“ਵੱਖੋ ਵੱਖ ਬੋਲੀ ਦੇ ਬੋਲਣ” ਵਾਲੇ ਲੋਕ ਖ਼ੁਸ਼ ਖ਼ਬਰੀ ਸੁਣ ਰਹੇ ਹਨ
‘ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!’—ਜ਼ਕਰਯਾਹ 8:23.
1. ਯਹੋਵਾਹ ਨੇ ਦੁਨੀਆਂ ਭਰ ਵਿਚ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਸਿੱਖਿਆ ਦੇਣ ਦਾ ਕੰਮ ਸ਼ੁਰੂ ਕਰਨ ਲਈ ਕਿਹੜਾ ਸਮਾਂ ਤੇ ਜਗ੍ਹਾ ਚੁਣੀ?
ਇਸ ਤੋਂ ਵਧੀਆ ਸਮਾਂ ਤੇ ਜਗ੍ਹਾ ਹੋਰ ਕੋਈ ਹੋ ਹੀ ਨਹੀਂ ਸਕਦੀ ਸੀ। ਦਿਨ ਸੀ ਪੰਤੇਕੁਸਤ 33 ਈਸਵੀ। ਕਈ ਹਫ਼ਤਿਆਂ ਤੋਂ ਯਰੂਸ਼ਲਮ ਵਿਚ ਬੜੀ ਚਹਿਲ-ਪਹਿਲ ਸੀ। ਵਿਸ਼ਾਲ ਰੋਮੀ ਸਾਮਰਾਜ ਦੇ ਘੱਟੋ-ਘੱਟ 15 ਇਲਾਕਿਆਂ ਤੋਂ ਯਹੂਦੀ ਤੇ ਯਹੂਦੀ ਧਰਮ ਅਪਣਾਉਣ ਵਾਲੇ ਲੋਕ ਪਸਾਹ ਦਾ ਤਿਉਹਾਰ ਮਨਾਉਣ ਆਏ ਹੋਏ ਸਨ। ਉਸ ਦਿਨ ਹਜ਼ਾਰਾਂ ਲੋਕਾਂ ਨੇ ਪਵਿੱਤਰ ਆਤਮਾ ਨਾਲ ਭਰਪੂਰ ਸਾਧਾਰਣ ਲੋਕਾਂ ਦੇ ਮੂੰਹੋਂ ਰੋਮੀ ਸਾਮਰਾਜ ਵਿਚ ਬੋਲੀਆਂ ਜਾਂਦੀਆਂ ਕਈ ਭਾਸ਼ਾਵਾਂ ਵਿਚ ਖ਼ੁਸ਼ ਖ਼ਬਰੀ ਸੁਣੀ। ਉਹ ਪ੍ਰਾਚੀਨ ਬਾਬਲ ਦੇ ਲੋਕਾਂ ਦੀ ਤਰ੍ਹਾਂ ਭੰਬਲ-ਭੁਸੇ ਵਿਚ ਨਹੀਂ ਪਏ, ਸਗੋਂ ਉਹ ਖ਼ੁਸ਼ ਖ਼ਬਰੀ ਨੂੰ ਚੰਗੀ ਤਰ੍ਹਾਂ ਸਮਝ ਗਏ। (ਰਸੂਲਾਂ ਦੇ ਕਰਤੱਬ 2:1-12) ਉਸ ਵੇਲੇ ਮਸੀਹੀ ਕਲੀਸਿਯਾ ਦਾ ਜਨਮ ਹੋਇਆ। ਇਸ ਦੇ ਨਾਲ ਹੀ ਦੁਨੀਆਂ ਭਰ ਵਿਚ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਸਿੱਖਿਆ ਦੇਣ ਦਾ ਕੰਮ ਵੀ ਸ਼ੁਰੂ ਹੋਇਆ। ਇਹ ਕੰਮ ਅੱਜ ਵੀ ਚੱਲ ਰਿਹਾ ਹੈ।
2. ਪੰਤੇਕੁਸਤ ਦੇ ਦਿਨ ਯਿਸੂ ਦੇ ਚੇਲਿਆਂ ਨੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੂੰ ਕਿਵੇਂ ਹੈਰਾਨ ਕੀਤਾ?
2 ਯਿਸੂ ਦੇ ਚੇਲੇ ਸ਼ਾਇਦ ਯੂਨਾਨੀ ਬੋਲ ਲੈਂਦੇ ਸਨ ਜੋ ਉਸ ਵੇਲੇ ਦੀ ਪ੍ਰਚਲਿਤ ਭਾਸ਼ਾ ਸੀ। ਉਹ ਹੈਕਲ ਵਿਚ ਵਰਤੀ ਜਾਂਦੀ ਇਬਰਾਨੀ ਭਾਸ਼ਾ ਵੀ ਬੋਲਦੇ ਸਨ। ਪਰ ਪੰਤੇਕੁਸਤ ਦੇ ਦਿਨ ਉਨ੍ਹਾਂ ਨੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੂੰ ਉਨ੍ਹਾਂ ਦੀਆਂ ਭਾਸ਼ਾਵਾਂ ਵਿਚ ਸੰਦੇਸ਼ ਸੁਣਾ ਕੇ “ਅਚਰਜ” ਕਰ ਦਿੱਤਾ। ਇਸ ਦਾ ਨਤੀਜਾ ਕੀ ਨਿਕਲਿਆ? ਮਾਂ-ਬੋਲੀ ਵਿਚ ਸੁਣੀਆਂ ਮਹੱਤਵਪੂਰਣ ਸੱਚਾਈਆਂ ਦਾ ਉਨ੍ਹਾਂ ਦੇ ਦਿਲਾਂ ਤੇ ਡੂੰਘਾ ਅਸਰ ਪਿਆ। ਉਸ ਦਿਨ 3,000 ਤੋਂ ਜ਼ਿਆਦਾ ਲੋਕ ਮਸੀਹੀ ਬਣੇ।—ਰਸੂਲਾਂ ਦੇ ਕਰਤੱਬ 2:37-42.
3, 4. ਯਰੂਸ਼ਲਮ, ਯਹੂਦਿਯਾ ਅਤੇ ਗਲੀਲ ਛੱਡ ਕੇ ਗਏ ਚੇਲਿਆਂ ਨੇ ਪ੍ਰਚਾਰ ਦੇ ਕੰਮ ਨੂੰ ਕਿਵੇਂ ਫੈਲਾਇਆ?
