ਸਾਨੂੰ ਲਗਾਤਾਰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?
“ਨਿੱਤ ਪ੍ਰਾਰਥਨਾ ਕਰੋ। ਹਰ ਹਾਲ ਵਿੱਚ ਧੰਨਵਾਦ ਕਰੋ।”—1 ਥੱਸਲੁਨੀਕੀਆਂ 5:17, 18.
1, 2. ਦਾਨੀਏਲ ਨੇ ਕਿੱਦਾਂ ਦਿਖਾਇਆ ਕਿ ਉਹ ਪ੍ਰਾਰਥਨਾ ਦੀ ਕਦਰ ਕਰਦਾ ਸੀ ਅਤੇ ਪਰਮੇਸ਼ੁਰ ਨਾਲ ਉਸ ਦੇ ਰਿਸ਼ਤਾ ਉੱਤੇ ਇਸ ਦਾ ਕੀ ਅਸਰ ਪਿਆ?
ਦਾਨੀਏਲ ਨਬੀ ਹਰ ਰੋਜ਼ ਰੱਬ ਨੂੰ ਤਿੰਨ ਵਾਰ ਪ੍ਰਾਰਥਨਾ ਕਰਦਾ ਹੁੰਦਾ ਸੀ। ਉਹ ਆਪਣੀ ਕੋਠੜੀ ਦੀ ਬਾਰੀ ਖੋਲ੍ਹ ਕੇ ਜਿਹੜੀ ਯਰੂਸ਼ਲਮ ਵੱਲ ਸੀ ਗੋਡੇ ਨਿਵਾ ਕੇ ਅਰਦਾਸ ਕਰਦਾ ਸੀ। (1 ਰਾਜਿਆਂ 8:46-49; ਦਾਨੀਏਲ 6:10) ਜਦੋਂ ਸ਼ਾਹੀ ਘਰੋਂ ਫ਼ਰਮਾਨ ਜਾਰੀ ਕੀਤਾ ਗਿਆ ਸੀ ਕਿ ਰਾਜਾ ਦਾਰਾ ਤੋਂ ਇਲਾਵਾ ਹੋਰ ਕਿਸੇ ਨੂੰ ਅਰਦਾਸ ਨਾ ਕੀਤੀ ਜਾਵੇ, ਤਦ ਵੀ ਦਾਨੀਏਲ ਆਪਣੀ ਆਦਤ ਅਨੁਸਾਰ ਪ੍ਰਾਰਥਨਾ ਕਰਦਾ ਰਿਹਾ। ਭਾਵੇਂ ਉਸ ਦੀ ਜਾਨ ਨੂੰ ਖ਼ਤਰਾ ਸੀ, ਪਰ ਫਿਰ ਵੀ ਦਾਨੀਏਲ ਯਹੋਵਾਹ ਨੂੰ ਪ੍ਰਾਰਥਨਾ ਕਰਨ ਤੋਂ ਨਹੀਂ ਹਟਿਆ।
2 ਯਹੋਵਾਹ ਦਾਨੀਏਲ ਬਾਰੇ ਕੀ ਸੋਚਦਾ ਸੀ? ਜਦੋਂ ਦਾਨੀਏਲ ਦੀ ਇਕ ਪ੍ਰਾਰਥਨਾ ਦੇ ਜਵਾਬ ਵਿਚ ਜਬਰਾਈਲ ਦੂਤ ਘੱਲਿਆ ਗਿਆ, ਤਾਂ ਉਸ ਨੇ ਦਾਨੀਏਲ ਨਬੀ ਨੂੰ “ਵੱਡਾ ਪਿਆਰਾ” ਸੱਦਿਆ। (ਦਾਨੀਏਲ 9:20-23) ਹਿਜ਼ਕੀਏਲ ਨਬੀ ਦੀ ਭਵਿੱਖਬਾਣੀ ਵਿਚ ਯਹੋਵਾਹ ਨੇ ਦਾਨੀਏਲ ਨੂੰ ਇਕ ਧਰਮੀ ਇਨਸਾਨ ਸੱਦਿਆ। (ਹਿਜ਼ਕੀਏਲ 14:14, 20) ਇੱਦਾਂ ਲੱਗਦਾ ਹੈ ਕਿ ਕਈ ਸਾਲਾਂ ਦੌਰਾਨ ਦਾਨੀਏਲ ਨੇ ਪ੍ਰਾਰਥਨਾ ਕਰ-ਕਰ ਕੇ ਪਰਮੇਸ਼ੁਰ ਨਾਲ ਇਕ ਗੂੜ੍ਹਾ ਸੰਬੰਧ ਜੋੜਿਆ ਸੀ ਅਤੇ ਦਾਰਾ ਰਾਜੇ ਨੇ ਵੀ ਇਹ ਗੱਲ ਕਬੂਲ ਕੀਤੀ।—ਦਾਨੀਏਲ 6:16.
3. ਭਰਾ ਕਿੰਗ ਦੀ ਮਿਸਾਲ ਤੋਂ ਅਸੀਂ ਪ੍ਰਾਰਥਨਾ ਕਰਨ ਅਤੇ ਵਫ਼ਾਦਾਰੀ ਬਣਾਈ ਰੱਖਣ ਬਾਰੇ ਕੀ ਸਿੱਖਦੇ ਹਾਂ?
3 ਜਦੋਂ ਅਸੀਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਲਗਾਤਾਰ ਪ੍ਰਾਰਥਨਾ ਕਰਨ ਨਾਲ ਸਾਡੀ ਮਦਦ ਹੋ ਸਕਦੀ ਹੈ। ਮਿਸਾਲ ਲਈ, ਭਰਾ ਹੈਰੋਲਡ ਕਿੰਗ ਬਾਰੇ ਜ਼ਰਾ ਸੋਚੋ। ਉਹ ਚੀਨ ਵਿਚ ਇਕ ਮਿਸ਼ਨਰੀ ਸੀ, ਪਰ ਉਸ ਨੂੰ ਉੱਥੇ ਪੰਜ ਸਾਲ ਲਈ ਜੇਲ੍ਹ ਦੀ ਸਜ਼ਾ ਮਿਲੀ। ਚਾਹੇ ਉਸ ਨੂੰ ਜੇਲ੍ਹ ਵਿਚ ਇਕੱਲਾ ਹੀ ਬੰਦ ਕੀਤਾ ਗਿਆ ਸੀ, ਉਸ ਨੇ ਕਿਹਾ: “ਮੈਂ ਆਪਣੇ ਭੈਣਾਂ-ਭਰਾਵਾਂ ਤੋਂ ਅਲੱਗ ਜ਼ਰੂਰ ਰਿਹਾ, ਪਰ ਮੈਨੂੰ ਪਰਮੇਸ਼ੁਰ ਤੋਂ ਕੋਈ ਨਹੀਂ ਅਲੱਗ ਕਰ ਸਕਿਆ। . . . ਇਸ ਲਈ ਮੈਂ ਬਾਈਬਲ ਵਿੱਚੋਂ ਦਾਨੀਏਲ ਦੀ ਯਾਦ ਰੱਖਿਆ ਕਰਦਾ ਸੀ। ਮੈਂ ਵੀ ਜੇਲ੍ਹ ਦੀ ਕੋਠੜੀ ਵਿਚ ਤਿੰਨ ਵਾਰ ਗੋਡੇ ਨਿਵਾ ਕੇ ਸਾਰਿਆਂ ਦੇ ਸਾਮ੍ਹਣੇ ਉੱਚੀ ਆਵਾਜ਼ ਵਿਚ ਪ੍ਰਾਰਥਨਾ ਕਰਦਾ ਹੁੰਦਾ ਸੀ। . . . ਮੈਨੂੰ ਇੱਦਾਂ ਲੱਗਿਆ ਕਿ ਇਨ੍ਹਾਂ ਮੌਕਿਆਂ ਤੇ ਪਰਮੇਸ਼ੁਰ ਦੀ ਆਤਮਾ ਨੇ ਮੇਰੇ ਮਨ ਵਿਚ ਵਧੀਆ-ਵਧੀਆ ਗੱਲਾਂ ਲਿਆਂਦੀਆਂ ਅਤੇ ਮੇਰੇ ਅੰਦਰ-ਅੰਦਰ ਚੈਨ ਪੈਦਾ ਕੀਤਾ। ਪ੍ਰਾਰਥਨਾ ਕਰਨ ਨਾਲ ਮੈਨੂੰ ਤਾਕਤ ਅਤੇ ਬਹੁਤ ਦਿਲਾਸਾ ਮਿਲਿਆ।”
4. ਇਸ ਲੇਖ ਵਿਚ ਅਸੀਂ ਪ੍ਰਾਰਥਨਾ ਬਾਰੇ ਕਿਨ੍ਹਾਂ ਸਵਾਲਾਂ ਤੇ ਗੌਰ ਕਰਾਂਗੇ?
