗਾਤਾਰ ਰੂਹਾਨੀ ਚਾਨਣ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ। ਇਹ ਚਾਨਣ ਪਰਮੇਸ਼ੁਰ ਦੇ ਬਚਨ ਵਿਚ ਪਾਇਆ ਜਾਂਦਾ ਹੈ, ਮਸੀਹੀ ਪ੍ਰਕਾਸ਼ਨਾਂ ਵਿਚ ਧਿਆਨ ਨਾਲ ਇਸ ਦੀ ਖੋਜ ਕੀਤੀ ਜਾਂਦੀ ਹੈ, ਅਤੇ ਸਾਡੀਆਂ ਸਭਾਵਾਂ ਤੇ ਨਿਯਮਿਤ ਤੌਰ ਤੇ ਇਸ ਦੀ ਚਰਚਾ ਕੀਤੀ ਜਾਂਦੀ ਹੈ। (ਲੂਕਾ 12:42; ਰੋਮੀਆਂ 15:4; ਇਬਰਾਨੀਆਂ 10:24, 25) ਇਸ ਦੇ ਨਾਲ-ਨਾਲ ਸਾਨੂੰ ਯਿਸੂ ਮਸੀਹ ਦੇ ਨਮੂਨੇ ਅਤੇ ਉਸ ਦੀਆਂ ਸਿੱਖਿਆਵਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ, ਜੋ “ਜਗਤ ਦਾ ਚਾਨਣ” ਅਤੇ ‘ਯਹੋਵਾਹ ਦੇ ਤੇਜ ਦਾ ਪ੍ਰਗਟਾਵਾ ਹੈ।’—ਯੂਹੰਨਾ 8:12. ਇਬਰਾਨੀਆਂ 1:1-3, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਆਤਮਾ ਦਾ ਇਕ ਫਲ
8. ਅਸੀਂ ਭਲਿਆਈ ਕਿਉਂ ਜ਼ਾਹਰ ਕਰ ਸਕਦੇ ਹਾਂ?
8 ਇਸ ਵਿਚ ਕੋਈ ਸ਼ੱਕ ਨਹੀਂ ਕਿ ਰੂਹਾਨੀ ਚਾਨਣ ਭਲਿਆਈ ਜ਼ਾਹਰ ਕਰਨ ਵਿਚ ਸਾਡੀ ਮਦਦ ਕਰਦਾ ਹੈ। ਇਸ ਦੇ ਨਾਲ-ਨਾਲ, ਅਸੀਂ ਇਹ ਗੁਣ ਇਸ ਲਈ ਜ਼ਾਹਰ ਕਰ ਸਕਦੇ ਹਾਂ ਕਿਉਂਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ, ਜਾਂ ਉਸ ਦੀ ਸ਼ਕਤੀ ਸਾਨੂੰ ਰਾਹ ਦਿਖਾਉਂਦੀ ਹੈ। ਭਲਿਆਈ ‘ਆਤਮਾ ਦਾ ਇਕ ਫਲ’ ਹੈ। (ਗਲਾਤੀਆਂ 5:22, 23) ਜੇਕਰ ਅਸੀਂ ਯਹੋਵਾਹ ਦੀ ਪਵਿੱਤਰ ਆਤਮਾ ਨੂੰ ਆਪਣੇ ਜੀਵਨ ਵਿਚ ਕੰਮ ਕਰਨ ਦੇਈਏ, ਤਾਂ ਇਹ ਸ਼ਕਤੀ ਸਾਡੇ ਵਿਚ ਭਲਿਆਈ ਦਾ ਵਧੀਆ ਗੁਣ ਪੈਦਾ ਕਰੇਗੀ।
9. ਅਸੀਂ ਲੂਕਾ 11:9-13 ਵਿਚ ਦਰਜ ਯਿਸੂ ਦਿਆਂ ਸ਼ਬਦਾਂ ਅਨੁਸਾਰ ਕਿਵੇਂ ਚੱਲ ਸਕਦੇ ਹਾਂ?
9 ਸਾਡੇ ਦਿਲ ਦੀ ਚਾਹ ਹੈ ਕਿ ਅਸੀਂ ਆਤਮਾ ਦਾ ਇਹ ਫਲ, ਯਾਨੀ ਭਲਿਆਈ ਜ਼ਾਹਰ ਕਰ ਕੇ ਯਹੋਵਾਹ ਨੂੰ ਖ਼ੁਸ਼ ਕਰੀਏ। ਇਸ ਚਾਹ ਕਾਰਨ ਸਾਨੂੰ ਯਿਸੂ ਦਿਆਂ ਸ਼ਬਦਾਂ ਅਨੁਸਾਰ ਚੱਲਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ: ‘ਮੰਗਦੇ ਰਹੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡਦੇ ਰਹੋ ਤਾਂ ਤੁਹਾਨੂੰ ਲੱਭੇਗਾ, ਖੜਕਾਉਂਦੇ ਰਹੋ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।’ “ਕਿਉਂਕਿ ਹਰੇਕ ਜਿਹੜਾ ਮੰਗਦਾ ਹੈ ਉਹ ਲੈਂਦਾ ਹੈ ਅਤੇ ਜਿਹੜਾ ਢੂੰਡਦਾ ਹੈ ਉਹ ਨੂੰ ਲੱਭਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ ਉਹ ਦੇ ਲਈ ਖੋਲ੍ਹਿਆ ਜਾਵੇਗਾ। ਪਰ ਤੁਹਾਡੇ ਵਿੱਚੋਂ ਉਹ ਕਿਹੜਾ ਪਿਉ ਹੈ ਕਿ ਜੇ ਉਹ ਦਾ ਪੁੱਤ੍ਰ ਮਛੀ ਮੰਗੇ ਤਾਂ ਉਹ ਨੂੰ ਮਛੀ ਦੇ ਥਾਂ ਸੱਪ ਦੇਵੇਗਾ? ਯਾ ਜੇ ਆਂਡਾ ਮੰਗੇ ਤਾਂ ਉਹ ਨੂੰ ਬਿੱਛੂ ਦੇਵੇਗਾ? ਸੋ ਜੇ ਤੁਸੀਂ [ਪਾਪੀ ਹੋ ਕੇ, ਯਾਨੀ ਕੁਝ ਹੱਦ ਤਕ] ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ!” (ਲੂਕਾ 11:9-13) ਆਓ ਆਪਾਂ ਯਹੋਵਾਹ ਦੀ ਆਤਮਾ ਲਈ ਪ੍ਰਾਰਥਨਾ ਕਰਨ ਦੁਆਰਾ ਯਿਸੂ ਦੀ ਸਲਾਹ ਲਾਗੂ ਕਰੀਏ, ਤਾਂਕਿ ਅਸੀਂ ਭਲਿਆਈ ਦਾ ਫਲ ਜ਼ਾਹਰ ਕਰਦੇ ਰਹਿ ਸਕੀਏ।
‘ਭਲਾ ਕਰਦੇ ਰਹੋ’
10. ਕੂਚ 34:6, 7 ਵਿਚ ਯਹੋਵਾਹ ਦੀ ਭਲਿਆਈ ਦੇ ਕਿਹੜੇ ਵੱਖਰੇ-ਵੱਖਰੇ ਪਹਿਲੂ ਦਰਜ ਹਨ?