3 ਇਸ ਤੋਂ ਜਲਦੀ ਬਾਅਦ ਯਰੂਸ਼ਲਮ ਵਿਚ ਜ਼ੁਲਮ ਤੇ ਅਤਿਆਚਾਰ ਦਾ ਦੌਰ ਸ਼ੁਰੂ ਹੋ ਗਿਆ ਜਿਸ ਕਰਕੇ ਕਈ ਮਸੀਹੀ ਯਰੂਸ਼ਲਮ ਛੱਡ ਗਏ। ਪਰ “ਜਿਹੜੇ ਖਿੰਡ ਗਏ ਸਨ [ਉਹ] ਬਚਨ ਦੀ ਖੁਸ਼ ਖਬਰੀ ਸੁਣਾਉਂਦੇ ਫਿਰੇ।” (ਰਸੂਲਾਂ ਦੇ ਕਰਤੱਬ 8:1-4) ਉਦਾਹਰਣ ਲਈ, ਰਸੂਲਾਂ ਦੇ ਕਰਤੱਬ ਦੇ ਅੱਠਵੇਂ ਅਧਿਆਇ ਵਿਚ ਯੂਨਾਨੀ ਬੋਲਣ ਵਾਲੇ ਪ੍ਰਚਾਰਕ ਫ਼ਿਲਿੱਪੁਸ ਬਾਰੇ ਦੱਸਿਆ ਗਿਆ ਹੈ। ਫ਼ਿਲਿੱਪੁਸ ਨੇ ਸਾਮਰੀਆਂ ਨੂੰ ਪ੍ਰਚਾਰ ਕੀਤਾ ਸੀ। ਉਸ ਨੇ ਇਕ ਹਬਸ਼ੀ ਖੋਜੇ ਨੂੰ ਵੀ ਪ੍ਰਚਾਰ ਕੀਤਾ ਜਿਹੜਾ ਮਸੀਹ ਦਾ ਸੰਦੇਸ਼ ਸੁਣ ਕੇ ਮਸੀਹੀ ਬਣ ਗਿਆ।—ਰਸੂਲਾਂ ਦੇ ਕਰਤੱਬ 6:1-5; 8:5-13, 26-40; 21:8, 9.
4 ਯਰੂਸ਼ਲਮ, ਯਹੂਦਿਯਾ ਅਤੇ ਗਲੀਲ ਛੱਡ ਕੇ ਗਏ ਮਸੀਹੀਆਂ ਨੇ ਹੋਰ ਥਾਵਾਂ ਤੇ ਨਵੇਂ ਸਿਰਿਓਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ। ਇਨ੍ਹਾਂ ਥਾਵਾਂ ਤੇ ਉਨ੍ਹਾਂ ਨੂੰ ਕਈ ਨਵੀਆਂ ਸਭਿਆਚਾਰਕ ਤੇ ਭਾਸ਼ਾਈ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਿਆ। ਕਈ ਸ਼ਾਇਦ ਸਿਰਫ਼ ਯਹੂਦੀਆਂ ਨੂੰ ਹੀ ਪ੍ਰਚਾਰ ਕਰਦੇ ਸਨ। ਪਰ ਲੂਕਾ ਨੇ ਲਿਖਿਆ: “ਕਈ ਕੁਪਰੁਸ ਅਰ ਕੁਰੇਨੇ ਦੇ ਮਨੁੱਖ ਸਨ ਜਿਨ੍ਹਾਂ ਅੰਤਾਕਿਯਾ ਵਿੱਚ ਆਣ ਕੇ ਪ੍ਰਭੁ ਯਿਸੂ ਦੀ ਖੁਸ਼ ਖਬਰੀ ਸੁਣਾਉਂਦੇ ਹੋਏ ਯੂਨਾਨੀਆਂ ਨਾਲ ਭੀ ਗੱਲਾਂ ਕੀਤੀਆਂ।”—ਰਸੂਲਾਂ ਦੇ ਕਰਤੱਬ 11:19-21.
ਨਿਰਪੱਖ ਪਰਮੇਸ਼ੁਰ ਦਾ ਸਾਰਿਆਂ ਨੂੰ ਇੱਕੋ ਸੰਦੇਸ਼
5. ਖ਼ੁਸ਼ ਖ਼ਬਰੀ ਦੇ ਪ੍ਰਚਾਰ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਪੱਖਪਾਤ ਨਹੀਂ ਕਰਦਾ?
5 ਇਨ੍ਹਾਂ ਗੱਲਾਂ ਤੋਂ ਪਰਮੇਸ਼ੁਰ ਦੀ ਇਕ ਖੂਬੀ ਜ਼ਾਹਰ ਹੁੰਦੀ ਹੈ। ਉਹ ਇਹ ਹੈ ਕਿ ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਯਹੋਵਾਹ ਨੇ ਪਰਾਈਆਂ ਕੌਮਾਂ ਪ੍ਰਤੀ ਪਤਰਸ ਰਸੂਲ ਦੇ ਰਵੱਈਏ ਨੂੰ ਬਦਲਣ ਵਿਚ ਉਸ ਦੀ ਮਦਦ ਕੀਤੀ। ਇਸ ਤੋਂ ਬਾਅਦ, ਪਤਰਸ ਰਸੂਲ ਨੇ ਕਿਹਾ: “ਮੈਂ ਸੱਚ ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ, ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:34, 35; ਜ਼ਬੂਰਾਂ ਦੀ ਪੋਥੀ 145:9) ਜਦੋਂ ਪੌਲੁਸ ਰਸੂਲ ਨੇ, ਜੋ ਪਹਿਲਾਂ ਮਸੀਹੀਆਂ ਨੂੰ ਸਤਾਇਆ ਕਰਦਾ ਸੀ, ਕਿਹਾ ਕਿ ਪਰਮੇਸ਼ੁਰ “ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ,” ਤਾਂ ਉਸ ਨੇ ਵੀ ਪਰਮੇਸ਼ੁਰ ਦੇ ਨਿਰਪੱਖ ਹੋਣ ਦੀ ਹਾਮੀ ਭਰੀ। (1 ਤਿਮੋਥਿਉਸ 2:4) ਅੱਜ ਹਰ ਨਸਲ, ਕੌਮ, ਲਿੰਗ ਤੇ ਭਾਸ਼ਾ ਦੇ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾਇਆ ਜਾ ਰਿਹਾ ਹੈ। ਇਹ ਦਿਖਾਉਂਦਾ ਹੈ ਕਿ ਸਾਡਾ ਸਿਰਜਣਹਾਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ।
6, 7. ਕਿਹੜੀਆਂ ਭਵਿੱਖਬਾਣੀਆਂ ਵਿਚ ਦੱਸਿਆ ਗਿਆ ਸੀ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਦੁਨੀਆਂ ਭਰ ਦੀਆਂ ਭਾਸ਼ਾਵਾਂ ਵਿਚ ਹੋਵੇਗਾ?
