“ਇੱਕ ਜ਼ਬਾਨ ਨਾਲ” ਪਰਮੇਸ਼ੁਰ ਦੀ ਵਡਿਆਈ ਕਰੋ
“ਤੁਸੀਂ ਇੱਕ ਮਨ ਹੋ ਕੇ ਇੱਕ ਜ਼ਬਾਨ ਨਾਲ ਸਾਡੇ ਪ੍ਰਭੁ ਯਿਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ ਦੀ ਵਡਿਆਈ ਕਰੋ।”—ਰੋਮੀਆਂ 15:6.
1. ਪੌਲੁਸ ਨੇ ਮਸੀਹੀਆਂ ਨੂੰ ਕਿਹੜੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ?
ਸਾਰੇ ਮਸੀਹੀਆਂ ਦੀ ਪਸੰਦ ਇੱਕੋ ਜਿਹੀ ਨਹੀਂ ਹੁੰਦੀ ਅਤੇ ਨਾ ਹੀ ਉਹ ਇੱਕੋ ਜਿਹੇ ਫ਼ੈਸਲੇ ਕਰਦੇ ਹਨ। ਇਸ ਦੇ ਬਾਵਜੂਦ ਸਾਰੇ ਮਸੀਹੀਆਂ ਨੂੰ ਮਿਲ ਕੇ ਪਰਮੇਸ਼ੁਰ ਦੇ ਰਾਹ ਉੱਤੇ ਚੱਲਣ ਦੀ ਲੋੜ ਹੈ। ਕੀ ਇਸ ਤਰ੍ਹਾਂ ਕਰਨਾ ਮੁਮਕਿਨ ਹੈ? ਹਾਂ, ਜੇ ਅਸੀਂ ਹਰ ਛੋਟੀ-ਮੋਟੀ ਗੱਲ ਤੇ ਝਗੜਾ ਕਰਨ ਦੀ ਬਜਾਇ ਇਕ-ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਪੌਲੁਸ ਰਸੂਲ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਇਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਉਨ੍ਹਾਂ ਨੂੰ ਕਿਹੜੀ ਸਲਾਹ ਦਿੱਤੀ ਸੀ? ਅੱਜ ਅਸੀਂ ਉਸ ਦੀ ਸਲਾਹ ਨੂੰ ਕਿਸ ਤਰ੍ਹਾਂ ਲਾਗੂ ਕਰ ਸਕਦੇ ਹਾਂ?
ਇਕ ਮਨ ਹੋਵੋ
2. ਪੌਲੁਸ ਨੇ ਏਕਤਾ ਦੀ ਜ਼ਰੂਰਤ ਉੱਤੇ ਕਿਵੇਂ ਜ਼ੋਰ ਦਿੱਤਾ ਸੀ?
2 ਪੌਲੁਸ ਜਾਣਦਾ ਸੀ ਕਿ ਮਸੀਹੀਆਂ ਨੂੰ ਇਕ ਮਨ ਹੋਣ ਦੀ ਲੋੜ ਹੈ। ਇਸ ਲਈ ਉਸ ਨੇ ਮਸੀਹੀਆਂ ਨੂੰ ਪਿਆਰ ਨਾਲ ਇਕ-ਦੂਜੇ ਦੀ ਗੱਲ ਸਹਿ ਲੈਣ ਦੀ ਵਧੀਆ ਸਲਾਹ ਦਿੱਤੀ ਸੀ। (ਅਫ਼ਸੀਆਂ 4:1-3; ਕੁਲੁੱਸੀਆਂ 3:12-14) ਪੌਲੁਸ ਨੇ 20 ਸਾਲ ਸਫ਼ਰ ਕਰਦੇ ਹੋਏ ਆਪਣੀ ਸੇਵਕਾਈ ਦੌਰਾਨ ਕਈ ਕਲੀਸਿਯਾਵਾਂ ਸ਼ੁਰੂ ਕੀਤੀਆਂ ਅਤੇ ਕਈਆਂ ਮਸੀਹੀਆਂ ਨੂੰ ਮਿਲਣ ਤੋਂ ਬਾਅਦ ਉਹ ਜਾਣਦਾ ਸੀ ਕਿ ਏਕਤਾ ਕਾਇਮ ਰੱਖਣੀ ਆਸਾਨ ਨਹੀਂ। (1 ਕੁਰਿੰਥੀਆਂ 1:11-13; ਗਲਾਤੀਆਂ 2:11-14) ਇਸ ਲਈ ਉਸ ਨੇ ਰੋਮ ਦੇ ਮਸੀਹੀਆਂ ਨੂੰ ਤਾਕੀਦ ਕੀਤੀ: “ਧੀਰਜ ਅਤੇ ਦਿਲਾਸੇ ਦਾ ਪਰਮੇਸ਼ੁਰ ਤੁਹਾਨੂੰ ਇਹ ਬਖ਼ਸ਼ੇ . . . ਜੋ ਤੁਸੀਂ ਇੱਕ ਮਨ ਹੋ ਕੇ ਇੱਕ ਜ਼ਬਾਨ ਨਾਲ ਸਾਡੇ ਪ੍ਰਭੁ ਯਿਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ ਦੀ ਵਡਿਆਈ ਕਰੋ।” (ਰੋਮੀਆਂ 15:5, 6) ਅੱਜ ਸਾਨੂੰ ਵੀ ਪਰਮੇਸ਼ੁਰ ਦੇ ਲੋਕ ਹੋਣ ਦੇ ਨਾਤੇ “ਇੱਕ ਜ਼ਬਾਨ ਨਾਲ” ਯਹੋਵਾਹ ਦੀ ਵਡਿਆਈ ਕਰਨੀ ਚਾਹੀਦੀ ਹੈ। ਅਸੀਂ ਪਰਮੇਸ਼ੁਰ ਦੀ ਕਿੰਨੀ ਕੁ ਵਡਿਆਈ ਕਰ ਰਹੇ ਹਾਂ?
3, 4. (ੳ) ਰੋਮ ਦੇ ਮਸੀਹੀ ਇਕ-ਦੂਜੇ ਤੋਂ ਕਿਵੇਂ ਵੱਖਰੇ ਸਨ? (ਅ) ਰੋਮ ਦੇ ਮਸੀਹੀ “ਇੱਕ ਜ਼ਬਾਨ ਨਾਲ” ਯਹੋਵਾਹ ਦੀ ਸੇਵਾ ਕਿਵੇਂ ਕਰ ਸਕਦੇ ਸਨ?
