“ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ”
ਪ੍ਰੇਮ ਅਤੇ ਸ਼ੁਭ ਕਰਮਾਂ ਲਈ ਉਭਾਰਨ ਵਾਲੀਆਂ ਸਭਾਵਾਂ
ਟੋਰੌਂਟੋ ਤੋਂ ਟੋਕੀਓ ਤਕ, ਮਾਸਕੋ ਤੋਂ ਮਾਂਟੇਵਿਡੀਓ ਤਕ, ਲੱਖਾਂ ਹੀ ਯਹੋਵਾਹ ਦੇ ਗਵਾਹ ਨਾਲੇ ਉਨ੍ਹਾਂ ਦੇ ਮਿੱਤਰ ਆਪਣੀਆਂ ਸਭਾਵਾਂ ਤੇ ਹਫ਼ਤੇ ਵਿਚ ਕਈ ਵਾਰ ਜਾਂਦੇ ਹਨ। ਉੱਥੇ ਤਰ੍ਹਾਂ-ਤਰ੍ਹਾਂ ਦੇ ਲੋਕ ਆਉਂਦੇ ਹਨ ਜਿਵੇਂ ਕਿ ਉਹ ਆਦਮੀ ਜਿਨ੍ਹਾਂ ਨੇ ਸਾਰੀ ਦਿਹਾੜੀ ਨੌਕਰੀ ਤੇ ਲਗਾਈ ਹੁੰਦੀ ਹੈ, ਬੱਚਿਆਂ ਸਮੇਤ ਮਾਵਾਂ, ਨੌਜਵਾਨ ਜਿਨ੍ਹਾਂ ਨੇ ਸਾਰਾ ਦਿਨ ਸਕੂਲ ਵਿਚ ਗੁਜ਼ਾਰਿਆ ਹੁੰਦਾ ਹੈ, ਕਮਜ਼ੋਰ ਸਿਹਤ ਵਾਲੇ ਸਿਆਣੇ ਜੋ ਹੁਣ ਦੁੱਖ-ਦਰਦ ਕਾਰਨ ਹੌਲੀ-ਹੌਲੀ ਤੁਰਦੇ ਹਨ, ਜਿਗਰੇ ਵਾਲੀਆਂ ਵਿਧਵਾਵਾਂ ਤੇ ਅਨਾਥ, ਅਤੇ ਦੂਸਰੇ ਲੋਕ ਜਿਨ੍ਹਾਂ ਨੂੰ ਹੌਸਲੇ ਦੀ ਲੋੜ ਹੁੰਦੀ ਹੈ।
ਯਹੋਵਾਹ ਦੇ ਇਹ ਗਵਾਹ ਅਨੇਕ ਤਰੀਕਿਆਂ ਨਾਲ ਆਪਣੀਆਂ ਸਭਾਵਾਂ ਤੇ ਪਹੁੰਚਦੇ ਹਨ। ਉਹ ਸਭ ਤੋਂ ਵਧੀਆ ਤੇ ਤੇਜ਼ ਰੇਲ-ਗੱਡੀਆਂ ਤੋਂ ਲੈ ਕੇ ਗਧਿਆਂ ਤੇ, ਜਾਂ ਜ਼ਮੀਨ ਹੇਠ ਚੱਲਣ ਵਾਲੀਆਂ ਟ੍ਰੇਨਾਂ ਤੋਂ ਲੈ ਕੇ ਟਰੱਕਾਂ ਤੇ ਚੜ੍ਹ ਕੇ ਸਭਾਵਾਂ ਨੂੰ ਜਾਂਦੇ ਹਨ। ਕਈਆਂ ਨੂੰ ਮਗਰਮੱਛਾਂ ਵਾਲੇ ਦਰਿਆ ਪਾਰ ਕਰਨੇ ਪੈਂਦੇ ਹਨ, ਅਤੇ ਦੂਜਿਆਂ ਨੂੰ ਵੱਡੇ-ਵੱਡੇ ਸ਼ਹਿਰਾਂ ਵਿਚ ਬੇਹੱਦ ਟ੍ਰੈਫਿਕ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਸ ਕਰਕੇ ਉਹ ਕਾਫ਼ੀ ਪਰੇਸ਼ਾਨ ਹੁੰਦੇ ਹਨ। ਇਹ ਲੋਕ ਉੱਥੇ ਸਭਾਵਾਂ ਤੇ ਪਹੁੰਚਣ ਲਈ ਇੰਨੀ ਤਕਲੀਫ਼ ਕਿਉਂ ਕਰਦੇ ਹਨ?
ਇਸ ਦਾ ਮੁਖ ਕਾਰਨ ਇਹ ਹੈ ਕਿ ਮਸੀਹੀ ਸਭਾਵਾਂ ਤੇ ਹਾਜ਼ਰ ਹੋਣਾ ਅਤੇ ਉਨ੍ਹਾਂ ਵਿਚ ਹਿੱਸਾ ਲੈਣਾ ਯਹੋਵਾਹ ਪਰਮੇਸ਼ੁਰ ਦੀ ਉਪਾਸਨਾ ਕਰਨ ਦਾ ਇਕ ਵੱਡਾ ਹਿੱਸਾ ਹੈ। (ਇਬਰਾਨੀਆਂ 13:15) ਪੌਲੁਸ ਰਸੂਲ ਨੇ ਇਕ ਹੋਰ ਕਾਰਨ ਦੱਸਿਆ ਜਦੋਂ ਉਸ ਨੇ ਲਿਖਿਆ ਕਿ “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ . . . ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।” (ਟੇਢੇ ਟਾਈਪ ਸਾਡੇ।) (ਇਬਰਾਨੀਆਂ 10:23-25) ਪੌਲੁਸ ਦੀਆਂ ਭਾਵਨਾਵਾਂ ਜ਼ਬੂਰਾਂ ਦੇ ਲਿਖਾਰੀ ਦਾਊਦ ਦੀਆਂ ਭਾਵਨਾਵਾਂ ਨਾਲ ਕਿੰਨੀਆਂ ਮਿਲਦੀਆਂ-ਜੁਲਦੀਆਂ ਹਨ ਜਿਸ ਨੇ ਇਕ ਗੀਤ ਵਿਚ ਕਿਹਾ ਕਿ “ਮੈਂ ਖੁਸ਼ ਹੋਇਆ ਜਦ ਓਹ ਮੈਨੂੰ ਆਖਣ ਲੱਗੇ, ਭਈ ਯਹੋਵਾਹ ਦੇ ਘਰ ਨੂੰ ਚੱਲੀਏ!”—ਜ਼ਬੂਰ 122:1.
ਸਭਾਵਾਂ ਵਿਚ ਹਾਜ਼ਰ ਹੋ ਕੇ ਮਸੀਹੀ ਖ਼ੁਸ਼ ਕਿਉਂ ਹੁੰਦੇ ਹਨ? ਕਿਉਂਕਿ ਉਹ ਸਿਰਫ਼ ਦੇਖਣ ਜਾਂ ਸੁਣਨ ਲਈ ਹੀ ਨਹੀਂ ਉੱਥੇ ਜਾਂਦੇ ਪਰ ਸਭਾਵਾਂ ਤੇ ਉਨ੍ਹਾਂ ਨੂੰ ਇਕ ਦੂਜੇ ਨਾਲ ਮਿਲਣ-ਜੁਲਣ ਦਾ ਮੌਕਾ ਮਿਲਦਾ ਹੈ। ਉੱਥੇ ਉਨ੍ਹਾਂ ਨੂੰ ਸਿਰਫ਼ ਹੌਸਲਾ ਹੀ ਨਹੀਂ ਮਿਲਦਾ ਪਰ ਹੌਸਲਾ ਦੇਣ ਦੇ ਮੌਕੇ ਵੀ ਮਿਲਦੇ ਹਨ। ਉੱਥੇ ਉਹ ਇਕ ਦੂਜੇ ਨੂੰ ਪਿਆਰ ਦਿਖਾ ਸਕਦੇ ਹਨ ਅਤੇ ਚੰਗੇ ਕੰਮ ਕਰਨ ਲਈ ਹੱਲਾ-ਸ਼ੇਰੀ ਦੇ ਸਕਦੇ ਹਨ। ਇਸ ਦੇ ਨਾਲ ਸਭਾਵਾਂ ਜੀਅ ਖ਼ੁਸ਼ ਕਰਦੀਆਂ ਹਨ। ਇਸ ਦੇ ਇਲਾਵਾ, ਮਸੀਹੀ ਸਭਾਵਾਂ ਇਕ ਤਰੀਕਾ ਹੈ ਜਿਸ ਦੁਆਰਾ ਯਿਸੂ ਆਪਣਾ ਵਾਅਦਾ ਪੂਰਾ ਕਰਦਾ ਹੈ ਕਿ “ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।”—ਮੱਤੀ 11:28.