6 ਕਈ ਸਦੀਆਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਰਾਜ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ। ਦਾਨੀਏਲ ਦੀ ਭਵਿੱਖਬਾਣੀ ਅਨੁਸਾਰ “ਪਾਤਸ਼ਾਹੀ ਅਰ ਪਰਤਾਪ ਅਰ ਰਾਜ [ਯਿਸੂ] ਨੂੰ ਦਿੱਤਾ ਗਿਆ, ਭਈ ਸੱਭੇ ਕੌਮਾਂ ਅਰ ਲੋਕ ਅਰ ਬੋਲੀਆਂ ਉਹ ਦੀ ਟਹਿਲ ਕਰਨ।” (ਦਾਨੀਏਲ 7:14) ਇਸ ਭਵਿੱਖਬਾਣੀ ਦੀ ਪੂਰਤੀ ਦਾ ਇਕ ਸਬੂਤ ਹੈ ਇਹ ਪਹਿਰਾਬੁਰਜ ਰਸਾਲਾ ਜੋ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ। ਇਹ 151 ਭਾਸ਼ਾਵਾਂ ਵਿਚ ਛਾਪਿਆ ਜਾਂਦਾ ਹੈ ਤੇ ਪੂਰੀ ਦੁਨੀਆਂ ਵਿਚ ਵੰਡਿਆ ਜਾਂਦਾ ਹੈ।
7 ਬਾਈਬਲ ਵਿਚ ਅਜਿਹੇ ਸਮੇਂ ਬਾਰੇ ਦੱਸਿਆ ਗਿਆ ਸੀ ਜਦੋਂ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਵਾਲੇ ਲੋਕ ਜੀਵਨ ਦਾ ਸੰਦੇਸ਼ ਸੁਣਨਗੇ। ਸੱਚੀ ਭਗਤੀ ਵਿਚ ਲੋਕਾਂ ਦੀ ਦਿਲਚਸਪੀ ਬਾਰੇ ਦੱਸਦੇ ਹੋਏ ਜ਼ਕਰਯਾਹ ਨੇ ਭਵਿੱਖਬਾਣੀ ਕੀਤੀ: ‘ਓਹਨਾਂ ਦਿਨਾਂ ਵਿੱਚ ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ [ਯਾਨੀ ਪਵਿੱਤਰ ਆਤਮਾ ਨਾਲ ਮਸਹ ਕੀਤਾ ਹੋਇਆ ਮਸੀਹੀ ਜੋ “ਪਰਮੇਸ਼ੁਰ ਦੇ ਇਸਰਾਏਲ” ਦਾ ਹਿੱਸਾ ਹੈ] ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!’ (ਜ਼ਕਰਯਾਹ 8:23; ਗਲਾਤੀਆਂ 6:16) ਯੂਹੰਨਾ ਰਸੂਲ ਨੇ ਦਰਸ਼ਣ ਵਿਚ ਜੋ ਦੇਖਿਆ, ਉਸ ਬਾਰੇ ਉਸ ਨੇ ਲਿਖਿਆ: ‘ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ, ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਹੈ।’ (ਪਰਕਾਸ਼ ਦੀ ਪੋਥੀ 7:9) ਅਸੀਂ ਇਹ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਦੇਖੀਆਂ ਹਨ।
ਹਰ ਤਰ੍ਹਾਂ ਦੇ ਲੋਕਾਂ ਨੂੰ ਪ੍ਰਚਾਰ ਕਰਨਾ
8. ਅੱਜ ਕਿਸ ਗੱਲ ਕਰਕੇ ਸਾਨੂੰ ਆਪਣੇ ਪ੍ਰਚਾਰ ਦੇ ਕੰਮ ਵਿਚ ਫੇਰ-ਬਦਲ ਕਰਨ ਦੀ ਲੋੜ ਹੈ?
8 ਅੱਜ ਬਹੁਤ ਸਾਰੇ ਲੋਕ ਦੂਸਰੇ ਦੇਸ਼ਾਂ ਵਿਚ ਜਾ ਕੇ ਵੱਸ ਗਏ ਹਨ। ਦੂਸਰੇ ਦੇਸ਼ਾਂ ਵਿਚ ਕੰਮ ਕਰਨ ਦੇ ਮੌਕੇ ਮਿਲਣ ਕਰਕੇ ਜਾਂ ਯੁੱਧ-ਗ੍ਰਸਤ ਜਾਂ ਗ਼ਰੀਬ ਦੇਸ਼ਾਂ ਤੋਂ ਹਜ਼ਾਰਾਂ ਲੋਕ ਚੰਗੇ ਜੀਵਨ ਦੀ ਆਸ ਵਿਚ ਅਮੀਰ ਦੇਸ਼ਾਂ ਵਿਚ ਚਲੇ ਗਏ ਹਨ। ਅੱਜ ਬਹੁਤ ਸਾਰੇ ਦੇਸ਼ਾਂ ਵਿਚ ਪਰਵਾਸੀਆਂ ਤੇ ਸ਼ਰਨਾਰਥੀਆਂ ਦੀ ਵੱਡੀ ਆਬਾਦੀ ਪਾਈ ਜਾਂਦੀ ਹੈ ਜੋ ਹੋਰ ਭਾਸ਼ਾਵਾਂ ਬੋਲਦੇ ਹਨ। ਉਦਾਹਰਣ ਲਈ, ਫਿਨਲੈਂਡ ਵਿਚ 120 ਤੋਂ ਜ਼ਿਆਦਾ ਅਤੇ ਆਸਟ੍ਰੇਲੀਆ ਵਿਚ 200 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਮਰੀਕਾ ਦੇ ਸ਼ਹਿਰ ਸਾਨ ਡੀਗੋ ਵਿਚ ਹੀ 100 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ!
9. ਸਾਡੇ ਇਲਾਕੇ ਵਿਚ ਰਹਿੰਦੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਪ੍ਰਤੀ ਸਾਡਾ ਨਜ਼ਰੀਆ ਕੀ ਹੋਣਾ ਚਾਹੀਦਾ ਹੈ?