10 ਪਰਮੇਸ਼ੁਰ ਦੇ ਬਚਨ ਦੇ ਰੂਹਾਨੀ ਚਾਨਣ ਨਾਲ ਅਤੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਅਸੀਂ ‘ਭਲਾ ਕਰਦੇ ਰਹਿ’ ਸਕਦੇ ਹਾਂ। (ਰੋਮੀਆਂ 13:3) ਨਿਯਮਿਤ ਤੌਰ ਤੇ ਬਾਈਬਲ ਦਾ ਅਧਿਐਨ ਕਰਨ ਦੁਆਰਾ ਅਸੀਂ ਸਿੱਖਦੇ ਰਹਾਂਗੇ ਕਿ ਅਸੀਂ ਭਲਿਆਈ ਕਰਨ ਵਿਚ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ। ਪਿੱਛਲੇ ਲੇਖ ਵਿਚ ਪਰਮੇਸ਼ੁਰ ਦੀ ਭਲਿਆਈ ਦੇ ਵੱਖਰੇ-ਵੱਖਰੇ ਪਹਿਲੂਆਂ ਬਾਰੇ ਚਰਚਾ ਕੀਤੀ ਗਈ ਸੀ ਜੋ ਕੂਚ 34:6, 7 ਵਿਚ ਮੂਸਾ ਨੂੰ ਦਿੱਤੇ ਗਏ ਬਿਆਨ ਵਿਚ ਪਾਏ ਜਾਂਦੇ ਹਨ। ਉੱਥੇ ਅਸੀਂ ਪੜ੍ਹਦੇ ਹਾਂ: “ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ। ਅਤੇ ਹਜਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ ਅਤੇ ਕੁਧਰਮੀ ਨੂੰ ਏਵੇਂ ਨਹੀਂ ਛੱਡਦਾ।” ਯਹੋਵਾਹ ਦੀ ਭਲਿਆਈ ਦੇ ਇਨ੍ਹਾਂ ਪ੍ਰਗਟਾਵਿਆਂ ਵੱਲ ਧਿਆਨ ਦੇਣ ਦੁਆਰਾ ‘ਭਲਾ ਕਰਦੇ ਰਹਿਣ’ ਵਿਚ ਸਾਡੀ ਮਦਦ ਹੋਵੇਗੀ।
11. ਇਸ ਜਾਣਕਾਰੀ ਦਾ ਸਾਡੇ ਉੱਤੇ ਕਿਹੋ ਜਿਹਾ ਅਸਰ ਹੋਣਾ ਚਾਹੀਦਾ ਹੈ ਕਿ ਯਹੋਵਾਹ ਦਿਆਲੂ ਅਤੇ ਕਿਰਪਾਲੂ ਹੈ?
11 ਪਰਮੇਸ਼ੁਰ ਵੱਲੋਂ ਇਹ ਐਲਾਨ ਸਾਨੂੰ ਯਾਦ ਕਰਾਉਂਦਾ ਹੈ ਕਿ ਸਾਨੂੰ ਦਿਆਲੂ ਅਤੇ ਕਿਰਪਾਲੂ ਹੋਣ ਦੁਆਰਾ ਯਹੋਵਾਹ ਦੀ ਰੀਸ ਕਰਨੀ ਚਾਹੀਦੀ ਹੈ। ਯਿਸੂ ਨੇ ਕਿਹਾ ਸੀ: “ਧੰਨ ਓਹ ਜਿਹੜੇ ਦਯਾਵਾਨ ਹਨ ਕਿਉਂ ਜੋ ਉਨ੍ਹਾਂ ਉੱਤੇ ਦਯਾ ਕੀਤੀ ਜਾਵੇਗੀ।” (ਮੱਤੀ 5:7; ਲੂਕਾ 6:36) ਇਹ ਜਾਣਦੇ ਹੋਏ ਕਿ ਯਹੋਵਾਹ ਕਿਰਪਾਲੂ ਹੈ, ਅਸੀਂ ਦੂਸਰਿਆਂ ਉੱਤੇ ਕਿਰਪਾ ਕਰਨ ਅਤੇ ਉਨ੍ਹਾਂ ਨਾਲ ਚੰਗਾ ਵਰਤਾਉ ਕਰਨ ਲਈ ਪ੍ਰੇਰਿਤ ਹੁੰਦੇ ਹਾਂ, ਉਨ੍ਹਾਂ ਨੂੰ ਵੀ ਜਿਨ੍ਹਾਂ ਨੂੰ ਅਸੀਂ ਪ੍ਰਚਾਰ ਕਰਦੇ ਹਾਂ। ਪੌਲੁਸ ਨੇ ਵੀ ਇਹੀ ਸਲਾਹ ਦਿੱਤੀ ਸੀ: “ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।”—ਕੁਲੁੱਸੀਆਂ 4:6.
12. (ੳ) ਜਦ ਕਿ ਪਰਮੇਸ਼ੁਰ ਕ੍ਰੋਧ ਵਿਚ ਧੀਰਜੀ ਹੈ, ਸਾਨੂੰ ਦੂਸਰਿਆਂ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੀਦਾ ਹੈ? (ਅ) ਯਹੋਵਾਹ ਦੀ ਭਲਿਆਈ ਸਾਨੂੰ ਕੀ ਕਰਨ ਲਈ ਪ੍ਰੇਰਦੀ ਹੈ?