ਆਸਰੇ ਦੀ ਥਾਂ
ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਉਨ੍ਹਾਂ ਦੀਆਂ ਸਭਾਵਾਂ ਤੋਂ ਉਨ੍ਹਾਂ ਨੂੰ ਤਾਜ਼ਗੀ ਮਿਲਦੀ ਹੈ। ਇਸ ਦੀ ਇਕ ਵਜ੍ਹਾ ਇਹ ਹੈ ਕਿ ਉੱਥੇ ਉਨ੍ਹਾਂ ਨੂੰ ਵੇਲੇ ਸਿਰ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਰਸਤ, ਅਰਥਾਤ ਰੂਹਾਨੀ ਭੋਜਨ ਮਿਲਦਾ ਹੈ। (ਮੱਤੀ 24:45) ਉੱਥੇ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰਨ ਦੇ ਚੰਗੇ ਢੰਗ ਵੀ ਸਿਖਾਏ ਜਾਂਦੇ ਹਨ ਤਾਂਕਿ ਉਹ ਜੋਸ਼ ਨਾਲ ਦੂਜਿਆਂ ਨੂੰ ਬਾਈਬਲ ਤੋਂ ਗੱਲਾਂ ਸਿਖਾ ਸਕਣ। ਇਸ ਤੋਂ ਇਲਾਵਾ ਕਿੰਗਡਮ ਹਾਲ ਤੇ ਤੁਹਾਨੂੰ ਪਿਆਰ ਕਰਨ ਵਾਲੇ ਦੋਸਤ ਮਿਲ ਸਕਦੇ ਹਨ ਜੋ ਦੁੱਖ ਦੇ ਵੇਲੇ ਦੂਜਿਆਂ ਨੂੰ ਆਸਰਾ ਅਤੇ ਮਦਦ ਦੇਣ ਲਈ ਤਿਆਰ ਹਨ।—2 ਕੁਰਿੰਥੀਆਂ 7:5-7.
ਫਿਲਿਸ ਨਾਂ ਦੀ ਇਕ ਵਿਧਵਾ ਦਾ ਇਹੀ ਤਜਰਬਾ ਸੀ। ਉਸ ਦੇ ਬੱਚੇ ਉਦੋਂ ਪੰਜ ਅਤੇ ਅੱਠ ਸਾਲਾਂ ਦੇ ਸੀ ਜਦੋਂ ਉਸ ਦੇ ਪਤੀ ਦੀ ਮੌਤ ਹੋਈ। ਉਸ ਨੇ ਦੱਸਿਆ ਕਿ ਮਸੀਹੀ ਸਭਾਵਾਂ ਤੋਂ ਉਸ ਦੇ ਨਿਆਣਿਆਂ ਨੂੰ ਅਤੇ ਉਸ ਨੂੰ ਕਿੰਨੀ ਤਾਜ਼ਗੀ ਮਿਲੀ: “ਕਿੰਗਡਮ ਹਾਲ ਤੇ ਜਾਣ ਨਾਲ ਸਾਨੂੰ ਬਹੁਤ ਆਸਰਾ ਮਿਲਿਆ। ਉੱਥੇ ਸਾਡੇ ਨਾਲ ਰੱਬ ਦੀ ਭਗਤੀ ਕਰਨ ਵਾਲੇ ਲੋਕ ਸਨ ਜਿਨ੍ਹਾਂ ਨੇ ਸਾਨੂੰ ਹਮੇਸ਼ਾ ਪਿਆਰ ਦਿਖਾਇਆ। ਉਹ ਕਦੇ-ਕਦੇ ਸਾਨੂੰ ਜੱਫੀ ਪਾ ਕੇ ਮਿਲਦੇ ਸਨ, ਕਦੇ-ਕਦੇ ਆਪਣੇ ਹੱਥਾਂ ਵਿਚ ਸਾਡੇ ਹੱਥ ਲੈ ਕੇ ਹੌਸਲਾ ਦਿੰਦੇ ਸਨ, ਜਾਂ ਬਾਈਬਲ ਤੋਂ ਕੋਈ ਗੱਲ ਯਾਦ ਦਿਲਾਉਂਦੇ ਸਨ। ਮੈਂ ਹਮੇਸ਼ਾ ਉੱਥੇ ਜਾਣਾ ਚਾਹੁੰਦੀ ਹਾਂ।”—1 ਥੱਸਲੁਨੀਕੀਆਂ 5:14.