9 ਕੀ ਅਸੀਂ ਹੋਰ ਬੋਲੀਆਂ ਬੋਲਣ ਵਾਲੇ ਲੋਕਾਂ ਨੂੰ ਪ੍ਰਚਾਰ ਦੇ ਕੰਮ ਵਿਚ ਰੁਕਾਵਟ ਸਮਝਦੇ ਹਾਂ? ਬਿਲਕੁਲ ਨਹੀਂ! ਇਸ ਦੀ ਬਜਾਇ ਅਸੀਂ ਖ਼ੁਸ਼ ਹਾਂ ਕਿ ਸਾਨੂੰ ਇਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਨ ਦਾ ਮੌਕਾ ਮਿਲ ਰਿਹਾ ਹੈ ਕਿਉਂਕਿ ‘ਪੈਲੀਆਂ ਵਾਢੀ ਦੇ ਲਈ ਪੱਕ ਕੇ ਪੀਲੀਆਂ ਹੋ ਗਈਆਂ ਹਨ।’ (ਯੂਹੰਨਾ 4:35) ਅਸੀਂ ਹਰ ਕੌਮ ਤੇ ਭਾਸ਼ਾ ਦੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਸੱਚਾਈ ਦੀ ਭਾਲ ਕਰ ਰਹੇ ਹਨ। ਇਸ ਕਰਕੇ ਹਰ ਸਾਲ ‘ਹਰ ਭਾਖਿਆ’ ਦੇ ਲੋਕ ਮਸੀਹ ਦੇ ਚੇਲੇ ਬਣ ਰਹੇ ਹਨ। (ਪਰਕਾਸ਼ ਦੀ ਪੋਥੀ 14:6) ਉਦਾਹਰਣ ਲਈ, ਅਗਸਤ 2004 ਵਿਚ ਜਰਮਨੀ ਵਿਚ ਤਕਰੀਬਨ 40 ਭਾਸ਼ਾਵਾਂ ਵਿਚ ਪ੍ਰਚਾਰ ਕੀਤਾ ਗਿਆ। ਉਸੇ ਸਾਲ, ਆਸਟ੍ਰੇਲੀਆ ਵਿਚ ਲਗਭਗ 30 ਭਾਸ਼ਾਵਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਗਿਆ ਜਦ ਕਿ ਉਸ ਤੋਂ ਦਸ ਸਾਲ ਪਹਿਲਾਂ ਸਿਰਫ਼ 18 ਭਾਸ਼ਾਵਾਂ ਵਿਚ ਪ੍ਰਚਾਰ ਕੀਤਾ ਜਾਂਦਾ ਸੀ। ਯੂਨਾਨ ਵਿਚ ਯਹੋਵਾਹ ਦੇ ਗਵਾਹ ਲਗਭਗ 20 ਭਾਸ਼ਾਵਾਂ ਵਿਚ ਪ੍ਰਚਾਰ ਕਰ ਰਹੇ ਸਨ। ਅੱਜ ਦੁਨੀਆਂ ਭਰ ਵਿਚ ਤਕਰੀਬਨ 80 ਪ੍ਰਤਿਸ਼ਤ ਯਹੋਵਾਹ ਦੇ ਗਵਾਹਾਂ ਦੀ ਮਾਂ-ਬੋਲੀ ਅੰਗ੍ਰੇਜ਼ੀ ਨਹੀਂ ਹੈ।
10. “ਸਾਰੀਆਂ ਕੌਮਾਂ” ਦੇ ਲੋਕਾਂ ਨੂੰ ਚੇਲੇ ਬਣਾਉਣ ਵਿਚ ਹਰ ਪ੍ਰਚਾਰਕ ਦੀ ਕੀ ਜ਼ਿੰਮੇਵਾਰੀ ਹੈ?
10 ਵਾਕਈ, ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ’ ਦੇ ਯਿਸੂ ਦੇ ਹੁਕਮ ਨੂੰ ਪੂਰਾ ਕੀਤਾ ਜਾ ਰਿਹਾ ਹੈ! (ਮੱਤੀ 28:19) ਯਹੋਵਾਹ ਦੇ ਗਵਾਹ 235 ਦੇਸ਼ਾਂ ਵਿਚ ਇਸ ਹੁਕਮ ਨੂੰ ਜੋਸ਼ ਨਾਲ ਪੂਰਾ ਕਰ ਰਹੇ ਹਨ ਤੇ 400 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਸਾਹਿੱਤ ਵੰਡ ਰਹੇ ਹਨ। ਯਹੋਵਾਹ ਦਾ ਸੰਗਠਨ ਲੋਕਾਂ ਲਈ ਸਾਹਿੱਤ ਤੇ ਹੋਰ ਚੀਜ਼ਾਂ ਮੁਹੱਈਆ ਕਰਦਾ ਹੈ, ਪਰ ਇਹ ਹਰ ਰਾਜ ਪ੍ਰਚਾਰਕ ਦੀ ਜ਼ਿੰਮੇਵਾਰੀ ਹੈ ਕਿ ਉਹ ‘ਸਭ ਲੋਕਾਂ’ ਨੂੰ ਉਨ੍ਹਾਂ ਦੀਆਂ ਭਾਸ਼ਾਵਾਂ ਵਿਚ ਬਾਈਬਲ ਦਾ ਸੰਦੇਸ਼ ਸੁਣਾਵੇ। (ਯੂਹੰਨਾ 1:7) ਇਸ ਸਾਂਝੀ ਮਿਹਨਤ ਸਦਕਾ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਵਾਲੇ ਕਰੋੜਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਮਿਲ ਰਿਹਾ ਹੈ। (ਰੋਮੀਆਂ 10:14, 15) ਜੀ ਹਾਂ, ਅਸੀਂ ਸਾਰੇ ਇਸ ਕੰਮ ਵਿਚ ਬਹੁਮੁੱਲਾ ਹਿੱਸਾ ਪਾਉਂਦੇ ਹਾਂ!
ਚੁਣੌਤੀ ਦਾ ਸਾਮ੍ਹਣਾ ਕਰਨਾ
11, 12. (ੳ) ਸਾਨੂੰ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਵੇਗਾ ਅਤੇ ਪਵਿੱਤਰ ਆਤਮਾ ਕਿਵੇਂ ਮਦਦ ਕਰਦੀ ਹੈ? (ਅ) ਲੋਕਾਂ ਨੂੰ ਉਨ੍ਹਾਂ ਦੀ ਮਾਂ-ਬੋਲੀ ਵਿਚ ਪ੍ਰਚਾਰ ਕਰਨ ਦਾ ਕੀ ਫ਼ਾਇਦਾ ਹੁੰਦਾ ਹੈ?