4 ਬਾਈਬਲ ਕਹਿੰਦੀ ਹੈ ਕਿ “ਨਿੱਤ ਪ੍ਰਾਰਥਨਾ ਕਰੋ। ਹਰ ਹਾਲ ਵਿੱਚ ਧੰਨਵਾਦ ਕਰੋ।” (1 ਥੱਸਲੁਨੀਕੀਆਂ 5:17, 18) ਇਸ ਸਲਾਹ ਨੂੰ ਮਨ ਵਿਚ ਰੱਖਦੇ ਹੋਏ, ਆਓ ਆਪਾਂ ਇਨ੍ਹਾਂ ਕੁਝ ਸਵਾਲਾਂ ਤੇ ਗੌਰ ਕਰੀਏ: ਸਾਨੂੰ ਆਪਣੀਆਂ ਪ੍ਰਾਰਥਨਾਵਾਂ ਬਾਰੇ ਕਿਉਂ ਸੋਚਣਾ ਚਾਹੀਦਾ ਹੈ? ਯਹੋਵਾਹ ਨੂੰ ਲਗਾਤਾਰ ਪ੍ਰਾਰਥਨਾ ਕਰਨ ਦੇ ਕਿਹੜੇ ਕਾਰਨ ਹਨ? ਜੇ ਸਾਨੂੰ ਆਪਣੀਆਂ ਗ਼ਲਤੀਆਂ ਕਾਰਨ ਪ੍ਰਾਰਥਨਾ ਕਰਨ ਤੋਂ ਸ਼ਰਮ ਆਉਂਦੀ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ?
ਪ੍ਰਾਰਥਨਾ ਦੇ ਜ਼ਰੀਏ ਪਰਮੇਸ਼ੁਰ ਨਾਲ ਦੋਸਤੀ ਕਰੋ
5. ਪ੍ਰਾਰਥਨਾ ਰਾਹੀਂ ਅਸੀਂ ਕਿਸ ਦੇ ਦੋਸਤ ਬਣ ਸਕਦੇ ਹਾਂ?
5 ਕਲਪਨਾ ਕਰੋ ਕਿ ਤੁਸੀਂ ਕਿਸੇ ਸਰਕਾਰੀ ਅਫ਼ਸਰ ਨੂੰ ਮਿਲਣਾ ਚਾਹੁੰਦੇ ਹੋ। ਉਸ ਦੀ ਉੱਚੀ ਪਦਵੀ ਕਰਕੇ ਸ਼ਾਇਦ ਉਸ ਨਾਲ ਗੱਲ ਕਰਨੀ ਵੀ ਨਾਮੁਮਕਿਨ ਹੋਵੇ। ਲੇਕਿਨ, ਦੁਨੀਆਂ ਦਾ ਸਿਰਜਣਹਾਰ ਚਾਹੁੰਦਾ ਹੈ ਕਿ ਅਸੀਂ ਪ੍ਰਾਰਥਨਾ ਰਾਹੀਂ ਉਸ ਨਾਲ ਗੱਲ ਕਰੀਏ। ਵੈਸੇ ਉਹ ਸਾਨੂੰ ਸੱਦਾ ਦਿੰਦਾ ਹੈ ਕਿ ਅਸੀਂ ਉਸ ਦੇ ਨੇੜੇ ਹੋਈਏ ਤੇ ਉਸ ਨਾਲ ਦੋਸਤੀ ਕਰੀਏ। (ਯਾਕੂਬ 4:8) ਯਹੋਵਾਹ ਨੇ ਅਬਰਾਹਾਮ ਨੂੰ ਆਪਣਾ ਦੋਸਤ ਸੱਦਿਆ ਸੀ। (ਯਸਾਯਾਹ 41:8; ਯਾਕੂਬ 2:23) ਕੀ ਤੁਸੀਂ ਵੀ ਚਾਹੁੰਦੇ ਹੋ ਕਿ ਉਹ ਤੁਹਾਨੂੰ ਵੀ ਆਪਣਾ ਦੋਸਤ ਸਮਝੇ? ਤਾਂ ਫਿਰ, ਇਸ ਸੰਬੰਧ ਵਿਚ ਪ੍ਰਾਰਥਨਾ ਦੇ ਪ੍ਰਬੰਧ ਬਾਰੇ ਜ਼ਰਾ ਸੋਚੋ। ਕੀ ਇਹ ਸੱਚ-ਮੁੱਚ ਇਕ ਵਧੀਆ ਇੰਤਜ਼ਾਮ ਨਹੀਂ ਹੈ? ਹਾਂ, ਕਿਸੇ ਸਰਕਾਰੀ ਅਫ਼ਸਰ ਤੋਂ ਉਲਟ ਅਸੀਂ ਜਦੋਂ ਮਰਜ਼ੀ ਪਰਮੇਸ਼ੁਰ ਦੇ ਅੱਗੇ ਜਾ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 37:5) ਨਿੱਤ ਪ੍ਰਾਰਥਨਾ ਕਰਨ ਨਾਲ ਅਸੀਂ ਯਹੋਵਾਹ ਦੇ ਪੱਕੇ ਦੋਸਤ ਬਣ ਸਕਦੇ ਹਾਂ।
6. ਲਗਾਤਾਰ ਪ੍ਰਾਰਥਨਾ ਕਰਦੇ ਰਹਿਣ ਦੇ ਸੰਬੰਧ ਵਿਚ ਅਸੀਂ ਯਿਸੂ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?
6 ਪਰ ਅਫ਼ਸੋਸ ਹੈ ਕਿ ਅਸੀਂ ਪ੍ਰਾਰਥਨਾ ਕਰਨ ਵਿਚ ਢਿੱਲੇ ਪੈ ਸਕਦੇ ਹਾਂ! ਦਿਨੋ-ਦਿਨ ਆਪਣੀਆਂ ਮੁਸ਼ਕਲਾਂ ਨਾਲ ਨਜਿੱਠਣ ਵਿਚ ਸਾਡਾ ਇੰਨਾ ਧਿਆਨ ਖਿੱਚਿਆ ਜਾ ਸਕਦਾ ਹੈ ਕਿ ਅਸੀਂ ਸ਼ਾਇਦ ਆਪਣੇ ਪਰਮੇਸ਼ੁਰ ਨਾਲ ਗੱਲ ਵੀ ਨਾ ਕਰੀਏ। ਯਿਸੂ ਨੇ ਆਪਣੇ ਚੇਲਿਆਂ ਨੂੰ ਲਗਾਤਾਰ ਪ੍ਰਾਰਥਨਾ ਕਰਦੇ ਰਹਿਣ ਲਈ ਕਿਹਾ ਅਤੇ ਉਹ ਵੀ ਇੱਦਾਂ ਹੀ ਕਰਦਾ ਸੀ। (ਮੱਤੀ 26:41) ਉਹ ਤਾਂ ਸਵੇਰ ਤੋਂ ਸੰਝ ਤਕ ਬਿਜ਼ੀ ਹੁੰਦਾ ਸੀ, ਪਰ ਫਿਰ ਵੀ ਉਸ ਨੇ ਆਪਣੇ ਸਵਰਗੀ ਪਿਤਾ ਨਾਲ ਗੱਲ ਕਰਨ ਦਾ ਸਮਾਂ ਹਮੇਸ਼ਾ ਕੱਢਿਆ। ਕਦੀ-ਕਦੀ ਯਿਸੂ “ਵੱਡੇ ਤੜਕੇ ਕੁਝ ਰਾਤ ਰਹਿੰਦਿਆਂ” ਉੱਠ ਕੇ ਪ੍ਰਾਰਥਨਾ ਕਰਦਾ ਹੁੰਦਾ ਸੀ। (ਮਰਕੁਸ 1:35) ਕਦੀ-ਕਦੀ ਉਹ ਸੰਝ ਵੇਲੇ ਕਿਸੇ ਦੂਰ-ਦੁਰਾਡੇ ਥਾਂ ਇਕੱਲਾ ਬੈਠ ਕੇ ਯਹੋਵਾਹ ਨਾਲ ਗੱਲ ਕਰਦਾ ਸੀ। (ਮੱਤੀ 14:23) ਯਿਸੂ ਨੇ ਪ੍ਰਾਰਥਨਾ ਕਰਨ ਲਈ ਹਮੇਸ਼ਾ ਸਮਾਂ ਕੱਢਿਆ ਅਤੇ ਸਾਨੂੰ ਵੀ ਇੱਦਾਂ ਹੀ ਕਰਨਾ ਚਾਹੀਦਾ ਹੈ।—1 ਪਤਰਸ 2:21.
