ਬਾਈਬਲ ਦੇ ਨੈਤਿਕ ਮਿਆਰ ਸਿੱਖੋ ਅਤੇ ਸਿਖਾਓ
“ਤਾਂ ਫੇਰ ਤੂੰ ਜਿਹੜਾ ਦੂਏ ਨੂੰ ਸਿਖਾਲਦਾ ਹੈਂ ਕੀ ਆਪਣੇ ਆਪ ਨੂੰ ਨਹੀਂ ਸਿਖਾਲਦਾ?”—ਰੋਮੀਆਂ 2:21.
1, 2. ਤੁਹਾਡੇ ਕੋਲ ਬਾਈਬਲ ਦਾ ਅਧਿਐਨ ਕਰਨ ਦੇ ਕਿਹੜੇ ਕਾਰਨ ਹਨ?
ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਲਈ ਤੁਹਾਡੇ ਕੋਲ ਬਹੁਤ ਸਾਰੇ ਕਾਰਨ ਹਨ। ਤੁਸੀਂ ਸ਼ਾਇਦ ਬਾਈਬਲ ਵਿਚ ਜ਼ਿਕਰ ਕੀਤੇ ਗਏ ਲੋਕਾਂ, ਘਟਨਾਵਾਂ, ਥਾਵਾਂ, ਜਾਂ ਹੋਰਨਾਂ ਗੱਲਾਂ ਬਾਰੇ ਜਾਣਨਾ ਚਾਹੋ। ਤ੍ਰਿਏਕ ਤੇ ਨਰਕ ਵਰਗੀਆਂ ਝੂਠੀਆਂ ਗੱਲਾਂ ਜਾਣਨ ਦੀ ਬਜਾਇ ਤੁਸੀਂ ਸ਼ਾਇਦ ਬਾਈਬਲ ਦੀ ਸਹੀ ਸਿੱਖਿਆ ਜਾਣਨੀ ਚਾਹੋ। (ਯੂਹੰਨਾ 8:32) ਅਤੇ ਤੁਹਾਡੀ ਯਹੋਵਾਹ ਨੂੰ ਵੀ ਚੰਗੀ ਤਰ੍ਹਾਂ ਜਾਣਨ ਦੀ ਇੱਛਾ ਹੋਣੀ ਚਾਹੀਦੀ ਹੈ ਤਾਂਕਿ ਤੁਸੀਂ ਉਸ ਵਰਗੇ ਬਣ ਸਕੋ ਅਤੇ ਉਹ ਕੰਮ ਕਰ ਸਕੋ ਜੋ ਉਸ ਦੀ ਨਜ਼ਰ ਵਿਚ ਠੀਕ ਹਨ।—1 ਰਾਜਿਆਂ 15:4, 5.
2 ਇਸ ਗੱਲ ਦੇ ਸੰਬੰਧ ਵਿਚ ਬਾਈਬਲ ਦਾ ਅਧਿਐਨ ਕਰਨ ਦਾ ਇਕ ਹੋਰ ਵੀ ਅਹਿਮ ਕਾਰਨ ਹੈ। ਉਹ ਹੈ ਕਿ ਤੁਸੀਂ ਆਪਣੇ ਆਪ ਨੂੰ ਦੂਸਰਿਆਂ ਨੂੰ ਸਿਖਾਉਣ ਵਾਸਤੇ ਤਿਆਰ ਹੋਵੋ। ਜੀ ਹਾਂ ਤੁਸੀਂ ਆਪਣੇ ਪਿਆਰਿਆਂ ਨੂੰ, ਦੋਸਤ-ਮਿੱਤਰਾਂ ਨੂੰ, ਜਾਂ ਉਨ੍ਹਾਂ ਨੂੰ ਜਿਨ੍ਹਾਂ ਨੂੰ ਤੁਸੀਂ ਹਾਲੇ ਜਾਣਦੇ ਵੀ ਨਹੀਂ, ਬਾਈਬਲ ਦੀਆਂ ਗੱਲਾਂ ਸਿਖਾ ਸਕਦੇ ਹੋ। ਹਰ ਸੱਚੇ ਮਸੀਹੀ ਦੀ ਇਸ ਤਰ੍ਹਾਂ ਕਰਨ ਦੀ ਜ਼ਿੰਮੇਵਾਰੀ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ . . . ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।”—ਮੱਤੀ 28:19, 20.
3, 4. ਯਿਸੂ ਦੇ ਹੁਕਮ ਮੁਤਾਬਕ ਸਿੱਖਿਆ ਦੇਣ ਦਾ ਕੰਮ ਆਦਰਯੋਗ ਕਿਉਂ ਹੈ?
3 ਦੂਸਰਿਆਂ ਨੂੰ ਸਿਖਾਉਣ ਲਈ ਬਾਈਬਲ ਦਾ ਅਧਿਐਨ ਕਰਨਾ ਇਕ ਬਹੁਤ ਹੀ ਸਨਮਾਨਯੋਗ ਕੰਮ ਹੈ ਜਿਸ ਤੋਂ ਸਾਨੂੰ ਖ਼ੁਸ਼ੀ ਮਿਲ ਸਕਦੀ ਹੈ। ਸਿੱਖਿਆ ਦੇਣ ਦਾ ਕੰਮ ਕਾਫ਼ੀ ਚਿਰ ਤੋਂ ਆਦਰਯੋਗ ਪੇਸ਼ਾ ਰਿਹਾ ਹੈ। ਅੰਗ੍ਰੇਜ਼ੀ ਦਾ ਇਕ ਵਿਸ਼ਵ-ਕੋਸ਼ ਕਹਿੰਦਾ ਹੈ: “ਸਿਆਣੇ ਯਹੂਦੀ ਲੋਕ ਆਪਣਿਆਂ ਬੱਚਿਆਂ ਨੂੰ ਮਾਪਿਆਂ ਤੋਂ ਜ਼ਿਆਦਾ ਆਪਣੇ ਅਧਿਆਪਕਾਂ ਨੂੰ ਇੱਜ਼ਤ ਦੇਣ ਲਈ ਕਹਿੰਦੇ ਸਨ ਕਿਉਂਕਿ ਉਹ ਸਮਝਦੇ ਸਨ ਕਿ ਅਧਿਆਪਕਾਂ ਦੀ ਸਿੱਖਿਆ ਤੋਂ ਉਨ੍ਹਾਂ ਨੂੰ ਮੁਕਤੀ ਮਿਲ ਸਕਦੀ ਹੈ।” ਜਦੋਂ ਮਸੀਹੀ ਬਾਈਬਲ ਦਾ ਆਪ ਅਧਿਐਨ ਕਰ ਕੇ ਦੂਸਰਿਆਂ ਨੂੰ ਵੀ ਸਿਖਾਉਂਦੇ ਹਨ ਤਾਂ ਇਹ ਉਨ੍ਹਾਂ ਲਈ ਖ਼ਾਸ ਤੌਰ ਤੇ ਆਦਰ ਦੀ ਗੱਲ ਹੈ।
4 “ਹੋਰ ਨੌਕਰੀਆਂ ਨਾਲੋਂ, ਜ਼ਿਆਦਾ ਲੋਕ ਅਧਿਆਪਕ ਦੀ ਨੌਕਰੀ ਕਰਦੇ ਹਨ। ਤਕਰੀਬਨ 4 ਕਰੋੜ 80 ਲੱਖ ਮਰਦ ਅਤੇ ਔਰਤਾਂ ਅਧਿਆਪਕ ਦੀ ਨੌਕਰੀ ਕਰਦੇ ਹਨ।” (ਦ ਵਰਲਡ ਬੁੱਕ ਐਨਸਾਈਕਲੋਪੀਡਿਆ) ਸਕੂਲ ਦੇ ਟੀਚਰਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਕਿ ਉਹ ਬੱਚਿਆਂ ਦੇ ਮਨਾਂ ਉੱਤੇ ਅਜਿਹਾ ਪ੍ਰਭਾਵ ਪਾਉਣ ਜਿਸ ਤੋਂ ਉਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ਉੱਤੇ ਚੰਗਾ ਅਸਰ ਪਵੇ। ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਇਸ ਨਾਲੋਂ ਵੀ ਗਹਿਰਾ ਅਸਰ ਉਸ ਵੇਲੇ ਹੁੰਦਾ ਹੈ ਜਦੋਂ ਅਸੀਂ ਉਨ੍ਹਾਂ ਨੂੰ ਸਿੱਖਿਆ ਦੇਣ ਬਾਰੇ ਯਿਸੂ ਦਾ ਹੁਕਮ ਮੰਨਦੇ ਹਨ। ਤੁਹਾਡੀ ਸਿੱਖਿਆ ਦੁਆਰਾ ਉਨ੍ਹਾਂ ਉੱਤੇ ਸਦਾ ਵਾਸਤੇ ਅਸਰ ਪੈ ਸਕਦਾ ਹੈ। ਪੌਲੁਸ ਰਸੂਲ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ ਜਦ ਉਸ ਨੇ ਤਿਮੋਥਿਉਸ ਨੂੰ ਕਿਹਾ: “ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ। ਇਨ੍ਹਾਂ ਗੱਲਾਂ ਉੱਤੇ ਪੱਕਿਆਂ ਰਹੁ ਕਿਉਂ ਜੋ ਤੂੰ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।” (ਟੇਢੇ ਟਾਈਪ ਸਾਡੇ।) (1 ਤਿਮੋਥਿਉਸ 4:16) ਜੀ ਹਾਂ, ਤੁਹਾਡੀ ਸਿੱਖਿਆ ਦੁਆਰਾ ਲੋਕਾਂ ਨੂੰ ਮੁਕਤੀ ਮਿਲ ਸਕਦੀ ਹੈ।
5. ਜੋ ਸਿੱਖਿਆ ਮਸੀਹੀ ਦਿੰਦੇ ਹਨ ਉਹ ਸਿੱਖਿਆ ਸਭ ਤੋਂ ਉੱਤਮ ਕਿਉਂ ਹੈ?