11 ਅੱਜ ਬਹੁਤ ਸਾਰੇ ਰਾਜ ਪ੍ਰਚਾਰਕ ਹੋਰ ਭਾਸ਼ਾ ਸਿੱਖਣੀ ਚਾਹੁੰਦੇ ਹਨ, ਪਰ ਉਹ ਇਹ ਆਸ ਨਹੀਂ ਰੱਖਦੇ ਕਿ ਪਵਿੱਤਰ ਆਤਮਾ ਦੇ ਚਮਤਕਾਰ ਨਾਲ ਉਹ ਭਾਸ਼ਾ ਸਿੱਖ ਜਾਣਗੇ। (1 ਕੁਰਿੰਥੀਆਂ 13:8) ਨਵੀਂ ਭਾਸ਼ਾ ਸਿੱਖਣੀ ਸੌਖੀ ਨਹੀਂ ਹੁੰਦੀ। ਜਿਹੜੇ ਲੋਕ ਪਹਿਲਾਂ ਹੀ ਇਕ ਤੋਂ ਜ਼ਿਆਦਾ ਭਾਸ਼ਾਵਾਂ ਬੋਲਦੇ ਹਨ, ਉਨ੍ਹਾਂ ਨੂੰ ਵੀ ਸ਼ਾਇਦ ਦੂਸਰੇ ਪਿਛੋਕੜ ਤੇ ਸਭਿਆਚਾਰ ਦੇ ਲੋਕਾਂ ਨੂੰ ਵਧੀਆ ਤਰੀਕੇ ਨਾਲ ਖ਼ੁਸ਼ ਖ਼ਬਰੀ ਸੁਣਾਉਣ ਲਈ ਆਪਣੀ ਸੋਚ ਅਤੇ ਢੰਗਾਂ ਵਿਚ ਤਬਦੀਲੀ ਕਰਨੀ ਪਵੇ। ਇਸ ਤੋਂ ਇਲਾਵਾ, ਪ੍ਰਦੇਸੀ ਅਕਸਰ ਦੂਸਰਿਆਂ ਨਾਲ ਗੱਲ ਕਰਨ ਤੋਂ ਹਿਚਕਿਚਾਉਂਦੇ ਹਨ, ਇਸ ਲਈ ਉਨ੍ਹਾਂ ਦੇ ਵਿਚਾਰਾਂ ਨੂੰ ਸਮਝਣ ਲਈ ਕਾਫ਼ੀ ਮਿਹਨਤ ਕਰਨ ਪਵੇਗੀ।
12 ਪਰ ਪਵਿੱਤਰ ਆਤਮਾ ਅੱਜ ਵੀ ਯਹੋਵਾਹ ਦੇ ਸੇਵਕਾਂ ਦੀ ਮਦਦ ਕਰ ਰਹੀ ਹੈ ਤਾਂਕਿ ਉਹ ਹੋਰ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੂੰ ਪ੍ਰਚਾਰ ਕਰ ਸਕਣ। (ਲੂਕਾ 11:13) ਉਨ੍ਹਾਂ ਨੂੰ ਭਾਸ਼ਾਵਾਂ ਬੋਲਣ ਦੀ ਚਮਤਕਾਰੀ ਦਾਤ ਦੇਣ ਦੀ ਬਜਾਇ, ਪਵਿੱਤਰ ਆਤਮਾ ਉਨ੍ਹਾਂ ਅੰਦਰ ਲੋਕਾਂ ਨਾਲ ਗੱਲ ਕਰਨ ਦੀ ਇੱਛਾ ਨੂੰ ਵਧਾ ਸਕਦੀ ਹੈ। (ਜ਼ਬੂਰਾਂ ਦੀ ਪੋਥੀ 143:10) ਜਦੋਂ ਲੋਕ ਸਾਡੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਬੋਲਦੇ, ਤਾਂ ਇਸ ਭਾਸ਼ਾ ਵਿਚ ਬਾਈਬਲ ਦਾ ਸੰਦੇਸ਼ ਦੇਣ ਜਾਂ ਸਿਖਾਉਣ ਨਾਲ ਉਹ ਸ਼ਾਇਦ ਕੁਝ ਹੱਦ ਤਕ ਸਮਝ ਜਾਣਗੇ ਕਿ ਅਸੀਂ ਕੀ ਕਹਿਣਾ ਚਾਹੁੰਦੇ ਹਾਂ। ਪਰ ਉਨ੍ਹਾਂ ਦੇ ਦਿਲਾਂ ਨੂੰ ਛੋਹਣ ਲਈ ਸਾਨੂੰ ਉਨ੍ਹਾਂ ਦੀ ਮਾਂ-ਬੋਲੀ ਵਿਚ ਸੰਦੇਸ਼ ਸੁਣਾਉਣਾ ਪਵੇਗਾ ਕਿਉਂਕਿ ਮਾਂ-ਬੋਲੀ ਭਾਵਨਾਵਾਂ, ਮਨੋਰਥਾਂ ਤੇ ਉਮੀਦਾਂ ਉੱਤੇ ਡੂੰਘਾ ਪ੍ਰਭਾਵ ਪਾਉਂਦੀ ਹੈ।—ਲੂਕਾ 24:32.
13, 14. (ੳ) ਕਿਹੜੀ ਗੱਲ ਕਈ ਗਵਾਹਾਂ ਨੂੰ ਪਰਦੇਸੀਆਂ ਨੂੰ ਪ੍ਰਚਾਰ ਕਰਨ ਲਈ ਪ੍ਰੇਰਿਤ ਕਰਦੀ ਹੈ? (ਅ) ਯਹੋਵਾਹ ਦੇ ਗਵਾਹ ਤਿਆਗ ਦੀ ਭਾਵਨਾ ਕਿਵੇਂ ਦਿਖਾਉਂਦੇ ਹਨ?
