ਧਾਰਮਿਕਤਾ ਭਾਲਣ ਨਾਲ ਸਾਡੀ ਰੱਖਿਆ ਹੁੰਦੀ ਹੈ
‘ਤੁਸੀਂ ਪਹਿਲਾਂ ਪਰਮੇਸ਼ੁਰ ਦੇ ਧਰਮ ਨੂੰ ਭਾਲੋ।’—ਮੱਤੀ 6:33.
1, 2. ਇਕ ਮਸੀਹੀ ਮੁਟਿਆਰ ਨੇ ਕਿਹੜਾ ਫ਼ੈਸਲਾ ਕੀਤਾ ਸੀ ਅਤੇ ਕਿਉਂ?
ਇਕ ਏਸ਼ੀਆਈ ਦੇਸ਼ ਵਿਚ ਇਕ ਮਸੀਹੀ ਮੁਟਿਆਰ ਸਰਕਾਰੀ ਦਫ਼ਤਰ ਵਿਚ ਸੈਕਟਰੀ ਵਜੋਂ ਨੌਕਰੀ ਕਰਦੀ ਸੀ। ਉਹ ਬੜੀ ਮਿਹਨਤੀ ਸੀ ਅਤੇ ਹਰ ਰੋਜ਼ ਵੇਲੇ ਸਿਰ ਦਫ਼ਤਰ ਪਹੁੰਚ ਕੇ ਆਪਣੇ ਕੰਮ ਵਿਚ ਰੁੱਝ ਜਾਂਦੀ ਸੀ। ਨੌਕਰੀ ਪੱਕੀ ਨਾ ਹੋਣ ਕਰਕੇ ਜਦੋਂ ਉਸ ਨੂੰ ਨੌਕਰੀ ਤੇ ਪੱਕੇ ਤੌਰ ਤੇ ਰੱਖਣ ਜਾਂ ਨਾ ਰੱਖਣ ਦਾ ਫ਼ੈਸਲਾ ਕਰਨ ਦਾ ਸਮਾਂ ਆਇਆ, ਤਾਂ ਉਸ ਦੇ ਮਾਲਕ ਨੇ ਉਸ ਨੂੰ ਕਿਹਾ, ‘ਨੌਕਰੀ ਤੇ ਮੈਂ ਤੈਨੂੰ ਪੱਕਾ ਰੱਖ ਲਵਾਂਗਾ ਤੇ ਉੱਚਾ ਅਹੁਦਾ ਵੀ ਦਿਆਂਗਾ, ਪਰ ਮੇਰੀ ਇਕ ਸ਼ਰਤ ਹੈ।’ ਉਹ ਚਾਹੁੰਦਾ ਸੀ ਕਿ ਉਹ ਉਸ ਨਾਲ ਨਾਜਾਇਜ਼ ਸੰਬੰਧ ਰੱਖੇ। ਭਾਵੇਂ ਇਸ ਮੁਟਿਆਰ ਨੂੰ ਪਤਾ ਸੀ ਕਿ ਨਾਂਹ ਕਰਨ ਦਾ ਮਤਲਬ ਨੌਕਰੀ ਤੋਂ ਹੱਥ ਧੋਣਾ ਸੀ, ਪਰ ਉਸ ਨੂੰ ਇਹ ਸ਼ਰਤ ਬਿਲਕੁਲ ਮਨਜ਼ੂਰ ਨਹੀਂ ਸੀ।
2 ਕੀ ਉਸ ਦਾ ਫ਼ੈਸਲਾ ਗ਼ਲਤ ਸੀ? ਨਹੀਂ, ਉਹ ਤਾਂ ਯਿਸੂ ਦੇ ਸ਼ਬਦਾਂ ਅਨੁਸਾਰ ਜੀਉਣ ਦੀ ਕੋਸ਼ਿਸ਼ ਕਰ ਰਹੀ ਸੀ: ‘ਤੁਸੀਂ ਪਹਿਲਾਂ ਪਰਮੇਸ਼ੁਰ ਦੇ ਧਰਮ ਨੂੰ ਭਾਲੋ।’ (ਮੱਤੀ 6:33) ਉਹ ਵਿਭਚਾਰ ਕਰ ਕੇ ਤਰੱਕੀ ਕਰਨ ਦੀ ਬਜਾਇ ਪਰਮੇਸ਼ੁਰ ਦੇ ਧਰਮੀ ਅਸੂਲਾਂ ਉੱਤੇ ਚੱਲਣਾ ਜ਼ਿਆਦਾ ਜ਼ਰੂਰੀ ਸਮਝਦੀ ਸੀ।—1 ਕੁਰਿੰਥੀਆਂ 6:18.
ਧਾਰਮਿਕਤਾ ਦੀ ਮਹੱਤਤਾ
3. ਧਾਰਮਿਕਤਾ ਦਾ ਕੀ ਮਤਲਬ ਹੈ?
3 ਧਾਰਮਿਕਤਾ ਵਿਚ ਨੇਕੀ ਤੇ ਈਮਾਨਦਾਰੀ ਸ਼ਾਮਲ ਹੈ। ਬਾਈਬਲ ਵਿਚ “ਧਰਮ” ਅਨੁਵਾਦ ਕੀਤੇ ਗਏ ਯੂਨਾਨੀ ਤੇ ਇਬਰਾਨੀ ਸ਼ਬਦਾਂ ਦਾ ਮਤਲਬ ਹੈ “ਸਿੱਧੀ ਚਾਲ।” ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੇ ਮਿਆਰਾਂ ਅਨੁਸਾਰ ਚੱਲ ਕੇ ਆਪਣੇ ਆਪ ਨੂੰ ਧਰਮੀ ਠਹਿਰਾਈਏ। (ਲੂਕਾ 16:15) ਸਾਨੂੰ ਯਹੋਵਾਹ ਦੇ ਅਸੂਲਾਂ ਅਨੁਸਾਰ ਚੱਲਣ ਅਤੇ ਇਨ੍ਹਾਂ ਮੁਤਾਬਕ ਆਪਣੇ ਆਪ ਨੂੰ ਪਰਖਣ ਦੀ ਲੋੜ ਹੈ।—ਰੋਮੀਆਂ 1:17; 3:21.
4. ਇਕ ਮਸੀਹੀ ਲਈ ਧਰਮੀ ਹੋਣਾ ਜ਼ਰੂਰੀ ਕਿਉਂ ਹੈ?
4 ਧਰਮੀ ਹੋਣਾ ਕਿਉਂ ਜ਼ਰੂਰੀ ਹੈ? ਕਿਉਂਕਿ ਯਹੋਵਾਹ ‘ਧਰਮ ਦਾ ਪਰਮੇਸ਼ੁਰ’ ਹੈ ਅਤੇ ਉਹ ਧਰਮੀ ਰਾਹਾਂ ਤੇ ਚੱਲਣ ਵਾਲੇ ਆਪਣੇ ਲੋਕਾਂ ਤੇ ਮਿਹਰ ਕਰਦਾ ਹੈ। (ਜ਼ਬੂਰਾਂ ਦੀ ਪੋਥੀ 4:1; ਕਹਾਉਤਾਂ 2:20-22; ਹਬੱਕੂਕ 1:13) ਜੋ ਕੋਈ ਸਿੱਧੀ ਚਾਲ ਨਹੀਂ ਚੱਲਦਾ ਉਹ ਪਰਮੇਸ਼ੁਰ ਨਾਲ ਦੋਸਤੀ ਨਹੀਂ ਕਰ ਸਕਦਾ। (ਕਹਾਉਤਾਂ 15:8) ਇਸੇ ਲਈ ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਤਾਕੀਦ ਕੀਤੀ ਸੀ: ‘ਜੁਆਨੀ ਦੀਆਂ ਕਾਮਨਾਂ ਤੋਂ ਭੱਜ ਅਤੇ ਧਰਮ ਦੇ ਮਗਰ ਲੱਗਾ ਰਹੁ।’ (2 ਤਿਮੋਥਿਉਸ 2:22) ਪੌਲੁਸ ਨੇ ਇਸ ਜ਼ਰੂਰੀ ਗੁਣ ਨੂੰ ਸ਼ਸਤ੍ਰ-ਬਸਤ੍ਰ ਵਿਚ ਵੀ ਸ਼ਾਮਲ ਕੀਤਾ ਸੀ ਜਦ ਉਸ ਨੇ “ਧਰਮ ਦੀ ਸੰਜੋ” ਬਾਰੇ ਗੱਲ ਕੀਤੀ।—ਅਫ਼ਸੀਆਂ 6:14.