7. ਅਸੀਂ ਹਰ ਰੋਜ਼ ਕਿਹੋ ਜਿਹੇ ਮੌਕਿਆਂ ਤੇ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰ ਸਕਦੇ ਹਾਂ?
7 ਹਰ ਰੋਜ਼ ਸਾਨੂੰ ਫ਼ੈਸਲੇ ਕਰਨੇ ਪੈਂਦੇ ਹਨ ਅਤੇ ਅਸੀਂ ਮੁਸ਼ਕਲਾਂ ਤੇ ਪਰਤਾਵਿਆਂ ਦਾ ਸਾਮ੍ਹਣਾ ਕਰਦੇ ਹਾਂ। ਅਸੀਂ ਇਨ੍ਹਾਂ ਸਾਰਿਆਂ ਮੌਕਿਆਂ ਤੇ ਪ੍ਰਾਰਥਨਾ ਕਰ ਸਕਦੇ ਹਾਂ। (ਅਫ਼ਸੀਆਂ 6:18) ਜਦੋਂ ਅਸੀਂ ਜ਼ਿੰਦਗੀ ਦੇ ਹਰ ਮੋੜ ਤੇ ਪਰਮੇਸ਼ੁਰ ਦੀ ਸਲਾਹ ਭਾਲਦੇ ਹਾਂ, ਤਾਂ ਉਸ ਨਾਲ ਸਾਡਾ ਰਿਸ਼ਤਾ ਹੋਰ ਗੂੜ੍ਹਾ ਬਣਦਾ ਹੈ। ਜੇ ਦੋ ਦੋਸਤ ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਇਕੱਠੇ ਕਰਨਗੇ, ਤਾਂ ਜ਼ਰੂਰ ਉਨ੍ਹਾਂ ਦੀ ਦੋਸਤੀ ਹੋਰ ਵੀ ਪੱਕੀ ਬਣੇਗੀ। (ਕਹਾਉਤਾਂ 17:17) ਜੇ ਅਸੀਂ ਯਹੋਵਾਹ ਦਾ ਸਹਾਰਾ ਲੈ ਕੇ ਉਸ ਦੀ ਮਦਦ ਹਾਸਲ ਕਰਾਂਗੇ, ਤਾਂ ਉਸ ਨਾਲ ਸਾਡੀ ਦੋਸਤੀ ਵੀ ਹੋਰ ਪੱਕੀ ਬਣੇਗੀ।—2 ਇਤਹਾਸ 14:11.
8. ਨਹਮਯਾਹ, ਯਿਸੂ ਅਤੇ ਹੰਨਾਹ ਤੋਂ ਅਸੀਂ ਨਿੱਜੀ ਪ੍ਰਾਰਥਨਾਵਾਂ ਦੀ ਲੰਬਾਈ ਬਾਰੇ ਕੀ ਸਿੱਖਦੇ ਹਾਂ?
8 ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਪਰਮੇਸ਼ੁਰ ਸਾਨੂੰ ਇਹ ਨਹੀਂ ਕਹਿੰਦਾ ਕਿ ਅਸੀਂ ਸਿਰਫ਼ ਇੰਨੇ ਚਿਰ ਲਈ ਜਾਂ ਇੰਨੀ ਵਾਰੀ ਉਸ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਨਹਮਯਾਹ ਨੇ ਫ਼ਾਰਸ ਦੇ ਰਾਜੇ ਤੋਂ ਫ਼ਰਮਾਇਸ਼ ਕਰਨ ਤੋਂ ਪਹਿਲਾਂ ਝੱਟ ਹੀ ਆਪਣੇ ਮਨ ਵਿਚ ਪ੍ਰਾਰਥਨਾ ਕੀਤੀ ਸੀ। (ਨਹਮਯਾਹ 2:4, 5) ਜਦੋਂ ਯਿਸੂ ਨੇ ਯਹੋਵਾਹ ਤੋਂ ਲਾਜ਼ਰ ਨੂੰ ਜੀ ਉਠਾਉਣ ਦੀ ਤਾਕਤ ਮੰਗੀ, ਤਾਂ ਉਹ ਨੇ ਛੋਟੀ ਜਿਹੀ ਪ੍ਰਾਰਥਨਾ ਕੀਤੀ। (ਯੂਹੰਨਾ 11:41, 42) ਪਰ, ਜਦੋਂ ਹੰਨਾਹ ਨੇ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਿਆ, ਤਾਂ ਉਹ ਉਸ ਅੱਗੇ “ਕਾਫ਼ੀ ਸਮੇਂ ਤਕ ਪ੍ਰਾਰਥਨਾ ਕਰਦੀ ਰਹੀ।” (1 ਸਮੂਏਲ 1:12, 15, 16, ਪਵਿੱਤਰ ਬਾਈਬਲ ਨਵਾਂ ਅਨੁਵਾਦ) ਤਾਂ ਫਿਰ ਸਾਡੀਆਂ ਨਿੱਜੀ ਪ੍ਰਾਰਥਨਾਵਾਂ ਲੋੜ ਅਤੇ ਹਾਲਾਤ ਮੁਤਾਬਕ ਛੋਟੀਆਂ ਜਾਂ ਲੰਬੀਆਂ ਹੋ ਸਕਦੀਆਂ ਹਨ।
9. ਯਹੋਵਾਹ ਦੀਆਂ ਕਰਨੀਆਂ ਲਈ ਸਾਨੂੰ ਉਸ ਦੀ ਪ੍ਰਸ਼ੰਸਾ ਅਤੇ ਉਸ ਦਾ ਧੰਨਵਾਦ ਕਿਉਂ ਕਰਨਾ ਚਾਹੀਦਾ ਹੈ?