13 ਬਹੁਤ ਸਾਰੇ ਪ੍ਰਚਾਰਕਾਂ ਨੇ ਪਰਦੇਸੀਆਂ ਨੂੰ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੈ ਕਿਉਂਕਿ ਕਾਫ਼ੀ ਪਰਦੇਸੀ ਬਾਈਬਲ ਦੀਆਂ ਸੱਚਾਈਆਂ ਸਿੱਖ ਰਹੇ ਹਨ। ਇਸ ਚੁਣੌਤੀ-ਭਰੇ ਤੇ ਦਿਲਚਸਪ ਕੰਮ ਵਿਚ ਹਿੱਸਾ ਲੈ ਕੇ ਕਈਆਂ ਵਿਚ ਨਵਾਂ ਜੋਸ਼ ਪੈਦਾ ਹੋਇਆ ਹੈ। ਦੱਖਣੀ ਯੂਰਪ ਵਿਚ ਯਹੋਵਾਹ ਦੇ ਗਵਾਹਾਂ ਦੇ ਇਕ ਬ੍ਰਾਂਚ ਆਫਿਸ ਦਾ ਕਹਿਣਾ ਹੈ ਕਿ “ਪੂਰਬੀ ਯੂਰਪ ਤੋਂ ਆਏ ਬਹੁਤ ਸਾਰੇ ਲੋਕ ਸੱਚਾਈ ਦੇ ਪਿਆਸੇ ਹਨ।” ਅਜਿਹੇ ਲੋਕਾਂ ਦੀ ਮਦਦ ਕਰ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ!—ਯਸਾਯਾਹ 55:1, 2.
14 ਪਰ ਇਸ ਕੰਮ ਨੂੰ ਸਹੀ ਤਰੀਕੇ ਨਾਲ ਕਰਨ ਲਈ ਦ੍ਰਿੜ੍ਹ ਇਰਾਦੇ ਅਤੇ ਤਿਆਗ ਦੀ ਲੋੜ ਹੈ। (ਜ਼ਬੂਰਾਂ ਦੀ ਪੋਥੀ 110:3) ਉਦਾਹਰਣ ਲਈ, ਬਹੁਤ ਸਾਰੇ ਜਪਾਨੀ ਗਵਾਹ ਪਰਿਵਾਰ ਵੱਡੇ ਸ਼ਹਿਰਾਂ ਵਿਚ ਆਪਣੇ ਵੱਡੇ-ਵੱਡੇ ਘਰ ਛੱਡ ਕੇ ਦੂਰ-ਦੁਰਾਡੇ ਇਲਾਕਿਆਂ ਵਿਚ ਚਲੇ ਗਏ ਜਿੱਥੇ ਉਹ ਪਰਵਾਸੀ ਚੀਨੀ ਲੋਕਾਂ ਦੀ ਬਾਈਬਲ ਸਮਝਣ ਵਿਚ ਮਦਦ ਕਰ ਰਹੇ ਹਨ। ਅਮਰੀਕਾ ਦੇ ਪੱਛਮੀ ਤਟ ਤੇ ਪ੍ਰਚਾਰਕ ਫਿਲੀਪੀਨੋ ਲੋਕਾਂ ਨਾਲ ਬਾਈਬਲ ਅਧਿਐਨ ਕਰਦੇ ਹਨ ਜਿਸ ਲਈ ਉਨ੍ਹਾਂ ਨੂੰ ਕਾਰ ਵਿਚ ਇਕ-ਦੋ ਘੰਟੇ ਜਾਣ ਵਿਚ ਲੱਗ ਜਾਂਦੇ ਹਨ। ਨਾਰਵੇ ਵਿਚ, ਇਕ ਪਤੀ-ਪਤਨੀ ਅਫ਼ਗ਼ਾਨੀ ਪਰਿਵਾਰ ਨਾਲ ਅਧਿਐਨ ਕਰਦੇ ਹਨ। ਗਵਾਹ ਅੰਗ੍ਰੇਜ਼ੀ ਅਤੇ ਨਾਰਵੀ ਭਾਸ਼ਾ ਵਿਚ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?a ਬਰੋਸ਼ਰ ਇਸਤੇਮਾਲ ਕਰਦੇ ਹਨ। ਅਫ਼ਗ਼ਾਨੀ ਪਰਿਵਾਰ ਫਾਰਸੀ ਭਾਸ਼ਾ ਵਿਚ ਪੈਰੇ ਪੜ੍ਹਦਾ ਹੈ ਜੋ ਉਨ੍ਹਾਂ ਦੀ ਮਾਂ-ਬੋਲੀ ਡਾਰੀ ਨਾਲ ਮਿਲਦੀ-ਜੁਲਦੀ ਹੈ। ਫਿਰ ਉਹ ਅੰਗ੍ਰੇਜ਼ੀ ਅਤੇ ਨਾਰਵੀ ਵਿਚ ਪੈਰਿਆਂ ਉੱਤੇ ਚਰਚਾ ਕਰਦੇ ਹਨ। ਇਸ ਤਰ੍ਹਾਂ ਦੇ ਤਿਆਗ ਅਤੇ ਜਤਨ ਕਰਕੇ ਕਈ ਪਰਦੇਸੀ ਯਹੋਵਾਹ ਦੇ ਸੇਵਕ ਬਣੇ ਹਨ।b
15. ਅਸੀਂ ਹੋਰ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਪ੍ਰਚਾਰ ਕਿਵੇਂ ਕਰ ਸਕਦੇ ਹਾਂ?
15 ਕੀ ਤੁਸੀਂ ਹੋਰ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਪ੍ਰਚਾਰ ਕਰ ਕੇ ਉਨ੍ਹਾਂ ਦੀ ਮਦਦ ਕਰ ਸਕਦੇ ਹੋ? ਇਸ ਦੇ ਲਈ ਪਹਿਲਾਂ ਦੇਖੋ ਕਿ ਤੁਹਾਡੇ ਇਲਾਕੇ ਵਿਚ ਕਿਹੜੀਆਂ ਭਾਸ਼ਾਵਾਂ ਆਮ ਬੋਲੀਆਂ ਜਾਂਦੀਆਂ ਹਨ। ਫਿਰ ਹਮੇਸ਼ਾ ਆਪਣੇ ਕੋਲ ਉਨ੍ਹਾਂ ਭਾਸ਼ਾਵਾਂ ਵਿਚ ਕੁਝ ਟ੍ਰੈਕਟ ਜਾਂ ਬਰੋਸ਼ਰ ਰੱਖੋ। ਸਾਲ 2004 ਵਿਚ ਰਿਲੀਜ਼ ਹੋਈ ਕਿਤਾਬ ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ ਇਸ ਮਾਮਲੇ ਵਿਚ ਬਹੁਤ ਹੀ ਮਦਦਗਾਰ ਸਾਬਤ ਹੋਈ ਹੈ ਕਿਉਂਕਿ ਇਸ ਵਿਚ ਕਈ ਭਾਸ਼ਾਵਾਂ ਵਿਚ ਬਹੁਤ ਸੌਖੇ ਤੇ ਸੋਹਣੇ ਸ਼ਬਦਾਂ ਵਿਚ ਰਾਜ ਦਾ ਸੰਦੇਸ਼ ਦਿੱਤਾ ਗਿਆ ਹੈ।—ਸਫ਼ਾ 32 ਉੱਤੇ “ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ” ਨਾਮਕ ਲੇਖ ਦੇਖੋ।
“ਪਰਦੇਸੀ ਨਾਲ ਪ੍ਰੇਮ ਰੱਖੋ”
16. ਬਜ਼ੁਰਗ ਹੋਰ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਪ੍ਰਤੀ ਤਿਆਗ ਦੀ ਭਾਵਨਾ ਕਿਵੇਂ ਦਿਖਾ ਸਕਦੇ ਹਨ?