3 ਰੋਮ ਵਿਚ ਰਹਿੰਦੇ ਕਈ ਮਸੀਹੀ ਪੌਲੁਸ ਦੇ ਦੋਸਤ-ਮਿੱਤਰ ਸਨ। (ਰੋਮੀਆਂ 16:3-16) ਭਾਵੇਂ ਉਨ੍ਹਾਂ ਦੇ ਪਿਛੋਕੜ ਵੱਖੋ-ਵੱਖਰੇ ਸਨ, ਪਰ ਪੌਲੁਸ ਲਈ ਉਹ ਸਾਰੇ “ਪਰਮੇਸ਼ੁਰ ਦੇ ਪਿਆਰੇ” ਸਨ। ਉਸ ਨੇ ਲਿਖਿਆ: “ਮੈਂ ਯਿਸੂ ਮਸੀਹ ਦੇ ਰਾਹੀਂ ਤੁਸਾਂ ਸਭਨਾਂ ਦੇ ਲਈ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਇਸ ਲਈ ਜੋ ਸਾਰੇ ਸੰਸਾਰ ਵਿੱਚ ਤੁਹਾਡੀ ਨਿਹਚਾ ਦਾ ਪਰਚਾਰ ਹੁੰਦਾ ਹੈ।” ਸੋ ਰੋਮ ਦੇ ਮਸੀਹੀ ਆਪਣੀ ਨਿਹਚਾ ਕਰਕੇ ਦੂਸਰਿਆਂ ਲਈ ਇਕ ਚੰਗੀ ਮਿਸਾਲ ਸਨ। (ਰੋਮੀਆਂ 1:7, 8; 15:14) ਪਰ ਇਹ ਵੀ ਸੱਚ ਸੀ ਕਿ ਇਸ ਕਲੀਸਿਯਾ ਦੇ ਕੁਝ ਮੈਂਬਰਾਂ ਦੇ ਕੁਝ ਵਿਸ਼ਿਆਂ ਉੱਤੇ ਵੱਖੋ-ਵੱਖਰੇ ਵਿਚਾਰ ਸਨ। ਅੱਜ ਵੀ ਵੱਖ-ਵੱਖ ਪਿਛੋਕੜਾਂ ਤੇ ਜਾਤਾਂ ਦੇ ਲੋਕ ਮਸੀਹੀ ਬਣਦੇ ਹਨ। ਇਸ ਲਈ ਜੇ ਉਹ ਪੌਲੁਸ ਦੀ ਸਲਾਹ ਨੂੰ ਲਾਗੂ ਕਰਨਗੇ, ਤਾਂ ਉਹ “ਇੱਕ ਜ਼ਬਾਨ ਨਾਲ” ਯਹੋਵਾਹ ਦੀ ਵਡਿਆਈ ਕਰ ਸਕਣਗੇ।
4 ਰੋਮ ਵਿਚ ਕੁਝ ਯਹੂਦੀ ਲੋਕ ਅਤੇ ਦੂਜੀਆਂ ਕੌਮਾਂ ਦੇ ਲੋਕ ਮਸੀਹੀ ਬਣੇ ਸਨ, ਜਿਸ ਕਰਕੇ ਉਨ੍ਹਾਂ ਦੇ ਵਿਚਾਰ ਇਕ-ਦੂਜੇ ਤੋਂ ਵੱਖਰੇ ਸਨ। (ਰੋਮੀਆਂ 4:1; 11:13) ਕੁਝ ਮਸੀਹੀ ਯਹੂਦੀ ਧਰਮ ਦੀ ਰੀਤ ਅਨੁਸਾਰ ਮੂਸਾ ਦੀ ਸ਼ਰਾ ਯਾਨੀ ਬਿਵਸਥਾ ਉੱਤੇ ਚੱਲਣਾ ਜ਼ਰੂਰੀ ਸਮਝਦੇ ਸਨ, ਭਾਵੇਂ ਕਿ ਉਨ੍ਹਾਂ ਨੂੰ ਜਾਣ ਲੈਣਾ ਚਾਹੀਦਾ ਸੀ ਕਿ ਇਹ ਰੀਤ-ਰਿਵਾਜ ਪਾਪ ਤੇ ਮੌਤ ਤੋਂ ਮੁਕਤ ਹੋਣ ਲਈ ਜ਼ਰੂਰੀ ਨਹੀਂ ਸਨ। ਦੂਜੇ ਪਾਸੇ ਕਈ ਮਸੀਹੀਆਂ ਨੇ ਕਬੂਲ ਕੀਤਾ ਸੀ ਕਿ ਮਸੀਹ ਦੇ ਬਲੀਦਾਨ ਨੇ ਉਨ੍ਹਾਂ ਨੂੰ ਯਹੂਦੀ ਧਰਮ ਦੇ ਰੀਤ-ਰਿਵਾਜਾਂ ਤੋਂ ਆਜ਼ਾਦ ਕਰ ਦਿੱਤਾ ਸੀ ਜਿਨ੍ਹਾਂ ਅਨੁਸਾਰ ਉਹ ਪਹਿਲਾਂ ਚੱਲਦੇ ਸਨ। ਨਤੀਜੇ ਵਜੋਂ ਉਨ੍ਹਾਂ ਨੇ ਇਨ੍ਹਾਂ ਪੁਰਾਣੇ ਰੀਤ-ਰਿਵਾਜਾਂ ਨੂੰ ਛੱਡ ਦਿੱਤਾ। (ਗਲਾਤੀਆਂ 4:8-11) ਫਿਰ ਵੀ ਜਿਵੇਂ ਪੌਲੁਸ ਨੇ ਕਿਹਾ ਸੀ, ਉਹ ਸਾਰੇ “ਪਰਮੇਸ਼ੁਰ ਦੇ ਪਿਆਰੇ” ਸਨ। ਜੇ ਉਹ ਸਾਰੇ ਇਕ-ਦੂਜੇ ਬਾਰੇ ਸਹੀ ਨਜ਼ਰੀਆ ਰੱਖਦੇ, ਤਾਂ ਉਹ “ਇੱਕ ਜ਼ਬਾਨ ਨਾਲ” ਪਰਮੇਸ਼ੁਰ ਦੀ ਵਡਿਆਈ ਕਰ ਸਕਦੇ ਸਨ। ਅੱਜ ਕੁਝ ਗੱਲਾਂ ਬਾਰੇ ਸਾਡੇ ਵਿਚਾਰ ਵੀ ਇਕ-ਦੂਜੇ ਤੋਂ ਵੱਖਰੇ ਹੋ ਸਕਦੇ ਹਨ, ਇਸ ਲਈ ਜ਼ਰੂਰੀ ਹੈ ਕਿ ਅਸੀਂ ਪੌਲੁਸ ਦੀ ਸਲਾਹ ਵੱਲ ਧਿਆਨ ਦੇਈਏ।—ਰੋਮੀਆਂ 15:4.
ਪਿਆਰ ਨਾਲ “ਇੱਕ ਦੂਏ ਨੂੰ ਕਬੂਲ ਕਰੋ”
5, 6. ਰੋਮ ਦੀ ਕਲੀਸਿਯਾ ਵਿਚ ਵੱਖੋ-ਵੱਖਰੇ ਵਿਚਾਰ ਕਿਉਂ ਸਨ?