5. ਪਾਪੀ ਇਨਸਾਨ ਧਰਮ ਨੂੰ ਕਿਵੇਂ ਭਾਲ ਸਕਦੇ ਹਨ?
5 ਇਹ ਸੱਚ ਹੈ ਕਿ ਅਸੀਂ ਪੂਰੀ ਤਰ੍ਹਾਂ ਧਰਮੀ ਨਹੀਂ ਬਣ ਸਕਦੇ। ਅਸੀਂ ਸਾਰਿਆਂ ਨੇ ਆਦਮ ਤੋਂ ਵਿਰਸੇ ਵਿਚ ਪਾਪ ਪਾਇਆ ਹੈ ਜਿਸ ਕਰਕੇ ਅਸੀਂ ਜਨਮ ਤੋਂ ਹੀ ਗ਼ਲਤੀਆਂ ਕਰਦੇ ਹਾਂ। ਇਸੇ ਲਈ ਅਸੀਂ ਪੂਰੀ ਤਰ੍ਹਾਂ ਧਰਮੀ ਰਾਹ ਤੇ ਚੱਲ ਨਹੀਂ ਸਕਦੇ। ਪਰ ਇਸ ਦੇ ਬਾਵਜੂਦ ਯਿਸੂ ਨੇ ਕਿਹਾ ਸੀ ਕਿ ਸਾਨੂੰ ਧਰਮ ਨੂੰ ਭਾਲਣਾ ਚਾਹੀਦਾ ਹੈ। ਇਹ ਕਿਵੇਂ ਮੁਮਕਿਨ ਹੋ ਸਕਦਾ ਹੈ? ਯਿਸੂ ਨੇ ਸਾਡੇ ਪਾਪਾਂ ਦੀ ਮਾਫ਼ੀ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। ਜੇ ਅਸੀਂ ਉਸ ਦੇ ਬਲੀਦਾਨ ਉੱਤੇ ਨਿਹਚਾ ਕਰੀਏ, ਤਾਂ ਯਹੋਵਾਹ ਸਾਡੇ ਪਾਪ ਮਾਫ਼ ਕਰੇਗਾ। (ਮੱਤੀ 20:28; ਯੂਹੰਨਾ 3:16; ਰੋਮੀਆਂ 5:8, 9, 12, 18) ਇਸ ਪ੍ਰਬੰਧ ਦੇ ਆਧਾਰ ਤੇ ਜੇ ਅਸੀਂ ਯਹੋਵਾਹ ਦੇ ਧਰਮੀ ਮਿਆਰ ਸਿੱਖ ਕੇ ਉਨ੍ਹਾਂ ਅਨੁਸਾਰ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਅਤੇ ਆਪਣੀਆਂ ਕਮਜ਼ੋਰੀਆਂ ਉੱਤੇ ਕਾਬੂ ਪਾਉਣ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਯਹੋਵਾਹ ਸਾਡੀ ਭਗਤੀ ਸਵੀਕਾਰ ਕਰਦਾ ਹੈ। (ਜ਼ਬੂਰਾਂ ਦੀ ਪੋਥੀ 1:6; ਰੋਮੀਆਂ 7:19-25; ਪਰਕਾਸ਼ ਦੀ ਪੋਥੀ 7:9, 14) ਇਸ ਤੋਂ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ!
ਦੁਸ਼ਟ ਦੁਨੀਆਂ ਵਿਚ ਨੇਕੀ
6. ਪਹਿਲੀ ਸਦੀ ਦੇ ਮਸੀਹੀਆਂ ਲਈ ਸੰਸਾਰ ਖ਼ਤਰੇ ਤੋਂ ਖਾਲੀ ਕਿਉਂ ਨਹੀਂ ਸੀ?
6 ਯਿਸੂ ਦੇ ਚੇਲਿਆਂ ਨੂੰ “ਧਰਤੀ ਦੇ ਬੰਨੇ ਤੀਕੁਰ” ਪ੍ਰਚਾਰ ਕਰਨ ਦਾ ਕੰਮ ਸੌਂਪਿਆ ਗਿਆ ਸੀ ਜੋ ਕਿ ਕੋਈ ਆਸਾਨ ਕੰਮ ਨਹੀਂ ਸੀ। (ਰਸੂਲਾਂ ਦੇ ਕਰਤੱਬ 1:8) ਉਨ੍ਹਾਂ ਦੇ ਪ੍ਰਚਾਰ ਦਾ ਸਾਰਾ ਖੇਤਰ “ਉਸ ਦੁਸ਼ਟ” ਸ਼ਤਾਨ ਦੇ “ਵੱਸ ਵਿੱਚ ਪਿਆ ਹੋਇਆ” ਸੀ। (1 ਯੂਹੰਨਾ 5:19) ਸਾਰੇ ਸੰਸਾਰ ਵਿਚ ਸ਼ਤਾਨ ਨੇ ਦੁਸ਼ਟਤਾ ਫੈਲਾਈ ਹੋਈ ਸੀ ਅਤੇ ਮਸੀਹੀਆਂ ਨੂੰ ਵੀ ਇਸ ਦੁਸ਼ਟਤਾ ਦਾ ਸਾਮ੍ਹਣਾ ਕਰਨਾ ਪੈਂਦਾ ਸੀ। (ਅਫ਼ਸੀਆਂ 2:2) ਉਨ੍ਹਾਂ ਲਈ ਸੰਸਾਰ ਖ਼ਤਰੇ ਤੋਂ ਖਾਲੀ ਨਹੀਂ ਸੀ। ਪਰ ਜੇ ਉਹ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪਹਿਲਾਂ ਭਾਲਦੇ, ਤਾਂ ਉਹ ਆਪਣੇ ਚਾਲ-ਚਲਣ ਨੂੰ ਨੇਕ ਰੱਖ ਸਕਦੇ ਸਨ। ਕਈ ਯਹੋਵਾਹ ਦੇ ਮਿਆਰਾਂ ਤੇ ਪੱਕੇ ਰਹੇ, ਪਰ ਕੁਝ “ਧਰਮ ਦੇ ਰਾਹ” ਤੋਂ ਭਟਕ ਗਏ।—ਕਹਾਉਤਾਂ 12:28; 2 ਤਿਮੋਥਿਉਸ 4:10.
