“ਵੇਖੋ, ਏਹ ਸਾਡਾ ਪਰਮੇਸ਼ੁਰ ਹੈ”
ਅਧਿਐਨ ਦੇ ਇਨ੍ਹਾਂ ਦੋ ਲੇਖਾਂ ਦੀ ਜਾਣਕਾਰੀ ਯਹੋਵਾਹ ਦੇ ਨੇੜੇ ਰਹੋ (ਅੰਗ੍ਰੇਜ਼ੀ) ਕਿਤਾਬ ਤੋਂ ਲਈ ਗਈ ਹੈ ਜੋ 2002/2003 ਦੇ ਸੰਮੇਲਨ ਵਿਚ ਰਿਲੀਸ ਕੀਤੀ ਗਈ ਸੀ। ਵੀਹਵੇਂ ਸਫ਼ੇ ਤੇ ਦਿੱਤਾ ਗਿਆ ‘ਇਸ ਨੇ ਮੇਰੇ ਦਿਲ ਨੂੰ ਤ੍ਰਿਪਤ ਕੀਤਾ’ ਨਾਮਕ ਲੇਖ ਦੇਖੋ।
“ਵੇਖੋ, ਏਹ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਨੂੰ ਉਡੀਕਦੇ ਸਾਂ, ਅਤੇ ਉਹ ਸਾਨੂੰ ਬਚਾਵੇਗਾ—ਏਹ ਯਹੋਵਾਹ ਹੈ।”—ਯਸਾਯਾਹ 25:9.
1, 2. (ੳ) ਯਹੋਵਾਹ ਨੇ ਅਬਰਾਹਾਮ ਨੂੰ ਕੀ ਸੱਦਿਆ ਸੀ ਅਤੇ ਇਸ ਬਾਰੇ ਅਸੀਂ ਸ਼ਾਇਦ ਕੀ ਕਹੀਏ? (ਅ) ਬਾਈਬਲ ਵਿਚ ਸਾਨੂੰ ਯਕੀਨ ਕਿਸ ਤਰ੍ਹਾਂ ਦਿਲਾਇਆ ਜਾਂਦਾ ਹੈ ਕਿ ਅਸੀਂ ਪਰਮੇਸ਼ੁਰ ਨਾਲ ਦੋਸਤੀ ਕਰ ਸਕਦੇ ਹਾਂ?
‘ਮੇਰਾ ਦੋਸਤ।’ ਜ਼ਮੀਨ ਤੇ ਆਸਮਾਨ ਦੇ ਸਿਰਜਣਹਾਰ ਯਹੋਵਾਹ ਨੇ ਅਬਰਾਹਾਮ ਬਾਰੇ ਇਸ ਤਰ੍ਹਾਂ ਕਿਹਾ ਸੀ। (ਯਸਾਯਾਹ 41:8) ਜ਼ਰਾ ਸੋਚੋ: ਇਕ ਮਾਮੂਲੀ ਇਨਸਾਨ ਦੁਨੀਆਂ ਦੇ ਅੱਤ ਮਹਾਨ ਮਾਲਕ ਨਾਲ ਦੋਸਤੀ ਕਰ ਸਕਦਾ ਹੈ! ਤੁਸੀਂ ਸ਼ਾਇਦ ਕਹੋ, ‘ਕੀ ਇਹ ਮੁਮਕਿਨ ਹੈ ਕਿ ਮੈਂ ਪਰਮੇਸ਼ੁਰ ਨਾਲ ਦੋਸਤੀ ਕਰ ਸਕਦਾ ਹਾਂ?’
2 ਬਾਈਬਲ ਵਿਚ ਸਾਨੂੰ ਯਕੀਨ ਦਿਲਾਇਆ ਜਾਂਦਾ ਹੈ ਕਿ ਅਸੀਂ ਪਰਮੇਸ਼ੁਰ ਨਾਲ ਦੋਸਤੀ ਕਰ ਸਕਦੇ ਹਾਂ। ਅਬਰਾਹਾਮ ਨੇ “ਪਰਮੇਸ਼ੁਰ ਦੀ ਪਰਤੀਤ ਕੀਤੀ” ਸੀ, ਇਸ ਲਈ ਯਹੋਵਾਹ ਨੇ ਉਸ ਨੂੰ ਆਪਣਾ ਮਿੱਤਰ ਬਣਾਇਆ ਸੀ। (ਯਾਕੂਬ 2:23) ਅੱਜ ਵੀ ਯਹੋਵਾਹ ‘ਸਚਿਆਰਾਂ ਨਾਲ ਦੋਸਤੀ’ ਕਰਦਾ ਹੈ। (ਕਹਾਉਤਾਂ 3:32) ਯਾਕੂਬ 4:8 ਵਿਚ ਬਾਈਬਲ ਸਾਨੂੰ ਕਹਿੰਦੀ ਹੈ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” ਤਾਂ ਫਿਰ, ਸਪੱਸ਼ਟ ਹੁੰਦਾ ਹੈ ਕਿ ਜੇ ਅਸੀਂ ਯਹੋਵਾਹ ਨਾਲ ਦੋਸਤੀ ਕਰਾਂਗੇ, ਤਾਂ ਉਹ ਵੀ ਸਾਡੇ ਨਾਲ ਦੋਸਤੀ ਕਰੇਗਾ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਦੋਸਤੀ ਕਰਨ ਲਈ ਪਹਿਲਾ ਕਦਮ ਸਾਨੂੰ ਅਪੂਰਣ ਇਨਸਾਨਾਂ ਨੂੰ ਚੁੱਕਣਾ ਪਵੇਗਾ? ਬਿਲਕੁਲ ਨਹੀਂ। ਅਸੀਂ ਯਹੋਵਾਹ ਨਾਲ ਸਿਰਫ਼ ਇਸ ਕਰਕੇ ਦੋਸਤੀ ਕਰ ਸਕਦੇ ਹਾਂ ਕਿਉਂਕਿ ਉਸ ਨੇ ਇਸ ਨੂੰ ਮੁਮਕਿਨ ਬਣਾਉਣ ਲਈ ਪਹਿਲਾਂ ਹੀ ਦੋ ਕਦਮ ਚੁੱਕੇ ਹਨ।
3. ਯਹੋਵਾਹ ਨੇ ਸਾਡੇ ਨਾਲ ਦੋਸਤੀ ਕਰਨ ਲਈ ਪਹਿਲਾਂ ਹੀ ਕਿਹੜੇ ਦੋ ਕਦਮ ਚੁੱਕੇ ਹਨ?
3 ਪਹਿਲਾ ਕਦਮ ਯਹੋਵਾਹ ਨੇ ਯਿਸੂ ਨੂੰ “ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ” ਲਈ ਭੇਜ ਕੇ ਚੁੱਕਿਆ। (ਮੱਤੀ 20:28) ਇਸ ਬਲੀਦਾਨ ਸਦਕਾ ਅਸੀਂ ਪਰਮੇਸ਼ੁਰ ਦੇ ਨੇੜੇ ਹੋ ਸਕਦੇ ਹਾਂ। ਬਾਈਬਲ ਵਿਚ ਲਿਖਿਆ ਹੈ: “ਅਸੀਂ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ।” (1 ਯੂਹੰਨਾ 4:19) ਜੀ ਹਾਂ, ‘ਪਹਿਲਾਂ ਪਰਮੇਸ਼ੁਰ ਨੇ ਸਾਡੇ ਨਾਲ ਪ੍ਰੇਮ’ ਕਰ ਕੇ ਦੋਸਤੀ ਦੀ ਨੀਂਹ ਧਰੀ। ਦੂਜਾ ਕਦਮ ਯਹੋਵਾਹ ਨੇ ਆਪਣੇ ਆਪ ਨੂੰ ਪ੍ਰਗਟ ਕਰ ਕੇ ਚੁੱਕਿਆ। ਕਿਸੇ ਬੰਦੇ ਬਾਰੇ ਸਭ ਕੁਝ ਜਾਣ ਕੇ ਅਤੇ ਉਸ ਦੇ ਖ਼ਾਸ ਗੁਣਾਂ ਦੀ ਕਦਰ ਕਰ ਕੇ ਹੀ ਦੋਸਤੀ ਦੀ ਬੁਨਿਆਦ ਰੱਖੀ ਜਾ ਸਕਦੀ ਹੈ। ਆਓ ਆਪਾਂ ਦੇਖੀਏ ਕਿ ਇਸ ਦਾ ਕੀ ਮਤਲਬ ਹੈ। ਜੇ ਯਹੋਵਾਹ ਆਪਣੇ ਬਾਰੇ ਸਾਰਾ ਕੁਝ ਗੁਪਤ ਰੱਖਦਾ, ਤਾਂ ਅਸੀਂ ਕਦੇ ਵੀ ਉਸ ਦੇ ਨੇੜੇ ਨਹੀਂ ਹੋ ਸਕਦੇ ਸੀ। ਪਰ ਆਪਣੇ ਆਪ ਨੂੰ ਗੁਪਤ ਰੱਖਣ ਦੀ ਬਜਾਇ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਭਾਲੀਏ। (ਯਸਾਯਾਹ 45:19) ਉਸ ਨੇ ਆਪਣੇ ਬਚਨ, ਬਾਈਬਲ ਵਿਚ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰਗਟ ਕੀਤਾ ਹੈ ਕਿ ਅਸੀਂ ਉਸ ਨੂੰ ਸਮਝ ਸਕਦੇ ਹਾਂ। ਇਹ ਇਸ ਗੱਲ ਦਾ ਸਬੂਤ ਹੈ ਕਿ ਉਹ ਸਿਰਫ਼ ਸਾਡੇ ਨਾਲ ਪਿਆਰ ਹੀ ਨਹੀਂ ਕਰਦਾ, ਸਗੋਂ ਉਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਜਾਣੀਏ ਤੇ ਉਸ ਨਾਲ ਪਿਆਰ ਕਰੀਏ।
4. ਯਹੋਵਾਹ ਦੇ ਗੁਣਾਂ ਨੂੰ ਸਮਝ ਕੇ ਅਸੀਂ ਉਸ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਾਂਗੇ?
