ਬਿਪਤਾਵਾਂ ਵਿਚ ਦਿਲਾਸਾ
ਅੱਜ-ਕੱਲ੍ਹ ਦੀਆਂ ਖ਼ਬਰਾਂ ਤੋਂ ਜ਼ਰਾ ਵੀ ਦਿਲਾਸਾ ਨਹੀਂ ਮਿਲਦਾ। ਇਕ ਆਦਮੀ ਨੇ ਲਿਖਿਆ: “ਅੱਜ ਦੀਆਂ ਘਟਨਾਵਾਂ ਇੰਨੀਆਂ ਦੁਖਦਾਈ ਹੁੰਦੀਆਂ ਹਨ ਕਿ ਕਈ ਵਾਰ ਅਸੀਂ ਸੋਚਣ ਲੱਗ ਪੈਂਦੇ ਹਾਂ ਕਿ ਛੇ ਵਜੇ ਦੀਆਂ ਖ਼ਬਰਾਂ ਦੇਖੀਏ ਕਿ ਨਾ ਦੇਖੀਏ।” ਅੱਜ ਦੁਨੀਆਂ ਵਿਚ ਲੜਾਈਆਂ, ਅੱਤਵਾਦੀ ਹਮਲਿਆਂ, ਦੁੱਖਾਂ, ਜ਼ੁਲਮਾਂ ਅਤੇ ਬੀਮਾਰੀਆਂ ਦਾ ਹੜ੍ਹ ਆਇਆ ਹੋਇਆ ਹੈ। ਜੇ ਇਨ੍ਹਾਂ ਬੁਰਾਈਆਂ ਦਾ ਤੁਹਾਡੇ ਉੱਤੇ ਹਾਲੇ ਕੋਈ ਅਸਰ ਨਹੀਂ ਪਿਆ, ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸੇ-ਨ-ਕਿਸੇ ਤਰ੍ਹਾਂ ਇਨ੍ਹਾਂ ਦਾ ਤੁਹਾਡੇ ਉੱਤੇ ਅਸਰ ਪੈ ਸਕਦਾ ਹੈ।
ਬਾਈਬਲ ਨੇ ਪਹਿਲਾਂ ਹੀ ਇਨ੍ਹਾਂ ਹਾਲਾਤਾਂ ਬਾਰੇ ਦੱਸਿਆ ਸੀ। ਯਿਸੂ ਨੇ ਵੀ ਦੱਸਿਆ ਸੀ ਕਿ ਸਾਡੇ ਜ਼ਮਾਨੇ ਵਿਚ ਵੱਡੀਆਂ-ਵੱਡੀਆਂ ਲੜਾਈਆਂ ਹੋਣਗੀਆਂ, ਮਰੀਆਂ ਪੈਣਗੀਆਂ, ਭੁੱਖਮਰੀ ਹੋਵੇਗੀ ਅਤੇ ਭੁਚਾਲ ਆਉਣਗੇ। (ਲੂਕਾ 21:10, 11) ਇਸੇ ਤਰ੍ਹਾਂ ਪੌਲੁਸ ਰਸੂਲ ਨੇ ਵੀ ‘ਭੈੜੇ ਸਮਿਆਂ’ ਬਾਰੇ ਲਿਖਿਆ ਸੀ ਜਿਨ੍ਹਾਂ ਵਿਚ ਲੋਕ ਕਠੋਰ, ਪੈਸੇ ਦੇ ਲੋਭੀ ਅਤੇ ਨੇਕੀ ਦੇ ਵੈਰੀ ਹੋਣਗੇ। ਉਸ ਨੇ ਇਨ੍ਹਾਂ ਭੈੜੇ ਸਮਿਆਂ ਨੂੰ ‘ਅੰਤ ਦੇ ਦਿਨ’ ਕਿਹਾ ਸੀ।—2 ਤਿਮੋਥਿਉਸ 3:1-5.
