ਖੁੰਝਿਆ ਵੇਲਾ ਮੁੜ ਹੱਥ ਨਹੀਂ ਆਉਂਦਾ
ਸਮਾਂ ਬਹੁਤ ਕੀਮਤੀ ਚੀਜ਼ ਹੈ। ਪਰ ਸੋਨੇ-ਚਾਂਦੀ ਜਾਂ ਧਨ-ਦੌਲਤ ਵਾਂਗ ਇਸ ਨੂੰ ਸਾਂਭ ਕੇ ਨਹੀਂ ਰੱਖਿਆ ਜਾ ਸਕਦਾ। ਭਾਵੇਂ ਅਸੀਂ ਸਮੇਂ ਦੀ ਵਰਤੋਂ ਨਹੀਂ ਵੀ ਕਰਦੇ, ਤਾਂ ਵੀ ਇਹ ਬੀਤਦਾ ਜਾਂਦਾ ਹੈ। ਖੁੰਝਿਆ ਸਮਾਂ ਮੁੜ ਹੱਥ ਨਹੀਂ ਆਉਂਦਾ। ਮਿਸਾਲ ਲਈ, ਜੇ ਅਸੀਂ ਅੱਠ ਘੰਟੇ ਸੌਣ ਮਗਰੋਂ ਬਾਕੀ ਦੇ ਸਮੇਂ ਕੁਝ ਨਾ ਕਰੀਏ, ਤਾਂ ਇਹ ਸਾਰਾ ਸਮਾਂ ਬਰਬਾਦ ਹੋ ਜਾਂਦਾ ਹੈ ਅਤੇ ਇਸ ਦਾ ਸਾਨੂੰ ਕੋਈ ਫ਼ਾਇਦਾ ਨਹੀਂ ਹੁੰਦਾ।
ਸਮੇਂ ਦੀ ਤੁਲਨਾ ਨਦੀ ਦੇ ਤੇਜ਼ ਵਗਦੇ ਪਾਣੀ ਨਾਲ ਕੀਤੀ ਜਾ ਸਕਦੀ ਹੈ। ਸਮਾਂ ਹਮੇਸ਼ਾ ਅੱਗੇ ਨੂੰ ਚੱਲਦਾ ਹੈ। ਨਾ ਤਾਂ ਤੁਸੀਂ ਇਸ ਨੂੰ ਰੋਕ ਸਕਦੇ ਹੋ ਤੇ ਨਾ ਹੀ ਇਸ ਦਾ ਹਰ ਪਲ ਵਰਤ ਸਕਦੇ ਹੋ। ਸਦੀਆਂ ਪਹਿਲਾਂ ਲੋਕਾਂ ਨੇ ਨਦੀਆਂ ਦੇ ਕਿਨਾਰਿਆਂ ਤੇ ਪਣ ਚੱਕੀਆਂ ਲਾਉਣੀਆਂ ਸ਼ੁਰੂ ਕੀਤੀਆਂ ਸਨ। ਵਗਦੇ ਪਾਣੀ ਤੋਂ ਪੈਦਾ ਹੋਣ ਵਾਲੀ ਊਰਜਾ ਨਾਲ ਉਹ ਆਟਾ ਚੱਕੀਆਂ, ਆਰੇ, ਪੰਪ ਅਤੇ ਹੋਰ ਮਸ਼ੀਨਾਂ ਚਲਾ ਸਕਦੇ ਸਨ। ਇਸੇ ਤਰ੍ਹਾਂ ਸਮੇਂ ਦੀ ਵੀ ਚੰਗੀ ਵਰਤੋਂ ਕੀਤੀ ਜਾ ਸਕਦੀ ਹੈ। ਪਰ ਦੋ ਚੀਜ਼ਾਂ ਸਾਡਾ ਸਮਾਂ ਬਰਬਾਦ ਕਰ ਸਕਦੀਆਂ ਹਨ। ਕਿਹੜੀਆਂ ਚੀਜ਼ਾਂ? ਪਹਿਲੀ ਹੈ ਕੰਮ ਨੂੰ ਟਾਲਦੇ ਰਹਿਣਾ ਤੇ ਦੂਜੀ ਹੈ ਖਿਲਾਰਾ ਪਾਉਣਾ। ਆਓ ਪਹਿਲਾਂ ਆਪਾਂ ਟਾਲ-ਮਟੋਲ ਕਰਨ ਬਾਰੇ ਗੱਲ ਕਰੀਏ।
ਟਾਲ-ਮਟੋਲ ਕਰਨ ਤੋਂ ਪਰਹੇਜ਼ ਕਰੋ
