ਸ਼ਤਾਨ ਨੂੰ ਮੌਕਾ ਨਾ ਦਿਓ
“ਤੁਸੀਂ ਸ਼ੈਤਾਨ ਨੂੰ ਕਿਸੇ ਤਰ੍ਹਾਂ ਦਾ ਵੀ ਮੌਕਾ ਨਾ ਦਿਓ।”—ਅਫਸੀਆਂ 4:27, ਪਵਿੱਤਰ ਬਾਈਬਲ ਨਵਾਂ ਅਨੁਵਾਦ।
1. ਕਈ ਲੋਕ ਕਿਉਂ ਨਹੀਂ ਮੰਨਦੇ ਕਿ ਸ਼ਤਾਨ ਅਸਲ ਵਿਚ ਹੈ?
ਸਦੀਆਂ ਤੋਂ ਚਰਚ ਜਾਣ ਵਾਲੇ ਕਈ ਲੋਕ ਸ਼ਤਾਨ ਨੂੰ ਸਿੰਗਾਂ ਅਤੇ ਖੁਰਾਂ ਵਾਲਾ ਪ੍ਰਾਣੀ ਮੰਨਦੇ ਆਏ ਹਨ ਜੋ ਤ੍ਰਿਸ਼ੂਲ ਨਾਲ ਦੁਸ਼ਟ ਲੋਕਾਂ ਨੂੰ ਨਰਕ ਦੀ ਅੱਗ ਵਿਚ ਸੁੱਟਦਾ ਹੈ। ਪਰ ਬਾਈਬਲ ਵਿਚ ਇਹ ਗੱਲਾਂ ਨਹੀਂ ਪਾਈਆਂ ਜਾਂਦੀਆਂ। ਇਨ੍ਹਾਂ ਗ਼ਲਤ ਖ਼ਿਆਲਾਂ ਕਾਰਨ ਲੱਖਾਂ ਲੋਕ ਮੰਨਦੇ ਹਨ ਕਿ ਸ਼ਤਾਨ ਸਿਰਫ਼ ਇਕ ਕਲਪਨਾ ਹੈ ਜਾਂ ਉਹ ਮੰਨਦੇ ਹਨ ਕਿ ਸ਼ਤਾਨ ਬਦੀ ਨੂੰ ਦਰਸਾਉਂਦਾ ਹੈ।
2. ਬਾਈਬਲ ਵਿਚ ਸ਼ਤਾਨ ਬਾਰੇ ਕੀ ਕਿਹਾ ਗਿਆ ਹੈ?
2 ਬਾਈਬਲ ਵਿਚ ਪੱਕਾ ਸਬੂਤ ਹੈ ਕਿ ਸ਼ਤਾਨ ਹੈ। ਯਿਸੂ ਨੇ ਸਵਰਗ ਵਿਚ ਉਸ ਨੂੰ ਆਪਣੀ ਅੱਖੀਂ ਦੇਖਿਆ ਸੀ ਅਤੇ ਧਰਤੀ ਉੱਤੇ ਉਸ ਨਾਲ ਗੱਲਾਂ ਕੀਤੀਆਂ ਸਨ। (ਅੱਯੂਬ 1:6; ਮੱਤੀ 4:4-11) ਭਾਵੇਂ ਬਾਈਬਲ ਵਿਚ ਇਸ ਆਤਮਿਕ ਪ੍ਰਾਣੀ ਦਾ ਅਸਲੀ ਨਾਂ ਨਹੀਂ ਦੱਸਿਆ ਗਿਆ, ਪਰ ਉਸ ਨੂੰ ਇਬਲੀਸ (ਯਾਨੀ ਤੁਹਮਤ ਲਾਉਣ ਵਾਲਾ) ਅਤੇ ਸ਼ਤਾਨ (ਯਾਨੀ ਵਿਰੋਧੀ) ਕਿਹਾ ਗਿਆ ਹੈ। ਕਿਉਂ? ਕਿਉਂਕਿ ਉਸ ਨੇ ਪਰਮੇਸ਼ੁਰ ਬਾਰੇ ਝੂਠ ਬੋਲ ਕੇ ਉਸ ਉੱਤੇ ਤੁਹਮਤ ਲਾਈ ਅਤੇ ਉਸ ਦਾ ਵਿਰੋਧ ਕੀਤਾ ਸੀ। ਸ਼ਤਾਨ ਨੂੰ “ਪੁਰਾਣਾ ਸੱਪ” ਵੀ ਕਿਹਾ ਜਾਂਦਾ ਹੈ ਕਿਉਂਕਿ ਉਸ ਨੇ ਹੱਵਾਹ ਨੂੰ ਧੋਖਾ ਦੇਣ ਲਈ ਸੱਪ ਨੂੰ ਵਰਤਿਆ ਸੀ। (ਪਰਕਾਸ਼ ਦੀ ਪੋਥੀ 12:9; 1 ਤਿਮੋਥਿਉਸ 2:14) ਉਸ ਨੂੰ “ਦੁਸ਼ਟ” ਵੀ ਕਿਹਾ ਗਿਆ ਹੈ।—1 ਯੂਹੰਨਾ 5:19.a
3. ਅਸੀਂ ਕਿਸ ਸਵਾਲ ਉੱਤੇ ਚਰਚਾ ਕਰਾਂਗੇ?
3 ਸ਼ਤਾਨ ਸੱਚੇ ਪਰਮੇਸ਼ੁਰ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਸੋ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਸ਼ਤਾਨ ਵਰਗੇ ਬਿਲਕੁਲ ਨਹੀਂ ਬਣਨਾ ਚਾਹੁੰਦੇ। ਇਸ ਲਈ ਸਾਨੂੰ ਪੌਲੁਸ ਰਸੂਲ ਦੀ ਸਲਾਹ ਵੱਲ ਧਿਆਨ ਦੇਣਾ ਚਾਹੀਦਾ ਹੈ: “ਤੁਸੀਂ ਸ਼ੈਤਾਨ ਨੂੰ ਕਿਸੇ ਤਰ੍ਹਾਂ ਦਾ ਵੀ ਮੌਕਾ ਨਾ ਦਿਓ।” (ਅਫਸੀਆਂ 4:27, ਨਵਾਂ ਅਨੁਵਾਦ) ਸ਼ਤਾਨ ਦੇ ਕਿਹੜੇ ਕੁਝ ਔਗੁਣਾਂ ਦੀ ਸਾਨੂੰ ਰੀਸ ਨਹੀਂ ਕਰਨੀ ਚਾਹੀਦੀ?
ਤੁਹਮਤ ਲਾਉਣ ਵਾਲੇ ਦੀ ਨਕਲ ਨਾ ਕਰੋ
4. ਸ਼ਤਾਨ ਨੇ ਪਰਮੇਸ਼ੁਰ ਉੱਤੇ ਕੀ ਤੁਹਮਤ ਲਾਈ?