ਇਸ ਤਰ੍ਹਾਂ ਖ਼ਬਰਾਂ ਵਿਚ ਦੱਸੇ ਜਾਂਦੇ ਦੁਨੀਆਂ ਦੇ ਮਾੜੇ ਹਾਲਾਤ ਬਾਈਬਲ ਵਿਚ ਪਹਿਲਾਂ ਹੀ ਦੱਸੇ ਗਏ ਹਾਲਾਤਾਂ ਨਾਲ ਮਿਲਦੇ-ਜੁਲਦੇ ਹਨ। ਜਦ ਕਿ ਖ਼ਬਰਾਂ ਵਿਚ ਇਨ੍ਹਾਂ ਹਾਲਾਤਾਂ ਤੋਂ ਸਿਵਾਇ ਹੋਰ ਕੁਝ ਨਹੀਂ ਦੱਸਿਆ ਜਾਂਦਾ, ਪਰ ਬਾਈਬਲ ਸਾਨੂੰ ਇਕ ਖ਼ੁਸ਼ ਖ਼ਬਰੀ ਦਿੰਦੀ ਹੈ। ਪਰਮੇਸ਼ੁਰ ਦੇ ਇਸ ਬਚਨ ਵਿੱਚੋਂ ਅਸੀਂ ਨਾ ਸਿਰਫ਼ ਇਹ ਜਾਣ ਸਕਦੇ ਹਾਂ ਕਿ ਅੱਜ ਇੰਨੀ ਬੁਰਾਈ ਕਿਉਂ ਹੈ, ਸਗੋਂ ਇਹ ਵੀ ਜਾਣ ਸਕਦੇ ਹਾਂ ਕਿ ਭਵਿੱਖ ਵਿਚ ਕੀ ਹੋਵੇਗਾ।
ਬੁਰਾਈ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ?
ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਸਾਡੇ ਜ਼ਮਾਨੇ ਦੇ ਦੁਖਦਾਈ ਹਾਲਾਤਾਂ ਬਾਰੇ ਕੀ ਨਜ਼ਰੀਆ ਰੱਖਦਾ ਹੈ। ਹਾਲਾਂਕਿ ਉਹ ਇਨ੍ਹਾਂ ਹਾਲਾਤਾਂ ਬਾਰੇ ਪਹਿਲਾਂ ਤੋਂ ਹੀ ਜਾਣਦਾ ਹੈ, ਪਰ ਉਸ ਨੂੰ ਨਾ ਤਾਂ ਇਨ੍ਹਾਂ ਹਾਲਾਤਾਂ ਨੂੰ ਦੇਖ ਕੇ ਕੋਈ ਖ਼ੁਸ਼ੀ ਮਿਲਦੀ ਹੈ ਤੇ ਨਾ ਹੀ ਉਹ ਇਨ੍ਹਾਂ ਨੂੰ ਹਮੇਸ਼ਾ ਲਈ ਰਹਿਣ ਦੇਵੇਗਾ। ਯੂਹੰਨਾ ਰਸੂਲ ਨੇ ਲਿਖਿਆ ਸੀ ਕਿ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਯਹੋਵਾਹ ਬੜੇ ਪਿਆਰ ਨਾਲ ਲੋਕਾਂ ਦੀ ਦੇਖ-ਭਾਲ ਕਰਦਾ ਹੈ ਅਤੇ ਉਸ ਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ ਨਫ਼ਰਤ ਹੈ। ਪਰਮੇਸ਼ੁਰ ਹਮਦਰਦ ਹੋਣ ਕਰਕੇ ਸਾਡੀ ਭਲਿਆਈ ਚਾਹੁੰਦਾ ਹੈ ਤੇ ਉਸ ਕੋਲ ਧਰਤੀ ਉੱਤੋਂ ਬੁਰਾਈ ਖ਼ਤਮ ਕਰਨ ਦੀ ਤਾਕਤ ਵੀ ਹੈ, ਇਸ ਲਈ ਅਸੀਂ ਉਸ ਕੋਲੋਂ ਦਿਲਾਸਾ ਪਾ ਸਕਦੇ ਹਾਂ। ਜ਼ਬੂਰਾਂ ਦੇ ਲਿਖਾਰੀ ਨੇ ਪਰਮੇਸ਼ੁਰ ਦੁਆਰਾ ਠਹਿਰਾਏ ਗਏ ਸਵਰਗੀ ਰਾਜੇ ਬਾਰੇ ਲਿਖਿਆ ਕਿ ਉਹ “ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ, ਅਤੇ ਉਨ੍ਹਾਂ ਦਾ ਲਹੂ ਉਹ ਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ।”—ਜ਼ਬੂਰਾਂ ਦੀ ਪੋਥੀ 72:12-14.
