ਕੀ ਤੁਸੀਂ ਸਬਰ ਨਾਲ “ਉਡੀਕ” ਕਰ ਰਹੇ ਹੋ?
‘ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ? ਅਤੇ ਪਰਮੇਸ਼ੁਰ ਦੇ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ।’—2 ਪਤਰਸ 3:11, 12.
1, 2. ਅਸੀਂ ਯਹੋਵਾਹ ਦੇ ਦਿਨ ਦੀ “ਉਡੀਕ” ਕਰਨ ਦੀ ਤੁਲਨਾ ਕਿਸ ਚੀਜ਼ ਨਾਲ ਕਰ ਸਕਦੇ ਹਾਂ?
ਕਲਪਨਾ ਕਰੋ ਕਿ ਇਕ ਪਰਿਵਾਰ ਪਰਾਹੁਣਿਆਂ ਦੀ ਉਡੀਕ ਕਰ ਰਿਹਾ ਹੈ ਜੋ ਉਨ੍ਹਾਂ ਦੇ ਘਰ ਸ਼ਾਮ ਨੂੰ ਰੋਟੀ ਖਾਣ ਲਈ ਆ ਰਹੇ ਹਨ। ਉਨ੍ਹਾਂ ਦੇ ਆਉਣ ਦਾ ਸਮਾਂ ਹੋ ਰਿਹਾ ਹੈ। ਪਤਨੀ ਨੇ ਰੋਟੀ ਤਿਆਰ ਕਰਨ ਦਾ ਕੰਮ ਤਕਰੀਬਨ ਨਬੇੜ ਲਿਆ ਹੈ। ਉਸ ਦਾ ਪਤੀ ਤੇ ਬੱਚੇ ਵੀ ਉਸ ਦੀ ਮਦਦ ਕਰ ਰਹੇ ਹਨ। ਸਾਰੇ ਜਣੇ ਖ਼ੁਸ਼ ਹਨ। ਜੀ ਹਾਂ, ਪੂਰਾ ਪਰਿਵਾਰ ਬੜੀ ਚਾਹ ਨਾਲ ਪਰਾਹੁਣਿਆਂ ਦੇ ਆਉਣ ਅਤੇ ਉਨ੍ਹਾਂ ਨਾਲ ਬੈਠ ਕੇ ਸੁਆਦੀ ਭੋਜਨ ਤੇ ਗੱਲਬਾਤ ਦਾ ਮਜ਼ਾ ਲੈਣ ਦੀ ਉਡੀਕ ਕਰ ਰਿਹਾ ਹੈ।
2 ਮਸੀਹੀ ਹੋਣ ਦੇ ਨਾਤੇ, ਅਸੀਂ ਇਸ ਤੋਂ ਵੀ ਇਕ ਮਹੱਤਵਪੂਰਣ ਘਟਨਾ ਦੀ ਉਡੀਕ ਕਰ ਰਹੇ ਹਾਂ। ਕਿਹੜੀ ਘਟਨਾ? ਅਸੀਂ ਸਾਰੇ ‘ਪਰਮੇਸ਼ੁਰ ਦੇ ਦਿਨ’ ਦੇ ਆਉਣ ਦੀ ਉਡੀਕ ਕਰ ਰਹੇ ਹਾਂ। ਇਸ ਦਿਨ ਦੇ ਆਉਣ ਤਕ ਸਾਨੂੰ ਮੀਕਾਹ ਨਬੀ ਵਰਗੇ ਬਣਨ ਦੀ ਲੋੜ ਹੈ ਜਿਸ ਨੇ ਕਿਹਾ ਸੀ: “ਮੈਂ ਯਹੋਵਾਹ ਨੂੰ ਤੱਕਾਂਗਾ, ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ।” (ਮੀਕਾਹ 7:7) ਕੀ ਇਸ ਦਾ ਮਤਲਬ ਹੈ ਕਿ ਉਸ ਦਿਨ ਦੇ ਆਉਣ ਤਕ ਅਸੀਂ ਵਿਹਲੇ ਬੈਠੇ ਰਹੀਏ? ਨਹੀਂ, ਅਜੇ ਬਹੁਤ ਸਾਰਾ ਕੰਮ ਕਰਨ ਵਾਲਾ ਪਿਆ ਹੈ।
3. ਦੂਸਰਾ ਪਤਰਸ 3:11, 12 ਅਨੁਸਾਰ ਮਸੀਹੀਆਂ ਨੂੰ ਕਿਸ ਤਰ੍ਹਾਂ ਦਾ ਰਵੱਈਆ ਰੱਖਣ ਦੀ ਲੋੜ ਹੈ?
3 ਉਡੀਕ ਕਰਦੇ ਹੋਏ ਸਹੀ ਰਵੱਈਆ ਰੱਖਣ ਵਿਚ ਪਤਰਸ ਰਸੂਲ ਸਾਡੀ ਮਦਦ ਕਰਦਾ ਹੈ। ਉਹ ਕਹਿੰਦਾ ਹੈ: ‘ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ? ਅਤੇ ਪਰਮੇਸ਼ੁਰ ਦੇ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ।’ (2 ਪਤਰਸ 3:11, 12) ਧਿਆਨ ਦਿਓ ਕਿ ਪਤਰਸ ਨੇ ਅਜਿਹਾ ਸਵਾਲ ਨਹੀਂ ਪੁੱਛਿਆ ਜਿਸ ਦਾ ਜਵਾਬ ਦੇਣ ਦੀ ਲੋੜ ਸੀ। ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀਆਂ ਆਪਣੀਆਂ ਦੋ ਚਿੱਠੀਆਂ ਵਿਚ ਪਤਰਸ ਨੇ ਸਮਝਾਇਆ ਸੀ ਕਿ ਮਸੀਹੀਆਂ ਨੂੰ ਕਿਸ ਤਰ੍ਹਾਂ ਦੇ ਇਨਸਾਨ ਬਣਨਾ ਚਾਹੀਦਾ ਸੀ। ਉਸ ਨੇ ਉਨ੍ਹਾਂ ਨੂੰ ਇਹ ਨਸੀਹਤ ਵੀ ਦਿੱਤੀ ਸੀ ਕਿ ਉਹ “ਪਵਿੱਤਰ ਚਲਣ” ਰੱਖਣ ਅਤੇ ਪਰਮੇਸ਼ੁਰ ਦੀ “ਭਗਤੀ” ਕਰਨ। ਭਾਵੇਂ ਕਿ ਯਿਸੂ ਦੁਆਰਾ “ਜੁਗ ਦੇ ਅੰਤ” ਦੇ ਲੱਛਣ ਦੱਸੇ ਨੂੰ 30 ਸਾਲ ਹੋ ਚੁੱਕੇ ਸਨ, ਫਿਰ ਵੀ ਮਸੀਹੀਆਂ ਨੂੰ ਖ਼ਬਰਦਾਰ ਰਹਿਣ ਦੀ ਲੋੜ ਸੀ। (ਮੱਤੀ 24:3) ਉਨ੍ਹਾਂ ਨੂੰ ਯਹੋਵਾਹ ਦੇ ਦਿਨ ਨੂੰ ‘ਉਡੀਕਦੇ ਅਤੇ ਲੋਚਦੇ ਰਹਿਣ’ ਦੀ ਲੋੜ ਸੀ।
4. ‘ਪਰਮੇਸ਼ੁਰ ਦੇ ਦਿਨ ਦੇ ਆਉਣ ਨੂੰ ਲੋਚਦੇ ਰਹਿਣ’ ਦਾ ਕੀ ਮਤਲਬ ਹੈ?