9 ਬਾਈਬਲ ਵਿਚ ਅਜਿਹੀਆਂ ਕਈ ਪ੍ਰਾਰਥਨਾਵਾਂ ਦਰਜ ਹਨ ਜਿਨ੍ਹਾਂ ਵਿਚ ਯਹੋਵਾਹ ਦੀ ਸਰਬਸੱਤਾ ਅਤੇ ਉਸ ਦੇ ਅਚੰਭਿਆਂ ਲਈ ਪ੍ਰਸ਼ੰਸਾ ਕੀਤੀ ਜਾਂਦੀ ਹੈ। (ਕੂਚ 15:1-19; 1 ਇਤਹਾਸ 16:7-36; ਜ਼ਬੂਰ 145) ਦਰਸ਼ਣ ਵਿਚ ਯੂਹੰਨਾ ਰਸੂਲ ਨੇ 24 ਬਜ਼ੁਰਗ ਯਾਨੀ ਮਸਹ ਕੀਤੇ ਹੋਇਆਂ ਦੀ ਪੂਰੀ ਗਿਣਤੀ ਸਵਰਗ ਵਿਚ ਦੇਖੀ ਸੀ। ਉਹ ਯਹੋਵਾਹ ਦੀ ਇਨ੍ਹਾਂ ਸ਼ਬਦਾਂ ਨਾਲ ਵਡਿਆਈ ਕਰ ਰਹੇ ਸਨ: “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!” (ਪਰਕਾਸ਼ ਦੀ ਪੋਥੀ 4:10, 11) ਸਾਡੇ ਕੋਲ ਵੀ ਆਪਣੇ ਸਿਰਜਣਹਾਰ ਦੀ ਪ੍ਰਸ਼ੰਸਾ ਕਰਨ ਦੇ ਕਾਰਨ ਹਨ। ਇਸ ਦੇ ਨਾਲ-ਨਾਲ ਅਸੀਂ ਪਰਮੇਸ਼ੁਰ ਦਾ ਧੰਨਵਾਦ ਵੀ ਕਰ ਸਕਦੇ ਹਾਂ। ਜਿੱਦਾਂ ਮਾਪੇ ਖ਼ੁਸ਼ ਹੁੰਦੇ ਹਨ ਜਦੋਂ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਦਿਲੋਂ ਧੰਨਵਾਦ ਕਹਿੰਦੇ ਹਨ, ਉੱਦਾਂ ਹੀ ਯਹੋਵਾਹ ਦਾ ਦਿਲ ਵੀ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਉਸ ਦੀ ਕਿਰਪਾ ਬਾਰੇ ਸੋਚ ਕੇ ਦਿਲੋਂ ਉਸ ਦਾ ਧੰਨਵਾਦ ਕਰਦੇ ਹਾਂ। ਇੱਦਾਂ ਕਰ ਕੇ ਅਸੀਂ ਆਪਣੀਆਂ ਪ੍ਰਾਰਥਨਾਵਾਂ ਨੂੰ ਸੁਧਾਰ ਸਕਾਂਗੇ।
‘ਨਿੱਤ ਪ੍ਰਾਰਥਨਾ ਕਿਉਂ ਕਰੀਏ’?
10. ਮਜ਼ਬੂਤ ਨਿਹਚਾ ਅਤੇ ਪ੍ਰਾਰਥਨਾ ਦਾ ਕੀ ਸੰਬੰਧ ਹੈ?
10 ਆਪਣੀ ਨਿਹਚਾ ਮਜ਼ਬੂਤ ਰੱਖਣ ਲਈ ਸਾਨੂੰ ਲਗਾਤਾਰ ਪ੍ਰਾਰਥਨਾ ਕਰਨ ਦੀ ਲੋੜ ਹੈ। ‘ਪ੍ਰਾਰਥਨਾ ਵਿੱਚ ਲੱਗਿਆ ਰਹਿਣ ਅਤੇ ਸੁਸਤੀ ਨਾ ਕਰਨ’ ਬਾਰੇ ਸਲਾਹ ਦੇਣ ਤੋਂ ਬਾਅਦ ਯਿਸੂ ਨੇ ਪੁੱਛਿਆ: “ਜਦ ਮਨੁੱਖ ਦਾ ਪੁੱਤ੍ਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ?” (ਲੂਕਾ 18:1-8) ਸੱਚੇ ਦਿਲ ਨਾਲ ਪ੍ਰਾਰਥਨਾ ਕਰ ਕੇ ਸਾਡੀ ਨਿਹਚਾ ਵਧੇਗੀ। ਅਬਰਾਹਾਮ ਦੇ ਮਾਮਲੇ ਵਿਚ ਇਹ ਗੱਲ ਸੱਚ ਸਾਬਤ ਹੋਈ। ਅਬਰਾਹਾਮ ਦੀ ਉਮਰ ਵਧਦੀ ਗਈ, ਪਰ ਹਾਲੇ ਤਕ ਉਸ ਦੀ ਕੋਈ ਅੰਸ ਨਹੀਂ ਸੀ। ਇਸ ਕਰਕੇ ਉਸ ਨੇ ਪਰਮੇਸ਼ੁਰ ਨਾਲ ਇਸ ਬਾਰੇ ਗੱਲ ਕੀਤੀ। ਯਹੋਵਾਹ ਨੇ ਉਸ ਨੂੰ ਕਿਹਾ ਕਿ ਉਹ ਪਹਿਲਾਂ ਆਕਾਸ਼ ਵੱਲ ਦੇਖ ਕੇ ਤਾਰਿਆਂ ਨੂੰ ਗਿਣਨ ਦੀ ਕੋਸ਼ਿਸ਼ ਕਰੇ। ਫਿਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ: “ਐਂਨੀ ਹੀ ਤੇਰੀ ਅੰਸ ਹੋਵੇਗੀ।” ਨਤੀਜਾ ਕੀ ਨਿਕਲਿਆ? ਅਬਰਾਹਾਮ ਨੇ “ਯਹੋਵਾਹ ਦੀ ਪਰਤੀਤ ਕੀਤੀ ਅਤੇ ਉਸ ਨੇ ਉਹ ਦੇ ਲਈ ਏਸ ਗੱਲ ਨੂੰ ਧਰਮ ਗਿਣਿਆ।” (ਉਤਪਤ 15:5, 6) ਜੇ ਅਸੀਂ ਦਿਲ ਖੋਲ੍ਹ ਕੇ ਯਹੋਵਾਹ ਨੂੰ ਪ੍ਰਾਰਥਨਾ ਕਰਾਂਗੇ, ਬਾਈਬਲ ਵਿਚ ਉਸ ਦੇ ਵਾਅਦਿਆਂ ਤੇ ਭਰੋਸਾ ਰੱਖਾਂਗੇ ਅਤੇ ਉਸ ਦਾ ਕਹਿਣਾ ਮੰਨਾਂਗੇ, ਤਾਂ ਉਹ ਸਾਡੀ ਨਿਹਚਾ ਨੂੰ ਮਜ਼ਬੂਤ ਕਰੇਗਾ।
11. ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਪ੍ਰਾਰਥਨਾ ਨਾਲ ਸਾਡੀ ਕਿੱਦਾਂ ਮਦਦ ਹੋ ਸਕਦੀ ਹੈ?
11 ਪ੍ਰਾਰਥਨਾ ਰਾਹੀਂ ਅਸੀਂ ਆਪਣੀਆਂ ਮੁਸ਼ਕਲਾਂ ਦਾ ਵੀ ਹੱਲ ਲੱਭ ਸਕਦੇ ਹਾਂ। ਕਈਆਂ ਲਈ ਜ਼ਿੰਦਗੀ ਬੋਝ ਬਣ ਗਈ ਹੈ ਅਤੇ ਉਨ੍ਹਾਂ ਦੇ ਹਾਲਾਤ ਬਹੁਤ ਖ਼ਰਾਬ ਹਨ। ਪਰ ਬਾਈਬਲ ਕਹਿੰਦੀ ਹੈ ਕਿ “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।” (ਜ਼ਬੂਰਾਂ ਦੀ ਪੋਥੀ 55:22) ਜਦੋਂ ਅਸੀਂ ਕੋਈ ਗੰਭੀਰ ਫ਼ੈਸਲਾ ਕਰਨਾ ਹੈ, ਤਾਂ ਅਸੀਂ ਯਿਸੂ ਦੀ ਰੀਸ ਕਰ ਸਕਦੇ ਹਾਂ। ਉਸ ਨੇ ਆਪਣੇ 12 ਚੇਲੇ ਚੁਣਨ ਤੋਂ ਪਹਿਲਾਂ ਪੂਰੀ ਰਾਤ ਪ੍ਰਾਰਥਨਾ ਵਿਚ ਲਾਈ ਸੀ। (ਲੂਕਾ 6:12-16) ਆਪਣੀ ਮੌਤ ਤੋਂ ਪਹਿਲਾਂ ਯਿਸੂ ਨੇ ਇੰਨੇ ਜੋਸ਼ ਨਾਲ ਪ੍ਰਾਰਥਨਾ ਕੀਤੀ ਕਿ “ਉਹ ਦਾ ਮੁੜ੍ਹਕਾ ਲਹੂ ਦੀਆਂ ਬੂੰਦਾਂ ਵਾਂਙੁ ਭੁੰਞੇਂ ਡਿਗਦਾ ਸੀ।” (ਲੂਕਾ 22:44) ਇਸ ਦਾ ਨਤੀਜਾ ਕੀ ਨਿਕਲਿਆ? “ਪਰਮੇਸ਼ੁਰ ਦਾ ਭੈ ਰੱਖਣ ਦੇ ਕਾਰਨ ਉਹ ਦੀ ਸੁਣੀ ਗਈ।” (ਇਬਰਾਨੀਆਂ 5:7) ਸੋ ਜਦੋਂ ਅਸੀਂ ਪਰੇਸ਼ਾਨ ਹੁੰਦੇ ਹਾਂ ਜਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਦਿਲੋਂ ਅਤੇ ਲਗਾਤਾਰ ਪ੍ਰਾਰਥਨਾ ਕਰਨ ਨਾਲ ਸਾਡੀ ਮਦਦ ਹੋਵੇਗੀ।
12. ਪ੍ਰਾਰਥਨਾ ਕਰਨ ਦੇ ਪ੍ਰਬੰਧ ਤੋਂ ਸਾਨੂੰ ਕਿੱਦਾਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਸਾਡੇ ਸਾਰਿਆਂ ਵਿਚ ਦਿਲਚਸਪੀ ਹੈ?