5 ਆਪ ਸਿੱਖਿਆ ਲੈਣ ਅਤੇ ਦੂਸਰਿਆਂ ਨੂੰ ਸਿੱਖਿਆ ਦੇਣ ਦਾ ਹੁਕਮ ਸਾਨੂੰ ਸਭ ਤੋਂ ਉੱਚੇ ਅਧਿਕਾਰ, ਯਾਨੀ ਵਿਸ਼ਵ ਦੇ ਸਰਬਸ਼ਕਤੀਮਾਨ ਪਰਮੇਸ਼ੁਰ ਤੋਂ ਮਿਲਿਆ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਬਾਈਬਲ ਦੀ ਸਿੱਖਿਆ ਦੇਣ ਦਾ ਕੰਮ, ਕਿਸੇ ਵੀ ਹੋਰ ਸਿੱਖਿਆ ਨਾਲੋਂ ਬਹੁਤ ਹੀ ਉੱਤਮ ਹੈ, ਚਾਹੇ ਉਹ ਬੁਨਿਆਦੀ ਸਿੱਖਿਆ, ਨੌਕਰੀ ਕਰਨ ਦੀ ਟ੍ਰੇਨਿੰਗ, ਜਾਂ ਡਾਕਟਰੀ ਦਾ ਕੋਰਸ ਵੀ ਹੋਵੇ। ਜੋ ਸਿੱਖਿਆ ਮਸੀਹੀ ਦਿੰਦੇ ਹਨ ਉਸ ਨੂੰ ਹਾਸਲ ਕਰਨ ਤੋਂ ਬਾਅਦ ਵਿਦਿਆਰਥੀ ਨੂੰ ਨਿੱਜੀ ਤੌਰ ਤੇ ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਦੀ ਰੀਸ ਕਰਨੀ ਚਾਹੀਦੀ ਹੈ ਅਤੇ ਦੂਸਰਿਆਂ ਨੂੰ ਵੀ ਇਸ ਤਰ੍ਹਾਂ ਕਰਨ ਦੀ ਸਿੱਖਿਆ ਦੇਣੀ ਚਾਹੀਦੀ ਹੈ।—ਯੂਹੰਨਾ 15:10.
ਆਪਣੇ ਆਪ ਨੂੰ ਕਿਉਂ ਸਿਖਾਉਣਾ ਚਾਹੀਦਾ ਹੈ?
6, 7. (ੳ) ਸਾਨੂੰ ਪਹਿਲਾਂ ਆਪ ਨੂੰ ਸਿਖਾਉਣ ਦੀ ਕਿਉਂ ਜ਼ਰੂਰਤ ਹੈ? (ਅ) ਪਹਿਲੀ ਸਦੀ ਦੇ ਯਹੂਦੀ ਲੋਕ ਸਿੱਖਿਆ ਦੇਣ ਵਿਚ ਅਸਫ਼ਲ ਕਿਵੇਂ ਹੋਏ ਸਨ?
6 ਇਹ ਕਿਉਂ ਕਿਹਾ ਜਾਂਦਾ ਹੈ ਕਿ ਸਾਨੂੰ ਪਹਿਲਾਂ ਆਪ ਸਿੱਖਿਆ ਲੈਣ ਦੀ ਜ਼ਰੂਰਤ ਹੈ? ਭਲਾ ਅਸੀਂ ਦੂਸਰਿਆਂ ਨੂੰ ਕਿਵੇਂ ਸਿਖਾ ਸਕਦੇ ਹਾਂ ਜੇਕਰ ਅਸੀਂ ਪਹਿਲਾਂ ਆਪ ਸਿੱਖਿਆ ਨਾ ਲਈ ਹੋਵੇ। ਪੌਲੁਸ ਨੇ ਇਕ ਦਿਲਚਸਪ ਹਵਾਲਾ ਦੇ ਕੇ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ। ਉਸ ਦੇ ਸ਼ਬਦ ਯਹੂਦੀਆਂ ਲਈ ਜ਼ਰੂਰੀ ਸਨ ਪਰ ਅੱਜ-ਕੱਲ੍ਹ ਮਸੀਹੀਆਂ ਲਈ ਵੀ ਇਹ ਉੱਨਾ ਹੀ ਮਹਿਨਾ ਰੱਖਦੇ ਹਨ। ਪੌਲੁਸ ਨੇ ਇਹ ਪੁੱਛਿਆ ਸੀ ਕਿ “ਤੂੰ ਜਿਹੜਾ ਦੂਏ ਨੂੰ ਸਿਖਾਲਦਾ ਹੈਂ ਕੀ ਆਪਣੇ ਆਪ ਨੂੰ ਨਹੀਂ ਸਿਖਾਲਦਾ? ਤੂੰ ਜਿਹੜਾ ਉਪਦੇਸ਼ ਕਰਦਾ ਹੈਂ ਭਈ ਚੋਰੀ ਨਾ ਕਰਨੀ ਕੀ ਆਪ ਹੀ ਚੋਰੀ ਕਰਦਾ ਹੈਂ? ਤੂੰ ਜਿਹੜਾ ਆਖਦਾ ਹੈਂ ਭਈ ਜ਼ਨਾਹ ਨਾ ਕਰਨਾ ਕੀ ਆਪ ਹੀ ਜ਼ਨਾਹ ਕਰਦਾ ਹੈਂ? ਤੂੰ ਜਿਹੜਾ ਮੂਰਤੀਆਂ ਤੋਂ ਘਿਣ ਕਰਦਾ ਹੈਂ ਕੀ ਆਪੇ ਮੰਦਰਾਂ ਨੂੰ ਲੁੱਟਦਾ ਹੈਂ? ਤੂੰ ਜਿਹੜਾ ਸ਼ਰਾ ਉੱਤੇ ਘਮੰਡ ਕਰਦਾ ਹੈਂ ਕੀ ਤੂੰ ਸ਼ਰਾ ਦੇ ਉਲੰਘਣ ਕਰ ਕੇ ਪਰਮੇਸ਼ੁਰ ਦਾ ਅਪਮਾਨ ਕਰਦਾ ਹੈਂ?”—ਰੋਮੀਆਂ 2:21-23.
7 ਅਜਿਹੇ ਸਵਾਲ ਪੁੱਛਣ ਦੁਆਰਾ ਪੌਲੁਸ ਨੇ ਦਸ ਹੁਕਮਾਂ ਵਿੱਚੋਂ ਦੋ ਹੁਕਮਾਂ ਦਾ ਜ਼ਿਕਰ ਕੀਤਾ ਸੀ, ਯਾਨੀ ਕਿ ਚੋਰੀ ਨਾ ਕਰੋ ਅਤੇ ਜ਼ਨਾਹ ਨਾ ਕਰੋ। (ਕੂਚ 20:14, 15) ਪੌਲੁਸ ਦੇ ਦਿਨਾਂ ਵਿਚ ਕੁਝ ਯਹੂਦੀ ਫ਼ਖ਼ਰ ਕਰਦੇ ਸਨ ਕਿ ਉਨ੍ਹਾਂ ਕੋਲ ਪਰਮੇਸ਼ੁਰ ਦੀ ਸ਼ਰਾ ਸੀ। ਉਨ੍ਹਾਂ ਨੂੰ ‘ਸ਼ਰਾ ਦੀ ਸਿੱਖਿਆ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ ਪਰਤੀਤ ਸੀ ਭਈ ਉਹ ਅੰਨ੍ਹਿਆਂ ਨੂੰ ਰਾਹ ਦੱਸਣ ਵਾਲੇ ਅਤੇ ਜਿਹੜੇ ਅਨ੍ਹੇਰੇ ਵਿੱਚ ਸਨ ਓਹਨਾਂ ਦੇ ਚਾਨਣ ਸਨ। ਅਤੇ ਬਾਲਕਾਂ ਦੇ ਉਸਤਾਦ ਸਨ।’ (ਰੋਮੀਆਂ 2:17-20) ਪਰ ਉਨ੍ਹਾਂ ਵਿੱਚੋਂ ਕੁਝ ਪਖੰਡੀ ਸਨ ਕਿਉਂਕਿ ਉਹ ਛੁਪ ਕੇ ਚੋਰੀ ਅਤੇ ਜ਼ਨਾਹ ਕਰਦੇ ਸਨ। ਇਸ ਤਰ੍ਹਾਂ ਕਰਨ ਨਾਲ ਉਹ ਸ਼ਰਾ ਦਾ ਅਤੇ ਉਸ ਨੂੰ ਦੇਣ ਵਾਲੇ ਸਵਰਗੀ ਪਿਤਾ ਦਾ ਅਪਮਾਨ ਕਰਦੇ ਸਨ। ਤੁਸੀਂ ਦੇਖ ਸਕਦੇ ਹੋ ਕਿ ਉਹ ਦੂਸਰਿਆਂ ਨੂੰ ਸਿਖਾਉਣ ਲਈ ਬਿਲਕੁਲ ਕਾਬਲ ਨਹੀਂ ਸਨ ਕਿਉਂਕਿ ਉਹ ਆਪਣੇ ਆਪ ਨੂੰ ਸਿਖਾ ਨਹੀਂ ਰਹੇ ਸਨ।
8. ਪੌਲੁਸ ਦੇ ਦਿਨਾਂ ਦੇ ਕੁਝ ਯਹੂਦੀ “ਮੰਦਰਾਂ” ਨੂੰ ਸ਼ਾਇਦ ਕਿਸ ਤਰ੍ਹਾਂ ‘ਲੁੱਟ’ ਰਹੇ ਸਨ?