4 “ਲੋਚਦੇ ਰਹੋ” ਲਈ ਇੱਥੇ ਜੋ ਯੂਨਾਨੀ ਸ਼ਬਦ ਇਸਤੇਮਾਲ ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਤੇਜ਼ ਕਰਨਾ।” ਪਰ ਅਸੀਂ ਯਹੋਵਾਹ ਦੇ ਦਿਨ ਨੂੰ ‘ਤੇਜ਼ੀ’ ਨਾਲ ਤਾਂ ਨਹੀਂ ਲਿਆ ਸਕਦੇ। ਅਸੀਂ ਤਾਂ ‘ਉਸ ਦਿਨ ਅਤੇ ਘੜੀ ਨੂੰ ਵੀ ਨਹੀਂ ਜਾਣਦੇ’ ਜਦੋਂ ਯਿਸੂ ਮਸੀਹ ਆਪਣੇ ਪਿਤਾ ਦੇ ਵੈਰੀਆਂ ਨੂੰ ਸਜ਼ਾ ਦੇਵੇਗਾ। (ਮੱਤੀ 24:36; 25:13) ਇਕ ਸ਼ਬਦ-ਕੋਸ਼ ਸਮਝਾਉਂਦਾ ਹੈ ਕਿ “ਲੋਚਦੇ ਰਹੋ” ਸ਼ਬਦਾਂ ਦੀ ਮੂਲ ਕ੍ਰਿਆ ਦਾ ਇੱਥੇ ਮਤਲਬ ਹੈ “‘ਕਾਹਲੀ ਕਰਨੀ’ ਅਤੇ ਇਹ ‘ਜੋਸ਼ੀਲੇ ਤੇ ਸਰਗਰਮ ਹੋਣ ਅਤੇ ਕਿਸੇ ਕੰਮ ਬਾਰੇ ਫ਼ਿਕਰ ਕਰਨ’ ਨੂੰ ਦਰਸਾਉਂਦਾ ਹੈ।” ਇਸੇ ਲਈ ਪਤਰਸ ਆਪਣੇ ਸਾਥੀ ਵਿਸ਼ਵਾਸੀਆਂ ਨੂੰ ਤਾਕੀਦ ਕਰ ਰਿਹਾ ਸੀ ਕਿ ਉਹ ਯਹੋਵਾਹ ਦੇ ਦਿਨ ਨੂੰ ਲੋਚਦੇ ਰਹਿਣ। ਉਹ ਇਸ ਦਿਨ ਨੂੰ ਯਾਦ ਰੱਖ ਕੇ ਇਸ ਨੂੰ ਲੋਚ ਸਕਦੇ ਸਨ। (2 ਪਤਰਸ 3:12) ਅੱਜ ‘ਯਹੋਵਾਹ ਦਾ ਵੱਡਾ ਤੇ ਹੌਲਨਾਕ ਦਿਨ’ ਬਹੁਤ ਨੇੜੇ ਹੈ, ਇਸ ਲਈ ਸਾਨੂੰ ਵੀ ਇਸੇ ਤਰ੍ਹਾਂ ਦਾ ਰਵੱਈਆ ਰੱਖਣਾ ਚਾਹੀਦਾ ਹੈ।—ਯੋਏਲ 2:31.
ਉਡੀਕ ਕਰਦੇ ਹੋਏ “ਪਵਿੱਤਰ ਚਲਣ” ਰੱਖੋ
5. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ “ਪਰਮੇਸ਼ੁਰ ਦੇ ਦਿਨ” ਨੂੰ “ਲੋਚਦੇ” ਹਾਂ?
5 ਜੇ ਅਸੀਂ ਯਹੋਵਾਹ ਦੇ ਦਿਨ ਵਿੱਚੋਂ ਬਚ ਨਿਕਲਣ ਲਈ “ਲੋਚਦੇ” ਹਾਂ, ਤਾਂ ਅਸੀਂ ਆਪਣੀ ਇਸ ਇੱਛਾ ਦਾ ਸਬੂਤ ਆਪਣੇ “ਪਵਿੱਤਰ ਚਲਣ ਅਤੇ ਭਗਤੀ” ਰਾਹੀਂ ਦੇਵਾਂਗੇ। “ਪਵਿੱਤਰ ਚਲਣ” ਤੋਂ ਸ਼ਾਇਦ ਸਾਨੂੰ ਪਤਰਸ ਦੀ ਇਹ ਨਸੀਹਤ ਯਾਦ ਆਵੇ: “ਆਗਿਆਕਾਰ ਬੱਚਿਆਂ ਵਾਂਙੁ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾਂ ਦੇ ਸਰੂਪ ਜੇਹੇ ਨਾ ਬਣੋ। ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ ਤੁਸੀਂ ਆਪ ਭੀ ਤਿਵੇਂ ਹੀ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ। ਕਿਉਂ ਜੋ ਇਹ ਲਿਖਿਆ ਹੋਇਆ ਹੈ ਭਈ ਤੁਸੀਂ ਪਵਿੱਤਰ ਬਣੋ ਇਸ ਲਈ ਜੋ ਮੈਂ ਪਵਿੱਤਰ ਹਾਂ।”—1 ਪਤਰਸ 1:14-16.
6. ਪਵਿੱਤਰ ਬਣਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
6 ਪਵਿੱਤਰ ਬਣਨ ਲਈ ਸਾਨੂੰ ਆਪਣੇ ਆਪ ਨੂੰ ਸਰੀਰਕ, ਮਾਨਸਿਕ, ਨੈਤਿਕ ਅਤੇ ਅਧਿਆਤਮਿਕ ਤੌਰ ਤੇ ਸ਼ੁੱਧ ਰੱਖਣ ਦੀ ਲੋੜ ਹੈ। ਯਹੋਵਾਹ ਦੇ ਲੋਕ ਹੋਣ ਦੇ ਨਾਤੇ, ਕੀ ਅਸੀਂ ਆਪਣੇ ਆਪ ਨੂੰ ਪਵਿੱਤਰ ਰੱਖ ਕੇ “ਪਰਮੇਸ਼ੁਰ ਦੇ ਦਿਨ” ਲਈ ਤਿਆਰੀ ਕਰ ਰਹੇ ਹਾਂ? ਅੱਜ ਪਵਿੱਤਰ ਰਹਿਣਾ ਆਸਾਨ ਨਹੀਂ ਹੈ ਕਿਉਂਕਿ ਦੁਨੀਆਂ ਦੇ ਨੈਤਿਕ ਮਿਆਰ ਲਗਾਤਾਰ ਡਿੱਗਦੇ ਜਾ ਰਹੇ ਹਨ। (1 ਕੁਰਿੰਥੀਆਂ 7:31; 2 ਤਿਮੋਥਿਉਸ 3:13) ਕੀ ਸਾਨੂੰ ਇਹ ਪਤਾ ਹੈ ਕਿ ਸਾਡੇ ਨੈਤਿਕ ਮਿਆਰਾਂ ਅਤੇ ਦੁਨੀਆਂ ਦੇ ਨੈਤਿਕ ਮਿਆਰਾਂ ਵਿਚ ਪਾੜ ਵਧਦਾ ਜਾ ਰਿਹਾ ਹੈ? ਜੇ ਨਹੀਂ, ਤਾਂ ਇਹ ਚਿੰਤਾ ਦੀ ਗੱਲ ਹੈ। ਕੀ ਸਾਡੇ ਨੈਤਿਕ ਮਿਆਰ, ਭਾਵੇਂ ਦੁਨੀਆਂ ਦੇ ਮਿਆਰਾਂ ਨਾਲੋਂ ਉੱਚੇ ਹਨ, ਲਗਾਤਾਰ ਡਿੱਗਦੇ ਜਾ ਰਹੇ ਹਨ? ਜੇ ਹਾਂ, ਤਾਂ ਸਾਨੂੰ ਜਲਦੀ ਤੋਂ ਜਲਦੀ ਆਪਣੇ ਵਿਚ ਸੁਧਾਰ ਕਰਨ ਲਈ ਕਦਮ ਚੁੱਕਣ ਦੀ ਲੋੜ ਹੈ ਤਾਂਕਿ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕੀਏ।
7, 8. (ੳ) ਅਸੀਂ “ਪਵਿੱਤਰ ਚਲਣ” ਰੱਖਣ ਦੀ ਮਹੱਤਤਾ ਨੂੰ ਕਿਵੇਂ ਭੁੱਲ ਸਕਦੇ ਹਾਂ? (ਅ) ਸਾਨੂੰ ਆਪਣੇ ਵਿਚ ਸੁਧਾਰ ਕਰਨ ਲਈ ਕੀ ਕਰਨ ਦੀ ਲੋੜ ਹੈ?