7. ਮਸੀਹੀਆਂ ਕੋਲ ਕਿਹੜੀਆਂ ਜ਼ਿੰਮੇਵਾਰੀਆਂ ਹਨ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਸੰਸਾਰ ਦੇ ਬੁਰੇ ਪ੍ਰਭਾਵ ਤੋਂ ਬਚਣ ਲਈ ਪੂਰੀ ਕੋਸ਼ਿਸ਼ ਕਰਨੀ ਪੈਂਦੀ ਹੈ?
7 ਕੀ ਅੱਜ ਸੰਸਾਰ ਵਿਚ ਮਸੀਹੀਆਂ ਲਈ ਘੱਟ ਖ਼ਤਰਾ ਹੈ? ਨਹੀਂ! ਅੱਜ ਦਾ ਸਮਾਂ ਪਹਿਲੀ ਸਦੀ ਨਾਲੋਂ ਵੀ ਬਦਤਰ ਹੈ। ਇਸ ਤੋਂ ਇਲਾਵਾ ਸ਼ਤਾਨ ਨੂੰ ਧਰਤੀ ਉੱਤੇ ਸੁੱਟਿਆ ਗਿਆ ਹੈ ਅਤੇ ਉਹ ਬਹੁਤ ਗੁੱਸੇ ਵਿਚ ਹੈ। ਉਹ ਮਸਹ ਕੀਤੇ ਹੋਏ ਮਸੀਹੀਆਂ ਦੇ ਪਿੱਛੇ ਹੱਥ ਧੋ ਕੇ ਪਿਆ ਹੋਇਆ ਹੈ ਜੋ ‘ਤੀਵੀਂ ਦੇ ਵੰਸ ਵਿੱਚੋਂ ਰਹਿੰਦੇ ਅਤੇ ਜਿਹੜੇ ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਸਾਖੀ ਭਰਦੇ ਹਨ।’ (ਪਰਕਾਸ਼ ਦੀ ਪੋਥੀ 12:12, 17) ਸ਼ਤਾਨ ਉਨ੍ਹਾਂ ਨਾਲ ਵੀ ਯੁੱਧ ਕਰਦਾ ਹੈ ਜੋ ਉਸ “ਵੰਸ” ਦਾ ਸਾਥ ਦਿੰਦੇ ਹਨ। ਭਾਵੇਂ ਮਸੀਹੀ ਜਗਤ ਦੇ ਨਹੀਂ ਹਨ, ਫਿਰ ਵੀ ਉਨ੍ਹਾਂ ਨੂੰ ਜਗਤ ਵਿਚ ਰਹਿਣਾ ਪੈਂਦਾ ਹੈ। (ਯੂਹੰਨਾ 17:15, 16) ਉਹ ਕਿਤੇ ਲੁਕ ਨਹੀਂ ਸਕਦੇ। ਉਨ੍ਹਾਂ ਨੂੰ ਲੋਕਾਂ ਕੋਲ ਜਾ ਕੇ ਪ੍ਰਚਾਰ ਕਰਨਾ ਪੈਂਦਾ ਹੈ ਤਾਂਕਿ ਉਹ ਨੇਕ-ਦਿਲ ਲੋਕਾਂ ਨੂੰ ਲੱਭ ਸਕਣ ਅਤੇ ਉਨ੍ਹਾਂ ਨੂੰ ਯਿਸੂ ਦੇ ਚੇਲੇ ਬਣਾ ਸਕਣ। (ਮੱਤੀ 24:14; ਮੱਤੀ 28:19, 20) ਮਸੀਹੀਆਂ ਨੂੰ ਸੰਸਾਰ ਦੇ ਬੁਰੇ ਪ੍ਰਭਾਵ ਹੇਠ ਤਾਂ ਜੀਣਾ ਜ਼ਰੂਰ ਪੈਂਦਾ ਹੈ, ਪਰ ਉਨ੍ਹਾਂ ਨੂੰ ਇਸ ਅਸਰ ਤੋਂ ਬਚਣ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਓ ਆਪਾਂ ਸੰਸਾਰ ਦੇ ਚਾਰ ਬੁਰੇ ਪ੍ਰਭਾਵਾਂ ਬਾਰੇ ਗੱਲ ਕਰੀਏ।
ਬਦਚਲਣੀ ਦਾ ਫੰਦਾ
8. ਇਸਰਾਏਲੀ ਮੋਆਬੀ ਲੋਕਾਂ ਦੇ ਦੇਵੀ-ਦੇਵਤਿਆਂ ਦੀ ਪੂਜਾ ਕਿਉਂ ਕਰਨ ਲੱਗ ਪਏ ਸਨ?
8 ਉਜਾੜ ਵਿਚ 40 ਸਾਲਾਂ ਦੇ ਸਫ਼ਰ ਦੇ ਅਖ਼ੀਰ ਵਿਚ ਕਈ ਇਸਰਾਏਲੀ ਧਰਮ ਦੇ ਰਾਹ ਤੋਂ ਭਟਕ ਗਏ ਸਨ। ਉਨ੍ਹਾਂ ਨੇ ਆਪਣੀ ਅੱਖੀਂ ਦੇਖਿਆ ਸੀ ਕਿ ਯਹੋਵਾਹ ਨੇ ਉਨ੍ਹਾਂ ਨੂੰ ਕਈ ਵਾਰ ਚਮਤਕਾਰੀ ਢੰਗ ਨਾਲ ਬਚਾਇਆ ਸੀ ਅਤੇ ਉਹ ਵਾਅਦਾ ਕੀਤੇ ਹੋਏ ਦੇਸ਼ ਦੀ ਦਹਿਲੀਜ਼ ਤੇ ਖੜ੍ਹੇ ਸਨ। ਪਰ ਉਹ ਇਸ ਅਹਿਮ ਵਕਤ ਤੇ ਮੋਆਬੀ ਲੋਕਾਂ ਦੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪਏ। ਕਿਉਂ? ਕਿਉਂਕਿ ਉਹ ਆਪਣੇ “ਸਰੀਰ ਦੀ ਕਾਮਨਾ” ਪੂਰੀ ਕਰਨੀ ਚਾਹੁੰਦੇ ਸਨ। (1 ਯੂਹੰਨਾ 2:16) ਬਾਈਬਲ ਕਹਿੰਦੀ ਹੈ: “ਲੋਕ ਮੋਆਬ ਦੀਆਂ ਕੁੜੀਆਂ ਨਾਲ ਜ਼ਨਾਹ ਕਰਨ ਲੱਗ ਪਏ।”—ਗਿਣਤੀ 25:1.
9, 10. ਅੱਜ ਦੇ ਜ਼ਮਾਨੇ ਵਿਚ ਕਿਹੜੇ ਬੁਰੇ ਅਸਰ ਤੋਂ ਸਾਨੂੰ ਚੌਕਸ ਰਹਿਣਾ ਚਾਹੀਦਾ ਹੈ?