8 ਪੌਲੁਸ ਨੇ ਮੰਦਰਾਂ ਨੂੰ ਲੁੱਟਣ ਦਾ ਜ਼ਿਕਰ ਕੀਤਾ ਸੀ। ਕੀ ਕੁਝ ਯਹੂਦੀ ਸੱਚ-ਮੁੱਚ ਮੰਦਰਾਂ ਨੂੰ ਲੁੱਟਦੇ ਸਨ? ਪੌਲੁਸ ਦਾ ਇਸ ਤਰ੍ਹਾਂ ਕਹਿਣ ਦਾ ਕੀ ਮਤਲਬ ਸੀ? ਸੱਚ ਤਾਂ ਇਹ ਹੈ ਕਿ ਅਸੀਂ ਇਨ੍ਹਾਂ ਆਇਤਾਂ ਬਾਰੇ ਬਹੁਤ ਕੁਝ ਨਹੀਂ ਜਾਣਦੇ ਇਸ ਲਈ ਅਸੀਂ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਕੁਝ ਯਹੂਦੀਆਂ ਨੇ ‘ਮੰਦਰਾਂ ਨੂੰ ਕਿਵੇਂ ਲੁੱਟਿਆ’ ਸੀ। ਅਫ਼ਸੁਸ ਸ਼ਹਿਰ ਦੇ ਮੁਨਸ਼ੀ ਨੇ ਪਹਿਲਾਂ ਹੀ ਦੱਸਿਆ ਸੀ ਕਿ ਪੌਲੁਸ ਦੇ ਸਾਥੀ ‘ਮੰਦਰਾਂ ਨੂੰ ਲੁੱਟਣ’ ਵਾਲੇ ਨਹੀਂ ਸਨ ਪਰ ਇਸ ਗੱਲ ਤੋਂ ਸੰਕੇਤ ਹੁੰਦਾ ਹੈ ਕਿ ਕੁਝ ਲੋਕ ਮੰਨਦੇ ਸਨ ਕਿ ਯਹੂਦੀ ਇਸ ਗੱਲ ਦੇ ਦੋਸ਼ੀ ਸਨ। (ਰਸੂਲਾਂ ਦੇ ਕਰਤੱਬ 19:29-37) ਕੀ ਉਹ ਗ਼ੈਰ-ਯਹੂਦੀ ਮੰਦਰਾਂ ਵਿੱਚੋਂ ਕੱਟੜ ਯਹੂਦੀਆਂ ਦੁਆਰਾ ਲੁੱਟੇ ਗਏ ਕੀਮਤੀ ਖ਼ਜ਼ਾਨੇ ਆਪਣੇ ਨਿੱਜੀ ਫ਼ਾਇਦੇ ਲਈ ਵਰਤਦੇ ਜਾਂ ਉਨ੍ਹਾਂ ਦਾ ਧੰਦਾ ਕਰ ਰਹੇ ਸਨ? ਪਰਮੇਸ਼ੁਰ ਦੇ ਨਿਯਮ ਅਨੁਸਾਰ ਮੂਰਤੀਆਂ ਉੱਤੇ ਜੋ ਸੋਨਾ-ਚਾਂਦੀ ਸੀ ਉਸ ਨੂੰ ਸਾੜਨ ਦੀ ਆਗਿਆ ਦਿੱਤੀ ਗਈ ਸੀ, ਉਸ ਨੂੰ ਉਹ ਨਿੱਜੀ ਫ਼ਾਇਦੇ ਲਈ ਨਹੀਂ ਵਰਤ ਸਕਦੇ ਸਨ। (ਬਿਵਸਥਾ ਸਾਰ 7:25)a ਪੌਲੁਸ ਸ਼ਾਇਦ ਉਨ੍ਹਾਂ ਯਹੂਦੀਆਂ ਵੱਲ ਇਸ਼ਾਰਾ ਕਰ ਰਿਹਾ ਸੀ ਜੋ ਪਰਮੇਸ਼ੁਰ ਦਾ ਹੁਕਮ ਤੋੜ ਕੇ ਮੰਦਰਾਂ ਤੋਂ ਲੁੱਟੀਆਂ ਗਈਆਂ ਚੀਜ਼ਾਂ ਆਪ ਵਰਤ ਰਹੇ ਸਨ।
9. ਯਰੂਸ਼ਲਮ ਦੀ ਹੈਕਲ ਸੰਬੰਧੀ ਕਿਹੜੇ ਗ਼ਲਤ ਕੰਮ ਹੋ ਰਹੇ ਸਨ ਜੋ ਮੰਦਰ ਨੂੰ ਲੁੱਟਣ ਦੇ ਬਰਾਬਰ ਸਨ?
9 ਦੂਸਰੇ ਪਾਸੇ, ਜੋਸੀਫ਼ਸ ਨੇ ਚਾਰ ਯਹੂਦੀਆਂ ਦੁਆਰਾ ਕੀਤੇ ਕਿਸੇ ਭੈੜੇ ਕੰਮ ਬਾਰੇ ਦੱਸਿਆ ਜਿਸ ਕਰਕੇ ਰੋਮ ਵਿਚ ਹੱਲ-ਚੱਲ ਮਚੀ ਸੀ। ਇਨ੍ਹਾਂ ਚਾਰ ਯਹੂਦੀਆਂ ਦਾ ਮੋਹਰੀ ਬਿਵਸਥਾ ਦਾ ਸਿਖਾਉਣ ਵਾਲਾ ਸੀ। ਇਨ੍ਹਾਂ ਨੇ ਇਕ ਰੋਮੀ ਔਰਤ ਨੂੰ, ਜਿਸ ਨੇ ਯਹੂਦੀ ਧਰਮ ਅਪਣਾਇਆ ਸੀ, ਆਪਣਾ ਸੋਨਾ ਅਤੇ ਦੂਸਰੇ ਕੀਮਤੀ ਖ਼ਜ਼ਾਨੇ ਯਰੂਸ਼ਲਮ ਦੇ ਮੰਦਰ ਨੂੰ ਦਾਨ ਕਰਨ ਲਈ ਮਨਵਾਇਆ ਸੀ। ਜਦੋਂ ਉਨ੍ਹਾਂ ਨੇ ਉਸ ਤੋਂ ਇਹ ਚੀਜ਼ਾਂ ਹਾਸਲ ਕਰ ਲਈਆਂ ਤਾਂ ਉਨ੍ਹਾਂ ਨੇ ਇਨ੍ਹਾਂ ਨੂੰ ਆਪਣੇ ਫ਼ਾਇਦੇ ਲਈ ਇਸਤੇਮਾਲ ਕੀਤਾ, ਅਤੇ ਇਹ ਮੰਦਰਾਂ ਨੂੰ ਲੁੱਟਣ ਦੇ ਬਰਾਬਰ ਸੀ।b ਦੂਸਰੇ ਲੋਕ ਲੰਗੜੇ ਅਤੇ ਬੀਮਾਰ ਚੜ੍ਹਾਵੇ ਲਿਆ ਕੇ ਪਰਮੇਸ਼ੁਰ ਦੇ ਮੰਦਰ ਨੂੰ ਲੁੱਟ ਰਹੇ ਸਨ ਅਤੇ ਮੰਦਰ ਵਿਚ ਲਾਲਚੀ ਧੰਦਾ ਕਰਨ ਦੁਆਰਾ ਹੈਕਲ ਨੂੰ “ਡਾਕੂਆਂ ਦੀ ਖੋਹ” ਬਣਾ ਰਹੇ ਸਨ।—ਮੱਤੀ 21:12, 13; ਮਲਾਕੀ 1:12-14; 3:8, 9.
ਬਾਈਬਲ ਦੇ ਨੈਤਿਕ ਮਿਆਰ ਸਿਖਾਓ
10. ਰੋਮੀਆਂ 2:21-23 ਵਿਚ ਪੌਲੁਸ ਦੇ ਸ਼ਬਦਾਂ ਦਾ ਕਿਹੜਾ ਮਤਲਬ ਸਾਨੂੰ ਭੁੱਲਣਾ ਨਹੀਂ ਚਾਹੀਦਾ?