4 ਕੀ ਤੁਸੀਂ ਕਦੇ ਕਿਸੇ ਨਿਆਣੇ ਨੂੰ ਆਪਣੇ ਪਿਤਾ ਵੱਲ ਇਸ਼ਾਰਾ ਕਰ ਕੇ ਫ਼ਖ਼ਰ ਅਤੇ ਖ਼ੁਸ਼ੀ ਨਾਲ ਇਹ ਕਹਿੰਦੇ ਸੁਣਿਆ ਹੈ: “ਇਹ ਮੇਰੇ ਪਾਪਾ ਹਨ”? ਪਰਮੇਸ਼ੁਰ ਦੇ ਭਗਤਾਂ ਕੋਲ ਵੀ ਉਸ ਬਾਰੇ ਇਸ ਤਰ੍ਹਾਂ ਕਹਿਣ ਦਾ ਹਰ ਕਾਰਨ ਹੈ। ਬਾਈਬਲ ਉਸ ਸਮੇਂ ਬਾਰੇ ਗੱਲ ਕਰਦੀ ਹੈ ਜਦੋਂ ਵਫ਼ਾਦਾਰ ਲੋਕ ਪੁਕਾਰ ਉੱਠਣਗੇ: “ਵੇਖੋ, ਏਹ ਸਾਡਾ ਪਰਮੇਸ਼ੁਰ ਹੈ।” (ਯਸਾਯਾਹ 25:8, 9) ਅਸੀਂ ਯਹੋਵਾਹ ਦੇ ਗੁਣਾਂ ਬਾਰੇ ਜਿੰਨਾ ਜ਼ਿਆਦਾ ਸਿੱਖਾਂਗੇ, ਉੱਨਾ ਹੀ ਜ਼ਿਆਦਾ ਅਸੀਂ ਮੰਨਾਂਗੇ ਕਿ ਉਹ ਸਭ ਤੋਂ ਵਧੀਆ ਪਿਤਾ ਤੇ ਦੋਸਤ ਹੈ। ਜੀ ਹਾਂ, ਯਹੋਵਾਹ ਦੇ ਗੁਣਾਂ ਨੂੰ ਸਮਝ ਕੇ ਸਾਨੂੰ ਉਸ ਦੇ ਨੇੜੇ ਹੋਣ ਦੇ ਕਈ ਕਾਰਨ ਮਿਲਣਗੇ। ਤਾਂ ਫਿਰ, ਆਓ ਆਪਾਂ ਦੇਖੀਏ ਕਿ ਬਾਈਬਲ ਵਿਚ ਉਸ ਦੇ ਮੁੱਖ ਗੁਣਾਂ—ਸ਼ਕਤੀ, ਇਨਸਾਫ਼, ਬੁੱਧ ਅਤੇ ਪਿਆਰ—ਬਾਰੇ ਕੀ ਪ੍ਰਗਟ ਕੀਤਾ ਗਿਆ ਹੈ। ਇਸ ਲੇਖ ਵਿਚ ਅਸੀਂ ਪਹਿਲੇ ਤਿੰਨ ਗੁਣਾਂ ਦੀ ਗੱਲ ਕਰਾਂਗੇ।
“ਸ਼ਕਤੀ ਵਿੱਚ ਮਹਾਨ”
5. ਸਿਰਫ਼ ਯਹੋਵਾਹ ਨੂੰ ਹੀ “ਸਰਬ ਸ਼ਕਤੀਮਾਨ” ਸੱਦਣਾ ਠੀਕ ਕਿਉਂ ਹੈ ਅਤੇ ਉਹ ਆਪਣੀ ਅਸੀਮ ਸ਼ਕਤੀ ਨਾਲ ਕੀ-ਕੀ ਕਰਦਾ ਹੈ?
5 ਯਹੋਵਾਹ “ਸ਼ਕਤੀ ਵਿੱਚ ਮਹਾਨ ਹੈਗਾ।” (ਅੱਯੂਬ 37:23) ਯਿਰਮਿਯਾਹ 10:6 ਵਿਚ ਲਿਖਿਆ ਹੈ: “ਹੇ ਯਹੋਵਾਹ, ਤੇਰੇ ਜੇਹਾ ਕੋਈ ਨਹੀਂ, ਤੂੰ ਵੱਡਾ ਹੈਂ ਅਤੇ ਸ਼ਕਤੀ ਦੇ ਕਾਰਨ ਤੇਰਾ ਨਾਮ ਵੱਡਾ ਹੈ।” ਹੋਰ ਕਿਸੇ ਵੀ ਪ੍ਰਾਣੀ ਤੋਂ ਭਿੰਨ, ਯਹੋਵਾਹ ਵਿਚ ਅਸੀਮ ਸ਼ਕਤੀ ਹੈ। ਇਸੇ ਕਰਕੇ ਸਿਰਫ਼ ਉਸ ਨੂੰ ਹੀ “ਸਰਬ ਸ਼ਕਤੀਮਾਨ” ਸੱਦਿਆ ਗਿਆ ਹੈ। (ਪਰਕਾਸ਼ ਦੀ ਪੋਥੀ 15:3) ਯਹੋਵਾਹ ਕੋਲ ਸ੍ਰਿਸ਼ਟ ਕਰਨ, ਨਾਸ਼ ਕਰਨ ਅਤੇ ਨਵਾਂ ਬਣਾਉਣ ਦੀ ਸ਼ਕਤੀ ਹੈ। ਆਓ ਆਪਾਂ ਦੋ ਉਦਾਹਰਣਾਂ ਉੱਤੇ ਗੌਰ ਕਰੀਏ—ਉਸ ਦੀ ਸ੍ਰਿਸ਼ਟ ਕਰਨ ਅਤੇ ਰੱਖਿਆ ਕਰਨ ਦੀ ਸ਼ਕਤੀ।
6, 7. ਸੂਰਜ ਵਿਚ ਕਿੰਨੀ ਕੁ ਸ਼ਕਤੀ ਹੈ ਅਤੇ ਅਸੀਂ ਇਸ ਤੋਂ ਕਿਹੜੀ ਸੱਚਾਈ ਸਿੱਖਦੇ ਹਾਂ?