5 ਪੌਲੁਸ ਨੇ ਰੋਮੀਆਂ ਨੂੰ ਉਨ੍ਹਾਂ ਦੇ ਵੱਖੋ-ਵੱਖਰੇ ਵਿਚਾਰਾਂ ਬਾਰੇ ਲਿਖਿਆ: “ਇੱਕ ਨੂੰ ਨਿਹਚਾ ਹੈ ਭਈ ਹਰ ਵਸਤ ਦਾ ਖਾਣਾ ਜੋਗ ਹੈ ਪਰ ਜਿਹੜਾ ਕੱਚਾ ਹੈ ਉਹ ਸਾਗ ਪੱਤ ਹੀ ਖਾਂਦਾ ਹੈ।” ਖਾਣ ਦੇ ਮਾਮਲੇ ਵਿਚ ਮਸੀਹੀਆਂ ਦੇ ਵਿਚਾਰ ਵੱਖੋ-ਵੱਖਰੇ ਕਿਉਂ ਸਨ? ਕਿਉਂਕਿ ਮੂਸਾ ਦੀ ਬਿਵਸਥਾ ਅਨੁਸਾਰ ਸੂਰ ਦਾ ਮਾਸ ਖਾਣਾ ਮਨ੍ਹਾ ਸੀ। (ਰੋਮੀਆਂ 14:2; ਲੇਵੀਆਂ 11:7) ਪਰ ਯਿਸੂ ਦੀ ਮੌਤ ਨੇ ਸ਼ਰਾ ਨੂੰ ਖ਼ਤਮ ਕੀਤਾ ਸੀ। (ਅਫ਼ਸੀਆਂ 2:15) ਫਿਰ ਯਿਸੂ ਦੀ ਮੌਤ ਤੋਂ ਸਾਢੇ ਤਿੰਨ ਸਾਲ ਬਾਅਦ ਇਕ ਦੂਤ ਨੇ ਪਤਰਸ ਰਸੂਲ ਨੂੰ ਦੱਸਿਆ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕੋਈ ਵੀ ਖਾਣਾ ਅਸ਼ੁੱਧ ਨਹੀਂ ਸੀ। (ਰਸੂਲਾਂ ਦੇ ਕਰਤੱਬ 11:7-12) ਇਨ੍ਹਾਂ ਗੱਲਾਂ ਨੂੰ ਮਨ ਵਿਚ ਰੱਖ ਕੇ ਕੁਝ ਮਸੀਹੀਆਂ ਨੇ ਫ਼ੈਸਲਾ ਕੀਤਾ ਕਿ ਉਹ ਸੂਰ ਦਾ ਮਾਸ ਜਾਂ ਕੋਈ ਹੋਰ ਚੀਜ਼ ਹੁਣ ਖਾ ਸਕਦੇ ਸਨ ਜੋ ਪਹਿਲਾਂ ਮਨ੍ਹਾ ਕੀਤੀ ਗਈ ਸੀ।
6 ਪਰ ਦੂਸਰੇ ਮਸੀਹੀਆਂ ਨੂੰ ਅਜਿਹਾ ਸੋਚਣਾ ਵੀ ਬੁਰਾ ਲੱਗਦਾ ਸੀ ਕਿ ਅਜਿਹੀਆਂ ਚੀਜ਼ਾਂ ਹੁਣ ਖਾਧੀਆਂ ਜਾ ਸਕਦੀਆਂ ਸਨ ਜੋ ਪਹਿਲਾਂ ਉਨ੍ਹਾਂ ਲਈ ਅਸ਼ੁੱਧ ਸਨ। ਅਜਿਹੇ ਮਸੀਹੀਆਂ ਨੂੰ ਸ਼ਾਇਦ ਅੰਦਰੋਂ-ਅੰਦਰ ਭੈੜਾ ਲੱਗਦਾ ਸੀ ਜਦ ਉਹ ਹੋਰਨਾਂ ਮਸੀਹੀਆਂ ਨੂੰ ਅਜਿਹਾ ਖਾਣਾ ਖਾਂਦੇ ਦੇਖਦੇ ਸਨ। ਇਸ ਤੋਂ ਇਲਾਵਾ ਰੋਮ ਦੀ ਕਲੀਸਿਯਾ ਵਿਚ ਹੋਰਨਾਂ ਕੌਮਾਂ ਦੇ ਲੋਕ ਵੀ ਸਨ ਜਿਨ੍ਹਾਂ ਦੇ ਪਹਿਲੇ ਧਰਮ ਵਿਚ ਕਿਸੇ ਵੀ ਕਿਸਮ ਦੇ ਭੋਜਨ ਉੱਤੇ ਕੋਈ ਪਾਬੰਦੀ ਹੀ ਨਹੀਂ ਲਾਈ ਗਈ ਸੀ। ਇਸ ਕਰਕੇ ਉਹ ਸ਼ਾਇਦ ਸਮਝ ਹੀ ਨਹੀਂ ਸਕਦੇ ਸਨ ਕਿ ਭੋਜਨ ਖਾਣ ਉੱਤੇ ਵੀ ਕੋਈ ਇਤਰਾਜ਼ ਕਰ ਸਕਦਾ ਸੀ। ਕਿਸੇ ਮਸੀਹੀ ਲਈ ਕਿਸੇ ਭੋਜਨ ਤੋਂ ਪਰਹੇਜ਼ ਕਰਨਾ ਗ਼ਲਤ ਨਹੀਂ ਸੀ, ਪਰ ਜੇ ਉਹ ਜ਼ਿੱਦ ਕਰਦਾ ਕਿ ਮੁਕਤੀ ਪ੍ਰਾਪਤ ਕਰਨ ਲਈ ਪਰਹੇਜ਼ ਕਰਨਾ ਜ਼ਰੂਰੀ ਸੀ, ਤਾਂ ਇਹ ਗ਼ਲਤ ਸੀ। ਅਸੀਂ ਸਮਝ ਸਕਦੇ ਹਾਂ ਕਿ ਇਨ੍ਹਾਂ ਵੱਖਰੇ ਵਿਚਾਰਾਂ ਕਰਕੇ ਕਲੀਸਿਯਾ ਵਿਚ ਵੱਡੀ ਬਹਿਸ ਹੋ ਸਕਦੀ ਸੀ। ਰੋਮ ਦੇ ਮਸੀਹੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਸੀ ਕਿ ਇਹ ਵੱਖਰੇ ਵਿਚਾਰ ਉਨ੍ਹਾਂ ਨੂੰ “ਇੱਕ ਜ਼ਬਾਨ ਨਾਲ” ਪਰਮੇਸ਼ੁਰ ਦੀ ਵਡਿਆਈ ਕਰਨ ਤੋਂ ਨਾ ਰੋਕਣ।
7. ਹਰ ਹਫ਼ਤੇ ਇਕ ਖ਼ਾਸ ਦਿਨ ਮਨਾਉਣ ਬਾਰੇ ਮਸੀਹੀਆਂ ਦੇ ਕਿਹੜੇ ਵੱਖਰੇ ਵਿਚਾਰ ਸਨ?
7 ਪੌਲੁਸ ਨੇ ਇਕ ਹੋਰ ਉਦਾਹਰਣ ਦਿੱਤੀ: “ਕੋਈ ਇੱਕ ਦਿਨ ਨੂੰ ਦੂਜੇ ਦਿਨ ਨਾਲੋਂ ਚੰਗਾ ਸਮਝਦਾ ਹੈ। ਕੋਈ ਜਣਾ ਸਭਨਾਂ ਦਿਨਾਂ ਨੂੰ ਇੱਕੋ ਜਿਹਾ ਸਮਝਦਾ ਹੈ।” (ਰੋਮੀਆਂ 14:5ੳ) ਮੂਸਾ ਦੀ ਬਿਵਸਥਾ ਅਧੀਨ ਸਬਤ ਦੇ ਦਿਨ ਕੋਈ ਕੰਮ ਨਹੀਂ ਕੀਤਾ ਜਾਣਾ ਚਾਹੀਦਾ ਸੀ। ਉਸ ਦਿਨ ਕੋਈ ਬਹੁਤਾ ਦੂਰ ਸਫ਼ਰ ਵੀ ਨਹੀਂ ਕਰ ਸਕਦਾ ਸੀ। (ਕੂਚ 20:8-10; ਮੱਤੀ 24:20; ਰਸੂਲਾਂ ਦੇ ਕਰਤੱਬ 1:12) ਪਰ ਜਦ ਇਹ ਬਿਵਸਥਾ ਖ਼ਤਮ ਹੋਈ, ਤਾਂ ਇਹ ਪਾਬੰਦੀਆਂ ਵੀ ਖ਼ਤਮ ਹੋ ਗਈਆਂ। ਫਿਰ ਵੀ, ਕੁਝ ਮਸੀਹੀਆਂ ਨੂੰ ਸ਼ਾਇਦ ਉਸ ਦਿਨ ਕੋਈ ਕੰਮ ਕਰਨਾ ਜਾਂ ਲੰਮਾ ਸਫ਼ਰ ਕਰਨਾ ਬੁਰਾ ਲੱਗਦਾ ਸੀ ਕਿਉਂਕਿ ਉਹ ਦਿਨ ਪਹਿਲਾਂ ਪਵਿੱਤਰ ਠਹਿਰਾਇਆ ਗਿਆ ਸੀ। ਮਸੀਹੀ ਬਣਨ ਤੋਂ ਬਾਅਦ ਵੀ ਉਹ ਸ਼ਾਇਦ ਸਬਤ ਦੇ ਦਿਨ ਸਿਰਫ਼ ਯਹੋਵਾਹ ਦੀ ਭਗਤੀ ਕਰਦੇ ਸਨ, ਭਾਵੇਂ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਬਤ ਮਨਾਉਣਾ ਜ਼ਰੂਰੀ ਨਹੀਂ ਰਿਹਾ ਸੀ। ਕੀ ਇਸ ਤਰ੍ਹਾਂ ਕਰ ਕੇ ਉਹ ਗ਼ਲਤ ਕਰ ਰਹੇ ਸਨ? ਨਹੀਂ, ਪਰ ਜੇ ਉਹ ਇਹ ਮੰਨਦੇ ਕਿ ਪਰਮੇਸ਼ੁਰ ਅਜੇ ਵੀ ਚਾਹੁੰਦਾ ਸੀ ਕਿ ਸਬਤ ਮਨਾਇਆ ਜਾਵੇ, ਤਾਂ ਇਹ ਗ਼ਲਤ ਸੀ। ਇਸ ਲਈ ਆਪਣੇ ਮਸੀਹੀ ਭਰਾਵਾਂ ਦੇ ਵੱਖੋ-ਵੱਖਰੇ ਵਿਚਾਰਾਂ ਨੂੰ ਸਮਝਦੇ ਹੋਏ ਪੌਲੁਸ ਨੇ ਲਿਖਿਆ: “ਹਰ ਕੋਈ ਆਪੋ ਆਪਣੇ ਮਨ ਵਿੱਚ ਪੱਕੀ ਨਿਹਚਾ ਰੱਖੇ।”—ਰੋਮੀਆਂ 14:5ਅ.