ਇਕ ਵੱਡੇ ਓਪਰੇਸ਼ਨ ਤੋਂ ਬਾਅਦ ਮੱਰੀ ਦੇ ਡਾਕਟਰ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਠੀਕ ਹੋਣ ਲਈ ਘੱਟੋ-ਘੱਟ ਛੇ ਹਫ਼ਤੇ ਲਗਣੇ ਸੀ। ਪਹਿਲੇ ਕੁਝ ਹਫ਼ਤਿਆਂ ਦੌਰਾਨ ਮੱਰੀ ਸਭਾਵਾਂ ਤੇ ਨਹੀਂ ਜਾ ਸਕੀ। ਉਸ ਦੇ ਡਾਕਟਰ ਨੇ ਨੋਟ ਕੀਤਾ ਕਿ ਉਹ ਪਹਿਲਾਂ ਵਾਂਗ ਇੰਨੀ ਖ਼ੁਸ਼ ਨਹੀਂ ਲੱਗਦੀ ਸੀ। ਜਦੋਂ ਉਸ ਨੂੰ ਪਤਾ ਚੱਲਿਆ ਕਿ ਉਹ ਸਭਾਵਾਂ ਤੇ ਨਹੀਂ ਜਾ ਰਹੀ ਸੀ, ਤਾਂ ਉਸ ਨੇ ਉਹ ਨੂੰ ਜਾਣ ਲਈ ਹੌਸਲਾ ਦਿੱਤਾ। ਮੱਰੀ ਨੇ ਸਮਝਾਇਆ ਕਿ ਉਸ ਦਾ ਪਤੀ ਯਹੋਵਾਹ ਦਾ ਗਵਾਹ ਨਹੀਂ ਸੀ ਅਤੇ ਉਸ ਦੀ ਸਿਹਤ ਬਾਰੇ ਬਹੁਤ ਫ਼ਿਕਰ ਕਰਦਾ ਸੀ ਇਸ ਕਰਕੇ ਉਹ ਮੱਰੀ ਨੂੰ ਸਭਾਵਾਂ ਤੇ ਨਹੀਂ ਜਾਣ ਦਿੰਦਾ ਸੀ। ਇਹ ਸੁਣ ਕੇ ਡਾਕਟਰ ਨੇ ਇਕ ਸਰਕਾਰੀ ਪਰਚੀ ਲਿਖ ਦਿੱਤੀ ਜਿਸ ਨੇ ਮੱਰੀ ਨੂੰ ਕਿੰਗਡਮ ਹਾਲ ਤੇ ਜਾਣ ਦਾ “ਹੁਕਮ” ਦਿੱਤਾ ਤਾਂਕਿ ਉਸ ਨੂੰ ਹੌਸਲਾ ਮਿਲ ਸਕੇ ਅਤੇ ਉਹ ਚੰਗਿਆਂ ਲੋਕਾਂ ਨਾਲ ਸੰਗਤ ਕਰ ਸਕੇ। ਮੱਰੀ ਨੇ ਦੱਸਿਆ ਕਿ “ਇਕ ਸਭਾ ਤੇ ਹੀ ਜਾਣ ਤੋਂ ਬਾਅਦ ਮੈਂ ਕਾਫ਼ੀ ਠੀਕ ਮਹਿਸੂਸ ਕਰਨ ਲੱਗ ਪਈ। ਮੈਂ ਚੰਗੀ ਤਰ੍ਹਾਂ ਖਾਣ ਲੱਗ ਪਈ, ਮੈਨੂੰ ਚੰਗੀ ਨੀਂਦ ਆਉਣ ਲੱਗ ਪਈ, ਮੈਨੂੰ ਦਰਦ ਦੀਆਂ ਗੋਲੀਆਂ ਦੀ ਇੰਨੀ ਜ਼ਰੂਰਤ ਨਹੀਂ ਰਹੀ, ਅਤੇ ਮੈਂ ਮੁੜ ਕੇ ਮੁਸਕਰਾਉਣ ਲੱਗ ਪਈ!”—ਕਹਾਉਤਾਂ 16:24.