16 ਅਸੀਂ ਚਾਹੇ ਦੂਸਰੀ ਭਾਸ਼ਾ ਸਿੱਖਦੇ ਹਾਂ ਜਾਂ ਨਹੀਂ, ਪਰ ਅਸੀਂ ਸਾਰੇ ਆਪਣੇ ਇਲਾਕੇ ਵਿਚ ਰਹਿੰਦੇ ਪਰਦੇਸੀਆਂ ਦੀ ਪਰਮੇਸ਼ੁਰ ਦਾ ਗਿਆਨ ਲੈਣ ਵਿਚ ਮਦਦ ਕਰ ਸਕਦੇ ਹਾਂ। ਯਹੋਵਾਹ ਨੇ ਆਪਣੇ ਲੋਕਾਂ ਨੂੰ ‘ਪਰਦੇਸੀ ਨਾਲ ਪ੍ਰੇਮ ਰੱਖਣ’ ਲਈ ਕਿਹਾ ਸੀ। (ਬਿਵਸਥਾ ਸਾਰ 10:18, 19) ਉਦਾਹਰਣ ਲਈ, ਉੱਤਰੀ ਅਮਰੀਕਾ ਦੇ ਇਕ ਵੱਡੇ ਸ਼ਹਿਰ ਵਿਚ ਪੰਜ ਕਲੀਸਿਯਾਵਾਂ ਇੱਕੋ ਕਿੰਗਡਮ ਹਾਲ ਵਿਚ ਸਭਾਵਾਂ ਕਰਦੀਆਂ ਹਨ। ਆਮ ਤੌਰ ਤੇ ਇਹ ਕਲੀਸਿਯਾਵਾਂ ਹਰ ਸਾਲ ਆਪਣੀਆਂ ਸਭਾਵਾਂ ਦੇ ਸਮੇਂ ਬਦਲਦੀਆਂ ਹਨ। ਪਰ ਇਸ ਤਰ੍ਹਾਂ ਕਰਨ ਨਾਲ ਚੀਨੀ ਸਭਾਵਾਂ ਦਾ ਸਮਾਂ ਐਤਵਾਰ ਰਾਤ ਨੂੰ ਰੱਖਿਆ ਜਾਣਾ ਸੀ ਜਿਸ ਕਰਕੇ ਬਹੁਤ ਸਾਰੇ ਪਰਵਾਸੀ ਚੀਨੀ ਰੈਸਤੋਰਾਂ ਵਿਚ ਕੰਮ ਕਰਨ ਕਰਕੇ ਸਭਾਵਾਂ ਵਿਚ ਨਹੀਂ ਆ ਸਕਣਗੇ। ਇਸ ਲਈ ਦੂਸਰੀਆਂ ਕਲੀਸਿਯਾਵਾਂ ਦੇ ਬਜ਼ੁਰਗਾਂ ਨੇ ਖ਼ੁਸ਼ੀ-ਖ਼ੁਸ਼ੀ ਆਪਣੀਆਂ ਸਭਾਵਾਂ ਦੇ ਸਮੇਂ ਬਦਲੇ ਤਾਂਕਿ ਐਤਵਾਰ ਨੂੰ ਚੀਨੀ ਸਭਾਵਾਂ ਦਿਨ ਵੇਲੇ ਹੋ ਸਕਣ।
17. ਸਾਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ ਜਦੋਂ ਕੋਈ ਗਵਾਹ ਹੋਰ ਭਾਸ਼ਾ ਦੇ ਗਰੁੱਪ ਦੀ ਮਦਦ ਕਰਨ ਦਾ ਫ਼ੈਸਲਾ ਕਰਦਾ ਹੈ?
17 ਬਜ਼ੁਰਗ ਕਾਬਲ ਭੈਣ-ਭਰਾਵਾਂ ਦੀ ਸ਼ਲਾਘਾ ਕਰਦੇ ਹਨ ਜੋ ਦੂਸਰੀ ਜਗ੍ਹਾ ਜਾ ਕੇ ਹੋਰ ਭਾਸ਼ਾਵਾਂ ਦੇ ਗਰੁੱਪਾਂ ਦੀ ਮਦਦ ਕਰਨੀ ਚਾਹੁੰਦੇ ਹਨ। ਅਜਿਹੇ ਤਜਰਬੇਕਾਰ ਬਾਈਬਲ ਸਿੱਖਿਅਕਾਂ ਦੀ ਭਾਵੇਂ ਉਨ੍ਹਾਂ ਦੀਆਂ ਕਲੀਸਿਯਾਵਾਂ ਵਿਚ ਬਹੁਤ ਕਮੀ ਮਹਿਸੂਸ ਹੋਵੇਗੀ, ਪਰ ਬਜ਼ੁਰਗਾਂ ਦਾ ਰਵੱਈਆ ਲੁਸਤ੍ਰਾ ਤੇ ਇਕੋਨਿਯੁਮ ਦੇ ਬਜ਼ੁਰਗਾਂ ਵਰਗਾ ਹੈ। ਇਨ੍ਹਾਂ ਬਜ਼ੁਰਗਾਂ ਨੇ ਤਿਮੋਥਿਉਸ ਨੂੰ ਪੌਲੁਸ ਨਾਲ ਜਾਣ ਤੋਂ ਨਹੀਂ ਰੋਕਿਆ ਭਾਵੇਂ ਉਹ ਕਲੀਸਿਯਾ ਵਿਚ ਕਾਫ਼ੀ ਯੋਗਦਾਨ ਪਾਉਂਦਾ ਸੀ। (ਰਸੂਲਾਂ ਦੇ ਕਰਤੱਬ 16:1-4) ਇਸ ਤੋਂ ਇਲਾਵਾ, ਪ੍ਰਚਾਰ ਕੰਮ ਦੀ ਅਗਵਾਈ ਕਰਨ ਵਾਲੇ ਭਰਾ ਪਰਦੇਸੀਆਂ ਦੀ ਅਲੱਗ ਸੋਚ, ਰਿਵਾਜਾਂ ਤੇ ਤੌਰ-ਤਰੀਕਿਆਂ ਕਾਰਨ ਹਿੰਮਤ ਨਹੀਂ ਹਾਰਦੇ। ਇਸ ਦੀ ਬਜਾਇ, ਉਹ ਉਨ੍ਹਾਂ ਰਿਵਾਜਾਂ ਅਨੁਸਾਰ ਚੱਲਦੇ ਹਨ ਤਾਂਕਿ ਉਹ ਉਨ੍ਹਾਂ ਨਾਲ ਚੰਗੇ ਸੰਬੰਧ ਬਣਾ ਕੇ ਖ਼ੁਸ਼ ਖ਼ਬਰੀ ਸੁਣਾ ਸਕਣ।—1 ਕੁਰਿੰਥੀਆਂ 9:22, 23.