4 ਇਸ ਦੁਸ਼ਟ ਆਤਮਿਕ ਪ੍ਰਾਣੀ ਨੂੰ ਸ਼ਤਾਨ ਕਹਿਣਾ ਬਿਲਕੁਲ ਸਹੀ ਹੈ ਕਿਉਂਕਿ ਉਹ ਤੁਹਮਤ ਲਾਉਣ ਵਾਲਾ ਹੈ। ਪਰਮੇਸ਼ੁਰ ਨੇ ਆਦਮ ਨੂੰ ਹੁਕਮ ਦਿੱਤਾ ਸੀ: “ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” (ਉਤਪਤ 2:17) ਹੱਵਾਹ ਨੂੰ ਵੀ ਇਸ ਹੁਕਮ ਬਾਰੇ ਪਤਾ ਸੀ, ਪਰ ਇਕ ਸੱਪ ਰਾਹੀਂ ਸ਼ਤਾਨ ਨੇ ਉਸ ਨੂੰ ਕਿਹਾ: “ਤੁਸੀਂ ਕਦੀ ਨਾ ਮਰੋਗੇ। ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।” (ਉਤਪਤ 3:4, 5) ਉਸ ਨੇ ਕਿੰਨਾ ਵੱਡਾ ਝੂਠ ਬੋਲ ਕੇ ਯਹੋਵਾਹ ਪਰਮੇਸ਼ੁਰ ਉੱਤੇ ਤੁਹਮਤ ਲਾਈ!
5. ਦਿਯੁਤ੍ਰਿਫੇਸ ਨੂੰ ਕਿਹੜੀ ਗੱਲ ਦਾ ਲੇਖਾ ਦੇਣਾ ਪੈਣਾ ਸੀ?
5 ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ: “ਤੁਸੀਂ ਝੂਠੀਆਂ ਅਫਵਾਹਾਂ ਨਾ ਉਡਾਉਣਾ ਅਤੇ ਨਾ ਹੀ ਕਿਸੇ ਦੀ ਜਾਨ ਦੇ ਵਿਰੁਧ ਜਾਣ ਬੁਝ ਕੇ ਝੂਠ ਬੋਲਣਾ।” (ਲੇਵੀਆਂ 19:16, ਨਵਾਂ ਅਨੁਵਾਦ) ਯੂਹੰਨਾ ਰਸੂਲ ਨੇ ਵੀ ਇਕ ਤੁਹਮਤ ਲਾਉਣ ਵਾਲੇ ਵਿਅਕਤੀ ਬਾਰੇ ਗੱਲ ਕਰਦੇ ਹੋਏ ਕਿਹਾ ਸੀ: “ਮੈਂ ਕਲੀਸਿਯਾ ਨੂੰ ਕੁਝ ਲਿਖਿਆ ਸੀ ਪਰ ਦਿਯੁਤ੍ਰਿਫੇਸ ਜਿਹੜਾ ਉਨ੍ਹਾਂ ਵਿੱਚੋਂ ਸਿਰ ਕੱਢ ਹੋਣਾ ਚਾਹੁੰਦਾ ਹੈ ਸਾਨੂੰ ਨਹੀਂ ਮੰਨਦਾ। ਇਸ ਕਾਰਨ ਜੇ ਮੈਂ ਆਇਆ ਤਾਂ ਉਹ ਦੇ ਕੰਮ ਜਿਹੜੇ ਉਹ ਕਰਦਾ ਹੈ ਚਿਤਾਰਾਂਗਾ ਕਿ ਉਹ ਬੁਰੀਆਂ ਗੱਲਾਂ ਆਖ ਕੇ ਸਾਡੇ ਵਿਰੁੱਧ ਬਕਦਾ ਹੈ।” (3 ਯੂਹੰਨਾ 9, 10) ਦਿਯੁਤ੍ਰਿਫੇਸ ਆਪਣੀਆਂ ਗੱਲਾਂ ਰਾਹੀਂ ਯੂਹੰਨਾ ਨੂੰ ਬਦਨਾਮ ਕਰ ਰਿਹਾ ਸੀ ਜਿਸ ਲਈ ਉਸ ਨੂੰ ਲੇਖਾ ਦੇਣਾ ਪੈਣਾ ਸੀ। ਕੋਈ ਵੀ ਵਫ਼ਾਦਾਰ ਮਸੀਹੀ ਦਿਯੁਤ੍ਰਿਫੇਸ ਵਾਂਗ ਤੁਹਮਤ ਲਾਉਣ ਵਾਲਾ ਬਣ ਕੇ ਸ਼ਤਾਨ ਦੀ ਨਕਲ ਨਹੀਂ ਕਰਨੀ ਚਾਹੇਗਾ।
6, 7. ਅਸੀਂ ਕਿਸੇ ਉੱਤੇ ਤੁਹਮਤ ਕਿਉਂ ਨਹੀਂ ਲਾਉਣੀ ਚਾਹਾਂਗੇ?
6 ਯਹੋਵਾਹ ਦੇ ਸੇਵਕਾਂ ਬਾਰੇ ਅਕਸਰ ਅਫ਼ਵਾਹਾਂ ਫੈਲਾਈਆਂ ਜਾਂਦੀਆਂ ਤੇ ਉਨ੍ਹਾਂ ਉੱਤੇ ਝੂਠੇ ਦੋਸ਼ ਲਾਏ ਜਾਂਦੇ ਹਨ। ਮਿਸਾਲ ਲਈ, “ਪਰਧਾਨ ਜਾਜਕਾਂ ਅਤੇ ਗ੍ਰੰਥੀਆਂ ਨੇ ਖਲੋ ਕੇ ਵੱਡੇ ਜੋਸ਼ ਨਾਲ [ਯਿਸੂ] ਉੱਤੇ ਦੋਸ਼ ਲਾਇਆ।” (ਲੂਕਾ 23:10) ਸਰਦਾਰ ਜਾਜਕ ਹਨਾਨਿਯਾਹ ਅਤੇ ਹੋਰਨਾਂ ਨੇ ਪੌਲੁਸ ਉੱਤੇ ਝੂਠੇ ਦੋਸ਼ ਲਾਏ ਸਨ। (ਰਸੂਲਾਂ ਦੇ ਕਰਤੱਬ 24:1-8) ਇਸ ਤੋਂ ਇਲਾਵਾ ਬਾਈਬਲ ਕਹਿੰਦੀ ਹੈ ਕਿ “ਸਾਡੇ ਭਰਾਵਾਂ ਨੂੰ ਦੋਸ਼ ਲਾਉਣ ਵਾਲਾ” ਸ਼ਤਾਨ “ਸਾਡੇ ਪਰਮੇਸ਼ੁਰ ਦੇ ਹਜ਼ੂਰ ਓਹਨਾਂ ਉੱਤੇ ਰਾਤ ਦਿਨ ਦੋਸ਼ ਲਾਉਂਦਾ ਹੈ।” (ਪਰਕਾਸ਼ ਦੀ ਪੋਥੀ 12:10) ਇਹ ਭਰਾ ਕੌਣ ਹਨ? ਇਹ ਅੰਤਿਮ ਦਿਨਾਂ ਵਿਚ ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀ ਹਨ।
7 ਕੋਈ ਵੀ ਮਸੀਹੀ ਕਿਸੇ ਉੱਤੇ ਝੂਠੇ ਦੋਸ਼ ਨਹੀਂ ਲਾਉਣੇ ਚਾਹੇਗਾ। ਪਰ ਸਾਡੇ ਕੋਲੋਂ ਇਹ ਬੁਰਾਈ ਹੋ ਸਕਦੀ ਹੈ ਜੇ ਅਸੀਂ ਪੂਰੀ ਗੱਲ ਜਾਣੇ ਬਗੈਰ ਕਿਸੇ ਵਿਰੁੱਧ ਗਵਾਹੀ ਦੇ ਦਿੰਦੇ ਹਾਂ। ਮੂਸਾ ਦੀ ਬਿਵਸਥਾ ਅਧੀਨ ਕਿਸੇ ਦੇ ਖ਼ਿਲਾਫ਼ ਜਾਣ-ਬੁੱਝ ਕੇ ਝੂਠੀ ਗਵਾਹੀ ਦੇਣ ਦੀ ਸਜ਼ਾ ਮੌਤ ਸੀ। (ਕੂਚ 20:16; ਬਿਵਸਥਾ ਸਾਰ 19:15-19) ਇਸ ਤੋਂ ਇਲਾਵਾ, ਯਹੋਵਾਹ ਨੂੰ ‘ਝੂਠੇ ਗਵਾਹ’ ਤੋਂ ਘਿਣ ਆਉਂਦੀ ਹੈ ਜੋ “ਝੂਠ ਮਾਰਦਾ ਹੈ।”। (ਕਹਾਉਤਾਂ 6:16-19) ਤਾਂ ਫਿਰ, ਅਸੀਂ ਸ਼ਤਾਨ ਦੀ ਨਕਲ ਹਰਗਿਜ਼ ਨਹੀਂ ਕਰਨੀ ਚਾਹੁੰਦੇ ਜੋ ਤੁਹਮਤ ਅਤੇ ਝੂਠੇ ਦੋਸ਼ ਲਾਉਣ ਵਾਲਾ ਹੈ!
ਖ਼ੂਨੀ ਦੇ ਰਾਹਾਂ ਤੋਂ ਦੂਰ ਰਹੋ
8. ਸ਼ਤਾਨ “ਮੁੱਢੋਂ ਮਨੁੱਖ ਘਾਤਕ” ਕਿਵੇਂ ਬਣਿਆ?
8 ਸ਼ਤਾਨ ਖ਼ੂਨੀ ਹੈ। ਯਿਸੂ ਨੇ ਕਿਹਾ: “ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ।” (ਯੂਹੰਨਾ 8:44) ਆਦਮ ਤੇ ਹੱਵਾਹ ਨੂੰ ਪਰਮੇਸ਼ੁਰ ਤੋਂ ਦੂਰ ਕਰ ਕੇ ਸ਼ਤਾਨ ਖ਼ੂਨੀ ਬਣ ਗਿਆ। ਉਸ ਨੇ ਉਨ੍ਹਾਂ ਉੱਤੇ ਅਤੇ ਉਨ੍ਹਾਂ ਦੀ ਔਲਾਦ ਉੱਤੇ ਮੌਤ ਲਿਆਂਦੀ। (ਰੋਮੀਆਂ 5:12) ਧਿਆਨ ਦਿਓ ਕਿ ਸਿਰਫ਼ ਇਕ ਅਸਲੀ ਵਿਅਕਤੀ ਨੂੰ ਹੀ “ਮਨੁੱਖ ਘਾਤਕ” ਕਿਹਾ ਜਾ ਸਕਦਾ ਹੈ।
9. ਪਹਿਲਾ ਯੂਹੰਨਾ 3:15 ਅਨੁਸਾਰ ਅਸੀਂ ਖ਼ੂਨੀ ਕਿਵੇਂ ਬਣ ਸਕਦੇ ਹਾਂ?
9 ਇਸਰਾਏਲੀਆਂ ਨੂੰ ਦਿੱਤੇ ਦਸ ਹੁਕਮਾਂ ਵਿੱਚੋਂ ਇਕ ਸੀ: “ਤੂੰ ਖ਼ੂਨ ਨਾ ਕਰ।” (ਬਿਵਸਥਾ ਸਾਰ 5:17) ਮਸੀਹੀਆਂ ਨੂੰ ਪਤਰਸ ਰਸੂਲ ਨੇ ਲਿਖਿਆ: “ਐਉਂ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਖੂਨੀ . . . ਹੋ ਕੇ ਦੁਖ ਪਾਵੇ।” (1 ਪਤਰਸ 4:15) ਇਸ ਲਈ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਕਿਸੇ ਦਾ ਖ਼ੂਨ ਨਹੀਂ ਕਰਾਂਗੇ। ਪਰ ਜੇ ਅਸੀਂ ਆਪਣੇ ਭਰਾ ਨੂੰ ਇੰਨੀ ਨਫ਼ਰਤ ਕਰਦੇ ਹਾਂ ਕਿ ਦਿਲ ਹੀ ਦਿਲ ਵਿਚ ਅਸੀਂ ਉਸ ਦੀ ਮੌਤ ਚਾਹੁੰਦੇ ਹਾਂ, ਤਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਅਸੀਂ ਦੋਸ਼ੀ ਠਹਿਰਾਂਗੇ। ਯੂਹੰਨਾ ਰਸੂਲ ਨੇ ਲਿਖਿਆ: “ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਖੂਨੀ ਹੈ ਅਤੇ ਤੁਸੀਂ ਜਾਣਦੇ ਹੋ ਭਈ ਕਿਸੇ ਖੂਨੀ ਵਿੱਚ ਸਦੀਪਕ ਜੀਵਨ ਨਹੀਂ ਟਿਕਦਾ।” (1 ਯੂਹੰਨਾ 3:15) ਇਸਰਾਏਲੀਆਂ ਨੂੰ ਇਹ ਹੁਕਮ ਦਿੱਤਾ ਗਿਆ ਸੀ: “ਤੂੰ ਆਪਣੇ ਭਰਾ ਨਾਲ ਆਪਣੇ ਮਨ ਵਿੱਚ ਵੈਰ ਨਾ ਰੱਖੀਂ।” (ਲੇਵੀਆਂ 19:17) ਇਸ ਲਈ, ਜੇ ਕਿਸੇ ਭੈਣ ਜਾਂ ਭਰਾ ਨਾਲ ਸਾਡੀ ਅਣਬਣ ਹੋ ਜਾਵੇ, ਤਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਜਲਦੀ ਹੀ ਸੁਲ੍ਹਾ ਕਰ ਲਈਏ। ਵਰਨਾ ਸ਼ਤਾਨ ਸਾਡੇ ਭਾਈਚਾਰੇ ਵਿਚ ਫੁੱਟ ਪਾ ਸਕਦਾ ਹੈ।—ਲੂਕਾ 17:3, 4.