ਬਾਹਰਲੇ ਲੋਕ ਵੀ ਇਹ ਦੇਖ ਸਕਦੇ ਹਨ ਕਿ ਮਸੀਹੀ ਸਭਾਵਾਂ ਤੇ ਕਿੰਨਾ ਪਿਆਰ ਵਾਲਾ ਮਾਹੌਲ ਹੁੰਦਾ ਹੈ। ਕਾਲਜ ਦੀ ਇਕ ਲੜਕੀ ਨੇ ਆਪਣੀ ਨਸਲ-ਵਿਗਿਆਨ ਦੀ ਕਲਾਸ ਲਈ ਇਕ ਲੇਖ ਲਿਖਣਾ ਸੀ। ਉਸ ਨੇ ਸਲਾਹ ਬਣਾਈ ਕਿ ਉਹ ਯਹੋਵਾਹ ਦੇ ਗਵਾਹਾਂ ਦੀ ਜਾਂਚ ਕਰ ਕੇ ਉਨ੍ਹਾਂ ਬਾਰੇ ਹੀ ਲਿਖੇਗੀ। ਸਭਾਵਾਂ ਤੇ ਮਾਹੌਲ ਬਾਰੇ ਉਸ ਨੇ ਆਪਣੇ ਲੇਖ ਵਿਚ ਲਿਖਿਆ ਕਿ ‘ਯਹੋਵਾਹ ਦੇ ਗਵਾਹਾਂ ਨੇ ਮੇਰਾ ਨਿੱਘਾ ਸੁਆਗਤ ਕੀਤਾ। ਇਸ ਤੋਂ ਮੈਂ ਬੜੀ ਹੈਰਾਨ ਹੋਈ। ਮੈਂ ਉਨ੍ਹਾਂ ਦੇ ਆਪਸ ਵਿਚ ਕਾਫ਼ੀ ਮਿੱਤਰਤਾ ਦੇਖੀ ਅਤੇ ਮੇਰੇ ਖ਼ਿਆਲ ਵਿਚ ਇਹੀ ਗੁਣ ਉਨ੍ਹਾਂ ਨੂੰ ਸਫ਼ਲ ਬਣਾਉਂਦਾ ਹੈ।’—1 ਕੁਰਿੰਥੀਆਂ 14:25.
ਇਸ ਦੁਖੀ ਸੰਸਾਰ ਵਿਚ ਮਸੀਹੀ ਕਲੀਸਿਯਾ ਵਿਚ ਹੀ ਰੂਹਾਨੀ ਆਸਰਾ ਮਿਲਦਾ ਹੈ। ਉੱਥੇ ਸ਼ਾਂਤੀ ਅਤੇ ਪਿਆਰ ਪਾਇਆ ਜਾਂਦਾ ਹੈ। ਸਭਾਵਾਂ ਤੇ ਹਾਜ਼ਰ ਹੋ ਕੇ ਤੁਸੀਂ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦਾਂ ਦੀ ਸੱਚਾਈ ਖ਼ੁਦ ਦੇਖ ਸਕਦੇ ਹੋ: “ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ!”—ਜ਼ਬੂਰ 133:1.