12 ਪ੍ਰਾਰਥਨਾ ਦੇ ਜ਼ਰੀਏ ਯਹੋਵਾਹ ਦੇ ਨੇੜੇ ਹੋਣ ਦਾ ਇਕ ਹੋਰ ਕਾਰਨ ਇਹ ਹੈ ਕਿ ਉਹ ਵੀ ਸਾਡੇ ਨੇੜੇ ਹੋਵੇਗਾ। (ਯਾਕੂਬ 4:8) ਜਦੋਂ ਅਸੀਂ ਦਿਲ ਲਾ ਕੇ ਯਹੋਵਾਹ ਅੱਗੇ ਬੇਨਤੀ ਕਰਦੇ ਹਾਂ, ਤਾਂ ਕੀ ਅਸੀਂ ਮਹਿਸੂਸ ਨਹੀਂ ਕਰਦੇ ਕਿ ਉਹ ਸੱਚ-ਮੁੱਚ ਸਾਡੀਆਂ ਲੋੜਾਂ ਨੂੰ ਪਛਾਣਦਾ ਹੈ ਅਤੇ ਸਾਡੀ ਪਰਵਾਹ ਕਰਦਾ ਹੈ? ਹਾਂ, ਅਸੀਂ ਸਾਰੇ ਜਣੇ ਨਿੱਜੀ ਤੌਰ ਤੇ ਮਹਿਸੂਸ ਕਰਦੇ ਹਾਂ ਕਿ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ। ਯਹੋਵਾਹ ਨੇ ਪ੍ਰਾਰਥਨਾ ਸੁਣਨ ਦਾ ਕੰਮ ਕਿਸੇ ਹੋਰ ਨੂੰ ਨਹੀਂ ਦਿੱਤਾ। ਉਹ ਆਪਣੇ ਸੇਵਕਾਂ ਦੀ ਹਰੇਕ ਪ੍ਰਾਰਥਨਾ ਆਪ ਹੀ ਸੁਣਦਾ ਹੈ। (ਜ਼ਬੂਰਾਂ ਦੀ ਪੋਥੀ 66:19, 20; ਲੂਕਾ 11:2) ਉਹ ਸਾਨੂੰ ਸੱਦਾ ਦਿੰਦਾ ਹੈ ਕਿ ਅਸੀਂ ‘ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਛੱਡੀਏ ਕਿਉਂ ਜੋ ਉਹ ਨੂੰ ਸਾਡਾ ਫ਼ਿਕਰ ਹੈ।’—1 ਪਤਰਸ 5:6, 7.
13, 14. ਲਗਾਤਾਰ ਪ੍ਰਾਰਥਨਾ ਕਰਨ ਦੇ ਕਿਹੜੇ ਕਾਰਨ ਹਨ?
13 ਪ੍ਰਾਰਥਨਾ ਕਰ ਕੇ ਅਸੀਂ ਪ੍ਰਚਾਰ ਦੀ ਸੇਵਾ ਲਈ ਜ਼ਿਆਦਾ ਜੋਸ਼ ਪੈਦਾ ਕਰ ਸਕਦੇ ਹਾਂ। ਜਦੋਂ ਲੋਕ ਸਾਡੀ ਗੱਲ ਨਹੀਂ ਸੁਣਦੇ ਜਾਂ ਸਾਨੂੰ ਬੁਰਾ-ਭਲਾ ਕਹਿੰਦੇ ਹਨ, ਜਿਸ ਕਰਕੇ ਅਸੀਂ ਸ਼ਾਇਦ ਹਾਰ ਮੰਨਣੀ ਚਾਹੀਏ, ਤਾਂ ਸਾਨੂੰ ਪ੍ਰਾਰਥਨਾ ਦੇ ਜ਼ਰੀਏ ਤਾਕਤ ਮਿਲ ਸਕਦੀ ਹੈ। (ਰਸੂਲਾਂ ਦੇ ਕਰਤੱਬ 4:23-31) ਹਰ ਰੋਜ਼ ਛੋਟੀਆਂ-ਮੋਟੀਆਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਰਹਿੰਦੀਆਂ ਹਨ, ਪਰ ਅਸੀਂ ਪਰਮੇਸ਼ੁਰ ਤੋਂ ਵਾਰ-ਵਾਰ ਮਦਦ ਮੰਗ ਸਕਦੇ ਹਾਂ। ਪ੍ਰਾਰਥਨਾ ਰਾਹੀਂ ਅਸੀਂ “ਸ਼ਤਾਨ ਦੇ ਛਲ ਛਿੱਦ੍ਰਾਂ” ਤੋਂ ਵੀ ਬਚ ਸਕਦੇ ਹਾਂ। (ਅਫ਼ਸੀਆਂ 6:11, 17, 18) ਜਦੋਂ ਯਿਸੂ ਪ੍ਰਾਰਥਨਾ ਬਾਰੇ ਸਿੱਖਿਆ ਦੇ ਰਿਹਾ ਸੀ, ਤਾਂ ਉਸ ਨੇ ਬੇਨਤੀ ਕੀਤੀ ਕਿ ਯਹੋਵਾਹ ਸਾਨੂੰ “ਬੁਰੇ” ਯਾਨੀ ਸ਼ਤਾਨ ਤੋਂ ਬਚਾਏ।—ਮੱਤੀ 6:13, ਨਵਾਂ ਅਨੁਵਾਦ।
14 ਜੇ ਅਸੀਂ ਆਪਣੇ ਪਾਪੀ ਸੁਭਾਅ ਉੱਤੇ ਕਾਬੂ ਰੱਖਣ ਲਈ ਪ੍ਰਾਰਥਨਾ ਕਰਾਂਗੇ, ਤਾਂ ਯਹੋਵਾਹ ਸਾਨੂੰ ਜ਼ਰੂਰ ਸਹਾਰਾ ਦੇਵੇਗਾ। ਸਾਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ “ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ ਭਈ ਤੁਸੀਂ ਝੱਲ ਸੱਕੋ।” (1 ਕੁਰਿੰਥੀਆਂ 10:13) ਪੌਲੁਸ ਰਸੂਲ ਨੇ ਕਈ ਹਾਲਤਾਂ ਵਿਚ ਯਹੋਵਾਹ ਦੀ ਵੱਡੀ ਤਾਕਤ ਹਾਸਲ ਕੀਤੀ ਸੀ। ਉਸ ਨੇ ਕਿਹਾ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।”—ਫ਼ਿਲਿੱਪੀਆਂ 4:13; 2 ਕੁਰਿੰਥੀਆਂ 11:23-29.