8. ਰੋਮ ਦੇ ਮਸੀਹੀਆਂ ਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਚਾਹੀਦਾ ਸੀ?
8 ਪੌਲੁਸ ਨੇ ਆਪਣੇ ਭਰਾਵਾਂ ਨੂੰ ਸਮਝਾਇਆ ਕਿ ਉਹ ਉਨ੍ਹਾਂ ਭਰਾਵਾਂ ਨਾਲ ਧੀਰਜ ਰੱਖਣ ਜਿਨ੍ਹਾਂ ਲਈ ਆਪਣੇ ਪੁਰਾਣੇ ਰੀਤ-ਰਿਵਾਜ ਛੱਡਣੇ ਮੁਸ਼ਕਲ ਸਨ। ਪਰ, ਉਸ ਨੇ ਉਨ੍ਹਾਂ ਭਰਾਵਾਂ ਨੂੰ ਨਿੰਦਿਆ ਜੋ ਹੋਰਨਾਂ ਮਸੀਹੀਆਂ ਨੂੰ ਮੂਸਾ ਦੀ ਬਿਵਸਥਾ ਅਨੁਸਾਰ ਚੱਲਣ ਲਈ ਮਜਬੂਰ ਕਰ ਰਹੇ ਸਨ। ਮਿਸਾਲ ਲਈ, ਲਗਭਗ 61 ਸਾ.ਯੁ. ਵਿਚ ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਪੱਤਰੀ ਲਿਖ ਕੇ ਸਾਫ਼-ਸਾਫ਼ ਸਮਝਾਇਆ ਕਿ ਮੂਸਾ ਦੀ ਬਿਵਸਥਾ ਅਨੁਸਾਰ ਚੱਲਣ ਦਾ ਕੋਈ ਫ਼ਾਇਦਾ ਨਹੀਂ ਸੀ। ਉਸ ਨੇ ਇਹ ਵੀ ਦੱਸਿਆ ਕਿ ਯਿਸੂ ਦੇ ਬਲੀਦਾਨ ਕਰਕੇ ਮਸੀਹੀਆਂ ਕੋਲ ਉਹ ਵਧੀਆ ਆਸ ਸੀ ਜੋ ਬਿਵਸਥਾ ਅਧੀਨ ਲੋਕਾਂ ਕੋਲ ਨਹੀਂ ਸੀ।—ਗਲਾਤੀਆਂ 5:1-12; ਤੀਤੁਸ 1:10, 11; ਇਬਰਾਨੀਆਂ 10:1-17.
9, 10. ਸਮਝਾਓ ਕਿ ਮਸੀਹੀਆਂ ਨੂੰ ਕੀ ਨਹੀਂ ਕਰਨਾ ਚਾਹੀਦਾ।
9 ਪੌਲੁਸ ਨੇ ਕਿਹਾ ਕਿ ਸਾਨੂੰ ਕਲੀਸਿਯਾ ਵਿਚ ਇਕ-ਦੂਜੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਬਾਰੇ ਬੁਰਾ ਨਹੀਂ ਸੋਚਣਾ ਚਾਹੀਦਾ। ਉਸ ਨੇ ਸਾਨੂੰ ਦੱਸਿਆ ਕਿ ਸਾਡੀ ਪਸੰਦ-ਨਾਪਸੰਦ ਕਾਰਨ ਸਾਡੇ ਵਿਚ ਫੁੱਟ ਨਹੀਂ ਪੈਣੀ ਚਾਹੀਦੀ। ਮਿਸਾਲ ਲਈ ਕੁਝ ਮਸੀਹੀਆਂ ਨੂੰ ਸੂਰ ਦਾ ਮਾਸ ਖਾਣਾ ਬੁਰਾ ਲੱਗਦਾ ਸੀ ਤੇ ਉਹ ਉਨ੍ਹਾਂ ਮਸੀਹੀਆਂ ਨੂੰ ਬੁਰਾ ਸਮਝਦੇ ਸੀ ਜੋ ਖਾਂਦੇ ਸਨ। ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਤੂੰ ਆਪਣੇ ਭਰਾ ਉੱਤੇ ਕਾਹਨੂੰ ਦੋਸ਼ ਲਾਉਂਦਾ ਹੈਂ?” ਅਤੇ ਕੁਝ ਮਸੀਹੀ ਸੂਰ ਦਾ ਮਾਸ ਖਾਂਦੇ ਸਨ ਤੇ ਨਾ ਖਾਣ ਵਾਲੇ ਭੈਣ-ਭਾਈਆਂ ਨੂੰ ਨਿਹਚਾ ਵਿਚ ਕਮਜ਼ੋਰ ਸਮਝਦੇ ਸਨ। ਉਸ ਨੇ ਉਨ੍ਹਾਂ ਨੂੰ ਪੁੱਛਿਆ: “ਤੂੰ ਆਪਣੇ ਭਰਾ ਨੂੰ ਕਿਉਂ ਤੁੱਛ ਜਾਣਦਾ ਹੈਂ?” (ਰੋਮੀਆਂ 14:10) ਪੌਲੁਸ ਇਹ ਕਹਿ ਰਿਹਾ ਸੀ ਕਿ ਸਾਰਿਆਂ ਮਸੀਹੀਆਂ ਨੂੰ ਇਕ-ਦੂਜੇ ਉੱਤੇ ਦੋਸ਼ ਲਾਉਣ ਦੀ ਬਜਾਇ ਇਕ-ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਸਾਰਿਆਂ ਨੂੰ ਇਕ-ਦੂਜੇ ਦੀ ਕਦਰ ਕਰਨੀ ਚਾਹੀਦੀ ਸੀ ਅਤੇ ਕਿਸੇ ਨੂੰ ‘ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਹੀਂ ਸਮਝਣਾ ਚਾਹੀਦਾ।’—ਰੋਮੀਆਂ 12:3, 18.
10 ਪੌਲੁਸ ਨੇ ਸਮਝਾਇਆ ਕਿ ਸਾਰਿਆਂ ਨੂੰ ਇਕ-ਦੂਜੇ ਬਾਰੇ ਕਿਸ ਤਰ੍ਹਾਂ ਸੋਚਣਾ ਚਾਹੀਦਾ ਹੈ: “ਜਿਹੜਾ ਖਾਣ ਵਾਲਾ ਹੈ ਉਹ ਨਾ-ਖਾਣ ਵਾਲੇ ਨੂੰ ਤੁੱਛ ਨਾ ਜਾਣੇ ਅਤੇ ਜਿਹੜਾ ਨਾ-ਖਾਣ ਵਾਲਾ ਹੈ ਉਹ ਖਾਣ ਵਾਲੇ ਉੱਤੇ ਦੋਸ਼ ਨਾ ਲਾਵੇ ਕਿਉਂ ਜੋ ਪਰਮੇਸ਼ੁਰ ਨੇ ਉਹ ਨੂੰ ਕਬੂਲ ਕਰ ਲਿਆ ਹੈ।” ਉਸ ਨੇ ਅੱਗੇ ਕਿਹਾ: “ਮਸੀਹ ਨੇ ਵੀ ਤੁਹਾਨੂੰ ਕਬੂਲ ਕੀਤਾ ਭਈ ਪਰਮੇਸ਼ੁਰ ਦੀ ਵਡਿਆਈ ਹੋਵੇ।” ਜੇ ਪਰਮੇਸ਼ੁਰ ਅਤੇ ਮਸੀਹ ਨੇ ਸਾਰਿਆਂ ਨੂੰ ਕਬੂਲ ਕੀਤਾ ਹੈ, ਤਾਂ ਸਾਨੂੰ ਵੀ ਦਿਲ ਖੋਲ੍ਹ ਕੇ “ਇੱਕ ਦੂਏ ਨੂੰ ਕਬੂਲ” ਕਰਨਾ ਚਾਹੀਦਾ ਹੈ, ਹੈ ਨਾ?—ਰੋਮੀਆਂ 14:3; 15:7.