9 ਇਸਰਾਏਲੀਆਂ ਦੇ ਨਾਲ ਜੋ ਹੋਇਆ ਉਸ ਤੋਂ ਅਸੀਂ ਕੀ ਸਿੱਖਦੇ ਹਾਂ? ਜੇ ਅਸੀਂ ਸਾਵਧਾਨ ਨਾ ਰਹੀਏ, ਤਾਂ ਅਸੀਂ ਵੀ ਸਰੀਰ ਦੀ ਕਾਮਨਾ ਪੂਰੀ ਕਰਨ ਲਈ ਪੁੱਠੇ ਰਾਹ ਪੈ ਸਕਦੇ ਹਾਂ। ਅੱਜ ਦੇ ਜ਼ਮਾਨੇ ਵਿਚ ਬਦਚਲਣੀ ਆਮ ਗੱਲ ਹੋ ਚੁੱਕੀ ਹੈ। (1 ਕੁਰਿੰਥੀਆਂ 10:6, 8) ਅਮਰੀਕਾ ਦੀ ਇਕ ਰਿਪੋਰਟ ਕਹਿੰਦੀ ਹੈ: ‘ਅਮਰੀਕਾ ਵਿਚ 1970 ਦੇ ਦਹਾਕੇ ਤਕ ਤੀਵੀਂ-ਆਦਮੀ ਲਈ ਵਿਆਹ ਤੋਂ ਪਹਿਲਾਂ ਇਕੱਠੇ ਰਹਿਣਾ ਗ਼ੈਰ-ਕਾਨੂੰਨੀ ਸੀ। ਪਰ ਅੱਜ ਇਸ ਨੂੰ ਗ਼ਲਤ ਨਹੀਂ ਮੰਨਿਆ ਜਾਂਦਾ। ਅੱਧੇ ਤੋਂ ਜ਼ਿਆਦਾ ਜੋੜੇ ਵਿਆਹ ਤੋਂ ਪਹਿਲਾਂ ਇਕੱਠੇ ਰਹਿੰਦੇ ਹਨ।’ ਇਸ ਤਰ੍ਹਾਂ ਦੇ ਗੰਦੇ ਕੰਮ ਸਿਰਫ਼ ਅਮਰੀਕਾ ਵਿਚ ਹੀ ਨਹੀਂ ਹੁੰਦੇ, ਸਗੋਂ ਪੂਰੀ ਦੁਨੀਆਂ ਵਿਚ ਹੁੰਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਕਈ ਮਸੀਹੀਆਂ ਨੇ ਵੀ ਇਹੋ ਕੰਮ ਕਰਨੇ ਚੁਣੇ ਹਨ ਜਿਸ ਕਰਕੇ ਉਨ੍ਹਾਂ ਨੂੰ ਕਲੀਸਿਯਾ ਵਿੱਚੋਂ ਕੱਢਣਾ ਪਿਆ ਹੈ।—1 ਕੁਰਿੰਥੀਆਂ 5:11.
10 ਬਦਚਲਣੀ ਦਾ ਹਰ ਥਾਂ ਬੋਲਬਾਲਾ ਹੈ। ਫਿਲਮਾਂ ਅਤੇ ਟੀ. ਵੀ. ਪ੍ਰੋਗ੍ਰਾਮਾਂ ਵਿਚ ਇਹੀ ਦਿਖਾਇਆ ਜਾਂਦਾ ਹੈ ਕਿ ਨੌਜਵਾਨਾਂ ਲਈ ਵਿਆਹ ਤੋਂ ਪਹਿਲਾਂ ਸੈਕਸ ਕਰਨਾ ਠੀਕ ਹੈ। ਇੱਥੋਂ ਤਕ ਕਿ ਆਦਮੀ ਦੇ ਆਦਮੀ ਨਾਲ ਅਤੇ ਔਰਤ ਦੇ ਔਰਤ ਨਾਲ ਸਰੀਰਕ ਸੰਬੰਧਾਂ ਨੂੰ ਵੀ ਠੀਕ ਸਮਝਿਆ ਜਾਂਦਾ ਹੈ। ਅੱਜ-ਕੱਲ੍ਹ ਦੇ ਟੀ. ਵੀ. ਨਾਟਕਾਂ ਵਿਚ ਅੱਗੇ ਨਾਲੋਂ ਜ਼ਿਆਦਾ ਸੈਕਸ ਦਿਖਾਇਆ ਜਾਂਦਾ ਹੈ। ਇੰਟਰਨੈੱਟ ਉੱਤੇ ਵੀ ਗੰਦੀਆਂ-ਗੰਦੀਆਂ ਤਸਵੀਰਾਂ ਦਿਖਾਈਆਂ ਜਾਂਦੀਆਂ ਹਨ। ਧਿਆਨ ਦਿਓ ਕਿ ਅਖ਼ਬਾਰ ਦੇ ਇਕ ਕਾਲਮਨਵੀਸ ਨੇ ਕੀ ਲਿਖਿਆ। ਉਹ ਦੱਸਦਾ ਹੈ ਕਿ ਉਸ ਦੇ ਸੱਤ ਸਾਲਾਂ ਦੇ ਮੁੰਡੇ ਨੇ ਸਕੂਲੋਂ ਘਰ ਆ ਕੇ ਉਸ ਨੂੰ ਦੱਸਿਆ ਕਿ ਉਸ ਦੇ ਦੋਸਤ ਨੇ ਇੰਟਰਨੈੱਟ ਤੇ ਨੰਗੀਆਂ ਤੀਵੀਆਂ ਨੂੰ ਸੈਕਸ ਕਰਦੀਆਂ ਦੇਖਿਆ। ਉਹ ਆਪਣੇ ਮੁੰਡੇ ਦੇ ਮੂੰਹੋਂ ਇਹ ਗੱਲ ਸੁਣ ਕੇ ਹੱਕਾ-ਬੱਕਾ ਰਹਿ ਗਿਆ। ਹੋਰ ਕਿੰਨੇ ਸਾਰੇ ਬੱਚੇ ਹੋਣਗੇ ਜੋ ਇੰਟਰਨੈੱਟ ਤੇ ਅਜਿਹੀਆਂ ਤਸਵੀਰਾਂ ਦੇਖਦੇ ਹਨ, ਪਰ ਆਪਣੇ ਮਾਪਿਆਂ ਨੂੰ ਦੱਸਦੇ ਤਕ ਨਹੀਂ? ਕਿੰਨੇ ਕੁ ਮਾਪੇ ਜਾਣਦੇ ਹਨ ਕਿ ਜੋ ਵਿਡਿਓ-ਗੇਮਾਂ ਉਨ੍ਹਾਂ ਦੇ ਬੱਚੇ ਖੇਡਦੇ ਹਨ ਉਨ੍ਹਾਂ ਵਿਚ ਕੀ ਦਿਖਾਇਆ ਜਾਂਦਾ ਹੈ? ਅੱਜ ਦੀਆਂ ਵਿਡਿਓ-ਗੇਮਾਂ ਵਿਚ ਸੈਕਸ, ਜਾਦੂ-ਟੂਣੇ ਅਤੇ ਹਿੰਸਾ ਆਮ ਹੁੰਦੇ ਹਨ।
11. ਬਦਚਲਣੀ ਤੋਂ ਪਰਿਵਾਰ ਆਪਣਾ ਬਚਾਅ ਕਿਵੇਂ ਕਰ ਸਕਦੇ ਹਨ?