12 ਇਸ ਲਈ ਕਿ ਪਰਮੇਸ਼ੁਰ ਕ੍ਰੋਧ ਵਿਚ ਧੀਰਜੀ ਹੈ, ‘ਭਲਾ ਕਰਦੇ ਰਹਿਣ’ ਦੀ ਸਾਡੀ ਇੱਛਾ ਕਾਰਨ ਅਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀਆਂ ਛੋਟੀਆਂ-ਛੋਟੀਆਂ ਗ਼ਲਤੀਆਂ ਤੋਂ ਨਾਰਾਜ਼ ਨਹੀਂ ਹੁੰਦੇ ਪਰ ਉਨ੍ਹਾਂ ਦਿਆਂ ਚੰਗਿਆਂ ਗੁਣਾਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਹੁੰਦੇ ਹਾਂ। (ਮੱਤੀ 7:5; ਯਾਕੂਬ 1:19) ਯਹੋਵਾਹ ਦੀ ਭਲਿਆਈ ਸਾਨੂੰ ਸਭ ਤੋਂ ਕਠਿਨ ਹਾਲਾਤਾਂ ਵਿਚ ਵੀ ਵਫ਼ਾਦਾਰੀ ਨਾਲ ਪ੍ਰੇਮ ਦਿਖਾਉਣ ਲਈ ਪ੍ਰੇਰਦੀ ਹੈ। ਇਸ ਤਰ੍ਹਾਂ ਕਰਨਾ ਸਾਡੇ ਲਈ ਕਿੰਨਾ ਚੰਗਾ ਹੈ!—ਕਹਾਉਤਾਂ 19:22.
13. ਯਹੋਵਾਹ “ਸਚਿਆਈ ਨਾਲ ਭਰਪੂਰ” ਹੈ, ਇਸ ਲਈ ਸਾਨੂੰ ਉਸ ਦੀ ਰੀਸ ਕਿਵੇਂ ਕਰਨੀ ਚਾਹੀਦੀ ਹੈ?
13 ਜਦ ਕਿ ਸਾਡਾ ਸਵਰਗੀ ਪਿਤਾ “ਸਚਿਆਈ ਨਾਲ ਭਰਪੂਰ” ਹੈ, ਅਸੀਂ ਵੀ ‘ਸੱਚ ਬੋਲਣ ਦੁਆਰਾ ਪਰਮੇਸ਼ੁਰ ਦੇ ਆਗਿਆਕਾਰ ਸੇਵਾਦਾਰ ਬਣਨ ਦੀ ਕੋਸ਼ਿਸ਼ ਕਰਦੇ ਹਾਂ।’ (2 ਕੁਰਿੰਥੁਸ 6:3-7, ਨਵਾਂ ਅਨੁਵਾਦ) ਸੱਤ ਚੀਜ਼ਾਂ ਨਾਲ ਯਹੋਵਾਹ ਵੈਰ ਰੱਖਦਾ ਹੈ ਜਿਨ੍ਹਾਂ ਵਿਚ “ਝੂਠੀ ਜੀਭ” ਅਤੇ “ਝੂਠਾ ਗਵਾਹ ਜਿਹੜਾ ਝੂਠ ਮਾਰਦਾ ਹੈ” ਸ਼ਾਮਲ ਹਨ। (ਕਹਾਉਤਾਂ 6:16-19) ਇਸ ਲਈ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਇੱਛਾ ਕਾਰਨ ਅਸੀਂ ‘ਝੂਠ ਨੂੰ ਤਿਆਗ ਕੇ ਸੱਚ ਬੋਲਦੇ ਹਾਂ।’ (ਅਫ਼ਸੀਆਂ 4:25) ਸਾਨੂੰ ਹਮੇਸ਼ਾ ਇਸ ਮਹੱਤਵਪੂਰਣ ਤਰੀਕੇ ਵਿਚ ਭਲਿਆਈ ਜ਼ਾਹਰ ਕਰਦੇ ਰਹਿਣਾ ਚਾਹੀਦਾ ਹੈ।
14. ਸਾਨੂੰ ਇਕ-ਦੂਜੇ ਨੂੰ ਮਾਫ਼ ਕਿਉਂ ਕਰਨਾ ਚਾਹੀਦਾ ਹੈ?
14 ਮੂਸਾ ਨੂੰ ਪਰਮੇਸ਼ੁਰ ਦੇ ਐਲਾਨ ਕਰਕੇ ਸਾਨੂੰ ਇਕ-ਦੂਜੇ ਨੂੰ ਮਾਫ਼ ਕਰਨ ਲਈ ਵੀ ਪ੍ਰੇਰਿਤ ਹੋਣਾ ਚਾਹੀਦਾ ਹੈ, ਕਿਉਂਕਿ ਯਹੋਵਾਹ ਸਾਨੂੰ ਮਾਫ਼ ਕਰਨ ਲਈ ਤਿਆਰ ਹੈ। (ਮੱਤੀ 6:14, 15) ਸੱਚ ਹੈ ਕਿ ਯਹੋਵਾਹ ਉਨ੍ਹਾਂ ਪਾਪੀਆਂ ਨੂੰ ਸਜ਼ਾ ਜ਼ਰੂਰ ਦਿੰਦਾ ਹੈ ਜੋ ਪਛਤਾਵਾ ਨਹੀਂ ਕਰਦੇ। ਇਸ ਲਈ ਕਲੀਸਿਯਾ ਨੂੰ ਰੂਹਾਨੀ ਤੌਰ ਤੇ ਸ਼ੁੱਧ ਰੱਖਣ ਲਈ ਸਾਨੂੰ ਭਲਿਆਈ ਦੇ ਪਰਮੇਸ਼ੁਰ ਦੇ ਮਿਆਰਾਂ ਉੱਤੇ ਚੱਲਦੇ ਰਹਿਣਾ ਚਾਹੀਦਾ ਹੈ।—ਲੇਵੀਆਂ 5:1; 1 ਕੁਰਿੰਥੀਆਂ 5:11, 12; 1 ਤਿਮੋਥਿਉਸ 5:22.
“ਚੌਕਸੀ ਨਾਲ ਵੇਖੋ”
15, 16. ਅਫ਼ਸੀਆਂ 5:15-19 ਵਿਚ ਦਰਜ ਪੌਲੁਸ ਦੀ ਸਲਾਹ ਭਲਿਆਈ ਕਰਦੇ ਰਹਿਣ ਵਿਚ ਸਾਡੀ ਮਦਦ ਕਿਵੇਂ ਕਰ ਸਕਦੀ ਹੈ?