ਕਿਹਾ ਗਿਆ ਹੈ ਕਿ ਜੋ ਕੰਮ ਤੁਸੀਂ ਅੱਜ ਕਰ ਸਕਦੇ ਹੋ, ਉਸ ਨੂੰ ਕੱਲ੍ਹ ਤੇ ਨਾ ਛੱਡੋ। ਪਰ ਕੁਝ ਆਲਸੀ ਲੋਕ ਚਲਾਕੀ ਨਾਲ ਕਹਿੰਦੇ ਹਨ ਕਿ ਜੋ ਕੰਮ ਤੁਸੀਂ ਅਗਲੇ ਹਫ਼ਤੇ ਤਕ ਛੱਡ ਸਕਦੇ ਹੋ, ਉਸ ਨੂੰ ਕੱਲ੍ਹ ਜਾਂ ਪਰਸੋਂ ਕਰਨ ਦੀ ਲੋੜ ਨਹੀਂ। ਇਨ੍ਹਾਂ ਲੋਕਾਂ ਨੂੰ ਜਦ ਕੋਈ ਮੁਸ਼ਕਲ ਕੰਮ ਕਰਨਾ ਪੈਂਦਾ ਹੈ, ਤਾਂ ਉਹ ਕੰਮ ਨੂੰ ਟਾਲਣ ਲੱਗ ਪੈਂਦੇ ਹਨ। ਢਿੱਲ-ਮੱਠ ਕਰਨੀ ਜਾਂ ਕੰਮ ਨੂੰ ਅੱਗੇ ਪਾਉਣਾ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ। ਉਹ ਜਾਣ-ਬੁੱਝ ਕੇ ਕੰਮ ਕਰਨ ਵਿਚ ਦੇਰ ਲਗਾਉਂਦੇ ਹਨ ਤੇ ਉਸ ਨੂੰ ਅੱਗੇ ਪਾਉਂਦੇ ਰਹਿੰਦੇ ਹਨ। ਉਹ ਹੋਰ ਕੰਮਾਂ ਵਿਚ ਸਮਾਂ ਬਰਬਾਦ ਕਰਦੇ ਹਨ, ਪਰ ਅਖ਼ੀਰ ਵਿਚ ਸਮਾਂ ਆਉਂਦਾ ਹੈ ਜਦ ਉਹ ਜ਼ਰੂਰੀ ਕੰਮ ਨੂੰ ਹੋਰ ਟਾਲ ਨਹੀਂ ਸਕਦੇ ਤੇ ਉਨ੍ਹਾਂ ਨੂੰ ਮਜਬੂਰਨ ਕੰਮ ਕਰਨਾ ਹੀ ਪੈਂਦਾ ਹੈ।
ਹਾਂ, ਕਦੇ-ਕਦੇ ਸਾਡੀ ਤਬੀਅਤ ਖ਼ਰਾਬ ਹੋਣ ਕਾਰਨ ਜਾਂ ਕਿਸੇ ਗੱਲੋਂ ਪਰੇਸ਼ਾਨ ਹੋਣ ਕਰਕੇ ਸਾਨੂੰ ਕੋਈ ਕੰਮ ਅੱਗੇ ਪਾਉਣ ਦੀ ਲੋੜ ਪੈ ਜਾਂਦੀ ਹੈ। ਫਿਰ ਇਹ ਵੀ ਗੱਲ ਸੱਚ ਹੈ ਕਿ ਹਰ ਕਿਸੇ ਨੂੰ ਸਮੇਂ-ਸਮੇਂ ਤੇ ਆਪਣੇ ਰੋਜ਼ਮੱਰਾ ਦੇ ਰੁਟੀਨ ਤੋਂ ਆਰਾਮ ਕਰਨ ਦੀ ਲੋੜ ਹੁੰਦੀ ਹੈ। ਪਰਮੇਸ਼ੁਰ ਦੇ ਪੁੱਤਰ ਯਿਸੂ ਨੂੰ ਵੀ ਆਰਾਮ ਕਰਨ ਦੀ ਲੋੜ ਪੈਂਦੀ ਸੀ। ਭਾਵੇਂ ਉਹ ਪ੍ਰਚਾਰ ਦੇ ਕੰਮ ਵਿਚ ਰੁੱਝਿਆ ਰਹਿੰਦਾ ਸੀ, ਫਿਰ ਵੀ ਉਸ ਨੇ ਆਪਣੇ ਲਈ ਅਤੇ ਆਪਣੇ ਚੇਲਿਆਂ ਲਈ ਆਰਾਮ ਕਰਨ ਦਾ ਸਮਾਂ ਕੱਢਿਆ। (ਮਰਕੁਸ 6:31, 32) ਇਸ ਤਰ੍ਹਾਂ ਆਰਾਮ ਕਰਨਾ ਲਾਭਦਾਇਕ ਹੋ ਸਕਦਾ ਹੈ, ਪਰ ਆਮ ਤੌਰ ਤੇ ਟਾਲ-ਮਟੋਲ ਕਰਨਾ ਲਾਭਦਾਇਕ ਨਹੀਂ ਹੁੰਦਾ। ਆਓ ਆਪਾਂ ਇਕ ਉਦਾਹਰਣ ਤੇ ਗੌਰ ਕਰੀਏ।
ਫ਼ਰਜ਼ ਕਰੋ ਕਿ ਇਕ ਕੁੜੀ ਕੋਲ ਗਣਿਤ ਦੇ ਇਮਤਿਹਾਨ ਲਈ ਤਿਆਰੀ ਕਰਨ ਲਈ ਤਿੰਨ ਹਫ਼ਤੇ ਹਨ। ਉਸ ਨੂੰ ਕਈ ਕਿਤਾਬਾਂ ਪੜ੍ਹਨ ਦੀ ਲੋੜ ਹੈ। ਉਹ ਬੜੀ ਬੇਚੈਨੀ ਮਹਿਸੂਸ ਕਰਦੀ ਹੈ। ਪੜ੍ਹਨ ਨੂੰ ਉਸ ਦਾ ਦਿਲ ਨਹੀਂ ਕਰਦਾ ਤੇ ਉਹ ਟਾਲ-ਮਟੋਲ ਕਰਨ ਲੱਗਦੀ ਹੈ। ਪੜ੍ਹਾਈ ਕਰਨ ਦੀ ਬਜਾਇ ਉਹ ਟੈਲੀਵਿਯਨ ਦੇਖਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਕਈ ਦਿਨ ਅਤੇ ਹਫ਼ਤੇ ਲੰਘ ਜਾਂਦੇ ਹਨ ਅਤੇ ਉਹ ਵਕਤ ਬਰਬਾਦ ਕਰਦੀ ਰਹਿੰਦੀ ਹੈ। ਫਿਰ ਇਮਤਿਹਾਨ ਤੋਂ ਇਕ ਦਿਨ ਪਹਿਲਾਂ ਉਸ ਨੂੰ ਸਾਰੀ ਪੜ੍ਹਾਈ ਇੱਕੋ ਦਫ਼ਾ ਕਰਨੀ ਪੈਂਦੀ ਹੈ। ਕਿਤਾਬਾਂ ਖੋਲ੍ਹ ਕੇ ਉਹ ਪੜ੍ਹਨਾ ਸ਼ੁਰੂ ਕਰਦੀ ਹੈ।
ਜਦ ਘਰ ਦੇ ਬਾਕੀ ਜੀਅ ਸੁੱਤੇ ਪਏ ਹੁੰਦੇ ਹਨ, ਉਹ ਸਮੀਕਰਣਾਂ, ਟ੍ਰਿਗਨੋਮਿਟਰੀ ਅਤੇ ਵਰਗ ਮੂਲ ਦੇ ਰੱਟੇ ਲਾਉਂਦੀ ਹੈ। ਰਾਤ ਭਰ ਉਹ ਬੈਠੀ ਪੜ੍ਹਦੀ ਰਹਿੰਦੀ ਹੈ। ਅਗਲੇ ਦਿਨ ਉਸ ਦਾ ਥੱਕਿਆ ਦਿਮਾਗ਼ ਕੰਮ ਨਹੀਂ ਕਰਦਾ। ਚੰਗੇ ਨੰਬਰ ਨਾ ਮਿਲਣ ਕਰਕੇ ਉਹ ਗਣਿਤ ਵਿਚ ਫੇਲ੍ਹ ਹੋ ਜਾਂਦੀ ਹੈ। ਸ਼ਾਇਦ ਉਸ ਨੂੰ ਇੱਕੋ ਕਲਾਸ ਵਿਚ ਦੁਬਾਰਾ ਬੈਠਣਾ ਪਵੇ।