11 ਪਰਿਵਾਰ ਇਸ ਤਰ੍ਹਾਂ ਦੇ ਗੰਦੇ “ਮਨੋਰੰਜਨ” ਤੋਂ ਕਿਵੇਂ ਬਚ ਸਕਦੇ ਹਨ? ਪਰਮੇਸ਼ੁਰ ਦੇ ਧਰਮੀ ਰਾਹਾਂ ਤੇ ਚੱਲ ਕੇ ਅਤੇ ਹਰ ਤਰ੍ਹਾਂ ਦੇ ਗੰਦ-ਮੰਦ ਤੋਂ ਦੂਰ ਰਹਿ ਕੇ। (2 ਕੁਰਿੰਥੀਆਂ 6:14; ਅਫ਼ਸੀਆਂ 5:3) ਮਾਪਿਆਂ ਨੂੰ ਆਪਣੇ ਬੱਚਿਆਂ ਦੇ ਦਿਲਾਂ ਵਿਚ ਪਰਮੇਸ਼ੁਰ ਲਈ ਅਤੇ ਉਸ ਦੇ ਧਰਮੀ ਅਸੂਲਾਂ ਲਈ ਪਿਆਰ ਪੈਦਾ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕੀ ਦੇਖਦੇ ਅਤੇ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਉਹ ਅਸ਼ਲੀਲ ਤਸਵੀਰਾਂ ਤੇ ਵਿਡਿਓ-ਗੇਮਾਂ, ਗੰਦੀਆਂ ਫਿਲਮਾਂ ਅਤੇ ਹੋਰ ਬੁਰੀਆਂ ਚੀਜ਼ਾਂ ਤੋਂ ਬਚੇ ਰਹਿ ਸਕਦੇ ਹਨ।—ਬਿਵਸਥਾ ਸਾਰ 6:4-9.a
ਬਰਾਦਰੀ ਦਾ ਦਬਾਅ
12. ਪਹਿਲੀ ਸਦੀ ਵਿਚ ਕਿਹੜੀ ਸਮੱਸਿਆ ਖੜ੍ਹੀ ਹੋਈ ਸੀ?
12 ਜਦ ਪੌਲੁਸ ਏਸ਼ੀਆ ਮਾਈਨਰ ਦੇ ਲੁਸਤ੍ਰਾ ਸ਼ਹਿਰ ਵਿਚ ਸੀ, ਤਾਂ ਉਸ ਨੇ ਚਮਤਕਾਰ ਕਰ ਕੇ ਇਕ ਬੰਦੇ ਨੂੰ ਠੀਕ ਕੀਤਾ ਸੀ। ਬਾਈਬਲ ਸਾਨੂੰ ਦੱਸਦੀ ਹੈ: “ਜਦ ਓਹਨਾਂ ਲੋਕਾਂ ਨੇ ਜੋ ਕੁਝ ਪੌਲੁਸ ਨੇ ਕੀਤਾ ਸੀ ਵੇਖਿਆ ਤਦ ਓਹ ਲੁਕਾਉਨਿਯਾ ਦੀ ਬੋਲੀ ਵਿੱਚ ਉੱਚੀ ਅਵਾਜ਼ ਨਾਲ ਆਖਣ ਲੱਗੇ ਭਈ ਦਿਓਤੇ ਮਾਨਸ ਰੂਪ ਧਾਰ ਕੇ ਸਾਡੇ ਕੋਲ ਉਤਰੇ ਹਨ! ਅਤੇ ਉਨ੍ਹਾਂ ਨੇ ਬਰਨਬਾਸ ਦਾ ਨਾਉਂ ਦਿਔਸ ਅਤੇ ਪੌਲੁਸ ਦਾ ਨਾਉਂ ਹਰਮੇਸ ਰੱਖਿਆ ਇਸ ਲਈ ਜੋ ਇਹ ਬਚਨ ਕਰਨ ਵਿੱਚ ਆਗੂ ਸੀ।” (ਰਸੂਲਾਂ ਦੇ ਕਰਤੱਬ 14:11, 12) ਕੁਝ ਸਮੇਂ ਬਾਅਦ ਇਹੀ ਲੋਕ ਪੌਲੁਸ ਅਤੇ ਬਰਨਬਾਸ ਨੂੰ ਮਾਰਨ ਤੇ ਤੁਲੇ ਹੋਏ ਸਨ। (ਰਸੂਲਾਂ ਦੇ ਕਰਤੱਬ 14:19) ਇਸ ਤੋਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਇਹ ਲੋਕ ਆਪਣੀ ਬਰਾਦਰੀ ਦੇ ਦਬਾਅ ਵਿਚ ਜਲਦੀ ਆ ਜਾਂਦੇ ਸਨ। ਇਸ ਤੋਂ ਇਲਾਵਾ, ਲੱਗਦਾ ਹੈ ਕਿ ਇਸ ਇਲਾਕੇ ਵਿੱਚੋਂ ਜਿਹੜੇ ਲੋਕ ਮਸੀਹੀ ਬਣੇ ਸਨ ਉਨ੍ਹਾਂ ਨੇ ਆਪਣੀ ਬਰਾਦਰੀ ਵਿਚ ਪ੍ਰਚਲਿਤ ਗ਼ਲਤ ਵਿਚਾਰਾਂ ਤੇ ਵਹਿਮਾਂ ਨੂੰ ਨਹੀਂ ਛੱਡਿਆ ਸੀ। ਤਾਹੀਓਂ ਕੁਲੁੱਸੈ ਦੀ ਕਲੀਸਿਯਾ ਨੂੰ ਪੱਤਰੀ ਲਿਖਦੇ ਹੋਏ ਪੌਲੁਸ ਨੇ “ਦੂਤਾਂ ਦੀ ਪੂਜਾ” ਕਰਨ ਬਾਰੇ ਚੇਤਾਵਨੀ ਦਿੱਤੀ ਸੀ।—ਕੁਲੁੱਸੀਆਂ 2:18.
13. ਮਸੀਹੀਆਂ ਨੂੰ ਕਿਹੋ ਜਿਹੇ ਰੀਤੀ-ਰਿਵਾਜਾਂ ਨੂੰ ਰੱਦ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਦੀ ਹਿੰਮਤ ਕਿੱਥੋਂ ਮਿਲ ਸਕਦੀ ਹੈ?
13 ਅੱਜ ਸੱਚੇ ਮਸੀਹੀਆਂ ਨੂੰ ਵੀ ਉਨ੍ਹਾਂ ਰੀਤਾਂ-ਰਿਵਾਜਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਗ਼ਲਤ ਅਤੇ ਬਾਈਬਲ ਦੇ ਖ਼ਿਲਾਫ਼ ਹਨ। ਮਿਸਾਲ ਲਈ, ਕੁਝ ਦੇਸ਼ਾਂ ਵਿਚ ਜਨਮ-ਮਰਨ ਸੰਬੰਧੀ ਕਈ ਰੀਤੀ-ਰਿਵਾਜ ਇਸ ਗੱਲ ਉੱਤੇ ਆਧਾਰਿਤ ਹਨ ਕਿ ਮਰਨ ਤੋਂ ਬਾਅਦ ਆਤਮਾ ਜੀਉਂਦੀ ਰਹਿੰਦੀ ਹੈ। (ਉਪਦੇਸ਼ਕ ਦੀ ਪੋਥੀ 9:5, 10) ਕੁਝ ਦੇਸ਼ਾਂ ਵਿਚ ਕੁੜੀਆਂ ਦੇ ਜਣਨ-ਅੰਗਾਂ ਦੀ ਕੱਟ-ਵੱਢ ਕੀਤੀ ਜਾਂਦੀ ਹੈ।b ਇਹੋ ਜਿਹੀਆਂ ਰੀਤਾਂ ਬਾਈਬਲ ਦੇ ਖ਼ਿਲਾਫ਼ ਹਨ ਅਤੇ ਜਿਹੜੇ ਮਾਪੇ ਆਪਣੀਆਂ ਧੀਆਂ ਨੂੰ ਪਿਆਰ ਕਰਦੇ ਹਨ ਉਹ ਉਨ੍ਹਾਂ ਨਾਲ ਨਿਰਦਈਪੁਣਾ ਨਹੀਂ ਕਰਨਗੇ। (ਬਿਵਸਥਾ ਸਾਰ 6:6, 7; ਅਫ਼ਸੀਆਂ 6:4) ਮਸੀਹੀ ਆਪਣੀ ਬਰਾਦਰੀ ਦੇ ਦਬਾਅ ਦੇ ਬਾਵਜੂਦ ਇਨ੍ਹਾਂ ਰੀਤਾਂ-ਰਸਮਾਂ ਨੂੰ ਕਿਵੇਂ ਛੱਡ ਸਕਦੇ ਹਨ? ਯਹੋਵਾਹ ਉੱਤੇ ਪੱਕਾ ਭਰੋਸਾ ਰੱਖ ਕੇ। (ਜ਼ਬੂਰਾਂ ਦੀ ਪੋਥੀ 31:6) ਸਾਡਾ ਧਰਮੀ ਪਰਮੇਸ਼ੁਰ ਉਨ੍ਹਾਂ ਸਾਰਿਆਂ ਦੀ ਸਹਾਇਤਾ ਕਰੇਗਾ ਜੋ ਉਸ ਬਾਰੇ ਦਿਲੋਂ ਕਹਿੰਦੇ ਹਨ: “ਉਹ ਮੇਰੀ ਪਨਾਹ ਅਤੇ ਮੇਰਾ ਗੜ੍ਹ ਹੈ, ਮੇਰਾ ਪਰਮੇਸ਼ੁਰ ਜਿਹ ਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ।”—ਜ਼ਬੂਰਾਂ ਦੀ ਪੋਥੀ 91:2; ਕਹਾਉਤਾਂ 29:25.