10 ਇਹ ਜਾਣਨਾ ਜ਼ਰੂਰੀ ਨਹੀਂ ਹੈ ਕਿ ਪਹਿਲੀ ਸਦੀ ਵਿਚ ਪੌਲੁਸ ਚੋਰੀ, ਜ਼ਨਾਹ, ਅਤੇ ਮੰਦਰਾਂ ਨੂੰ ਲੁੱਟਣ ਦੇ ਮਾਮਲੇ ਵਿਚ ਕਿਨ੍ਹਾਂ ਕੰਮਾਂ ਵੱਲ ਇਸ਼ਾਰਾ ਕਰ ਰਿਹਾ ਸੀ ਪਰ ਸਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਉਸ ਨੇ ਇਨ੍ਹਾਂ ਗੱਲਾਂ ਦਾ ਜ਼ਿਕਰ ਕਿਉਂ ਕੀਤਾ ਸੀ। ਉਸ ਨੇ ਇਹ ਪੁੱਛਿਆ ਕਿ “ਤੂੰ ਜਿਹੜਾ ਦੂਏ ਨੂੰ ਸਿਖਾਲਦਾ ਹੈਂ ਕੀ ਆਪਣੇ ਆਪ ਨੂੰ ਨਹੀਂ ਸਿਖਾਲਦਾ?” ਸਾਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਪੌਲੁਸ ਨੇ ਜੋ ਉਦਾਹਰਣਾਂ ਦਿੱਤੀਆਂ ਸਨ ਉਹ ਨੇਕ ਚਾਲ-ਚੱਲਣ ਬਾਰੇ ਸਨ। ਪੌਲੁਸ ਰਸੂਲ ਨੇ ਇੱਥੇ ਸਾਨੂੰ ਬਾਈਬਲ ਦੀਆਂ ਸਿੱਖਿਆਵਾਂ ਜਾਂ ਉਸ ਦੇ ਇਤਿਹਾਸ ਉੱਤੇ ਧਿਆਨ ਨਹੀਂ ਸੀ ਦਿੱਤਾ। ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਸਿਖਾਉਣ ਬਾਰੇ ਗੱਲ ਕਰਦੇ ਹੋਏ ਪੌਲੁਸ ਬਾਈਬਲ ਦੇ ਨੈਤਿਕ ਮਿਆਰਾਂ ਦਾ ਜ਼ਿਕਰ ਕਰ ਰਿਹਾ ਸੀ।
11. ਬਾਈਬਲ ਦਾ ਅਧਿਐਨ ਕਰਦੇ ਹੋਏ ਤੁਹਾਨੂੰ ਉਸ ਦੇ ਨੈਤਿਕ ਮਿਆਰਾਂ ਵੱਲ ਧਿਆਨ ਦੇਣ ਦੀ ਲੋੜ ਕਿਉਂ ਹੈ?
11 ਰੋਮੀਆਂ 2:21-23 ਵਿਚ ਦਿੱਤੇ ਗਏ ਸਬਕ ਉੱਤੇ ਚੱਲਣ ਲਈ ਸਾਨੂੰ ਬਾਈਬਲ ਦੇ ਨੈਤਿਕ ਮਿਆਰ ਸਿੱਖਣ, ਉਨ੍ਹਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ, ਅਤੇ ਫਿਰ ਦੂਸਰਿਆਂ ਨੂੰ ਇਸ ਤਰ੍ਹਾਂ ਕਰਨ ਦੀ ਸਿੱਖਿਆ ਦੇਣ ਦੀ ਲੋੜ ਹੈ। ਇਸ ਲਈ ਜਦੋਂ ਤੁਸੀਂ ਬਾਈਬਲ ਦਾ ਅਧਿਐਨ ਕਰਦੇ ਹੋ ਤਾਂ ਯਹੋਵਾਹ ਦੇ ਸਿਧਾਂਤਾਂ ਵੱਲ ਧਿਆਨ ਦਿਓ ਜਿਨ੍ਹਾਂ ਤੋਂ ਨੈਤਿਕ ਚਾਲ-ਚੱਲਣ ਲਈ ਮਿਆਰ ਸਥਾਪਿਤ ਕੀਤੇ ਜਾਂਦੇ ਹਨ। ਬਾਈਬਲ ਵਿਚ ਜੋ ਸਲਾਹ ਅਤੇ ਸਬਕ ਮਿਲਦੇ ਹਨ ਉਨ੍ਹਾਂ ਉੱਤੇ ਗੌਰ ਨਾਲ ਵਿਚਾਰ ਕਰੋ। ਫਿਰ ਸਿੱਖੀਆਂ ਗਈਆਂ ਗੱਲਾਂ ਹਿੰਮਤ ਨਾਲ ਆਪਣੇ ਜੀਵਨ ਵਿਚ ਲਾਗੂ ਕਰੋ। ਇਸ ਤਰ੍ਹਾਂ ਕਰਨ ਲਈ ਹਿੰਮਤ ਅਤੇ ਦ੍ਰਿੜ੍ਹਤਾ ਦੀ ਸੱਚ-ਮੁੱਚ ਜ਼ਰੂਰਤ ਹੈ। ਅਪੂਰਣ ਇਨਸਾਨਾਂ ਵਜੋਂ ਅਸੀਂ ਆਸਾਨੀ ਨਾਲ ਬਹਾਨੇ ਬਣਾ ਸਕਦੇ ਹਾਂ ਕਿ ਕਿਸੇ ਮਾਮਲੇ ਵਿਚ ਬਾਈਬਲ ਦੇ ਨੈਤਿਕ ਮਿਆਰਾਂ ਨੂੰ ਕਿਉਂ ਤੋੜਿਆ ਜਾ ਸਕਦਾ ਹੈ ਜਾਂ ਕਿ ਉਨ੍ਹਾਂ ਨੂੰ ਤੋੜਨ ਦੀ ਲੋੜ ਵੀ ਹੈ। ਹੋ ਸਕਦਾ ਹੈ ਕਿ ਜਿਨ੍ਹਾਂ ਯਹੂਦੀਆਂ ਬਾਰੇ ਪੌਲੁਸ ਜ਼ਿਕਰ ਕਰ ਰਿਹਾ ਸੀ ਉਹ ਚਲਾਕੀ ਨਾਲ ਇਸ ਤਰ੍ਹਾਂ ਦੇ ਬਹਾਨੇ ਬਣਾ ਰਹੇ ਸਨ ਅਤੇ ਦੂਸਰਿਆਂ ਨੂੰ ਗ਼ਲਤ ਰਾਹ ਪਾ ਰਹੇ ਸਨ। ਪਰ ਪੌਲੁਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਬਾਈਬਲ ਦੇ ਨੈਤਿਕ ਮਿਆਰਾਂ ਦੀ ਨਾ ਹੀ ਮਹੱਤਤਾ ਘਟਾਉਣੀ ਚਾਹੀਦੀ ਹੈ ਅਤੇ ਨਾ ਹੀ ਆਪਣੀ ਮਰਜ਼ੀ ਕਰ ਕੇ ਉਨ੍ਹਾਂ ਨੂੰ ਰੱਦ ਕਰਨਾ ਚਾਹੀਦਾ ਹੈ।
12. ਨੇਕ ਚਾਲ-ਚੱਲਣ ਅਤੇ ਬੁਰੇ ਚੱਲ-ਚੱਲਣ ਦਾ ਯਹੋਵਾਹ ਪਰਮੇਸ਼ੁਰ ਉੱਤੇ ਕਿਹੋ ਜਿਹਾ ਅਸਰ ਪੈਂਦਾ ਹੈ, ਅਤੇ ਇਹ ਗੱਲ ਆਪਣੇ ਮਨ ਵਿਚ ਕਿਉਂ ਰੱਖਣੀ ਚਾਹੀਦੀ ਹੈ?
12 ਬਾਈਬਲ ਦੇ ਨੈਤਿਕ ਮਿਆਰ ਸਿੱਖਣ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਦਾ ਪੌਲੁਸ ਰਸੂਲ ਨੇ ਇਕ ਖ਼ਾਸ ਕਾਰਨ ਦਿੱਤਾ ਸੀ। ਯਹੂਦੀਆਂ ਦੇ ਗ਼ਲਤ ਚਾਲ-ਚੱਲਣ ਕਾਰਨ ਯਹੋਵਾਹ ਦੇ ਨਾਂ ਉੱਤੇ ਬਦਨਾਮੀ ਆਈ ਸੀ: “ਤੂੰ ਜਿਹੜਾ ਸ਼ਰਾ ਉੱਤੇ ਘਮੰਡ ਕਰਦਾ ਹੈਂ ਕੀ ਤੂੰ ਸ਼ਰਾ ਦੇ ਉਲੰਘਣ ਕਰ ਕੇ ਪਰਮੇਸ਼ੁਰ ਦਾ ਅਪਮਾਨ ਕਰਦਾ ਹੈਂ? . . . ਪਰਾਈਆਂ ਕੌਮਾਂ ਦੇ ਵਿੱਚ ਤੁਹਾਡੇ ਕਾਰਨ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ।” (ਰੋਮੀਆਂ 2:23, 24) ਅੱਜ ਵੀ ਇਹ ਸੱਚ ਹੈ ਕਿ ਜੇ ਅਸੀਂ ਬਾਈਬਲ ਦੇ ਨੈਤਿਕ ਮਿਆਰਾਂ ਉੱਤੇ ਨਾ ਚੱਲੀਏ ਤਾਂ ਅਸੀਂ ਪਰਮੇਸ਼ੁਰ ਯਾਨੀ ਉਨ੍ਹਾਂ ਦੇ ਸੋਮੇ ਨੂੰ ਬਦਨਾਮ ਕਰਾਂਗੇ। ਲੇਕਿਨ ਜੇ ਅਸੀਂ ਪਰਮੇਸ਼ੁਰ ਦੇ ਮਿਆਰਾਂ ਉੱਤੇ ਚੱਲਾਂਗੇ ਤਾਂ ਅਸੀਂ ਉਸ ਨੂੰ ਸਨਮਾਨ ਦੇਵਾਂਗੇ। (ਯਸਾਯਾਹ 52:5; ਹਿਜ਼ਕੀਏਲ 36:20) ਇਹ ਗੱਲ ਜਾਣਨ ਦੁਆਰਾ ਤੁਹਾਨੂੰ ਉਸ ਵੇਲੇ ਸਹੀ ਕਦਮ ਚੁੱਕਣ ਦੀ ਤਾਕਤ ਮਿਲੇਗੀ ਜਿਸ ਵੇਲੇ ਤੁਹਾਨੂੰ ਲੱਗੇ ਕਿ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨ ਵਿਚ ਬਾਈਬਲ ਦੇ ਮਿਆਰਾਂ ਉੱਤੇ ਚੱਲਣ ਦੀ ਬਜਾਇ ਕੋਈ ਹੋਰ ਰਸਤਾ ਆਸਾਨ ਹੈ। ਇਸ ਤੋਂ ਇਲਾਵਾ ਪੌਲੁਸ ਦੇ ਸ਼ਬਦ ਸਾਨੂੰ ਕੁਝ ਹੋਰ ਵੀ ਸਿਖਾਉਂਦੇ ਹਨ ਕਿ ਸਾਨੂੰ ਦੂਸਰਿਆਂ ਦੀ ਵੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਵੀ ਸਿਖਾਓ ਕਿ ਬਾਈਬਲ ਦੇ ਨੈਤਿਕ ਮਿਆਰਾਂ ਉੱਤੇ ਚੱਲਣ ਦੁਆਰਾ ਅਤੇ ਉਨ੍ਹਾਂ ਨੂੰ ਰੱਦ ਕਰਨ ਦੁਆਰਾ ਯਹੋਵਾਹ ਉੱਤੇ ਅਸਰ ਪਵੇਗਾ। ਬਾਈਬਲ ਦੇ ਨੈਤਿਕ ਮਿਆਰਾਂ ਉੱਤੇ ਚੱਲਣ ਦੁਆਰਾ ਸਿਰਫ਼ ਸੁਖੀ ਜੀਵਨ ਅਤੇ ਤੰਦਰੁਸਤੀ ਹੀ ਨਹੀਂ ਮਿਲਦੀ। ਪਰ ਇਸ ਨਾਲ ਪਰਮੇਸ਼ੁਰ ਦਾ ਨਾਂ ਵੀ ਰੌਸ਼ਨ ਹੁੰਦਾ ਹੈ ਜਿਸ ਨੇ ਇਹ ਮਿਆਰ ਦਿੱਤੇ ਹਨ ਅਤੇ ਜੋ ਉਨ੍ਹਾਂ ਉੱਤੇ ਚੱਲਣ ਲਈ ਸਾਨੂੰ ਹੌਸਲਾ ਦਿੰਦਾ ਹੈ।—ਜ਼ਬੂਰ 74:10; ਯਾਕੂਬ 3:17.