ਕੀ ਤੁਹਾਨੂੰ ਦੁਖੀ ਲੋਕਾਂ ਉੱਤੇ ਤਰਸ ਆਉਂਦਾ ਹੈ? ਜ਼ਰੂਰ ਆਉਂਦਾ ਹੋਵੇਗਾ। ਯਹੋਵਾਹ ਨੇ ਸਾਨੂੰ ਆਪਣੇ ਸਰੂਪ ਉੱਤੇ ਬਣਾ ਕੇ ਸਾਡੇ ਵਿਚ ਹਮਦਰਦੀ ਦਾ ਗੁਣ ਪਾਇਆ ਹੈ। (ਉਤਪਤ 1:26, 27) ਇਸ ਲਈ ਅਸੀਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਇਨਸਾਨਾਂ ਨੂੰ ਦੁਖੀ ਦੇਖ ਕੇ ਖ਼ੁਸ਼ ਨਹੀਂ ਹੁੰਦਾ। ਜਿੰਨੀ ਚੰਗੀ ਤਰ੍ਹਾਂ ਯਿਸੂ ਯਹੋਵਾਹ ਨੂੰ ਜਾਣਦਾ ਸੀ ਉੱਨੀ ਚੰਗੀ ਤਰ੍ਹਾਂ ਹੋਰ ਕੋਈ ਨਹੀਂ ਸੀ ਜਾਣਦਾ। ਉਸ ਨੇ ਸਿਖਾਇਆ ਕਿ ਯਹੋਵਾਹ ਸਾਡੇ ਵਿਚ ਬਹੁਤ ਦਿਲਚਸਪੀ ਲੈਂਦਾ ਹੈ ਤੇ ਰਹਿਮ ਕਰਦਾ ਹੈ।—ਮੱਤੀ 10:29, 31.
ਸ੍ਰਿਸ਼ਟੀ ਤੋਂ ਵੀ ਇਸ ਗੱਲ ਦਾ ਪੱਕਾ ਸਬੂਤ ਮਿਲਦਾ ਹੈ ਕਿ ਪਰਮੇਸ਼ੁਰ ਇਨਸਾਨਾਂ ਦਾ ਫ਼ਿਕਰ ਕਰਦਾ ਹੈ। ਯਿਸੂ ਨੇ ਕਿਹਾ ਸੀ ਕਿ ਪਰਮੇਸ਼ੁਰ “ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।” (ਮੱਤੀ 5:45) ਲੁਸਤ੍ਰਾ ਸ਼ਹਿਰ ਦੇ ਲੋਕਾਂ ਨੂੰ ਪੌਲੁਸ ਰਸੂਲ ਨੇ ਕਿਹਾ ਸੀ: “[ਪਰਮੇਸ਼ੁਰ] ਨੇ ਆਪ ਨੂੰ ਬਿਨਾ ਸਾਖੀ ਨਾ ਰੱਖਿਆ ਇਸ ਲਈ ਜੋ ਉਹ ਨੇ ਭਲਾ ਕੀਤਾ ਅਰ ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਤੁਹਾਨੂੰ ਦੇ ਕੇ ਤੁਹਾਡਿਆਂ ਮਨਾ ਨੂੰ ਅਹਾਰ ਅਤੇ ਅਨੰਦ ਨਾਲ ਭਰਪੂਰ ਕੀਤਾ।”—ਰਸੂਲਾਂ ਦੇ ਕਰਤੱਬ 14:17.