ਝੂਠ ਦੇ ਪਤੰਦਰ ਦਾ ਸਾਮ੍ਹਣਾ ਕਰੋ
10, 11. ਅਸੀਂ ਝੂਠ ਦੇ ਪਤੰਦਰ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ?
10 ਸ਼ਤਾਨ ਝੂਠਾ ਹੈ। ਯਿਸੂ ਨੇ ਕਿਹਾ: “ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ।” (ਯੂਹੰਨਾ 8:44) ਸ਼ਤਾਨ ਨੇ ਹੱਵਾਹ ਨੂੰ ਝੂਠ ਬੋਲਿਆ, ਪਰ ਯਿਸੂ ਸੱਚਾਈ ਉੱਤੇ ਸਾਖੀ ਦੇਣ ਲਈ ਦੁਨੀਆਂ ਵਿਚ ਆਇਆ ਸੀ। (ਯੂਹੰਨਾ 18:37) ਜੇ ਅਸੀਂ ਯਿਸੂ ਦੇ ਚੇਲਿਆਂ ਵਜੋਂ ਸ਼ਤਾਨ ਦਾ ਸਾਮ੍ਹਣਾ ਕਰਨਾ ਹੈ, ਤਾਂ ਸਾਨੂੰ ਨਾ ਝੂਠ ਬੋਲਣਾ ਚਾਹੀਦਾ ਹੈ ਤੇ ਨਾ ਹੀ ਕਿਸੇ ਨੂੰ ਧੋਖਾ ਦੇਣਾ ਚਾਹੀਦਾ ਹੈ। ਸਾਨੂੰ ‘ਸੱਚ ਬੋਲਣਾ’ ਚਾਹੀਦਾ ਹੈ। (ਜ਼ਕਰਯਾਹ 8:16; ਅਫ਼ਸੀਆਂ 4:25) ਯਹੋਵਾਹ ‘ਸਚਿਆਈ ਦਾ ਪਰਮੇਸ਼ੁਰ’ ਹੈ ਅਤੇ ਉਹ ਸਿਰਫ਼ ਆਪਣੇ ਸੱਚੇ ਸੇਵਕਾਂ ਨੂੰ ਬਰਕਤ ਦਿੰਦਾ ਹੈ। ਦੁਸ਼ਟਾਂ ਦਾ ਹੱਕ ਨਹੀਂ ਬਣਦਾ ਕਿ ਉਹ ਯਹੋਵਾਹ ਬਾਰੇ ਸਾਖੀ ਦੇਣ।—ਜ਼ਬੂਰਾਂ ਦੀ ਪੋਥੀ 31:5; 50:16; ਯਸਾਯਾਹ 43:10.
11 ਬਾਈਬਲ ਦਾ ਗਿਆਨ ਲੈ ਕੇ ਅਸੀਂ ਸ਼ਤਾਨ ਦੀਆਂ ਝੂਠੀਆਂ ਗੱਲਾਂ ਤੋਂ ਆਜ਼ਾਦ ਹੋਏ ਹਾਂ। ਜੇ ਅਸੀਂ ਇਸ ਗੱਲ ਦੀ ਕਦਰ ਕਰਦੇ ਹਾਂ, ਤਾਂ ਅਸੀਂ “ਸਚਿਅਈ ਦੇ ਮਾਰਗ” ਉੱਤੇ ਚੱਲਦੇ ਰਹਾਂਗੇ। (2 ਪਤਰਸ 2:2; ਯੂਹੰਨਾ 8:32) “ਖੁਸ਼ ਖਬਰੀ ਦੀ ਸਚਿਆਈ” ਵਿਚ ਬਾਈਬਲ ਦੀਆਂ ਸਾਰੀਆਂ ਸਿੱਖਿਆਵਾਂ ਸ਼ਾਮਲ ਹਨ। (ਗਲਾਤੀਆਂ 2:5, 14) ਸਾਡੀ ਮੁਕਤੀ ਇਸ ਉੱਤੇ ਨਿਰਭਰ ਕਰਦੀ ਹੈ ਕਿ ਅਸੀਂ “ਸਚਿਆਈ ਉੱਤੇ ਚੱਲਦੇ” ਰਹੀਏ ਅਤੇ ‘ਝੂਠ ਦੇ ਪਤੰਦਰ’ ਦਾ ਡੱਟ ਕੇ ਸਾਮ੍ਹਣਾ ਕਰੀਏ।—3 ਯੂਹੰਨਾ 3, 4, 8.
ਸੱਚੇ ਪਰਮੇਸ਼ੁਰ ਤੋਂ ਮੂੰਹ ਮੋੜਨ ਵਾਲੇ ਤੋਂ ਦੂਰ ਰਹੋ
12, 13. ਸੱਚੇ ਪਰਮੇਸ਼ੁਰ ਤੋਂ ਮੂੰਹ ਮੋੜਨ ਵਾਲਿਆਂ ਨਾਲ ਸਾਨੂੰ ਕਿਸ ਤਰ੍ਹਾਂ ਦਾ ਵਰਤਾਅ ਕਰਨਾ ਚਾਹੀਦਾ ਹੈ?
12 ਜੋ ਫ਼ਰਿਸ਼ਤਾ ਸ਼ਤਾਨ ਬਣਿਆ, ਉਹ ਪਹਿਲਾਂ ਸੱਚਾਈ ਵਿਚ ਹੁੰਦਾ ਸੀ। ਪਰ ਯਿਸੂ ਨੇ ਕਿਹਾ ਕਿ ਉਹ “ਸਚਿਆਈ ਉੱਤੇ ਟਿਕਿਆ ਨਾ ਰਿਹਾ ਕਿਉਂਕਿ ਉਸ ਵਿੱਚ ਸਚਿਆਈ ਹੈ ਨਹੀਂ।” (ਯੂਹੰਨਾ 8:44) ਉਸ ਸਮੇਂ ਤੋਂ ਹੀ ਸ਼ਤਾਨ “ਸਚਿਆਈ ਦੇ ਪਰਮੇਸ਼ੁਰ” ਦਾ ਵਿਰੋਧ ਕਰ ਰਿਹਾ ਹੈ। ਪਹਿਲੀ ਸਦੀ ਦੇ ਕੁਝ ਮਸੀਹੀ ਵੀ “ਸ਼ਤਾਨ ਦੀ ਫਾਹੀ ਵਿੱਚ ਫੱਸ” ਕੇ ਸੱਚਾਈ ਦੇ ਮਾਰਗ ਤੋਂ ਭਟਕ ਗਏ ਸਨ। ਇਸ ਲਈ ਪੌਲੁਸ ਨੇ ਤਿਮੋਥਿਉਸ ਨੂੰ ਸਲਾਹ ਦਿੱਤੀ ਕਿ ਉਹ ਇਨ੍ਹਾਂ ਵਿਅਕਤੀਆਂ ਨੂੰ ਇਸ ਫਾਹੀ ਵਿੱਚੋਂ ਕੱਢਣ ਲਈ ਨਰਮਾਈ ਨਾਲ ਸਿੱਖਿਆ ਦੇਵੇ। (2 ਤਿਮੋਥਿਉਸ 2:23-26) ਆਓ ਆਪਾਂ ਸ਼ਤਾਨ ਦੀ ਫਾਹੀ ਵਿਚ ਪੈਣ ਦੀ ਬਜਾਇ ਸੱਚਾਈ ਨੂੰ ਮਜ਼ਬੂਤੀ ਨਾਲ ਫੜੀ ਰੱਖੀਏ।
13 ਆਦਮ ਤੇ ਹੱਵਾਹ ਨੇ ਸ਼ਤਾਨ ਦੀਆਂ ਝੂਠੀਆਂ ਗੱਲਾਂ ਰੱਦ ਕਰਨ ਦੀ ਬਜਾਇ ਉਨ੍ਹਾਂ ਨੂੰ ਸੱਚ ਮੰਨ ਕੇ ਸੱਚੇ ਪਰਮੇਸ਼ੁਰ ਤੋਂ ਮੂੰਹ ਮੋੜ ਲਿਆ ਸੀ। ਕੀ ਸਾਨੂੰ ਧਰਮ-ਤਿਆਗੀਆਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਹਨ, ਉਨ੍ਹਾਂ ਦਾ ਸਾਹਿੱਤ ਪੜ੍ਹਨਾ ਚਾਹੀਦਾ ਹੈ ਜਾਂ ਇੰਟਰਨੈੱਟ ਉੱਤੇ ਉਨ੍ਹਾਂ ਦੀਆਂ ਵੈੱਬ-ਸਾਈਟਾਂ ਦੇਖਣੀਆਂ ਚਾਹੀਦੀਆਂ ਹਨ? ਜੇ ਅਸੀਂ ਪਰਮੇਸ਼ੁਰ ਅਤੇ ਸੱਚਾਈ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਇਹ ਕੰਮ ਨਹੀਂ ਕਰਾਂਗੇ। ਸਾਨੂੰ ਪਰਮੇਸ਼ੁਰ ਤੋਂ ਮੂੰਹ ਮੋੜਨ ਵਾਲਿਆਂ ਨੂੰ ਨਾ ਤਾਂ ਆਪਣੇ ਘਰ ਵਾੜਨਾ ਚਾਹੀਦਾ ਹੈ ਤੇ ਨਾ ਹੀ ਉਨ੍ਹਾਂ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਹਨ, ਵਰਨਾ ਅਸੀਂ ‘ਉਨਾਂ ਦੇ ਬੁਰੇ ਕੰਮਾਂ ਦੇ ਭਾਗੀ’ ਬਣ ਜਾਵਾਂਗੇ। (2 ਯੂਹੰਨਾ 9-11) ਆਓ ਆਪਾਂ ਕਦੀ ਵੀ “ਸਚਿਆਈ ਦੇ ਮਾਰਗ” ਨੂੰ ਛੱਡ ਕੇ ਝੂਠੇ ਸਿੱਖਿਅਕਾਂ ਦੇ ਮਗਰ ਨਾ ਲੱਗੀਏ ਜੋ “ਬਣਾਉਟ ਦੀਆਂ ਗੱਲਾਂ” ਸਿਖਾ ਕੇ ਸਾਨੂੰ ਧੋਖਾ ਦਿੰਦੇ ਹਨ।—2 ਪਤਰਸ 2:1-3.
14, 15. ਪੌਲੁਸ ਨੇ ਅਫ਼ਸੁਸ ਦੇ ਬਜ਼ੁਰਗਾਂ ਅਤੇ ਤਿਮੋਥਿਉਸ ਨੂੰ ਕੀ ਚੇਤਾਵਨੀ ਦਿੱਤੀ ਸੀ?
14 ਪੌਲੁਸ ਨੇ ਅਫ਼ਸੁਸ ਦੇ ਬਜ਼ੁਰਗਾਂ ਨੂੰ ਕਿਹਾ ਸੀ: “ਤੁਸੀਂ ਆਪਣੀ, ਨਾਲੇ ਉਸ ਸਾਰੇ ਇੱਜੜ ਦੀ ਖਬਰਦਾਰੀ ਕਰੋ ਜਿਹ ਦੇ ਉੱਤੇ ਪਵਿੱਤ੍ਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ ਜੋ ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰੋ ਜਿਹ ਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ। ਮੈਂ ਜਾਣਦਾ ਹਾਂ ਜੋ ਮੇਰੇ ਜਾਣ ਦੇ ਪਿੱਛੋਂ ਬੁਰੇ ਬੁਰੇ ਬਘਿਆੜ ਤੁਹਾਡੇ ਵਿੱਚ ਆ ਵੜਨਗੇ ਜੋ ਇੱਜੜ ਨੂੰ ਨਾ ਛੱਡਣਗੇ। ਅਤੇ ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਭਈ ਚੇਲਿਆਂ ਨੂੰ ਆਪਣੀ ਵੱਲ ਖਿੱਚ ਲੈ ਜਾਣ।” (ਰਸੂਲਾਂ ਦੇ ਕਰਤੱਬ 20:28-30) ਇਹ ਗੱਲਾਂ ਉਦੋਂ ਪੂਰੀਆਂ ਹੋਈਆਂ ਜਦ ਧਰਮ-ਤਿਆਗੀ ਖੜ੍ਹੇ ਹੋਏ ਤੇ ਉਨ੍ਹਾਂ ਨੇ “ਉਲਟੀਆਂ ਗੱਲਾਂ” ਕੀਤੀਆਂ।
15 ਲਗਭਗ 65 ਈਸਵੀ ਵਿਚ ਪੌਲੁਸ ਨੇ ਤਿਮੋਥਿਉਸ ਨੂੰ “ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ” ਬਣਨ ਦੀ ਤਾਕੀਦ ਕੀਤੀ। ਉਸ ਨੇ ਅੱਗੇ ਲਿਖਿਆ: “ਪਰ ਕੁਧਰਮ ਦੀ ਬੁੜ ਬੁੜਾਟ ਤੋਂ ਲਾਂਭੇ ਰਹੁ ਕਿਉਂ ਜੋ ਏਹ ਲੋਕਾਂ ਨੂੰ ਅਭਗਤੀ ਦੇ ਰਾਹ ਵਿੱਚ ਅਗਾਹਾਂ ਹੀ ਅਗਾਹਾਂ ਲੈ ਜਾਵੇਗੀ। ਅਤੇ ਓਹਨਾਂ ਦਾ ਬਚਨ ਮਿੱਠੀ ਮੌਹਰੀ ਵਾਂਙੁ ਖਾਂਦਾ ਜਾਵੇਗਾ। ਓਹਨਾਂ ਵਿੱਚੋਂ ਹੁਮਿਨਾਯੁਸ ਅਤੇ ਫ਼ਿਲੇਤੁਸ ਹਨ। ਓਹ ਇਹ ਕਹਿ ਕੇ ਭਈ ਕਿਆਮਤ ਹੋ ਚੁੱਕੀ ਹੈ ਸਚਿਆਈ ਦੇ ਰਾਹੋਂ ਖੁੰਝ ਗਏ ਅਤੇ ਕਈਆਂ ਦੀ ਨਿਹਚਾ ਨੂੰ ਵਿਗਾੜਦੇ ਹਨ।” ਧਰਮ-ਤਿਆਗ ਸ਼ੁਰੂ ਹੋ ਚੁੱਕਾ ਸੀ! ਪਰ ਪੌਲੁਸ ਨੇ ਅੱਗੇ ਕਿਹਾ: “ਤਾਂ ਵੀ ਪਰਮੇਸ਼ੁਰ ਦੀ ਧਰੀ ਹੋਈ ਪੱਕੀ ਨੀਂਹ ਅਟੱਲ ਰਹਿੰਦੀ ਹੈ।”—2 ਤਿਮੋਥਿਉਸ 2:15-19.