13. (ੳ) ਨੇਕ ਚਾਲ-ਚੱਲਣ ਦੇ ਸੰਬੰਧ ਵਿਚ ਬਾਈਬਲ ਸਾਡੀ ਕਿਸ ਤਰ੍ਹਾਂ ਮਦਦ ਕਰਦੀ ਹੈ? (ਅ) ਪਹਿਲਾ ਥੱਸਲੁਨੀਕੀਆਂ 4:3-7 ਵਿਚ ਸਾਨੂੰ ਕਿਹੜੀ ਸਲਾਹ ਮਿਲਦੀ ਹੈ?
13 ਨੇਕ ਚਾਲ-ਚੱਲਣ ਦਾ ਦੂਸਰਿਆਂ ਉੱਤੇ ਵੀ ਅਸਰ ਪੈਂਦਾ ਹੈ। ਤੁਸੀਂ ਬਾਈਬਲ ਦੀਆਂ ਉਦਾਹਰਣਾਂ ਤੋਂ ਇਹ ਦੇਖ ਸਕਦੇ ਹੋ ਕਿ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਉੱਤੇ ਚੱਲਣ ਦਾ ਕੀ ਫ਼ਾਇਦਾ ਅਤੇ ਉਨ੍ਹਾਂ ਨੂੰ ਰੱਦ ਕਰਨ ਦਾ ਕੀ ਨੁਕਸਾਨ ਹੋ ਸਕਦਾ ਹੈ। (ਉਤਪਤ 39:1-9, 21; ਯਹੋਸ਼ੁਆ 7:1-25) ਨੇਕ ਚਾਲ-ਚੱਲਣ ਬਾਰੇ ਤੁਹਾਨੂੰ ਬਾਈਬਲ ਵਿੱਚੋਂ ਇਸ ਵਰਗੀ ਜ਼ਰੂਰੀ ਸਲਾਹ ਵੀ ਮਿਲੇਗੀ: “ਪਰਮੇਸ਼ਰ ਤੁਹਾਡੇ ਤੋਂ ਹਰ ਤਰ੍ਹਾਂ ਨਾਲ ਪਵਿੱਤਰ ਰਹਿਣ ਦੀ ਮੰਗ ਕਰਦਾ ਹੈ। ਇਸ ਲਈ ਤੁਸੀਂ ਵਿਭਚਾਰ ਤੋਂ ਬਚੇ ਰਹੋ। ਤੁਹਾਡੇ ਵਿਚੋਂ ਹਰ ਕੋਈ ਆਪਣੇ ਸਰੀਰ ਤੇ ਕਾਬੂ ਪਾਉਣਾ ਸਿਖੇ। ਇਸ ਨੂੰ ਪਵਿੱਤਰ ਰੱਖੋ ਅਤੇ ਇਸ ਦਾ ਆਦਰ ਕਰੋ। ਤੁਸੀਂ ਇਸ ਨੂੰ ਆਪਣੀਆਂ ਕਾਮਵਾਸ਼ਨਾਵਾਂ ਦੇ ਹਵਾਲੇ ਨਾ ਕਰੋ, ਜਿਸ ਤਰ੍ਹਾਂ ਪਰਾਈਆਂ ਕੌਮਾਂ ਦੇ ਲੋਕ ਕਰਦੇ ਹਨ, ਜੋ ਪਰਮੇਸ਼ਰ ਨੂੰ ਨਹੀਂ ਜਾਣਦੇ। ਤੁਹਾਡੇ ਵਿਚੋਂ ਕੋਈ ਮਨੁੱਖ ਵੀ ਇਸ ਮਾਮਲੇ ਵਿਚ ਆਪਣੇ ਭਰਾ ਨਾਲ ਬੁਰਾ ਵਰਤਾਵ ਨਾ ਕਰੇ ਅਤੇ ਨਾ ਹੀ ਉਹ ਉਸ ਦੇ ਹੱਕ ਤੇ ਡਾਕਾ ਮਾਰੇ। . . . ਪਰਮੇਸ਼ਰ ਨੇ ਸਾਨੂੰ ਸ਼ੁੱਧ ਜੀਵਣ ਗੁਜ਼ਾਰਨ ਦੇ ਲਈ ਸਦਿਆ ਹੈ, ਨਾ ਕਿ ਭੈੜੇ ਆਚਰਨ ਦੇ ਲਈ।”—1 ਥਸਲੁਨੀਕੀਆਂ 4:3-7, ਪਵਿੱਤਰ ਬਾਈਬਲ ਨਵਾਂ ਅਨੁਵਾਦ।
14. ਪਹਿਲਾ ਥੱਸਲੁਨੀਕੀਆਂ 4:3-7 ਵਿਚ ਪਾਈ ਗਈ ਸਲਾਹ ਬਾਰੇ ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ?
14 ਇਸ ਹਵਾਲੇ ਤੋਂ ਹਰ ਕੋਈ ਦੇਖ ਸਕਦਾ ਹੈ ਕਿ ਅਨੈਤਿਕਤਾ ਬਾਈਬਲ ਦੇ ਮਿਆਰਾਂ ਦੇ ਖ਼ਿਲਾਫ ਹੈ। ਲੇਕਿਨ ਤੁਸੀਂ ਇਸ ਹਵਾਲੇ ਦੀ ਹੋਰ ਵੀ ਡੂੰਘੀ ਸਮਝ ਹਾਸਲ ਕਰ ਸਕਦੇ ਹੋ। ਕੁਝ ਆਇਤਾਂ ਦਾ ਜ਼ਿਆਦਾ ਅਧਿਐਨ ਅਤੇ ਉਨ੍ਹਾਂ ਉੱਤੇ ਗੌਰ ਕਰਨ ਦੁਆਰਾ ਉਨ੍ਹਾਂ ਦੀ ਹੋਰ ਵੀ ਸਮਝ ਮਿਲ ਸਕਦੀ ਹੈ। ਮਿਸਾਲ ਲਈ ਤੁਸੀਂ ਸ਼ਾਇਦ ਪੌਲੁਸ ਦੇ ਸ਼ਬਦਾਂ ਉੱਤੇ ਵਿਚਾਰ ਕਰੋ ਜਦ ਉਸ ਨੇ ਕਿਹਾ ਕਿ ਹਰਾਮਕਾਰੀ ਕਰਨ ਦੁਆਰਾ ਤੁਸੀਂ ‘ਆਪਣੇ ਭਰਾ ਨਾਲ ਬੁਰਾ ਵਰਤਾਵ ਅਤੇ ਉਸ ਦੇ ਹੱਕ ਤੇ ਡਾਕਾ ਮਾਰ’ ਸਕਦੇ ਹੋ। (1 ਥਸਲੁਨੀਕੀਆਂ 4:6, ਨਵਾਂ ਅਨੁਵਾਦ) ਇੱਥੇ ਕਿਨ੍ਹਾਂ ਹੱਕਾਂ ਬਾਰੇ ਗੱਲ ਕੀਤੀ ਗਈ ਹੈ ਅਤੇ ਇਨ੍ਹਾਂ ਬਾਰੇ ਸਹੀ ਸਮਝ ਹਾਸਲ ਕਰਨ ਦੁਆਰਾ ਤੁਹਾਨੂੰ ਬਾਈਬਲ ਦੇ ਨੈਤਿਕ ਮਿਆਰਾਂ ਉੱਤੇ ਚੱਲਦੇ ਰਹਿਣ ਲਈ ਕਿਵੇਂ ਪ੍ਰੇਰਣਾ ਮਿਲੇਗੀ? ਇਸ ਤਰ੍ਹਾਂ ਅਧਿਐਨ ਕਰਨ ਦੁਆਰਾ ਤੁਹਾਨੂੰ ਕਿਸ ਤਰ੍ਹਾਂ ਮਦਦ ਮਿਲੇਗੀ ਤਾਂਕਿ ਤੁਸੀਂ ਦੂਸਰਿਆਂ ਨੂੰ ਸਿਖਾ ਸਕੋ ਅਤੇ ਪਰਮੇਸ਼ੁਰ ਦਾ ਸਨਮਾਨ ਕਰਨ ਵਿਚ ਉਨ੍ਹਾਂ ਦੀ ਮਦਦ ਕਰ ਸਕੋ?