7 ਅੱਜ ਇੰਟਰਨੈੱਟ ਉੱਤੇ ਅਸ਼ਲੀਲ ਸਾਹਿੱਤ ਤੇ ਫ਼ੋਟੋਆਂ ਉਪਲਬਧ ਹਨ ਜਿਨ੍ਹਾਂ ਨੂੰ ਬਿਨਾਂ ਕਿਸੇ ਤੋਂ ਡਰੇ ਘਰ ਬੈਠਿਆਂ ਦੇਖਿਆ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਅਜਿਹਾ ਸਾਹਿੱਤ ਨਹੀਂ ਮਿਲਦਾ ਸੀ, ਹੁਣ “ਉਨ੍ਹਾਂ ਕੋਲ ਆਪਣੀਆਂ ਕਾਮੁਕ ਇੱਛਾਵਾਂ ਪੂਰੀਆਂ ਕਰਨ ਲਈ ਬਹੁਤ ਕੁਝ ਹੈ,” ਇਕ ਡਾਕਟਰ ਨੇ ਕਿਹਾ। ਜੇ ਅਸੀਂ ਇੰਟਰਨੈੱਟ ਤੇ ਇਹ ਸਭ ਕੁਝ ਦੇਖਦੇ ਹਾਂ, ਤਾਂ ਅਸੀਂ ਬਾਈਬਲ ਦੇ ਇਸ ਹੁਕਮ ਨੂੰ ਨਹੀਂ ਮੰਨ ਰਹੇ ਹੋਵਾਂਗੇ: “ਕਿਸੇ ਪਲੀਤ ਚੀਜ਼ ਨੂੰ ਨਾ ਛੂਹੋ।” (ਯਸਾਯਾਹ 52:11) ਕੀ ਅਸੀਂ ਸੱਚ-ਮੁੱਚ ‘ਪਰਮੇਸ਼ੁਰ ਦੇ ਦਿਨ ਦੇ ਆਉਣ ਨੂੰ ਲੋਚ ਰਹੇ’ ਹੋਵਾਂਗੇ? ਜਾਂ ਕੀ ਅਸੀਂ ਮਨ ਵਿਚ ਇਹ ਕਹਾਂਗੇ ਕਿ ਇਹ ਦਿਨ ਅਜੇ ਨਹੀਂ ਆਵੇਗਾ? ਕੀ ਅਸੀਂ ਆਪਣੇ ਆਪ ਨੂੰ ਇਹ ਯਕੀਨ ਦੁਆ ਰਹੇ ਹਾਂ ਕਿ ਜੇ ਅਸੀਂ ਆਪਣੇ ਮਨ ਨੂੰ ਗੰਦੀਆਂ ਗੱਲਾਂ ਨਾਲ ਭ੍ਰਿਸ਼ਟ ਕਰ ਲੈਂਦੇ ਹਾਂ, ਤਾਂ ਵੀ ਸਾਡੇ ਕੋਲ ਇਸ ਨੂੰ ਸਾਫ਼ ਕਰਨ ਲਈ ਕਾਫ਼ੀ ਸਮਾਂ ਹੈ? ਜੇ ਸਾਡੇ ਨਾਲ ਇਸ ਤਰ੍ਹਾਂ ਹੋ ਰਿਹਾ ਹੈ, ਤਾਂ ਸਾਡੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰੀਏ ਕਿ ਉਹ ‘ਸਾਡੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇਵੇ, ਆਪਣੇ ਰਾਹਾਂ ਉੱਤੇ ਸਾਨੂੰ ਜਿਵਾਲੇ।’—ਜ਼ਬੂਰਾਂ ਦੀ ਪੋਥੀ 119:37.
8 ਯਹੋਵਾਹ ਦੇ ਜ਼ਿਆਦਾਤਰ ਗਵਾਹ, ਜਵਾਨ ਹੋਣ ਜਾਂ ਬੁੱਢੇ, ਪਰਮੇਸ਼ੁਰ ਦੇ ਉੱਚੇ ਨੈਤਿਕ ਮਿਆਰਾਂ ਉੱਤੇ ਦ੍ਰਿੜ੍ਹਤਾ ਨਾਲ ਚੱਲ ਰਹੇ ਹਨ ਅਤੇ ਦੁਨੀਆਂ ਦੇ ਗੰਦੇ ਰਾਹਾਂ ਤੋਂ ਦੂਰ ਰਹਿ ਰਹੇ ਹਨ। ਅੱਜ ਉਹ ਸਮੇਂ ਦੀ ਨਾਜ਼ੁਕਤਾ ਨੂੰ ਪਛਾਣਦੇ ਹਨ ਅਤੇ ਪਤਰਸ ਦੀ ਇਸ ਚੇਤਾਵਨੀ ਵੱਲ ਧਿਆਨ ਦਿੰਦੇ ਹਨ: “ਪ੍ਰਭੁ ਦਾ ਦਿਨ ਚੋਰ ਵਾਂਙੁ ਆਵੇਗਾ।” (2 ਪਤਰਸ 3:10) ਇਸ ਲਈ ਉਹ ਲਗਾਤਾਰ “ਪਵਿੱਤਰ ਚਲਣ” ਰੱਖ ਰਹੇ ਹਨ। ਉਨ੍ਹਾਂ ਦੇ ਕੰਮ ਦਿਖਾਉਂਦੇ ਹਨ ਕਿ ਉਹ ‘ਪਰਮੇਸ਼ੁਰ ਦੇ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਹਨ।’a
ਉਡੀਕ ਕਰਦੇ ਹੋਏ ਯਹੋਵਾਹ ਦੀ “ਭਗਤੀ” ਕਰੋ
9. ਪਰਮੇਸ਼ੁਰ ਦੀ ਭਗਤੀ ਸਾਨੂੰ ਕੀ ਕਰਨ ਲਈ ਪ੍ਰੇਰਿਤ ਕਰਦੀ ਹੈ?
9 ਯਹੋਵਾਹ ਦੇ ਦਿਨ ਨੂੰ ਯਾਦ ਰੱਖਣ ਲਈ ਉਸ ਦੀ “ਭਗਤੀ” ਕਰਨੀ ਬਹੁਤ ਜ਼ਰੂਰੀ ਹੈ। “ਭਗਤੀ” ਦਾ ਮਤਲਬ ਹੈ ਕਿ ਸਾਡੇ ਦਿਲ ਵਿਚ ਪਰਮੇਸ਼ੁਰ ਲਈ ਸ਼ਰਧਾ ਹੋਣੀ ਚਾਹੀਦੀ ਹੈ ਤੇ ਸਾਨੂੰ ਉਹ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਨੂੰ ਦੇਖ ਕੇ ਉਸ ਨੂੰ ਖ਼ੁਸ਼ੀ ਹੁੰਦੀ ਹੈ। ਯਹੋਵਾਹ ਨਾਲ ਸਾਡਾ ਰਿਸ਼ਤਾ ਸਾਨੂੰ ਵਫ਼ਾਦਾਰੀ ਨਾਲ ਉਸ ਦੀ ਭਗਤੀ ਕਰਨ ਲਈ ਪ੍ਰੇਰਿਤ ਕਰੇਗਾ। ਉਹ ਚਾਹੁੰਦਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:4) ਪਰਮੇਸ਼ੁਰ “ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9) ਇਸ ਲਈ ਕੀ ਸਾਨੂੰ ਯਹੋਵਾਹ ਦੀ ਭਗਤੀ ਕਰਦੇ ਹੋਏ ਲੋਕਾਂ ਦੀ ਉਸ ਬਾਰੇ ਸਿੱਖਣ ਅਤੇ ਉਸ ਦੀ ਰੀਸ ਕਰਨ ਵਿਚ ਹੋਰ ਜ਼ਿਆਦਾ ਮਦਦ ਨਹੀਂ ਕਰਨੀ ਚਾਹੀਦੀ?—ਅਫ਼ਸੀਆਂ 5:1.
10. ਸਾਨੂੰ ‘ਧਨ ਦੇ ਧੋਖੇ’ ਤੋਂ ਕਿਉਂ ਖ਼ਬਰਦਾਰ ਰਹਿਣਾ ਚਾਹੀਦਾ ਹੈ?