15 ਆਪਣੇ ਆਲੇ-ਦੁਆਲੇ ਹੋ ਰਹੀ ਬੁਰਿਆਈ ਦੇ ਬਾਵਜੂਦ, ਸਾਨੂੰ ਭਲਿਆਈ ਕਰਦੇ ਰਹਿਣ ਲਈ ਪਰਮੇਸ਼ੁਰ ਦੀ ਆਤਮਾ ਦੀ ਜ਼ਰੂਰਤ ਹੈ ਅਤੇ ਚੌਕਸੀ ਨਾਲ ਚੱਲਣ ਦੀ ਲੋੜ ਹੈ। ਇਸ ਲਈ ਪੌਲੁਸ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਇਹ ਸਲਾਹ ਦਿੱਤੀ ਸੀ: “ਚੌਕਸੀ ਨਾਲ ਵੇਖੋ ਭਈਂ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ। ਇਸ ਕਾਰਨ ਤੁਸੀਂ ਮੂਰਖ ਨਾ ਹੋਵੋ ਸਗੋਂ ਸਮਝੋ ਭਈ ਪ੍ਰਭੁ ਦੀ ਕੀ ਇੱਛਿਆ ਹੈ। ਅਤੇ ਮੈ ਨਾਲ ਮਸਤ ਨਾ ਹੋਵੋ ਜਿਹ ਦੇ ਵਿੱਚ ਲੁੱਚਪੁਣਾ ਹੁੰਦਾ ਹੈ ਸਗੋਂ ਆਤਮਾ ਨਾਲ ਭਰਪੂਰ ਹੋ ਜਾਓ। ਅਤੇ ਜ਼ਬੂਰ ਅਤੇ ਭਜਨ ਅਤੇ ਆਤਮਕ ਗੀਤ ਗਾ ਕੇ ਇੱਕ ਦੂਏ ਨਾਲ ਗੱਲਾਂ ਕਰੋ ਅਤੇ ਮਨ ਲਾ ਕੇ ਪ੍ਰਭੁ ਲਈ ਗਾਉਂਦੇ ਵਜਾਉਂਦੇ ਰਿਹਾ ਕਰੋ।” (ਅਫ਼ਸੀਆਂ 5:15-19) ਅੰਤ ਦਿਆਂ ਇਨ੍ਹਾਂ ਭੈੜੇ ਦਿਨਾਂ ਵਿਚ ਇਹ ਸਲਾਹ ਸਾਡੇ ਲਈ ਕਿੰਨੀ ਜ਼ਰੂਰੀ ਹੈ।—2 ਤਿਮੋਥਿਉਸ 3:1.
16 ਜੇਕਰ ਅਸੀਂ ਭਲਿਆਈ ਕਰਦੇ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਪਰਮੇਸ਼ੁਰੀ ਬੁੱਧ ਇਸਤੇਮਾਲ ਕਰ ਕੇ ਚੌਕਸੀ ਨਾਲ ਚੱਲਦੇ ਰਹਿਣਾ ਚਾਹੀਦਾ ਹੈ। (ਯਾਕੂਬ 3:17) ਸਾਨੂੰ ਗੰਭੀਰ ਪਾਪ ਕਰਨ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਪਵਿੱਤਰ ਆਤਮਾ ਸਵੀਕਾਰ ਕਰ ਕੇ ਉਸ ਨੂੰ ਆਪਣੇ ਜੀਵਨ ਉੱਤੇ ਅਸਰ ਕਰਨ ਦੇਣਾ ਚਾਹੀਦਾ ਹੈ। (ਗਲਾਤੀਆਂ 5:19-25) ਮਸੀਹੀ ਸਭਾਵਾਂ ਅਤੇ ਵੱਡੇ-ਛੋਟੇ ਸੰਮੇਲਨਾਂ ਤੇ ਦਿੱਤੀ ਗਈ ਰੂਹਾਨੀ ਸਿੱਖਿਆ ਆਪਣੇ ਜੀਵਨ ਵਿਚ ਲਾਗੂ ਕਰ ਕੇ ਅਸੀਂ ਭਲੇ ਕੰਮ ਕਰਦੇ ਰਹਿ ਸਕਦੇ ਹਾਂ। ਅਫ਼ਸੀਆਂ ਨੂੰ ਕਹੇ ਪੌਲੁਸ ਦੇ ਸ਼ਬਦ ਸ਼ਾਇਦ ਸਾਨੂੰ ਇਹ ਵੀ ਯਾਦ ਦਿਲਾਉਣ ਕਿ ਉਪਾਸਨਾ ਦੀਆਂ ਜ਼ਿਆਦਾਤਰ ਸਭਾਵਾਂ ਤੇ ਦਿਲੋਂ ਗਾਏ ‘ਆਤਮਕ ਗੀਤਾਂ’ ਤੋਂ ਅਸੀਂ ਬਹੁਤ ਸਾਰਾ ਲਾਭ ਹਾਸਲ ਕਰਦੇ ਹਾਂ। ਇਨ੍ਹਾਂ ਵਿੱਚੋਂ ਕਈ ਗੀਤ ਰੂਹਾਨੀ ਗੁਣਾਂ ਬਾਰੇ ਹਨ, ਜਿਵੇਂ ਕਿ ਭਲਿਆਈ ਦਾ ਗੁਣ।
17. ਬਹੁਤ ਹੀ ਬੀਮਾਰ ਮਸੀਹੀ, ਜੋ ਆਪਣੇ ਹਾਲਾਤਾਂ ਕਾਰਨ ਨਿਯਮਿਤ ਤੌਰ ਤੇ ਸਭਾਵਾਂ ਤੇ ਹਾਜ਼ਰ ਨਹੀਂ ਹੋ ਸਕਦੇ, ਕਿਸ ਗੱਲ ਦਾ ਯਕੀਨ ਕਰ ਸਕਦੇ ਹਨ?