6 ਜਦੋਂ ਗਰਮੀ ਦੇ ਮੌਸਮ ਵਿਚ ਤੁਸੀਂ ਸਿਖਰ ਦੁਪਹਿਰੇ ਬਾਹਰ ਨਿਕਲਦੇ ਹੋ, ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ? ਤੁਸੀਂ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਦਾ ਅਸਰ ਮਹਿਸੂਸ ਕਰਦੇ ਹੋ। ਸੂਰਜ ਵਿਚ ਕਿੰਨੀ ਕੁ ਸ਼ਕਤੀ ਹੈ? ਇਸ ਦੇ ਐਨ ਗੱਬੇ ਤਾਪਮਾਨ ਤਕਰੀਬਨ 1.5 ਕਰੋੜ ਡਿਗਰੀ ਸੈਲਸੀਅਸ ਹੈ। ਜੇ ਤੁਸੀਂ ਸੂਰਜ ਦੇ ਵਿਚਕਾਰਲੇ ਹਿੱਸੇ ਵਿੱਚੋਂ ਰਾਈ ਦੇ ਇਕ ਦਾਣੇ ਕੁ ਜਿੰਨਾ ਹਿੱਸਾ ਲੈ ਕੇ ਧਰਤੀ ਉੱਤੇ ਰੱਖ ਦਿਓ, ਤਾਂ ਇਸ ਛੋਟੇ ਜਿਹੇ ਟੁਕੜੇ ਵਿੱਚੋਂ ਇੰਨਾ ਸੇਕ ਨਿਕਲੇਗਾ ਕਿ ਤੁਹਾਨੂੰ ਉਸ ਤੋਂ ਲਗਭਗ 150 ਕਿਲੋਮੀਟਰ ਦੂਰ ਖੜ੍ਹਨਾ ਪਵੇਗਾ! ਹਰ ਸਕਿੰਟ ਸੂਰਜ ਲੱਖਾਂ-ਕਰੋੜਾਂ ਨਿਊਕਲੀ ਬੰਬਾਂ ਜਿੰਨੀ ਊਰਜਾ ਪੈਦਾ ਕਰਦਾ ਹੈ। ਧਰਤੀ ਇਸ ਬਲ਼ਦੀ ਭੱਠੀ ਦੇ ਆਲੇ-ਦੁਆਲੇ ਐਨ ਸਹੀ ਫ਼ਾਸਲੇ ਤੇ ਚੱਕਰ ਕੱਢਦੀ ਹੈ। ਜੇ ਇਹ ਥੋੜ੍ਹੀ ਲਾਗੇ ਹੁੰਦੀ, ਤਾਂ ਧਰਤੀ ਦੇ ਸਾਰੇ ਪਾਣੀ ਨੇ ਭਾਫ਼ ਬਣ ਕੇ ਮੁੱਕ ਜਾਣਾ ਸੀ ਅਤੇ ਜੇ ਥੋੜ੍ਹੀ ਦੂਰ ਹੁੰਦੀ, ਤਾਂ ਇਸ ਦੇ ਪਾਣੀ ਨੇ ਬਰਫ਼ ਬਣ ਕੇ ਜੰਮ ਜਾਣਾ ਸੀ। ਇਨ੍ਹਾਂ ਦੋਹਾਂ ਹਾਲਤਾਂ ਨੇ ਸਾਡੀ ਧਰਤੀ ਨੂੰ ਬੇਜਾਨ ਬਣਾ ਦੇਣਾ ਸੀ।
7 ਇਸ ਦੇ ਬਾਵਜੂਦ ਜ਼ਿਆਦਾਤਰ ਲੋਕ ਸੂਰਜ ਦੀ ਕਦਰ ਨਹੀਂ ਕਰਦੇ, ਭਾਵੇਂ ਉਨ੍ਹਾਂ ਦੀ ਜ਼ਿੰਦਗੀ ਇਸ ਉੱਤੇ ਨਿਰਭਰ ਕਰਦੀ ਹੈ। ਉਹ ਨਹੀਂ ਸਮਝਦੇ ਕਿ ਸੂਰਜ ਤੋਂ ਵੀ ਅਸੀਂ ਕੁਝ ਸਿੱਖ ਸਕਦੇ ਹਾਂ। ਯਹੋਵਾਹ ਬਾਰੇ ਬਾਈਬਲ ਕਹਿੰਦੀ ਹੈ: “ਤੈਂ ਉਜਾਲੇ ਅਤੇ ਸੂਰਜ ਨੂੰ ਕਾਇਮ ਕਰ ਰੱਖਿਆ ਹੈ।” (ਜ਼ਬੂਰਾਂ ਦੀ ਪੋਥੀ 74:16) ਜੀ ਹਾਂ, ਸੂਰਜ ‘ਅਕਾਸ਼ ਤੇ ਧਰਤੀ ਦੇ ਬਣਾਉਣ’ ਵਾਲੇ ਦੀ ਮਹਿਮਾ ਕਰਦਾ ਹੈ। (ਜ਼ਬੂਰਾਂ ਦੀ ਪੋਥੀ 146:6) ਸੂਰਜ ਤਾਂ ਅਣਗਿਣਤ ਚੀਜ਼ਾਂ ਵਿੱਚੋਂ ਸਿਰਫ਼ ਇਕ ਹੈ ਜੋ ਸਾਨੂੰ ਯਹੋਵਾਹ ਦੀ ਅਸੀਮ ਸ਼ਕਤੀ ਬਾਰੇ ਸਿਖਾਉਂਦਾ ਹੈ। ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਬਾਰੇ ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਉਨ੍ਹਾਂ ਹੀ ਜ਼ਿਆਦਾ ਉਸ ਲਈ ਸਾਡਾ ਆਦਰ-ਸਤਿਕਾਰ ਵਧੇਗਾ।
8, 9. (ੳ) ਨਰਮਾਈ ਦੀ ਕਿਹੜੀ ਸੋਹਣੀ ਤਸਵੀਰ ਦਿਖਾਉਂਦੀ ਹੈ ਕਿ ਯਹੋਵਾਹ ਸਾਡੀ ਰੱਖਿਆ ਕਰਨ ਲਈ ਤਿਆਰ ਰਹਿੰਦਾ ਹੈ? (ਅ) ਪੁਰਾਣੇ ਜ਼ਮਾਨੇ ਦੇ ਅਯਾਲੀਆਂ ਨੂੰ ਕਿਨ੍ਹਾਂ ਤੋਂ ਆਪਣੀਆਂ ਭੇਡਾਂ ਦੀ ਰੱਖਿਆ ਕਰਨੀ ਪੈਂਦੀ ਸੀ ਅਤੇ ਇਸ ਤੋਂ ਅਸੀਂ ਆਪਣੇ ਮਹਾਨ ਅਯਾਲੀ ਬਾਰੇ ਕੀ ਸਿੱਖਦੇ ਹਾਂ?
8 ਯਹੋਵਾਹ ਆਪਣੀ ਵੱਡੀ ਸ਼ਕਤੀ ਨਾਲ ਆਪਣੇ ਸੇਵਕਾਂ ਦੀ ਰਾਖੀ ਅਤੇ ਦੇਖ-ਭਾਲ ਵੀ ਕਰਦਾ ਹੈ। ਬਾਈਬਲ ਵਿਚ ਕੁਝ ਬਹੁਤ ਹੀ ਸੋਹਣੀਆਂ ਉਦਾਹਰਣਾਂ ਹਨ ਜਿਨ੍ਹਾਂ ਰਾਹੀਂ ਅਸੀਂ ਯਹੋਵਾਹ ਦੀ ਰੱਖਿਆ ਕਰਨ ਦੀ ਸ਼ਕਤੀ ਨੂੰ ਸਮਝ ਸਕਦੇ ਹਾਂ। ਮਿਸਾਲ ਲਈ ਯਸਾਯਾਹ 40:11 ਵੱਲ ਧਿਆਨ ਦਿਓ। ਇਸ ਵਿਚ ਯਹੋਵਾਹ ਆਪਣੀ ਤੁਲਨਾ ਇਕ ਅਯਾਲੀ ਨਾਲ ਅਤੇ ਆਪਣੇ ਲੋਕਾਂ ਦੀ ਤੁਲਨਾ ਲੇਲਿਆਂ ਨਾਲ ਕਰਦਾ ਹੈ। ਇਸ ਵਿਚ ਲਿਖਿਆ ਹੈ: “ਉਹ ਅਯਾਲੀ ਵਾਂਙੁ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ, ਅਤੇ ਦੁੱਧ ਚੁੰਘਾਉਣ ਵਾਲੀਆਂ ਨੂੰ ਹੌਲੀ ਹੌਲੀ ਤੋਰੇਗਾ।” ਕੀ ਤੁਸੀਂ ਆਪਣੇ ਮਨ ਵਿਚ ਇਸ ਦੀ ਤਸਵੀਰ ਬਣਾ ਸਕਦੇ ਹੋ?