10 ਜੇ ਅਸੀਂ ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਵਾਂਗੇ, ਤਾਂ ਅਸੀਂ ਹੋਰ ਜ਼ਿਆਦਾ ਮਿਹਨਤ ਨਾਲ ਉਸ ਦੀ ਭਗਤੀ ਕਰ ਸਕਾਂਗੇ। (ਮੱਤੀ 6:33) ਰਾਜ ਨੂੰ ਪਹਿਲੀ ਥਾਂ ਦੇਣ ਲਈ ਜ਼ਰੂਰੀ ਹੈ ਕਿ ਅਸੀਂ ਪੈਸਾ ਕਮਾਉਣ ਬਾਰੇ ਸਹੀ ਨਜ਼ਰੀਆ ਰੱਖੀਏ। ਯਿਸੂ ਨੇ ਚੇਤਾਵਨੀ ਦਿੱਤੀ ਸੀ: “ਖਬਰਦਾਰ ਅਤੇ ਸਾਰੇ ਲੋਭ ਤੋਂ ਬਚੇ ਰਹੋ ਕਿਉਂ ਜੋ ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।” (ਲੂਕਾ 12:15) ਅਸੀਂ ਸ਼ਾਇਦ ਸੋਚੀਏ ਕਿ ਅਸੀਂ ਪੈਸੇ ਦੇ ਲੋਭ ਵਿਚ ਨਹੀਂ ਫਸਾਂਗੇ, ਪਰ ਸਾਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ‘ਜੁਗ ਦੀ ਚਿੰਤਾ ਅਤੇ ਧਨ ਦਾ ਧੋਖਾ ਬਚਨ ਨੂੰ ਦਬਾ ਸਕਦਾ ਹੈ।’ (ਮੱਤੀ 13:22) ਰੋਜ਼ੀ-ਰੋਟੀ ਕਮਾਉਣੀ ਸ਼ਾਇਦ ਆਸਾਨ ਨਾ ਹੋਵੇ। ਇਸ ਲਈ, ਕੁਝ ਦੇਸ਼ਾਂ ਵਿਚ ਕਈ ਲੋਕ ਇਹ ਮੰਨਦੇ ਹਨ ਕਿ ਬਿਹਤਰ ਜ਼ਿੰਦਗੀ ਜੀਣ ਲਈ ਪੈਸਾ ਕਮਾਉਣ ਵਾਸਤੇ ਉਨ੍ਹਾਂ ਨੂੰ ਕਿਸੇ ਅਮੀਰ ਦੇਸ਼ ਜਾਣਾ ਪਵੇਗਾ। ਇਸ ਕਰਕੇ ਸ਼ਾਇਦ ਉਨ੍ਹਾਂ ਨੂੰ ਕਈ-ਕਈ ਸਾਲ ਆਪਣੇ ਪਰਿਵਾਰਾਂ ਤੋਂ ਦੂਰ ਰਹਿਣਾ ਪਵੇ। ਪਰਮੇਸ਼ੁਰ ਦੇ ਕੁਝ ਸੇਵਕ ਵੀ ਇਸ ਤਰ੍ਹਾਂ ਸੋਚਦੇ ਹਨ। ਪਰਦੇਸ ਜਾਣ ਤੇ ਉਹ ਸ਼ਾਇਦ ਆਪਣੇ ਪਰਿਵਾਰ ਨੂੰ ਵਧੀਆ ਤੋਂ ਵਧੀਆ ਚੀਜ਼ਾਂ ਦੇ ਸਕਣਗੇ। ਪਰ ਉਨ੍ਹਾਂ ਦੇ ਪਰਿਵਾਰ ਦੀ ਅਧਿਆਤਮਿਕ ਹਾਲਤ ਕਿਸ ਤਰ੍ਹਾਂ ਦੀ ਰਹੇਗੀ? ਘਰ ਵਿਚ ਚੰਗੀ ਸਰਦਾਰੀ ਤੋਂ ਬਿਨਾਂ ਕੀ ਉਹ ਅਧਿਆਤਮਿਕ ਤੌਰ ਤੇ ਇੰਨੇ ਮਜ਼ਬੂਤ ਹੋਣਗੇ ਕਿ ਉਹ ਯਹੋਵਾਹ ਦੇ ਦਿਨ ਵਿੱਚੋਂ ਬਚ ਜਾਣ?
11. ਪਰਦੇਸ ਵਿਚ ਕੰਮ ਕਰਨ ਵਾਲੇ ਇਕ ਵਿਅਕਤੀ ਨੇ ਕਿਵੇਂ ਦਿਖਾਇਆ ਕਿ ਪਰਮੇਸ਼ੁਰ ਦੀ ਭਗਤੀ ਧਨ ਨਾਲੋਂ ਜ਼ਿਆਦਾ ਮਹੱਤਵਪੂਰਣ ਹੈ?
11 ਫ਼ਿਲਪੀਨ ਤੋਂ ਜਪਾਨ ਆ ਕੇ ਕੰਮ ਕਰ ਰਹੇ ਇਕ ਵਿਅਕਤੀ ਨੇ ਯਹੋਵਾਹ ਦੇ ਗਵਾਹਾਂ ਕੋਲੋਂ ਬਾਈਬਲ ਦੀ ਸੱਚਾਈ ਸਿੱਖੀ। ਬਾਈਬਲ ਵਿਚ ਪਤੀ ਨੂੰ ਦਿੱਤੀ ਸਰਦਾਰੀ ਦੀ ਜ਼ਿੰਮੇਵਾਰੀ ਬਾਰੇ ਜਾਣ ਕੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਆਪਣੇ ਪਰਿਵਾਰ ਦੀ ਯਹੋਵਾਹ ਦੀ ਸੇਵਾ ਕਰਨ ਵਿਚ ਮਦਦ ਕਰਨੀ ਚਾਹੀਦੀ ਸੀ। (1 ਕੁਰਿੰਥੀਆਂ 11:3) ਪਰ ਫ਼ਿਲਪੀਨ ਵਿਚ ਰਹਿੰਦੀ ਉਸ ਦੀ ਪਤਨੀ ਨੇ ਉਸ ਦੇ ਨਵੇਂ ਧਰਮ ਦਾ ਬਹੁਤ ਵਿਰੋਧ ਕੀਤਾ ਤੇ ਕਿਹਾ ਕਿ ਉਹ ਬਾਈਬਲ ਬਾਰੇ ਸਿਖਾਉਣ ਲਈ ਘਰ ਵਾਪਸ ਮੁੜਨ ਦੀ ਬਜਾਇ ਪੈਸੇ ਘੱਲਦਾ ਰਹੇ। ਪਰ ਉਹ ਸਮੇਂ ਦੀ ਨਾਜ਼ੁਕਤਾ ਨੂੰ ਸਮਝਦਾ ਸੀ ਤੇ ਆਪਣੇ ਪਰਿਵਾਰ ਨਾਲ ਪਿਆਰ ਕਰਦਾ ਸੀ, ਇਸ ਲਈ ਉਹ ਵਾਪਸ ਫ਼ਿਲਪੀਨ ਚਲਾ ਗਿਆ। ਆਪਣੇ ਪਰਿਵਾਰ ਨਾਲ ਪਿਆਰ ਤੇ ਧੀਰਜ ਨਾਲ ਪੇਸ਼ ਆਉਣ ਦੇ ਚੰਗੇ ਨਤੀਜੇ ਨਿਕਲੇ। ਕੁਝ ਸਮੇਂ ਬਾਅਦ ਉਸ ਦਾ ਪੂਰਾ ਪਰਿਵਾਰ ਸੱਚੀ ਭਗਤੀ ਕਰਨ ਲੱਗ ਪਿਆ ਤੇ ਉਸ ਦੀ ਪਤਨੀ ਹੁਣ ਪਾਇਨੀਅਰ ਹੈ।
12. ਸਾਨੂੰ ਆਪਣੀ ਜ਼ਿੰਦਗੀ ਵਿਚ ਅਧਿਆਤਮਿਕ ਕੰਮਾਂ ਨੂੰ ਪਹਿਲ ਕਿਉਂ ਦੇਣੀ ਚਾਹੀਦੀ ਹੈ?