ਟਾਲ-ਮਟੋਲ ਕਰਨਾ ਇਸ ਵਿਦਿਆਰਥਣ ਨੂੰ ਬਹੁਤ ਮਹਿੰਗਾ ਪਿਆ। ਉਸ ਵਾਂਗ ਟਾਲ-ਮਟੋਲ ਕਰਨ ਵਾਲਿਆਂ ਨੂੰ ਬਾਈਬਲ ਦਾ ਇਕ ਵਧੀਆ ਅਸੂਲ ਯਾਦ ਰੱਖਣਾ ਚਾਹੀਦਾ ਹੈ। ਪੌਲੁਸ ਰਸੂਲ ਨੇ ਲਿਖਿਆ ਸੀ: “ਚੌਕਸੀ ਨਾਲ ਵੇਖੋ ਭਈਂ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ।” (ਅਫ਼ਸੀਆਂ 5:15, 16) ਪੌਲੁਸ ਮਸੀਹੀਆਂ ਨੂੰ ਕਹਿ ਰਿਹਾ ਸੀ ਕਿ ਉਹ ਪਰਮੇਸ਼ੁਰ ਵੱਲੋਂ ਮਿਲੇ ਕੰਮ ਨੂੰ ਕਰਨ ਲਈ ਆਪਣੇ ਸਮੇਂ ਨੂੰ ਅਕਲਮੰਦੀ ਨਾਲ ਵਰਤਣ। ਪਰ ਇਹ ਅਸੂਲ ਜ਼ਿੰਦਗੀ ਦੇ ਹੋਰ ਕੰਮਾਂ ਵਿਚ ਵੀ ਲਾਭਦਾਇਕ ਸਾਬਤ ਹੋ ਸਕਦਾ ਹੈ। ਅਸੀਂ ਖ਼ੁਦ ਫ਼ੈਸਲਾ ਕਰ ਸਕਦੇ ਹਾਂ ਕਿ ਕਿਹੜਾ ਕੰਮ ਕਦੋਂ ਕਰਨਾ ਹੈ। ਵਧੀਆ ਨਤੀਜੇ ਹਾਸਲ ਕਰਨ ਲਈ ਅਤੇ ਛੇਤੀ ਕੰਮ ਨਿਬੇੜਨ ਲਈ ਚੰਗਾ ਹੋਵੇਗਾ ਜੇ ਅਸੀਂ ਸਹੀ ਸਮੇਂ ਤੇ ਕੰਮ ਸ਼ੁਰੂ ਕਰ ਕੇ ਸਮੇਂ ਨੂੰ “ਲਾਭਦਾਇਕ” ਬਣਾਈਏ। ਬਾਈਬਲ ਕਹਿੰਦੀ ਹੈ ਕਿ ਇਸ ਤਰੀਕੇ ਨਾਲ ਕੰਮ ਕਰਨ ਵਾਲਾ ਇਨਸਾਨ ‘ਬੁੱਧਵਾਨ’ ਹੁੰਦਾ ਹੈ।
ਉਸ ਵਿਦਿਆਰਥਣ ਲਈ ਪੜ੍ਹਾਈ ਕਰਨ ਦਾ ਕਿਹੜਾ ਸਮਾਂ “ਲਾਭਦਾਇਕ” ਸੀ? ਰੋਜ਼ ਸੌਣ ਤੋਂ ਪਹਿਲਾਂ ਉਹ 15 ਕੁ ਮਿੰਟ ਪੜ੍ਹਾਈ ਕਰ ਸਕਦੀ ਸੀ। ਇਸ ਤਰ੍ਹਾਂ ਉਸ ਨੂੰ ਇਕ ਦਿਨ ਪਹਿਲਾਂ ਸਾਰੀ ਰਾਤ ਪੂਰੀ ਕਿਤਾਬ ਦਾ ਰੱਟਾ ਨਹੀਂ ਲਾਉਣਾ ਪੈਣਾ ਸੀ। ਫਿਰ ਰਾਤ ਨੂੰ ਚੰਗੀ ਤਰ੍ਹਾਂ ਆਰਾਮ ਕਰ ਕੇ ਇਮਤਿਹਾਨ ਦੇ ਦਿਨ ਉਸ ਨੇ ਪੂਰੀ ਤਰ੍ਹਾਂ ਤਿਆਰ ਹੋਣਾ ਸੀ ਤੇ ਉਹ ਚੰਗੇ ਨੰਬਰ ਹਾਸਲ ਕਰਨ ਦੀ ਉਮੀਦ ਰੱਖ ਸਕਦੀ ਸੀ।