ਯਹੋਵਾਹ ਨੂੰ ਨਾ ਭੁੱਲੋ
14. ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਤੋਂ ਪਹਿਲਾਂ ਯਹੋਵਾਹ ਨੇ ਇਸਰਾਏਲੀਆਂ ਨੂੰ ਕਿਹੜੀ ਚੇਤਾਵਨੀ ਦਿੱਤੀ ਸੀ?
14 ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਤੋਂ ਪਹਿਲਾਂ ਯਹੋਵਾਹ ਨੇ ਇਸਰਾਏਲੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਉਸ ਨੂੰ ਭੁੱਲ ਨਾ ਜਾਣ। ਉਸ ਨੇ ਕਿਹਾ: “ਚੌਕਸ ਰਹੋ ਮਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਵਿੱਸਰ ਜਾਓ ਅਤੇ ਉਸ ਦੇ ਹੁਕਮਾਂ, ਕਨੂਨਾਂ ਅਤੇ ਬਿਧੀਆਂ ਨੂੰ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਨਾ ਮੰਨੋ। ਅਜੇਹਾ ਨਾ ਹੋਵੇ ਕਿ ਜਦ ਤੁਸੀਂ ਰੱਜ ਕੇ ਖਾਓ ਅਤੇ ਚੰਗੇ ਘਰ ਬਣਾ ਕੇ ਉਨ੍ਹਾਂ ਵਿੱਚ ਵੱਸ ਜਾਓ। ਜਦ ਤੁਹਾਡੇ ਚੌਣੇ ਅਤੇ ਤੁਹਾਡੇ ਇੱਜੜ ਵਧ ਜਾਣ ਅਤੇ ਤੁਹਾਡੀ ਚਾਂਦੀ ਸੋਨਾ ਵਧ ਜਾਵੇ ਸਗੋਂ ਤੁਹਾਡਾ ਸਭ ਕੁਝ ਹੀ ਵਧ ਜਾਵੇ। ਤਦ ਤੁਹਾਡੇ ਮਨ ਵਿੱਚ ਹੰਕਾਰ ਆ ਜਾਵੇ ਅਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁੱਲ ਜਾਓ।”—ਬਿਵਸਥਾ ਸਾਰ 8:11-14.
15. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਨੂੰ ਭੁੱਲੇ ਨਹੀਂ?
15 ਕੀ ਸਾਡੇ ਨਾਲ ਅਜਿਹਾ ਕੁਝ ਹੋ ਸਕਦਾ ਹੈ? ਹਾਂ, ਜੇ ਅਸੀਂ ਆਪਣੀ ਜ਼ਿੰਦਗੀ ਵਿਚ ਜ਼ਰੂਰੀ ਗੱਲਾਂ ਨੂੰ ਪਹਿਲ ਨਾ ਦੇਈਏ। ਪਰ ਜੇ ਅਸੀਂ ਪਹਿਲਾਂ ਪਰਮੇਸ਼ੁਰ ਦੇ ਧਰਮ ਨੂੰ ਭਾਲਾਂਗੇ, ਤਾਂ ਅਸੀਂ ਉਸ ਦੀ ਭਗਤੀ ਨੂੰ ਜ਼ਰੂਰ ਪਹਿਲ ਦੇਵਾਂਗੇ। ਜਿਵੇਂ ਪੌਲੁਸ ਨੇ ਸਲਾਹ ਦਿੱਤੀ, ਅਸੀਂ ਸਮੇਂ ਦਾ ਪੂਰਾ ਲਾਹਾ ਲੈਂਦੇ ਹੋਏ ਜੋਸ਼ ਨਾਲ ਪ੍ਰਚਾਰ ਕਰਾਂਗੇ। (ਕੁਲੁੱਸੀਆਂ 4:5; 2 ਤਿਮੋਥਿਉਸ 4:2) ਜੇ ਅਸੀਂ ਸਭਾਵਾਂ ਵਿਚ ਜਾਣ ਅਤੇ ਪ੍ਰਚਾਰ ਕਰਨ ਨਾਲੋਂ ਦਿਲਪਰਚਾਵੇ ਅਤੇ ਆਰਾਮ ਕਰਨ ਨੂੰ ਜ਼ਿਆਦਾ ਜ਼ਰੂਰੀ ਸਮਝਦੇ ਹਾਂ, ਤਾਂ ਕਿਹਾ ਜਾ ਸਕਦਾ ਹੈ ਕਿ ਅਸੀਂ ਯਹੋਵਾਹ ਨੂੰ ਭੁੱਲ ਚੁੱਕੇ ਹਾਂ। ਕਿਉਂ? ਕਿਉਂਕਿ ਅਸੀਂ ਉਸ ਨੂੰ ਆਪਣੀ ਜ਼ਿੰਦਗੀ ਵਿਚ ਦੂਜਾ ਦਰਜਾ ਦੇ ਰਹੇ ਹਾਂ। ਪੌਲੁਸ ਨੇ ਕਿਹਾ ਸੀ ਕਿ ਅੰਤ ਦਿਆਂ ਦਿਨਾਂ ਵਿਚ ਇਨਸਾਨ “ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ।” (2 ਤਿਮੋਥਿਉਸ 3:4) ਸੱਚੇ ਮਸੀਹੀ ਬਾਕਾਇਦਾ ਆਪਣੇ ਆਪ ਨੂੰ ਪਰਖਦੇ ਹਨ ਕਿ ਕਿਤੇ ਉਹ ਵੀ ਦੁਨੀਆਂ ਵਰਗੇ ਤਾਂ ਨਹੀਂ ਬਣੀ ਜਾ ਰਹੇ।—2 ਕੁਰਿੰਥੀਆਂ 13:5.
ਆਪਣੀ ਮਨ-ਮਰਜ਼ੀ ਕਰਨ ਤੋਂ ਬਚੋ
16. ਹੱਵਾਹ ਦਾ ਅਤੇ ਪੌਲੁਸ ਦੇ ਜ਼ਮਾਨੇ ਦੇ ਕੁਝ ਮਸੀਹੀਆਂ ਦਾ ਕਿਹੜਾ ਗ਼ਲਤ ਰਵੱਈਆ ਸੀ?
