ਕੀ ਇੱਕੋ ਸੱਚਾ ਮਸੀਹੀ ਧਰਮ ਹੈ?
‘ਜਿਵੇਂ ਮਸੀਹ ਇਕ ਹੈ, ਇਸੇ ਤਰ੍ਹਾਂ ਇੱਕੋ ਅਸਲੀ ਮਸੀਹੀ ਧਰਮ ਹੈ ਯਾਨੀ ਕੈਥੋਲਿਕ ਚਰਚ।’—ਡੋਮਿਨੂਸ ਯੇਸੁਸ।
ਕੈਥੋਲਿਕ ਚਰਚ ਦੇ ਕਾਰਡੀਨਲ, ਯੋਸਫ਼ ਰਾਟਸਿੰਗਰ ਨੇ ਆਪਣੇ ਚਰਚ ਦੀ ਬੁਨਿਆਦੀ ਸਿੱਖਿਆ ਨਾਲ ਸਹਿਮਤ ਹੋ ਕੇ ਇਸ ਤਰ੍ਹਾਂ ਕਿਹਾ ਸੀ। ਉਸ ਦੇ ਭਾਣੇ ਕੈਥੋਲਿਕ ਚਰਚ ਹੀ ਸੱਚਾ ਧਰਮ ਹੈ।
ਕੀ ਸਾਰੇ ਚਰਚ ਸੱਚੇ ਹਨ?
ਪੋਪ ਨੇ ਕਿਹਾ ਕਿ ਇਸ ਕਾਰਡੀਨਲ ਦਾ ਲੇਖ ਹੋਰਨਾਂ ਚਰਚਾਂ ਦੇ ਖ਼ਿਲਾਫ਼ ਨਹੀਂ ਸੀ। ਪਰ ਪ੍ਰੋਟੈਸਟੈਂਟ ਚਰਚਾਂ ਦੇ ਪਾਦਰੀ ਇਸ ਲੇਖ ਨੂੰ ਪੜ੍ਹ ਕੇ ਬਹੁਤ ਨਾਰਾਜ਼ ਹੋਏ। ਇਕ ਪ੍ਰੋਟੈਸਟੈਂਟ ਪਾਦਰੀ ਨੇ ਕਿਹਾ ਕਿ ਕੈਥੋਲਿਕ ਚਰਚ ਦਾ ਇਕ ਗੁੱਟ ਆਪਣੇ ਚਰਚ ਨੂੰ ਹੋਰਨਾਂ ਧਰਮਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ।
ਆਇਰਲੈਂਡ ਦੇ ਚਰਚ ਦੇ ਇਕ ਪ੍ਰੋਟੈਸਟੈਂਟ ਪਾਦਰੀ ਨੇ ਕਿਹਾ ਕਿ ਉਹ ਬੜੀ ਮਾਯੂਸੀ ਤੇ ਨਿਰਾਦਰੀ ਮਹਿਸੂਸ ਕਰੇਗਾ ਜੇ ਕਾਰਡੀਨਲ ਰਾਟਸਿੰਗਰ ਆਪਣੇ ਲੇਖ ਰਾਹੀਂ ਕੈਥੋਲਿਕ ਚਰਚ ਦੀ ਪੁਰਾਣੀ ਸਿੱਖਿਆ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਇਸੇ ਪਾਦਰੀ ਨੂੰ ਵੈਟੀਕਨ ਦੀ ਇਸ ਗੱਲ ਬਾਰੇ ਵੀ ਗੁੱਸਾ ਲੱਗਾ ਕਿ ਜਿਹੜੇ ਚਰਚ ਕੈਥੋਲਿਕ ਮੱਤ ਦੀਆਂ ਮੂਲ ਸਿੱਖਿਆਵਾਂ ਨੂੰ ਰੱਦ ਕਰਦੇ ਹਨ, ਉਹ ਅਸਲ ਵਿਚ ਚਰਚ ਹੀ ਨਹੀਂ ਹਨ।
ਕਾਰਡੀਨਲ ਰਾਟਸਿੰਗਰ ਨੇ ਡੋਮਿਨੂਸ ਯੇਸੁਸ ਲੇਖ ਕਿਉਂ ਲਿਖਿਆ ਸੀ? ਕੈਥੋਲਿਕ ਚਰਚ ਦੇ ਮੁਖੀਆਂ ਨੂੰ ਇਸ ਗੱਲ ਬਾਰੇ ਚਿੰਤਾ ਸੀ ਕਿ ਲੋਕ ਸਿਰਫ਼ ਉਨ੍ਹਾਂ ਗੱਲਾਂ ਤੇ ਵਿਸ਼ਵਾਸ ਕਰਦੇ ਹਨ ਜੋ ਉਨ੍ਹਾਂ ਨੂੰ ਚੰਗੀਆਂ ਲੱਗਦੀਆਂ ਹਨ। ਇਕ ਅਖ਼ਬਾਰ ਦੇ ਮੁਤਾਬਕ ‘ਯੋਸਫ਼ ਰਾਟਸਿੰਗਰ ਨੂੰ ਇਹੀ ਚਿੰਤਾ ਸੀ ਕਿਉਂਕਿ ਅੱਜ-ਕੱਲ੍ਹ ਆਮ ਕਰਕੇ ਮੰਨਿਆ ਜਾਂਦਾ ਹੈ ਕਿ ਸਾਰੇ ਧਰਮ ਚੰਗੇ ਹਨ।’ ਇਸ ਕਰਕੇ ਉਸ ਨੇ ਕਿਹਾ ਕਿ ਸਿਰਫ਼ ਕੈਥੋਲਿਕ ਚਰਚ ਹੀ ਸੱਚਾ ਧਰਮ ਹੈ।
ਕੀ ਕੋਈ ਫ਼ਰਕ ਪੈਂਦਾ ਕਿ ਤੁਹਾਡਾ ਧਰਮ ਕੀ ਹੈ?