17 ਸਾਡਿਆਂ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਕੀ ਜੋ ਗੰਭੀਰ ਬੀਮਾਰੀਆਂ ਕਾਰਨ ਮਸੀਹੀ ਸਭਾਵਾਂ ਤੇ ਨਿਯਮਿਤ ਤੌਰ ਤੇ ਹਾਜ਼ਰ ਨਹੀਂ ਹੋ ਸਕਦੇ? ਉਹ ਸ਼ਾਇਦ ਕੁਚਲੇ ਹੋਏ ਮਹਿਸੂਸ ਕਰਨ ਕਿਉਂਕਿ ਉਹ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਲਗਾਤਾਰ ਮਿਲ ਕੇ ਯਹੋਵਾਹ ਦੀ ਉਪਾਸਨਾ ਨਹੀਂ ਕਰ ਸਕਦੇ। ਲੇਕਿਨ ਉਹ ਪੂਰਾ ਯਕੀਨ ਕਰ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਦੇ ਹਾਲਾਤ ਸਮਝਦਾ ਹੈ, ਉਨ੍ਹਾਂ ਨੂੰ ਸੱਚਾਈ ਵਿਚ ਕਾਇਮ ਰੱਖੇਗਾ, ਉਨ੍ਹਾਂ ਨੂੰ ਆਪਣੀ ਪਵਿੱਤਰ ਸ਼ਕਤੀ ਦੇਵੇਗਾ, ਅਤੇ ਭਲੇ ਕੰਮ ਕਰਦੇ ਰਹਿਣ ਵਿਚ ਉਨ੍ਹਾਂ ਦੀ ਮਦਦ ਕਰੇਗਾ।—ਯਸਾਯਾਹ 57:15.
18. ਭਲਿਆਈ ਦੇ ਰਾਹ ਉੱਤੇ ਚੱਲਣ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰੇਗੀ?
18 ਭਲਿਆਈ ਕਰਨ ਵਿਚ ਸਾਨੂੰ ਆਪਣੀ ਸੰਗਤ ਵੱਲ ਧਿਆਨ ਦੇਣ ਅਤੇ ‘ਨੇਕੀ ਦੇ ਵੈਰੀਆਂ’ ਤੋਂ ਦੂਰ ਰਹਿਣ ਦੀ ਲੋੜ ਹੈ। (2 ਤਿਮੋਥਿਉਸ 3:2-5; 1 ਕੁਰਿੰਥੀਆਂ 15:33) ਅਜਿਹੀ ਸਲਾਹ ਲਾਗੂ ਕਰਨ ਨਾਲ ਅਸੀਂ ਗ਼ਲਤ ਕੰਮ ਕਰਨ ਤੋਂ ਬਚਾਂਗੇ ਅਤੇ ਇਸ ਤਰ੍ਹਾਂ ‘ਪਵਿੱਤਰ ਆਤਮਾ ਨੂੰ ਉਦਾਸ’ ਨਹੀਂ ਕਰਾਂਗੇ। (ਅਫ਼ਸੀਆਂ 4:30) ਇਸ ਤੋਂ ਇਲਾਵਾ, ਜੇਕਰ ਅਸੀਂ ਉਨ੍ਹਾਂ ਨਾਲ ਗਹਿਰਾ ਰਿਸ਼ਤਾ ਜੋੜਦੇ ਹਾਂ ਜਿਨ੍ਹਾਂ ਦੇ ਜੀਵਨ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਭਲਿਆਈ ਚਾਹੁੰਦੇ ਹਨ ਅਤੇ ਯਹੋਵਾਹ ਦੀ ਪਵਿੱਤਰ ਸ਼ਕਤੀ ਅਨੁਸਾਰ ਜੀਉਂਦੇ ਹਨ, ਤਾਂ ਭਲਾ ਕਰਨ ਵਿਚ ਸਾਡੀ ਮਦਦ ਹੋਵੇਗੀ।—ਆਮੋਸ 5:15; ਰੋਮੀਆਂ 8:14; ਗਲਾਤੀਆਂ 5:18.
ਭਲਿਆਈ ਦੇ ਚੰਗੇ ਨਤੀਜੇ
19-21. ਕੁਝ ਤਜਰਬੇ ਦੱਸੋ ਜੋ ਭਲਿਆਈ ਦਿਖਾਉਣ ਦੇ ਚੰਗੇ ਨਤੀਜੇ ਦਿਖਾਉਂਦੇ ਹਨ।
19 ਰੂਹਾਨੀ ਚਾਨਣ ਵਿਚ ਚੱਲਣ, ਪਰਮੇਸ਼ੁਰ ਦੀ ਆਤਮਾ ਅਨੁਸਾਰ ਜੀਉਣ, ਅਤੇ ਆਪਣਾ ਚਾਲ-ਚੱਲਣ ਨੇਕ ਰੱਖਣ ਦੁਆਰਾ ਅਸੀਂ ਬੁਰਿਆਈ ਤੋਂ ਦੂਰ ਰਹਿ ਕੇ ‘ਭਲਾ ਕਰਦੇ ਰਹਾਂਗੇ।’ ਨਤੀਜੇ ਵਜੋਂ ਇਸ ਤੋਂ ਚੰਗੇ ਫਲ ਪੈਦਾ ਹੋ ਸਕਦੇ ਹਨ। ਦੱਖਣੀ ਅਫ਼ਰੀਕਾ ਤੋਂ ਜ਼ੁੰਗਿਜ਼ੀਲ ਨਾਂ ਦੇ ਯਹੋਵਾਹ ਦੇ ਗਵਾਹ ਦੇ ਅਨੁਭਵ ਵੱਲ ਧਿਆਨ ਦਿਓ। ਇਕ ਸਵੇਰ ਸਕੂਲ ਨੂੰ ਜਾਂਦੇ ਹੋਏ, ਉਸ ਨੇ ਬੈਂਕ ਨੂੰ ਜਾ ਕੇ ਪਤਾ ਕੀਤਾ ਕਿ ਉਸ ਦੇ ਕਿੰਨੇ ਕੁ ਪੈਸੇ ਜਮ੍ਹਾ ਹੋਏ ਸਨ। ਮਸ਼ੀਨ ਵਿੱਚੋਂ ਨਿਕਲੀ ਰਸੀਦ ਉੱਤੇ ਗ਼ਲਤੀ ਨਾਲ ਲਗਭਗ 2 ਲੱਖ 83 ਹਜ਼ਾਰ ਰੁਪਏ ਜ਼ਿਆਦਾ ਦੱਸੇ ਗਏ ਸਨ। ਬੈਂਕ ਦੇ ਇਕ ਰਾਖੇ ਅਤੇ ਹੋਰਨਾਂ ਨੇ ਉਸ ਨੂੰ ਪੈਸੇ ਕੱਢ ਕੇ ਕਿਸੇ ਹੋਰ ਬੈਂਕ ਵਿਚ ਜਮ੍ਹਾ ਕਰਨ ਦੀ ਸਲਾਹ ਦਿੱਤੀ। ਪਰ ਇਸ ਤਰ੍ਹਾਂ ਨਾ ਕਰਨ ਲਈ ਉਸ ਨੂੰ ਸਿਰਫ਼ ਉਸ ਮਸੀਹੀ ਜੋੜੇ ਤੋਂ ਹੀ ਸ਼ਾਬਾਸ਼ ਮਿਲੀ ਜਿਨ੍ਹਾਂ ਦੇ ਨਾਲ ਉਹ ਰਹਿੰਦਾ ਸੀ।