16. ਸ਼ਤਾਨ ਦੀਆਂ ਚਾਲਾਂ ਦੇ ਬਾਵਜੂਦ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਕਿਉਂ ਰਹਿ ਸਕੇ ਹਾਂ?
16 ਸ਼ਤਾਨ ਨੇ ਸੱਚਾਈ ਤੋਂ ਮੂੰਹ ਮੋੜਨ ਵਾਲਿਆਂ ਰਾਹੀਂ ਯਹੋਵਾਹ ਦੀ ਭਗਤੀ ਨੂੰ ਅਸ਼ੁੱਧ ਕਰਨ ਦੀ ਅਕਸਰ ਕੋਸ਼ਿਸ਼ ਕੀਤੀ ਹੈ, ਪਰ ਉਹ ਨਾਕਾਮਯਾਬ ਰਿਹਾ ਹੈ। ਅਮਰੀਕਾ ਵਿਚ ਚਾਰਲਸ ਟੇਜ਼ ਰਸਲ ਨੇ ਲਗਭਗ 1868 ਵਿਚ ਈਸਾਈ-ਜਗਤ ਦੀਆਂ ਸਿੱਖਿਆਵਾਂ ਦੀ ਜਾਂਚ ਕਰਨੀ ਸ਼ੁਰੂ ਕੀਤੀ ਅਤੇ ਉਸ ਨੂੰ ਪਤਾ ਲੱਗਾ ਕਿ ਚਰਚ ਬਾਈਬਲ ਦੀਆਂ ਸਿੱਖਿਆਵਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਸਨ। ਭਰਾ ਰਸਲ ਨੇ ਬਾਈਬਲ ਦੀ ਸੱਚਾਈ ਦੀ ਖੋਜ ਕਰਨ ਵਾਲੇ ਹੋਰ ਲੋਕਾਂ ਨਾਲ ਮਿਲ ਕੇ ਪਿਟੱਸਬਰਗ, ਪੈਨਸਿਲਵੇਨੀਆ ਵਿਚ ਬਾਈਬਲ ਸਟੱਡੀ ਕਲਾਸ ਸ਼ੁਰੂ ਕੀਤੀ। ਉਸ ਸਮੇਂ ਤੋਂ ਪਰਮੇਸ਼ੁਰ ਅਤੇ ਉਸ ਦੇ ਬਚਨ ਲਈ ਯਹੋਵਾਹ ਦੇ ਸੇਵਕਾਂ ਦਾ ਗਿਆਨ ਅਤੇ ਪਿਆਰ ਵਧਦਾ ਰਿਹਾ। ਸ਼ਤਾਨ ਦੀਆਂ ਚਾਲਾਂ ਦੇ ਬਾਵਜੂਦ ਮਾਤਬਰ ਅਤੇ ਬੁੱਧਵਾਨ ਨੌਕਰ ਦੀ ਚੌਕਸੀ ਕਰਕੇ ਸੱਚੇ ਮਸੀਹੀ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਸਕੇ ਹਨ ਤੇ ਉਸ ਦੇ ਬਚਨ ਉੱਤੇ ਆਪਣੀ ਨਿਹਚਾ ਪੱਕੀ ਰੱਖ ਸਕੇ ਹਨ।—ਮੱਤੀ 24:45.
ਜਗਤ ਦੇ ਸਰਦਾਰ ਦੇ ਵੱਸ ਵਿਚ ਨਾ ਆਓ
17-19. ਸ਼ਤਾਨ ਦੇ ਵੱਸ ਵਿਚ ਪਿਆ ਸੰਸਾਰ ਕੀ ਹੈ ਅਤੇ ਸਾਨੂੰ ਉਸ ਨਾਲ ਮੋਹ ਕਿਉਂ ਨਹੀਂ ਰੱਖਣਾ ਚਾਹੀਦਾ?
17 ਸ਼ਤਾਨ ਸਾਡੇ ਦਿਲਾਂ ਵਿਚ ਇਸ ਦੁਨੀਆਂ ਲਈ ਮੋਹ ਪੈਦਾ ਕਰ ਕੇ ਸਾਨੂੰ ਫਸਾਉਣਾ ਚਾਹੁੰਦਾ ਹੈ। ਬਾਕੀ ਬੁਰੇ ਲੋਕਾਂ ਵਾਂਗ ਉਹ ਸਾਨੂੰ ਵੀ ਪਰਮੇਸ਼ੁਰ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਯਿਸੂ ਨੇ ਸ਼ਤਾਨ ਨੂੰ “ਸੰਸਾਰ ਦਾ ਸਰਦਾਰ” ਸੱਦਿਆ ਸੀ ਅਤੇ ਕਿਹਾ ਸੀ ਕਿ “ਉਸ ਨੂੰ ਮੇਰੇ ਉੱਤੇ ਕੋਈ ਅਧਿਕਾਰ ਨਹੀਂ।” (ਯੂਹੰਨਾ 14:30, ਨਵਾਂ ਅਨੁਵਾਦ) ਆਓ ਆਪਾਂ ਵੀ ਸ਼ਤਾਨ ਦੇ ਵੱਸ ਵਿਚ ਨਾ ਆਈਏ! ਅਸੀਂ ਜਾਣਦੇ ਹਾਂ ਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਇਸੇ ਲਈ ਸ਼ਤਾਨ ਨੇ ਯਿਸੂ ਨੂੰ ਕਿਹਾ ਸੀ ਕਿ ਉਹ ਉਸ ਨੂੰ “ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ” ਦੇ ਦੇਵੇਗਾ ਜੇ ਉਹ ਸ਼ਤਾਨ ਨੂੰ ਮੱਥਾ ਟੇਕੇ। ਪਰ ਯਿਸੂ ਨੇ ਸਾਫ਼ ਇਨਕਾਰ ਕਰ ਦਿੱਤਾ। (ਮੱਤੀ 4:8-10) ਸ਼ਤਾਨ ਦੀ ਦੁਨੀਆਂ ਯਿਸੂ ਦੇ ਚੇਲਿਆਂ ਨਾਲ ਵੈਰ ਕਰਦੀ ਹੈ। (ਯੂਹੰਨਾ 15:18-21) ਤਾਹੀਓਂ ਯੂਹੰਨਾ ਰਸੂਲ ਨੇ ਚੇਤਾਵਨੀ ਦਿੱਤੀ ਸੀ ਕਿ ਅਸੀਂ ਦੁਨੀਆਂ ਨਾਲ ਮੋਹ ਨਾ ਰੱਖੀਏ!