ਕਮੀਆਂ ਦੇ ਬਾਵਜੂਦ ਪ੍ਰਾਰਥਨਾ ਕਰਦੇ ਰਹੋ
15. ਉਦੋਂ ਕੀ ਹੋ ਸਕਦਾ ਹੈ ਜਦੋਂ ਸਾਡਾ ਚਾਲ-ਚਲਣ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਨਾ ਹੋਵੇ?
15 ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣੇ, ਤਾਂ ਸਾਨੂੰ ਬਾਈਬਲ ਵਿਚ ਉਸ ਦੀ ਸਲਾਹ ਉੱਤੇ ਚੱਲਣਾ ਚਾਹੀਦਾ ਹੈ। ਯੂਹੰਨਾ ਰਸੂਲ ਨੇ ਲਿਖਿਆ ਕਿ “ਜੋ ਕੁਝ ਅਸੀਂ ਮੰਗਦੇ ਹਾਂ ਸੋ ਓਸ ਤੋਂ ਸਾਨੂੰ ਮਿਲਦਾ ਹੈ ਕਿਉਂ ਜੋ ਉਹ ਦੇ ਹੁਕਮਾਂ ਦੀ ਪਾਲਨਾ ਕਰਦੇ ਹਾਂ ਅਤੇ ਉਹ ਕੰਮ ਕਰਦੇ ਹਾਂ ਜਿਹੜੇ ਉਹ ਨੂੰ ਭਾਉਂਦੇ ਹਨ।” (1 ਯੂਹੰਨਾ 3:22) ਪਰ ਉਦੋਂ ਕੀ ਜਦੋਂ ਸਾਡਾ ਚਾਲ-ਚਲਣ ਪਰਮੇਸ਼ੁਰ ਦੇ ਮਿਆਰਾਂ ਦੇ ਖ਼ਿਲਾਫ਼ ਹੁੰਦਾ ਹੈ? ਸ਼ਾਇਦ ਅਸੀਂ ਆਦਮ ਅਤੇ ਹੱਵਾਹ ਦੀ ਤਰ੍ਹਾਂ ਕਰੀਏ ਜਿਨ੍ਹਾਂ ਨੇ ਪਾਪ ਕਰਨ ਤੋਂ ਬਾਅਦ “ਯਹੋਵਾਹ ਪਰਮੇਸ਼ੁਰ ਦੇ ਸਾਹਮਣਿਓਂ” ਲੁਕਣ ਦੀ ਕੋਸ਼ਿਸ਼ ਕੀਤੀ ਸੀ। (ਉਤਪਤ 3:8) ਹਾਂ, ਅਸੀਂ ਸ਼ਾਇਦ ਪ੍ਰਾਰਥਨਾ ਕਰਨੀ ਬੰਦ ਹੀ ਕਰ ਦੇਈਏ। ਕਲੌਸ ਨਾਂ ਦੇ ਇਕ ਸਫ਼ਰੀ ਨਿਗਾਹਬਾਨ ਨੇ ਕਿਹਾ: “ਮੈਂ ਇਹ ਦੇਖਿਆ ਹੈ ਕਿ ਜਿਹੜੇ ਭੈਣ-ਭਰਾ ਯਹੋਵਾਹ ਅਤੇ ਉਸ ਦੇ ਲੋਕਾਂ ਤੋਂ ਦੂਰ ਹੋ ਜਾਂਦੇ ਹਨ, ਉਨ੍ਹਾਂ ਦਾ ਪਹਿਲਾ ਗ਼ਲਤ ਕਦਮ ਇਹ ਹੁੰਦਾ ਹੈ ਕਿ ਉਹ ਪ੍ਰਾਰਥਨਾ ਕਰਨ ਵਿਚ ਢਿੱਲੇ ਪੈ ਜਾਂਦੇ ਹਨ।” (ਇਬਰਾਨੀਆਂ 2:1) ਹੋਸੇ ਅੰਕਾਲ ਨਾਂ ਦੇ ਇਕ ਭਰਾ ਨਾਲ ਇੱਦਾਂ ਹੀ ਹੋਇਆ ਸੀ। ਉਸ ਨੇ ਕਿਹਾ ਕਿ “ਤਕਰੀਬਨ ਅੱਠਾਂ ਸਾਲਾਂ ਲਈ ਮੈਂ ਯਹੋਵਾਹ ਨੂੰ ਘੱਟ ਹੀ ਪ੍ਰਾਰਥਨਾ ਕੀਤੀ। ਮੈਂ ਉਸ ਨੂੰ ਆਪਣਾ ਸਵਰਗੀ ਪਿਤਾ ਸਮਝਦਾ ਤਾਂ ਸੀ, ਪਰ ਮੈਨੂੰ ਉਸ ਨਾਲ ਗੱਲ ਕਰਨ ਤੋਂ ਸ਼ਰਮ ਆਉਂਦੀ ਸੀ।”
16, 17. ਉਦਾਹਰਣਾਂ ਦੇ ਕੇ ਦੱਸੋ ਕਿ ਲਗਾਤਾਰ ਪ੍ਰਾਰਥਨਾ ਕਰਨ ਨਾਲ ਅਸੀਂ ਕਿਸੇ ਰੂਹਾਨੀ ਕਮਜ਼ੋਰੀ ਉੱਤੇ ਕਿੱਦਾਂ ਕਾਬੂ ਪਾ ਸਕਦੇ ਹਾਂ।
16 ਅਸੀਂ ਉਦੋਂ ਵੀ ਪ੍ਰਾਰਥਨਾ ਕਰਨ ਤੋਂ ਪਿੱਛੇ ਹਟ ਸਕਦੇ ਹਾਂ ਜਦੋਂ ਅਸੀਂ ਰੂਹਾਨੀ ਤੌਰ ਤੇ ਕਮਜ਼ੋਰ ਹੁੰਦੇ ਹਾਂ, ਜਾਂ ਅਸੀਂ ਕਿਸੇ ਭੈੜੀ ਆਦਤ ਵਿਚ ਦੁਬਾਰਾ ਪੈ ਗਏ ਹਾਂ। ਲੇਕਿਨ ਸਾਨੂੰ ਉਦੋਂ ਖ਼ਾਸ ਕਰਕੇ ਪ੍ਰਾਰਥਨਾ ਦਾ ਸਹਾਰਾ ਲੈਣਾ ਚਾਹੀਦਾ ਹੈ। ਯੂਨਾਹ ਨਬੀ ਨੂੰ ਯਾਦ ਕਰੋ ਜੋ ਆਪਣੀ ਜ਼ਿੰਮੇਵਾਰੀ ਛੱਡ ਕੇ ਭੱਜ ਗਿਆ ਸੀ। ਪਰ ਉਸ ਨੇ ‘ਔਖਿਆਈ ਵਿੱਚ ਯਹੋਵਾਹ ਨੂੰ ਪੁਕਾਰਿਆ, ਅਤੇ ਉਹ ਨੇ ਉਸ ਨੂੰ ਉੱਤਰ ਦਿੱਤਾ, ਉਸ ਨੇ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ, ਤੇ ਯਹੋਵਾਹ ਨੇ ਉਸ ਦੀ ਅਵਾਜ਼ ਸੁਣੀ।’ (ਯੂਨਾਹ 2:2) ਹਾਂ, ਯੂਨਾਹ ਨੇ ਪ੍ਰਾਰਥਨਾ ਕੀਤੀ, ਯਹੋਵਾਹ ਨੇ ਉਸ ਦੀ ਸੁਣੀ ਅਤੇ ਉਹ ਰੂਹਾਨੀ ਤੌਰ ਤੇ ਠੀਕ ਹੋ ਗਿਆ।