20 ਦੂਜੇ ਦਿਨ ਜ਼ੁੰਗਿਜ਼ੀਲ ਨੇ ਬੈਂਕ ਨੂੰ ਇਸ ਗ਼ਲਤੀ ਬਾਰੇ ਖ਼ਬਰ ਦਿੱਤੀ। ਜ਼ਾਹਰ ਹੋਇਆ ਕਿ ਉਸ ਦਾ ਅਕਾਊਂਟ ਨੰਬਰ ਇਕ ਅਮੀਰ ਬਿਜ਼ਨਿਸ ਵਾਲੇ ਨਾਲ ਮਿਲਦਾ-ਜੁਲਦਾ ਸੀ, ਜਿਸ ਨੇ ਭੁਲੇਖੇ ਨਾਲ ਪੈਸੇ ਗ਼ਲਤ ਅਕਾਊਂਟ ਵਿਚ ਜਮ੍ਹਾ ਕਰਵਾਏ ਸਨ। ਬੰਦਾ ਹੈਰਾਨ ਹੋਇਆ ਕਿ ਜ਼ੁੰਗਿਜ਼ੀਲ ਨੇ ਇਸ ਰਕਮ ਵਿੱਚੋਂ ਇਕ ਵੀ ਪੈਸਾ ਖ਼ਰਚਿਆ ਨਹੀਂ, ਅਤੇ ਉਸ ਨੂੰ ਪੁੱਛਿਆ: “ਤੂੰ ਕਿਸ ਧਰਮ ਦਾ ਹੈ?” ਜ਼ੁੰਗਿਜ਼ੀਲ ਨੇ ਉਸ ਨੂੰ ਦੱਸਿਆ ਕਿ ਉਹ ਯਹੋਵਾਹ ਦਾ ਗਵਾਹ ਸੀ। ਉਸ ਨੂੰ ਬੈਂਕ ਦੇ ਅਫ਼ਸਰਾਂ ਤੋਂ ਸ਼ਾਬਾਸ਼ ਮਿਲੀ, ਜਿਨ੍ਹਾਂ ਨੇ ਉਸ ਨੂੰ ਕਿਹਾ: “ਅਸੀਂ ਚਾਹੁੰਦੇ ਹਾਂ ਕਿ ਸਾਰੇ ਜਣੇ ਯਹੋਵਾਹ ਦੇ ਗਵਾਹਾਂ ਵਾਂਗ ਈਮਾਨਦਾਰ ਹੋਣ।” ਜੀ ਹਾਂ, ਸਾਡੀ ਈਮਾਨਦਾਰੀ ਅਤੇ ਭਲਿਆਈ ਕਾਰਨ ਦੂਸਰੇ ਲੋਕ ਵੀ ਯਹੋਵਾਹ ਦੀ ਵਡਿਆਈ ਕਰਨ ਲਈ ਪ੍ਰੇਰਿਤ ਹੋ ਸਕਦੇ ਹਨ।—ਇਬਰਾਨੀਆਂ 13:18.
21 ਚੰਗੇ ਨਤੀਜੇ ਪਾਉਣ ਲਈ ਅਸੀਂ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਭਲਿਆਈ ਜ਼ਾਹਰ ਕਰ ਸਕਦੇ ਹਾਂ। ਮਿਸਾਲ ਲਈ: ਸਮੋਆ ਦੇ ਇਕ ਟਾਪੂ ਤੇ ਰਹਿਣ ਵਾਲੇ ਇਕ ਜਵਾਨ ਪਾਇਨੀਅਰ ਭਰਾ ਨੂੰ ਹਸਪਤਾਲ ਜਾਣਾ ਪਿਆ। ਲੋਕ ਡਾਕਟਰ ਨੂੰ ਮਿਲਣ ਲਈ ਇੰਤਜ਼ਾਰ ਕਰ ਰਹੇ ਸਨ, ਅਤੇ ਇਸ ਭਰਾ ਨੇ ਦੇਖਿਆ ਕੇ ਉਸ ਦੇ ਨਾਲ ਬੈਠੀ ਇਕ ਸਿਆਣੀ ਔਰਤ ਬਹੁਤ ਹੀ ਬੀਮਾਰ ਸੀ। ਜਦ ਡਾਕਟਰ ਨੂੰ ਮਿਲਣ ਦਾ ਸਮਾਂ ਆਇਆ, ਇਸ ਭਰਾ ਨੇ ਆਪਣੀ ਵਾਰੀ ਉਸ ਔਰਤ ਨੂੰ ਦੇ ਦਿੱਤੀ ਤਾਂਕਿ ਉਸ ਨੂੰ ਜਲਦੀ ਡਾਕਟਰੀ ਮਦਦ ਮਿਲ ਸਕੇ। ਫਿਰ ਇਕ ਹੋਰ ਮੌਕੇ ਤੇ, ਉਹ ਸਿਆਣੀ ਔਰਤ ਭਰਾ ਨੂੰ ਬਾਜ਼ਾਰ ਵਿਚ ਮਿਲੀ। ਉਹ ਭਰਾ ਨੂੰ ਅਤੇ ਹਸਪਤਾਲ ਵਿਚ ਉਸ ਦੀ ਭਲਿਆਈ ਨੂੰ ਨਹੀਂ ਭੁੱਲੀ। ਉਸ ਨੇ ਕਿਹਾ: “ਹੁਣ ਮੈਨੂੰ ਪਤਾ ਲੱਗਾ ਹੈ ਕਿ ਯਹੋਵਾਹ ਦੇ ਗਵਾਹ ਸੱਚ-ਮੁੱਚ ਆਪਣੇ ਗੁਆਂਢੀਆਂ ਨਾਲ ਪਿਆਰ ਕਰਦੇ ਹਨ।” ਪਹਿਲਾਂ ਉਹ ਰਾਜ ਦਾ ਸੰਦੇਸ਼ ਸੁਣਨ ਲਈ ਤਿਆਰ ਨਹੀਂ ਸੀ, ਪਰ ਉਸ ਭਰਾ ਦੀ ਭਲਿਆਈ ਦਾ ਚੰਗਾ ਨਤੀਜਾ ਨਿਕਲਿਆ। ਉਸ ਔਰਤ ਨੇ ਬਾਈਬਲ ਸਟੱਡੀ ਸਵੀਕਾਰ ਕੀਤੀ ਅਤੇ ਉਹ ਪਰਮੇਸ਼ੁਰ ਦੇ ਬਚਨ ਦਾ ਗਿਆਨ ਪ੍ਰਾਪਤ ਕਰਨ ਲੱਗੀ।
22. ‘ਭਲਾ ਕਰਦੇ ਰਹਿਣ’ ਦਾ ਸਭ ਤੋਂ ਅਹਿਮ ਤਰੀਕਾ ਕੀ ਹੈ?