18 ਯੂਹੰਨਾ ਨੇ ਲਿਖਿਆ: “ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ। ਕਿਉਂਕਿ ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ। ਅਤੇ ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:15-17) ਸਾਨੂੰ ਦੁਨੀਆਂ ਨਾਲ ਮੋਹ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਯਹੋਵਾਹ ਪਰਮੇਸ਼ੁਰ ਦੇ ਮਿਆਰਾਂ ਦੇ ਬਿਲਕੁਲ ਉਲਟ ਚੱਲਦੀ ਹੈ ਤੇ ਸਰੀਰ ਦੀਆਂ ਗ਼ਲਤ ਕਾਮਨਾਵਾਂ ਪੂਰੀਆਂ ਕਰਨ ਲਈ ਸਾਨੂੰ ਲੁਭਾਉਂਦੀ ਹੈ।
19 ਪਰ ਜੇ ਦੁਨੀਆਂ ਦਾ ਮੋਹ ਸਾਡੇ ਦਿਲ ਵਿਚ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਪਰਮੇਸ਼ੁਰ ਨੂੰ ਮਦਦ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਇਸ ਮੋਹ ਨੂੰ ਤਿਆਗ ਸਕੀਏ। (ਗਲਾਤੀਆਂ 5:16-21) ਜੇ ਅਸੀਂ ਯਾਦ ਰੱਖੀਏ ਕਿ ‘ਦੁਸ਼ਟ ਆਤਮਾਵਾਂ’ ਇਸ ਦੁਨੀਆਂ ਉੱਤੇ ਰਾਜ ਕਰਦੀਆਂ ਹਨ, ਤਾਂ ਅਸੀਂ ਆਪਣੇ ਆਪ ਨੂੰ “ਜਗਤ ਤੋਂ ਨਿਹਕਲੰਕ” ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੇ।—ਯਾਕੂਬ 1:27; ਅਫ਼ਸੀਆਂ 6:11, 12; 2 ਕੁਰਿੰਥੀਆਂ 4:4.
20. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਅਸੀਂ “ਜਗਤ ਦੇ ਨਹੀਂ” ਹਾਂ?
20 ਯਿਸੂ ਨੇ ਆਪਣੇ ਚੇਲਿਆਂ ਬਾਰੇ ਕਿਹਾ ਸੀ: “ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।” (ਯੂਹੰਨਾ 17:16) ਮਸਹ ਕੀਤੇ ਹੋਏ ਮਸੀਹੀ ਅਤੇ ਉਨ੍ਹਾਂ ਦੇ ਸਾਥੀ ਇਸ ਦੁਨੀਆਂ ਦੇ ਅਸ਼ੁੱਧ ਕੰਮਾਂ ਅਤੇ ਤੌਰ-ਤਰੀਕਿਆਂ ਤੋਂ ਦੂਰ ਰਹਿ ਕੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਰਹਿਣ ਦੀ ਕੋਸ਼ਿਸ਼ ਕਰਦੇ ਹਨ। (ਯੂਹੰਨਾ 15:19; 17:14; ਯਾਕੂਬ 4:4) ਇਹ ਅਧਰਮੀ ਦੁਨੀਆਂ ਸਾਡੇ ਨਾਲ ਵੈਰ ਕਰਦੀ ਹੈ ਕਿਉਂਕਿ ਅਸੀਂ ਇਸ ਤੋਂ ਵੱਖਰੇ ਰਹਿੰਦੇ ਹਾਂ ਅਤੇ ‘ਧਰਮ ਦੇ ਪਰਚਾਰਕ’ ਹਾਂ। (2 ਪਤਰਸ 2:5) ਇਹ ਸੱਚ ਹੈ ਕਿ ਸਾਨੂੰ ਦੁਨੀਆਂ ਦੇ ਲੋਕਾਂ ਵਿਚ ਰਹਿਣਾ ਪੈਂਦਾ ਹੈ ਅਤੇ ਕਈ ਲੋਕ ਵਿਭਚਾਰੀ, ਜ਼ਨਾਹਕਾਰ, ਲੋਭੀ, ਲੁਟੇਰੇ, ਮੂਰਤੀ-ਪੂਜਕ, ਚੋਰ, ਝੂਠੇ ਅਤੇ ਸ਼ਰਾਬੀ ਹਨ। (1 ਕੁਰਿੰਥੀਆਂ 5:9-11; 6:9-11; ਪਰਕਾਸ਼ ਦੀ ਪੋਥੀ 21:8) ਪਰ ਅਸੀਂ ਉਨ੍ਹਾਂ ਵਰਗੇ ਨਹੀਂ ਬਣਦੇ ਕਿਉਂਕਿ “ਜਗਤ ਦਾ ਆਤਮਾ” ਸਾਨੂੰ ਪ੍ਰੇਰਿਤ ਨਹੀਂ ਕਰਦਾ।—1 ਕੁਰਿੰਥੀਆਂ 2:12.
ਸ਼ਤਾਨ ਨੂੰ ਮੌਕਾ ਨਾ ਦਿਓ
21, 22. ਤੁਸੀਂ ਅਫ਼ਸੀਆਂ 4:26, 27 ਵਿਚ ਪੌਲੁਸ ਦੀ ਸਲਾਹ ਉੱਤੇ ਕਿਵੇਂ ਚੱਲ ਸਕਦੇ ਹੋ?