ਦੂਸਰਿਆਂ ਨੂੰ ਸਿਖਾਉਣ ਲਈ ਅਧਿਐਨ ਕਰੋ
15. ਨਿੱਜੀ ਅਧਿਐਨ ਦੁਆਰਾ ਸਿੱਖਿਆ ਹਾਸਲ ਕਰਨ ਵਿਚ ਤੁਸੀਂ ਕਿਹੜੇ ਸੰਦ ਵਰਤ ਸਕਦੇ ਹੋ?
15 ਯਹੋਵਾਹ ਦੇ ਗਵਾਹਾਂ ਕੋਲ ਕੁਝ ਐਸੇ ਸੰਦ ਹਨ ਜੋ ਉਹ ਵੱਖਰੇ-ਵੱਖਰੇ ਸਵਾਲਾਂ ਅਤੇ ਮਾਮਲਿਆਂ ਬਾਰੇ ਰੀਸਰਚ ਕਰਨ ਲਈ ਵਰਤਦੇ ਹਨ ਤਾਂਕਿ ਉਹ ਆਪ ਨੂੰ ਅਤੇ ਦੂਸਰਿਆਂ ਨੂੰ ਸਿਖਾ ਸਕਣ। ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਇਕ ਅਜਿਹਾ ਸੰਦ ਹੈ ਜੋ ਕਈਆਂ ਭਾਸ਼ਾਵਾਂ ਵਿਚ ਮਿਲ ਸਕਦਾ ਹੈ। ਅਗਰ ਤੁਹਾਡੇ ਕੋਲ ਇਹ ਕਿਤਾਬ ਹੈ ਤਾਂ ਤੁਸੀਂ ਇਸ ਨੂੰ ਯਹੋਵਾਹ ਦੇ ਗਵਾਹਾਂ ਦੀਆਂ ਦੂਸਰੀਆਂ ਬਾਈਬਲ ਆਧਾਰਿਤ ਪੁਸਤਕਾਂ ਵਿੱਚੋਂ ਜਾਣਕਾਰੀ ਹਾਸਲ ਕਰਨ ਲਈ ਵਰਤ ਸਕਦੇ ਹੋ। ਤੁਸੀਂ ਕਿਸੇ ਵੀ ਵਿਸ਼ੇ ਉੱਤੇ ਜਾਂ ਬਾਈਬਲ ਦੀ ਕਿਸੇ ਵੀ ਆਇਤ ਬਾਰੇ ਇਸ ਵਿਚ ਖੋਜ ਕਰ ਸਕਦੇ ਹੋ। ਯਹੋਵਾਹ ਦੇ ਗਵਾਹ ਵਾਚ ਟਾਵਰ ਲਾਇਬ੍ਰੇਰੀ ਵੀ ਇਸਤੇਮਾਲ ਕਰਦੇ ਹਨ ਜੋ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਹੈ। ਇਹ ਕੰਪਿਊਟਰ ਪ੍ਰੋਗ੍ਰਾਮ ਸੀ.ਡੀ-ਰੋਮ ਉੱਤੇ ਹੈ ਅਤੇ ਇਸ ਵਿਚ ਬਹੁਤ ਸਾਰੀਆਂ ਪੁਸਤਕਾਂ ਹਨ। ਇਸ ਕੰਪਿਊਟਰ ਪ੍ਰੋਗ੍ਰਾਮ ਦੁਆਰਾ ਅਸੀਂ ਬਾਈਬਲ ਦੀਆਂ ਗੱਲਾਂ ਬਾਰੇ ਰੀਸਰਚ ਕਰ ਸਕਦੇ ਹਾਂ। ਜੇਕਰ ਤੁਹਾਡੇ ਕੋਲ ਅਜਿਹੇ ਸੰਦ ਹਨ ਤਾਂ ਇਨ੍ਹਾਂ ਨੂੰ ਬਾਈਬਲ ਦਾ ਅਧਿਐਨ ਕਰਨ ਵਿਚ ਇਸਤੇਮਾਲ ਕਰੋ ਤਾਂਕਿ ਤੁਸੀਂ ਦੂਸਰਿਆਂ ਨੂੰ ਵੀ ਸਿਖਾ ਸਕੋ।
16, 17. (ੳ) ਪਹਿਲਾ ਥੱਸਲੁਨੀਕੀਆਂ 4:6 ਵਿਚ ਜ਼ਿਕਰ ਕੀਤੇ ਗਏ ਹੱਕਾਂ ਬਾਰੇ ਕਿੱਥੋਂ ਜਾਣਕਾਰੀ ਮਿਲ ਸਕਦੀ ਹੈ? (ਅ) ਵਿਭਚਾਰ ਕਰਨ ਦੁਆਰਾ ਇਕ ਵਿਅਕਤੀ ਦੂਸਰਿਆਂ ਦੇ ਹੱਕਾਂ ਉੱਤੇ ਕਿਵੇਂ ਡਾਕਾ ਮਾਰਦਾ ਹੈ?
16 ਉੱਪਰ ਦਿੱਤੀ ਗਈ 1 ਥੱਸਲੁਨੀਕੀਆਂ 4:3-7 ਦੀ ਮਿਸਾਲ ਵੱਲ ਧਿਆਨ ਦਿਓ। ਉੱਥੇ ਹੱਕਾਂ ਬਾਰੇ ਸਵਾਲ ਉੱਠਿਆ ਸੀ। ਕਿਸ ਦੇ ਹੱਕ? ਅਤੇ ਅਸੀਂ ਦੂਸਰਿਆਂ ਦੇ ਹੱਕਾਂ ਉੱਤੇ ਕਿਸ ਤਰ੍ਹਾਂ ਡਾਕਾ ਮਾਰ ਸਕਦੇ ਹਾਂ? ਉੱਪਰ ਜ਼ਿਕਰ ਕੀਤੇ ਗਏ ਔਜ਼ਾਰਾਂ ਨੂੰ ਵਰਤ ਕੇ ਤੁਸੀਂ ਇਨ੍ਹਾਂ ਆਇਤਾਂ ਬਾਰੇ ਬਹੁਤ ਸਾਰੀ ਜਾਣਕਾਰੀ ਅਤੇ ਰੌਸ਼ਨੀ ਹਾਸਲ ਕਰ ਸਕਦੇ ਹੋ। ਜੀ ਹਾਂ, ਤੁਸੀਂ ਉਨ੍ਹਾਂ ਹੱਕਾਂ ਬਾਰੇ ਵੀ ਸਮਝ ਹਾਸਲ ਕਰ ਸਕਦੇ ਹੋ ਜਿਨ੍ਹਾਂ ਦਾ ਜ਼ਿਕਰ ਪੌਲੁਸ ਰਸੂਲ ਨੇ ਕੀਤਾ ਸੀ। ਇਹ ਜਾਣਕਾਰੀ ਤੁਹਾਨੂੰ ਇਨਸਾਈਟ ਔਨ ਦ ਸਕ੍ਰਿਪਚਰਸ, ਖੰਡ 1, ਸਫ਼ੇ 863-4; ਸੱਚੀ ਸ਼ਾਂਤੀ ਅਤੇ ਸੁਰੱਖਿਆ—ਤੁਸੀਂ ਇਨ੍ਹਾਂ ਨੂੰ ਕਿਸ ਤਰ੍ਹਾਂ ਪਾ ਸਕਦੇ ਹੋ? (ਅੰਗ੍ਰੇਜ਼ੀ), ਸਫ਼ਾ 145; ਅਤੇ 15 ਨਵੰਬਰ 1989 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 31 ਤੋਂ ਮਿਲ ਸਕਦੀ ਹੈ।
17 ਇਸ ਤਰ੍ਹਾਂ ਅਧਿਐਨ ਕਰਨ ਦੁਆਰਾ ਤੁਸੀਂ ਦੇਖੋਗੇ ਕਿ ਇਹ ਪ੍ਰਕਾਸ਼ਨਾਂ ਪੌਲੁਸ ਦੀ ਗੱਲ ਸਹੀ ਸਾਬਤ ਕਰਦੀਆਂ ਹਨ। ਇਕ ਵਿਭਚਾਰੀ ਪਰਮੇਸ਼ੁਰ ਦੀ ਨਜ਼ਰ ਵਿਚ ਪਾਪ ਕਰਦਾ ਹੈ ਅਤੇ ਖ਼ੁਦ ਨੂੰ ਬੀਮਾਰੀ ਵੀ ਲਗਾ ਸਕਦਾ ਹੈ। (1 ਕੁਰਿੰਥੀਆਂ 6:18, 19; ਇਬਰਾਨੀਆਂ 13:4) ਇਕ ਆਦਮੀ ਜੋ ਵਿਭਚਾਰ ਕਰਦਾ ਹੈ ਉਹ ਉਸ ਔਰਤ ਦਿਆਂ ਹੱਕਾਂ ਉੱਤੇ ਡਾਕਾ ਮਾਰਦਾ ਹੈ ਜਿਸ ਨਾਲ ਉਹ ਪਾਪ ਕਰਦਾ ਹੈ। ਉਹ ਉਸ ਦੇ ਨੇਕ ਚਾਲ-ਚੱਲਣ ਅਤੇ ਸ਼ੁੱਧ ਜ਼ਮੀਰ ਨੂੰ ਤਬਾਹ ਕਰ ਦਿੰਦਾ ਹੈ। ਜੇਕਰ ਉਸ ਔਰਤ ਦਾ ਹਾਲੇ ਵਿਆਹ ਨਾ ਹੋਇਆ ਹੋਵੇ, ਤਾਂ ਉਹ ਆਦਮੀ ਉਸ ਦੇ ਕੁਆਰੀ ਵਜੋਂ ਵਿਆਹ ਕਰਨ ਦੇ ਹੱਕ ਉੱਤੇ ਡਾਕਾ ਮਾਰਦਾ ਹੈ ਅਤੇ ਉਸ ਦੇ ਹੋਣ ਵਾਲੇ ਪਤੀ ਦੇ ਕੁਆਰੀ ਨਾਲ ਵਿਆਹ ਕਰਨ ਦੇ ਹੱਕ ਉੱਤੇ ਡਾਕਾ ਮਾਰਦਾ ਹੈ। ਜੇਕਰ ਉਸ ਦਾ ਵਿਆਹ ਹੋ ਚੁੱਕਾ ਹੈ ਤਾਂ ਉਹ ਆਦਮੀ ਉਸ ਔਰਤ ਦੇ ਪਤੀ ਦਾ ਅਤੇ ਉਸ ਦੇ ਮਾਪਿਆਂ ਦਾ ਦਿਲ ਦੁਖੀ ਕਰਦਾ ਹੈ। ਉਹ ਬਦਚਲਣ ਆਦਮੀ ਆਪਣੇ ਪਰਿਵਾਰ ਦਾ ਨੇਕ ਨਾਮ ਵੀ ਬਰਬਾਦ ਕਰਦਾ ਹੈ। ਜੇਕਰ ਉਹ ਮਸੀਹੀ ਕਲੀਸਿਯਾ ਦਾ ਇਕ ਮੈਂਬਰ ਹੈ ਤਾਂ ਉਹ ਉਸ ਉੱਤੇ ਵੀ ਬਦਨਾਮੀ ਲਿਆਉਂਦਾ ਹੈ।—1 ਕੁਰਿੰਥੀਆਂ 5:1.