22 ਸੰਭਵ ਹੈ ਕਿ ਤੁਸੀਂ ਵੀ ਕਈ ਤਜਰਬੇ ਦੱਸ ਸਕਦੇ ਹੋ ਜੋ ਭਲਿਆਈ ਕਰਨ ਦੀ ਜ਼ਰੂਰਤ ਬਿਆਨ ਕਰਦੇ ਹਨ। ‘ਭਲਾ ਕਰਦੇ ਰਹਿਣ’ ਦਾ ਸਭ ਤੋਂ ਅਹਿਮ ਤਰੀਕਾ ਪਰਮੇਸ਼ੁਰ ਦੇ ਰਾਜ ਬਾਰੇ ਖ਼ੁਸ਼-ਖ਼ਬਰੀ ਦਾ ਪ੍ਰਚਾਰ ਲਗਾਤਾਰ ਕਰਨਾ ਹੈ। (ਮੱਤੀ 24:14) ਆਓ ਆਪਾਂ ਜੋਸ਼ ਨਾਲ ਇਸ ਅਹਿਮ ਕੰਮ ਵਿਚ ਹਿੱਸਾ ਲੈਂਦੇ ਰਹੀਏ, ਇਹ ਜਾਣਦੇ ਹੋਏ ਕਿ ਇਹ ਭਲਿਆਈ ਜ਼ਾਹਰ ਕਰਨ ਦਾ ਇਕ ਤਰੀਕਾ ਹੈ, ਖ਼ਾਸ ਕਰਕੇ ਉਨ੍ਹਾਂ ਨੂੰ ਜੋ ਸਾਡਾ ਸੰਦੇਸ਼ ਸੁਣਨ ਲਈ ਤਿਆਰ ਹਨ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਾਡੀ ਸੇਵਕਾਈ ਅਤੇ ਨੇਕ ਚਾਲ-ਚੱਲਣ ਦੁਆਰਾ ਯਹੋਵਾਹ ਦੀ ਵਡਿਆਈ ਕੀਤੀ ਜਾਂਦੀ ਹੈ, ਜੋ ਭਲਿਆਈ ਦਾ ਸੋਮਾ ਹੈ।—ਮੱਤੀ 19:16, 17.
‘ਭਲਾ ਕਰਦੇ ਰਹੋ’
23. ਮਸੀਹੀ ਸੇਵਕਾਈ ਇਕ ਭਲਾ ਕੰਮ ਕਿਉਂ ਹੈ?
23 ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡੀ ਸੇਵਕਾਈ ਇਕ ਭਲਾ ਕੰਮ ਹੈ। ਇਸ ਕੰਮ ਦੇ ਨਤੀਜੇ ਵਜੋਂ ਸਾਨੂੰ ਅਤੇ ਬਾਈਬਲ ਦੇ ਸੰਦੇਸ਼ ਨੂੰ ਸੁਣ ਕੇ ਸਦਾ ਦੇ ਜੀਵਨ ਦੇ ਰਾਹ ਉੱਤੇ ਚੱਲਣ ਵਾਲਿਆਂ ਨੂੰ ਵੀ ਮੁਕਤੀ ਮਿਲ ਸਕਦੀ ਹੈ। (ਮੱਤੀ 7:13, 14; 1 ਤਿਮੋਥਿਉਸ 4:16) ਜਦੋਂ ਸਾਨੂੰ ਕੁਝ ਫ਼ੈਸਲੇ ਕਰਨੇ ਪੈਂਦੇ ਹਨ, ਤਾਂ ਭਲਾ ਕਰਨ ਦੀ ਇੱਛਾ ਕਾਰਨ ਅਸੀਂ ਸ਼ਾਇਦ ਆਪਣੇ ਆਪ ਤੋਂ ਇਹ ਪੁੱਛੀਏ: ‘ਇਸ ਫ਼ੈਸਲੇ ਦਾ ਮੇਰੇ ਰਾਜ-ਪ੍ਰਚਾਰ ਦੇ ਕੰਮ ਉੱਤੇ ਕੀ ਅਸਰ ਪਵੇਗਾ? ਜਿਹੜਾ ਕਦਮ ਚੁੱਕਣ ਬਾਰੇ ਮੈਂ ਸੋਚ ਰਿਹਾ ਹਾਂ, ਕੀ ਉਹ ਸੱਚ-ਮੁੱਚ ਚੰਗਾ ਹੈ? ਕੀ ਇਸ ਕਦਮ ਦੁਆਰਾ ਮੈਂ ਦੂਸਰਿਆਂ ਦੀ “ਸਦੀਪਕਾਲ ਦੀ ਇੰਜੀਲ” ਸਵੀਕਾਰ ਕਰਨ ਅਤੇ ਯਹੋਵਾਹ ਪਰਮੇਸ਼ੁਰ ਨਾਲ ਇਕ ਨਜ਼ਦੀਕੀ ਰਿਸ਼ਤਾ ਕਾਇਮ ਕਰਨ ਵਿਚ ਮਦਦ ਕਰ ਸਕਾਂਗਾ?’ (ਪਰਕਾਸ਼ ਦੀ ਪੋਥੀ 14:6) ਜੋ ਫ਼ੈਸਲਾ ਰਾਜ ਦਿਆਂ ਕੰਮਾਂ ਵਿਚ ਜ਼ਿਆਦਾ ਹਿੱਸਾ ਲੈਣ ਲਈ ਕੀਤਾ ਗਿਆ ਹੋਵੇ, ਉਸ ਤੋਂ ਸਾਨੂੰ ਬਹੁਤ ਹੀ ਖ਼ੁਸ਼ੀ ਮਿਲੇਗੀ।—ਮੱਤੀ 6:33; ਰਸੂਲਾਂ ਦੇ ਕਰਤੱਬ 20:35.