17 ਹੋਸੇ ਅੰਕਾਲ ਨੇ ਵੀ ਦਿਲੋਂ ਪ੍ਰਾਰਥਨਾ ਕੀਤੀ। ਉਸ ਨੇ ਕਿਹਾ: “ਮੈਂ ਆਪਣਾ ਦਿਲ ਖੋਲ੍ਹ ਕੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਕਿ ਉਹ ਮੈਨੂੰ ਮਾਫ਼ ਕਰੇ ਅਤੇ ਉਸ ਨੇ ਮੇਰੀ ਸੁਣੀ। ਮੈਨੂੰ ਲੱਗਦਾ ਹੈ ਕਿ ਪ੍ਰਾਰਥਨਾ ਦੀ ਮਦਦ ਤੋਂ ਬਗੈਰ ਮੈਂ ਸੱਚਾਈ ਵਿਚ ਵਾਪਸ ਨਹੀਂ ਆ ਸਕਦਾ ਸੀ। ਮੈਂ ਹੁਣ ਰੋਜ਼ ਲਗਾਤਾਰ ਪ੍ਰਾਰਥਨਾ ਕਰਦਾ ਹਾਂ ਅਤੇ ਮੈਂ ਇਨ੍ਹਾਂ ਮੌਕਿਆਂ ਨੂੰ ਬਹੁਤ ਪਸੰਦ ਕਰਦਾ ਹਾਂ।” ਸਾਨੂੰ ਪਰਮੇਸ਼ੁਰ ਨੂੰ ਆਪਣੀਆਂ ਗ਼ਲਤੀਆਂ ਦੱਸਣ ਬਾਰੇ ਕਦੀ ਡਰਨਾ ਨਹੀਂ ਚਾਹੀਦਾ, ਸਗੋਂ ਸਾਨੂੰ ਖੁੱਲ੍ਹੀ ਤਰ੍ਹਾਂ ਗੱਲ ਕਰ ਕੇ ਉਸ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਜਦੋਂ ਦਾਊਦ ਰਾਜੇ ਨੇ ਆਪਣੇ ਪਾਪ ਦਾ ਇਕਬਾਲ ਕੀਤਾ ਸੀ, ਤਾਂ ਯਹੋਵਾਹ ਨੇ ਉਸ ਨੂੰ ਖਿਮਾ ਕੀਤਾ। (ਜ਼ਬੂਰਾਂ ਦੀ ਪੋਥੀ 32:3-5) ਯਹੋਵਾਹ ਸਾਨੂੰ ਸਜ਼ਾ ਦੇਣ ਲਈ ਨਹੀਂ, ਸਗੋਂ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ। (1 ਯੂਹੰਨਾ 3:19, 20) ਇਸ ਦੇ ਨਾਲ-ਨਾਲ ਕਲੀਸਿਯਾ ਵਿਚ ਬਜ਼ੁਰਗਾਂ ਦੀਆਂ ਪ੍ਰਾਰਥਨਾਵਾਂ ਰਾਹੀਂ ਸਾਡੀ ਰੂਹਾਨੀ ਤੌਰ ਤੇ ਮਦਦ ਹੋ ਸਕਦੀ ਹੈ ਕਿਉਂਕਿ ਇਨ੍ਹਾਂ ਦਾ “ਬਹੁਤ ਅਸਰ ਹੁੰਦਾ ਹੈ।”—ਯਾਕੂਬ 5:13-16.
18. ਭਾਵੇਂ ਪਰਮੇਸ਼ੁਰ ਦੇ ਸੇਵਕ ਉਸ ਦੇ ਰਾਹਾਂ ਤੋਂ ਭਟਕ ਵੀ ਜਾਣ, ਫਿਰ ਵੀ ਉਹ ਕਿਹੜਾ ਭਰੋਸਾ ਰੱਖਦੇ ਹਨ?
18 ਉਜਾੜੂ ਪੁੱਤਰ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਤੋਂ ਅਸੀਂ ਦੇਖਦੇ ਹਾਂ ਕਿ ਅਸੀਂ ਜੋ ਵੀ ਗ਼ਲਤੀ ਕਰ ਬੈਠੀਏ, ਸਾਡਾ ਸਵਰਗੀ ਪਿਤਾ ਖ਼ੁਸ਼ ਹੁੰਦਾ ਜਦੋਂ ਅਸੀਂ ਉਸ ਵੱਲ ਵਾਪਸ ਮੁੜਦੇ ਹਾਂ। (ਲੂਕਾ 15:21, 22, 32) ਕਿਹੜਾ ਪਿਤਾ ਆਪਣੇ ਪੁੱਤਰ ਨੂੰ ਠੁਕਰਾਵੇਗਾ ਜੇ ਉਹ ਕੋਈ ਗ਼ਲਤੀ ਕਰਨ ਤੋਂ ਬਾਅਦ ਉਸ ਦੇ ਪੈਰੀ ਪੈ ਕੇ ਮਾਫ਼ੀ ਮੰਗੇ? ਹਾਂ, ਯਹੋਵਾਹ ਗ਼ਲਤੀ ਕਰਨ ਵਾਲਿਆਂ ਨੂੰ ਹੌਸਲਾ ਦਿੰਦਾ ਹੈ ਕਿ ਉਹ ਉਸ ਨੂੰ ਪੁਕਾਰਨ ਕਿਉਂਕਿ ਉਹ “ਅੱਤ ਦਿਆਲੂ” ਹੈ। (ਯਸਾਯਾਹ 55:6, 7) ਭਾਵੇਂ ਦਾਊਦ ਨੇ ਕਈ ਗੰਭੀਰ ਪਾਪ ਕੀਤੇ ਸਨ, ਪਰ ਉਸ ਨੇ ਯਹੋਵਾਹ ਤੋਂ ਬੇਨਤੀ ਕੀਤੀ: “ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਉੱਤੇ ਕੰਨ ਧਰ, ਅਤੇ ਮੇਰੀ ਬੇਨਤੀ ਤੋਂ ਆਪਣੇ ਆਪ ਨੂੰ ਨਾ ਲੁਕਾ।” ਅਤੇ ਉਸ ਨੇ ਅੱਗੇ ਕਿਹਾ: “ਸੰਝ, ਸਵੇਰ ਅਤੇ ਦੁਪਹਿਰ ਨੂੰ ਮੈਂ ਸ਼ਕਾਇਤ ਕਰਾਂਗਾ ਅਤੇ ਮੈਂ ਹੂੰਗਾਂਗਾ, ਅਤੇ [ਯਹੋਵਾਹ] ਮੇਰੀ ਅਵਾਜ਼ ਸੁਣੇਗਾ।” (ਜ਼ਬੂਰਾਂ ਦੀ ਪੋਥੀ 55:1, 17) ਸਾਨੂੰ ਇਸ ਗੱਲ ਤੋਂ ਕਿੰਨਾ ਦਿਲਾਸਾ ਮਿਲਦਾ ਹੈ!
19. ਪ੍ਰਾਰਥਨਾ ਦਾ ਜਵਾਬ ਝੱਟ ਨਾ ਮਿਲਣ ਕਰਕੇ ਸਾਨੂੰ ਇੱਦਾਂ ਕਿਉਂ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਸਾਡੇ ਨਾਲ ਨਾਰਾਜ਼ ਹੈ?