ਇਸ ਲਈ ਜਦ ਤੁਹਾਨੂੰ ਕੋਈ ਕੰਮ ਕਰਨ ਨੂੰ ਦਿੱਤਾ ਜਾਂਦਾ ਹੈ, ਤਾਂ ਸੋਚੋ ਕਿ ਉਸ ਨੂੰ ਕਰਨ ਦਾ ਕਿਹੜਾ ਵੇਲਾ “ਲਾਭਦਾਇਕ” ਹੈ ਅਤੇ ਫਿਰ ਪੱਕੇ ਇਰਾਦੇ ਨਾਲ ਕੰਮ ਪੂਰਾ ਕਰੋ। ਇਸ ਤਰ੍ਹਾਂ ਤੁਸੀਂ ਟਾਲ-ਮਟੋਲ ਕਰਨ ਦੇ ਫੰਦੇ ਤੋਂ ਅਤੇ ਇਸ ਦੇ ਭੈੜੇ ਨਤੀਜਿਆਂ ਤੋਂ ਬਚੋਗੇ। ਤੁਹਾਨੂੰ ਇਸ ਗੱਲ ਦੀ ਵੀ ਖ਼ੁਸ਼ੀ ਹੋਵੇਗੀ ਕਿ ਤੁਸੀਂ ਕੰਮ ਚੰਗੀ ਤਰ੍ਹਾਂ ਕੀਤਾ ਹੈ। ਸਮੇਂ ਸਿਰ ਕੰਮ ਕਰਨਾ ਖ਼ਾਸਕਰ ਉਦੋਂ ਬਹੁਤ ਜ਼ਰੂਰੀ ਹੁੰਦਾ ਹੈ ਜਦ ਸਾਡੇ ਕੰਮ ਦਾ ਹੋਰਨਾਂ ਤੇ ਪ੍ਰਭਾਵ ਪੈਂਦਾ ਹੈ, ਜਿਵੇਂ ਜਦੋਂ ਸਾਨੂੰ ਕਲੀਸਿਯਾ ਵਿਚ ਕੋਈ ਜ਼ਿੰਮੇਵਾਰੀ ਮਿਲਦੀ ਹੈ।
ਖਿਲਾਰਾ ਨਾ ਪਾਓ
ਜਿਵੇਂ ਪਹਿਲਾਂ ਕਿਹਾ ਗਿਆ ਹੈ, ਸਾਡਾ ਸਮਾਂ ਬਰਬਾਦ ਕਰਨ ਵਾਲੀ ਦੂਜੀ ਚੀਜ਼ ਹੈ ਖਿਲਾਰਾ। ਸਭ ਜਾਣਦੇ ਹਨ ਕਿ ਚੀਜ਼ਾਂ ਦੀ ਸਾਂਭ-ਸੰਭਾਲ ਕਰਨ, ਉਨ੍ਹਾਂ ਨੂੰ ਵਰਤਣ, ਸਾਫ਼ ਕਰਨ, ਥਾਂ-ਟਿਕਾਣੇ ਰੱਖਣ ਅਤੇ ਲੱਭਣ ਵਰਗੇ ਕੰਮਾਂ ਵਿਚ ਸਮਾਂ ਲੱਗਦਾ ਹੈ। ਜਿੰਨੀਆਂ ਜ਼ਿਆਦਾ ਚੀਜ਼ਾਂ ਉੱਨਾ ਜ਼ਿਆਦਾ ਸਮਾਂ ਲੱਗਦਾ। ਜਿਸ ਘਰ ਜਾਂ ਕਮਰੇ ਵਿਚ ਬਹੁਤ ਸਾਰੀਆਂ ਚੀਜ਼ਾਂ ਹੋਣ, ਉੱਥੇ ਕੰਮ ਕਰਨਾ ਸਿਰਫ਼ ਮੁਸ਼ਕਲ ਹੀ ਨਹੀਂ ਹੁੰਦਾ, ਸਗੋਂ ਕੰਮ ਕਰਨ ਨੂੰ ਜ਼ਿਆਦਾ ਸਮਾਂ ਵੀ ਲੱਗਦਾ ਹੈ। ਜਿੱਥੇ ਖਿਲਾਰਾ ਨਾ ਹੋਵੇ, ਉੱਥੇ ਕੰਮ ਕਰਨਾ ਆਸਾਨ ਹੁੰਦਾ। ਇਸ ਤੋਂ ਇਲਾਵਾ, ਖਿਲਾਰਾ ਪਏ ਕਮਰੇ ਵਿੱਚੋਂ ਕੋਈ ਵੀ ਚੀਜ਼ ਲੱਭਣ ਲਈ ਵੀ ਜ਼ਿਆਦਾ ਸਮਾਂ ਲੱਗਦਾ ਹੈ।