ਪਿਆਰ ਏਕਤਾ ਪੈਦਾ ਕਰਦਾ ਹੈ
11. ਪੌਲੁਸ ਦੇ ਜ਼ਮਾਨੇ ਵਿਚ ਕੁਝ ਮਸੀਹੀਆਂ ਨੂੰ ਆਪਣੀ ਸੋਚਣੀ ਬਦਲਣ ਦੀ ਲੋੜ ਕਿਉਂ ਸੀ?
11 ਪੌਲੁਸ ਨੇ ਜਦ ਰੋਮੀਆਂ ਨੂੰ ਪੱਤਰੀ ਲਿਖੀ ਸੀ, ਉਸ ਵੇਲੇ ਕਲੀਸਿਯਾ ਵਿਚ ਭੈਣ-ਭਾਈਆਂ ਨੂੰ ਆਪਣੀ ਸੋਚਣੀ ਬਦਲਣ ਵਿਚ ਮੁਸ਼ਕਲ ਆ ਰਹੀ ਸੀ। ਕਿਉਂ? ਕਿਉਂਕਿ ਮੂਸਾ ਦੀ ਬਿਵਸਥਾ ਖ਼ਤਮ ਹੋ ਚੁੱਕੀ ਸੀ ਤੇ ਉਸ ਦੀ ਥਾਂ ਮਸੀਹੀ ਧਰਮ ਸਥਾਪਿਤ ਕੀਤਾ ਗਿਆ ਸੀ। ਕੁਝ ਮਸੀਹੀਆਂ ਨੂੰ ਇਸ ਨਵੇਂ ਧਰਮ ਅਨੁਸਾਰ ਚੱਲਣਾ ਮੁਸ਼ਕਲ ਲੱਗ ਰਿਹਾ ਸੀ। ਭਾਵੇਂ ਅੱਜ ਸਾਡੇ ਸਾਮ੍ਹਣੇ ਉਹੀ ਮੁਸ਼ਕਲਾਂ ਨਹੀਂ ਹਨ, ਫਿਰ ਵੀ ਕਈ ਵਾਰ ਸਾਨੂੰ ਉਨ੍ਹਾਂ ਵਾਂਗ ਆਪਣੀ ਸੋਚਣੀ ਬਦਲਣ ਦੀ ਲੋੜ ਹੈ।
12, 13. ਮਿਸਾਲ ਦਿਓ ਕਿ ਅੱਜ ਮਸੀਹੀ ਇਕ-ਦੂਜੇ ਦਾ ਲਿਹਾਜ਼ ਕਿਸ ਤਰ੍ਹਾਂ ਕਰ ਸਕਦੇ ਹਨ।
12 ਮਿਸਾਲ ਲਈ, ਇਕ ਮਸੀਹੀ ਭੈਣ ਸ਼ਾਇਦ ਪਹਿਲਾਂ ਅਜਿਹੇ ਧਰਮ ਵਿਚ ਸੀ ਜਿਸ ਵਿਚ ਤੀਵੀਆਂ ਨੂੰ ਸਾਦਗੀ ਨਾਲ ਜੀਉਣ ਲਈ ਕਿਹਾ ਜਾਂਦਾ ਹੈ ਤੇ ਉਨ੍ਹਾਂ ਲਈ ਹਾਰ-ਸ਼ਿੰਗਾਰ ਕਰਨਾ ਮਨ੍ਹਾ ਹੈ। ਯਹੋਵਾਹ ਦੀ ਗਵਾਹ ਬਣਨ ਤੋਂ ਬਾਅਦ ਉਸ ਨੂੰ ਇਹ ਗੱਲ ਮੰਨਣੀ ਸ਼ਾਇਦ ਔਖੀ ਲੱਗੇ ਕਿ ਬਾਈਬਲ ਵਿਚ ਹਾਰ-ਸ਼ਿੰਗਾਰ ਕਰਨਾ ਅਤੇ ਸੋਹਣੇ-ਸੋਹਣੇ ਕੱਪੜੇ ਪਾਉਣੇ ਮਨ੍ਹਾ ਨਹੀਂ ਹਨ। ਸਾਦੀ ਰਹਿ ਕੇ ਇਹ ਭੈਣ ਬਾਈਬਲ ਦਾ ਕੋਈ ਅਸੂਲ ਨਹੀਂ ਤੋੜ ਰਹੀ। ਇਸ ਲਈ ਕਿਸੇ ਨੂੰ ਇਸ ਭੈਣ ਉੱਤੇ ਹਾਰ-ਸ਼ਿੰਗਾਰ ਕਰਨ ਲਈ ਜ਼ੋਰ ਨਹੀਂ ਪਾਉਣਾ ਚਾਹੀਦਾ। ਅਤੇ ਨਾ ਹੀ ਇਸ ਭੈਣ ਨੂੰ ਦੂਸਰੀਆਂ ਭੈਣਾਂ ਨੂੰ ਬੁਰਾ ਸਮਝਣਾ ਚਾਹੀਦਾ ਹੈ ਜੋ ਹਾਰ-ਸ਼ਿੰਗਾਰ ਕਰਦੀਆਂ ਹਨ।
13 ਇਕ ਹੋਰ ਮਿਸਾਲ ਉੱਤੇ ਗੌਰ ਕਰੋ। ਇਕ ਭਰਾ ਸ਼ਾਇਦ ਅਜਿਹੇ ਘਰ ਵਿਚ ਪਲਿਆ ਹੋਵੇ ਜਿੱਥੇ ਸ਼ਰਾਬ ਪੀਣੀ ਮਨ੍ਹਾ ਸੀ। ਬਾਈਬਲ ਵਿੱਚੋਂ ਉਸ ਨੇ ਸਿੱਖਿਆ ਕਿ ਥੋੜ੍ਹੀ ਸ਼ਰਾਬ ਪੀਣੀ ਠੀਕ ਹੈ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ਰਾਬੀ ਹੋਣਾ ਗ਼ਲਤ ਹੈ। (ਜ਼ਬੂਰਾਂ ਦੀ ਪੋਥੀ 104:15) ਉਹ ਇਹ ਗੱਲ ਮੰਨ ਲੈਂਦਾ ਹੈ, ਪਰ ਉਹ ਫ਼ੈਸਲਾ ਕਰਦਾ ਹੈ ਕਿ ਉਹ ਸ਼ਰਾਬ ਨਹੀਂ ਪੀਵੇਗਾ। ਤਾਂ ਵੀ, ਉਸ ਨੂੰ ਸ਼ਰਾਬ ਪੀਣ ਵਾਲਿਆਂ ਨੂੰ ਬੁਰਾ ਨਹੀਂ ਸਮਝਣਾ ਚਾਹੀਦਾ। ਇਸ ਤਰ੍ਹਾਂ ਉਹ ਪੌਲੁਸ ਦੀ ਇਹ ਸਲਾਹ ਲਾਗੂ ਕਰਦਾ ਹੈ: “ਚੱਲੋ ਅਸੀਂ ਓਹਨਾਂ ਗੱਲਾਂ ਦਾ ਪਿੱਛਾ ਕਰੀਏ ਜਿਨ੍ਹਾਂ ਤੋਂ ਮਿਲਾਪ ਅਤੇ ਇੱਕ ਦੂਏ ਦੀ ਤਰੱਕੀ ਹੋਵੇ।”—ਰੋਮੀਆਂ 14:19.