12 ਸਾਡੀ ਹਾਲਤ ਦੀ ਤੁਲਨਾ ਉਨ੍ਹਾਂ ਲੋਕਾਂ ਨਾਲ ਕੀਤੀ ਜਾ ਸਕਦੀ ਹੈ ਜੋ ਇਕ ਅੱਗ ਨਾਲ ਸੜ ਰਹੀ ਇਮਾਰਤ ਵਿਚ ਫਸੇ ਹੋਏ ਹਨ। ਸੜ ਕੇ ਸੁਆਹ ਹੋਣ ਵਾਲੀ ਉਸ ਇਮਾਰਤ ਵਿੱਚੋਂ ਚੀਜ਼ਾਂ ਕੱਢਣ ਲਈ ਪਾਗਲਾਂ ਵਾਂਗ ਭੱਜਦੇ ਫਿਰਨਾ ਕਿੱਥੋਂ ਦੀ ਅਕਲਮੰਦੀ ਹੈ? ਇਸ ਦੀ ਬਜਾਇ, ਕੀ ਇਹ ਜ਼ਿਆਦਾ ਜ਼ਰੂਰੀ ਨਹੀਂ ਹੈ ਕਿ ਪਹਿਲਾਂ ਅਸੀਂ ਆਪਣੀ, ਆਪਣੇ ਪਰਿਵਾਰ ਦੀ ਅਤੇ ਦੂਸਰਿਆਂ ਦੀ ਜਾਨ ਬਚਾਈਏ? ਇਹ ਦੁਸ਼ਟ ਸੰਸਾਰ ਜਲਦੀ ਹੀ ਢਹਿ-ਢੇਰੀ ਹੋਣ ਵਾਲਾ ਹੈ ਤੇ ਅਣਗਿਣਤ ਜ਼ਿੰਦਗੀਆਂ ਖ਼ਤਰੇ ਵਿਚ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਅਧਿਆਤਮਿਕ ਕੰਮਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਤੇ ਰਾਜ ਦੇ ਪ੍ਰਚਾਰ ਦਾ ਕੰਮ ਜ਼ੋਰ-ਸ਼ੋਰ ਨਾਲ ਕਰਨਾ ਚਾਹੀਦਾ ਹੈ ਜਿਸ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਬਚਣਗੀਆਂ।—1 ਤਿਮੋਥਿਉਸ 4:16.
ਸਾਨੂੰ “ਨਿਰਮਲ” ਰਹਿਣ ਦੀ ਲੋੜ ਹੈ
13. ਜਦੋਂ ਯਹੋਵਾਹ ਦਾ ਦਿਨ ਆਵੇਗਾ, ਤਾਂ ਉਸ ਵੇਲੇ ਅਸੀਂ ਕਿਸ ਹਾਲਤ ਵਿਚ ਹੋਣਾ ਚਾਹੁੰਦੇ ਹਾਂ?
13 ਸਬਰ ਨਾਲ ਉਡੀਕ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੇ ਹੋਏ ਪਤਰਸ ਕਹਿੰਦਾ ਹੈ: “ਹੇ ਪਿਆਰਿਓ, ਜਦੋਂ ਤੁਸੀਂ ਇਨ੍ਹਾਂ ਗੱਲਾਂ ਦੀ ਉਡੀਕ ਕਰਦੇ ਹੋ ਤਾਂ ਜਤਨ ਕਰੋ ਭਈ ਤੁਸੀਂ ਸ਼ਾਂਤੀ ਨਾਲ [ਪਰਮੇਸ਼ੁਰ] ਦੇ ਅੱਗੇ ਨਿਰਮਲ ਅਤੇ ਨਿਹਕਲੰਕ ਠਹਿਰੋ।” (2 ਪਤਰਸ 3:14) ਚਾਲ-ਚਲਣ ਨੂੰ ਪਵਿੱਤਰ ਰੱਖਣ ਅਤੇ ਪਰਮੇਸ਼ੁਰ ਦੀ ਭਗਤੀ ਕਰਦੇ ਰਹਿਣ ਦੀ ਸਲਾਹ ਦੇਣ ਤੋਂ ਇਲਾਵਾ, ਪਤਰਸ ਇਸ ਗੱਲ ਦੀ ਮਹੱਤਤਾ ਉੱਤੇ ਵੀ ਜ਼ੋਰ ਦਿੰਦਾ ਹੈ ਕਿ ਅਸੀਂ ਯਹੋਵਾਹ ਸਾਮ੍ਹਣੇ ਆਪਣੇ ਆਪ ਨੂੰ ਯਿਸੂ ਦੇ ਬਹੁਮੁੱਲੇ ਲਹੂ ਨਾਲ ਸ਼ੁੱਧ ਕਰੀਏ। (ਪਰਕਾਸ਼ ਦੀ ਪੋਥੀ 7:9, 14) ਇਸ ਲਈ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰਨੀ ਅਤੇ ਯਹੋਵਾਹ ਨੂੰ ਆਪਣਾ ਸਮਰਪਣ ਕਰ ਕੇ ਬਪਤਿਸਮਾ ਲੈਣਾ ਜ਼ਰੂਰੀ ਹੈ।
14. “ਨਿਰਮਲ” ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
14 ਪਤਰਸ ਸਾਨੂੰ ਤਾਕੀਦ ਕਰਦਾ ਹੈ ਕਿ ਅਸੀਂ “ਨਿਰਮਲ” ਇਨਸਾਨ ਸਾਬਤ ਹੋਣ ਦਾ ਪੂਰਾ ਜਤਨ ਕਰੀਏ। ਕੀ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਮਸੀਹੀ ਚਾਲ-ਚਲਣ ਅਤੇ ਸ਼ਖ਼ਸੀਅਤ ਦੇ ਬਸਤਰ ਦੁਨੀਆਂ ਦੀ ਗੰਦਗੀ ਨਾਲ ਦਾਗ਼ਦਾਰ ਨਾ ਹੋਣ? ਜਦੋਂ ਅਸੀਂ ਆਪਣੇ ਕੱਪੜਿਆਂ ਤੇ ਕੋਈ ਦਾਗ਼ ਲੱਗਾ ਦੇਖਦੇ ਹਾਂ, ਤਾਂ ਅਸੀਂ ਉਸ ਨੂੰ ਉਸੇ ਵੇਲੇ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੇ ਸਾਡੇ ਕਿਸੇ ਮਨਪਸੰਦ ਕੱਪੜੇ ਉੱਤੇ ਦਾਗ਼ ਲੱਗਾ ਹੈ, ਤਾਂ ਅਸੀਂ ਰਗੜ-ਰਗੜ ਕੇ ਉਸ ਨੂੰ ਧੋਂਦੇ ਹਾਂ। ਜਦੋਂ ਸਾਡੀ ਕਿਸੇ ਕਮਜ਼ੋਰੀ ਕਰਕੇ ਸਾਡੇ ਮਸੀਹੀ ਬਸਤਰਾਂ ਉੱਤੇ ਦਾਗ਼ ਲੱਗ ਜਾਂਦਾ ਹੈ, ਤਾਂ ਕੀ ਅਸੀਂ ਇਸ ਨੂੰ ਸਾਫ਼ ਕਰਨ ਲਈ ਇਸੇ ਤਰ੍ਹਾਂ ਕਰਦੇ ਹਾਂ?
15. (ੳ) ਇਸਰਾਏਲੀਆਂ ਨੂੰ ਆਪਣੇ ਕੱਪੜਿਆਂ ਦੀ ਕਿਨਾਰੀ ਉੱਤੇ ਝਾਲਰ ਲਾਉਣ ਦਾ ਹੁਕਮ ਕਿਉਂ ਦਿੱਤਾ ਗਿਆ ਸੀ? (ਅ) ਅੱਜ ਯਹੋਵਾਹ ਦੇ ਸੇਵਕ ਦੁਨੀਆਂ ਤੋਂ ਵੱਖਰੇ ਕਿਉਂ ਨਜ਼ਰ ਆਉਂਦੇ ਹਨ?