ਸੁਆਣੀਆਂ ਕਹਿੰਦੀਆਂ ਹਨ ਕਿ ਘਰ ਦੀ ਸਫ਼ਾਈ ਕਰਨ ਵੇਲੇ ਤਕਰੀਬਨ ਅੱਧਾ ਸਮਾਂ ਤਾਂ ‘ਇੱਧਰ-ਉੱਧਰ ਖਿਲਰੇ ਸਾਮਾਨ ਨੂੰ ਸਾਂਭਣ ਜਾਂ ਥਾਂ-ਸਿਰ ਰੱਖਣ’ ਵਿਚ ਹੀ ਜ਼ਾਇਆ ਹੋ ਜਾਂਦਾ ਹੈ। ਹੋਰਨਾਂ ਕੰਮਾਂ ਬਾਰੇ ਵੀ ਇਹੋ ਗੱਲ ਸੱਚ ਹੋ ਸਕਦੀ ਹੈ। ਜੇ ਤੁਸੀਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤਣਾ ਚਾਹੁੰਦੇ ਹੋ, ਤਾਂ ਆਪਣੇ ਚਾਰ-ਚੁਫੇਰੇ ਧਿਆਨ ਨਾਲ ਦੇਖੋ। ਕੀ ਹਰ ਪਾਸੇ ਖਿਲਾਰਾ ਪਿਆ ਹੋਇਆ ਹੈ? ਕੀ ਇਹ ਤੁਹਾਨੂੰ ਦਾਅ ਨਾਲ ਕੰਮ ਕਰਨ ਤੋਂ ਰੋਕ ਰਿਹਾ ਹੈ ਤੇ ਇਸ ਦੇ ਕਾਰਨ ਤੁਹਾਡਾ ਸਮਾਂ ਬਰਬਾਦ ਹੋ ਰਿਹਾ ਹੈ? ਤਾਂ ਫਿਰ ਤੁਹਾਨੂੰ ਖਿਲਾਰਾ ਨਾ ਪਾਉਣ ਦੀ ਆਦਤ ਪਾਉਣੀ ਚਾਹੀਦੀ ਹੈ।
ਬੇਲੋੜੀਆਂ ਚੀਜ਼ਾਂ ਨੂੰ ਸੁੱਟਣਾ ਸ਼ਾਇਦ ਆਸਾਨ ਨਾ ਹੋਵੇ। ਇਨ੍ਹਾਂ ਚੀਜ਼ਾਂ ਨਾਲ ਸਾਡਾ ਗਹਿਰਾ ਲਗਾਅ ਹੋ ਸਕਦਾ ਹੈ ਅਤੇ ਇਨ੍ਹਾਂ ਨੂੰ ਸੁੱਟਣ ਨਾਲ ਸਾਨੂੰ ਲੱਗਦਾ ਹੈ ਕਿ ਅਸੀਂ ਘਰ ਦੇ ਕਿਸੇ ਮੈਂਬਰ ਨੂੰ ਘਰੋਂ ਕੱਢ ਰਹੇ ਹਾਂ। ਤਾਂ ਫਿਰ ਅਸੀਂ ਕਿਸ ਤਰ੍ਹਾਂ ਫ਼ੈਸਲਾ ਕਰ ਸਕਦੇ ਹਾਂ ਕਿ ਕੋਈ ਚੀਜ਼ ਰੱਖਣੀ ਹੈ ਜਾਂ ਸੁੱਟਣੀ? ਇਕ ਤਰੀਕਾ ਹੈ: ਜੇ ਤੁਸੀਂ ਕੋਈ ਚੀਜ਼ ਪੂਰਾ ਸਾਲ ਨਹੀਂ ਵਰਤੀ, ਤਾਂ ਉਸ ਨੂੰ ਸੁੱਟ ਦਿਓ। ਪਰ ਜੇ ਤੁਹਾਡਾ ਦਿਲ ਅਜੇ ਵੀ ਨਹੀਂ ਮੰਨਦਾ, ਤਾਂ ਉਸ ਨੂੰ ਅਗਲੇ ਛੇ ਮਹੀਨਿਆਂ ਵਾਸਤੇ ਇਕ ਪਾਸੇ ਰੱਖ ਛੱਡੋ। ਜਦੋਂ ਤੁਸੀਂ ਦੇਖੋਗੇ ਕਿ ਡੇਢ ਸਾਲ ਵਿਚ ਵੀ ਇਹ ਚੀਜ਼ ਤੁਹਾਡੇ ਕਿਸੇ ਕੰਮ ਨਹੀਂ ਆਈ, ਤਾਂ ਤੁਹਾਨੂੰ ਸ਼ਾਇਦ ਇਸ ਨੂੰ ਸੁੱਟ ਦੇਣ ਵਿਚ ਇੰਨਾ ਦੁੱਖ ਨਾ ਹੋਵੇ। ਹਮੇਸ਼ਾ ਆਪਣੇ ਟੀਚੇ ਨੂੰ ਚੇਤੇ ਰੱਖੋ: ਤੁਸੀਂ ਘਰ ਵਿਚ ਪਏ ਖਿਲਾਰੇ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂਕਿ ਫਾਲਤੂ ਚੀਜ਼ਾਂ ਦੀ ਸਾਂਭ-ਸੰਭਾਲ ਵਿਚ ਤੁਹਾਡਾ ਕੀਮਤੀ ਸਮਾਂ ਬਰਬਾਦ ਨਾ ਹੋਵੇ।
ਜਿਵੇਂ ਘਰ ਜਾਂ ਦਫ਼ਤਰ ਵਿਚ ਬਹੁਤ ਸਾਰੀਆਂ ਚੀਜ਼ਾਂ ਹੋਣ ਕਰਕੇ ਸਾਡਾ ਸਮਾਂ ਬਰਬਾਦ ਹੁੰਦਾ ਹੈ, ਉਸੇ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਬਹੁਤ ਸਾਰੇ ਰੁਝੇਵਿਆਂ ਨਾਲ ਭਰ ਦੇਣ ਨਾਲ ਅਸੀਂ ਪਰਮੇਸ਼ੁਰ ਦੇ ਕੰਮਾਂ ਲਈ ਸਮਾਂ ਨਹੀਂ ਕੱਢ ਪਾਵਾਂਗੇ। ਯਿਸੂ ਮਸੀਹ ਨੇ ‘ਇਸ ਜੁਗ ਦੀ ਚਿੰਤਾ ਅਤੇ ਧਨ ਦੇ ਧੋਖੇ’ ਬਾਰੇ ਗੱਲ ਕੀਤੀ ਸੀ ਜੋ ‘ਪਰਮੇਸ਼ੁਰ ਦੇ ਬਚਨ ਨੂੰ ਦਬਾ ਲੈਂਦਾ ਹੈ’ ਅਤੇ ਜਿਸ ਕਾਰਨ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਬੀਜ ਇਨਸਾਨ ਦੇ ਦਿਲ ਵਿਚ “ਅਫੱਲ” ਰਹਿ ਜਾਂਦਾ ਹੈ। (ਮੱਤੀ 13:22) ਇਸ ਦਾ ਨਤੀਜਾ ਇਹ ਹੋਵੇਗਾ ਕਿ ਅਸੀਂ ਪਰਮੇਸ਼ੁਰ ਤੋਂ ਦੂਰ ਚਲੇ ਜਾਵਾਂਗੇ ਅਤੇ ਹੋ ਸਕਦਾ ਕਿ ਅਸੀਂ ਉਸ ਦੀ ਨਵੀਂ ਦੁਨੀਆਂ ਦੇ ਵਾਰਸ ਵੀ ਨਾ ਬਣੀਏ ਜਿਸ ਵਿਚ ਸਾਰਿਆਂ ਕੋਲ ਆਪਣੇ ਸ਼ੌਕ ਪੂਰੇ ਕਰਨ ਦਾ ਵਿਹਲ ਹੋਵੇਗਾ।—ਯਸਾਯਾਹ 65:17-24; 2 ਪਤਰਸ 3:13.