ਬਹੁਤ ਸਾਰੇ ਲੋਕਾਂ ਲਈ ਇਹ ਮੰਨਣਾ ਔਖਾ ਹੈ ਕਿ ਸਿਰਫ਼ ਇੱਕੋ ਸੱਚਾ ਧਰਮ ਹੋ ਸਕਦਾ ਹੈ। ਪਰ ਇਹ ਮੰਨਣਾ ਜ਼ਿਆਦਾ ਸੌਖਾ ਹੈ ਕਿ ਸਾਰਿਆਂ ਧਰਮਾਂ ਵਿਚ ਕੁਝ ਚੰਗਾ ਹੈ। ਕਈ ਲੋਕ ਕਹਿੰਦੇ ਹਨ ਕਿ ਹਰੇਕ ਨੂੰ ਆਪਣਾ ਹੀ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਕਿਸ ਧਰਮ ਦਾ ਮੈਂਬਰ ਬਣੇਗਾ।
ਇਸ ਤਰੀਕੇ ਨਾਲ ਸੋਚਣ ਦੇ ਨਤੀਜੇ ਵਜੋਂ ਅੱਜ ਬਹੁਤ ਸਾਰੇ ਧਰਮ ਹਨ ਜਿਨ੍ਹਾਂ ਵਿਚ ਕੋਈ ਸਾਂਝ ਨਹੀਂ। ਪਰ ਫਿਰ ਵੀ ਅਜਿਹੀ ਸੋਚਣੀ ਸ਼ਾਇਦ ਸਹੀ ਲੱਗੇ ਕਿਉਂਕਿ ਲੋਕਾਂ ਦੇ ਭਾਣੇ ਉਹ ਆਪਣੀ ਮਰਜ਼ੀ ਦਾ ਧਰਮ ਚੁਣ ਸਕਦੇ ਹਨ। ਪਰ ਇਕ ਲੇਖਕ ਨੇ ਲਿਖਿਆ ਕਿ ਲੋਕ ਇਕ-ਦੂਸਰੇ ਦੇ ਧਰਮਾਂ ਨੂੰ ਇਸ ਕਰਕੇ ਕਬੂਲ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਧਰਮ ਵਿਚ ਕੋਈ ਦਿਲਚਸਪੀ ਨਹੀਂ ਹੈ।
ਤਾਂ ਫਿਰ ਕਿਹੜਾ ਨਜ਼ਰੀਆ ਸਹੀ ਹੈ? ਕੀ ਸਿਰਫ਼ ਇੱਕੋ ਸੱਚਾ ਧਰਮ ਹੈ? ਕੀ ਇਹ ਕੈਥੋਲਿਕ ਚਰਚ ਹੈ ਜਾਂ ਕੀ ਹੋਰ ਧਰਮ ਵੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹਨ? ਇਹ ਸਵਾਲ ਮਹੱਤਵਪੂਰਣ ਹਨ ਕਿਉਂਕਿ ਅਸੀਂ ਰੱਬ ਦੀ ਮਰਜ਼ੀ ਜਾਣਨੀ ਚਾਹੁੰਦੇ ਹਾਂ। ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਕਿਸ ਤਰ੍ਹਾਂ ਜਾਣ ਸਕਦੇ ਹਾਂ? ਰੱਬ ਦੇ ਬਚਨ ਯਾਨੀ ਬਾਈਬਲ ਵਿਚ ਸਾਨੂੰ ਜਵਾਬ ਮਿਲਦੇ ਹਨ। (ਰਸੂਲਾਂ ਦੇ ਕਰਤੱਬ 17:11; 2 ਤਿਮੋਥਿਉਸ 3:16, 17) ਆਓ ਆਪਾਂ ਅਗਲੇ ਲੇਖ ਵਿਚ ਦੇਖੀਏ ਕਿ ਬਾਈਬਲ ਵਿਚ ਇੱਕੋ ਸੱਚੇ ਧਰਮ ਬਾਰੇ ਕੀ ਲਿਖਿਆ ਹੈ।