9 ਆਮ ਤੌਰ ਤੇ ਬਹੁਤ ਹੀ ਘੱਟ ਜਾਨਵਰ ਭੇਡਾਂ ਜਿੰਨੇ ਬੇਬੱਸ ਹੁੰਦੇ ਹਨ। ਪੁਰਾਣੇ ਜ਼ਮਾਨੇ ਦੇ ਅਯਾਲੀਆਂ ਨੂੰ ਬਹਾਦਰ ਬਣਨਾ ਪੈਂਦਾ ਸੀ ਤਾਂਕਿ ਉਹ ਆਪਣੀਆਂ ਭੇਡਾਂ ਨੂੰ ਸ਼ੇਰਾਂ, ਬਘਿਆੜਾਂ ਅਤੇ ਰਿੱਛਾਂ ਤੋਂ ਬਚਾ ਸਕਣ। (1 ਸਮੂਏਲ 17:34, 35; ਯੂਹੰਨਾ 10:10-13) ਪਰ ਕਦੇ-ਕਦੇ ਭੇਡਾਂ ਨੂੰ ਪਿਆਰ ਅਤੇ ਨਰਮਾਈ ਦੀ ਵੀ ਜ਼ਰੂਰਤ ਹੁੰਦੀ ਸੀ। ਉਦਾਹਰਣ ਲਈ, ਜਦੋਂ ਕੋਈ ਭੇਡ ਵਾੜੇ ਤੋਂ ਦੂਰ ਸੂੰਦੀ ਸੀ, ਤਾਂ ਅਯਾਲੀ ਉਸ ਮੁਸ਼ਕਲ ਸਮੇਂ ਵਿਚ ਉਸ ਬੇਬੱਸ ਭੇਡ ਦੀ ਰਾਖੀ ਕਿਸ ਤਰ੍ਹਾਂ ਕਰਦਾ ਸੀ? ਉਹ ਮਾਸੂਮ ਲੇਲੇ ਨੂੰ ਆਪਣੇ ਪੱਲੇ ਵਿਚ ਲਪੇਟ ਕੇ ਵਾੜੇ ਵਿਚ ਲੈ ਜਾਂਦਾ ਸੀ। ਪਰ ਲੇਲਾ ਅਯਾਲੀ ਦੀ “ਛਾਤੀ” ਯਾਨੀ ਉਸ ਦੇ ਕੁੱਛੜ ਕਿਵੇਂ ਚੜ੍ਹ ਜਾਂਦਾ ਸੀ? ਕਦੇ-ਕਦੇ ਲੇਲਾ ਸ਼ਾਇਦ ਅਯਾਲੀ ਕੋਲ ਆ ਕੇ ਉਸ ਦੀ ਲੱਤ ਨੂੰ ਹੁੱਜਾਂ ਮਾਰੇ। ਪਰ ਅਯਾਲੀ ਆਪ ਲੇਲੇ ਨੂੰ ਚੁੱਕਦਾ ਸੀ ਅਤੇ ਉਸ ਨੂੰ ਆਪਣੀ ਹਿੱਕ ਨਾਲ ਲਾ ਕੇ ਰੱਖਦਾ ਸੀ। ਇਹ ਸਾਡੇ ਮਹਾਨ ਅਯਾਲੀ ਦੀ ਕੋਮਲਤਾ ਅਤੇ ਨਰਮਾਈ ਦੀ ਕਿੱਡੀ ਸੋਹਣੀ ਤਸਵੀਰ ਹੈ ਜੋ ਦਿਖਾਉਂਦੀ ਹੈ ਕਿ ਉਹ ਸਾਡੀ ਰੱਖਿਆ ਕਰਨ ਲਈ ਤਿਆਰ ਰਹਿੰਦਾ ਹੈ!
10. ਯਹੋਵਾਹ ਅੱਜ ਸਾਡੀ ਰੱਖਿਆ ਕਿਸ ਤਰ੍ਹਾਂ ਕਰਦਾ ਹੈ ਅਤੇ ਇਹ ਸੁਰੱਖਿਆ ਜ਼ਰੂਰੀ ਕਿਉਂ ਹੈ?
10 ਯਹੋਵਾਹ ਨੇ ਰੱਖਿਆ ਕਰਨ ਦਾ ਸਿਰਫ਼ ਵਾਅਦਾ ਹੀ ਨਹੀਂ ਕੀਤਾ ਹੈ। ਬਾਈਬਲ ਦੇ ਜ਼ਮਾਨੇ ਵਿਚ ਉਸ ਨੇ ਕਰਾਮਾਤੀ ਢੰਗ ਨਾਲ ਦਿਖਾਇਆ ਵੀ ਸੀ ਕਿ ਉਹ ਆਪਣੇ ‘ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢ’ ਸਕਦਾ ਹੈ। (2 ਪਤਰਸ 2:9) ਸਾਡੇ ਸਮੇਂ ਬਾਰੇ ਕੀ? ਅਸੀਂ ਜਾਣਦੇ ਹਾਂ ਕਿ ਅੱਜ ਉਹ ਸਾਨੂੰ ਹਰ ਆਫ਼ਤ ਤੋਂ ਬਚਾਉਣ ਲਈ ਆਪਣੀ ਸ਼ਕਤੀ ਨਹੀਂ ਵਰਤਦਾ। ਪਰ ਉਹ ਇਸ ਤੋਂ ਵੀ ਜ਼ਰੂਰੀ ਤਰੀਕੇ ਨਾਲ ਸਾਡੀ ਰਾਖੀ ਕਰਦਾ ਹੈ। ਕਿਸ ਤਰ੍ਹਾਂ? ਜਿਸਮਾਨੀ ਸੁਰੱਖਿਆ ਤੋਂ ਜ਼ਿਆਦਾ ਯਹੋਵਾਹ ਸਾਡੀ ਰੂਹਾਨੀ ਤੌਰ ਤੇ ਰੱਖਿਆ ਕਰਦਾ ਹੈ। ਸਾਡਾ ਪਿਆਰਾ ਪਰਮੇਸ਼ੁਰ ਸਾਡੀ ਰੂਹਾਨੀ ਤੌਰ ਤੇ ਰਾਖੀ ਕਿਸ ਤਰ੍ਹਾਂ ਕਰਦਾ ਹੈ? ਕਾਮਯਾਬੀ ਨਾਲ ਮੁਸੀਬਤਾਂ ਸਹਿਣ ਅਤੇ ਉਸ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖਣ ਲਈ ਉਸ ਨੇ ਸਾਡੇ ਲਈ ਬਹੁਤ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਹਨ। ਮਿਸਾਲ ਲਈ ਲੂਕਾ 11:13 ਵਿਚ ਕਿਹਾ ਗਿਆ ਹੈ: “ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ!” ਪਵਿੱਤਰ ਆਤਮਾ ਦੀ ਸ਼ਕਤੀ ਨਾਲ ਅਸੀਂ ਹਰ ਪਰਤਾਵੇ ਜਾਂ ਮੁਸੀਬਤ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ ਸਕਦੇ ਹਾਂ। (2 ਕੁਰਿੰਥੀਆਂ 4:7) ਇਸ ਤਰ੍ਹਾਂ ਯਹੋਵਾਹ ਸਿਰਫ਼ ਥੋੜ੍ਹੇ ਜਿਹੇ ਸਾਲਾਂ ਲਈ ਹੀ ਨਹੀਂ, ਸਗੋਂ ਹਮੇਸ਼ਾ ਲਈ ਸਾਡੀ ਜਾਨ ਬਚਾਉਣੀ ਚਾਹੁੰਦਾ ਹੈ। ਇਸ ਭਵਿੱਖ ਨੂੰ ਮਨ ਵਿਚ ਰੱਖ ਕੇ ਅਸੀਂ ਇਸ ਸਮੇਂ ਵਿਚ ਆਪਣੀ ਹਰ ਮੁਸੀਬਤ ਨੂੰ ‘ਹੌਲੀ ਜਿਹੀ ਤੇ ਛਿੰਨ ਭਰ ਦੀ’ ਸਮਝ ਸਕਦੇ ਹਾਂ। (2 ਕੁਰਿੰਥੀਆਂ 4:17) ਕੀ ਅਸੀਂ ਅਜਿਹੇ ਪਰਮੇਸ਼ੁਰ ਵੱਲ ਖਿੱਚੇ ਨਹੀਂ ਜਾਂਦੇ ਜੋ ਆਪਣੀ ਸ਼ਕਤੀ ਵਰਤ ਕੇ ਪਿਆਰ ਨਾਲ ਸਾਡੀ ਦੇਖ-ਭਾਲ ਕਰਦਾ ਹੈ?