15 ਇਸਰਾਏਲੀਆਂ ਨੂੰ ਹੁਕਮ ਦਿੱਤਾ ਗਿਆ ਸੀ ਕਿ “ਓਹ ਆਪਣੇ ਬਸਤ੍ਰ ਦੀ ਕਿਨਾਰੀ ਉੱਤੇ ਝਾਲਰ” ਲਾਉਣ ਅਤੇ “ਨੀਲਾ ਫ਼ੀਤਾ ਹਰ ਕਿਨਾਰੀ ਦੀ ਝਾਲਰ ਉੱਤੇ ਜੜਨ।” ਕਿਉਂ? ਇਸ ਨਾਲ ਉਨ੍ਹਾਂ ਨੂੰ ਯਹੋਵਾਹ ਦੇ ਹੁਕਮ ਯਾਦ ਰਹਿਣੇ ਸਨ, ਉਨ੍ਹਾਂ ਨੇ ਉਨ੍ਹਾਂ ਉੱਤੇ ਚੱਲਣਾ ਸੀ ਅਤੇ ਆਪਣੇ ਪਰਮੇਸ਼ੁਰ ਲਈ ‘ਪਵਿੱਤ੍ਰ ਹੋਣਾ’ ਸੀ। (ਗਿਣਤੀ 15:38-40) ਅੱਜ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਦੁਨੀਆਂ ਤੋਂ ਵੱਖਰੇ ਨਜ਼ਰ ਆਉਂਦੇ ਹਾਂ ਕਿਉਂਕਿ ਅਸੀਂ ਪਰਮੇਸ਼ੁਰ ਦੇ ਕਾਨੂੰਨਾਂ ਅਤੇ ਸਿਧਾਂਤਾਂ ਉੱਤੇ ਚੱਲਦੇ ਹਾਂ। ਉਦਾਹਰਣ ਲਈ ਅਸੀਂ ਨੈਤਿਕ ਤੌਰ ਤੇ ਸ਼ੁੱਧ ਰਹਿੰਦੇ ਹਾਂ, ਖ਼ੂਨ ਦੀ ਪਵਿੱਤਰਤਾ ਦਾ ਆਦਰ ਕਰਦੇ ਹਾਂ ਅਤੇ ਹਰ ਤਰ੍ਹਾਂ ਦੀ ਮੂਰਤੀ-ਪੂਜਾ ਤੋਂ ਦੂਰ ਰਹਿੰਦੇ ਹਾਂ। (ਰਸੂਲਾਂ ਦੇ ਕਰਤੱਬ 15:28, 29) ਬਹੁਤ ਸਾਰੇ ਲੋਕ ਸਾਡੀ ਇਸ ਗੱਲ ਲਈ ਇੱਜ਼ਤ ਕਰਦੇ ਹਨ ਕਿ ਅਸੀਂ ਆਪਣੇ ਆਪ ਨੂੰ ਬੇਦਾਗ਼ ਰੱਖਣ ਦਾ ਦ੍ਰਿੜ੍ਹ ਇਰਾਦਾ ਕੀਤਾ ਹੈ।—ਯਾਕੂਬ 1:27.
ਸਾਨੂੰ “ਨਿਹਕਲੰਕ” ਰਹਿਣ ਦੀ ਲੋੜ ਹੈ
16. ਅਸੀਂ “ਨਿਹਕਲੰਕ” ਕਿੱਦਾਂ ਰਹਿ ਸਕਦੇ ਹਾਂ?
16 ਪਤਰਸ ਇਹ ਵੀ ਕਹਿੰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਸਾਮ੍ਹਣੇ “ਨਿਹਕਲੰਕ” ਰਹੀਏ। ਅਸੀਂ ਕਿੱਦਾਂ ਨਿਹਕਲੰਕ ਰਹਿ ਸਕਦੇ ਹਾਂ? ਕਿਸੇ ਦਾਗ਼ ਨੂੰ ਤਾਂ ਧੋਇਆ ਜਾ ਸਕਦਾ ਹੈ, ਪਰ ਕਲੰਕ ਨੂੰ ਨਹੀਂ। ਕਲੰਕ ਅੰਦਰੂਨੀ ਨੁਕਸ ਨੂੰ ਸੰਕੇਤ ਕਰਦਾ ਹੈ। ਪੌਲੁਸ ਰਸੂਲ ਨੇ ਫ਼ਿਲਿੱਪੈ ਦੇ ਆਪਣੇ ਸਾਥੀ ਮਸੀਹੀਆਂ ਨੂੰ ਇਹ ਸਲਾਹ ਦਿੱਤੀ ਸੀ: “ਤੁਸੀਂ ਸੱਭੇ ਕੰਮ ਬੁੜ ਬੁੜ ਅਤੇ ਝਗੜੇ ਕਰਨ ਤੋਂ ਬਿਨਾ ਕਰੋ ਭਈ ਤੁਸੀਂ ਨਿਰਦੋਸ਼ [“ਨਿਹਕਲੰਕ,” ਪਵਿੱਤਰ ਬਾਈਬਲ ਨਵਾਂ ਅਨੁਵਾਦ] ਅਤੇ ਸਿੱਧੇ ਸਾਧੇ ਹੋ ਕੇ ਵਿੰਗੀ ਟੇਢੀ ਪੀੜ੍ਹੀ ਵਿੱਚ ਪਰਮੇਸ਼ੁਰ ਦੇ ਨਿਰਮਲ ਬਾਲਕ ਬਣੇ ਰਹੋ ਜਿਨ੍ਹਾਂ ਦੇ ਵਿੱਚ ਤੁਸੀਂ ਜਗਤ ਉੱਤੇ ਜੋਤਾਂ ਵਾਂਙੁ ਦਿੱਸਦੇ ਹੋ।” (ਫ਼ਿਲਿੱਪੀਆਂ 2:14, 15) ਜੇ ਅਸੀਂ ਇਸ ਸਲਾਹ ਉੱਤੇ ਚੱਲਾਂਗੇ, ਤਾਂ ਅਸੀਂ ਬੁੜ-ਬੁੜ ਜਾਂ ਝਗੜੇ ਨਹੀਂ ਕਰਾਂਗੇ ਅਤੇ ਨੇਕ ਇਰਾਦਿਆਂ ਨਾਲ ਪਰਮੇਸ਼ੁਰ ਦੀ ਸੇਵਾ ਕਰਾਂਗੇ। ਅਸੀਂ ਯਹੋਵਾਹ ਅਤੇ ਗੁਆਂਢੀ ਲਈ ਪਿਆਰ ਤੋਂ ਪ੍ਰੇਰਿਤ ਹੋ ਕੇ ‘ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ’ ਕਰਾਂਗੇ। (ਮੱਤੀ 22:35-40; 24:14) ਇਸ ਤੋਂ ਇਲਾਵਾ, ਅਸੀਂ ਤਾਂ ਵੀ ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਰਹਾਂਗੇ, ਭਾਵੇਂ ਲੋਕਾਂ ਨੂੰ ਇਹ ਗੱਲ ਨਾ ਵੀ ਸਮਝ ਆਵੇ ਕਿ ਅਸੀਂ ਕਿਉਂ ਆਪਣਾ ਸਮਾਂ ਕੱਢ ਕੇ ਲੋਕਾਂ ਦੀ ਪਰਮੇਸ਼ੁਰ ਅਤੇ ਉਸ ਦੇ ਬਚਨ, ਬਾਈਬਲ ਬਾਰੇ ਸਿੱਖਣ ਵਿਚ ਮਦਦ ਕਰ ਰਹੇ ਹਾਂ।
17. ਜੇ ਅਸੀਂ ਮਸੀਹੀ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਪ੍ਰਾਪਤ ਕਰਨ ਲਈ ਮਿਹਨਤ ਕਰ ਰਹੇ ਹਾਂ, ਤਾਂ ਸਾਡਾ ਇਰਾਦਾ ਕੀ ਹੋਣਾ ਚਾਹੀਦਾ ਹੈ?