14. ਅਸੀਂ ਪੌਲੁਸ ਦੀ ਸਲਾਹ ਆਪਣੀ ਜ਼ਿੰਦਗੀ ਦੇ ਹੋਰ ਪਹਿਲੂਆਂ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ?
14 ਅਸੀਂ ਪੌਲੁਸ ਦੀ ਸਲਾਹ ਆਪਣੀ ਜ਼ਿੰਦਗੀ ਦੇ ਹੋਰ ਪਹਿਲੂਆਂ ਉੱਤੇ ਵੀ ਲਾਗੂ ਕਰ ਸਕਦੇ ਹਾਂ। ਮਸੀਹੀ ਕਲੀਸਿਯਾ ਵਿਚ ਤਰ੍ਹਾਂ-ਤਰ੍ਹਾਂ ਦੇ ਭੈਣ-ਭਰਾ ਹਨ ਅਤੇ ਹਰ ਇਕ ਦੀ ਆਪੋ-ਆਪਣੀ ਪਸੰਦ ਹੁੰਦੀ ਹੈ। ਬਾਈਬਲ ਦੇ ਸਿਧਾਂਤ ਲਾਗੂ ਕਰਨ ਦਾ ਨਤੀਜਾ ਇਹ ਨਹੀਂ ਹੋਵੇਗਾ ਕਿ ਅਸੀਂ ਸਾਰੇ ਇੱਕੋ ਚੀਜ਼ ਪਸੰਦ ਕਰਾਂਗੇ। ਅਸੀਂ ਸ਼ਾਇਦ ਦੂਸਰਿਆਂ ਤੋਂ ਵੱਖਰੇ ਫ਼ੈਸਲੇ ਵੀ ਕਰੀਏ। ਮਿਸਾਲ ਲਈ ਕੱਪੜਿਆਂ ਅਤੇ ਹਾਰ-ਸ਼ਿੰਗਾਰ ਦੇ ਮਾਮਲੇ ਉੱਤੇ ਵਿਚਾਰ ਕਰੋ। ਬਾਈਬਲ ਵਿਚ ਇਸ ਮਾਮਲੇ ਬਾਰੇ ਸਿਧਾਂਤ ਦਿੱਤੇ ਗਏ ਹਨ ਅਤੇ ਸਾਰੇ ਮਸੀਹੀ ਇਨ੍ਹਾਂ ਨੂੰ ਲਾਗੂ ਕਰਦੇ ਹਨ। ਸਾਨੂੰ ਚੱਜ ਦੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਸਾਡੇ ਵਾਲਾਂ ਦਾ ਸਟਾਈਲ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿ ਲੋਕਾਂ ਦਾ ਧਿਆਨ ਸਾਡੇ ਵੱਲ ਖਿੱਚਿਆ ਜਾਵੇ ਜਾਂ ਅਸੀਂ ਦੁਨਿਆਵੀ ਲੋਕਾਂ ਵਰਗੇ ਨਜ਼ਰ ਆਈਏ।a (1 ਯੂਹੰਨਾ 2:15-17) ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਜੋ ਮਰਜ਼ੀ ਕਰੀਏ, ਅਸੀਂ ਹਰ ਵਕਤ ਯਹੋਵਾਹ ਦੀ ਵਡਿਆਈ ਕਰਨੀ ਚਾਹੁੰਦੇ ਹਾਂ।—ਯਸਾਯਾਹ 43:10; ਯੂਹੰਨਾ 17:16; 1 ਤਿਮੋਥਿਉਸ 2:9, 10.
ਦੂਸਰਿਆਂ ਨੂੰ ਠੋਕਰ ਨਾ ਖੁਆਓ
15. ਇਕ ਮਸੀਹੀ ਆਪਣੇ ਭੈਣ-ਭਰਾਵਾਂ ਦੀ ਖ਼ਾਤਰ ਸ਼ਾਇਦ ਕਿਨ੍ਹਾਂ ਮਾਮਲਿਆਂ ਵਿਚ ਆਪਣਾ ਹੱਕ ਨਹੀਂ ਜਤਾਏਗਾ?
15 ਰੋਮ ਦੇ ਮਸੀਹੀਆਂ ਨੂੰ ਸਲਾਹ ਦਿੰਦੇ ਹੋਏ ਪੌਲੁਸ ਨੇ ਸਾਡਾ ਧਿਆਨ ਇਕ ਹੋਰ ਜ਼ਰੂਰੀ ਸਿਧਾਂਤ ਵੱਲ ਖਿੱਚਿਆ ਸੀ। ਹੋ ਸਕਦਾ ਹੈ ਕਿ ਇਕ ਮਸੀਹੀ ਅਜਿਹਾ ਕੁਝ ਨਾ ਕਰੇ ਜੋ ਉਹ ਕਰਨਾ ਚਾਹੁੰਦਾ ਹੈ। ਕਿਉਂ? ਕਿਉਂਕਿ ਉਹ ਜਾਣਦਾ ਹੈ ਕਿ ਉਹ ਕੰਮ ਕਰਨ ਕਰਕੇ ਕਿਸੇ ਨੂੰ ਠੋਕਰ ਲੱਗ ਸਕਦੀ ਹੈ। ਇਸ ਮਾਮਲੇ ਵਿਚ ਸਾਨੂੰ ਕੀ ਕਰਨਾ ਚਾਹੀਦਾ ਹੈ? ਪੌਲੁਸ ਨੇ ਕਿਹਾ: “ਭਲੀ ਗੱਲ ਇਹ ਹੈ ਜੋ ਨਾ ਤੂੰ ਮਾਸ ਖਾਵੇਂ ਨਾ ਮੈ ਪੀਵੇਂ ਨਾ ਕੋਈ ਇਹੋ ਜਿਹਾ ਕੰਮ ਕਰੇਂ ਜਿਸ ਤੋਂ ਤੇਰਾ ਭਰਾ ਠੇਡਾ ਖਾਵੇ।” (ਰੋਮੀਆਂ 14:14, 20, 21) ਇਸ ਲਈ “ਸਾਨੂੰ ਜੋ ਤਕੜੇ ਹਾਂ ਚਾਹੀਦਾ ਹੈ ਭਈ ਬਲਹੀਣਾਂ ਦੀਆਂ ਨਿਰਬਲਤਾਈਆਂ ਨੂੰ ਸਹਾਰੀਏ ਅਤੇ ਆਪ ਨੂੰ ਨਾ ਰਿਝਾਈਏ। ਸਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨੂੰ ਉਹ ਦੀ ਭਲਿਆਈ ਲਈ ਰਿਝਾਏ ਭਈ ਉਹ ਦੀ ਤਰੱਕੀ ਹੋਵੇ।” (ਰੋਮੀਆਂ 15:1, 2) ਜੇ ਸਾਡਾ ਕੋਈ ਕੰਮ ਸਾਡੇ ਮਸੀਹੀ ਭੈਣ ਜਾਂ ਭਰਾ ਨੂੰ ਬੁਰਾ ਲੱਗਦਾ ਹੈ, ਤਾਂ ਅਸੀਂ ਪਿਆਰ ਨਾਲ ਉਸ ਦਾ ਲਿਹਾਜ਼ ਕਰ ਕੇ ਉਹ ਕੰਮ ਨਹੀਂ ਕਰਾਂਗੇ। ਮਿਸਾਲ ਲਈ, ਇਹ ਸਿਧਾਂਤ ਸ਼ਾਇਦ ਸ਼ਰਾਬ ਪੀਣ ਦੇ ਮਾਮਲੇ ਵਿਚ ਜ਼ਰੂਰੀ ਹੋਵੇ। ਸਾਨੂੰ ਪਤਾ ਹੈ ਕਿ ਇਕ ਮਸੀਹੀ ਲਈ ਥੋੜ੍ਹੀ-ਬਹੁਤ ਸ਼ਰਾਬ ਪੀਣੀ ਮਨ੍ਹਾ ਨਹੀਂ ਹੈ। ਪਰ ਜੇ ਸਾਡੇ ਕਿਸੇ ਭੈਣ-ਭਰਾ ਨੂੰ ਇਹ ਬੁਰਾ ਲੱਗੇ, ਤਾਂ ਉਹ ਮਸੀਹੀ ਸ਼ਰਾਬ ਪੀਣ ਦਾ ਆਪਣਾ ਹੱਕ ਨਹੀਂ ਜਤਾਏਗਾ।
16. ਅਸੀਂ ਆਪਣੇ ਗੁਆਂਢੀਆਂ ਬਾਰੇ ਕਿਵੇਂ ਸੋਚ ਸਕਦੇ ਹਾਂ?