18. ਅੱਜ ਸਾਡੇ ਕੋਲ ਕਿਹੜਾ ਵੱਡਾ ਕੰਮ ਕਰਨ ਦਾ ਮੌਕਾ ਹੈ?
18 ਜਿਵੇਂ ਭਵਿੱਖਬਾਣੀ ਕੀਤੀ ਗਈ ਸੀ, ਅੱਜ “ਵੱਖੋ ਵੱਖ ਬੋਲੀ” ਦੇ ਬੋਲਣ ਵਾਲਿਆਂ ਨੂੰ ਖ਼ੁਸ਼ ਖ਼ਬਰੀ ਸੁਣਾਈ ਜਾ ਰਹੀ ਹੈ। ਹੋਰ ਭਾਸ਼ਾਵਾਂ ਬੋਲਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਏ ਜਾਣ ਦੀ ਲੋੜ ਹੈ। ਹਜ਼ਾਰਾਂ ਕਾਬਲ ਪ੍ਰਚਾਰਕਾਂ ਨੇ ਇਸ ਵੱਡੇ ਕੰਮ ਦੀ ਜ਼ਿੰਮੇਵਾਰੀ ਲਈ ਹੈ। (1 ਕੁਰਿੰਥੀਆਂ 16:9) ਪਰ ਹੋਰ ਭਾਸ਼ਾ ਦੇ ਲੋਕਾਂ ਨੂੰ ਪ੍ਰਚਾਰ ਕਰਨ ਲਈ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਇਸ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।
[ਫੁਟਨੋਟ]
a ਇਹ ਬਰੋਸ਼ਰ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਜਾਂਦਾ ਹੈ।
b ਪਹਿਰਾਬੁਰਜ, 1 ਅਪ੍ਰੈਲ 2004, ਸਫ਼ੇ 24-28 ਉੱਤੇ “ਛੋਟੀਆਂ ਕੁਰਬਾਨੀਆਂ ਕਰਨ ਨਾਲ ਵੱਡੀਆਂ ਬਰਕਤਾਂ ਮਿਲੀਆਂ” ਨਾਮਕ ਲੇਖ ਵਿਚ ਤਿਆਗ ਦੀਆਂ ਹੋਰ ਮਿਸਾਲਾਂ ਬਾਰੇ ਪੜ੍ਹੋ।
ਕੀ ਤੁਸੀਂ ਸਮਝਾ ਸਕਦੇ ਹੋ?
• ਅਸੀਂ ਲੋਕਾਂ ਨਾਲ ਪੱਖਪਾਤ ਨਾ ਕਰਨ ਵਿਚ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ?
• ਜੋ ਲੋਕ ਹੋਰ ਭਾਸ਼ਾਵਾਂ ਬੋਲਦੇ ਹਨ, ਉਨ੍ਹਾਂ ਪ੍ਰਤੀ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?
• ਲੋਕਾਂ ਨੂੰ ਉਨ੍ਹਾਂ ਦੀ ਮਾਂ-ਬੋਲੀ ਵਿਚ ਪ੍ਰਚਾਰ ਕਰਨ ਦਾ ਕੀ ਫ਼ਾਇਦਾ ਹੁੰਦਾ ਹੈ?
• ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਰਦੇਸੀਆਂ ਦੀ ਪਰਵਾਹ ਕਰਦੇ ਹਾਂ?
[ਸਫ਼ਾ 23 ਉੱਤੇ ਨਕਸ਼ਾ/ਤਸਵੀਰ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਰੋਮ
ਕਰੇਤ
ਏਸ਼ੀਆ
ਫ਼ਰੂਗਿਯਾ
ਪੁਮਫ਼ੁਲਿਯਾ
ਪੁੰਤੁਸ
ਕੱਪਦੁਕਿਯਾ
ਮਸੋਪੋਤਾਮਿਯਾ
ਮਾਦਾ
ਪਾਰਥੀਆ
ਏਲਾਮ
ਅਰਬ
ਲਿਬਿਯਾ
ਮਿਸਰ
ਯਹੂਦਿਯਾ
ਯਰੂਸ਼ਲਮ
[ਸਾਗਰ]
ਭੂਮੱਧ ਸਾਗਰ
ਕਾਲਾ ਸਾਗਰ
ਲਾਲ ਸਾਗਰ
ਫ਼ਾਰਸ ਦੀ ਖਾੜੀ
[ਤਸਵੀਰ]
ਪੰਤੇਕੁਸਤ 33 ਈ. ਵਿਚ ਰੋਮੀ ਸਾਮਰਾਜ ਦੇ 15 ਇਲਾਕਿਆਂ ਤੋਂ ਆਏ ਲੋਕਾਂ ਨੇ ਆਪੋ-ਆਪਣੀਆਂ ਭਾਸ਼ਾਵਾਂ ਵਿਚ ਖ਼ੁਸ਼ ਖ਼ਬਰੀ ਸੁਣੀ
[ਸਫ਼ੇ 24 ਉੱਤੇ ਤਸਵੀਰ]
ਬਹੁਤ ਸਾਰੇ ਪਰਦੇਸੀ ਬਾਈਬਲ ਦੀ ਸਿੱਖਿਆ ਲੈ ਰਹੇ ਹਨ
[ਸਫ਼ੇ 25 ਉੱਤੇ ਤਸਵੀਰ]
ਇਕ ਕਿੰਗਡਮ ਹਾਲ ਵਿਚ ਪੰਜ ਭਾਸ਼ਾਵਾਂ ਵਿਚ ਲੱਗਾ ਬੋਰਡ