17 ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਯਹੋਵਾਹ ਦੇ ਅੱਗੇ “ਨਿਹਕਲੰਕ” ਠਹਿਰੀਏ, ਤਾਂ ਸਾਨੂੰ ਦੇਖਣਾ ਚਾਹੀਦਾ ਹੈ ਕਿ ਹਰ ਕੰਮ ਪਿੱਛੇ ਸਾਡਾ ਇਰਾਦਾ ਕੀ ਹੈ। ਅਸੀਂ ਸੁਆਰਥੀ ਦੁਨੀਆਂ ਦੇ ਤੌਰ-ਤਰੀਕਿਆਂ ਨੂੰ ਛੱਡ ਦਿੱਤਾ ਹੈ, ਜਿਵੇਂ ਕਿ ਧਨ-ਦੌਲਤ ਕਮਾਉਣੀ ਜਾਂ ਤਾਕਤ ਪ੍ਰਾਪਤ ਕਰਨੀ। ਜੇ ਅਸੀਂ ਮਸੀਹੀ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਪ੍ਰਾਪਤ ਕਰਨ ਲਈ ਮਿਹਨਤ ਕਰ ਰਹੇ ਹਾਂ, ਸਾਡਾ ਇਰਾਦਾ ਨੇਕ ਹੋਣਾ ਚਾਹੀਦਾ ਹੈ ਤੇ ਹਮੇਸ਼ਾ ਯਹੋਵਾਹ ਅਤੇ ਦੂਸਰਿਆਂ ਲਈ ਪਿਆਰ ਤੋਂ ਪ੍ਰੇਰਿਤ ਹੋ ਕੇ ਸਾਨੂੰ ਇਹ ਇੱਛਾ ਰੱਖਣੀ ਚਾਹੀਦੀ ਹੈ। ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਅਧਿਆਤਮਿਕ ਤੌਰ ਤੇ ਮਜ਼ਬੂਤ ਭਰਾ “ਨਿਗਾਹਬਾਨ ਦੇ ਹੁੱਦੇ” ਨੂੰ ਪ੍ਰਾਪਤ ਕਰਨ ਲਈ ਖ਼ੁਸ਼ੀ ਨਾਲ ਮਿਹਨਤ ਕਰ ਰਹੇ ਹਨ ਕਿਉਂਕਿ ਉਹ ਯਹੋਵਾਹ ਤੇ ਆਪਣੇ ਸਾਥੀ ਭੈਣਾਂ-ਭਰਾਵਾਂ ਦੀ ਸੇਵਾ ਕਰਨੀ ਚਾਹੁੰਦੇ ਹਨ। (1 ਤਿਮੋਥਿਉਸ 3:1; 2 ਕੁਰਿੰਥੀਆਂ 1:24) ਸੱਚ-ਮੁੱਚ, ਕਾਬਲ ਬਜ਼ੁਰਗ ‘ਪਰਮੇਸ਼ੁਰ ਦੇ ਇੱਜੜ ਦੀ ਖੁਸ਼ੀ ਨਾਲ ਚਰਵਾਹੀ ਕਰਦੇ ਹਨ ਅਤੇ ਉਹ ਝੂਠੇ ਨਫ਼ੇ ਦੇ ਕਾਰਨ ਨਹੀਂ, ਸਗੋਂ ਮਨ ਦੀ ਚਾਹ ਨਾਲ ਕਰਦੇ ਹਨ। ਓਹਨਾਂ ਉੱਤੇ ਜਿਹੜੇ ਉਨ੍ਹਾਂ ਦੇ ਸਪੁਰਦ ਹਨ ਹੁਕਮ ਨਹੀਂ ਚਲਾਉਂਦੇ ਸਗੋਂ ਇੱਜੜ ਦੇ ਲਈ ਨਮੂਨਾ ਬਣਦੇ ਹਨ।’—1 ਪਤਰਸ 5:1-4.
ਸਾਨੂੰ “ਸ਼ਾਂਤੀ ਨਾਲ” ਰਹਿਣਾ ਚਾਹੀਦਾ ਹੈ
18. ਯਹੋਵਾਹ ਦੇ ਗਵਾਹ ਆਪਣੇ ਕਿਹੜੇ ਗੁਣਾਂ ਕਰਕੇ ਮਸ਼ਹੂਰ ਹਨ?
18 ਪਤਰਸ ਸਾਨੂੰ ਇਹ ਵੀ ਕਹਿੰਦਾ ਹੈ ਕਿ ਅਸੀਂ “ਸ਼ਾਂਤੀ ਨਾਲ” ਰਹਿਣ ਵਾਲੇ ਇਨਸਾਨ ਸਾਬਤ ਹੋਈਏ। ਇਸ ਮੰਗ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਅਤੇ ਆਪਣੇ ਗੁਆਂਢੀ ਨਾਲ ਸ਼ਾਂਤੀ ਬਣਾ ਕੇ ਰੱਖੀਏ। ਪਤਰਸ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਅਸੀਂ ‘ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੀਏ’ ਅਤੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾ ਕੇ ਰੱਖੀਏ। (1 ਪਤਰਸ 2:17; 3:10, 11; 4:8; 2 ਪਤਰਸ 1:5-7) ਸ਼ਾਂਤੀ ਬਣਾਈ ਰੱਖਣ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਇਕ ਦੂਸਰੇ ਨਾਲ ਪਿਆਰ ਕਰੀਏ। (ਯੂਹੰਨਾ 13:34, 35; ਅਫ਼ਸੀਆਂ 4:1, 2) ਅੰਤਰਰਾਸ਼ਟਰੀ ਸੰਮੇਲਨਾਂ ਵਿਚ ਸਾਡੇ ਪਿਆਰ ਅਤੇ ਸ਼ਾਂਤੀ ਦਾ ਸਬੂਤ ਮਿਲਦਾ ਹੈ। ਸਾਲ 1999 ਵਿਚ ਕਾਸਟਾ ਰੀਕਾ ਵਿਚ ਇਕ ਸੰਮੇਲਨ ਦੌਰਾਨ, ਹਵਾਈ ਅੱਡੇ ਤੇ ਇਕ ਵਿਅਕਤੀ ਨੇ ਕੁਝ ਵੇਚਣ ਲਈ ਸਟਾਲ ਲਾਇਆ ਹੋਇਆ ਸੀ। ਇਕ ਵਾਰ ਉਹ ਬਹੁਤ ਗੁੱਸੇ ਵਿਚ ਆ ਗਿਆ ਕਿਉਂਕਿ ਕਾਸਟਾ ਰੀਕਾ ਦੇ ਗਵਾਹ ਦੂਸਰੇ ਦੇਸ਼ਾਂ ਤੋਂ ਆ ਰਹੇ ਗਵਾਹਾਂ ਦਾ ਸੁਆਗਤ ਕਰਦੇ ਵੇਲੇ ਅਣਜਾਣੇ ਵਿਚ ਸਟਾਲ ਦੇ ਮੁਹਰੇ ਇਕੱਠੇ ਹੋ ਗਏ ਸਨ ਜਿਸ ਕਾਰਨ ਸਟਾਲ ਲੁੱਕ ਗਿਆ। ਪਰ ਦੂਸਰੇ ਦਿਨ, ਉਸ ਨੇ ਸਥਾਨਕ ਗਵਾਹਾਂ ਦੇ ਪਿਆਰ ਅਤੇ ਸ਼ਾਂਤੀ ਨੂੰ ਦੇਖਿਆ ਜਦੋਂ ਉਨ੍ਹਾਂ ਨੇ ਬਾਹਰੋਂ ਆਏ ਗਵਾਹਾਂ ਦਾ ਨਿੱਘਾ ਸੁਆਗਤ ਕੀਤਾ, ਭਾਵੇਂ ਉਹ ਉਨ੍ਹਾਂ ਨੂੰ ਨਹੀਂ ਜਾਣਦੇ ਸਨ। ਅਖ਼ੀਰਲੇ ਦਿਨ ਸੌਦਾ ਵੇਚਣ ਵਾਲਾ ਵੀ ਉਨ੍ਹਾਂ ਨਾਲ ਮਿਲ ਕੇ ਬਾਹਰੋਂ ਆਏ ਗਵਾਹਾਂ ਦਾ ਸੁਆਗਤ ਕਰਨ ਲੱਗ ਪਿਆ ਤੇ ਉਸ ਨੇ ਬਾਈਬਲ ਸਟੱਡੀ ਲਈ ਵੀ ਬੇਨਤੀ ਕੀਤੀ।
19. ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾਈ ਰੱਖਣੀ ਕਿਉਂ ਜ਼ਰੂਰੀ ਹੈ?