16 ਅਦਨ ਦੇ ਬਾਗ਼ ਵਿਚ ਸ਼ਤਾਨ ਨੇ ਬੜੀ ਚਲਾਕੀ ਨਾਲ ਹੱਵਾਹ ਦੇ ਮਨ ਵਿਚ ਇਹ ਗ਼ਲਤ ਇੱਛਾ ਜਗਾਈ ਕਿ ਉਹ ਪਰਮੇਸ਼ੁਰ ਨੂੰ ਛੱਡ ਕੇ ਖ਼ੁਦ ਆਪਣਾ ਭਲਾ-ਬੁਰਾ ਸੋਚੇ। (ਉਤਪਤ 3:1-6) ਪਹਿਲੀ ਸਦੀ ਵਿਚ ਕੁਰਿੰਥੁਸ ਸ਼ਹਿਰ ਦੇ ਕੁਝ ਮਸੀਹੀਆਂ ਦਾ ਵੀ ਇਹੋ ਜਿਹਾ ਰਵੱਈਆ ਸੀ। ਉਹ ਆਪਣੇ ਆਪ ਨੂੰ ਪੌਲੁਸ ਨਾਲੋਂ ਮਹਾਨ ਰਸੂਲ ਸਮਝਦੇ ਸਨ ਅਤੇ ਉਸ ਦੀ ਨਿੰਦਿਆ ਕਰਦੇ ਸਨ।—2 ਕੁਰਿੰਥੀਆਂ 11:3-5; 1 ਤਿਮੋਥਿਉਸ 6:3-5.
17. ਅਸੀਂ ਆਪਣੀ ਮਨ-ਮਰਜ਼ੀ ਕਰਨ ਤੋਂ ਕਿਵੇਂ ਬਚ ਸਕਦੇ ਹਾਂ?
17 ਅੱਜ ਦੇ ਜ਼ਮਾਨੇ ਵਿਚ ਕਈ ਲੋਕ ‘ਕਾਹਲੇ ਤੇ ਘਮੰਡੀ’ ਹਨ ਅਤੇ ਇਹੋ ਜਿਹੀ ਸੋਚਣੀ ਕੁਝ ਮਸੀਹੀਆਂ ਵਿਚ ਵੀ ਪਾਈ ਗਈ ਹੈ। ਕੁਝ ਮਸੀਹੀਆਂ ਨੇ ਤਾਂ ਸੱਚਾਈ ਦਾ ਵਿਰੋਧ ਵੀ ਕੀਤਾ ਹੈ। (2 ਤਿਮੋਥਿਉਸ 3:4; ਫ਼ਿਲਿੱਪੀਆਂ 3:18) ਸੱਚੀ ਭਗਤੀ ਕਰਨ ਲਈ ਯਹੋਵਾਹ ਤੋਂ ਅਗਵਾਈ ਲੈਣੀ ਅਤੇ ‘ਮਾਤਬਰ ਅਤੇ ਬੁੱਧਵਾਨ ਨੌਕਰ’ ਤੇ ਬਜ਼ੁਰਗਾਂ ਦਾ ਵੀ ਸਾਥ ਦੇਣਾ ਜ਼ਰੂਰੀ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਧਰਮ ਦੇ ਰਾਹ ਉੱਤੇ ਚੱਲਦੇ ਹਾਂ ਅਤੇ ਆਪਣੀ ਮਨ-ਮਰਜ਼ੀ ਕਰਨ ਤੋਂ ਵੀ ਬਚਾਂਗੇ। (ਮੱਤੀ 24:45-47; ਜ਼ਬੂਰਾਂ ਦੀ ਪੋਥੀ 25:9, 10; ਯਸਾਯਾਹ 30:21) ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ “ਸਚਿਆਈ ਦਾ ਥੰਮ੍ਹ ਅਤੇ ਨੀਂਹ ਹੈ।” ਯਹੋਵਾਹ ਨੇ ਇਹ ਪ੍ਰਬੰਧ ਸਾਡੀ ਅਗਵਾਈ ਤੇ ਸੁਰੱਖਿਆ ਲਈ ਕੀਤਾ ਹੈ। (1 ਤਿਮੋਥਿਉਸ 3:15) ਜੇ ਅਸੀਂ ਕਲੀਸਿਯਾ ਦੀ ਅਹਿਮੀਅਤ ਨੂੰ ਪਛਾਣਾਂਗੇ, ਤਾਂ ਅਸੀਂ “ਫੋਕੇ ਘੁਮੰਡ ਨਾਲ ਕੁਝ ਨਾ” ਕਰਾਂਗੇ ਅਤੇ ਹਲੀਮੀ ਨਾਲ ਯਹੋਵਾਹ ਦੇ ਧਰਮੀ ਅਸੂਲਾਂ ਤੇ ਚੱਲਾਂਗੇ।—ਫ਼ਿਲਿੱਪੀਆਂ 2:2-4; ਕਹਾਉਤਾਂ 3:4-6.
ਯਿਸੂ ਦੀ ਰੀਸ ਕਰੋ
18. ਸਾਨੂੰ ਕਿਨ੍ਹਾਂ ਤਰੀਕਿਆਂ ਨਾਲ ਯਿਸੂ ਦੀ ਰੀਸ ਕਰਨੀ ਚਾਹੀਦੀ ਹੈ?
18 ਯਿਸੂ ਬਾਰੇ ਬਾਈਬਲ ਦੀ ਇਕ ਭਵਿੱਖਬਾਣੀ ਕਹਿੰਦੀ ਹੈ: “ਤੈਂ ਧਰਮ ਦੇ ਨਾਲ ਪ੍ਰੇਮ, ਅਤੇ ਬਦੀ ਦੇ ਨਾਲ ਵੈਰ ਰੱਖਿਆ ਹੈ।” (ਜ਼ਬੂਰਾਂ ਦੀ ਪੋਥੀ 45:7; ਇਬਰਾਨੀਆਂ 1:9) ਯਿਸੂ ਨੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ ਹੈ! (1 ਕੁਰਿੰਥੀਆਂ 10:33) ਯਿਸੂ ਯਹੋਵਾਹ ਦੇ ਧਰਮੀ ਮਿਆਰਾਂ ਨੂੰ ਜਾਣਦਾ ਹੀ ਨਹੀਂ ਸੀ, ਸਗੋਂ ਉਨ੍ਹਾਂ ਨਾਲ ਪਿਆਰ ਵੀ ਕਰਦਾ ਸੀ। ਜਦ ਸ਼ਤਾਨ ਨੇ ਉਜਾੜ ਵਿਚ ਯਿਸੂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਯਿਸੂ ਉਸ ਦੇ ਕਹਿਣੇ ਵਿਚ ਨਹੀਂ ਆਇਆ, ਸਗੋਂ “ਧਰਮ ਦੇ ਮਾਰਗ” ਉੱਤੇ ਚੱਲਦਾ ਰਿਹਾ।—ਕਹਾਉਤਾਂ 8:20; ਮੱਤੀ 4:3-11.
19, 20. ਧਾਰਮਿਕਤਾ ਨੂੰ ਭਾਲਣ ਦੇ ਚੰਗੇ ਨਤੀਜੇ ਕੀ ਹਨ?