ਕੀ ਤੁਹਾਨੂੰ ਆਪਣੀ ਨੌਕਰੀ, ਘਰ ਦੇ ਕੰਮ-ਕਾਜ, ਗੱਡੀ ਦੀ ਸਾਫ਼-ਸਫ਼ਾਈ, ਸ਼ੌਂਕਾਂ, ਸੈਰ-ਸਪਾਟੇ, ਕਸਰਤ, ਕਿਟੀ ਪਾਰਟੀਆਂ ਜਾਂ ਹੋਰ ਕੰਮਾਂ-ਕਾਰਾਂ ਵਿਚ ਭੱਜ-ਦੌੜ ਰਹਿੰਦੀ ਹੈ? ਕੀ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਇਹ ਸਭ ਕੁਝ ਕਰਨਾ ਇੰਨਾ ਜ਼ਰੂਰੀ ਹੈ ਕਿ ਤੁਸੀਂ ਇਕ ਛੱਡ ਦੂਜੀ ਨੂੰ ਪੂਰਾ ਕਰਨ ਮਗਰ ਭੱਜਦੇ ਹੋ? ਤਾਂ ਤੁਹਾਨੂੰ ਦੇਖਣ ਦੀ ਲੋੜ ਹੈ ਕਿ ਕਿਹੜੇ ਕੰਮ ਵਾਕਈ ਜ਼ਰੂਰੀ ਹਨ ਤੇ ਕਿਹੜੇ ਨਹੀਂ। ਬੇਲੋੜੇ ਕੰਮ ਛੱਡ ਕੇ ਤੁਸੀਂ ਯਹੋਵਾਹ ਦੀ ਭਗਤੀ ਕਰਨ ਲਈ ਸਮਾਂ ਕੱਢ ਸਕੋਗੇ।
ਕਿਹਾ ਜਾਂਦਾ ਹੈ ਕਿ ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ। ਜੀ ਹਾਂ, ਸਮਾਂ ਤੇਜ਼ ਵਗਦੇ ਦਰਿਆ ਵਾਂਗ ਅੱਗੇ ਨਿਕਲ ਜਾਂਦਾ ਹੈ। ਨਾ ਅਸੀਂ ਇਸ ਨੂੰ ਪਿੱਛੇ ਮੋੜ ਸਕਦੇ ਹਾਂ ਤੇ ਨਾ ਹੀ ਇਸ ਨੂੰ ਸਾਂਭ ਕੇ ਰੱਖ ਸਕਦੇ ਹਾਂ। ਇਕ ਵਾਰ ਸਮਾਂ ਲੰਘ ਗਿਆ, ਤਾਂ ਇਹ ਮੁੜ ਹੱਥ ਨਹੀਂ ਆਉਂਦਾ। ਲੇਕਿਨ ਬਾਈਬਲ ਦੇ ਕੁਝ ਅਸੂਲਾਂ ਉੱਤੇ ਚੱਲਣ ਦੇ ਨਾਲ-ਨਾਲ ਜੇ ਅਸੀਂ ਟਾਲ-ਮਟੋਲ ਨਾ ਕਰੀਏ ਅਤੇ ਖਿਲਾਰਾ ਨਾ ਪਾਈਏ, ਤਾਂ ਅਸੀਂ ਸਮੇਂ ਨੂੰ “ਚੰਗ ਚੰਗੇਰੀਆਂ ਗੱਲਾਂ” ਵੱਲ ਧਿਆਨ ਦੇਣ ਲਈ ਵਰਤ ਸਕਦੇ ਹਾਂ। ਇਸ ਨਾਲ ਸਾਡਾ ਤਾਂ ਫ਼ਾਇਦਾ ਹੋਵੇਗਾ ਹੀ, ਪਰ ਨਾਲ ਹੀ “ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ” ਵੀ ਹੋਵੇਗੀ।—ਫ਼ਿਲਿੱਪੀਆਂ 1:10, 11.
[ਸਫ਼ੇ 8, 9 ਉੱਤੇ ਤਸਵੀਰ]
ਤੇਜ਼ ਵਗਦੇ ਪਾਣੀ ਵਾਂਗ ਸਮਾਂ ਵੀ ਚੰਗੇ ਕੰਮ ਕਰਨ ਲਈ ਵਰਤਿਆ ਜਾ ਸਕਦਾ ਹੈ
[ਸਫ਼ਾ 9 ਉੱਤੇ ਤਸਵੀਰ]
ਇਸ ਕੁੜੀ ਨੂੰ ਇਮਤਿਹਾਨ ਦੀ ਤਿਆਰੀ ਕਦੋਂ ਕਰਨੀ ਚਾਹੀਦੀ ਹੈ?
[ਸਫ਼ਾ 10 ਉੱਤੇ ਤਸਵੀਰ]
ਹਰ ਪਾਸੇ ਖਿਲਾਰਾ ਪਿਆ ਹੋਣ ਕਰਕੇ ਕੰਮ ਕਰਨਾ ਔਖਾ ਹੁੰਦਾ ਹੈ ਅਤੇ ਸਮਾਂ ਵੀ ਬਰਬਾਦ ਹੁੰਦਾ ਹੈ