‘ਯਹੋਵਾਹ ਨਿਆਉਂ ਨਾਲ ਪ੍ਰੇਮ ਰੱਖਦਾ ਹੈ’
11, 12. (ੳ) ਯਹੋਵਾਹ ਦਾ ਇਨਸਾਫ਼ ਸਾਨੂੰ ਉਸ ਵੱਲ ਕਿਉਂ ਖਿੱਚਦਾ ਹੈ? (ਅ) ਦਾਊਦ ਨੇ ਯਹੋਵਾਹ ਦੇ ਇਨਸਾਫ਼ ਬਾਰੇ ਕੀ ਸਿੱਟਾ ਕੱਢਿਆ ਸੀ ਅਤੇ ਇਸ ਤੋਂ ਸਾਨੂੰ ਤਸੱਲੀ ਕਿਉਂ ਮਿਲਦੀ ਹੈ?
11 ਯਹੋਵਾਹ ਨਿਆਂਕਾਰ ਹੈ ਅਤੇ ਉਹ ਹਮੇਸ਼ਾ ਨਿਰਪੱਖਤਾ ਨਾਲ ਪੂਰਾ-ਪੂਰਾ ਇਨਸਾਫ਼ ਕਰਦਾ ਹੈ। ਯਹੋਵਾਹ ਦੇ ਇਨਸਾਫ਼ ਵਿਚ ਬੇਦਰਦੀ ਲਈ ਕੋਈ ਥਾਂ ਨਹੀਂ ਹੈ। ਉਸ ਦਾ ਇਹ ਗੁਣ ਸਾਨੂੰ ਉਸ ਤੋਂ ਦੂਰ ਕਰਨ ਦੀ ਬਜਾਇ ਉਸ ਵੱਲ ਖਿੱਚਦਾ ਹੈ। ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਯਹੋਵਾਹ ਦਇਆ ਨਾਲ ਇਨਸਾਫ਼ ਕਰਦਾ ਹੈ। ਆਓ ਆਪਾਂ ਤਿੰਨ ਤਰੀਕਿਆਂ ਵੱਲ ਧਿਆਨ ਦੇਈਏ ਜਿਨ੍ਹਾਂ ਰਾਹੀਂ ਯਹੋਵਾਹ ਇਨਸਾਫ਼ ਕਰਦਾ ਹੈ।
12 ਪਹਿਲਾ, ਯਹੋਵਾਹ ਆਪਣੇ ਮੁਕੰਮਲ ਇਨਸਾਫ਼ ਕਰਕੇ ਆਪਣੇ ਸੇਵਕਾਂ ਪ੍ਰਤੀ ਵਫ਼ਾਦਾਰ ਰਹਿੰਦਾ ਹੈ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਖ਼ੁਦ ਯਹੋਵਾਹ ਦੇ ਇਨਸਾਫ਼ ਦਾ ਇਹ ਪਹਿਲੂ ਅਨੁਭਵ ਕੀਤਾ ਸੀ। ਦਾਊਦ ਨੇ ਆਪਣੇ ਤਜਰਬੇ ਅਤੇ ਯਹੋਵਾਹ ਦੇ ਕੰਮ ਕਰਨ ਦੇ ਤਰੀਕੇ ਤੋਂ ਕੀ ਸਿੱਟਾ ਕੱਢਿਆ ਸੀ? ਉਸ ਨੇ ਕਿਹਾ: “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ, ਉਨ੍ਹਾਂ ਦੀ ਸਦਾ ਤੋੜੀ ਰੱਛਿਆ ਹੁੰਦੀ ਹੈ।” (ਜ਼ਬੂਰਾਂ ਦੀ ਪੋਥੀ 37:28) ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ! ਸਾਡਾ ਪਰਮੇਸ਼ੁਰ ਇਕ ਪਲ ਲਈ ਵੀ ਉਨ੍ਹਾਂ ਨੂੰ ਨਹੀਂ ਤਿਆਗੇਗਾ ਜੋ ਉਸ ਪ੍ਰਤੀ ਵਫ਼ਾਦਾਰ ਰਹਿੰਦੇ ਹਨ। ਇਸ ਕਰਕੇ ਅਸੀਂ ਉਸ ਦੀ ਦੋਸਤੀ ਉੱਤੇ ਅਤੇ ਉਸ ਦੀ ਨਿਗਰਾਨੀ ਉੱਤੇ ਇਤਬਾਰ ਕਰ ਸਕਦੇ ਹਾਂ। ਉਸ ਦਾ ਇਨਸਾਫ਼ ਇਸ ਦੀ ਗਾਰੰਟੀ ਦਿੰਦਾ ਹੈ!—ਕਹਾਉਤਾਂ 2:7, 8.
13. ਇਸਰਾਏਲ ਨੂੰ ਦਿੱਤੀ ਗਈ ਬਿਵਸਥਾ ਤੋਂ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਬੇਸਹਾਰਾ ਲੋਕਾਂ ਦੀ ਚਿੰਤਾ ਸੀ?
13 ਦੂਜਾ, ਪਰਮੇਸ਼ੁਰ ਆਪਣੇ ਇਨਸਾਫ਼ ਕਰਕੇ ਦੁਖੀ ਲੋਕਾਂ ਦੀਆਂ ਜ਼ਰੂਰਤਾਂ ਵੀ ਸਮਝਦਾ ਹੈ। ਇਸਰਾਏਲ ਨੂੰ ਦਿੱਤੀ ਗਈ ਬਿਵਸਥਾ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਨੂੰ ਬੇਸਹਾਰਾ ਲੋਕਾਂ ਦੀ ਕਿੰਨੀ ਚਿੰਤਾ ਸੀ। ਮਿਸਾਲ ਲਈ ਬਿਵਸਥਾ ਵਿਚ ਯਤੀਮਾਂ ਤੇ ਵਿਧਵਾਵਾਂ ਦੀ ਦੇਖ-ਭਾਲ ਕਰਨ ਵਾਸਤੇ ਖ਼ਾਸ ਪ੍ਰਬੰਧ ਕੀਤੇ ਗਏ ਸਨ। (ਬਿਵਸਥਾ ਸਾਰ 24:17-21) ਯਹੋਵਾਹ ਜਾਣਦਾ ਸੀ ਕਿ ਇਹੋ ਜਿਹੇ ਪਰਿਵਾਰਾਂ ਦੀ ਜ਼ਿੰਦਗੀ ਬਹੁਤ ਮੁਸ਼ਕਲ ਹੋ ਸਕਦੀ ਸੀ, ਇਸ ਲਈ ਉਹ ਖ਼ੁਦ ਉਨ੍ਹਾਂ ਦਾ ਰਾਖਾ ਅਤੇ ਜੱਜ ਬਣਿਆ। (ਬਿਵਸਥਾ ਸਾਰ 10:17, 18) ਉਸ ਨੇ ਇਸਰਾਏਲੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਨ੍ਹਾਂ ਨੇ ਬੇਸਹਾਰਾ ਔਰਤਾਂ ਤੇ ਬੱਚਿਆਂ ਨੂੰ ਤੰਗ ਕੀਤਾ, ਤਾਂ ‘ਉਸ ਦਾ ਕਰੋਧ ਭੜਕ ਉੱਠੇਗਾ।’ (ਕੂਚ 22:22-24) ਭਾਵੇਂ ਕ੍ਰੋਧ ਯਹੋਵਾਹ ਦਾ ਮੁੱਖ ਗੁਣ ਨਹੀਂ ਹੈ, ਫਿਰ ਵੀ ਜਦੋਂ ਕੋਈ ਕਿਸੇ ਨਾਲ, ਖ਼ਾਸ ਕਰਕੇ ਮਾਸੂਮ ਲੋਕਾਂ ਨਾਲ, ਜਾਣ-ਬੁੱਝ ਕੇ ਬੇਇਨਸਾਫ਼ੀ ਕਰਦਾ ਹੈ, ਤਾਂ ਉਸ ਨੂੰ ਗੁੱਸਾ ਚੜ੍ਹਦਾ ਹੈ।—ਜ਼ਬੂਰਾਂ ਦੀ ਪੋਥੀ 103:6.