19 ਇਹ ਸੱਚ ਹੈ ਕਿ ਬੁਰਾਈ ਕਰਨ ਦਾ ਝੁਕਾਅ ਸਾਡੇ ਸਾਰਿਆਂ ਵਿਚ ਹੈ। (ਰੋਮੀਆਂ 7:19, 20) ਪਰ ਜੇ ਅਸੀਂ ਯਹੋਵਾਹ ਦੇ ਧਰਮੀ ਮਿਆਰਾਂ ਨੂੰ ਅਨਮੋਲ ਸਮਝਦੇ ਹਾਂ, ਤਾਂ ਅਸੀਂ ਬੁਰਾਈ ਦਾ ਵਿਰੋਧ ਕਰ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 119:165) ਜਦ ਸਾਡੇ ਅੰਦਰ ਗ਼ਲਤ ਕੰਮ ਕਰਨ ਦੀ ਇੱਛਾ ਪੈਦਾ ਹੁੰਦੀ ਹੈ, ਤਾਂ ਯਹੋਵਾਹ ਦੇ ਅਸੂਲਾਂ ਲਈ ਗਹਿਰਾ ਪਿਆਰ ਬੁਰੇ ਕੰਮ ਕਰਨ ਤੋਂ ਸਾਨੂੰ ਰੋਕੇਗਾ। (ਕਹਾਉਤਾਂ 4:4-6) ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਜਦ ਅਸੀਂ ਆਪਣੀਆਂ ਕਾਮਨਾਵਾਂ ਅੱਗੇ ਸਿਰ ਝੁਕਾ ਦਿੰਦੇ ਹਾਂ, ਤਾਂ ਇਸ ਨਾਲ ਸ਼ਤਾਨ ਦੀ ਜਿੱਤ ਹੁੰਦੀ ਹੈ। ਪਰ ਜੇ ਅਸੀਂ ਬੁਰੇ ਕੰਮਾਂ ਤੋਂ ਮੂੰਹ ਮੋੜਦੇ ਹਾਂ, ਤਾਂ ਇਸ ਨਾਲ ਯਹੋਵਾਹ ਦੀ ਜਿੱਤ ਹੋਵੇਗੀ।—ਕਹਾਉਤਾਂ 27:11; ਯਾਕੂਬ 4:7, 8.
20 ਸੱਚੇ ਮਸੀਹੀ ਧਾਰਮਿਕਤਾ ਨੂੰ ਭਾਲਦੇ ਹਨ, ਇਸ ਲਈ ਉਹ ‘ਧਰਮ ਦੇ ਫਲ ਨਾਲ ਜੋ ਯਿਸੂ ਮਸੀਹ ਦੇ ਵਸੀਲੇ ਕਰਕੇ ਹੁੰਦਾ ਹੈ ਭਰੇ ਹੋਏ ਰਹਿੰਦੇ ਹਨ ਭਈ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਹੋਵੇ।’ (ਫ਼ਿਲਿੱਪੀਆਂ 1:10, 11) ਉਹ ‘ਨਵੀਂ ਇਨਸਾਨੀਅਤ ਨੂੰ ਪਹਿਨਦੇ ਹਨ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।’ (ਅਫ਼ਸੀਆਂ 4:24) ਉਹ ਯਹੋਵਾਹ ਲਈ ਜੀਉਂਦੇ ਹਨ, ਆਪਣੇ ਆਪ ਲਈ ਨਹੀਂ। (ਰੋਮੀਆਂ 14:8; 1 ਪਤਰਸ 4:2) ਇਸ ਲਈ ਉਨ੍ਹਾਂ ਦੀ ਸੋਚ ਅਤੇ ਕੰਮ ਯਹੋਵਾਹ ਦੇ ਧਰਮੀ ਮਿਆਰਾਂ ਅਨੁਸਾਰ ਹੁੰਦੇ ਹਨ। ਉਹ ਯਹੋਵਾਹ ਦੇ ਦਿਲ ਨੂੰ ਕਿੰਨਾ ਖ਼ੁਸ਼ ਕਰਦੇ ਹਨ!—ਕਹਾਉਤਾਂ 23:24.
[ਫੁਟਨੋਟ]
a ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਂ ਦੀ ਕਿਤਾਬ ਵਿਚ ਮਾਪਿਆਂ ਲਈ ਵਧੀਆ ਸਲਾਹ ਪਾਈ ਜਾਂਦੀ ਹੈ। ਇਸ ਸਲਾਹ ਨੂੰ ਲਾਗੂ ਕਰ ਕੇ ਮਾਪੇ ਆਪਣੇ ਬੱਚਿਆਂ ਨੂੰ ਦੁਨੀਆਂ ਦੇ ਬੁਰੇ ਪ੍ਰਭਾਵ ਤੋਂ ਬਚਾ ਸਕਦੇ ਹਨ।
b ਕੁੜੀਆਂ ਦੇ ਜਣਨ-ਅੰਗਾਂ ਦੀ ਕੱਟ-ਵੱਢ ਨੂੰ ਪਹਿਲਾਂ ਕੁੜੀਆਂ ਦੀ ਸੁੰਨਤ ਕਿਹਾ ਜਾਂਦਾ ਸੀ।
ਕੀ ਤੁਸੀਂ ਸਮਝਾ ਸਕਦੇ ਹੋ?
• ਧਾਰਮਿਕਤਾ ਨੂੰ ਭਾਲਣਾ ਜ਼ਰੂਰੀ ਕਿਉਂ ਹੈ?
• ਮਸੀਹੀ ਪਾਪੀ ਹੋਣ ਦੇ ਬਾਵਜੂਦ ਧਾਰਮਿਕਤਾ ਨੂੰ ਕਿਵੇਂ ਭਾਲ ਸਕਦੇ ਹਨ?
• ਮਸੀਹੀਆਂ ਨੂੰ ਦੁਨੀਆਂ ਦੇ ਕਿਹੜੇ ਬੁਰੇ ਪ੍ਰਭਾਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ?
• ਧਾਰਮਿਕਤਾ ਨੂੰ ਭਾਲਣ ਨਾਲ ਸਾਡੀ ਰੱਖਿਆ ਕਿਵੇਂ ਹੁੰਦੀ ਹੈ?
[ਸਫ਼ਾ 26 ਉੱਤੇ ਤਸਵੀਰ]
ਯਿਸੂ ਦੇ ਚੇਲਿਆਂ ਲਈ ਸੰਸਾਰ ਖ਼ਤਰੇ ਤੋਂ ਖਾਲੀ ਨਹੀਂ
[ਸਫ਼ਾ 27 ਉੱਤੇ ਤਸਵੀਰ]
ਜਿਨ੍ਹਾਂ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਇਆ ਜਾਂਦਾ ਹੈ, ਉਹ ਬਦਚਲਣੀ ਤੋਂ ਬਚੇ ਰਹਿਣਗੇ
[ਸਫ਼ਾ 28 ਉੱਤੇ ਤਸਵੀਰ]
ਵਾਅਦਾ ਕੀਤੇ ਹੋਏ ਦੇਸ਼ ਵਿਚ ਕੁਝ ਇਸਰਾਏਲੀ ਆਪਣੀ ਖ਼ੁਸ਼ਹਾਲੀ ਕਰਕੇ ਯਹੋਵਾਹ ਨੂੰ ਭੁੱਲ ਗਏ
[ਸਫ਼ਾ 29 ਉੱਤੇ ਤਸਵੀਰ]
ਯਿਸੂ ਵਾਂਗ ਮਸੀਹੀ ਵੀ ਬੁਰਾਈ ਨਾਲ ਨਫ਼ਰਤ ਕਰਦੇ ਹਨ