18. ਬਾਈਬਲ ਦੇ ਨੈਤਿਕ ਮਿਆਰਾਂ ਦਾ ਅਧਿਐਨ ਕਰਨ ਦਾ ਤੁਹਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ?
18 ਕੀ ਹੱਕਾਂ ਬਾਰੇ ਇਹ ਜਾਣਕਾਰੀ ਪਾ ਕੇ ਇਸ ਆਇਤ ਬਾਰੇ ਸਾਡੀ ਸਮਝ ਹੋਰ ਨਹੀਂ ਵਧਦੀ? ਇਸ ਤਰ੍ਹਾਂ ਅਧਿਐਨ ਕਰਨਾ ਬਹੁਤ ਹੀ ਫ਼ਾਇਦੇਮੰਦ ਹੈ। ਇਸ ਤਰ੍ਹਾਂ ਕਰਨ ਦੁਆਰਾ ਤੁਸੀਂ ਆਪਣੇ ਆਪ ਨੂੰ ਸਿਖਾ ਰਹੇ ਹੋਵੋਗੇ। ਸੱਚਾਈ ਬਾਰੇ ਤੁਹਾਡੀ ਸਮਝ ਵਧਦੀ ਹੈ ਅਤੇ ਪਰਮੇਸ਼ੁਰ ਦੇ ਸੰਦੇਸ਼ ਦਾ ਤੁਹਾਡੇ ਉੱਤੇ ਜ਼ਿਆਦਾ ਅਸਰ ਹੁੰਦਾ ਹੈ। ਹਰ ਪਰੀਖਿਆ ਦੌਰਾਨ ਬਾਈਬਲ ਦੇ ਨੈਤਿਕ ਮਿਆਰਾਂ ਉੱਤੇ ਚੱਲਣ ਲਈ ਤੁਹਾਡਾ ਇਰਾਦਾ ਪੱਕਾ ਹੁੰਦਾ ਹੈ। ਅਤੇ ਜ਼ਰਾ ਸੋਚੋ ਕਿ ਤੁਸੀਂ ਦੂਸਰਿਆਂ ਨੂੰ ਕਿੰਨੇ ਵਧੀਆ ਢੰਗ ਨਾਲ ਸਿਖਾ ਸਕਦੇ ਹੋ! ਮਿਸਾਲ ਲਈ ਦੂਸਰਿਆਂ ਨੂੰ ਬਾਈਬਲ ਦੀ ਸੱਚਾਈ ਸਿਖਾਉਂਦੇ ਹੋਏ ਤੁਸੀਂ 1 ਥੱਸਲੁਨੀਕੀਆਂ 4:3-7 ਬਾਰੇ ਉਨ੍ਹਾਂ ਦੀ ਸਮਝ ਅਤੇ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਲਈ ਕਦਰ ਵਧਾ ਸਕਦੇ ਹੋ। ਇਸ ਤਰ੍ਹਾਂ ਅਧਿਐਨ ਕਰਨ ਨਾਲ ਪਰਮੇਸ਼ੁਰ ਦੀ ਵਡਿਆਈ ਕਰਨ ਵਿਚ ਤੁਹਾਡੀ ਅਤੇ ਦੂਸਰਿਆਂ ਦੀ ਮਦਦ ਹੋਵੇਗੀ। ਅਤੇ ਅਸੀਂ ਇੱਥੇ ਥੱਸਲੁਨੀਕੀਆਂ ਨੂੰ ਪੌਲੁਸ ਦੀ ਪੱਤਰੀ ਤੋਂ ਸਿਰਫ਼ ਇਕ ਮਿਸਾਲ ਦਾ ਜ਼ਿਕਰ ਕੀਤਾ ਹੈ। ਬਾਈਬਲ ਦੇ ਨੈਤਿਕ ਮਿਆਰਾਂ ਬਾਰੇ ਹੋਰ ਬਹੁਤ ਸਾਰੀਆਂ ਮਿਸਾਲਾਂ ਅਤੇ ਹਿਦਾਇਤਾਂ ਹਨ ਜਿਨ੍ਹਾਂ ਦਾ ਤੁਸੀਂ ਅਧਿਐਨ ਕਰ ਕੇ ਆਪਣੇ ਜੀਵਨ ਵਿਚ ਲਾਗੂ ਕਰ ਸਕਦੇ ਹੋ ਅਤੇ ਦੂਸਰਿਆਂ ਨੂੰ ਵੀ ਸਿਖਾ ਸਕਦੇ ਹੋ।
19. ਬਾਈਬਲ ਦੇ ਨੈਤਿਕ ਮਿਆਰਾਂ ਉੱਤੇ ਚੱਲਣਾ ਤੁਹਾਡੇ ਲਈ ਇੰਨਾ ਜ਼ਰੂਰੀ ਕਿਉਂ ਹੈ?
19 ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਈਬਲ ਦੇ ਨੈਤਿਕ ਮਿਆਰਾਂ ਉੱਤੇ ਚੱਲਣਾ ਅਕਲਮੰਦੀ ਦੀ ਗੱਲ ਹੈ। ਯਾਕੂਬ 3:17 ਕਹਿੰਦਾ ਹੈ ਕਿ ‘ਉੱਪਰੋਂ ਬੁੱਧ,’ ਯਾਨੀ ਯਹੋਵਾਹ ਪਰਮੇਸ਼ੁਰ ਤੋਂ ਬੁੱਧ “ਪਹਿਲਾਂ ਪਵਿੱਤਰ ਹੈ।” ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਾਨੂੰ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਉੱਤੇ ਚੱਲਣਾ ਚਾਹੀਦਾ ਹੈ। ਦਰਅਸਲ, ਯਹੋਵਾਹ ਚਾਹੁੰਦਾ ਹੈ ਕਿ ਜੋ ਦੂਸਰਿਆਂ ਨੂੰ ਬਾਈਬਲ ਦੀ ਸਿੱਖਿਆ ਦਿੰਦੇ ਹਨ ਉਹ ਖ਼ੁਦ “ਪਵਿੱਤਰਤਾਈ ਵਿੱਚ” ਇਕ ਚੰਗਾ ਨਮੂਨਾ ਕਾਇਮ ਕਰਨ। (1 ਤਿਮੋਥਿਉਸ 4:12) ਇਹ ਗੱਲ ਪੌਲੁਸ ਅਤੇ ਤਿਮੋਥਿਉਸ ਵਰਗੇ ਚੇਲਿਆਂ ਦੇ ਜੀਵਨ ਵੱਲ ਧਿਆਨ ਦੇ ਕੇ ਜ਼ਾਹਰ ਹੁੰਦੀ ਹੈ; ਉਨ੍ਹਾਂ ਦਾ ਚਾਲ-ਚੱਲਣ ਹਮੇਸ਼ਾ ਨੇਕ ਸੀ, ਤਾਂ ਪੌਲੁਸ ਨੇ ਇਹ ਵੀ ਲਿਖਿਆ ਕਿ “ਹਰਾਮਕਾਰੀ ਅਤੇ ਹਰ ਭਾਂਤ ਦੇ ਗੰਦ ਮੰਦ ਅਥਵਾ ਲੋਭ ਦਾ ਤੁਹਾਡੇ ਵਿੱਚ ਨਾਉਂ ਵੀ ਨਾ ਹੋਵੇ ਜਿਵੇਂ ਸੰਤਾਂ ਨੂੰ ਜੋਗ ਹੈ। ਅਤੇ ਨਾ ਬੇਸ਼ਰਮੀ, ਨਾ ਮੂੜ੍ਹ ਬਚਨ ਅਥਵਾ ਠੱਠੇ ਬਾਜ਼ੀ।”—ਅਫ਼ਸੀਆਂ 5:3, 4.