ਬੁਰਾਈ ਲਈ ਕੌਣ ਕਸੂਰਵਾਰ ਹੈ?
ਲੁਸਤ੍ਰਾ ਦੇ ਲੋਕਾਂ ਨੂੰ ਕਹੇ ਪੌਲੁਸ ਦੇ ਇਨ੍ਹਾਂ ਸ਼ਬਦਾਂ ਉੱਤੇ ਵੀ ਧਿਆਨ ਦਿਓ: “[ਪਰਮੇਸ਼ੁਰ] ਨੇ ਅਗਲਿਆਂ ਸਮਿਆਂ ਵਿੱਚ ਸਾਰੀਆਂ ਕੌਮਾਂ ਨੂੰ ਆਪੋ ਆਪਣੇ ਰਾਹ ਉੱਤੇ ਚੱਲਣ ਦਿੱਤਾ।” ਇਸ ਤਰ੍ਹਾਂ ਲੋਕ ਜਾਂ ਕੌਮਾਂ ਜ਼ਿਆਦਾਤਰ ਉਨ੍ਹਾਂ ਔਕੜਾਂ ਦੇ ਖ਼ੁਦ ਕਸੂਰਵਾਰ ਹਨ ਜੋ ਉਨ੍ਹਾਂ ਉੱਤੇ ਆਉਂਦੀਆਂ ਹਨ। ਪਰਮੇਸ਼ੁਰ ਦਾ ਇਸ ਵਿਚ ਕੋਈ ਕਸੂਰ ਨਹੀਂ ਹੁੰਦਾ।—ਰਸੂਲਾਂ ਦੇ ਕਰਤੱਬ 14:16.
ਪਰਮੇਸ਼ੁਰ ਇਨ੍ਹਾਂ ਬੁਰੀਆਂ ਗੱਲਾਂ ਨੂੰ ਕਿਉਂ ਹੋਣ ਦਿੰਦਾ ਹੈ? ਕੀ ਉਹ ਇਸ ਬਾਰੇ ਕਦੇ ਕੁਝ ਕਰੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਸਿਰਫ਼ ਪਰਮੇਸ਼ੁਰ ਦੇ ਬਚਨ ਵਿੱਚੋਂ ਹੀ ਮਿਲ ਸਕਦੇ ਹਨ। ਇਹ ਜਵਾਬ ਉਸ ਸਵਾਲ ਨਾਲ ਵੀ ਸੰਬੰਧ ਰੱਖਦੇ ਹਨ ਜੋ ਇਕ ਆਤਮਿਕ ਵਿਅਕਤੀ ਨੇ ਸਵਰਗ ਵਿਚ ਉਠਾਇਆ ਸੀ।
[ਸਫ਼ੇ 4 ਉੱਤੇ ਤਸਵੀਰ]
ਇਨਸਾਨ ਹਮਦਰਦੀ ਹਨ। ਕੀ ਪਰਮੇਸ਼ੁਰ ਇਨਸਾਨਾਂ ਨੂੰ ਦੁਖੀ ਦੇਖ ਕੇ ਖ਼ੁਸ਼ ਹੁੰਦਾ ਹੈ?
[ਸਫ਼ੇ 2 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
ਜਿਲਦ: ਟੈਂਕ: UN PHOTO 158181/J. Isaac; ਭੁਚਾਲ: San Hong R-C Picture Company
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
ਖੱਬੇ ਪਾਸੇ ਉੱਪਰ, ਕ੍ਰੋਏਸ਼ੀਆ: UN PHOTO 159208/S. Whitehouse; ਭੁੱਖਾ ਮਰ ਰਿਹਾ ਬੱਚਾ: UN PHOTO 146150 BY O. MONSEN