24, 25. ਕਲੀਸਿਯਾ ਵਿਚ ਅਸੀਂ ਭਲੇ ਕੰਮ ਕਿਵੇਂ ਕਰ ਸਕਦੇ ਹਾਂ, ਅਤੇ ਅਸੀਂ ਕਿਸ ਚੀਜ਼ ਦੀ ਉਮੀਦ ਰੱਖ ਸਕਦੇ ਹਾਂ ਜੇਕਰ ਅਸੀਂ ਭਲਿਆਈ ਕਰਦੇ ਰਹੀਏ?
24 ਆਓ ਆਪਾਂ ਭਲਿਆਈ ਦੇ ਚੰਗੇ ਅਸਰ ਨੂੰ ਕਦੇ ਮਾਮੂਲੀ ਨਾ ਸਮਝੀਏ। ਮਸੀਹੀ ਕਲੀਸਿਯਾ ਨੂੰ ਸਹਾਰਾ ਦੇ ਕੇ ਅਤੇ ਉਸ ਦਿਆਂ ਕੰਮਾਂ ਨੂੰ ਅੱਗੇ ਵਧਾ ਕੇ ਅਸੀਂ ਭਲਿਆਈ ਜ਼ਾਹਰ ਕਰਦੇ ਰਹਿ ਸਕਦੇ ਹਾਂ। ਯਕੀਨਨ ਅਸੀਂ ਨਿਯਮਿਤ ਤੌਰ ਤੇ ਸਭਾਵਾਂ ਤੇ ਹਾਜ਼ਰ ਹੋ ਕੇ ਅਤੇ ਉਨ੍ਹਾਂ ਵਿਚ ਹਿੱਸਾ ਲੈ ਕੇ ਭਲਾ ਕਰਦੇ ਹਾਂ। ਸਾਨੂੰ ਸਭਾਵਾਂ ਤੇ ਦੇਖ ਕੇ ਹੀ ਸਾਡਿਆਂ ਭੈਣਾਂ-ਭਰਾਵਾਂ ਦਾ ਹੌਸਲਾ ਵਧਦਾ ਹੈ, ਅਤੇ ਸਾਡੀਆਂ ਚੰਗੀਆਂ ਟਿੱਪਣੀਆਂ ਦੁਆਰਾ ਰੂਹਾਨੀ ਤੌਰ ਤੇ ਉਹ ਮਜ਼ਬੂਤ ਹੁੰਦੇ ਹਨ। ਅਸੀਂ ਉਦੋਂ ਵੀ ਭਲਾ ਕਰਦੇ ਹਾਂ ਜਦੋਂ ਅਸੀਂ ਕਿੰਗਡਮ ਹਾਲ ਦੀ ਦੇਖ-ਭਾਲ ਲਈ ਆਪਣੇ ਪੈਸੇ ਲਾਉਂਦੇ ਹਾਂ ਅਤੇ ਉੱਥੇ ਦੇ ਕੰਮ ਵਿਚ ਹੱਥ ਵਟਾਉਂਦੇ ਹਾਂ। (2 ਰਾਜਿਆਂ 22:3-7; 2 ਕੁਰਿੰਥੀਆਂ 9:6, 7) ਤਾਂ ਫਿਰ “ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।”—ਗਲਾਤੀਆਂ 6:10.
25 ਅਸੀਂ ਹਰ ਮੌਕੇ ਨੂੰ ਪਹਿਲਾਂ ਹੀ ਨਹੀਂ ਜਾਣ ਸਕਦੇ ਜਿੱਥੇ ਸਾਨੂੰ ਭਲਿਆਈ ਕਰਨ ਦੀ ਲੋੜ ਪਵੇਗੀ। ਇਸ ਲਈ ਜਿਵੇਂ ਅਸੀਂ ਨਵੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਾਂ, ਆਓ ਆਪਾਂ ਬਾਈਬਲ ਤੋਂ ਚਾਨਣ, ਯਾਨੀ ਗਿਆਨ ਹਾਸਲ ਕਰੀਏ, ਯਹੋਵਾਹ ਦੀ ਪਵਿੱਤਰ ਆਤਮਾ ਲਈ ਪ੍ਰਾਰਥਨਾ ਕਰੀਏ, ਅਤੇ ਉਸ ਦੀ ਚੰਗੀ ਅਤੇ ਪੂਰੀ ਇੱਛਿਆ ਕਰਨ ਵਿਚ ਦਿਲੋਂ ਕੋਸ਼ਿਸ਼ ਕਰੀਏ। (ਰੋਮੀਆਂ 2:9, 10; 12:2) ਜਿਉਂ-ਜਿਉਂ ਅਸੀਂ ਭਲਿਆਈ ਕਰਦੇ ਰਹਾਂਗੇ ਅਸੀਂ ਪੂਰਾ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਸਾਨੂੰ ਰੱਜ ਕੇ ਬਰਕਤਾਂ ਦੇਵੇਗਾ।
ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?
• ਅਸੀਂ ਸਭ ਤੋਂ ਭਲਾ ਕੰਮ ਕਿਵੇਂ ਕਰ ਸਕਦੇ ਹਾਂ?
• ਭਲਿਆਈ ਨੂੰ ‘ਚਾਨਣ ਦਾ ਇਕ ਫਲ’ ਕਿਉਂ ਸੱਦਿਆ ਗਿਆ ਹੈ?
• ਭਲਿਆਈ ਨੂੰ ‘ਆਤਮਾ ਦਾ ਇਕ ਫਲ’ ਕਿਉਂ ਸੱਦਿਆ ਗਿਆ ਹੈ?
• ਸਾਡੇ ਨੇਕ ਚਾਲ-ਚੱਲਣ ਦਾ ਕੀ ਅਸਰ ਹੁੰਦਾ ਹੈ?
[ਸਫ਼ੇ 17 ਉੱਤੇ ਤਸਵੀਰ]
ਪਰਮੇਸ਼ੁਰ ਦਾ ਬਚਨ ਅਤੇ ਉਸ ਦੀ ਪਵਿੱਤਰ ਆਤਮਾ ਭਲਿਆਈ ਕਰਨ ਵਿਚ ਸਾਡੀ ਮਦਦ ਕਰਦੇ ਹਨ
[ਸਫ਼ੇ 18 ਉੱਤੇ ਤਸਵੀਰਾਂ]
ਭਲਿਆਈ ਕਰਨ ਦੇ ਵਧੀਆ ਨਤੀਜੇ ਨਿਕਲਦੇ ਹਨ