20, 21. ਪਹਿਲੇ ਯੂਹੰਨਾ 5:3 ਵਿਚ ਦਰਜ ਯੂਹੰਨਾ ਰਸੂਲ ਦੇ ਸ਼ਬਦਾਂ ਨਾਲ ਤੁਸੀਂ ਕਿਉਂ ਸਹਿਮਤ ਹੋ?
20 ਇਹ ਸੱਚ ਹੈ ਕਿ ਪਰਮੇਸ਼ੁਰ ਦੇ ਬਚਨ ਵਿਚ ਪਾਏ ਗਏ ਨੈਤਿਕ ਮਿਆਰ ਸਾਫ਼ ਦੱਸੇ ਜਾਂਦੇ ਹਨ ਲੇਕਿਨ ਉਹ ਸਾਡੇ ਲਈ ਇਕ ਬੋਝ ਨਹੀਂ ਹਨ। ਯੂਹੰਨਾ ਇਹ ਗੱਲ ਜਾਣਦਾ ਸੀ, ਜੋ ਬਾਕੀ ਸਾਰਿਆਂ ਰਸੂਲਾਂ ਤੋਂ ਬਾਅਦ ਮਰਿਆ ਸੀ। ਆਪਣੀ ਲੰਬੀ ਉਮਰ ਦੌਰਾਨ ਜੋ ਉਸ ਨੇ ਦੇਖਿਆ ਸੀ ਉਸ ਤੋਂ ਉਹ ਜਾਣਦਾ ਸੀ ਕਿ ਬਾਈਬਲ ਦੇ ਨੈਤਿਕ ਮਿਆਰ ਹਾਨੀਕਾਰਕ ਨਹੀਂ ਹਨ। ਇਸ ਦੀ ਬਜਾਇ ਉਹ ਨੇਕ, ਫ਼ਾਇਦੇਮੰਦ, ਅਤੇ ਇਕ ਬਰਕਤ ਸਨ। ਇਸ ਗੱਲ ਉੱਤੇ ਯੂਹੰਨਾ ਨੇ ਇਨ੍ਹਾਂ ਸ਼ਬਦਾਂ ਦੁਆਰਾ ਜ਼ੋਰ ਦਿੱਤਾ ਕਿ “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।”—1 ਯੂਹੰਨਾ 5:3.
21 ਪਰ ਧਿਆਨ ਦਿਓ ਕਿ ਯੂਹੰਨਾ ਨੇ ਨੈਤਿਕ ਮਿਆਰਾਂ ਉੱਤੇ ਚੱਲ ਕੇ ਪਰਮੇਸ਼ੁਰ ਦੀ ਆਗਿਆ ਦੀ ਪਾਲਣਾ ਕਰਨੀ ਸਿਰਫ਼ ਇਸ ਲਈ ਹੀ ਨਹੀਂ ਜ਼ਰੂਰੀ ਸਮਝੀ ਕਿਉਂਕਿ ਇਹ ਰਾਹ ਸਾਨੂੰ ਮੁਸ਼ਕਲਾਂ ਤੋਂ ਬਚਾਉਂਦਾ ਹੈ, ਮਤਲਬ ਕਿ ਸਾਨੂੰ ਬੁਰੇ ਨਤੀਜਿਆਂ ਤੋਂ ਦੂਰ ਰੱਖਦਾ ਹੈ। ਸਗੋਂ ਉਸ ਨੇ ਸਹੀ ਤੌਰ ਤੇ ਸਾਨੂੰ ਸਮਝਾਇਆ ਕਿ ਯਹੋਵਾਹ ਪਰਮੇਸ਼ੁਰ ਦੀ ਆਗਿਆ ਪਾਲਣ ਦੁਆਰਾ ਸਾਨੂੰ ਉਸ ਲਈ ਆਪਣਾ ਪਿਆਰ ਸਾਬਤ ਕਰਨ ਦਾ ਬਹੁਤ ਹੀ ਵਧੀਆ ਮੌਕਾ ਮਿਲਦਾ ਹੈ। ਸੱਚ-ਮੁੱਚ ਹੀ, ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਪਰਮੇਸ਼ੁਰ ਨਾਲ ਪਿਆਰ ਕਰਨਾ ਸਿਖਾਉਣ ਲਈ ਸਾਨੂੰ ਉਸ ਦੇ ਉੱਚੇ ਮਿਆਰ ਸਵੀਕਾਰ ਕਰਨੇ ਅਤੇ ਉਨ੍ਹਾਂ ਉੱਤੇ ਚੱਲਣ ਦੀ ਜ਼ਰੂਰਤ ਹੈ। ਜੀ ਹਾਂ, ਇਸ ਦਾ ਮਤਲਬ ਹੈ ਕਿ ਸਾਨੂੰ ਬਾਈਬਲ ਦੇ ਨੈਤਿਕ ਮਿਆਰ ਸਿੱਖਣੇ ਅਤੇ ਦੂਸਰਿਆਂ ਨੂੰ ਸਿਖਾਉਣੇ ਚਾਹੀਦੇ ਹਨ।
[ਫੁਟਨੋਟ]
a ਭਾਵੇਂ ਕਿ ਜੋਸੀਫ਼ਸ ਨੇ ਕਿਹਾ ਸੀ ਕਿ ਯਹੂਦੀ ਲੋਕ ਪਵਿੱਤਰ ਚੀਜ਼ਾਂ ਦਾ ਅਪਮਾਨ ਨਹੀਂ ਕਰਦੇ ਸਨ ਉਸ ਨੇ ਫਿਰ ਵੀ ਇਹ ਲਿਖਿਆ: “ਦੂਸਰੇ ਸ਼ਹਿਰਾਂ ਦੇ ਦੇਵਤਿਆਂ ਦੇ ਖ਼ਿਲਾਫ਼ ਕਿਸੇ ਨੂੰ ਕੁਫ਼ਰ ਨਹੀਂ ਬੋਲਣਾ ਚਾਹੀਦਾ, ਨਾ ਹੀ ਗ਼ੈਰ-ਯਹੂਦੀ ਮੰਦਰਾਂ ਨੂੰ ਲੁੱਟਣਾ ਚਾਹੀਦਾ ਹੈ, ਅਤੇ ਨਾ ਹੀ ਉਹ ਖ਼ਜ਼ਾਨਾ ਲੈਣਾ ਚਾਹੀਦਾ ਹੈ ਜੋ ਕਿਸੇ ਦੇਵੀ-ਦੇਵਤੇ ਲਈ ਅਰਪਿਤ ਕੀਤਾ ਗਿਆ ਹੈ।” (ਟੇਢੇ ਟਾਈਪ ਸਾਡੇ।)—ਯਹੂਦੀ ਪੁਰਾਤਨ ਸਭਿਆਚਾਰ (ਅੰਗ੍ਰੇਜ਼ੀ), ਚੌਥੀ ਪੁਸਤਕ, 8ਵਾਂ ਅਧਿਆਇ, 10ਵਾਂ ਪੈਰਾ।
b ਯਹੂਦੀ ਪੁਰਾਤਨ ਸਭਿਆਚਾਰ (ਅੰਗ੍ਰੇਜ਼ੀ), ਅਠਾਰ੍ਹਵੀਂ ਪੁਸਤਕ, ਤੀਜਾ ਅਧਿਆਇ, 5ਵਾਂ ਪੈਰਾ।
ਕੀ ਤੁਹਾਨੂੰ ਯਾਦ ਹੈ?
• ਦੂਸਰਿਆਂ ਨੂੰ ਸਿਖਾਉਣ ਤੋਂ ਪਹਿਲਾਂ ਸਾਨੂੰ ਅਧਿਐਨ ਕਰਨ ਦੁਆਰਾ ਆਪ ਸਿੱਖਿਆ ਕਿਉਂ ਹਾਸਲ ਕਰਨੀ ਚਾਹੀਦੀ ਹੈ?
• ਸਾਡੇ ਚਾਲ-ਚੱਲਣ ਦਾ ਯਹੋਵਾਹ ਉੱਤੇ ਕਿਵੇਂ ਅਸਰ ਪੈ ਸਕਦਾ ਹੈ?
• ਇਕ ਵਿਭਚਾਰੀ ਕਿਨ੍ਹਾਂ ਦੇ ਹੱਕਾਂ ਉੱਤੇ ਡਾਕਾ ਮਾਰਦਾ ਹੈ?
• ਬਾਈਬਲ ਦੇ ਨੈਤਿਕ ਮਿਆਰਾਂ ਦੇ ਸੰਬੰਧ ਵਿਚ ਤੁਹਾਡਾ ਕੀ ਕਰਨ ਦਾ ਪੱਕਾ ਇਰਾਦਾ ਹੈ?
[ਸਫ਼ੇ 22 ਉੱਤੇ ਤਸਵੀਰ]
‘ਉਹ ਦੇ ਹੁਕਮ ਸਾਡੇ ਲਈ ਔਖੇ ਨਹੀਂ ਹਨ’