16 ਇਹ ਸਿਧਾਂਤ ਕਲੀਸਿਯਾ ਤੋਂ ਬਾਹਰ ਵੀ ਲਾਗੂ ਕੀਤਾ ਜਾ ਸਕਦਾ ਹੈ ਕਿ ਅਸੀਂ ਹੋਰਨਾਂ ਲੋਕਾਂ ਨਾਲ ਕਿਵੇਂ ਪੇਸ਼ ਆਉਂਦੇ ਹਾਂ। ਫ਼ਰਜ਼ ਕਰੋ ਕਿ ਅਸੀਂ ਅਜਿਹੇ ਇਲਾਕੇ ਵਿਚ ਰਹਿੰਦੇ ਹਾਂ ਜਿੱਥੇ ਲੋਕ ਆਪਣੇ ਮਜ਼ਹਬ ਕਰਕੇ ਹਫ਼ਤੇ ਦੇ ਇਕ ਦਿਨ ਨੂੰ ਪਵਿੱਤਰ ਸਮਝਦੇ ਹਨ। ਅਸੀਂ ਉਨ੍ਹਾਂ ਨੂੰ ਠੋਕਰ ਨਹੀਂ ਖੁਆਉਣਾ ਚਾਹੁੰਦੇ ਅਤੇ ਪ੍ਰਚਾਰ ਦੇ ਕੰਮ ਵਿਚ ਕੋਈ ਰੁਕਾਵਟ ਨਹੀਂ ਖੜ੍ਹੀ ਕਰਨੀ ਚਾਹੁੰਦੇ। ਇਸ ਲਈ ਜਿਸ ਹੱਦ ਤਕ ਹੋ ਸਕੇ ਅਸੀਂ ਉਸ ਦਿਨ ਤੇ ਆਪਣੇ ਗੁਆਂਢੀਆਂ ਨੂੰ ਨਾਰਾਜ਼ ਕਰਨ ਵਾਲਾ ਕੋਈ ਕੰਮ ਨਹੀਂ ਕਰਾਂਗੇ। ਇਸ ਮਿਸਾਲ ਬਾਰੇ ਵੀ ਸੋਚੋ: ਇਕ ਅਮੀਰ ਮਸੀਹੀ ਸ਼ਾਇਦ ਅਜਿਹੀ ਜਗ੍ਹਾ ਸੇਵਾ ਕਰਨ ਜਾਵੇ ਜਿੱਥੇ ਪ੍ਰਚਾਰਕਾਂ ਦੀ ਖ਼ਾਸ ਲੋੜ ਹੈ। ਉੱਥੇ ਦੇ ਲੋਕ ਸ਼ਾਇਦ ਗ਼ਰੀਬ ਹੋਣ। ਉਹ ਚਾਹੁੰਦਾ ਹੈ ਕਿ ਲੋਕ ਉਸ ਤੋਂ ਖ਼ੁਸ਼ ਖ਼ਬਰੀ ਸੁਣਨ, ਇਸ ਲਈ ਉਹ ਆਪਣੇ ਪੈਸੇ ਦਾ ਦਿਖਾਵਾ ਨਹੀਂ ਕਰੇਗਾ ਅਤੇ ਉਹ ਸ਼ਾਇਦ ਸਾਦੇ ਕੱਪੜੇ ਪਾਵੇ ਅਤੇ ਸਾਧਾਰਣ ਘਰ ਵਿਚ ਰਹੇ।
17. ਸਾਨੂੰ ਆਪਣੀ ਮਰਜ਼ੀ ਕਰਨ ਦੀ ਬਜਾਇ ਦੂਸਰਿਆਂ ਬਾਰੇ ਕਿਉਂ ਸੋਚਣਾ ਚਾਹੀਦਾ ਹੈ?
17 ਕੀ ਸਾਨੂੰ ਇਕ-ਦੂਜੇ ਤੋਂ ਇਸ ਤਰ੍ਹਾਂ ਕਰਨ ਦੀ ਉਮੀਦ ਰੱਖਣੀ ਚਾਹੀਦੀ ਹੈ ਕਿ ਅਸੀਂ ਆਪਣਾ ਹੱਕ ਜਤਾਉਣ ਦੀ ਬਜਾਇ ਹੋਰਨਾਂ ਬਾਰੇ ਸੋਚੀਏ? ਮਨ ਲਓ ਤੁਸੀਂ ਆਪਣੀ ਕਾਰ ਵਿਚ ਕਿਤੇ ਜਾ ਰਹੇ ਹੋ ਤੇ ਤੁਹਾਨੂੰ ਸੜਕ ਉੱਤੇ ਕੁਝ ਬੱਚੇ ਖੇਡਦੇ ਨਜ਼ਰ ਆਉਂਦੇ ਹਨ। ਤੁਹਾਨੂੰ ਪਤਾ ਹੈ ਕਿ ਬੱਚੇ ਗੱਡੀ ਹੇਠ ਆ ਸਕਦੇ ਹਨ, ਇਸ ਲਈ ਕੀ ਤੁਸੀਂ ਗੱਡੀ ਨੂੰ ਹੌਲੀ ਕਰੋਗੇ ਜਾਂ ਕੀ ਤੁਸੀਂ ਸੋਚੋਗੇ ਕਿ ਸੜਕ ਗੱਡੀਆਂ ਚਲਾਉਣ ਲਈ ਬਣੀ ਹੋਈ ਹੈ, ਖੇਡਣ ਲਈ ਨਹੀਂ। ਬੱਚਿਆਂ ਨੂੰ ਬਚਾਉਣ ਲਈ ਅਸੀਂ ਆਪਣੇ ਹੱਕ ਤੇ ਅੜੇ ਨਹੀਂ ਰਹਾਂਗੇ। ਇਸੇ ਤਰ੍ਹਾਂ ਹੋਰਨਾਂ ਨਾਲ ਰਿਸ਼ਤਾ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਮਰਜ਼ੀ ਤੇ ਅੜੇ ਨਾ ਰਹੀਏ। ਭਾਵੇਂ ਸਾਡੇ ਕੋਲ ਆਪਣੀ ਮਰਜ਼ੀ ਕਰਨ ਦਾ ਪੂਰਾ ਹੱਕ ਹੈ ਤੇ ਅਸੀਂ ਬਾਈਬਲ ਦਾ ਕੋਈ ਸਿਧਾਂਤ ਨਹੀਂ ਤੋੜ ਰਹੇ, ਫਿਰ ਵੀ ਜੇ ਸਾਡੇ ਕਿਸੇ ਕੰਮ ਕਾਰਨ ਸਾਡਾ ਕੋਈ ਭੈਣ-ਭਰਾ ਨਾਰਾਜ਼ ਹੁੰਦਾ ਜਾਂ ਠੋਕਰ ਖਾਂਦਾ ਹੈ, ਤਾਂ ਸਾਨੂੰ ਆਪਣੀ ਮਰਜ਼ੀ ਕਰਨ ਤੇ ਅੜੇ ਨਹੀਂ ਰਹਿਣਾ ਚਾਹੀਦਾ। (ਰੋਮੀਆਂ 14:13, 15) ਆਪਣੇ ਬਾਰੇ ਸੋਚਣ ਦੀ ਬਜਾਇ ਸਾਨੂੰ ਆਪਣੇ ਭੈਣ-ਭਰਾ ਦੀ ਭਲਾਈ ਬਾਰੇ ਸੋਚਣਾ ਚਾਹੀਦਾ ਹੈ ਅਤੇ ਧਿਆਨ ਦੇਣਾ ਚਾਹੀਦਾ ਹੈ ਕਿ ਕੋਈ ਨਾਰਾਜ਼ ਹੋ ਕੇ ਪਰਮੇਸ਼ੁਰ ਦੇ ਰਾਜ ਬਾਰੇ ਸੁਣਨ ਤੋਂ ਇਨਕਾਰ ਨਾ ਕਰੇ।
18, 19. (ੳ) ਦੂਸਰਿਆਂ ਬਾਰੇ ਸੋਚਦੇ ਹੋਏ ਅਸੀਂ ਯਿਸੂ ਦੀ ਰੀਸ ਕਿਵੇਂ ਕਰਦੇ ਹਾਂ? (ਅ) ਅਸੀਂ ਕਿਸ ਮਾਮਲੇ ਵਿਚ ਬਿਲਕੁਲ ਇਕ ਮਨ ਹਾਂ ਅਤੇ ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?