19 ਆਪਣੇ ਅਧਿਆਤਮਿਕ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਸਾਡੀ ਦਿਲੀ ਇੱਛਾ ਤੋਂ ਪਤਾ ਲੱਗੇਗਾ ਕਿ ਅਸੀਂ ਕਿੰਨੀ ਕੁ ਬੇਸਬਰੀ ਨਾਲ ਯਹੋਵਾਹ ਦੇ ਦਿਨ ਨੂੰ ਅਤੇ ਨਵੀਂ ਦੁਨੀਆਂ ਨੂੰ ਉਡੀਕ ਰਹੇ ਹਾਂ। (ਜ਼ਬੂਰਾਂ ਦੀ ਪੋਥੀ 37:11; 2 ਪਤਰਸ 3:13) ਮੰਨ ਲਓ ਕਿ ਅਸੀਂ ਕਿਸੇ ਇਕ ਭੈਣ ਜਾਂ ਭਰਾ ਨਾਲ ਸ਼ਾਂਤੀ ਨਹੀਂ ਬਣਾਈ ਰੱਖ ਸਕਦੇ। ਤਾਂ ਕੀ ਅਸੀਂ ਉਸ ਨਾਲ ਫਿਰਦੌਸ ਵਿਚ ਸ਼ਾਂਤੀ ਨਾਲ ਰਹਿਣ ਦੀ ਕਲਪਨਾ ਕਰ ਸਕਦੇ ਹਾਂ? ਜੇ ਕੋਈ ਭਰਾ ਸਾਡੇ ਨਾਲ ਕਿਸੇ ਗੱਲੋਂ ਖਫ਼ਾ ਹੈ, ਤਾਂ ਸਾਨੂੰ ਤੁਰੰਤ ‘ਉਸ ਨਾਲ ਮੇਲ ਕਰਨਾ’ ਚਾਹੀਦਾ ਹੈ। (ਮੱਤੀ 5:23, 24) ਜੇ ਅਸੀਂ ਯਹੋਵਾਹ ਨਾਲ ਸ਼ਾਂਤੀ ਬਣਾਈ ਰੱਖਣੀ ਚਾਹੁੰਦੇ ਹਾਂ, ਤਾਂ ਸਾਨੂੰ ਇਸ ਤਰ੍ਹਾਂ ਕਰਨਾ ਪਵੇਗਾ।—ਜ਼ਬੂਰਾਂ ਦੀ ਪੋਥੀ 35:27; 1 ਯੂਹੰਨਾ 4:20.
20. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾਉਂਦੇ ਹਾਂ ਕਿ ਅਸੀਂ ਸਬਰ ਨਾਲ ਪਰਮੇਸ਼ੁਰ ਦੇ ਦਿਨ ਦੀ “ਉਡੀਕ” ਕਰ ਰਹੇ ਹਾਂ?
20 ਕੀ ਤੁਸੀਂ ਨਿੱਜੀ ਤੌਰ ਤੇ ‘ਪਰਮੇਸ਼ੁਰ ਦੇ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਹੋ’? ਇਸ ਅਨੈਤਿਕ ਦੁਨੀਆਂ ਵਿਚ ਸ਼ੁੱਧ ਰਹਿ ਕੇ ਅਸੀਂ ਇਸ ਗੱਲ ਦਾ ਸਬੂਤ ਦੇਵਾਂਗੇ ਕਿ ਅਸੀਂ ਬੁਰਾਈ ਦਾ ਅੰਤ ਦੇਖਣਾ ਚਾਹੁੰਦੇ ਹਾਂ। ਇਸ ਤੋਂ ਇਲਾਵਾ, ਪਰਮੇਸ਼ੁਰ ਦੀ ਭਗਤੀ ਕਰ ਕੇ ਅਸੀਂ ਸਬੂਤ ਦੇਵਾਂਗੇ ਕਿ ਅਸੀਂ ਯਹੋਵਾਹ ਦੇ ਦਿਨ ਨੂੰ ਲੋਚਦੇ ਹਾਂ ਅਤੇ ਉਸ ਦੇ ਰਾਜ ਅਧੀਨ ਜੀਣਾ ਚਾਹੁੰਦੇ ਹਾਂ। ਅੱਜ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾਈ ਰੱਖਣ ਦੁਆਰਾ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸ਼ਾਂਤੀ ਨਾਲ ਭਰੀ ਨਵੀਂ ਦੁਨੀਆਂ ਵਿਚ ਰਹਿਣ ਦੀ ਆਸ ਰੱਖਦੇ ਹਾਂ। ਇਨ੍ਹਾਂ ਗੱਲਾਂ ਦੁਆਰਾ ਅਸੀਂ ਜ਼ਾਹਰ ਕਰਦੇ ਹਾਂ ਕਿ ਅਸੀਂ ‘ਪਰਮੇਸ਼ੁਰ ਦੇ ਦਿਨ ਦੇ ਆਉਣ ਨੂੰ ਲੋਚਦੇ’ ਹਾਂ ਅਤੇ ਸਬਰ ਨਾਲ ਉਸ ਦੀ “ਉਡੀਕ” ਕਰ ਰਹੇ ਹਾਂ।
ਕੀ ਤੁਹਾਨੂੰ ਯਾਦ ਹੈ?
• ‘ਪਰਮੇਸ਼ੁਰ ਦੇ ਦਿਨ ਨੂੰ ਲੋਚਦੇ ਰਹਿਣ’ ਦਾ ਕੀ ਮਤਲਬ ਹੈ?
• ਅਸੀਂ ਆਪਣੇ ਚਾਲ-ਚਲਣ ਦੁਆਰਾ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਸਬਰ ਨਾਲ ਪਰਮੇਸ਼ੁਰ ਦੇ ਦਿਨ ਦੀ “ਉਡੀਕ” ਕਰ ਰਹੇ ਹਾਂ?
• ਪਰਮੇਸ਼ੁਰ ਦੀ “ਭਗਤੀ” ਕਰਨੀ ਕਿਉਂ ਜ਼ਰੂਰੀ ਹੈ?
• ਯਹੋਵਾਹ ਦੇ ਸਾਮ੍ਹਣੇ ‘ਸ਼ਾਂਤੀ ਨਾਲ ਨਿਰਮਲ ਅਤੇ ਨਿਹਕਲੰਕ ਠਹਿਰਨ’ ਲਈ ਸਾਨੂੰ ਕੀ ਕਰਨਾ ਪਵੇਗਾ?
[ਸਫ਼ੇ 11 ਉੱਤੇ ਤਸਵੀਰ]
ਅਸੀਂ ਆਪਣਾ ਚਾਲ-ਚਲਣ ਪਵਿੱਤਰ ਰੱਖ ਕੇ ਦਿਖਾਉਂਦੇ ਹਾਂ ਕਿ ਅਸੀਂ ਸਬਰ ਨਾਲ ਪਰਮੇਸ਼ੁਰ ਦੇ ਦਿਨ ਦੀ “ਉਡੀਕ” ਕਰ ਰਹੇ ਹਾਂ
[ਸਫ਼ੇ 12 ਉੱਤੇ ਤਸਵੀਰ]
ਰਾਜ ਦਾ ਪ੍ਰਚਾਰ ਜ਼ਿੰਦਗੀਆਂ ਬਚਾਉਂਦਾ ਹੈ
[ਸਫ਼ੇ 14 ਉੱਤੇ ਤਸਵੀਰ]
ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ ਆਓ ਆਪਾਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖੀਏ
[ਫੁਟਨੋਟ]
a ਪਹਿਰਾਬੁਰਜ, 1 ਅਪ੍ਰੈਲ 2002, ਸਫ਼ਾ 16 ਅਤੇ 1997 ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ (ਅੰਗ੍ਰੇਜ਼ੀ), ਸਫ਼ਾ 51 ਉੱਤੇ ਗਵਾਹਾਂ ਦੀਆਂ ਮਿਸਾਲਾਂ ਦੇਖੋ।