21 ‘ਜਗਤ ਦੀ ਆਤਮਾ’ ਤੋਂ ਪ੍ਰੇਰਿਤ ਹੋਣ ਦੀ ਬਜਾਇ ਸਾਨੂੰ ਪਰਮੇਸ਼ੁਰ ਦੀ ਪਵਿੱਤਰ ਆਤਮਾ ਪ੍ਰੇਰਦੀ ਹੈ ਅਤੇ ਸਾਡੇ ਵਿਚ ਪਿਆਰ ਅਤੇ ਸੰਜਮ ਵਰਗੇ ਗੁਣ ਪੈਦਾ ਕਰਦੀ ਹੈ। (ਗਲਾਤੀਆਂ 5:22, 23) ਇਨ੍ਹਾਂ ਗੁਣਾਂ ਨਾਲ ਅਸੀਂ ਆਪਣੀ ਨਿਹਚਾ ਉੱਤੇ ਹੁੰਦੇ ਸ਼ਤਾਨ ਦੇ ਹਮਲਿਆਂ ਦਾ ਸਾਮ੍ਹਣਾ ਕਰ ਸਕਦੇ ਹਾਂ। ਉਹ ਚਾਹੁੰਦਾ ਹੈ ਕਿ ਅਸੀਂ ਗੁੱਸੇ ਵਿਚ ਆ ਕੇ ਬੁਰਾਈ ਕਰੀਏ, ਪਰ ਪਰਮੇਸ਼ੁਰ ਦੀ ਆਤਮਾ ‘ਕ੍ਰੋਧ ਨੂੰ ਛੱਡਣ ਅਤੇ ਕੋਪ ਨੂੰ ਤਿਆਗ ਦੇਣ’ ਵਿਚ ਸਾਡੀ ਮਦਦ ਕਰਦੀ ਹੈ। (ਜ਼ਬੂਰਾਂ ਦੀ ਪੋਥੀ 37:8) ਸ਼ਾਇਦ ਅਸੀਂ ਕਿਸੇ ਚੰਗੇ ਕਾਰਨ ਕਰਕੇ ਗੁੱਸੇ ਹੋ ਜਾਈਏ, ਪਰ ਪੌਲੁਸ ਨੇ ਸਾਨੂੰ ਸਲਾਹ ਦਿੱਤੀ: “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ। ਅਤੇ ਨਾ ਸ਼ਤਾਨ ਨੂੰ ਥਾਂ ਦਿਓ!”—ਅਫ਼ਸੀਆਂ 4:26, 27.
22 ਜੇ ਅਸੀਂ ਗੁੱਸੇ ਵਿਚ ਕੁੜ੍ਹਦੇ ਰਹੀਏ, ਤਾਂ ਅਸੀਂ ਉਕਸਾਹਟ ਵਿਚ ਆ ਕੇ ਪਾਪ ਕਰ ਬੈਠਾਂਗੇ। ਸ਼ਤਾਨ ਸਾਡੇ ਗੁੱਸੇ ਦਾ ਫ਼ਾਇਦਾ ਉਠਾ ਕੇ ਕਲੀਸਿਯਾ ਵਿਚ ਫੁੱਟ ਪਾ ਸਕਦਾ ਹੈ ਜਾਂ ਸਾਨੂੰ ਬੁਰੇ ਕੰਮ ਕਰਨ ਲਈ ਉਕਸਾ ਸਕਦਾ ਹੈ। ਇਸ ਲਈ ਜੇ ਸਾਡੀ ਕਿਸੇ ਨਾਲ ਅਣਬਣ ਹੋ ਜਾਵੇ, ਤਾਂ ਸਾਨੂੰ ਪਰਮੇਸ਼ੁਰ ਦੇ ਅਸੂਲਾਂ ਅਨੁਸਾਰ ਇਸ ਦਾ ਜਲਦੀ ਹੱਲ ਲੱਭਣਾ ਚਾਹੀਦਾ ਹੈ। (ਲੇਵੀਆਂ 19:17, 18; ਮੱਤੀ 5:23, 24; 18:15, 16) ਆਓ ਆਪਾਂ ਪਰਮੇਸ਼ੁਰ ਦੀ ਮਦਦ ਨਾਲ ਆਪਣੇ ਉੱਤੇ ਕਾਬੂ ਰੱਖੀਏ ਅਤੇ ਗੁੱਸੇ ਨੂੰ ਨਫ਼ਰਤ ਜਾਂ ਦੁਸ਼ਮਣੀ ਵਿਚ ਨਾ ਬਦਲਣ ਦੇਈਏ।
23. ਅਗਲੇ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?
23 ਅਸੀਂ ਸ਼ਤਾਨ ਦੇ ਕੁਝ ਔਗੁਣਾਂ ਵੱਲ ਧਿਆਨ ਦਿੱਤਾ ਹੈ ਜੋ ਅਸੀਂ ਆਪਣੇ ਵਿਚ ਪੈਦਾ ਨਹੀਂ ਕਰਨੇ ਚਾਹੁੰਦੇ। ਪਰ ਕੋਈ ਸ਼ਾਇਦ ਪੁੱਛੇ: ਕੀ ਸਾਨੂੰ ਸ਼ਤਾਨ ਤੋਂ ਡਰਨਾ ਚਾਹੀਦਾ ਹੈ? ਉਹ ਮਸੀਹੀਆਂ ਉੱਪਰ ਜ਼ੁਲਮ ਕਿਉਂ ਢਾਹੁੰਦਾ ਹੈ? ਅਸੀਂ ਸ਼ਤਾਨ ਦੇ ਪੰਜੇ ਤੋਂ ਕਿਵੇਂ ਬਚ ਸਕਦੇ ਹਾਂ? ਅਗਲੇ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਤੇ ਗੌਰ ਕਰਾਂਗੇ।
[ਫੁਟਨੋਟ]
a 15 ਨਵੰਬਰ 2005 ਦੇ ਪਹਿਰਾਬੁਰਜ ਵਿਚ “ਕੀ ਸ਼ਤਾਨ ਸੱਚ-ਮੁੱਚ ਹੈ?” ਨਾਂ ਦੀ ਲੇਖ-ਲੜੀ ਦੇਖੋ।
ਤੁਸੀਂ ਕੀ ਜਵਾਬ ਦਿਓਗੇ?
• ਸਾਨੂੰ ਕਦੀ ਵੀ ਕਿਸੇ ਉੱਤੇ ਤੁਹਮਤ ਕਿਉਂ ਨਹੀਂ ਲਾਉਣੀ ਚਾਹੀਦੀ?
• ਪਹਿਲਾ ਯੂਹੰਨਾ 3:15 ਅਨੁਸਾਰ ਅਸੀਂ ਖ਼ੂਨੀ ਬਣਨ ਤੋਂ ਕਿਵੇਂ ਬਚ ਸਕਦੇ ਹਾਂ?
• ਸੱਚੇ ਪਰਮੇਸ਼ੁਰ ਤੋਂ ਮੂੰਹ ਮੋੜਨ ਵਾਲਿਆਂ ਬਾਰੇ ਸਾਡਾ ਕੀ ਵਿਚਾਰ ਹੋਣਾ ਚਾਹੀਦਾ ਹੈ ਅਤੇ ਕਿਉਂ?
• ਸਾਨੂੰ ਦੁਨੀਆਂ ਨਾਲ ਮੋਹ ਕਿਉਂ ਨਹੀਂ ਰੱਖਣਾ ਚਾਹੀਦਾ?
[ਸਫ਼ਾ 23 ਉੱਤੇ ਤਸਵੀਰ]
ਅਸੀਂ ਸ਼ਤਾਨ ਨੂੰ ਆਪਣੇ ਵਿਚ ਫੁੱਟ ਨਹੀਂ ਪਾਉਣ ਦੇਵਾਂਗੇ
[ਸਫ਼ਾ 24 ਉੱਤੇ ਤਸਵੀਰਾਂ]
ਯੂਹੰਨਾ ਨੇ ਦੁਨੀਆਂ ਨਾਲ ਮੋਹ ਨਾ ਰੱਖਣ ਦੀ ਤਾਕੀਦ ਕਿਉਂ ਕੀਤੀ ਸੀ?