18 ਜਦ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਅਸੀਂ ਮਸੀਹ ਦੀ ਮਿਸਾਲ ਉੱਤੇ ਚੱਲ ਰਹੇ ਹੁੰਦੇ ਹਾਂ। ਪੌਲੁਸ ਨੇ ਕਿਹਾ: “ਮਸੀਹ ਨੇ ਵੀ ਆਪਣੇ ਆਪ ਨੂੰ ਨਹੀਂ ਰਿਝਾਇਆ ਪਰ ਜਿਵੇਂ ਲਿਖਿਆ ਹੋਇਆ ਹੈ ਕਿ ਤੇਰੇ ਨਿੰਦਕਾਂ ਦੀਆਂ ਨਿੰਦਿਆਂ ਮੇਰੇ ਉੱਤੇ ਆ ਪਈਆਂ।” ਯਿਸੂ ਸਾਡੀ ਖ਼ਾਤਰ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਸੀ। ਕੀ ਅਸੀਂ ਕਿਸੇ ਮਾਮਲੇ ਵਿਚ ਆਪਣੇ ਹੱਕ ਦੀ ਕੁਰਬਾਨੀ ਦੇਣ ਲਈ ਤਿਆਰ ਹਾਂ ਤਾਂਕਿ ਸਾਡੇ ਭੈਣ-ਭਰਾ ਸਾਡੇ ਨਾਲ ਮਿਲ ਕੇ ਪਰਮੇਸ਼ੁਰ ਦੀ ਵਡਿਆਈ ਕਰ ਸਕਣ? ਜੇ ਅਸੀਂ ਆਪਣੇ ਹੱਕ ਜਤਾਉਣ ਦੀ ਬਜਾਇ ਖ਼ੁਸ਼ੀ ਨਾਲ ਆਪਣੇ ਭੈਣ-ਭਰਾਵਾਂ ਦੀ ਖ਼ਾਤਰ ਆਪਣੀ ਪਸੰਦ-ਨਾਪਸੰਦ ਦੀ ਕੁਰਬਾਨੀ ਦੇਈਏ, ਤਾਂ ਅਸੀਂ ਵੀ “ਮਸੀਹ ਯਿਸੂ ਦੇ ਅਨੁਸਾਰ ਆਪੋ ਵਿੱਚ ਮੇਲ” ਰੱਖਾਂਗੇ।—ਰੋਮੀਆਂ 15:1-5.
19 ਬਾਈਬਲ ਦੇ ਸਿਧਾਂਤ ਤੋੜੇ ਬਿਨਾਂ ਵੀ ਸਾਡੇ ਵਿਚਾਰ ਇਕ-ਦੂਜੇ ਤੋਂ ਵੱਖਰੇ ਹੋ ਸਕਦੇ ਹਨ, ਫਿਰ ਵੀ ਪਰਮੇਸ਼ੁਰ ਦੀ ਭਗਤੀ ਕਰਨ ਦੇ ਸੰਬੰਧ ਵਿਚ ਅਸੀਂ ਬਿਲਕੁਲ ਇਕ ਮਨ ਹਾਂ। (1 ਕੁਰਿੰਥੀਆਂ 1:10) ਮਿਸਾਲ ਲਈ ਅਸੀਂ ਇਕਮੁੱਠ ਹੋ ਕੇ ਸਾਡੀ ਭਗਤੀ ਦਾ ਵਿਰੋਧ ਕਰਨ ਵਾਲਿਆਂ ਦਾ ਸਾਮ੍ਹਣਾ ਕਰਦੇ ਹਾਂ। ਪਰਮੇਸ਼ੁਰ ਦੇ ਬਚਨ ਵਿਚ ਅਜਿਹੇ ਵਿਰੋਧੀਆਂ ਨੂੰ ਪਰਾਏ ਸੱਦਿਆ ਗਿਆ ਹੈ ਅਤੇ ਸਾਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਅਸੀਂ “ਪਰਾਇਆਂ ਦੀ ਅਵਾਜ਼” ਤੋਂ ਸਾਵਧਾਨ ਰਹੀਏ। (ਯੂਹੰਨਾ 10:5) ਅਸੀਂ ਇਨ੍ਹਾਂ ਪਰਾਇਆਂ ਨੂੰ ਕਿਸ ਤਰ੍ਹਾਂ ਪਛਾਣ ਸਕਦੇ ਹਾਂ? ਸਾਨੂੰ ਉਨ੍ਹਾਂ ਬਾਰੇ ਕੀ ਕਰਨਾ ਚਾਹੀਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ।
[ਫੁਟਨੋਟ]
a ਛੋਟੇ ਬੱਚਿਆਂ ਦੇ ਕੱਪੜਿਆਂ ਦੀ ਚੋਣ ਉਨ੍ਹਾਂ ਦੇ ਮਾਪੇ ਕਰਦੇ ਹਨ।
ਤੁਸੀਂ ਕੀ ਜਵਾਬ ਦਿਓਗੇ?
• ਆਪੋ-ਆਪਣੀ ਪਸੰਦ ਦੇ ਬਾਵਜੂਦ ਅਸੀਂ ਇਕ ਮਨ ਕਿਵੇਂ ਹੋ ਸਕਦੇ ਹਾਂ?
• ਮਸੀਹੀਆਂ ਨੂੰ ਪਿਆਰ ਨਾਲ ਇਕ-ਦੂਜੇ ਬਾਰੇ ਕਿਉਂ ਸੋਚਣਾ ਚਾਹੀਦਾ ਹੈ?
• ਅਸੀਂ ਕਿਨ੍ਹਾਂ ਮਾਮਲਿਆਂ ਵਿਚ ਪੌਲੁਸ ਦੀ ਸਲਾਹ ਲਾਗੂ ਕਰ ਸਕਦੇ ਹਾਂ ਅਤੇ ਅਸੀਂ ਇਸ ਨੂੰ ਕਿਉਂ ਲਾਗੂ ਕਰਨਾ ਚਾਹੁੰਦੇ ਹਾਂ?
[ਸਫ਼ੇ 9 ਉੱਤੇ ਤਸਵੀਰ]
ਇਕ ਮਨ ਹੋਣ ਬਾਰੇ ਪੌਲੁਸ ਦੀ ਸਲਾਹ ਕਲੀਸਿਯਾ ਲਈ ਬਹੁਤ ਜ਼ਰੂਰੀ ਸੀ
[ਸਫ਼ੇ 10 ਉੱਤੇ ਤਸਵੀਰ]
ਮਸੀਹੀਆਂ ਦੇ ਵੱਖੋ-ਵੱਖਰੇ ਪਿਛੋਕੜਾਂ ਦੇ ਬਾਵਜੂਦ ਉਹ ਏਕਤਾ ਵਿਚ ਚੱਲਦੇ ਹਨ
[ਸਫ਼ੇ 12 ਉੱਤੇ ਤਸਵੀਰ]
ਇਸ ਡ੍ਰਾਈਵਰ ਨੂੰ ਹੁਣ ਕੀ ਕਰਨਾ ਚਾਹੀਦਾ ਹੈ?