14. ਯਹੋਵਾਹ ਦੀ ਨਿਰਪੱਖਤਾ ਦਾ ਇਕ ਵਧੀਆ ਸਬੂਤ ਕੀ ਹੈ?
14 ਤੀਜਾ, ਬਿਵਸਥਾ ਸਾਰ 10:17 ਵਿਚ ਸਾਨੂੰ ਇਸ ਗੱਲ ਦੀ ਵੀ ਤਸੱਲੀ ਦਿੱਤੀ ਗਈ ਹੈ ਕਿ ਯਹੋਵਾਹ “ਕਿਸੇ ਦਾ ਪੱਖ ਨਹੀਂ ਕਰਦਾ, ਨਾ ਕਿਸੇ ਤੋਂ ਵੱਢੀ ਲੈਂਦਾ ਹੈ।” ਕਈ ਸ਼ਕਤੀਸ਼ਾਲੀ ਇਨਸਾਨ ਕਿਸੇ ਦੀ ਅਮੀਰੀ ਜਾਂ ਸ਼ਾਨ-ਸ਼ੌਕਤ ਦੇਖ ਕੇ ਹੀ ਉਸ ਦਾ ਪੱਖ ਲੈ ਲੈਂਦੇ ਹਨ, ਪਰ ਯਹੋਵਾਹ ਇਸ ਤਰ੍ਹਾਂ ਨਹੀਂ ਕਰਦਾ। ਉਹ ਕਿਸੇ ਨਾਲ ਪੱਖਪਾਤ ਕਰ ਹੀ ਨਹੀਂ ਸਕਦਾ। ਉਸ ਦੀ ਨਿਰਪੱਖਤਾ ਦੇ ਇਕ ਸਬੂਤ ਉੱਤੇ ਗੌਰ ਕਰੋ: ਉਸ ਦੇ ਸੇਵਕ ਬਣਨ ਅਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਦੇ ਮੌਕੇ ਸਿਰਫ਼ ਕੁਝ ਗਿਣੇ-ਚੁਣੇ ਲੋਕਾਂ ਲਈ ਹੀ ਨਹੀਂ ਹਨ। ਇਹ ਸ਼ਾਨਦਾਰ ਭਵਿੱਖ ਸਾਰਿਆਂ ਦਾ ਹੋ ਸਕਦਾ ਹੈ ਭਾਵੇਂ ਉਹ ਕਿਸੇ ਵੀ ਦੇਸ਼ ਦੇ ਹੋਣ, ਅਮੀਰ ਹੋਣ ਜਾਂ ਗ਼ਰੀਬ, ਪੜ੍ਹੇ-ਲਿਖੇ ਜਾਂ ਅਨਪੜ੍ਹ, ਗੋਰੇ ਜਾਂ ਕਾਲੇ। “ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:34, 35) ਕੀ ਅਸੀਂ ਇਸ ਨੂੰ ਸੱਚਾ ਇਨਸਾਫ਼ ਨਹੀਂ ਸੱਦਾਂਗੇ? ਇਹ ਬਿਲਕੁਲ ਸੱਚ ਹੈ ਕਿ ਜਦ ਅਸੀਂ ਯਹੋਵਾਹ ਦੇ ਇਨਸਾਫ਼ ਨੂੰ ਚੰਗੀ ਤਰ੍ਹਾਂ ਸਮਝਾਂਗੇ, ਤਾਂ ਅਸੀਂ ਉਸ ਵੱਲ ਖਿੱਚੇ ਜਾਵਾਂਗੇ!
‘ਵਾਹ, ਪਰਮੇਸ਼ੁਰ ਦੀ ਬੁੱਧ ਕੇਡੀ ਡੂੰਘੀ ਹੈ!’
15. ਬੁੱਧ ਨੂੰ ਅਸੀਂ ਕਿਸ ਤਰ੍ਹਾਂ ਸਮਝ ਸਕਦੇ ਹਾਂ ਅਤੇ ਯਹੋਵਾਹ ਦੀ ਬੁੱਧ ਕਿਸ ਤਰ੍ਹਾਂ ਨਜ਼ਰ ਆਉਂਦੀ ਹੈ?
15 ਪੌਲੁਸ ਰਸੂਲ ਪਰਮੇਸ਼ੁਰ ਦੀ ਬੁੱਧ ਦੀ ਤਾਰੀਫ਼ ਕਰਨ ਲਈ ਪ੍ਰੇਰਿਤ ਹੋਇਆ ਸੀ: ‘ਵਾਹ, ਪਰਮੇਸ਼ੁਰ ਦੀ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ!’ (ਰੋਮੀਆਂ 11:33) ਜੀ ਹਾਂ, ਪਰਮੇਸ਼ੁਰ ਦੀ ਬੁੱਧ ਦੇ ਵੱਖੋ-ਵੱਖਰੇ ਪਹਿਲੂਆਂ ਦਾ ਅਧਿਐਨ ਕਰ ਕੇ ਅਸੀਂ ਹੈਰਾਨ ਹੋਣੋ ਨਹੀਂ ਰਹਿ ਸਕਦੇ। ਪਰ ਇਸ ਗੁਣ ਨੂੰ ਅਸੀਂ ਕਿਸ ਤਰ੍ਹਾਂ ਸਮਝ ਸਕਦੇ ਹਾਂ? ਬੁੱਧ ਨਾਲ ਹੀ ਗਿਆਨ ਅਤੇ ਸਮਝ ਦੋਹਾਂ ਨੂੰ ਵਰਤਿਆ ਜਾ ਸਕਦਾ ਹੈ। ਯਹੋਵਾਹ ਆਪਣੇ ਵਿਸ਼ਾਲ ਗਿਆਨ ਅਤੇ ਪੂਰੀ ਸਮਝ ਨਾਲ ਸਭ ਤੋਂ ਵਧੀਆ ਫ਼ੈਸਲੇ ਕਰਦਾ ਹੈ ਤੇ ਫਿਰ ਉਹ ਉਨ੍ਹਾਂ ਫ਼ੈਸਲਿਆਂ ਨੂੰ ਸਭ ਤੋਂ ਵਧੀਆ ਤਰੀਕਿਆਂ ਨਾਲ ਸਿਰੇ ਚਾੜ੍ਹਦਾ ਹੈ।
16, 17. ਯਹੋਵਾਹ ਦੀ ਸ੍ਰਿਸ਼ਟੀ ਤੋਂ ਉਸ ਦੀ ਬੁੱਧ ਕਿਸ ਤਰ੍ਹਾਂ ਨਜ਼ਰ ਆਉਂਦੀ ਹੈ? ਉਦਾਹਰਣ ਦਿਓ।
16 ਯਹੋਵਾਹ ਦੀ ਵਿਸ਼ਾਲ ਬੁੱਧ ਦੇ ਕੁਝ ਸਬੂਤ ਕੀ ਹਨ? ਜ਼ਬੂਰਾਂ ਦੀ ਪੋਥੀ 104:24 ਵਿਚ ਲਿਖਿਆ ਹੈ: “ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!” ਯਕੀਨਨ, ਅਸੀਂ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਬਾਰੇ ਜਿੰਨਾ ਜ਼ਿਆਦਾ ਜਾਣਦੇ ਹਾਂ, ਉੱਨਾ ਹੀ ਜ਼ਿਆਦਾ ਅਸੀਂ ਯਹੋਵਾਹ ਦੀ ਬੁੱਧ ਨੂੰ ਵਾਹ-ਵਾਹ ਕਹਿੰਦੇ ਹਾਂ। ਜ਼ਰਾ ਸੋਚੋ: ਵਿਗਿਆਨੀਆਂ ਨੇ ਤਾਂ ਯਹੋਵਾਹ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਤੋਂ ਬਹੁਤ ਕੁਝ ਸਿੱਖਿਆ ਹੈ! ਉਹ ਉਨ੍ਹਾਂ ਚੀਜ਼ਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਦੀ ਇੰਜੀਨੀਅਰੀ ਨੂੰ ਬਾਇਓਮਿਮੈਟਿਕਸ ਸੱਦਿਆ ਜਾਂਦਾ ਹੈ।
17 ਮਿਸਾਲ ਲਈ ਤੁਸੀਂ ਸ਼ਾਇਦ ਸੋਚੋ ਕਿ ਮੱਕੜੀ ਦਾ ਜਾਲ ਕਿੰਨਾ ਸੋਹਣਾ ਲੱਗਦਾ ਹੈ। ਸੱਚ-ਮੁੱਚ ਇਸ ਦਾ ਡੀਜ਼ਾਈਨ ਬਹੁਤ ਹੀ ਸ਼ਾਨਦਾਰ ਹੁੰਦਾ ਹੈ। ਜਾਲ ਦੀਆਂ ਤਾਰਾਂ ਕਮਜ਼ੋਰ ਨਜ਼ਰ ਆਉਂਦੀਆਂ ਹਨ, ਪਰ ਜੇ ਇਹ ਮੋਟੀਆਂ ਕੀਤੀਆਂ ਜਾਣ, ਤਾਂ ਇਹ ਸਟੀਲ ਨਾਲੋਂ ਅਤੇ ਬੁਲਟ-ਪਰੂਫ ਵੈਸਟ ਦੇ ਧਾਗਿਆਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੋਣਗੀਆਂ। ਇਸ ਦਾ ਕੀ ਮਤਲਬ ਹੈ? ਮੰਨ ਲਓ ਕਿ ਤੁਸੀਂ ਇਸ ਜਾਲ ਨੂੰ ਬਹੁਤ ਵੱਡਾ ਬਣਾ ਦਿੰਦੇ ਹੋ। ਇਹ ਜਾਲ ਇੰਨਾ ਮਜ਼ਬੂਤ ਹੋਵੇਗਾ ਕਿ ਇਹ ਉੱਡ ਰਹੇ ਹਵਾਈ ਜਹਾਜ਼ ਨੂੰ ਆਸਾਨੀ ਨਾਲ ਰੋਕ ਸਕੇਗਾ ਜਿਵੇਂ ਮੱਕੜੀ ਦਾ ਜਾਲ ਕਿਸੇ ਮੱਛਰ ਜਾਂ ਮੱਖੀ ਨੂੰ ਰੋਕ ਲੈਂਦਾ ਹੈ! ਯਹੋਵਾਹ ਨੇ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਆਪਣੀ “ਬੁੱਧੀ ਨਾਲ” ਬਣਾਈਆਂ ਹਨ।
18. ਇਨਸਾਨਾਂ ਰਾਹੀਂ ਆਪਣਾ ਬਚਨ ਲਿਖਵਾ ਕੇ ਯਹੋਵਾਹ ਨੇ ਆਪਣੀ ਬੁੱਧ ਦਾ ਸਬੂਤ ਕਿਸ ਤਰ੍ਹਾਂ ਦਿੱਤਾ ਹੈ?