[ਸਫ਼ੇ 25 ਉੱਤੇ ਡੱਬੀ/ਤਸਵੀਰ]
ਇਕ ਖ਼ਾਸ ਜ਼ਰੂਰਤ ਵੱਲ ਧਿਆਨ ਦੇਣਾ
ਬੋਲ਼ਿਆਂ ਇਨਸਾਨਾਂ ਨੂੰ ਸਭਾਵਾਂ ਤੇ ਜਾਣ ਦਾ ਕੀ ਫ਼ਾਇਦਾ ਹੈ? ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹ ਸੈਨਤ ਭਾਸ਼ਾ ਦੀਆਂ ਕਲੀਸਿਯਾਵਾਂ ਸ਼ੁਰੂ ਕਰ ਰਹੇ ਹਨ। ਪਿੱਛਲੇ 13 ਸਾਲਾਂ ਦੌਰਾਨ, ਅਮਰੀਕਾ ਵਿਚ 27 ਸੈਨਤ ਭਾਸ਼ਾ ਦੀਆਂ ਕਲੀਸਿਯਾਵਾਂ ਅਤੇ 43 ਸੈਨਤ ਭਾਸ਼ਾ ਦੇ ਗਰੁੱਪ ਸ਼ੁਰੂ ਹੋਏ ਹਨ। ਲਗਭਗ 40 ਹੋਰ ਦੇਸ਼ਾਂ ਵਿਚ ਹੁਣ ਕੁਝ 140 ਸੈਨਤ ਭਾਸ਼ਾ ਦੀਆਂ ਕਲੀਸਿਯਾਵਾਂ ਹਨ। ਬਰੋਸ਼ਰਾਂ ਅਤੇ ਪੁਸਤਕਾਂ ਦੀਆਂ 13 ਸੈਨਤ ਭਾਸ਼ਾਵਾਂ ਵਿਚ ਵਿਡਿਓ ਵੀ ਬਣਾਈਆਂ ਗਈਆਂ ਹਨ।
ਮਸੀਹੀ ਕਲੀਸਿਯਾ ਬੋਲ਼ੇ ਲੋਕਾਂ ਨੂੰ ਯਹੋਵਾਹ ਦੀ ਵਡਿਆਈ ਕਰਨ ਦਾ ਮੌਕਾ ਦਿੰਦੀ ਹੈ। ਫਰਾਂਸ ਵਿਚ ਓਡੈਲ ਨਾਂ ਦੀ ਔਰਤ ਪਹਿਲਾਂ ਕੈਥੋਲਿਕ ਹੁੰਦੀ ਸੀ ਪਰ ਉਸ ਨੂੰ ਘੋਰ ਨਿਰਾਸ਼ਾ ਦੀ ਬੀਮਾਰੀ ਲੱਗੀ ਹੋਈ ਸੀ। ਉਹ ਆਪਣੀ ਜਾਨ ਲੈਣ ਬਾਰੇ ਵੀ ਸੋਚਦੀ ਹੁੰਦੀ ਸੀ। ਉਹ ਹੁਣ ਬਹੁਤ ਹੀ ਸ਼ੁਕਰਗੁਜ਼ਾਰ ਹੈ ਕਿ ਮਸੀਹੀ ਸਭਾਵਾਂ ਤੇ ਉਸ ਨੂੰ ਬਾਈਬਲ ਬਾਰੇ ਸਿੱਖਿਆ ਮਿਲੀ। ਉਸ ਨੇ ਕਿਹਾ ਕਿ “ਮੈਂ ਹੁਣ ਸੱਚ-ਮੁੱਚ ਖ਼ੁਸ਼ ਹਾਂ ਅਤੇ ਮੇਰੀ ਸਿਹਤ ਵੀ ਠੀਕ ਹੋ ਗਈ ਹੈ। ਪਰ, ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਨੂੰ ਸੱਚਾਈ ਮਿਲ ਗਈ ਹੈ। ਹੁਣ ਮੈਨੂੰ ਜੀਉਣ ਦਾ ਕਾਰਨ ਮਿਲ ਗਿਆ ਹੈ।”