19 ਉਦੋਂ ਕੀ ਜੇ ਸਾਨੂੰ ਆਪਣੀ ਅਰਦਾਸ ਦਾ ਝੱਟ ਜਵਾਬ ਨਾ ਮਿਲੇ? ਪਹਿਲੀ ਗੱਲ ਇਹ ਹੈ ਕਿ ਸਾਡੀ ਪ੍ਰਾਰਥਨਾ ਯਹੋਵਾਹ ਦੀ ਮਰਜ਼ੀ ਅਨੁਸਾਰ ਹੋਣੀ ਚਾਹੀਦੀ ਅਤੇ ਯਿਸੂ ਦੇ ਨਾਂ ਤੇ ਕੀਤੀ ਜਾਣੀ ਚਾਹੀਦੀ ਹੈ। (ਯੂਹੰਨਾ 16:23; 1 ਯੂਹੰਨਾ 5:14) ਚੇਲੇ ਯਾਕੂਬ ਨੇ ਅਜਿਹੇ ਮਸੀਹੀਆਂ ਬਾਰੇ ਗੱਲ ਕੀਤੀ ਜਿਨ੍ਹਾਂ ਦੀਆਂ ਪ੍ਰਾਰਥਨਾਵਾਂ ਇਸ ਕਰਕੇ ਅਣਸੁਣੀਆਂ ਰਹਿ ਗਈਆਂ ਕਿਉਂਕਿ ਉਹ “ਬਦਨੀਤੀ ਨਾਲ ਮੰਗਦੇ” ਸਨ। (ਯਾਕੂਬ 4:3) ਪਰ ਦੂਜੇ ਪਾਸੇ ਸਾਨੂੰ ਇੱਦਾਂ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਸਾਡੇ ਨਾਲ ਨਾਰਾਜ਼ ਹੈ ਕਿਉਂਕਿ ਸਾਨੂੰ ਆਪਣੀ ਪ੍ਰਾਰਥਨਾ ਦਾ ਜਵਾਬ ਜਲਦੀ ਨਹੀਂ ਮਿਲਿਆ। ਕਦੀ-ਕਦੀ ਯਹੋਵਾਹ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਵਫ਼ਾਦਾਰ ਸੇਵਕਾਂ ਨੂੰ ਵਾਰ-ਵਾਰ ਪ੍ਰਾਰਥਨਾ ਕਰਨ ਦਿੰਦਾ ਹੈ। ਯਿਸੂ ਨੇ ਕਿਹਾ: ‘ਮੰਗਦੇ ਰਹੋ ਤਾਂ ਤੁਹਾਨੂੰ ਦਿੱਤਾ ਜਾਵੇਗਾ।’ (ਮੱਤੀ 7:7) ਇਸ ਲਈ ਸਾਨੂੰ ਤਾਕੀਦ ਕੀਤੀ ਜਾਂਦੀ ਹੈ: “ਪ੍ਰਾਰਥਨਾ ਲਗਾਤਾਰ ਕਰਦੇ ਰਹੋ।”—ਰੋਮੀਆਂ 12:12.
ਲਗਾਤਾਰ ਪ੍ਰਾਰਥਨਾ ਕਰੋ
20, 21. (ੳ) ਸਾਨੂੰ ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਲਗਾਤਾਰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ? (ਅ) ਜੇ ਅਸੀਂ ਹਰ ਰੋਜ਼ ਯਹੋਵਾਹ ਦੀ ਕਿਰਪਾ ਦੇ ਸਿੰਘਾਸਣ ਅੱਗੇ ਜਾਂਦੇ ਹਾਂ, ਤਾਂ ਸਾਨੂੰ ਕੀ ਮਿਲੇਗਾ?
20 ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਸਾਡੇ ਉੱਤੇ ਬਹੁਤ ਦਬਾਅ ਆਉਂਦੇ ਹਨ ਅਤੇ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। (2 ਤਿਮੋਥਿਉਸ 3:1) ਇਨ੍ਹਾਂ ਕਰਕੇ ਸਾਡਾ ਧਿਆਨ ਹੋਰ ਪਾਸੇ ਲੱਗ ਸਕਦਾ ਹੈ। ਪਰ ਪ੍ਰਾਰਥਨਾ ਕਰਦੇ ਰਹਿਣ ਨਾਲ ਅਸੀਂ ਮੁਸ਼ਕਲਾਂ, ਪਰਤਾਵਿਆਂ ਅਤੇ ਨਿਰਾਸ਼ਾ ਦੇ ਬਾਵਜੂਦ ਸਹੀ ਰਾਹ ਦੇ ਰਹਿ ਕੇ ਰੂਹਾਨੀ ਗੱਲਾਂ ਵੱਲ ਧਿਆਨ ਦੇ ਸਕਦੇ ਹਾਂ। ਹਰ ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰਨ ਨਾਲ ਸਾਨੂੰ ਸਹਾਰਾ ਮਿਲੇਗਾ।
21 ‘ਪ੍ਰਾਰਥਨਾ ਦਾ ਸੁਣਨ ਵਾਲਾ’ ਸਾਡਾ ਪਰਮੇਸ਼ੁਰ ਯਹੋਵਾਹ ਸਾਨੂੰ ਕਦੀ ਨਹੀਂ ਠੁਕਰਾਏਗਾ, ਪਰ ਹਮੇਸ਼ਾ ਸਾਡੀ ਸੁਣੇਗਾ। (ਜ਼ਬੂਰਾਂ ਦੀ ਪੋਥੀ 65:2) ਇੱਦਾਂ ਨਾ ਹੋਵੇ ਕਿ ਅਸੀਂ ਬਿਜ਼ੀ ਹੋਣ ਕਰਕੇ ਉਸ ਨੂੰ ਠੁਕਰਾ ਦੇਈਏ। ਪਰਮੇਸ਼ੁਰ ਨਾਲ ਸਾਡੀ ਦੋਸਤੀ ਹੋਰ ਕਿਸੇ ਵੀ ਚੀਜ਼ ਨਾਲੋਂ ਅਨਮੋਲ ਹੈ। ਆਓ ਆਪਾਂ ਇਸ ਦੀ ਪੂਰੀ ਕਦਰ ਕਰੀਏ। “ਇਸ ਲਈ ਆਓ, ਅਸੀਂ ਕਿਰਪਾ ਦੇ ਸਿੰਘਾਸਣ ਦੇ ਅੱਗੇ ਦਿਲੇਰੀ ਨਾਲ ਚੱਲੀਏ ਭਈ ਅਸੀਂ ਦਯਾ ਪਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ।”—ਇਬਰਾਨੀਆਂ 4:16.
ਤੁਸੀਂ ਕਿੱਦਾਂ ਜਵਾਬ ਦਿਓਗੇ?
• ਪ੍ਰਾਰਥਨਾ ਦੀ ਅਹਿਮੀਅਤ ਬਾਰੇ ਅਸੀਂ ਦਾਨੀਏਲ ਨਬੀ ਤੋਂ ਕੀ ਸਿੱਖਦੇ ਹਾਂ?
• ਅਸੀਂ ਯਹੋਵਾਹ ਨਾਲ ਆਪਣੀ ਦੋਸਤੀ ਨੂੰ ਕਿੱਦਾਂ ਮਜ਼ਬੂਤ ਕਰ ਸਕਦੇ ਹਾਂ?
• ਸਾਨੂੰ ਲਗਾਤਾਰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?
• ਕੋਈ ਗ਼ਲਤੀ ਕਰਨ ਦੇ ਬਾਵਜੂਦ ਸਾਨੂੰ ਪ੍ਰਾਰਥਨਾ ਕਰਨ ਤੋਂ ਕਿਉਂ ਨਹੀਂ ਹਟਣਾ ਚਾਹੀਦਾ?
[ਸਫ਼ੇ 16 ਉੱਤੇ ਤਸਵੀਰ]
ਰਾਜੇ ਨਾਲ ਗੱਲ ਕਰਨ ਤੋਂ ਪਹਿਲਾਂ ਨਹਮਯਾਹ ਨੇ ਚੁੱਪ-ਚਾਪ ਛੋਟੀ ਜਿਹੀ ਪ੍ਰਾਰਥਨਾ ਕੀਤੀ
[ਸਫ਼ੇ 17 ਉੱਤੇ ਤਸਵੀਰ]
ਹੰਨਾਹ “ਕਾਫ਼ੀ ਸਮੇਂ ਤਕ ਪ੍ਰਾਰਥਨਾ ਕਰਦੀ ਰਹੀ”
[ਸਫ਼ੇ 18 ਉੱਤੇ ਤਸਵੀਰ]
ਆਪਣੇ 12 ਚੇਲੇ ਚੁਣਨ ਤੋਂ ਪਹਿਲਾਂ ਯਿਸੂ ਨੇ ਪੂਰੀ ਰਾਤ ਪ੍ਰਾਰਥਨਾ ਕੀਤੀ
[ਸਫ਼ੇ 20 ਉੱਤੇ ਤਸਵੀਰ]
ਹਰ ਰੋਜ਼ ਪ੍ਰਾਰਥਨਾ ਕਰਨ ਦੇ ਕਈ ਮੌਕੇ ਹੁੰਦੇ ਹਨ