18 ਯਹੋਵਾਹ ਦੀ ਬੁੱਧ ਦਾ ਸਭ ਤੋਂ ਵੱਡਾ ਸਬੂਤ ਉਸ ਦੇ ਬਚਨ, ਬਾਈਬਲ ਤੋਂ ਮਿਲਦਾ ਹੈ। ਇਸ ਦੇ ਪੰਨਿਆਂ ਵਿਚ ਯਹੋਵਾਹ ਸਾਨੂੰ ਜੀਉਣ ਦਾ ਸਭ ਤੋਂ ਵਧੀਆ ਰਾਹ ਦਿਖਾਉਂਦਾ ਹੈ। (ਯਸਾਯਾਹ 48:17) ਪਰ ਬਾਈਬਲ ਜਿਸ ਤਰ੍ਹਾਂ ਲਿਖੀ ਗਈ ਹੈ, ਉਸ ਤੋਂ ਵੀ ਪਰਮੇਸ਼ੁਰ ਦੀ ਬੁੱਧ ਜ਼ਾਹਰ ਹੁੰਦੀ ਹੈ। ਕਿਸ ਤਰ੍ਹਾਂ? ਯਹੋਵਾਹ ਨੇ ਆਪਣਾ ਬਚਨ ਇਨਸਾਨਾਂ ਰਾਹੀਂ ਲਿਖਵਾ ਕੇ ਆਪਣੀ ਬੁੱਧ ਦਾ ਸਬੂਤ ਦਿੱਤਾ ਹੈ। ਜ਼ਰਾ ਸੋਚੋ: ਇਸ ਕੰਮ ਲਈ ਜੇ ਉਸ ਨੇ ਫਰਿਸ਼ਤਿਆਂ ਨੂੰ ਇਸਤੇਮਾਲ ਕੀਤਾ ਹੁੰਦਾ, ਤਾਂ ਕੀ ਬਾਈਬਲ ਸਾਨੂੰ ਇਸੇ ਤਰ੍ਹਾਂ ਪਸੰਦ ਹੁੰਦੀ? ਜੇਕਰ ਫਰਿਸ਼ਤੇ ਆਪਣੇ ਨਜ਼ਰੀਏ ਤੋਂ ਯਹੋਵਾਹ ਬਾਰੇ ਬਹੁਤ ਵੱਡੀਆਂ-ਵੱਡੀਆਂ ਤੇ ਅਨੋਖੀਆਂ ਗੱਲਾਂ ਦੱਸਦੇ ਅਤੇ ਆਪਣੇ ਭਗਤੀ ਕਰਨ ਦੇ ਤਰੀਕੇ ਬਾਰੇ ਦੱਸਦੇ, ਤਾਂ ਕੀ ਫਰਿਸ਼ਤਿਆਂ ਦੀਆਂ ਗੱਲਾਂ ਸਾਨੂੰ ਸਮਝ ਆਉਂਦੀਆਂ ਅਤੇ ਸਾਡੇ ਦਿਲ ਨੂੰ ਛੁੰਹਦੀਆਂ? ਨਹੀਂ, ਕਿਉਂਕਿ ਉਹ ਮੁਕੰਮਲ ਤੇ ਸਾਡੇ ਨਾਲੋਂ ਮਹਾਨ ਹਨ ਅਤੇ ਉਨ੍ਹਾਂ ਦਾ ਤਜਰਬਾ, ਗਿਆਨ ਤੇ ਸ਼ਕਤੀ ਸਾਡੇ ਨਾਲੋਂ ਬਹੁਤ ਜ਼ਿਆਦਾ ਹੈ।—ਇਬਰਾਨੀਆਂ 2:6, 7.
19. ਕਿਹੜੀ ਉਦਾਹਰਣ ਤੋਂ ਪਤਾ ਲੱਗਦਾ ਹੈ ਕਿ ਇਨਸਾਨਾਂ ਵੱਲੋਂ ਲਿਖੀ ਹੋਣ ਕਰਕੇ ਸਾਨੂੰ ਬਾਈਬਲ ਸੌਖਿਆਂ ਹੀ ਸਮਝ ਆ ਜਾਂਦੀ ਹੈ ਅਤੇ ਇਹ ਸਾਡੇ ਦਿਲ ਨੂੰ ਕਿਵੇਂ ਛੁੰਹਦੀ ਹੈ?
19 ਇਨਸਾਨੀ ਲਿਖਾਰੀਆਂ ਨੂੰ ਇਸਤੇਮਾਲ ਕਰਨ ਨਾਲ ਬਾਈਬਲ ਸੌਖਿਆਂ ਹੀ ਸਾਨੂੰ ਸਮਝ ਆਉਂਦੀ ਹੈ ਅਤੇ ਸਾਡੇ ਦਿਲ ਨੂੰ ਛੁੰਹਦੀ ਹੈ। ਇਸ ਨੂੰ ਲਿਖਣ ਵਾਲੇ ਆਦਮੀਆਂ ਦੇ ਜਜ਼ਬਾਤ ਬਿਲਕੁਲ ਸਾਡੇ ਵਰਗੇ ਸਨ। ਅਪੂਰਣ ਹੋਣ ਦੇ ਕਾਰਨ ਉਹ ਸਾਡੇ ਵਾਂਗ ਗ਼ਲਤੀਆਂ ਕਰਦੇ ਸਨ ਅਤੇ ਸਾਡੇ ਵਰਗੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਸਨ। ਕਦੇ-ਕਦੇ ਯਹੋਵਾਹ ਨੇ ਇਨ੍ਹਾਂ ਵਿਅਕਤੀਆਂ ਨੂੰ ਆਪਣਿਆਂ ਤਜਰਬਿਆਂ ਅਤੇ ਮੁਸ਼ਕਲਾਂ ਬਾਰੇ ਲਿਖਣ ਲਈ ਪ੍ਰੇਰਿਤ ਕੀਤਾ ਸੀ। (2 ਕੁਰਿੰਥੀਆਂ 12:7-10) ਫਰਿਸ਼ਤਿਆਂ ਨੇ ਇਹ ਸਭ ਕੁਝ ਅਨੁਭਵ ਨਹੀਂ ਕੀਤਾ ਸੀ, ਇਸ ਲਈ ਉਹ ਇਸ ਤਰ੍ਹਾਂ ਨਹੀਂ ਲਿਖ ਸਕਦੇ ਸਨ। ਮਿਸਾਲ ਦੇ ਤੌਰ ਤੇ 51ਵੇਂ ਜ਼ਬੂਰ ਵਿਚ ਦਾਊਦ ਬਾਦਸ਼ਾਹ ਦੇ ਲਫ਼ਜ਼ਾਂ ਵੱਲ ਧਿਆਨ ਦਿਓ। ਇਸ ਜ਼ਬੂਰ ਦੇ ਉਪਰ ਲਿਖੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਦਾਊਦ ਨੇ ਬੜਾ ਗੰਭੀਰ ਪਾਪ ਕਰਨ ਤੋਂ ਬਾਅਦ ਇਸ ਨੂੰ ਲਿਖਿਆ ਸੀ। ਇਸ ਵਿਚ ਉਸ ਨੇ ਮਾਫ਼ੀ ਲਈ ਪਰਮੇਸ਼ੁਰ ਨੂੰ ਦਿਲ ਖੋਲ੍ਹ ਕੇ ਬੇਨਤੀ ਕੀਤੀ ਸੀ। ਦੂਜੀ ਤੇ ਤੀਜੀ ਆਇਤ ਵਿਚ ਉਸ ਨੇ ਲਿਖਿਆ: “ਮੇਰੀ ਬਦੀ ਤੋਂ ਮੈਨੂੰ ਚੰਗੀ ਤਰਾਂ ਧੋ, ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ, ਕਿਉਂ ਜੋ ਮੈਂ ਆਪਣੇ ਅਪਰਾਧ ਜਾਣਦਾ ਹਾਂ, ਅਤੇ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ।” ਪੰਜਵੀਂ ਆਇਤ ਵੱਲ ਧਿਆਨ ਦਿਓ: “ਵੇਖ, ਮੈਂ ਬਦੀ ਵਿੱਚ ਜੰਮਿਆ, ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ।” ਉਸ ਨੇ ਸਤਾਰ੍ਹਵੀਂ ਆਇਤ ਵਿਚ ਅੱਗੇ ਲਿਖਿਆ: “ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ, ਹੇ ਪਰਮੇਸ਼ੁਰ, ਟੁੱਟੇ ਅਤੇ ਆਜਿਜ਼ ਦਿਲ ਨੂੰ ਤੂੰ ਤੁੱਛ ਨਾ ਜਾਣੇਂਗਾ।” ਕੀ ਤੁਸੀਂ ਲੇਖਕ ਦੀ ਪੀੜ ਮਹਿਸੂਸ ਕਰ ਸਕਦੇ ਹੋ? ਸਿਰਫ਼ ਇਕ ਅਪੂਰਣ ਇਨਸਾਨ ਹੀ ਆਪਣੇ ਦਿਲ ਦੀ ਗੱਲ ਇਸ ਤਰ੍ਹਾਂ ਕਹਿ ਸਕਦਾ ਸੀ।
20, 21. (ੳ) ਇਨਸਾਨ ਦੁਆਰਾ ਲਿਖੇ ਜਾਣ ਦੇ ਬਾਵਜੂਦ ਵੀ ਕਿਉਂ ਕਿਹਾ ਜਾ ਸਕਦਾ ਹੈ ਕਿ ਬਾਈਬਲ ਵਿਚ ਪਰਮੇਸ਼ੁਰ ਦੀ ਬੁੱਧ ਪਾਈ ਜਾਂਦੀ ਹੈ? (ਅ) ਅਗਲੇ ਲੇਖ ਵਿਚ ਕਿਸ ਵਿਸ਼ੇ ਤੇ ਗੱਲ ਕੀਤੀ ਜਾਵੇਗੀ?
20 ਯਹੋਵਾਹ ਨੇ ਅਜਿਹੇ ਅਪੂਰਣ ਇਨਸਾਨਾਂ ਰਾਹੀਂ ਬਾਈਬਲ ਲਿਖਵਾ ਕੇ ਸਾਡੇ ਲਈ ਅਜਿਹੀ ਪੁਸਤਕ ਤਿਆਰ ਕੀਤੀ ਜੋ “ਪਰਮੇਸ਼ੁਰ ਦੇ ਆਤਮਾ ਤੋਂ” ਪ੍ਰੇਰਿਤ ਹੋਣ ਦੇ ਨਾਲ-ਨਾਲ ਇਨਸਾਨੀ ਨਜ਼ਰੀਏ ਤੋਂ ਲਿਖੀ ਗਈ ਹੈ। (2 ਤਿਮੋਥਿਉਸ 3:16) ਜੀ ਹਾਂ, ਉਨ੍ਹਾਂ ਲੇਖਕਾਂ ਨੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਲਿਖਿਆ ਸੀ। ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਨਹੀਂ, ਪਰ ਯਹੋਵਾਹ ਦੀ ਬੁੱਧ ਲਿਖੀ ਸੀ। ਉਸ ਬੁੱਧ ਉੱਤੇ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ। ਪਰਮੇਸ਼ੁਰ ਸਾਡੇ ਨਾਲੋਂ ਇੰਨਾ ਬੁੱਧੀਮਾਨ ਹੈ ਕਿ ਬਾਈਬਲ ਵਿਚ ਸਾਨੂੰ ਕਿਹਾ ਗਿਆ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾਉਤਾਂ 3:5, 6) ਇਸ ਸਲਾਹ ਤੇ ਚੱਲ ਕੇ ਅਸੀਂ ਆਪਣੇ ਅੱਤ ਬੁੱਧੀਮਾਨ ਪਰਮੇਸ਼ੁਰ ਵੱਲ ਖਿੱਚੇ ਜਾਂਦੇ ਹਾਂ।
21 ਯਹੋਵਾਹ ਦਾ ਸਭ ਤੋਂ ਸੋਹਣਾ ਗੁਣ ਪਿਆਰ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਨੇ ਆਪਣੇ ਪਿਆਰ ਦਾ ਸਬੂਤ ਕਿਸ ਤਰ੍ਹਾਂ ਦਿੱਤਾ ਹੈ।
ਕੀ ਤੁਹਾਨੂੰ ਯਾਦ ਹੈ?
• ਸਾਡੇ ਨਾਲ ਦੋਸਤੀ ਕਰਨ ਲਈ ਯਹੋਵਾਹ ਨੇ ਕਿਹੜੇ ਕਦਮ ਚੁੱਕੇ ਹਨ?
• ਯਹੋਵਾਹ ਦੀ ਸ੍ਰਿਸ਼ਟ ਕਰਨ ਅਤੇ ਰੱਖਿਆ ਕਰਨ ਦੀ ਸ਼ਕਤੀ ਦੀਆਂ ਕੁਝ ਉਦਾਹਰਣਾਂ ਦਿਓ।
• ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਇਨਸਾਫ਼ ਕਰਦਾ ਹੈ?
• ਬਾਈਬਲ ਅਤੇ ਸ੍ਰਿਸ਼ਟੀ ਵਿਚ ਯਹੋਵਾਹ ਦੀ ਬੁੱਧ ਕਿਸ ਤਰ੍ਹਾਂ ਦੇਖੀ ਜਾ ਸਕਦੀ ਹੈ?
[ਸਫ਼ੇ 10 ਉੱਤੇ ਤਸਵੀਰ]
ਜਿਵੇਂ ਅਯਾਲੀ ਲੇਲੇ ਨੂੰ ਆਪਣੀ ਹਿੱਕ ਨਾਲ ਲਾਉਂਦਾ ਹੈ, ਉਵੇਂ ਯਹੋਵਾਹ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰਦਾ ਹੈ
[ਸਫ਼ੇ 13 ਉੱਤੇ ਤਸਵੀਰ]
ਬਾਈਬਲ ਜਿਸ ਤਰ੍ਹਾਂ ਲਿਖੀ ਗਈ ਹੈ, ਉਸ ਤੋਂ ਵੀ ਪਰਮੇਸ਼ੁਰ ਦੀ ਬੁੱਧ ਜ਼ਾਹਰ ਹੁੰਦੀ ਹੈ